ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਚਾਂਦੀਪੁਰਾ ਵਾਇਰਸ ਦੇ ਪ੍ਰਕੋਪ ਦੀ ਬਹੁ-ਸੰਸਥਾਗਤ ਜਾਂਚ ਤੇਜ਼ ਹੋਣ ਨਾਲ ਕੇਂਦਰ ਨੇ ਰਾਸ਼ਟਰੀ ਸੰਯੁਕਤ ਪ੍ਰਕੋਪ ਪ੍ਰਤੀਕਿਰਿਆ ਟੀਮ ਤਾਇਨਾਤ ਕੀਤੀ

प्रविष्टि तिथि: 05 AUG 2026 12:07PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਚਾਂਦੀਪੁਰ ਵਾਇਰਸ ਰੋਗ (ਸੀਐੱਚਪੀਵੀ) ਦੇ ਪ੍ਰਕੋਰ ਨਾਲ ਨਜਿੱਠਣ ਲਈ ਰਾਸ਼ਟਰੀ ਸੰਯੁਕਤ ਪ੍ਰਕੋਰ ਪ੍ਰਤੀਕਿਰਿਆ ਟੀਮ (ਐੱਨਜੇਓਆਰਟੀ) ਨੂੰ ਗੁਜਰਾਤ ਅਤੇ ਰਾਜਸਥਾਨ ਵਿੱਚ ਤਾਇਨਾਤ ਕੀਤਾ ਹੈ। ਇਹ ਤਾਇਨਾਤੀ ਦੇਸ਼ ਭਰ ਦੇ ਪ੍ਰਮੁੱਖ ਖੋਜ ਸੰਸਥਾਨਾਂ ਦੁਆਰਾ ਨਿਰੰਤਰ ਅਤੇ ਡੂੰਘੀ ਵਿਗਿਆਨਕ ਜਾਂਚ ਦੇ ਨਾਲ-ਨਾਲ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ (ਐੱਨਸੀਡੀਸੀ) ਦੁਆਰਾ ਰਾਜ ਨਿਗਰਾਨੀ ਇਕਾਈਆਂ ਦੇ ਸਹਿਯੋਗ ਨਾਲ ਤਾਲਮੇਲ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈਡੀਐੱਸਪੀ) ਅਧੀਨ ਰੋਗ ਦੀ ਨਿਰੰਤਰ ਨਿਗਰਾਨੀ ਦੇ ਮੱਦੇਨਜ਼ਰ ਕੀਤੀ ਗਈ ਹੈ। ਇਨ੍ਹਾਂ ਤਾਲਮੇਲ ਵਾਲੇ ਯਤਨਾਂ ਦਾ ਉਦੇਸ਼ ਵਾਇਰਸ ਬਾਰੇ ਜਾਣਕਾਰੀ ਅੱਗੇ ਵਧਾਉਣਾ ਹੈ, ਜਿਸ ਵਿੱਚ ਇਸ ਦੇ ਸੰਚਾਰ ਦੀ ਗਤੀਸ਼ੀਲਤਾ, ਕਲੀਨਿਕਲ ਸਪੈਕਟ੍ਰਮ, ਮਹਾਮਾਰੀ ਵਿਗਿਆਨ ਅਤੇ ਸੰਭਾਵੀ ਇਲਾਜ ਦੇ ਤਰੀਕੇ ਸ਼ਾਮਲ ਹਨ, ਨਾਲ ਹੀ ਸਬੂਤ-ਅਧਾਰਿਤ ਜਨਤਕ ਸਿਹਤ ਦਖਲਅੰਦਾਜ਼ੀ ਦਾ ਮਾਰਗਦਰਸ਼ਨ ਕਰਨਾ ਹੈ। NCDC ਵਿਖੇ ਜਨਤਕ ਸਿਹਤ ਐਮਰਜੈਂਸੀ ਆਪ੍ਰੇਸ਼ਨ ਸੈਂਟਰ (PHEOC) ਨੂੰ ਵੀ NJORT ਦੇ ਸਮਰਥਨ ਲਈ ਸਰਗਰਮ ਕਰ ਦਿੱਤਾ ਗਿਆ ਹੈ।

ਰਾਸ਼ਟਰੀ ਰੋਗ ਨਿਯੰਤਰਣ ਕੇਂਦਰ (ਐੱਨਸੀਡੀਸੀ), ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ICMR) ਅਤੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ (DAHD) ਦੇ ਮਾਹਰਾਂ ਨਾਲ ਸੰਯੁਕਤ ਤੌਰ ‘ਤੇ ਬਣੀ ਬਹੁ-ਅਨੁਸ਼ਾਸਨੀ NJORT ਟੀਮ, ਪ੍ਰਕੋਪ ਦੀ ਜਾਂਚ, ਮਹਾਮਾਰੀ ਵਿਗਿਆਨ ਸਬੰਧੀ ਮੁਲਾਂਕਣ, ਕਲੀਨਿਕਲ ਪ੍ਰਬੰਧਨ, ਪ੍ਰਯੋਗਸ਼ਾਲਾ ਤਾਲਮੇਲ, ਵੈਕਟਰ ਨਿਗਰਾਨੀ ਅਤੇ ਜਨਤਕ ਸਿਹਤ ਉਪਾਵਾਂ ਦੇ ਲਾਗੂ ਕਰਨ ਵਿੱਚ ਦੋਵਾਂ ਰਾਜ ਸਰਕਾਰਾਂ ਦੇ ਯਤਨਾਂ ਵਿੱਚ ਸਹਿਯੋਗ ਕਰੇਗੀ। ਇਹ ਟੀਮ ਜ਼ਮੀਨੀ ਪੱਧਰ 'ਤੇ ਕੀਤੀ ਗਈ ਪ੍ਰਤੀਕਿਰਿਆ ਦੀ ਸਮੀਖਿਆ ਕਰਨ ਲਈ ਰਾਜ ਸਿਹਤ ਵਿਭਾਗਾਂ ਨਾਲ ਮਿਲ ਕੇ ਕੰਮ ਕਰੇਗੀ ਅਤੇ ਆਪਣਾ ਖੇਤਰੀ ਮੁਲਾਂਕਣ ਨੂੰ ਪੂਰਾ ਕਰਨ ਤੋਂ ਬਾਅਦ ਮੰਤਰਾਲੇ ਨੂੰ ਸਿਫਾਰਸ਼ਾਂ ਪੇਸ਼ ਕਰਨਗੀਆਂ।

ਇਹ ਤਾਇਨਾਤੀ ਹਾਲ ਦੇ ਵਰ੍ਹਿਆਂ ਵਿੱਚ ਚਾਂਦੀਪੁਰਾ ਵਾਇਰਸ ਲਈ ਕੀਤੇ ਗਏ ਸਭ ਤੋਂ ਵਿਆਪਕ ਵਿਗਿਆਨਕ ਖੋਜਾਂ ਵਿੱਚੋਂ ਇੱਕ ਵਿਚਾਲੇ ਹੋਈ ਹੈ। ਚੇੱਨਈ ਸਥਿਤ ICMR-ਨੈਸ਼ਨਲ ਇੰਸਟੀਟਿਊਟ ਆਫ਼ ਐਪੀਡੈਮਿਓਲੋਜੀ (ICMR-NIE), ਪੁਡੂਚੇਰੀ ਸਥਿਤ ICMR-ਨੈਸ਼ਨਲ ਇੰਸਟੀਟਿਊਟ ਆਫ਼ ਵੈਕਟਰ ਕੰਟਰੋਲ ਰਿਸਰਚ (ICMR-NIVCR), ਪੁਣੇ ਸਥਿਤ ICMR-ਨੈਸ਼ਨਲ ਇੰਸਟੀਟਿਊਟ ਆਫ਼ ਵਾਇਰੋਲੋਜੀ (ICMR-NIV), ਹੈਦਰਾਬਾਦ ਸਥਿਤ ICMR-ਨੈਸ਼ਨਲ ਇੰਸਟੀਟਿਊਟ ਆਫ਼ ਪ੍ਰੀ-ਕਲੀਨਿਕਲ ਰਿਸਰਚ (ICMR-NIPCR), ਅਤੇ ਬੰਗਲੁਰੂ ਸਥਿਤ ICAR-ਨੈਸ਼ਨਲ ਇੰਸਟੀਟਿਊਟ ਆਫ਼ ਵੈਟਰਨਰੀ ਐਪੀਡੈਮਿਓਲੋਜੀ ਐਂਡ ਡਿਜ਼ੀਜ਼ ਇਨਫਾਰਮੇਟਿਕਸ (ICAR-NIVEDI) ਦੇ ਮਾਹਰ ਗੁਜਰਾਤ ਰਾਜ ਸਿਹਤ ਵਿਭਾਗ ਨਾਲ ਮਿਲ ਕੇ ਇਸ ਵਾਇਰਸ ਨਾਲ ਜੁੜੀ ਬਿਮਾਰੀ ਦੀ ਜਾਂਚ ਕਰ ਰਹੇ ਹਨ।

ਇਸ ਸਹਿਯੋਗੀ ਅਭਿਆਸ ਵਿੱਚ ਮਹਾਮਾਰੀ ਵਿਗਿਆਨ, ਵਾਇਰੋਲੋਜੀ, ਕੀਟ ਵਿਗਿਆਨ, ਵੈਟਰਨਰੀ ਸਾਇੰਸ ਅਤੇ ਪ੍ਰਯੋਗਸ਼ਾਲਾ ਨਿਦਾਨ ਦੇ ਮਾਹਰ ਇਕੱਠੇ ਆਉਂਦੇ ਹਨ ਤਾਂ ਜੋ ਚਾਂਦੀਪੁਰਾ ਵਾਇਰਸ ਦੀ ਲਾਗ ਦੇ ਪੂਰੇ ਕਲੀਨਿਕਲ ਸਪੈਕਟ੍ਰਮ ਨੂੰ ਸਮਝਿਆ ਜਾ ਸਕੇ- ਹਲਕੇ ਬੁਖਾਰ ਤੋਂ ਲੈ ਕੇ ਐਕਿਊਟ ਇਨਸੇਫਲਾਈਟਿਸ ਸਿੰਡਰੋਮ (AES) ਤੱਕ - ਅਤੇ ਜਨਤਕ ਸਿਹਤ ਦਖਲਅੰਦਾਜ਼ੀ ਨੂੰ ਮਜ਼ਬੂਤ ​​ਕਰਨ ਲਈ ਸਬੂਤ ਪੈਦਾ ਕੀਤੇ ਜਾ ਸਕਣ।

 

ਜਾਂਚ ਦੇ ਹਿੱਸੇ ਵਜੋਂ, ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਤੀਬਰ ਬੁਖ਼ਾਰ ਸਬੰਧੀ ਬੀਮਾਰੀ (ਏਐੱਫਆਈ) ਅਤੇ ਏਈਐੱਸ ਤੋਂ ਪੀੜਤ ਮਰੀਜ਼ਾਂ ਦੀ ਸਰਗਰਮ ਨਿਗਰਾਨੀ ਤੇਜ਼ ਕਰ ਦਿੱਤੀ ਗਈ ਹੈ, ਨਾਲ ਹੀ ਨਾਲ ਬਿਨਾ ਲੱਛਣਾਂ ਵਾਲੇ ਇਨਫੈਕਸ਼ਨਾਂ ਦਾ ਅੰਦਾਜ਼ਾ ਲਗਾਉਣ ਅਤੇ ਵਾਇਰਸ ਦੇ ਸੰਚਾਰ ਦੀ ਅਸਲ ਹੱਦ ਦਾ ਮੁਲਾਂਕਣ ਕਰਨ ਲਈ ਕਮਿਊਨਿਟੀ-ਅਧਾਰਿਤ ਸੀਰੋਸਰਵੇਅਜ਼ ਕੀਤੇ ਜਾ ਰਹੇ ਹਨ। ਪ੍ਰਯੋਗਸ਼ਾਲਾ ਟੀਮਾਂ ਨਾਲ ਹੀ ਨਾਲ ਡਾਇਗਨੌਸਟਿਕ ਟੈਸਟ ਨੂੰ ਮਜ਼ਬੂਤ ਕਰਨ ਅਤੇ ਬਿਮਾਰੀ ਦੇ ਰੋਗਾਣੂਆਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਬਿਹਤਰ ਜਾਨਵਰਾਂ ਦੇ ਮਾਡਲ ਵਿਕਸਿਤ ਕਰਨ ‘ਤੇ ਕੰਮ ਕਰ ਰਹੀਆਂ ਹਨ।

ਜਾਂਚ ਦਾ ਮੁੱਖ ਉਦੇਸ਼ ਵਾਇਰਸ ਦੇ ਸੰਚਾਰ ਚੱਕਰ ਨੂੰ ਸਮਝਨਾ ਹੈ। ਹਾਲਾਂਕਿ ਚਾਂਦੀਪੁਰਾ ਵਾਇਰਸ ਦੇ ਵਾਹਕ ਵਜੋਂ ਸੈਂਡਫਲਾਈ ਨੂੰ ਪ੍ਰਮੁੱਖ ਮੰਨਿਆ ਜਾਂਦਾ ਹੈ, ਵਿਗਿਆਨਕ ਇਹ ਵੀ ਜਾਂਚ ਕਰ ਰਹੇ ਹਨ ਕਿ ਕੀ ਮੱਛਰ, ਟਿੱਕਸ ਅਤੇ ਮਾਈਟਸ ਵਰਗੇ ਹੋਰ ਆਰਥਰੋਪੌਡ ਵੀ ਇਸ ਦੇ ਸੰਚਾਰ ਵਿੱਚ ਭੂਮਿਕਾ ਨਿਭਾ ਸਕਦੇ ਹਨ। ਪ੍ਰਭਾਵਿਤ ਖੇਤਰਾਂ ਤੋਂ ਇਕੱਠੇ ਕੀਤੇ ਗਏ ਵੱਡੀ ਗਿਣਤੀ ਵਿੱਚ ਵੈਕਟਰ ਨਮੂਨਿਆਂ ਦਾ ਪ੍ਰਯੋਗਸ਼ਾਲਾ ਵਿੱਚ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਗਿਆਨਕ ਜਾਂਚ ਪੂਰੀ ਹੋਣ ਤੱਕ ਮੌਜੂਦਾ ਪ੍ਰਕੋਪ ਲਈ ਜ਼ਿੰਮੇਵਾਰ ਵੈਕਟਰ ਦੀ ਪਛਾਣ ਕਰਨਾ ਜਲਦਬਾਜੀ ਹੋਵੇਗੀ।

ਇਹ ਪਤਾ ਲਗਾਉਣ ਲਈ ਪਸ਼ੂ ਨਿਗਰਾਨੀ ਦਾ ਦਾਇਰਾ ਵੀ ਵਧਾਇਆ ਗਿਆ ਹੈ ਕਿ ਕੀ ਇਹ ਵਾਇਰਸ ਘਰੇਲੂ ਪਸ਼ੂਆਂ ਵਿੱਚ ਫੈਲ ਰਿਹਾ ਹੈ ਜੋ ਸੰਭਾਵੀ ਤੌਰ ‘ਤੇ ਵਾਇਰਸ ਦੇ ਵਾਹਕ ਬਣ ਸਕਦੇ ਹਨ। ਗਊਆਂ, ਮੱਝਾਂ ਅਤੇ ਬਕਰੀਆਂ ਦੇ ਲਹੂ ਦੇ ਨਮੂਨਿਆਂ ਦੇ ਨਾਲ-ਨਾਲ ਦੁੱਧ ਦੇ ਨਮੂਨੇ ਵੀ ਪ੍ਰੀਖਣ ਲਈ ਇਕੱਠੇ ਕੀਤੇ ਗਏ ਹਨ। ਹੁਣ ਤੱਕ ਲਗਭਗ 70 ਪਸ਼ੂਆਂ ਦੇ ਲਹੂ ਦੇ ਨਮੂਨੇ ਇਕੱਠੇ ਕੀਤੇ ਗਏ ਹਨ ਅਤੇ ਚਾਂਦੀਪੁਰਾ ਵਾਇਰਸ ਅਤੇ ਹੋਰ ਸਬੰਧਿਤ ਰੋਗਾਣੂਆਂ ਲਈ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਪ੍ਰਯੋਗਸ਼ਾਲਾ ਜਾਂਚ ਪੂਰੀ ਹੋਣ ਤੱਕ ਕੋਈ ਸਿੱਟਾ ਨਹੀਂ ਕੱਢਿਆ ਜਾ ਸਕਦਾ ਹੈ।

 

ਮੌਜੂਦਾ ਸਮੇਂ ਜਾਂਚ ਵਿੱਚ ਗੁਜਰਾਤ ਵਿਖੇ ਹੋਏ ਚਾਂਦੀਪੁਰਾ ਵਾਇਰਸ ਦੇ ਪ੍ਰਕੋਪ ਤੋਂ ਮਿਲੇ ਸਬਕ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਉਸ ਪ੍ਰਕੋਪ ਦੌਰਾਨ, ਸੈਂਡਫਲਾਈ ਸਮੇਤ ਕਈ ਵਾਹਕ ਪ੍ਰਜਾਤੀਆਂ ਨੂੰ ਇਕੱਠਾ ਕਰਕੇ ਟੈਸਟ ਕੀਤਾ ਗਿਆ ਸੀ, ਪਰ ਸਾਰੇ ਨਮੂਨਿਆਂ ਵਿੱਚ ਸੀਐੱਚਪੀਵੀ ਨਹੀਂ ਪਾਇਆ ਗਿਆ ਅਤੇ ਕਿਸੇ ਵਿਸ਼ੇਸ਼ ਵਾਹਕ ਨੂੰ ਫੈਸਲਾਕੁੰਨ ਰੂਪ ਵਿੱਚ ਦੋਸ਼ੀ ਨਹੀਂ ਠਹਿਰਾਇਆ ਜਾ ਸਕਿਆ।

 

ਵਿਗਿਆਨਕ ਇਸ ਗੱਲ ਦੀ ਵੀ ਬਰੀਕੀ ਨਾਲ ਜਾਂਚ ਕਰ ਰਹੇ ਹਨ ਕਿ ਕੀ ਵਾਇਰਸ ਵਿੱਚ ਕੋਈ ਜੈਨੇਟਿਕ ਤਬਦੀਲੀ ਆਈ ਹੈ। ਗਾਂਧੀਨਗਰ ਸਥਿਤ ਗੁਜਰਾਤ ਬਾਇਓਟੈਕਨੋਲੋਜੀ ਰਿਸਰਚ ਸੈਂਟਰ (GBRC), ਵਿੱਚ ਮੌਜੂਦਾ ਬਿਮਾਰੀ ਤੋਂ ਪ੍ਰਾਪਤ ਵਾਇਰਸ ਦੇ ਨਮੂਨਿਆਂ ਦਾ ਸੰਪੂਰਨ ਜੀਨੋਮ ਦੀ ਕ੍ਰਮਬੱਧਤਾ ਕੀਤੀ ਜਾ ਰਹੀ ਹੈ। ਸ਼ੁਰੂਆਤੀ ਵਿਸ਼ਲੇਸ਼ਣ ਵਿੱਚ ਮਾਮੂਲੀ ਜੈਨੇਟਿਕ ਵਿਭਿੰਤਾਵਾਂ ਦੇਖੀਆਂ ਗਈਆਂ ਹਨ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਨਿਰਧਾਰਿਤ ਕਰਨ ਤੋਂ ਪਹਿਲਾਂ ਕਿ ਮੌਜੂਦਾ ਸਮੇਂ ਫੈਲ ਰਿਹਾ ਵਾਇਰਸ ਪਿਛਲੇ ਪ੍ਰਕੋਪਾਂ ਨਾਲ ਜੁੜੇ ਸਟ੍ਰੇਨ ਤੋਂ ਵਿਕਸਿਤ ਹੋਇਆ ਹੈ ਜਾਂ ਨਹੀਂ, ਵਿਸਤ੍ਰਿਤ ਤੁਲਨਾਤਮਕ ਜੀਨੋਮਿਕ ਅਧਿਐਨ ਲਾਜ਼ਮੀ ਹਨ।

 

ਵਧ ਰਹੇ ਵਿਗਿਆਨਿਕ ਪ੍ਰਮਾਣਾਂ ਦਾ ਹਵਾਲਾ ਦਿੰਦੇ ਹੋਏ, ਆਈਸੀਐੱਮਆਰ-ਐੱਨਆਈਵੀ, ਪੁਣੇ ਦੇ ਖੋਜਕਰਤਾਵਾਂ ਨੇ ਆਈਸੀਐੱਮਆਰ-ਰਾਜੇਂਦਰ ਮੈਮੋਰੀਅਲ ਨੈਸ਼ਨਲ ਇੰਸਟੀਟਿਊਟ ਆਫ ਹੈਲਥ ਰਿਸਰਚ (ਆਈਸੀਐੱਮਆਰ-ਆਰਐੱਮਐੱਨਆਈਐੱਚਆਰ), ਪਟਨਾ, ਬੀਜੇ ਮੈਡੀਕਲ ਕਾਲਜ (ਬੀਜੇਐੱਮਸੀ), ਅਹਿਮਦਾਬਾਦ, ਪਸ਼ੂਪਾਲਣ ਅਤੇ ਡੇਅਰੀ ਵਿਭਾਗ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਗੁਜਰਾਤ ਸਰਕਾਰ ਦੇ ਸਹਿਯੋਗ ਤੋਂ ਹਾਲ ਹੀ ਵਿੱਚ "ਚਾਂਦੀਪੁਰਾ ਵਾਇਰਸ ਐਂਸੇਫਲਾਇਟਿਸ ਦੇ ਪ੍ਰਕੋਪ ਦੀ ਜਾਂਚ, ਗੁਜਰਾਤ, ਭਾਰਤ, 2024" ਸਿਰਲੇਖ ਹੇਠ ਇੱਕ ਸੋਧ ਪੱਤਰ ਪ੍ਰਕਾਸ਼ਿਤ ਕੀਤਾ ਹੈ, ਜਿਸ ਵਿੱਚ ਪਿਛਲ ਵਰ੍ਹੇ ਦੇ ਪ੍ਰਕੋਪ ਦੌਰਾਨ ਕੀਤੇ ਗਏ ਬਹੁ-ਵਿਸ਼ਾ ਅਧਾਰਿਤ ਜਾਂਚਾਂ ਦਾ ਦਸਤਾਵੇਜੀਕਰਣ ਕੀਤਾ ਗਿਆ ਹੈ।

 

ਮੌਜੂਦਾ ਸਮੇਂ ਜਾਂਚਾਂ ਨੂੰ ਭਾਰਤ ਦੇ ਹਸਪਤਾਲ –ਅਧਾਰਿਤ ਤੀਬਰ ਐਂਸੇਫਲਾਇਟਿਸ ਸਿੰਡ੍ਰੋਮ (ਏਈਐੱਸ) ਨਿਗਰਾਨੀ ਨੈੱਟਵਰਕ ਦੁਆਰਾ ਹੋਰ ਸਮਰਥਨ ਪ੍ਰਾਪਤ ਹੈ, ਜੋ ਕਿ ਦੇਸ਼ ਭਰ ਦੇ 15 ਤੀਜੇ ਦਰਜੇ ਦੇ ਦੇਖਭਾਲ ਹਸਪਤਾਲਾਂ ਵਿੱਚ ਫੈਲਿਆ ਇੱਕ ਬਹੁ-ਕੇਂਦ੍ਰਿਤ ਪੀੜ੍ਹੀ ਦਾ ਨਿਗਰਾਨੀ ਪ੍ਰੋਗਰਾਮ ਹੈ। ਮਿਆਰੀ ਕਲੀਨਿਕਲ ਪ੍ਰੋਟੋਕੋਲ, ਸੀਰੋਲੋਜੀਕਲ ਅਤੇ ਮੌਲਕਿਊਲਰ ਡਾਇਗਨੌਸਟਿਕਸ ਅਤੇ ਚੋਣਵੀਂ ਅਗਲੀ ਪੀੜ੍ਹੀ ਦੇ ਕ੍ਰਮ ਦੀ ਵਰਤੋਂ ਕਰਦੇ ਹੋਏ, ਇਹ ਨੈੱਟਵਰਕ ਪ੍ਰਕੋਪ ਦਾ ਪਤਾ ਲਗਾਉਣ ਨੂੰ ਮਜ਼ਬੂਤ ਕਰਨ, AES ਦੇ ਕਾਰਨਾਂ ਦੀ ਸਮਝ ਵਿੱਚ ਸੁਧਾਰ ਕਰਨ ਅਤੇ ਸਮੇਂ ਸਿਰ ਜਨਤਕ ਸਿਹਤ ਕਾਰਵਾਈ ਦਾ ਸਮਰਥਨ ਕਰਨ ਲਈ ਮਹੱਤਵਪੂਰਨ ਮਹਾਮਾਰੀ ਵਿਗਿਆਨ ਅਤੇ ਪ੍ਰਯੋਗਸ਼ਾਲਾ ਸਬੂਤ ਤਿਆਰ ਕਰ ਰਿਹਾ ਹੈ।

 

ਰਾਸ਼ਟਰੀ ਸੰਯੁਕਤ ਪ੍ਰਕੋਪ ਰਿਸਪੌਂਸ ਟੀਮ ਅਤੇ ਕਈ ਰਾਸ਼ਟਰੀ ਸੰਸਥਾਨਾਂ ਦੁਆਰਾ ਸਮਾਨਾਂਤਰ ਜਾਂਚਾਂ ਦੇ ਨਾਲ, ਕੇਂਦਰ ਨੇ ਗੁਜਰਾਤ ਅਤੇ ਰਾਜਸਥਾਨ ਨੂੰ ਵਿਗਿਆਨਕ ਅਤੇ ਜ਼ਮੀਨੀ ਸਹਾਇਤਾ ਵਿੱਚ ਵੀ ਬਹੁਤ ਵਿਸਥਾਰ ਕੀਤਾ ਹੈ; ਜੋ ਇੱਕ ਤਾਲਮੇਲਪੂਰਨ "ਇੱਕ ਸਿਹਤ" ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਅਤੇ ਇਹ ਚਾਂਦੀਪੁਰਾ ਵਾਇਰਸ ਦੇ ਪ੍ਰਕੋਪ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਨਿਯੰਤ੍ਰਿਤ ਕਰਨ ਲਈ ਮਨੁੱਖੀ, ਪਸ਼ੂਆਂ ਅਤੇ ਵੈਕਟਰ ਨਿਗਰਾਨੀ ਨੂੰ ਏਕੀਕ੍ਰਿਤ ਕਰਦਾ ਹੈ।

*****

ਐੱਸਆਰ/ਬਲਜੀਤ ਸਿੰਘ

HFW/Centre Deploys NJORT for Chandipura Virus Outbreak /5 August 2026/1


(रिलीज़ आईडी: 2294971) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Gujarati , Tamil