ਆਯੂਸ਼
azadi ka amrit mahotsav

ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਸੀਸੀਆਰਏਐੱਸ ਦੀ 27ਵੀਂ ਗਵਰਨਿੰਗ ਬਾਡੀ ਮੀਟਿੰਗ ਦੀ ਪ੍ਰਧਾਨਗੀ ਕੀਤੀ


ਰਵਾਇਤੀ ਗਿਆਨ ਤੋਂ ਡਿਜੀਟਲ ਇਨੋਵੇਸ਼ਨ ਤੱਕ: ਆਯੁਸ਼ ਮੰਤਰਾਲੇ ਨੇ ਸੀਸੀਆਰਏਐੱਸ ਦੀਆਂ ਤਿੰਨ ਪ੍ਰਮੁੱਖ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ

ਆਯੁਰਵੇਦ ਦਾ ਭਵਿੱਖ ਤਕਨਾਲੋਜੀ, ਖੋਜ ਅਤੇ ਨਵੀਨਤਾ ਵਿੱਚ ਸ਼ਾਮਲ ਹੈ: ਸ਼੍ਰੀ ਪ੍ਰਤਾਪਰਾਓ ਜਾਧਵ

ਯੁਵਾ ਖੋਜਕਰਤਾਵਾਂ ਅਤੇ ਸਟਾਰਟਅੱਪਸ ਨੂੰ ਆਯੁਰਵੇਦ ਨੂੰ ਲੈਬਸ ਤੋਂ ਬਜ਼ਾਰ ਤੱਕ ਲੈ ਜਾਣਾ ਚਾਹੀਦੀ ਹੈ: ਸ਼੍ਰੀ ਜਾਧਵ

प्रविष्टि तिथि: 06 AUG 2026 5:07PM by PIB Chandigarh

ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਆਯੁਰਵੈਦਿਕ ਵਿਗਿਆਨ ਖੋਜ ਪਰਿਸ਼ਦ (ਸੀਸੀਆਰਏਐੱਸ) ਦੀ ਗਵਰਨਿੰਗ ਬਾਡੀ ਦੀ 27ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਮੀਟਿੰਗ ਦੌਰਾਨ, ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਵਰਚੁਅਲ ਮਾਧਿਅਮ ਨਾਲ ਸੀਸੀਆਰਏਐੱਸ-ਖੇਤਰੀ ਆਯੁਰਵੇਦ ਖੋਜ ਸੰਸਥਾਨ (ਆਰਏਆਰਆਈ) ਪੁਣੇ ਵਿੱਚ ਐਨੀਮਲ ਹਾਊਸ, ਆਰਏਆਰਆਈ ਰਾਣੀਖੇਤ ਵਿੱਚ ਸਟਾਫ ਕਵਾਰਟਰਸ ਕੰਪਲੈਕਸ ਦਾ ਉਦਘਾਟਨ ਕੀਤਾ ਅਤੇ ਆਰਏਆਰਆਈ ਨਾਗਪੁਰ ਵਿੱਚ ਨਵੇਂ 50-ਬਿਸਤਰਿਆਂ ਵਾਲੇ ਆਯੁਰਵੇਦ ਹਸਪਤਾਲ ਦਾ ਭੂਮੀ ਪੂਜਨ ਕੀਤਾ। ਉਨ੍ਹਾਂ ਨੇ ਸੀਸੀਆਰਏਐੱਸ-ਪਰੰਪਰਾ ਦਾ ਵੀ ਉਦਘਾਟਨ ਕੀਤਾ, ਜੋ ਭਾਰਤ ਦੀ ਸਥਾਨਕ ਸਿਹਤ ਪਰੰਪਰਾਵਾਂ, ਐਥਨੋਮੈਡੀਕਲ ਪ੍ਰਥਾਵਾਂ ਅਤੇ ਰਵਾਇਤੀ ਪਸ਼ੂ ਚਿਕਿਤਸਾ ਗਿਆਨ ਦੇ ਵਿਵਸਥਿਤ ਦਸਤਾਵੇਜ਼ੀਕਰਣ, ਮੁਲਾਂਕਣ ਅਤੇ ਵਿਗਿਆਨਕ ਤਸਦੀਕ ਲਈ ਇੱਕ ਪ੍ਰਮੁੱਖ ਪਹਿਲ ਹੈ।

ਸ਼੍ਰੀ ਪ੍ਰਤਾਪਰਾਓ ਜਾਧਵ ਨੇ CCRAS National Research Recognitions  ਪੋਰਟਲ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਸੀਸੀਆਰਏਐੱਸ ਪ੍ਰਕਾਸ਼, ਸੀਸੀਆਰਏਐੱਸ ਨਵੀਨਤਾਕਾਰੀ ਅਤੇ ਸੀਸੀਆਰਏਐੱਸ ਪ੍ਰਬੋਧ 3 ਐੱਮਟੀ ਸ਼ਾਮਲ ਹਨ, ਜੋ ਪੋਸਟ ਗ੍ਰੈਜੂਏਟ ਆਯੁਰਵੇਦ ਖੋਜ, ਨਵੀਨਤਾ ਅਤੇ ਵਿਗਿਆਨਕ ਸੰਚਾਰ ਵਿੱਚ ਉੱਤਮਤਾ ਨੂੰ ਮਾਨਤਾ ਦੇਣ ਲਈ ਇੱਕ ਪੂਰੀ ਤਰ੍ਹਾਂ ਡਿਜੀਟਲ ਪਲੈਟਫਾਰਮ ਹੈ। ਉਨ੍ਹਾਂ ਨੇ ਅੱਗੇ Ayur-dict ਦੀ ਵੀ ਸ਼ੁਰੂਆਤ ਕੀਤੀ, ਜੋ CCRAS ਦਾ ਪਹਿਲਾ ਐਂਡਰਾਇਡ ਐਪਲੀਕੇਸ਼ਨ ਹੈ, ਜਿਸ ਵਿੱਚ ਕਈ ਆਯੁਰਵੇਦ ਸ਼ਬਦਕੋਸ਼ਾਂ ਨੂੰ ਇੱਕ ਹੀ ਪਲੈਟਫਾਰਮ ‘ਤੇ ਏਕੀਕ੍ਰਿਤ ਕੀਤਾ ਗਿਆ ਹੈ। ਮੀਟਿੰਗ ਵਿੱਚ ਪਰਿਸ਼ਦ ਦੀ ਹਾਲੀਆ ਉਪਲਬਧੀਆਂ ਦੀ ਸਮੀਖਿਆ ਕੀਤੀ ਗਈ, ਪ੍ਰਮੁੱਖ ਰਾਜਨੀਤਕ ਪਹਿਲਕਦਮੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਅਤੇ ਸਬੂਤ-ਅਧਾਰਿਤ ਆਯੁਰਵੇਦ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪ੍ਰਮੁੱਖ ਖੋਜ ਬੁਨਿਆਦੀ ਢਾਂਚਾ ਅਤੇ ਡਿਜੀਟਲ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਗਈ।

ਗਵਰਨਿੰਗ ਬਾਡੀ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਪ੍ਰਤਾਪਰਾਓ ਜਾਧਵ ਨੇ ਕਿਹਾ ਕਿ ਅੱਜ ਆਯੁਰਵੇਦ ਇੱਕ ਪਰਿਵਰਤਨਕਾਰੀ ਯੁੱਗ ਦੇ ਕੰਢੇ ‘ਤੇ ਖੜ੍ਹਾ ਹੈ, ਜਿੱਥੇ ਵਿਗਿਆਨਕ ਤਸਦੀਕ, ਨਵੀਨਤਾ ਅਤੇ ਵਿਸ਼ਵਵਿਆਪੀ ਪਹੁੰਚ ਨੂੰ ਭਾਰਤ ਦੀ ਸਮ੍ਰਿੱਧ ਰਵਾਇਤੀ ਗਿਆਨ ਪ੍ਰਣਾਲੀਆਂ ਦਾ ਪੂਰਕ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੀਸੀਆਰਏਐੱਸ ਨੇ ਸਬੂਤ-ਅਧਾਰਿਤ ਖੋਜ ਨੂੰ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸ਼੍ਰੀ ਜਾਧਵ ਨੇ ਸੰਸਥਾਨ ਤੋਂ ਆਯੁਰਵੇਦ ਨੂੰ ਵਧੇਰੇ ਵਿਗਿਆਨਿਕ ਤੌਰ ‘ਤੇ ਮਜ਼ਬੂਤ, ਵਿਸ਼ਵਵਿਆਪੀ ਪੱਧਰ ‘ਤੇ ਸਵੀਕਾਰਯੋਗ ਅਤੇ ਪਹੁੰਚਯੋਗ ਬਣਾਉਣ ਦੇ ਆਪਣੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ।

ਸ਼੍ਰੀ ਜਾਧਵ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਯੁਰਵੇਦ ਦੇ ਵਿਕਾਸ ਦੇ ਅਗਲੇ ਪੜਾਅ ਦਾ ਕੇਂਦਰਬਿੰਦੂ ਤਕਨਾਲੋਜੀ, ਉੱਦਮਤਾ ਅਤੇ ਬਜ਼ਾਰ ਨਾਲ ਜੁੜਾਅ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "Heal by Ayurveda, Heal in India and Make in India,"  ਦੇ ਦ੍ਰਿਸ਼ਟੀਕੋਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਯੁਰਵੇਦ ਦੀ ਵਿਗਿਆਨਿਕ ਉਤਕ੍ਰਿਸ਼ਟਤਾ, ਮਾਨਕੀਕਰਣ ਅਤੇ ਨਵੀਨਤਾ ਰਾਹੀਂ ਇੱਕ ਵਿਸ਼ਵਵਿਆਪੀ ਸਿਹਤ ਸੰਭਾਲ ਸਮਾਧਾਨ ਦੇ ਰੂਪ ਵਿੱਚ ਉਭਰਨਾ ਚਾਹੀਦਾ ਹੈ। ਉਨ੍ਹਾਂ ਨੇ ਸੀਸੀਆਰਏਐੱਸ ਤੋਂ ਅੰਤਰਰਾਸ਼ਟਰੀ ਸੰਗਠਨਾਂ ਦੇ ਨਾਲ ਵਧੇਰੇ ਸਹਿਯੋਗ ਨੂੰ ਹੁਲਾਰਾ ਦੇਣ, ਟ੍ਰਾਂਸਲੇਸ਼ਨਲ ਰਿਸਰਚ ਨੂੰ ਪ੍ਰੋਤਸਾਹਿਤ ਕਰਨ ਅਤੇ ਕਲੀਨਿਕਲ ਰਿਸਰਚ, ਡੇਟਾ ਪ੍ਰਬੰਧਨ ਅਤੇ ਵਿਅਕਤੀਗਤ ਸਿਹਤ ਸੰਭਾਲ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੀਆਂ ਉਭਰਦੀਆਂ ਤਕਨਾਲੋਜੀਆਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ, ਨਾਲ ਹੀ ਕਲਾਸੀਕਲ ਆਯੁਰਵੈਦਿਕ ਗਿਆਨ ਦੀ ਪ੍ਰਮਾਣਿਕਤਾ ਅਤੇ ਮੂਲ ਸਿਧਾਂਤਾਂ ਨੂੰ ਸੁਰੱਖਿਅਤ ਰੱਖਣ ‘ਤੇ ਵੀ ਬਲ ਦਿੱਤਾ।

ਆਯੁਰਵੇਦ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਭਾਰਤ ਦੇ ਨੌਜਵਾਨਾਂ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਜਾਧਵ ਨੇ ਕਿਹਾ ਕਿ ਯੁਵਾ ਖੋਜਕਰਤਾਵਾਂ, ਸਟਾਰਟਅੱਪਸ, ਉੱਦਮੀਆਂ ਅਤੇ ਉਦਯੋਗ ਨੂੰ ਆਯੁਰਵੇਦ ਨੂੰ ਲੈਬਸ ਤੋਂ ਬਜ਼ਾਰ ਤੱਕ ਪਹੁੰਚਾਉਣ ਵਿੱਚ ਸਰਗਰਮ ਭਾਗੀਦਾਰ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਰਿਸਰਚ ਗ੍ਰਾਂਟ, ਇਨਕਿਊਬੇਸ਼ਨ ਸਹਾਇਤਾ, ਮਾਰਗਦਰਸ਼ਨ ਅਤੇ ਉਦਯੋਗ ਸਾਂਝੇਦਾਰੀਆਂ ਰਾਹੀਂ ਇੱਕ ਸਸ਼ਕਤ ਇਨੋਵੇਸ਼ਨ ਈਕੋਸਿਸਟਮ ਬਣਾਉਣ ਦੀ ਮੰਗ ਕੀਤੀ। ਸ਼੍ਰੀ ਜਾਧਵ ਨੇ ਨਵੀਨਤਾ ਨੂੰ ਪ੍ਰੋਤਸਾਹਿਤ ਕਰਨ ਅਤੇ ਭਾਰਤ ਨੂੰ ਇੱਕ ਗਲੋਬਲ ਵੈੱਲਨੈੱਸ ਹੱਬ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਯੁਵਾ ਰਿਸਰਚ ਫੰਡ, ਆਯੁਰਵੇਦ ਸਟਾਰਟਅੱਪ ਐਕਸਲੇਰੇਟਰ ਅਤੇ ਗਲੋਬਲ ਆਯੁਰਵੇਦ ਚੈਲੇਂਜ ਜਿਹੀਆਂ ਪਹਿਲਕਦਮੀਆਂ ‘ਤੇ ਧਿਆਨ ਕੇਂਦ੍ਰਿਤ ਕਰਨ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਨੇ ਗਵਰਨਿੰਗ ਬਾਡੀ ਤੋਂ ਆਯੁਰਵੇਦ ਨੂੰ ਇੱਕ ਆਧੁਨਿਕ, ਸਬੂਤ-ਅਧਾਰਿਤ ਅਤੇ ਵਿਸ਼ਵਵਿਆਪੀ ਪੱਧਰ ‘ਤੇ ਪ੍ਰਤੀਯੋਗੀ ਸਿਹਤ ਸੰਭਾਲ ਪ੍ਰਣਾਲੀ ਵਿੱਚ ਤਬਦੀਲ ਕਰਨ ਦੀ ਦਿਸ਼ਾ ਵਿੱਚ ਸਮੂਹਿਕ ਤੌਰ ‘ਤੇ ਕੰਮ ਕਰਨ ਦੀ ਅਪੀਲ ਕੀਤੀ।

ਆਯੁਸ਼ ਮੰਤਰਾਲੇ ਵਿੱਚ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਗਵਰਨਿੰਗ ਬਾਡੀ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਮੰਤਰਾਲਾ ਇੱਕ ਖੋਜ-ਪ੍ਰੇਰਿਤ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ, ਜਿੱਥੇ ਗੁਣਵੱਤਾਪੂਰਨ ਬੁਨਿਆਦੀ ਢਾਂਚਾ, ਡਿਜੀਟਲ ਨਵੀਨਤਾ ਅਤੇ ਵਿਗਿਆਨਕ ਉੱਤਮਤਾ ਮਿਲ ਕੇ ਸਬੂਤ-ਅਧਾਰਿਤ ਆਯੁਰਵੇਦ ਨੂੰ ਸਸ਼ਕਤ ਬਣਾਉੰਦੇ ਹਨ। ਅੱਜ ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ ਖੋਜ ਸਮਰੱਥਾ, ਵਿਦਿਅਕ ਉੱਤਮਤਾ ਅਤੇ ਗਿਆਨ ਦੀ ਪਹੁੰਚਯੋਗਤਾ ਨੂੰ ਹੋਰ ਵਧਾਉਣਗੀਆਂ।”

ਪ੍ਰੋਫੈਸਰ (ਵੈਦਯ) ਰਾਬਿਨਾਰਾਇਣ ਆਚਾਰਿਆ, ਡਾਇਰੈਕਟਰ ਜਨਰਲ, ਸੀਸੀਆਰਏਐੱਸ ਅਤੇ ਗਵਰਨਿੰਗ ਬਾਡੀ ਦੇ ਮੈਂਬਰ ਸਕੱਤਰ, ਪਰਿਸ਼ਦ ਦੀਆਂ ਉਪਲਬਧੀਆਂ ਅਤੇ ਭਵਿੱਖ ਦਾ ਰੋਡਮੈਪ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ, “ਸੀਸੀਆਰਏਐੱਸ ਇੱਕ ਅਜਿਹੇ ਰਿਸਰਚ ਈਕੋਸਿਸਟਮ ਦੇ ਨਿਰਮਾਣ ਲਈ ਵਚਨਬੱਧ ਹੈ ਜਿੱਥੇ ਸ਼ਾਸਤਰੀ ਆਯੁਰਵੈਦਿਕ ਗਿਆਨ ਨੂੰ ਆਧੁਨਿਕ ਵਿਗਿਆਨ, ਡਿਜੀਟਲ ਨਵੀਨਤਾ ਅਤੇ ਗੁਣਵੱਤਾਪੂਰਨ ਸਬੂਤਾਂ ਰਾਹੀਂ ਮਜ਼ਬੂਤ ਕੀਤਾ ਜਾਵੇ। ਅੱਜ ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ ਖੋਜ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਣਨਗੀਆਂ, ਯੁਵਾ ਖੋਜਕਰਤਾਵਾਂ ਨੂੰ ਸਸ਼ਕਤ ਬਣਾਉਣਗੀਆਂ, ਭਾਰਤ ਦੇ ਰਵਾਇਤੀ ਗਿਆਨ ਦੀ ਸੰਭਾਲ ਕਰਨਗੀਆਂ ਅਤੇ ਆਯੁਰਵੇਦ ਨੂੰ ਖੋਜਕਰਤਾਵਾਂ, ਚਿਕਿਤਸਕਾਂ ਅਤੇ ਗਲੋਬਲ ਵਿਗਿਆਨਕ ਭਾਈਚਾਰੇ ਲਈ ਵਧੇਰੇ ਪਹੁੰਚਯੋਗ ਬਣਾਉਣਗੀਆਂ।”

ਮੀਟਿੰਗ ਵਿੱਚ ਸੀਸੀਆਰਏਐੱਸ ਦੀ ਗਵਰਨਿੰਗ ਬਾਡੀ ਦੇ ਮੈਂਬਰਾਂ, ਆਯੁਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਸੀਸੀਆਰਏਐੱਸ ਦੇ ਵਿਗਿਆਨੀਆਂ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ। ਗਵਰਨਿੰਗ ਬਾਡੀ ਨੇ ਕੌਂਸਲ ਦੀਆਂ ਉਪਲਬਧੀਆਂ ਦੀ ਸ਼ਲਾਘਾ ਕੀਤੀ ਅਤੇ ਖੋਜ, ਨਵੀਨਤਾ, ਸੰਸਥਾਗਤ ਸਮਰੱਥਾ ਅਤੇ ਆਯੁਰਵੇਦ ਦੀ ਗਲੋਬਲ ਪਹੁੰਚ ਨੂੰ ਹੋਰ ਮਜ਼ਬੂਤ ਕਰਨ ਲਈ ਕੀਮਤੀ ਮਾਰਗਦਰਸ਼ਨ ਪ੍ਰਦਾਨ ਕੀਤਾ।

ਮੀਟਿੰਗ ਵਿੱਚ ਗੁਣਵੱਤਾਪੂਰਨ ਖੋਜ, ਨਵੀਨਤਾ ਅਤੇ ਸੰਸਥਾਗਤ ਉੱਤਮਤਾ ਰਾਹੀਂ ਸਬੂਤ-ਅਧਾਰਿਤ ਆਯੁਰਵੇਦ ਨੂੰ ਮਜ਼ਬੂਤ ਕਰਨ ਦੇ ਪ੍ਰਤੀ ਆਯੁਸ਼ ਮੰਤਰਾਲੇ ਦੀ ਵਚਨਬੱਧਤਾ ਦੀ ਦੁਬਾਰਾ ਪੁਸ਼ਟੀ ਕੀਤੀ ਗਈ। ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਨਾਲ ਆਯੁਰਵੇਦ ਖੋਜ ਵਿੱਚ ਸੀਸੀਆਰਏਐੱਸ ਦੀ ਅਗਵਾਈ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਸ਼ਵਵਿਆਪੀ ਸਿਹਤ ਸੰਭਾਲ ਵਿੱਚ ਉਸ ਦੇ ਯੋਗਦਾਨ ਨੂੰ ਵੱਧ ਕਰਨ ਦੀ ਉਮੀਦ ਹੈ।

 

***************

ਐੱਸਆਰ/ਐੱਸਵੀ/ਐੱਸਜੀ/ਬਲਜੀਤ


(रिलीज़ आईडी: 2295932) आगंतुक पटल : 4
इस विज्ञप्ति को इन भाषाओं में पढ़ें: English , Urdu , Marathi , हिन्दी , Gujarati , Tamil , Telugu