ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਗਲਾਅ ਝੀਲ ਅਰੁਣਾਚਲ ਪ੍ਰਦੇਸ਼ ਦੀ ਪਹਿਲੀ ਰਾਮਸਰ ਸਾਈਟ ਬਣੀ; ਭਾਰਤ ਵਿੱਚ ਰਾਮਸਰ ਸਾਈਟਾਂ ਦੀ ਕੁੱਲ ਗਿਣਤੀ 101 ਹੋਈ


ਕੇਂਦਰੀ ਵਾਤਾਵਰਣ ਮੰਤਰੀ ਨੇ ਇਸ ਇਤਿਹਾਸਕ ਉਪਲਬਧੀ ਦਾ ਐਲਾਨ ਕਰਦੇ ਹੋਏ ਵੈੱਟਲੈਂਡ ਸੰਭਾਲ, ਜੈਵ ਵਿਭਿੰਨਤਾ ਸੰਭਾਲ ਅਤੇ ਟਿਕਾਊ ਆਜੀਵਿਕਾ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ

Posted On: 03 AUG 2026 8:10PM by PIB Chandigarh

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਅਰੁਣਾਚਲ ਪ੍ਰਦੇਸ਼ ਦੀ ਗਲਾਅ ਝੀਲ ਨੂੰ ਭਾਰਤ ਦਾ 101ਵਾਂ ਰਾਮਸਰ ਸਾਈਟ ਘੋਸ਼ਿਤ ਕਰਨ ਦਾ ਐਲਾਨ ਕੀਤਾ। ਇਹ ਰਾਜ ਲਈ ਇੱਕ ਮਹੱਤਵਪੂਰਨ ਉਪਲਬਧੀ ਹੈ ਕਿਉਂਕਿ ਉਸ ਨੂੰ ਆਪਣਾ ਪਹਿਲਾਂ ਰਾਮਸਰ ਸਾਈਟ ਹਾਸਲ ਹੋਇਆ ਹੈ। ਕੇਂਦਰੀ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਇਸ ਵਿਕਾਸ ਨੂੰ ਜੈਵ ਵਿਭਿੰਨਤਾ ਸੰਭਾਲ, ਜਲ ਅਤੇ ਜਲਵਾਯੂ ਸੁਰੱਖਿਆ ਅਤੇ ਟਿਕਾਊ ਆਜੀਵਿਕਾ ਲਈ ਇੱਕ ਮਹੱਤਵਪੂਰਨ ਕਦਮ ਦੱਸਿਆ। 

ਸ਼੍ਰੀ ਯਾਦਵ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਰਾਮਸਰ ਨੈੱਟਵਰਕ ਦੇ ਸ਼ਾਨਦਾਰ ਵਿਸਥਾਰ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, "2014 ਵਿੱਚ 26 ਰਾਮਸਰ ਸਾਈਟਾਂ ਤੋਂ ਅੱਜ 101 ਤੱਕ ਦਾ ਇਹ ਸ਼ਾਨਦਾਰ ਸਫ਼ਰ ਵਾਤਾਵਰਣ ਸੰਭਾਲ, ਜੈਵ ਵਿਭਿੰਨਤਾ ਸੰਭਾਲ ਅਤੇ ਟਿਕਾਊ ਵਿਕਾਸ ਪ੍ਰਤੀ ਸਾਡੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ।" ਕੇਂਦਰੀ ਮੰਤਰੀ ਨੇ ਅੱਗੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਰੇਕ ਨਵਾਂ ਰਾਮਸਰ ਸਾਈਟ ਕੁਦਰਤ ਦੀ ਰੱਖਿਆ ਕਰਨ ਅਤੇ ਇਨ੍ਹਾਂ ਮਹੱਤਵਪੂਰਨ ਈਕੋਸਿਸਟਮ 'ਤੇ ਨਿਰਭਰ ਭਾਈਚਾਰਿਆਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਭਾਰਤ ਦੇ ਸੰਕਲਪ ਨੂੰ ਹੋਰ ਮਜ਼ਬੂਤ ​​ਕਰਦਾ ਹੈ।

ਇਸ ਉਪਲਬਧੀ ਦਾ ਜਸ਼ਨ ਮਨਾਉਂਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ, "ਭਾਰਤ ਰਾਮਸਰ ਸਾਈਟਾਂ ਨੂੰ ਨਾਮਜ਼ਦ ਕਰਨ ਦੇ ਮਾਮਲਿਆਂ ਵਿੱਚ 100 ਦਾ ਆਂਕੜਾ ਪਾਰ ਕਰਕੇ ਆਪਣੀ ਯਾਤਰਾ ਜਾਰੀ ਰੱਖਦਾ ਹੈ।” ਗਲਾਅ ਝੀਲ ਦੇ ਜੁੜਣ ਨਾਲ ਭਾਰਤ ਵਿੱਚ ਰਾਮਸਰ ਸਾਈਟਾਂ ਦੀ ਗਿਣਤੀ 101 ਹੋ ਗਈ ਹੈ, ਜੋ ਕਿ ਦੇਸ਼ ਦੇ ਵਡਮੁੱਲੇ ਵੈਟਲੈਂਡ ਈਕੋਸਿਸਟਮ ਦੀ ਸੰਭਾਲ ਪ੍ਰਤੀ ਉਸ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਕਮਲਾਂਗ ਟਾਈਗਰ ਰਿਜ਼ਰਵ ਅਤੇ ਵਾਈਲਡਲਾਈਫ ਸੈਂਚੂਰੀ ਦੇ ਅੰਦਰ ਸਥਿਤ ਗਲਾਅ ਝੀਲ ਪੂਰਬੀ ਹਿਮਾਲਿਆ ਵਿੱਚ ਇੱਕ ਸ਼ੁੱਧ ਤਾਜ਼ੇ ਪਾਣੀ ਦੀ ਝੀਲ ਹੈ ਅਤੇ ਜੈਵ ਵਿਭਿੰਨਤਾ ਦਾ ਇੱਕ ਪ੍ਰਮੁੱਖ ਕੇਂਦਰ ਹੈ। ਇਹ ਝੀਲ ਸਦੀਵੀ ਪਹਾੜੀ ਨਦੀਆਂ ਨਾਲ ਪੋਸ਼ਿਤ ਹੁੰਦੀਆਂ ਹਨ ਅਤੇ ਚਾਰੋਂ ਪਾਸੇ ਸੰਘਣੀ ਬਨਸਪਤੀ ਨਾਲ ਘਿਰੀ ਹੋਈ ਹੈ, ਜੋ ਕਿ ਸਮ੍ਰਿੱਧ ਬਨਸਪਤੀ ਵਿਭਿੰਨਤਾ ਨੂੰ ਸਾਂਭਦੀ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਇਸ ਵੈਟਲੈਡ ਵਿੱਚ 150 ਤੋਂ ਵੱਧ ਰੁੱਖਾਂ ਦੀਆਂ ਕਿਸਮਾਂ ਅਤੇ 49 ਆਰਕਿਡ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ, ਜੋ ਗਲਾਅ ਝੀਲ ਅਤੇ ਇਸ ਦੇ ਆਲੇ ਦੁਆਲੇ ਦੇ ਲੈਂਡਸਕੇਪ ਦੇ ਵਾਤਾਵਰਣਿਕ ਮਹੱਤਵ ਨੂੰ ਉਜਾਗਰ ਕਰਦੀਆਂ ਹਨ।

*****

ਵੀਐੱਮ/ਬਲਜੀਤ ਸਿੰਘ


(Release ID: 2294346) ਵਿਜ਼ੀਟਰ ਕਾਊਂਟਰ : 52