ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਸੈਲੂਲਰ ਜੇਲ੍ਹ ਵਿੱਚ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ
ਉਪ-ਰਾਸ਼ਟਰਪਤੀ ਨੇ ਵੀਰ ਸਾਵਰਕਰ ਨੂੰ ਇੱਕ ਨਿਡਰ ਕ੍ਰਾਂਤੀਕਾਰੀ ਦੱਸਿਆ, ਜਿਨ੍ਹਾਂ ਦੀ ਦੇਸ਼ ਭਗਤੀ ਨੇ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ
Posted On:
08 AUG 2026 8:03PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਸਥਿਤ ਸੈਲੂਲਰ ਜੇਲ੍ਹ ਦਾ ਦੌਰਾ ਕੀਤਾ ਅਤੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਅਥਾਹ ਦੁੱਖ ਝੱਲੇ । ਉਨ੍ਹਾਂ ਨੇ ਸ਼ਹੀਦ ਸਤੰਭ 'ਤੇ ਫੁੱਲਮਾਲਾਵਾਂ ਭੇਂਟ ਕੀਤੀਆਂ, ਵੀਰ ਸਾਵਰਕਰ ਦੀ ਕੋਠੜੀ 'ਤੇ ਸ਼ਰਧਾਂਜਲੀ ਦਿੱਤੀ ਅਤੇ ਸੁਤੰਤਰ ਜੋਤੀ, ਸੈਂਟਰਲ ਟਾਵਰ, ਫਾਂਸੀ ਘਰ ਅਤੇ ਅਜਾਇਬ ਘਰ ਤੇ ਪ੍ਰਦਰਸ਼ਨੀ ਗੈਲਰੀ ਦਾ ਦੌਰਾ ਕੀਤਾ। ਉਨ੍ਹਾਂ ਨੇ ਆਜ਼ਾਦੀ ਦੀ ਸੰਗਰਾਮ ਦੀ ਵੀਰਤਾਪੂਰਨ ਗਾਥਾ ਨੂੰ ਦਰਸਾਉਣ ਵਾਲਾ ਲਾਈਟ ਐਂਡ ਸਾਊਂਡ ਸ਼ੋਅ ਵੀ ਦੇਖਿਆ।
ਦੌਰੇ ਦੌਰਾਨ ਬੋਲਦਿਆਂ ਉਪ-ਰਾਸ਼ਟਰਪਤੀ ਨੇ ਵੀਰ ਸਾਵਰਕਰ ਨੂੰ ਇੱਕ ਵਿਲੱਖਣ ਅਤੇ ਨਿਡਰ ਕ੍ਰਾਂਤੀਕਾਰੀ ਦੱਸਿਆ, ਜਿਨ੍ਹਾਂ ਦੀ ਅਥਾਹ ਦੇਸ਼ ਭਗਤੀ ਨੇ ਭਾਰਤੀ ਨੌਜਵਾਨਾਂ ਦੀਆਂ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ। ਸੈਲੂਲਰ ਜੇਲ੍ਹ ਵਿੱਚ ਸਾਵਰਕਰ ਦੀ ਕੈਦ ਅਤੇ ਉਨ੍ਹਾਂ ਨਾਲ ਹੋਏ ਅਣਮਨੁੱਖੀ ਵਿਵਹਾਰ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ, “ਆਜ਼ਾਦੀ ਘੁਲਾਟੀਆਂ ਨੂੰ ਜੇਲ੍ਹ ਭੇਜਣ ਦਾ ਮਕਸਦ ਉਨ੍ਹਾਂ ਦਾ ਹੌਸਲਾ ਤੋੜਨਾ ਸੀ। ਸਾਵਰਕਰ ਜੀ ਦਾ ਹੌਸਲਾ ਕਦੇ ਨਹੀਂ ਟੁੱਟਿਆ। ਆਖ਼ਰਕਾਰ, ਬ੍ਰਿਟਿਸ਼ ਰਾਜ ਦਾ ਹੀ ਹੌਸਲਾ ਟੁੱਟ ਗਿਆ।” ਉਨ੍ਹਾਂ ਨੇ ਛੂਆ-ਛੂਤ ਅਤੇ ਸਮਾਜਿਕ ਵਿਤਕਰੇ ਖ਼ਿਲਾਫ਼ ਲੜਾਈ ਵਿੱਚ ਸਾਵਰਕਰ ਦੇ ਯੋਗਦਾਨ ਦਾ ਵੀ ਜ਼ਿਕਰ ਕੀਤਾ।
ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੇ ਹੋਰ ਸ਼ਕਤੀਸ਼ਾਲੀ ਬਣਨ ਦੇ ਯਤਨਾਂ ਦਾ ਮਕਸਦ ਦੂਜਿਆਂ 'ਤੇ ਆਪਣੀਆਂ ਸ਼ਰਤਾਂ ਥੋਪਣਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ “ਅਸੀਂ ਕਦੇ ਨਹੀਂ ਚਾਹਾਂਗੇ ਕਿ ਦੁਨੀਆ ਵਿੱਚ ਕੋਈ ਵੀ ਸਾਡੇ 'ਤੇ ਆਪਣੀਆਂ ਸ਼ਰਤਾਂ ਥੋਪੇ; ਇਹੋ ਅਸਲੀ ਆਜ਼ਾਦੀ ਹੈ।”
ਅੱਜ ਇਸ ਤੋਂ ਪਹਿਲਾਂ, ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਦੇ ਆਈ.ਐੱਨ.ਐੱਸ. ਉਤਕ੍ਰੋਸ਼, ਸ਼੍ਰੀ ਵਿਜੇ ਪੁਰਮ ਪਹੁੰਚਣ 'ਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਉਪ-ਰਾਜਪਾਲ ਐਡਮਿਰਲ ਦੇਵੇਂਦਰ ਕੁਮਾਰ ਜੋਸ਼ੀ (ਸੇਵਾ ਮੁਕਤ) ਨੇ ਸੀਨੀਅਰ ਅਧਿਕਾਰੀਆਂ ਅਤੇ ਪਤਵੰਤੇ ਸੱਜਣਾਂ ਨਾਲ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੂੰ ਰਸਮੀ 'ਗਾਰਡ ਆਫ਼ ਆਨਰ' ਵੀ ਦਿੱਤਾ ਗਿਆ।
ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਦੋ-ਦਿਨਾ ਦੌਰੇ 'ਤੇ ਹਨ। ਇਸ ਦੌਰਾਨ ਉਹ ‘ਹਰ ਘਰ ਤਿਰੰਗਾ’ ਮੁਹਿੰਮ ਦੀ ਸ਼ੁਰੂਆਤ ਸਮੇਤ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ ਦਾ ਦੌਰਾ ਵੀ ਕਰਨਗੇ।






**************
ਪੀਆਰ/ਏਐਸਐਮ/ਵੀਐਮ
(Release ID: 2296939)
ਵਿਜ਼ੀਟਰ ਕਾਊਂਟਰ : 55