ਵਿੱਤ ਮੰਤਰਾਲਾ
azadi ka amrit mahotsav

ਡੀਆਰਆਈ ਨੇ 364 ਮੀਟ੍ਰਿਕ ਟਨ ਪਾਬੰਦੀਸ਼ੁਦਾ ਪਾਕਿਸਤਾਨੀ ਸੁੱਕੀਆਂ ਖਜੂਰਾਂ ਜ਼ਬਤ ਕੀਤੀਆਂ; ਬਜ਼ਾਰ ਕੀਮਤ 3 ਕਰੋੜ ਰੁਪਏ


ਡੀਆਰਆਈ ਨੇ ਕਾਂਡਲਾ ਬੰਦਰਗਾਹ 'ਤੇ ਆਯਾਤ ਕੀਤੀਆਂ ਸੁੱਕੀਆਂ ਖਜੂਰਾਂ ਦੇ 13 ਕੰਟੇਨਰਾਂ ਨੂੰ ਜ਼ਬਤ ਕੀਤਾ, ਜਿਨ੍ਹਾਂ ਨੂੰ ਯੂਏਈ ਤੋਂ ਆਯਾਤ ਹੋਣ ਦੀ ਗਲਤ ਜਾਣਕਾਰੀ ਦਿੱਤੀ ਗਈ ਸੀ ਜਦੋਂ ਕਿ ਖੇਪ ਪਾਕਿਸਤਾਨ ਤੋਂ ਆਈ ਸੀ

ਭਾਰਤ ਨੇ ਪਾਕਿਸਤਾਨ ਤੋਂ ਆਉਣ ਵਾਲੇ ਮਾਲ ਦੇ ਆਯਾਤ 'ਤੇ ਪਾਬੰਦੀ ਲਗਾਈ ਹੋਈ ਹੈ

प्रविष्टि तिथि: 05 AUG 2026 12:22PM by PIB Chandigarh

ਪਾਕਿਸਤਾਨ ਤੋਂ ਆਯਾਤ ‘ਤੇ ਭਾਰਤ ਦੀ ਲਗਾਈ ਗਈ ਪਾਬੰਦੀ ਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ‘ਤੇ ਸਖ਼ਤ ਕਾਰਵਾਈ ਕਰਦੇ ਹੋਏ, ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਇੱਕ ਅਜਿਹੇ ਮਾਮਲੇ ਦਾ ਖੁਲਾਸਾ ਕੀਤਾ ਹੈ ਜਿਸ ਵਿੱਚ ਪਾਕਿਸਤਾਨ ਤੋਂ ਆਯਾਤ ਕੀਤੀਆਂ ਗਈਆਂ ਵਸਤੂਆਂ ਨੂੰ ਤੀਜੇ ਦੇਸ਼ਾਂ ਰਾਹੀਂ ਗੁਪਤ ਤੌਰ ‘ਤੇ ਭੇਜ ਕੇ ਉਨ੍ਹਾਂ ਬਾਰੇ ਗਲਤ ਜਾਣਕਾਰੀ ਦਿੱਤੀ ਜਾ ਰਹੀ ਸੀ। ਇਸ ਅਭਿਆਨ ਦੇ ਨਤੀਜੇ ਵਜੋਂ 3 ਕਰੋੜ ਰੁਪਏ ਦੀ ਕੀਮਤ ਵਾਲੀਆਂ 364 ਮੀਟ੍ਰਿਕ ਟਨ ਸੁੱਕੀਆਂ ਖਜੂਰਾਂ ਜ਼ਬਤ ਕੀਤੀਆਂ ਗਈਆਂ, ਜੋ ਪਾਕਿਸਤਾਨ ਤੋਂ ਆਯਾਤ ਕੀਤੀਆਂ ਗਈਆਂ ਸਨ। 

ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਚਲਾਏ ਗਏ ਅਭਿਆਨ ਵਿੱਚ, ਡੀਆਰਆਈ ਦੇ ਅਧਿਕਾਰੀਆਂ ਨੇ ਕਾਂਡਲਾ ਬੰਦਰਗਾਹ ‘ਤੇ ਆਯਾਤ ਕੀਤੀਆਂ 364 ਮੀਟ੍ਰਿਕ ਟਨ ਸੁੱਕੀਆਂ ਖਜੂਰਾਂ ਨਾਲ ਭਰੇ 13 ਕੰਟੇਨਰਾਂ ਨੂੰ ਜ਼ਬਤ ਕੀਤਾ, ਜਿਨ੍ਹਾਂ ਦੀ ਕੀਮਤ ਲਗਭਗ 3 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਂਚ ਵਿੱਚ ਪਤਾ ਲੱਗਿਆ ਕਿ ਖਜੂਰਾਂ ਸੰਯੁਕਤ ਅਰਬ ਅਮੀਰਾਤ ਤੋਂ ਆਈਆਂ ਹੋਈਆਂ ਦੱਸੀਆਂ ਗਈਆਂ ਸਨ, ਜਦ ਕਿ ਅਸਲ ਵਿੱਚ ਪਾਕਿਸਤਾਨ ਤੋਂ ਆਈਆਂ ਸਨ। 

ਜਾਂਚ ਤੋਂ ਪਤਾ ਲੱਗਿਆ ਕਿ ਖਜੂਰਾਂ ਨੂੰ ਪਹਿਲਾ ਪਾਕਿਸਤਾਨ ਤੋਂ ਦੁਬਈ ਲੈ ਜਾਇਆ ਗਿਆ ਅਤੇ ਫਿਰ ਉਸ ਨੂੰ ਦੂਜੇ ਕੰਟੇਨਰਾਂ ਵਿੱਚ ਤਬਦੀਲ ਕਰਕੇ ਭਾਰਤ ਨਿਰਯਾਤ ਕੀਤਾ ਗਿਆ। ਆਯਾਤਕਾਂ ‘ਤੇ ਆਰੋਪ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਤੋਂ ਆਯਾਤ ਕੀਤੇ ਮਾਲ ਦੇ ਆਯਾਤ ‘ਤੇ ਲੱਗੀ ਭਾਰਤ ਦੀ ਪਾਬੰਦੀ ਤੋਂ ਬਚਣ ਲਈ ਮਹੱਤਵਪੂਰਨ ਤੱਤਾਂ ਨੂੰ ਲੁਕੋ ਕੇ ਅਤੇ ਖਜੂਰਾਂ ਦੇ ਮੂਲ ਦੇਸ਼ ਬਾਰੇ ਗਲਤ ਜਾਣਕਾਰੀ ਦਿੱਤੀ। ਇਸ ਅਨੁਸਾਰ, ਕਸਟਮ ਐਕਟ, 1962 ਦੀਆਂ ਸਬੰਧਿਤ ਧਾਰਾਵਾਂ ਤਹਿਤ ਪੂਰੀ ਖੇਪ ਜ਼ਬਤ ਕਰ ਲਈ ਗਈ ਹੈ। 

ਪਿਛਲੇ ਹਫਤੇ, ਡੀਆਰਆਈ ਦੇ ਅਧਿਕਾਰੀਆਂ ਨੇ ਤੂਤੀਕੋਰੀਨ ਬੰਦਰਗਾਹ ‘ਤੇ ਲਗਭਗ 1.4 ਕਰੋੜ ਰੁਪਏ ਦੀ ਕੀਮਤ ਦੇ ਲਗਭਗ 14 ਮੀਟ੍ਰਿਕ ਟਨ ਪਾਕਿਸਤਾਨੀ ਗੁੱਗੁਲ ਰਾਲ ਦੇ ਆਯਾਤ ਦੀ ਕੋਸ਼ਿਸ਼ ਦਾ ਪਰਦਾਫਾਸ਼ ਕੀਤਾ ਸੀ। ਗੁੱਗੁਲ ਰਾਲ ਦੀ ਇਸ ਖੇਪ ਨੂੰ ਸੋਮਾਲੀਆ ਤੋਂ ਪੈਦਾ ਕੁਦਰਤੀ ਰਾਲ ਵਜੋਂ ਗਲਤ ਤਰੀਕੇ ਨਾਲ ਐਲਾਨਿਆ ਗਿਆ ਸੀ ਅਤੇ ਦੁਬਈ ਦੇ ਰਸਤੇ ਭੇਜਿਆ ਗਿਆ ਸੀ। 

ਭਾਰਤ ਅਤੇ ਪਾਕਿਸਤਾਨ ਦੇ ਸੁੱਕੇ ਖੇਤਰਾਂ ਵਿੱਚ ਪਾਈ ਜਾਣ ਵਾਲੀ ਗੁੱਗੁਲ ਰਾਲ (ਕੌਮੀਫੋਰਾ ਰਾਲ) ਪ੍ਰਜਾਤੀ ਨੂੰ ਸੀਆਈਟੀਈਐੱਸ ਅੰਤਿਕਾ II ਵਿੱਚ ਸੂਚੀਬੱਧ ਕੀਤਾ ਗਿਆ ਹੈ ਅਤੇ ਆਈਯੂਸੀਐੱਨ ਦੀ ਰੈੱਡ ਲਿਸਟ ਵਿੱਚ ਇਸ ਨੂੰ ‘ਅਤਿਅੰਤ ਸੰਕਟਗ੍ਰਸਤ’ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਜਾਂਚ ਵਿੱਚ ਪਤਾ ਲੱਗਿਆ ਕਿ ਖੇਪ ਵਿੱਚ ਗੁੱਗੁਲ ਰਾਲ ਸੀ, ਜੋ ਪਾਕਿਸਤਾਨ ਤੋਂ ਆਈ ਸੀ ਅਤੇ ਜਾਅਲੀ ਦਸਤਾਵੇਜਾਂ ਦੀ ਵਰਤੋਂ ਕਰਕੇ ਇਸ ਨੂੰ ਦੂਜੇ ਦੇਸ਼ ਵਿੱਚ ਭੇਜਿਆ ਗਿਆ ਸੀ। ਇਸ ਸਾਜ਼ਿਸ਼ ਵਿੱਚ ਸ਼ਾਮਲ 2 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। 

ਡੀਜੀਐੱਫਟੀ ਨੋਟੀਫਿਕੇਸ਼ਨ ਨੰਬਰ 06/2025-26 ਮਿਤੀ 02.05.2025 ਦੁਆਰਾ ਸੋਧੀ ਗਈ ਵਿਦੇਸ਼ ਵਪਾਰ ਨੀਤੀ, 2023 ਦੇ ਅਨੁਸਾਰ, ਪਾਕਿਸਤਾਨ ਤੋਂ ਪੈਦਾ ਹੋਈਆਂ ਜਾਂ ਨਿਰਯਾਤ ਕੀਤੀਆਂ ਜਾਣ ਵਾਲੀਆਂ ਸਾਰੀਆਂ ਵਸਤੂਆਂ ਦਾ ਪ੍ਰਤੱਖ ਜਾਂ ਅਪ੍ਰਤੱਖ ਆਯਾਤ ਜਾਂ ਆਵਾਜਾਈ ‘ਤੇ 02.05.2025 ਤੋਂ ਮਨਾਹੀ ਹੈ। ਦੋਵਾਂ ਮਾਮਲਿਆਂ ਵਿੱਚ ਆਯਾਤ ਉਕਤ ਪਾਬੰਦੀ ਦੀ ਉਲੰਘਣਾ ਪਾਈ ਗਈ। 

ਇਹ ਸਫਲ ਅਭਿਆਨ ਦੱਸਦਾ ਹੈ ਕਿ ਤਸਕਰੀ, ਕਸਟਮ ਧੋਖੇਬਾਜ਼ੀ ਅਤੇ ਹੋਰ ਤਰ੍ਹਾਂ ਦੇ ਅਵੈਧ ਅੰਤਰਰਾਸ਼ਟਰੀ ਵਪਾਰ ਵਿੱਚ ਸ਼ਾਮਲ ਸੰਗਠਿਤ ਨੈੱਟਵਰਕ ਦੀ ਪਛਾਣ ਕਰਨ, ਉਨ੍ਹਾਂ ਨੂੰ ਰੋਕਣ ਅਤੇ ਸਮਾਪਤ ਕਰਨ ਲਈ ਡੀਆਰਆਈ ਨਿਰੰਤਰ ਕੋਸ਼ਿਸ਼ ਕਰ ਰਿਹਾ ਹੈ। 

****

ਐੱਸਆਰ/ਕੇਐੱਮਐੱਨ/ਏਕੇ


(रिलीज़ आईडी: 2295308) आगंतुक पटल : 2
इस विज्ञप्ति को इन भाषाओं में पढ़ें: English , Gujarati , Urdu , हिन्दी , Marathi , Assamese , Bengali , Bengali-TR , Tamil , Telugu