ਰੇਲ ਮੰਤਰਾਲਾ
3,000 ਲੀਟਰ ਡੀਜ਼ਲ ਦੇ ਧੂੰਏਂ ਦੀ ਥਾਂ ਸਿਰਫ਼ ਪਾਣੀ ਦੀ ਭਾਫ਼ ਦਾ ਨਿਕਾਸ: ਭਾਰਤ ਦੀ ਹਾਈਡ੍ਰੋਜਨ ਟ੍ਰੇਨ ਦੀ ਕਹਾਣੀ
प्रविष्टि तिथि:
25 JUL 2026 2:19PM by PIB Chandigarh
ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ 17 ਜੁਲਾਈ, 2026 ਨੂੰ ਦਿੱਲੀ ਖੇਤਰ ਵਿੱਚ ਜੀਂਦ–ਸੋਨੀਪਤ ਰੇਲ ਖੰਡ ’ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਹੁਣ ਤੱਕ ਇਹ ਟ੍ਰੇਨ 1,200 ਕਿਲੋਮੀਟਰ ਤੋਂ ਵੱਧ ਦੀ ਸਫ਼ਲ ਯਾਤਰਾ ਪੂਰੀ ਕਰ ਚੁੱਕੀ ਹੈ, ਜਿਸ ਨਾਲ 3,200 ਲੀਟਰ ਤੋਂ ਵੱਧ ਡੀਜ਼ਲ ਦੀ ਬੱਚਤ ਹੋਈ ਹੈ।

ਇਹ ਹਾਈਡ੍ਰੋਜਨ ਟ੍ਰੇਨ ਹਾਈਡ੍ਰੋਜਨ ਅਤੇ ਆਕਸੀਜਨ ਵਿਚਕਾਰ ਹੋਣ ਵਾਲੀ ਰਸਾਇਣਕ ਪ੍ਰਤੀਕਿਰਿਆ ਨਾਲ ਟ੍ਰੇਨ ਦੇ ਅੰਦਰ ਹੀ ਬਿਜਲੀ ਪੈਦਾ ਕਰਦੀ ਹੈ। ਇਸ ਪ੍ਰਕਿਰਿਆ ਨਾਲ ਟ੍ਰੇਨ ਨੂੰ ਚਲਾਉਣ ਲਈ ਲੋੜੀਂਦੀ ਬਿਜਲੀ ਊਰਜਾ ਪ੍ਰਾਪਤ ਹੁੰਦੀ ਹੈ ਅਤੇ ਉਪ-ਉਤਪਾਦ ਦੇ ਰੂਪ ਵਿੱਚ ਸਿਰਫ਼ ਪਾਣੀ ਦੀ ਭਾਫ਼ (Water Vapour) ਨਿਕਲਦੀ ਹੈ। ਇਸ ਵਿੱਚ ਨਾ ਧੂੰਆਂ ਨਿਕਲਦਾ ਹੈ ਅਤੇ ਨਾ ਹੀ ਟੇਲਪਾਈਪ ਤੋਂ ਕਾਰਬਨ ਦਾ ਨਿਕਾਸ ਹੁੰਦਾ ਹੈ, ਜਿਸ ਨਾਲ ਇਹ ਮੌਜੂਦਾ ਸਮੇਂ ਉਪਲਬਧ ਰੇਲ ਪ੍ਰਣੋਦਨ (Rail Propulsion) ਦੀ ਸਭ ਤੋਂ ਸਾਫ਼ ਤਕਨਾਲੋਜੀ ਬਣ ਜਾਂਦੀ ਹੈ।
ਇਹ ਪ੍ਰੋਜੈਕਟ ਭਾਰਤੀ ਰੇਲ ਦੀ ਅਗਵਾਈ ਹੇਠ ਵਿਕਸਿਤ ਇੱਕ ਪੂਰੀ ਤਰ੍ਹਾਂ ਸਵਦੇਸ਼ੀ ਪਹਿਲ ਹੈ। 10 ਕੋਚਾਂ ਵਾਲੀ ਇਸ ਟ੍ਰੇਨ ਵਿੱਚ ਦੋ ਹਾਈਡ੍ਰੋਜਨ ਡ੍ਰਾਈਵਿੰਗ ਪਾਵਰ ਕਾਰਾਂ ਹਨ, ਜੋ ਸੰਯੁਕਤ ਰੂਪ ਵਿੱਚ 2,400 ਕਿਲੋਵਾਟ ਸ਼ਕਤੀ ਪ੍ਰਦਾਨ ਕਰਦੀਆਂ ਹਨ। ਇਸ ਦੇ ਨਾਲ ਲਿਥੀਅਮ ਆਇਰਨ ਫਾਸਫੇਟ ਬੈਟਰੀਆਂ ਅਤੇ ਹਾਈਡ੍ਰੋਜਨ ਸਿਲੰਡਰ ਵੀ ਲਗਾਏ ਗਏ ਹਨ।

ਇਸ ਪ੍ਰੋਜੈਕਟ ਦੇ ਤਹਿਤ ਜੀਂਦ ਵਿੱਚ ਭਾਰਤੀ ਰੇਲ ਦੀ ਪਹਿਲੀ ਸਮਰਪਿਤ ਹਾਈਡ੍ਰੋਜਨ ਭੰਡਾਰਨ ਸੁਵਿਧਾ ਸਥਾਪਿਤ ਕੀਤੀ ਗਈ ਹੈ। ਇੱਥੇ 500 ਬਾਰ (Bar) ਤੱਕ ਦੇ ਦਬਾਅ (Pressure) ’ਤੇ ਗ੍ਰੀਨ ਹਾਈਡ੍ਰੋਜਨ ਦਾ ਭੰਡਾਰਨ ਅਤੇ 350 ਬਾਰ (Bar) ਦੇ ਦਬਾਅ ’ਤੇ ਈਂਧਣ ਭਰਨ ਦੀ ਵਿਵਸਥਾ ਹੈ। ਇਸ ਸੁਵਿਧਾ ਦੀ ਕੁੱਲ ਭੰਡਾਰਨ ਸਮਰੱਥਾ ਲਗਭਗ 3,000 ਕਿੱਲੋਗ੍ਰਾਮ ਹੈ।
ਟ੍ਰੇਨ ਵਿੱਚ ਸੁਰੱਖਿਆ ਲਈ ਕਈ ਸੁਤੰਤਰ ਪ੍ਰਣਾਲੀਆਂ ਸਥਾਪਿਤ ਕੀਤੀਆਂ ਗਈਆਂ ਹਨ, ਜੋ ਹਾਈਡ੍ਰੋਜਨ ਲੀਕੇਜ, ਵੱਧ ਤਾਪਮਾਨ, ਅੱਗ ਅਤੇ ਧੂੰਏਂ ਦਾ ਆਪਣੇ ਆਪ ਪਤਾ ਲਗਾਉਂਦੀਆਂ ਹਨ। ਇਹਨਾਂ ਦੇ ਨਾਲ ਆਟੋਮੈਟਿਕ ਸ਼ੱਟ-ਆਫ ਸਿਸਟਮ, ਨਿਰੰਤਰ ਵੈਂਟੀਲੇਸ਼ਨ, ਅੰਤਰਰਾਸ਼ਟਰੀ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਅਤੇ ਸਾਰੇ ਲਾਜ਼ਮੀ ਪਰੀਖਣ ਤੇ ਪੁਸ਼ਟੀ ਵੀ ਯਕੀਨੀ ਬਣਾਏ ਗਏ ਹਨ। ਜੀਂਦ–ਸੋਨੀਪਤ ਰੇਲ ਖੰਡ ’ਤੇ ਸਫ਼ਲ ਸੰਚਾਲਨ ਤੋਂ ਬਾਅਦ ਜਲਦੀ ਹੀ ਇਸ ਦਾ ਸੰਚਾਲਨ ਦਿੱਲੀ ਮਾਰਗ ’ਤੇ ਵੀ ਸ਼ੁਰੂ ਕੀਤਾ ਜਾਵੇਗਾ।

ਭਾਰਤ ਦੀ ਹਾਈਡ੍ਰੋਜਨ ਫਿਊਲ ਸੈੱਲ ਟ੍ਰੇਨ ਸਿਰਫ਼ ਇੱਕ ਤਕਨੀਕੀ ਪ੍ਰਾਪਤੀ ਨਹੀਂ, ਸਗੋਂ ਸਵਦੇਸ਼ੀ ਹਾਈਡ੍ਰੋਜਨ ਰੇਲ ਈਕੋਸਿਸਟਮ ਦੀ ਸਥਾਪਨਾ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਪ੍ਰੋਜੈਕਟ ਟਿਕਾਊ, ਜ਼ੀਰੋ-ਨਿਕਾਸ (Zero Emission) ਰੇਲ ਆਵਾਜਾਈ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਭਵਿੱਖ ਵਿੱਚ ਇਸ ਦੇ ਵਿਆਪਕ ਵਿਸਤਾਰ ਅਤੇ ਸਵੱਛ ਆਵਾਜਾਈ ਦੇ ਖੇਤਰ ਵਿੱਚ ਗਲੋਬਲ ਲੀਡਰਸ਼ਿਪ ਦੀ ਮਜ਼ਬੂਤ ਨੀਂਹ ਰੱਖਦਾ ਹੈ।
*** *** ***
ਧਰਮੇਂਦਰ ਤਿਵਾਰੀ/ਡਾ. ਨਯਨ ਸੋਲੰਕੀ/ਰਿਤੂ ਰਾਜ/ਮਨਿਕ ਸ਼ਰਮਾ
(रिलीज़ आईडी: 2290257)
आगंतुक पटल : 8