ਰੱਖਿਆ ਮੰਤਰਾਲਾ
ਡੀਆਰਡੀਓ ਨੇ ਲੰਬੀ ਦੂਰੀ ਦੀ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ 'ਕੁਸ਼ਾ' ਦਾ ਪਹਿਲਾ ਸਫਲ ਉਡਾਣ ਪ੍ਰੀਖਣ ਕੀਤਾ
प्रविष्टि तिथि:
23 JUL 2026 7:37PM by PIB Chandigarh
ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ 23 ਜੁਲਾਈ, 2026 ਨੂੰ ਓਡੀਸ਼ਾ ਤੱਟ ਤੋਂ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਲੰਬੀ ਦੂਰੀ ਦੀ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ 'ਕੁਸ਼ਾ' ਦਾ ਪਹਿਲਾ ਸਫਲ ਉਡਾਣ ਪ੍ਰੀਖਣ ਕੀਤਾ। ਪਹਿਲਾ ਪ੍ਰੀਖਣ ਇੱਕ ਇਲੈਕਟ੍ਰਾਨਿਕ ਟੀਚੇ ਦੇ ਵਿਰੁੱਧ ਕੀਤਾ ਗਿਆ ਸੀ ਜੋ ਇੱਕ ਤੇਜ਼-ਗਤੀ ਅਤੇ ਉੱਚ-ਉਚਾਈ ਵਾਲੇ ਹਵਾਈ ਖ਼ਤਰੇ ਦੀ ਨਕਲ ਕਰਦਾ ਸੀ। ਮਿਜ਼ਾਈਲ ਪ੍ਰਣਾਲੀ ਦੁਆਰਾ ਟੀਚੇ ਨੂੰ ਸਫਲਤਾਪੂਰਵਕ ਇੰਟਰਸੇਪਟ (ਨਸ਼ਟ) ਕੀਤਾ ਗਿਆ।

'ਕੁਸ਼ਾ' ਮਿਜ਼ਾਈਲ ਪ੍ਰਣਾਲੀ ਲੜਾਕੂ ਜਹਾਜ਼, ਮਿਜ਼ਾਈਲਾਂ, ਮਨੁੱਖ ਰਹਿਤ ਹਵਾਈ ਵਾਹਨ (ਯੂਏਵੀ) ਅਤੇ ਵੱਡੇ ਦੁਸ਼ਮਣ ਜਹਾਜ਼ ਸਮੇਤ ਕਈ ਤਰ੍ਹਾਂ ਦੇ ਹਵਾਈ ਖਤਰਿਆਂ ਨੂੰ ਵਿਸ਼ਾਲ ਰੇਂਜ ਅਤੇ ਉਚਾਈ ਦੇ ਦਾਇਰੇ ਵਿੱਚ ਬੇਅਸਰ ਕਰਨ ਵਿੱਚ ਸਮਰੱਥ ਹੈ । ਇਸ ਹਥਿਆਰ ਪ੍ਰਣਾਲੀ ਦੇ ਸਾਰੇ ਪ੍ਰਮੁੱਖ ਹਿੱਸੇ, ਜਿਨ੍ਹਾਂ ਵਿੱਚ ਮਿਜ਼ਾਈਲਾਂ, ਰਾਡਾਰ ਅਤੇ ਕਮਾਂਡ ਅਤੇ ਕੰਟਰੋਲ ਕੇਂਦਰ ਸ਼ਾਮਲ ਹਨ, ਦਾ ਵਿਕਾਸ ਵੱਖ-ਵੱਖ ਡੀਆਰਡੀਓ ਪ੍ਰਯੋਗਸ਼ਾਲਾਵਾਂ ਅਤੇ ਉਦਯੋਗ ਭਾਈਵਾਲਾਂ ਦੁਆਰਾ ਕੀਤਾ ਗਿਆ ਹੈ।
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ 'ਕੁਸ਼ਾ' ਦਾ ਸਫਲ ਪ੍ਰੀਖਣ-ਉਡਾਣ ਭਾਰਤੀ ਰੱਖਿਆ ਖੋਜ ਅਤੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਜੋ ਕਿ ਲੰਬੀ ਦੂਰੀ ਦੀਆਂ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲ ਪ੍ਰਣਾਲੀਆਂ ਨੂੰ ਵਿਕਸਿਤ ਕਰਨ ਦੀ ਸਮਰੱਥਾ ਨੂੰ ਦਰਸਾਉਂਦਾ ਹੈ, ਜੋ ਕਿ ਸਿਰਫ ਕੁਝ ਦੇਸ਼ਾਂ ਕੋਲ ਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅਜਿਹੀਆਂ ਪ੍ਰਣਾਲੀਆਂ ਲਈ ਆਯਾਤ 'ਤੇ ਨਿਰਭਰਤਾ ਵੀ ਖਤਮ ਹੋਵੇਗੀ ਅਤੇ ਦੇਸ਼ ਦੀ ਹਵਾਈ ਰੱਖਿਆ ਸਮਰੱਥਾ ਵਿੱਚ ਮਹੱਤਵਪੂਰਨ ਤਬਦੀਲੀ ਆਵੇਗੀ।
ਸ਼੍ਰੀ ਰਾਜੇਸ਼ ਕੁਮਾਰ ਸਿੰਘ, ਰੱਖਿਆ ਸਕੱਤਰ ਅਤੇ ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਚੇਅਰਮੈਨ, ਡੀਆਰਡੀਓ ਨੇ ਲਾਂਚ ਦੌਰਾਨ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਕੀਤੀ ਅਤੇ ਸਫਲ ਉਡਾਣ ਪ੍ਰੀਖਣ ਵਿੱਚ ਸ਼ਾਮਲ ਸਾਰੇ ਟੀਮ ਮੈਂਬਰਾਂ ਨੂੰ ਵਧਾਈ ਦਿੱਤੀ।
**********
ਵੀਕੇ/ਸੈਵੀ/ਬਲਜੀਤ
(रिलीज़ आईडी: 2289864)
आगंतुक पटल : 26