ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਰੋਮਾਨੀਆ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ
ਭਾਰਤ-ਰੋਮਾਨੀਆ ਸਬੰਧਾਂ ਦਾ ਸਭ ਤੋਂ ਮਜ਼ਬੂਤ ਅਧਾਰ ਸਾਡੇ ਲੋਕਾਂ ਵਿਚਕਾਰ ਡੂੰਘਾ ਰਿਸ਼ਤਾ ਹੈ: ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ
ਰਾਸ਼ਟਰਪਤੀ ਨੇ ਰੋਮਾਨੀਆ ਵਿੱਚ ਭਾਰਤੀ ਭਾਈਚਾਰੇ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਸਰਗਰਮ ਭਾਗੀਦਾਰ ਬਣੇ ਰਹਿਣ ਦੀ ਅਪੀਲ ਕੀਤੀ
प्रविष्टि तिथि:
25 JUL 2026 7:07PM by PIB Chandigarh
ਰੋਮਾਨੀਆ ਦੀ ਆਪਣੀ ਸਰਕਾਰੀ ਯਾਤਰਾ ਦੇ ਆਖ਼ਰੀ ਦਿਨ (25 ਜੁਲਾਈ, 2026) ਨੂੰ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਰੋਮਾਨੀਆ ਵਿੱਚ ਭਾਰਤ ਦੇ ਰਾਜਦੂਤ ਵੱਲੋਂ ਬੁਚਾਰੈਸਟ ਵਿੱਚ ਆਯੋਜਿਤ ਸਵਾਗਤੀ ਸਮਾਰੋਹ ਵਿੱਚ ਭਾਰਤੀ ਭਾਈਚਾਰੇ ਅਤੇ 'ਫ੍ਰੈਂਡਜ਼ ਆਫ਼ ਇੰਡੀਆ' ਦੇ ਮੈਂਬਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੀਮਤੀ ਨਿਮੂਬੇਨ ਜਯੰਤੀਭਾਈ ਬਾਂਭਣੀਆ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ, ਡਾ. ਦਿਨੇਸ਼ ਸ਼ਰਮਾ, ਰਾਜ ਸਭਾ ਮੈਂਬਰ ਅਤੇ ਸ਼੍ਰੀ ਵਿਜੈ ਬਘੇਲ, ਲੋਕ ਸਭਾ ਮੈਂਬਰ ਵੀ ਹਾਜ਼ਰ ਸਨ।
ਰੋਮਾਨੀਆ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੇ ਉਤਸ਼ਾਹੀ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਵੇਂ ਉਹ ਭਾਰਤ ਤੋਂ ਕਾਫ਼ੀ ਦੂਰ ਰਹਿੰਦੇ ਹਨ, ਪਰ ਉਹ ਆਪਣੀ ਮਾਤ-ਭੂਮੀ ਨਾਲ ਡੂੰਘੇ ਜੁੜੇ ਹੋਏ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਭਾਰਤ ਪ੍ਰਤੀ ਉਨ੍ਹਾਂ ਦੇ ਪਿਆਰ ਨਾਲ ਹਰੇਕ ਭਾਰਤੀ ਨੂੰ ਮਾਣ ਮਹਿਸੂਸ ਹੁੰਦਾ ਹੈ। ਉਨ੍ਹਾਂ ਨੂੰ ਇਹ ਦੇਖ ਕੇ ਖ਼ੁਸ਼ੀ ਹੋਈ ਕਿ ਭਾਰਤੀ ਕੰਪਨੀਆਂ ਅਤੇ ਭਾਰਤੀ ਪੇਸ਼ਾਵਰ ਰੋਮਾਨੀਆ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ ਅਤੇ ਨਾਲ ਹੀ ਸਾਡੇ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਦੇ ਨਵੇਂ ਮੌਕੇ ਵੀ ਪੈਦਾ ਕਰ ਰਹੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਰੋਮਾਨੀਆ ਸਬੰਧਾਂ ਦਾ ਸਭ ਤੋਂ ਮਜ਼ਬੂਤ ਅਧਾਰ ਸਾਡੇ ਲੋਕਾਂ ਵਿਚਕਾਰ ਡੂੰਘਾ ਰਿਸ਼ਤਾ ਹੈ। ਉਨ੍ਹਾਂ ਨੂੰ ਇਹ ਦੇਖ ਕੇ ਖ਼ੁਸ਼ੀ ਹੋਈ ਕਿ ਰੋਮਾਨੀਆ ਵਿੱਚ ਭਾਰਤੀ ਭਾਈਚਾਰਾ ਇੱਕਜੁੱਟ ਹੈ ਅਤੇ ਭਾਰਤ ਦੀ ਖੁਸ਼ਹਾਲ ਸੱਭਿਆਚਾਰਕ ਵਿਰਾਸਤ ਨੂੰ ਜਿਊਂਦਾ ਰੱਖੇ ਹੋਏ ਹੈ। ਨਾਲ ਹੀ, ਭਾਰਤੀ ਆਈਟੀ ਇੰਜੀਨੀਅਰਾਂ, ਵਿਦਵਾਨਾਂ, ਖੋਜਾਰਥੀਆਂ, ਸਿਹਤ ਸੰਭਾਲ ਕਰਮਚਾਰੀਆਂ ਅਤੇ ਵਿਦਿਆਰਥੀਆਂ ਦੀ ਇੱਕ ਨਵੀਂ ਪੀੜ੍ਹੀ ਹੁਣ ਰੋਮਾਨੀਆ ਨੂੰ ਆਪਣਾ ਨਿਵਾਸ-ਸਥਾਨ ਬਣਾ ਰਹੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਰੋਮਾਨੀਆ ਦੀ ਅਰਥ-ਵਿਵਸਥਾ ਅਤੇ ਸਮਾਜ ਵਿੱਚ ਭਾਰਤੀ ਭਾਈਚਾਰੇ ਦਾ ਯੋਗਦਾਨ, ਅਤੇ ਉੱਥੇ ਭਾਰਤੀ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਦੇ ਉਨ੍ਹਾਂ ਦੇ ਯਤਨ, ਉਨ੍ਹਾਂ ਨੂੰ ਭਾਰਤ ਦਾ ਸੱਚਾ ਪ੍ਰਤੀਨਿਧ ਬਣਾਉਂਦੇ ਹਨ। ਆਪਣੀ ਸਖ਼ਤ ਮਿਹਨਤ, ਪ੍ਰਤਿਭਾ ਅਤੇ ਸਮਰਪਣ ਨਾਲ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਜ਼ਿਕਰਯੋਗ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਭਾਰਤੀ ਭਾਈਚਾਰੇ ਦਾ ਸਵਾਗਤ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰੋਮਾਨੀਆ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਦੀ ਸ਼ਲਾਘਾ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ 'ਵਿਕਸਿਤ ਭਾਰਤ 2047' ਦਾ ਸਾਡਾ ਸੰਕਲਪ ਇੱਕ ਖੁਸ਼ਹਾਲ, ਆਧੁਨਿਕ, ਆਤਮ-ਨਿਰਭਰ ਅਤੇ ਸਮਾਵੇਸ਼ੀ ਭਾਰਤ ਬਣਾਉਣਾ ਹੈ। ਉਨ੍ਹਾਂ ਨੇ ਰੋਮਾਨੀਆ ਵਿੱਚ ਭਾਰਤੀ ਭਾਈਚਾਰੇ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਸਰਗਰਮ ਭਾਈਵਾਲ ਬਣੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦਾ ਤਜਰਬਾ, ਮਾਹਰਤਾ ਅਤੇ ਪ੍ਰਾਪਤੀਆਂ ਸਾਡੇ ਦੇਸ਼ ਦੀ ਪ੍ਰਗਤੀ ਵਿੱਚ ਯੋਗਦਾਨ ਪਾਉਣਗੀਆਂ।
ਰਾਸ਼ਟਰਪਤੀ ਨੇ ਸਵਾਗਤੀ ਸਮਾਰੋਹ ਵਿੱਚ ਮੌਜੂਦ ਰੋਮਾਨੀਆਈ 'ਫ੍ਰੈਂਡਜ਼ ਆਫ਼ ਇੰਡੀਆ' ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਕਲਾ ਅਤੇ ਸੱਭਿਆਚਾਰ ਪ੍ਰਤੀ ਉਨ੍ਹਾਂ ਦਾ ਪਿਆਰ ਅਤੇ ਭਾਰਤ ਨਾਲ ਉਨ੍ਹਾਂ ਦਾ ਅਧਿਆਤਮਿਕ ਜੁੜਾਅ, ਸਾਡੇ ਲੋਕਾਂ ਨੂੰ ਇੱਕ ਨਾਲ ਲਿਆਉਣ ਵਾਲਾ ਇੱਕ ਮਹੱਤਵਪੂਰਨ ਪੁਲ ਹੈ। ਉਨ੍ਹਾਂ ਨੇ ਭਾਰਤ ਅਤੇ ਰੋਮਾਨੀਆ ਵਿਚਕਾਰ ਦੋਸਤੀ ਅਤੇ ਸਹਿਯੋਗ ਦੇ ਬੰਧਨਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਨਿਰੰਤਰ ਸਮਰਥਨ ਦੀ ਸ਼ਲਾਘਾ ਕੀਤੀ।
ਤਿੰਨ ਦੇਸ਼ਾਂ ਦੀ ਸਫ਼ਲ ਸਰਕਾਰੀ ਯਾਤਰਾ ਤੋਂ ਬਾਅਦ, ਰਾਸ਼ਟਰਪਤੀ ਨਵੀਂ ਦਿੱਲੀ ਲਈ ਰਵਾਨਾ ਹੋ ਗਏ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।


************
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(रिलीज़ आईडी: 2289738)
आगंतुक पटल : 7