ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਨੀਟ-ਪੀਜੀ 2026 ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ; ਪ੍ਰੀਖਿਆ ਨੂੰ ਸੁਚਾਰੂ, ਸੁਰੱਖਿਅਤ ਅਤੇ ਪਾਰਦਰਸ਼ੀ ਬਣਾਉਣ ਲਈ ਵਿਦਿਆਰਥੀ-ਕੇਂਦ੍ਰਿਤ ਸੁਧਾਰ ‘ਤੇ ਜ਼ੋਰ ਦਿੱਤਾ
ਕੇਂਦਰੀ ਸਿਹਤ ਮੰਤਰੀ ਨੇ ਨੀਟ-ਪੀਜੀ 2026 ਦੇ ਉਮੀਦਵਾਰਾਂ ਨੂੰ ਅਫਵਾਹਾਂ ‘ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ; ਨਾਲ ਹੀ ਪ੍ਰੀਖਿਆ ਪ੍ਰਕਿਰਿਆ ਦੀ ਮਜ਼ਬੂਤ ਸੁਰੱਖਿਆ ਵਿਵਸਥਾ ਦੀ ਮੁੜ ਪੁਸ਼ਟੀ ਕੀਤੀ
प्रविष्टि तिथि:
01 AUG 2026 7:19PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਪੋਸਟ ਗ੍ਰੈਜੂਏਟ (NEET-PG) 2026 ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਹ ਸਮੀਖਿਆ ਪ੍ਰੀਖਿਆ ਦਾ ਆਯੋਜਨ ਸੁਚਾਰੂ, ਸੁਰੱਖਿਅਤ, ਪਾਰਦਰਸ਼ੀ ਅਤੇ ਤਕਨੀਕੀ-ਅਧਾਰਿਤ ਯਕੀਨੀ ਬਣਾਉਣ ਲਈ ਕੀਤੀ ਗਈ ਜੋ ਕਿ 30 ਅਗਸਤ 2026 ਨੂੰ ਹੋਣ ਵਾਲੀ ਹੈ।
ਸਮੀਖਿਆ ਦੌਰਾਨ, ਕੇਂਦਰੀ ਸਿਹਤ ਮੰਤਰੀ ਨੇ ਨੈਸ਼ਨਲ ਬੋਰਡ ਆਫ ਮੈਡੀਕਲ ਐਗਜ਼ਾਮੀਨੇਸ਼ਨਸ (NBEMS), ਤਕਨੀਕੀ ਸਹਿਯੋਗੀ ਅਤੇ ਪ੍ਰੀਖਿਆ ਆਯੋਜਿਤ ਕਰਨ ਵਿੱਚ ਸ਼ਾਮਲ ਹੋਰ ਹਿਤਧਾਰਕਾਂ ਦੀਆਂ ਤਿਆਰੀਆਂ ਦਾ ਜਾਇਜਾ ਲਿਆ। ਉਨ੍ਹਾਂ ਨੂੰ ਪ੍ਰੀਖਿਆ ਨਾਲ ਜੁੜੀਆਂ ਵਿਵਸਥਾਵਾਂ, ਉਮੀਦਵਾਰਾਂ ਦੀਆਂ ਸੁਵਿਧਾਵਾਂ, ਸੁਰੱਖਿਆ ਇੰਤਜ਼ਾਮਾਂ ਅਤੇ ਨੀਟ-ਪੀਜੀ 2026 ਲਈ ਸ਼ੁਰੂ ਕੀਤੇ ਗਏ ਤਕਨੀਕੀ-ਅਧਾਰਿਤ ਉਪਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ।

ਮੰਤਰੀ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਇਮਾਨਦਾਰੀ ਅਤੇ ਸੁਰੱਖਿਆ ਦੇ ਉੱਚਤਰ ਮਿਆਰਾਂ ਨੂੰ ਬਣਾਈ ਰੱਖਦੇ ਹੋਏ ਇੱਕ ਨਿਰਪੱਖ, ਪਾਰਦਰਸ਼ੀ ਅਤੇ ਉਮੀਦਵਾਰਾਂ ਦੇ ਅਨੁਕੂਲ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਨੀਟ-ਪੀਜੀ 2026 ਪ੍ਰੀਖਿਆ ਲਈ ਕੁੱਲ 2,73,183 ਉਮੀਦਵਾਰਾਂ ਨੇ ਸਫਲਤਾਪੂਰਵਕ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਹੈ, ਜੋ ਕਿ ਪਿਛਲੇ ਵਰ੍ਹੇ ਦੇ ਮੁਕਾਬਲੇ ਵਿੱਚ 12.5% ਤੋਂ ਵੱਧ ਹੈ। ਇਹ ਪ੍ਰੀਖਿਆ ਪੂਰੇ ਦੇਸ਼ ਦੇ ਲਗਭਗ 340 ਸ਼ਹਿਰਾਂ ਅਤੇ 1300 ਤੋਂ ਵੱਧ ਪ੍ਰੀਖਿਆ ਕੇਂਦਰਾਂ ‘ਤੇ ਇੱਕ ਹੀ ਸ਼ਿਫਟ ਵਿੱਚ ਆਯੋਜਿਤ ਕੀਤੀ ਜਾਵੇਗੀ ਜਿਸ ਨਾਲ ਦੇਸ਼ ਦੇ ਉਮੀਦਵਾਰਾਂ ਲਈ ਪ੍ਰੀਖਿਆ ਦੇਣਾ ਬਹੁਤ ਅਸਾਨ ਹੋ ਜਾਵੇਗਾ।
ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਉਮੀਦਵਾਰਾਂ ਨੂੰ ਤਾਕੀਦ ਕੀਤੀ ਕਿ ਉਹ ਪ੍ਰੀਖਿਆ ਨਾਲ ਜੁੜੀਆਂ ਅਫਵਾਹਾਂ ਜਾਂ ਧੋਖਾਧੜੀ ਵਾਲੇ ਦਾਅਵਿਆਂ ਤੋਂ ਪ੍ਰਭਾਵਿਤ ਨਾ ਹੋਣ। ਉਨ੍ਹਾਂ ਨੇ ਦੱਸਿਆ ਕਿ ਆਖਰੀ ਪ੍ਰਸ਼ਨ ਪੱਤਰ ਪ੍ਰੀਖਿਆ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਵਧੇਰੇ ਸੁਰੱਖਿਅਤ, ਐਨਕ੍ਰਿਪਟਿਡ ਅਤੇ ਸਮਾਂਬੱਧ ਪ੍ਰਕਿਰਿਆ ਰਾਹੀਂ ਚੁਣਿਆ ਜਾਂਦਾ ਹੈ, ਜਿਸ ਵਿੱਚ ਕਈ ਪੱਧਰਾਂ ‘ਤੇ ਤਕਨੀਕੀ ਅਤੇ ਸੰਚਾਲਨ ਸੁਰੱਖਿਆ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਨਿਰਧਾਰਿਤ ਸਮੇਂ ਤੱਕ ਇਸ ਦੀ ਗੋਪਨੀਅਤਾ ਕਾਇਮ ਰਹੇ। ਸ਼੍ਰੀ ਨੱਡਾ ਨੇ ਕਿਹਾ ਇਸ ਲਈ ਕਿਸੇ ਵੀ ਵਿਅਕਤੀ ਦੁਆਰਾ ਇਹ ਦਾਅਵਾ ਕਰਨਾ ਕਿ ਪ੍ਰਸ਼ਨ-ਪੱਤਰ ਤੱਕ ਪਹਿਲਾਂ ਤੋਂ ਉਸ ਦੀ ਪਹੁੰਚ ਹੈ ਉਹ ਦਾਅਵਾ ਪੂਰੀ ਤਰ੍ਹਾਂ ਨਾਲ ਝੂਠ ਹੈ ਅਤੇ ਇਸ ਦਾ ਉਦੇਸ਼ ਉਮੀਦਵਾਰਾਂ ਨੂੰ ਗੁੰਮਰਾਹ ਕਰਨਾ ਹੈ। ਉਨ੍ਹਾਂ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਉਹ ਸਿਰਫ ਐੱਨਬੀਈਐੱਮਐੱਸ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਅਧਿਕਾਰਤ ਸੂਚਨਾਵਾਂ ‘ਤੇ ਹੀ ਭਰੋਸਾ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਗਲਤ ਢੰਗ ਦੀ ਜਾਣਕਾਰੀ ਹੋਣ ‘ਤੇ ਤੁਰੰਤ ਰਿਪੋਰਟ ਕਰਨ।

ਨੀਟ-ਪੀਜੀ 2026 ਵਿੱਚ ਵਿਦਿਆਰਥੀ-ਕੇਂਦ੍ਰਿਤ ਮੁੱਖ ਸੁਧਾਰ
ਪ੍ਰੀਖਿਆ ਕੇਂਦਰ ਚੁਣਨ ਦਾ ਵਧੇਰੇ ਵਿਕਲਪ : ਉਮੀਦਵਾਰਾਂ ਨੂੰ ਤਿੰਨ ਰਾਜਾਂ ਦੀਆਂ ਤਰਜੀਹਾਂ ਦੱਸਣੀਆਂ ਹੋਣਗੀਆਂ, ਜਿਨ੍ਹਾਂ ਵਿੱਚ ਪੱਤਰ-ਵਿਹਾਰ ਵਾਲੇ ਰਾਜ ਨੂੰ ਲਾਜਮੀ ਤੌਰ ‘ਤੇ ਪਹਿਲੀ ਤਰਜੀਹ ਮਿਲੇਗੀ ਤਾਂ ਜੋ ਉਨ੍ਹਾਂ ਨੂੰ ਆਪਣੇ ਨਿਵਾਸ ਸਥਾਨ ਦੇ ਨੇੜੇ ਪ੍ਰੀਖਿਆ ਕੇਂਦਰ ਮਿਲ ਸਕੇ।
ਉਮੀਦਵਾਰਾਂ ਦੀ ਸੁਵਿਧਾ ਵਿੱਚ ਵਾਧਾ : ਪ੍ਰੀਖਿਆ ਤੋਂ ਲਗਭਗ ਤਿੰਨ ਹਫਤੇ ਪਹਿਲਾਂ ਪ੍ਰੀਖਿਆ ਸ਼ਹਿਰ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਉਮੀਦਵਾਰ ਆਪਣੀ ਯਾਤਰਾ ਅਤੇ ਰਹਿਣ ਦੀ ਵਿਵਸਥਾ ਪਹਿਲਾਂ ਤੋਂ ਹੀ ਕਰ ਸਕਣਗੇ।
ਬਿਹਤਰ ਪ੍ਰੀਖਿਆ ਪੈਟਰਨ : ਪ੍ਰੀਖਿਆ ਨੂੰ ਇਸ ਢੰਗ ਨਾਲ ਯੋਜਨਾਬੱਧ ਕੀਤਾ ਗਿਆ ਹੈ ਕਿ ਇਸ ਵਿੱਚ 180 ਸੁਆਲ ਹੋਣਗੇ ਅਤੇ ਉਨ੍ਹਾਂ ਨੂੰ 210 ਮਿੰਟਾਂ ਵਿੱਚ ਹੱਲ ਕਰਨਾ ਹੋਵੇਗਾ। ਇਸ ਨਾਲ ਪ੍ਰੀਖਿਆ ਦੀ ਕੁੱਲ ਮਿਆਦ ਨੂੰ ਜਾਰੀ ਰੱਖਦੇ ਹੋਏ ਉਮੀਦਵਾਰਾਂ ਨੂੰ ਹਰ ਸੁਆਲ ਲਈ ਵਧੇਰੇ ਸਮਾਂ ਮਿਲੇਗਾ।
ਮਜ਼ਬੂਤ ਪ੍ਰਮਾਣੀਕਰਣ: ਅਪਲਾਈ ਕਰਨ ਦੌਰਾਨ ਪ੍ਰੀਖਿਆ ਦੇ ਦਿਨ, ਦੋਨੋਂ ਸਮੇਂ ਆਧਾਰ-ਅਧਾਰਿਤ ਪ੍ਰਮਾਣੀਕਰਣ ਨੂੰ ਸ਼ਾਮਲ ਕੀਤਾ ਗਿਆ ਹੈ। ਜਿੱਥੇ ਫਿੰਗਰ ਪ੍ਰਿੰਟ ਪ੍ਰਮਾਣੀਕਰਣ ਸਫਲ ਨਹੀਂ ਹੋਵੇਗਾ, ਉੱਥੇ ਆਇਰਿਸ –ਅਧਾਰਿਤ ਬਾਇਮੈਟ੍ਰਿਕ ਵੈਰੀਫਿਕੇਸ਼ਨ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਪ੍ਰੀਖਿਆ ਪ੍ਰਕਿਰਿਆ ਦੀ ਭਰੋਸੇਯੋਗਤਾ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ।
ਮਜ਼ਬੂਤ ਬਹੁ-ਪੱਧਰੀ ਸੁਰੱਖਿਆ ਢਾਂਚਾ
ਕੇਂਦਰੀ ਮੰਤਰੀ ਨੇ ਪ੍ਰੀਖਿਆ ਲਈ ਕੀਤੇ ਗਏ ਵਿਆਪਕ ਸੁਰੱਖਿਆ ਇੰਤਜ਼ਾਮਾਂ ਦੀ ਵੀ ਸਮੀਖਿਆ ਕੀਤੀ। ਇਨ੍ਹਾਂ ਵਿੱਚ ਪ੍ਰੀਖਿਆ ਕੇਂਦਰਾਂ ਦੀ ਪਹਿਲਾਂ ਤੋਂ ਸੀਲਿੰਗ ਅਤੇ ਜਾਂਚ, ਸੀਸੀਟੀਵੀ ਨਾਲ ਨਿਗਰਾਨੀ, ਬਾਇਓਮੈਟ੍ਰਿਕ ਪਛਾਣ, ਉਮੀਦਵਾਰਾਂ ਦੀ ਤਲਾਸ਼ੀ, ਸਿਗਨਲ ਜੈਮਰ ਲਗਾਉਣਾ, ਡਾਇਨਾਮਿਕ ਕੰਪਿਊਟਰ ਸਿਸਟਮ, ਕੇਂਦਰੀ ਅਤੇ ਖੇਤਰੀ ਕਮਾਨ ਕੇਂਦਰਾਂ ਤੋਂ ਲਾਈਵ ਮੌਨੀਟਰਿੰਗ ਅਤੇ ਨਿਰੀਖਕਾਂ ਅਤੇ ਮੁਲਾਂਕਣਕਰਤਾਵਾਂ ਦੁਆਰਾ ਰੀਅਲ-ਟਾਈਮ ਮੌਨੀਟਰਿੰਗ ਸ਼ਾਮਲ ਹੈ। ਪ੍ਰੀਖਿਆ ਨੂੰ ਸੁਚਾਰੂ ਤੌਰ ‘ਤੇ ਆਯੋਜਿਤ ਕਰਨ ਲਈ 60,000 ਤੋਂ ਵੱਧ ਪ੍ਰੀਖਿਆ ਕਰਮੀਆਂ ਨੂੰ ਤਾਇਨਾਤ ਕੀਤਾ ਜਾਵੇਗਾ।
ਪ੍ਰਸ਼ਨ ਪੱਤਰ ਦੀ ਤਿਆਰੀ ਅਤੇ ਵੰਡ ਦੀ ਪੂਰੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਬਣਾਇਆ ਗਿਆ ਹੈ, ਇਸ ਵਿੱਚ ਕਈ ਪੱਧਰਾਂ ਦੀ ਐਨਕ੍ਰਿਪਸ਼ਨ, ਸੁਰੱਖਿਅਤ ਔਫਲਾਈਨ ਤਿਆਰੀ, ਪ੍ਰੀਖਿਆ ਤੋਂ ਥੋੜ੍ਹੀ ਦੇਰ ਪਹਿਲਾਂ ਪ੍ਰਸ਼ਨ ਪੱਤਰ ਦੀ ਸਮੇਂ-ਸੀਮਾ ਅੰਦਰ ਅੰਤਿਮ ਰੂਪ ਦੇਣਾ ਅਤੇ ਪ੍ਰੀਖਿਆ ਦੇ ਨਿਰਧਾਰਿਤ ਸਮੇਂ ‘ਤੇ ਹੀ ਨਿਯੰਤਰਿਤ ਡਿਜੀਟਲ ਡੀਕ੍ਰਿਪਸ਼ਨ ਸ਼ਾਮਲ ਹੈ।

ਪਾਰਦਰਸ਼ਿਤਾ ਨੂੰ ਹੋਰ ਮਜ਼ਬੂਤ ਕਰਨ ਅਤੇ ਅਨੁਚਿਤ ਅਭਿਆਸਾਂ ਨੂੰ ਰੋਕਣ ਲਈ, NBEMS ਨੇ ਨਕਲ, ਧੋਖਾਧੜੀ ਅਤੇ ਹੋਰ ਅਨੁਚਿਤ ਅਭਿਆਸਾਂ ਦੀ ਸੂਚਨਾ ਦੇਣ ਲਈ ਇੱਕ ਸਮਰਪਿਤ ਈਮੇਲ ਜਾਰੀ ਕੀਤੀ ਹੈ, ਨਾਲ ਹੀ ਉਮੀਦਵਾਰਾਂ ਵਿੱਚ ਜਾਗਰੂਕਤਾ ਅਤੇ ਚੌਕਸੀ ਵਧਾਉਣ ਲਈ ਨਿਯਮਿਤ ਸਲਾਹ ਵੀ ਜਾਰੀ ਕੀਤੀ ਜਾ ਰਹੀ ਹੈ।
ਕੇਂਦਰੀ ਮੰਤਰੀ ਨੇ ਸਾਰੀਆਂ ਸਬੰਧਿਤ ਏਜੰਸੀਆਂ ਨੂੰ ਬਿਹਤਰ ਤਾਲਮੇਲ ਸਥਾਪਿਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਕਿ ਹਰੇਕ ਉਮੀਦਵਾਰ ਨੂੰ ਪ੍ਰੀਖਿਆ ਦੀ ਪ੍ਰਕਿਰਿਆ ਸੁਚਾਰੂ, ਸੁਰੱਖਿਅਤ ਅਤੇ ਬਿਨਾ ਕਿਸੇ ਪਰੇਸ਼ਾਨੀ ਦੇ ਪੂਰੀ ਕਰਨ ਦਾ ਅਨੁਭਵ ਪ੍ਰਾਪਤ ਹੋਵੇ। ਉਨ੍ਹਾਂ ਨੇ ਪਾਰਦਰਸ਼ਿਤਾ, ਨਿਰਪੱਖਤਾ ਅਤੇ ਤਕਨੀਕੀ ਮਜ਼ਬੂਤੀ ਦੇ ਉੱਚਤਮ ਮਿਆਰਾਂ ਨਾਲ ਮੈਡੀਕਲ ਦਾਖਲਾ ਪ੍ਰੀਖਿਆਵਾਂ ਆਯੋਜਿਤ ਕਰਵਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।

ਬੈਠਕ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ, ਡਾ. ਲਵਨੀਸ਼ ਜੀ. ਕ੍ਰਿਸ਼ਨਾ, ਡੀਜੀਐੱਚਐੱਸ, ਐੱਨਬੀਈਐੱਮਐੱਸ ਦੇ ਪ੍ਰੈਜ਼ੀਡੈਂਟ ਡਾ. ਅਭਿਜਾਤ ਸੇਠ; ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਵਧੀਕ ਸਕੱਤਰ ਡਾ. ਵਿਨੋਦ ਕੋਟਵਾਲ; ਕੇਂਦਰੀ ਸਿਹਤ ਮੰਤਰਾਲੇ ਦੇ ਡਾਇਰੈਕਟਰ ਸ਼੍ਰੀ ਕੁਮਾਰ ਰਾਹੁਲ; ਐੱਨਐੱਮਸੀ ਦੇ ਸਕੱਤਰ ਡਾ. ਰਾਘਵ ਲੈਂਗਰ ਅਤੇ ਐੱਨਬੀਈਐੱਮਐੱਸ ਦੇ ਆਨਰੇਰੀ ਐਗਜ਼ੀਕਿਊਟਿਵ ਡਾਇਰੈਕਟਰ, ਡਾ. ਮੀਨੂ ਬਾਜਪਾਈ ਵੀ ਮੌਜੂਦ ਸਨ।
*****
ਐੱਸਆਰ/ਏਕੇ
HFW/HFM Reviews preparedness for NEET-PG/1 August 2026/1
(रिलीज़ आईडी: 2293205)
आगंतुक पटल : 16