ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮਨ ਕੀ ਬਾਤ ਦੇ 136ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ (26 ਜੁਲਾਈ, 2026)

प्रविष्टि तिथि: 26 JUL 2026 12:08PM by PIB Chandigarh

ਮੇਰੇ ਪਿਆਰੇ ਦੇਸ਼-ਵਾਸੀਓ, ਨਮਸਕਾਰ।

ਸਾਡੇ ਜੀਵਨ ਵਿੱਚ ਕੁਝ ਤਾਰੀਖ਼ਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਯਾਦ ਰੱਖਣ ਲਈ ਕੈਲੰਡਰ ਦੇਖਣ ਦੀ ਲੋੜ ਨਹੀਂ ਪੈਂਦੀ। ਅੱਜ, 26 ਜੁਲਾਈ ਅਜਿਹੀ ਹੀ ਇੱਕ ਤਾਰੀਖ਼ ਹੈ। ਅੱਜ ‘ਕਾਰਗਿਲ ਵਿਜੇ ਦਿਵਸ’ ਹੈ। ਇਹ ਦਿਨ ਸਾਨੂੰ ਮਾਣ ਨਾਲ ਭਰ ਦਿੰਦਾ ਹੈ। ਇਹ ਦਿਨ ਸਾਨੂੰ ਆਪਣੇ ਵੀਰ ਜਵਾਨਾਂ ਦੀ ਬੇਮਿਸਾਲ ਹਿੰਮਤ ਦੀ ਯਾਦ ਦਿਵਾਉਂਦਾ ਹੈ। ਕਾਰਗਿਲ ਦੀਆਂ ਉੱਚੀਆਂ-ਉੱਚੀਆਂ ਚੋਟੀਆਂ, ਮੁਸ਼ਕਲ ਮੌਸਮ, ਦੁਸ਼ਮਣ ਦੀ ਚੁਣੌਤੀ, ਹਰ ਹਾਲਾਤ ਸਾਡੇ ਜਵਾਨਾਂ ਦੇ ਸਾਹਮਣੇ ਸੀ, ਪਰ ਉਨ੍ਹਾਂ ਦਾ ਹੌਸਲਾ ਹਰ ਚੁਣੌਤੀ ਤੋਂ ਵੱਡਾ ਸੀ। ਉਨ੍ਹਾਂ ਨੇ ਮਾਂ ਭਾਰਤੀ ਦੀ ਰਾਖੀ ਲਈ ਆਪਣਾ ਆਪਾ ਵਾਰ ਦਿੱਤਾ। ਅੱਜ ‘ਕਾਰਗਿਲ ਵਿਜੇ ਦਿਵਸ’ ਮੌਕੇ ਮੈਂ ਸਾਰੇ ਵੀਰ ਸ਼ਹੀਦਾਂ ਅਤੇ ਬਹਾਦਰ ਜਵਾਨਾਂ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ।

ਸਾਥੀਓ,

ਅੱਜ ਦਾ ਭਾਰਤ ਆਪਣੇ ਬਹਾਦਰਾਂ ਨੂੰ ਸਿਰਫ਼ ਯਾਦ ਹੀ ਨਹੀਂ ਕਰਦਾ, ਸਗੋਂ ਨਵੀਂ ਪੀੜ੍ਹੀ ਤੱਕ ਉਨ੍ਹਾਂ ਦੀ ਗਾਥਾ ਵੀ ਪਹੁੰਚਾਉਂਦਾ ਹੈ। ਇਸੇ ਭਾਵਨਾ ਨਾਲ ਇਸ ਸਾਲ ਇੱਕ ਵਿਸ਼ੇਸ਼ ‘ਸ਼ੌਰਯ ਵਿਜੇ ਯਾਤਰਾ’ ਕੱਢੀ ਗਈ ਹੈ। 14 ਜੁਲਾਈ ਨੂੰ ਦਿੱਲੀ ਦੇ ‘ਕੌਮੀ ਜੰਗੀ ਯਾਦਗਾਰ’ ਤੋਂ ਸ਼ੁਰੂ ਹੋਈ ਇਹ ਮੋਟਰਸਾਈਕਲ ਯਾਤਰਾ, ਦ੍ਰਾਸ ਦੇ ਕਾਰਗਿਲ ਵਾਰ ਮੈਮੋਰੀਅਲ ਤੱਕ ਪਹੁੰਚੇਗੀ। ਇਸ ਦਾ ਸੁਨੇਹਾ ਹੈ – “ਵੰਨ ਰਾਈਡ, ਵੰਨ ਮਿਸ਼ਨ, ਵੰਨ ਸੈਲਿਊਟ”। ਇਹ ਯਾਤਰਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਰਾਸ਼ਟਰ ਲਈ ਦਿੱਤਾ ਗਿਆ ਬਲੀਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਸਾਥੀਓ,

ਅੱਜ ਭਾਰਤ ਆਪਣੇ ਜਵਾਨਾਂ ਦੀ ਹਿੰਮਤ ਦੇ ਨਾਲ-ਨਾਲ ਆਪਣੀ ਤਕਨੀਕੀ ਸਮਰੱਥਾ ਨੂੰ ਵੀ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਭਾਰਤੀ ਨੌ-ਸੈਨਾ ਵਿੱਚ ਆਈਐੱਨਐੱਸ ਮਹੇਂਦਰਗਿਰੀ ਨੂੰ ਸ਼ਾਮਲ ਕੀਤਾ ਗਿਆ। ਇਹ ਆਧੁਨਿਕ ਜੰਗੀ ਜਹਾਜ਼ ਭਾਰਤ ਵਿੱਚ ਹੀ ਡਿਜ਼ਾਈਨ ਕੀਤਾ ਗਿਆ ਹੈ, ਭਾਰਤ ਵਿੱਚ ਹੀ ਬਣਿਆ ਹੈ। ਇਸ ਵਿੱਚ 75 ਪ੍ਰਤੀਸ਼ਤ ਤੋਂ ਵੱਧ ਸਵਦੇਸ਼ੀ ਸਮਗਰੀ ਦੀ ਵਰਤੋਂ ਹੋਈ ਹੈ। ਇਹ ਆਤਮ-ਨਿਰਭਰ ਭਾਰਤ ਦੀ ਵਧਦੀ ਤਾਕਤ ਦਾ ਪ੍ਰਤੀਕ ਹੈ। ਇਸੇ ਮਹੀਨੇ ਡੀਆਰਡੀਓ ਨੇ ਲੰਬੀ ਦੂਰੀ ਵਾਲਾ ਗਾਈਡੇਡ ਰਾਕੇਟ 'ਪਿਨਾਕਾ' ਦਾ ਵੀ ਸਫਲ ਪ੍ਰੀਖਣ ਕੀਤਾ। ਇਸ ਸਫਲਤਾ ਦੇ ਪਿੱਛੇ ਸਾਡੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਸਾਂਝੀ ਮਿਹਨਤ ਹੈ। ਦੋ-ਤਿੰਨ ਦਿਨ ਪਹਿਲਾਂ ਹੀ ਡੀਆਰਡੀਓ ਨੇ ਕੁਸ਼ਾ ਮਿਜ਼ਾਈਲ ਦਾ ਵੀ ਸਫਲ ਪ੍ਰੀਖਣ ਕੀਤਾ ਹੈ।

ਸਾਥੀਓ,

ਅੱਜ ਰੱਖਿਆ ਉਤਪਾਦਨ ਹੋਵੇ, ਰੱਖਿਆ ਨਿਰਯਾਤ ਹੋਵੇ ਜਾਂ ਮਿੱਤਰ ਦੇਸ਼ਾਂ ਨਾਲ ਰਣਨੀਤਕ ਸਹਿਯੋਗ – ਭਾਰਤ ਲਗਾਤਾਰ ਨਵੀਆਂ ਉੱਚਾਈਆਂ ਵੱਲ ਵਧ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮੈਂ ਇੰਡੋਨੇਸ਼ੀਆ ਵਿੱਚ ਸੀ, ਜਿੱਥੇ ਬ੍ਰਹਮੋਸ ਅਤੇ ਅਸਤ੍ਰ ਮਿਜ਼ਾਈਲਾਂ ਲਈ ਇੱਕ ਵੱਡਾ ਸਮਝੌਤਾ ਹੋਇਆ ਹੈ। ਦੁਨੀਆ ਦਾ ਭਰੋਸਾ ਭਾਰਤ ਦੇ ਰੱਖਿਆ ਉਪਕਰਣਾਂ ਅਤੇ ਤਕਨੀਕ 'ਤੇ ਵਧ ਰਿਹਾ ਹੈ। ਆਓ, ਇਸ ‘ਕਾਰਗਿਲ ਵਿਜੇ ਦਿਵਸ’ ਮੌਕੇ ਅਸੀਂ ਆਪਣੇ ਅਮਰ ਸ਼ਹੀਦਾਂ ਨੂੰ ਨਮਨ ਕਰੀਏ ਅਤੇ ਇੱਕ ਸੁਰੱਖਿਅਤ, ਸਮਰੱਥ ਅਤੇ ਆਤਮ-ਨਿਰਭਰ ਭਾਰਤ ਦੇ ਨਿਰਮਾਣ ਦਾ ਆਪਣਾ ਸੰਕਲਪ ਹੋਰ ਮਜ਼ਬੂਤ ਕਰੀਏ।

ਮੇਰੇ ਪਿਆਰੇ ਦੇਸ਼-ਵਾਸੀਓ,

‘ਮਨ ਕੀ ਬਾਤ’ ਦੇ ਪਿਛਲੇ ਐਪੀਸੋਡ ਵਿੱਚ ਮੈਂ ਤੁਹਾਡੇ ਨਾਲ 'ਕੈਚ ਦਿ ਰੇਨ' ਅਭਿਆਨ ਦੀ ਚਰਚਾ ਕੀਤੀ ਸੀ। ਮੈਂ ਅਪੀਲ ਕੀਤੀ ਸੀ ਕਿ ਮੀਂਹ ਦੀ ਹਰ ਬੂੰਦ ਨੂੰ ਸੰਭਾਲਣ ਦੇ ਇਸ ਅਭਿਆਨ ਨੂੰ ਜਨ-ਅੰਦੋਲਨ ਬਣਾਇਆ ਜਾਵੇ। 'ਕੈਚ ਦਿ ਰੇਨ' ਦਾ ਸੰਦੇਸ਼ ਬਹੁਤ ਸਿੱਧਾ ਹੈ – ਜਿੱਥੇ ਮੀਂਹ ਪਵੇ, ਜਦੋਂ ਮੀਂਹ ਪਵੇ, ਪਾਣੀ ਨੂੰ ਉੱਥੇ ਹੀ ਸੰਭਾਲੋ। ਇਸ ਲਈ 04 ਜੁਲਾਈ ਤੋਂ ਦੇਸ਼ ਭਰ ਵਿੱਚ ਇੱਕ ਵਿਸ਼ੇਸ਼ ਅਭਿਆਨ ਵੀ ਚਲਾਇਆ ਜਾ ਰਿਹਾ ਹੈ। ਇਸ ਦੇ ਤਹਿਤ ਮੀਂਹ ਦੇ ਪਾਣੀ ਦਾ ਸੰਚਯ (ਸੰਭਾਲ), ਭੂ-ਜਲ ਸੰਗ੍ਰਹਿ, ਪੁਰਾਣੇ ਜਲ ਸਰੋਤਾਂ ਦੀ ਮੁੜ ਸੁਰਜੀਤੀ ਅਤੇ ਰੁੱਖ ਲਗਾਉਣ ਨੂੰ ਨਵੀਂ ਗਤੀ ਦਿੱਤੀ ਜਾ ਰਹੀ ਹੈ। ਮੈਨੂੰ ਬਹੁਤ ਖ਼ੁਸ਼ੀ ਹੈ ਕਿ ਪਿੰਡ ਹੋਣ ਜਾਂ ਸ਼ਹਿਰ, ਪੰਚਾਇਤਾਂ ਹੋਣ ਜਾਂ ਸਮਾਜਿਕ ਸੰਸਥਾਵਾਂ, ਹਰ ਥਾਂ ਲੋਕਾਂ ਨੇ ਵਧ-ਚੜ੍ਹ ਕੇ ਭਾਗੀਦਾਰੀ ਕੀਤੀ ਹੈ। ਕਿਤੇ ਪੁਰਾਣੇ ਤਲਾਬਾਂ ਵਿੱਚੋਂ ਗਾਰ ਕੱਢੀ ਜਾ ਰਹੀ ਹੈ, ਕਿਤੇ ਖੂਹਾਂ ਅਤੇ ਬਾਉਲੀਆਂ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਬੰਦ ਪਏ ਬੋਰਵੈੱਲ ਹੁਣ ਭੂ-ਜਲ ਸੰਗ੍ਰਹਿ ਦਾ ਮਾਧਿਅਮ ਬਣ ਰਹੇ ਹਨ।

ਸਾਥੀਓ,

ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ ਵਿੱਚ ਲਗਭਗ ਡੇਢ ਹਜ਼ਾਰ ਤਲਾਬ ਬਣਾਏ ਗਏ ਹਨ। ਨਰਸਿੰਹਪੁਰ ਵਿੱਚ ਅੰਮ੍ਰਿਤ ਸਰੋਵਰਾਂ ਨੂੰ ਠੀਕ ਕੀਤਾ ਗਿਆ ਹੈ। ਮਹਾਰਾਸ਼ਟਰ ਦੇ ਨਾਸਿਕ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਸੰਭਾਲਣ ਦੀ ਸਮਰੱਥਾ ਵਿਕਸਿਤ ਹੋਈ ਹੈ। ਆਂਧਰਾ ਪ੍ਰਦੇਸ਼ ਦੇ ਨੰਦਿਆਲ ਵਿੱਚ ਸਾਰੀਆਂ ਗ੍ਰਾਮ ਪੰਚਾਇਤਾਂ ਇਸ ਅਭਿਆਨ ਨਾਲ ਜੁੜੀਆਂ ਹਨ ਅਤੇ ਪੁਰਾਣੇ ਤਲਾਬਾਂ ਨੂੰ ਮੁੜ ਉਪਯੋਗੀ ਬਣਾਇਆ ਗਿਆ ਹੈ। ਸਾਡੇ ਸ਼ਹਿਰ ਵੀ ਪਿੱਛੇ ਨਹੀਂ ਹਨ। ਛੱਤੀਸਗੜ੍ਹ ਦੇ ਕੋਰਬਾ, ਓਡੀਸ਼ਾ ਦੇ ਭੁਵਨੇਸ਼ਵਰ ਅਤੇ ਆਂਧਰਾ ਪ੍ਰਦੇਸ਼ ਦੇ ਵਿਜਯਨਗਰਮ ਵਿੱਚ ਇਸ ਅਭਿਆਨ ਦੇ ਉਤਸ਼ਾਹਜਨਕ ਨਤੀਜੇ ਦਿਖਾਈ ਦੇ ਰਹੇ ਹਨ। ਆਓ, ਅਸੀਂ ਵੀ ਆਪਣੇ ਆਲ਼ੇ-ਦੁਆਲ਼ੇ ਕਿਸੇ ਇੱਕ ਤਲਾਬ, ਖੂਹ ਜਾਂ ਬਾਉਲੀ ਦੀ ਜ਼ੁੰਮੇਵਾਰੀ ਲਈਏ - ਪਾਣੀ ਦੀ ਹਰ ਬੂੰਦ ਬਚਾਈਏ। ਅੱਜ ਬਚਾਈ ਗਈ ਹਰ ਬੂੰਦ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਸਭ ਤੋਂ ਵੱਡੀ ਪੂੰਜੀ ਹੈ।

ਮੇਰੇ ਪਿਆਰੇ ਦੇਸ਼-ਵਾਸੀਓ,

ਕੁਝ ਹੀ ਦਿਨ ਪਹਿਲਾਂ ਗਲਾਸਗੋ ਵਿੱਚ ਰਾਸ਼ਟਰਮੰਡਲ ਖੇਡਾਂ ਸ਼ੁਰੂ ਹੋਈਆਂ ਹਨ। ਹਰ ਦੇਸ਼ਵਾਸੀ ਭਾਰਤੀ ਦਲ ਨੂੰ ਲਗਾਤਾਰ ਆਪਣੀਆਂ ਸ਼ੁਭਕਾਮਨਾਵਾਂ ਦੇ ਰਿਹਾ ਹੈ। ਉਨ੍ਹਾਂ ਦੀ ਕਾਮਨਾ ਹੈ ਕਿ ਸਾਰੇ ਖਿਡਾਰੀ ਅਤੇ ਐਥਲੀਟ ਸ਼ਾਨਦਾਰ ਪ੍ਰਦਰਸ਼ਨ ਕਰਨ ਅਤੇ ਲੋਕਾਂ ਦਾ ਦਿਲ ਵੀ ਜਿੱਤਣ। ਸਾਥੀਓ, ਸਾਡੇ ਨੌਜਵਾਨਾਂ ਨੇ ਹਾਲ ਦੇ ਦਿਨਾਂ ਵਿੱਚ ਖੇਡਾਂ ਵਿੱਚ ਕਈ ਸ਼ਾਨਦਾਰ ਉਪਲਬਧੀਆਂ ਹਾਸਲ ਕੀਤੀਆਂ ਹਨ। ਪੀ.ਵੀ. ਸਿੰਧੂ ਬੈਡਮਿੰਟਨ ਵਿੱਚ ਜਪਾਨ ਓਪਨ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਉਨ੍ਹਾਂ ਦੀ ਇਸ ਉਪਲਬਧੀ 'ਤੇ ਪੂਰੇ ਦੇਸ਼ ਨੂੰ ਮਾਣ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੀ ਲੰਡਨ ਦੇ ਲਾਰਡਜ਼ ਸਟੇਡੀਅਮ ਵਿੱਚ ਆਪਣਾ ਪਹਿਲਾ ਟੈਸਟ ਮੈਚ ਜਿੱਤਿਆ ਹੈ। ਇਹ ਇੱਕ ਇਤਿਹਾਸਕ ਜਿੱਤ ਹੈ। ਸਾਡੀ ਟੀਮ ਨੇ 270 ਦੌੜਾਂ ਦੇ ਵੱਡੇ ਫਰਕ ਨਾਲ ਇਹ ਮੁਕਾਬਲਾ ਜਿੱਤਿਆ ਹੈ। ਪਰ ਗੱਲ ਸਿਰਫ਼ ਏਨੀ ਹੀ ਨਹੀਂ ਹੈ। ਲਾਰਡਜ਼ ਦੇ ਲੰਬੇ ਇਤਿਹਾਸ ਵਿੱਚ ਇਹ ਮਹਿਲਾ ਟੀਮ ਦਾ ਪਹਿਲਾ ਟੈਸਟ ਮੈਚ ਸੀ। 1983 ਵਿੱਚ ਇਸੇ ਮੈਦਾਨ 'ਤੇ ਭਾਰਤ ਨੇ ਆਪਣਾ ਪਹਿਲਾ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਹੁਣ ਸਾਡੀ ਨਾਰੀ ਸ਼ਕਤੀ ਨੇ ਇੱਥੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।

ਸਾਥੀਓ,

ਕੁਝ ਛੋਟੇ ਯਤਨ ਅਜਿਹੇ ਵੀ ਹੁੰਦੇ ਹਨ, ਜੋ ਬਹੁਤ ਮਾਅਨੇ ਰੱਖਦੇ ਹਨ। ਮੈਨੂੰ ਕੇਰਲ ਦੇ ਏਰਨਾਕੁਲਮ ਦੇ ਸਾਊਥ ਚਿੱਤੂਰ ਵਿੱਚ ਖੇਡਾਂ ਨਾਲ ਜੁੜੇ ਅਜਿਹੇ ਹੀ ਇੱਕ ਯਤਨ ਬਾਰੇ ਪਤਾ ਲੱਗਾ ਹੈ। ਉੱਥੇ ਦੇ ਇੱਕ ਸਕੂਲ ਵਿੱਚ ਸੰਸਕ੍ਰਿਤ ਕਲੱਬ ਹੈ। ਇੱਥੋਂ ਦੇ ਅਧਿਆਪਕ ਅਭਿਲਾਸ਼ ਜੀ ਬਹੁਤ ਹੀ ਅਨੋਖੇ ਢੰਗ ਨਾਲ ਸੰਸਕ੍ਰਿਤ ਨੂੰ ਹਰਮਨ-ਪਿਆਰਾ ਬਣਾ ਰਹੇ ਹਨ। ਇਸ ਪ੍ਰੋਜੈਕਟ ਨੂੰ ‘ਅਕਸ਼ਰਕੰਦੁਕ’ ਨਾਮ ਦਿੱਤਾ ਗਿਆ ਹੈ। ਇਸ ਵਿੱਚ ਸੰਸਕ੍ਰਿਤ ਦੇ ਅੱਖਰਾਂ ਨੂੰ ਫੁੱਟਬਾਲ ਵਿੱਚ ਵਰਤੇ ਜਾਣ ਵਾਲੇ ਸ਼ਬਦਾਂ ਨਾਲ ਜੋੜ ਕੇ ਸੌਖੇ ਢੰਗ ਨਾਲ ਸਮਝਾਇਆ ਜਾਂਦਾ ਹੈ। ਇਸ ਨਾਲ ਸਿੱਖਣ ਵਿੱਚ ਆਨੰਦ ਆਉਂਦਾ ਹੈ, ਨਾਲ ਹੀ ਖੇਡਾਂ ਨਾਲ ਲੋਕਾਂ ਦਾ ਜੁੜਾਅ ਵੀ ਵਧਦਾ ਹੈ।

ਮੇਰੇ ਪਿਆਰੇ ਦੇਸ਼-ਵਾਸੀਓ,

ਪਿਛਲੇ ਐਤਵਾਰ ਵਿਕਰਮ -1 ਦੇ ਸਫਲ ਲਾਂਚ ਨਾਲ ਹਰ ਦੇਸ਼ਵਾਸੀ ਮਾਣ ਨਾਲ ਭਰ ਗਿਆ ਹੈ। ਅਸੀਂ ਸਾਰੇ ਭਾਰਤੀ ਪੁਲਾੜ ਖੇਤਰ ਦੇ ਇਸ ਇਤਿਹਾਸਕ ਪਲ ਦੇ ਗਵਾਹ ਬਣੇ। ਇਹ ਪ੍ਰਾਈਵੇਟ ਸੈਕਟਰ ਵੱਲੋਂ ਵਿਕਸਿਤ ਭਾਰਤ ਦਾ ਪਹਿਲਾ ਰਾਕੇਟ ਹੈ। ਸਾਡੇ ਨੌਜਵਾਨ ਨਵੀਨਤਾਕਾਰਾਂ ਨੇ ਉਹ ਕਰ ਦਿਖਾਇਆ ਹੈ, ਜਿਸ ਦੀ ਕਲਪਨਾ ਕਰਨੀ ਵੀ ਔਖੀ ਸੀ। ਉਨ੍ਹਾਂ ਨੇ ਗਜ਼ਬ ਦੀ ਹੁਨਰ, ਜਨੂਨ ਅਤੇ ਹੌਸਲਾ ਦਿਖਾਇਆ ਹੈ। ਲੰਬੇ ਸਮੇਂ ਤੱਕ ਸਾਡਾ ਪੁਲਾੜ ਸੈਕਟਰ ਨਿੱਜੀ ਖੇਤਰ ਲਈ ਬੰਦ ਰਿਹਾ ਸੀ। ਇਸ ਖੇਤਰ ਵਿੱਚ ਦਿਲਚਸਪੀ ਰੱਖਣ ਵਾਲੇ ਕਈ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਨਹੀਂ ਮਿਲ ਰਿਹਾ ਸੀ। ਨੌਜਵਾਨਾਂ ਦੇ ਹਿੱਤ ਨੂੰ ਦੇਖਦੇ ਹੋਏ ਅਸੀਂ ਪੁਲਾੜ ਸੈਕਟਰ ਨੂੰ ਨਿੱਜੀ ਖੇਤਰ ਲਈ ਖੋਲ੍ਹਿਆ। ਅੱਜ ਇਸ ਦਾ ਨਤੀਜਾ ਦੁਨੀਆ ਦੇਖ ਰਹੀ ਹੈ।

ਸਾਥੀਓ,

ਸਾਡੇ ਨੌਜਵਾਨ ਸਾਥੀ ਵਿਗਿਆਨ ਵਿੱਚ ਵੀ ਭਾਰਤ ਦਾ ਸਿਰ ਉੱਚਾ ਚੁੱਕ ਰਹੇ ਹਨ। ਸਾਇੰਸ ਓਲੰਪਿਆਡ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਮੁਕਾਬਲਿਆਂ ਵਿੱਚੋਂ ਇੱਕ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਿੱਸਾ ਲੈਂਦੇ ਹਨ। ਇਸੇ ਮਹੀਨੇ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ ਅਤੇ ਗਣਿਤ ਦੇ ਅੰਤਰਰਾਸ਼ਟਰੀ ਓਲੰਪਿਆਡ ਮੁਕਾਬਲੇ ਹੋਏ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭੌਤਿਕ ਵਿਗਿਆਨ ਓਲੰਪਿਆਡ ਵਿੱਚ ਸਾਡੇ ਸਾਰੇ ਪੰਜਾਂ ਵਿਦਿਆਰਥੀਆਂ ਨੇ ਸੋਨੇ ਦੇ ਤਗਮੇ ਜਿੱਤੇ ਅਤੇ ਭਾਰਤ ਨੇ ਪਹਿਲਾ ਸਥਾਨ ਹਾਸਲ ਕੀਤਾ। ਪਿਛਲੇ ਇੱਕ ਦਹਾਕੇ ਦੌਰਾਨ ਹੋਏ ਹਰ ਭੌਤਿਕ ਵਿਗਿਆਨ ਓਲੰਪਿਆਡ ਵਿੱਚ ਭਾਰਤੀ ਵਿਦਿਆਰਥੀਆਂ ਨੇ ਸੋਨੇ ਜਾਂ ਚਾਂਦੀ ਦੇ ਤਗਮੇ ਜ਼ਰੂਰ ਜਿੱਤੇ ਹਨ। ਰਸਾਇਣ ਵਿਗਿਆਨ ਓਲੰਪਿਆਡ ਵਿੱਚ ਵੀ ਸਾਡੇ ਸਾਰੇ ਵਿਦਿਆਰਥੀਆਂ ਨੇ ਸੋਨੇ ਦੇ ਤਗਮੇ ਜਿੱਤੇ। ਇਹ ਭਾਰਤ ਦਾ ਇਸ ਮੁਕਾਬਲੇ ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ ਹੈ। ਜੀਵ ਵਿਗਿਆਨ ਓਲੰਪਿਆਡ ਵਿੱਚ ਵੀ ਸਾਡੇ ਸਾਰੇ ਵਿਦਿਆਰਥੀਆਂ ਨੇ ਤਗਮੇ ਜਿੱਤੇ, ਜਿਨ੍ਹਾਂ ਵਿੱਚ ਇੱਕ ਸੋਨੇ ਦਾ ਤਗਮਾ ਵੀ ਸ਼ਾਮਲ ਹੈ। ਉੱਥੇ ਹੀ ਗਣਿਤ ਓਲੰਪਿਆਡ ਵਿੱਚ ਸਾਡੇ ਵਿਦਿਆਰਥੀਆਂ ਨੇ ਦੋ ਸੋਨੇ ਅਤੇ ਚਾਰ ਚਾਂਦੀ ਦੇ ਤਗਮੇ ਆਪਣੇ ਨਾਮ ਕੀਤੇ। ਮੈਨੂੰ ਦੇਸ਼ ਦੀ ਨੌਜਵਾਨ ਤਾਕਤ 'ਤੇ ਬਹੁਤ ਮਾਣ ਹੈ। ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਭਾਰਤ ਵਿੱਚ ਓਲੰਪਿਆਡਜ਼ ਅਤੇ ਹੈਕਾਥੌਨਜ਼ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੇਸ਼ ਦੇ ਹੋਰ ਵੀ ਵਧੇਰੇ ਨੌਜਵਾਨ ਅਜਿਹੇ ਮੰਚਾਂ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ ਅਤੇ ਵਿਸ਼ਵ ਪੱਧਰ 'ਤੇ ਭਾਰਤ ਦਾ ਨਾਮ ਹੋਰ ਵੀ ਰੋਸ਼ਨ ਕਰਨਗੇ।

ਮੇਰੇ ਪਿਆਰੇ ਦੇਸ਼-ਵਾਸੀਓ,

ਜਦੋਂ ਹੁਨਰ ਵੀ ਹੋਵੇ ਅਤੇ ਕੁਝ ਕਰਨ ਦਾ ਜਜ਼ਬਾ ਵੀ ਹੋਵੇ, ਤਾਂ ਹਰ ਰਾਹ ਸੌਖਾ ਹੋ ਜਾਂਦਾ ਹੈ। ਕਸ਼ਮੀਰ ਦੀ ਰਵਾਇਤੀ ਚਟਾਈ ‘ਵਗੂ’ ਨੂੰ ਲੈ ਕੇ ਅੱਜ ਜੋ ਯਤਨ ਹੋ ਰਹੇ ਹਨ, ਉਨ੍ਹਾਂ ਵਿੱਚ ਇਸੇ ਦੀ ਝਲਕ ਮਿਲਦੀ ਹੈ। ਇਸ ਨੂੰ ਸਰਕੰਡੇ ਅਤੇ ਝੋਨੇ ਦੀ ਪਰਾਲ਼ੀ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਚਟਾਈ ਨੂੰ ਬਣਾਉਣ ਦੀ ਪਰੰਪਰਾ ਬਹੁਤ ਪੁਰਾਣੀ ਹੈ। ਇਸ ਲਈ ਸਭ ਤੋਂ ਪਹਿਲਾਂ ਕਸ਼ਮੀਰ ਦੇ ਦਲਦਲੀ ਇਲਾਕਿਆਂ ਦੀ ਘਾਹ ਅਤੇ ਸਰਕੰਡੇ ਦੀ ਕਟਾਈ ਕੀਤੀ ਜਾਂਦੀ ਹੈ। ਧੁੱਪ ਵਿੱਚ ਸੁਕਾਉਣ ਤੋਂ ਬਾਅਦ ਇਸ ਦੀ ਛਾਂਟੀ ਹੁੰਦੀ ਹੈ ਅਤੇ ਫਿਰ ਹੱਥਾਂ ਨਾਲ ਬੁਣਤੀ ਦਾ ਕੰਮ ਸ਼ੁਰੂ ਹੁੰਦਾ ਹੈ। ਦੋ ਕਾਰੀਗਰਾਂ ਨੂੰ ਇੱਕ ਚਟਾਈ ਬਣਾਉਣ ਵਿੱਚ ਲਗਭਗ ਚਾਰ ਦਿਨ ਲੱਗਦੇ ਹਨ। ਇਹ ਚਟਾਈ ਅਨੋਖੀ ਵੀ ਹੈ ਅਤੇ ਵਾਤਾਵਰਨ ਅਨੁਕੂਲ ਵੀ ਹੈ। ਇਸ ਦੀ ਇੱਕ ਵੱਡੀ ਖ਼ਾਸੀਅਤ ਇਹ ਹੈ ਕਿ ਗਰਮੀਆਂ ਵਿੱਚ ਇਸ ਤੋਂ ਠੰਡਕ ਮਿਲਦੀ ਹੈ ਅਤੇ ਸਰਦੀਆਂ ਵਿੱਚ ਗਰਮਾਹਟ। ਪਹਿਲਾਂ ਇਹ ਕਸ਼ਮੀਰ ਦੇ ਹਰ ਘਰ ਵਿੱਚ ਦਿਖਾਈ ਦਿੰਦੀ ਸੀ, ਪਰ ਪਿਛਲੇ ਕੁਝ ਸਾਲਾਂ ਵਿੱਚ ਇਸ ਦੀ ਵਰਤੋਂ ਘੱਟ ਹੋਣ ਲੱਗੀ ਸੀ। ਅਜਿਹੇ ਵਿੱਚ ਸ੍ਰੀਨਗਰ ਦੇ ਗੁਲਾਮ ਹੁਸੈਨ ਜੀ ਅਤੇ ਉਨ੍ਹਾਂ ਦੀ ਧੀ ਤੰਜ਼ੀਲਾ ਜੀ ਨੇ ਇੱਕ ਸੰਕਲਪ ਲਿਆ। ਦੋਵੇਂ ‘ਵਗੂ’ ਸ਼ਿਲਪ ਦੀ ਪਰੰਪਰਾ ਨੂੰ ਨਵਾਂ ਜੀਵਨ ਦੇਣ ਵਿੱਚ ਲੱਗ ਪਏ। ਗੁਲਾਮ ਹੁਸੈਨ ਜੀ ਬਹੁਤ ਹੀ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੂੰ ਇਸ ਕੰਮ ਵਿੱਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਵੀ ਆਈਆਂ। ਪਰ ‘ਵਗੂ’ ਦੀ ਸੰਭਾਲ ਦਾ ਉਨ੍ਹਾਂ ਦਾ ਸੰਕਲਪ ਅਡੋਲ ਰਿਹਾ। ਦੇਖਦੇ ਹੀ ਦੇਖਦੇ ਉਨ੍ਹਾਂ ਦੇ ਇਸ ਯਤਨ ਨਾਲ ਬਹੁਤ ਸਾਰੇ ਲੋਕ ਜੁੜਦੇ ਚਲੇ ਗਏ। ਗੁਲਾਮ ਹੁਸੈਨ ਜੀ ਨੇ ਇਸ ਹੁਨਰ ਨੂੰ ਬਹੁਤ ਅੱਗੇ ਵਧਾਇਆ। ਆਪਣੇ ਇਸ ਮਿਸ਼ਨ ਵਿੱਚ ਉਨ੍ਹਾਂ ਨੂੰ ਸਥਾਨਕ ਪੱਧਰ 'ਤੇ ਸਰਕਾਰੀ ਸਹਿਯੋਗ ਵੀ ਮਿਲਿਆ। ਅੱਜ ਤੇਜ਼ੀ ਨਾਲ ਹਰਮਨਪਿਆਰਾ ਹੋ ਰਿਹਾ ‘ਵਗੂ’ ਦੇਸ਼ ਦੇ ਹੋਰ ਹਿੱਸਿਆਂ ਤੱਕ ਵੀ ਪਹੁੰਚ ਰਿਹਾ ਹੈ। ਮੈਨੂੰ ਇਸ ਯਤਨ ਨਾਲ ਜੁੜੇ ਸਾਰੇ ਲੋਕਾਂ 'ਤੇ ਬਹੁਤ ਮਾਣ ਹੈ। ਅੱਜ ਅਸੀਂ ਸਾਰੇ ਸਥਾਨਕ ਉਤਪਾਦਾਂ 'ਤੇ ਜ਼ੋਰ ਦੇ ਰਹੇ ਹਾਂ। ਅਸੀਂ ਵੋਕਲ ਫਾਰ ਲੋਕਲ ਦੇ ਮੰਤਰ ਨੂੰ ਲੈ ਕੇ ਚੱਲ ਰਹੇ ਹਾਂ। ਅਜਿਹੇ ਵਿੱਚ ਕਸ਼ਮੀਰ ਦਾ ‘ਵਗੂ’ ਵੀ ਤੁਹਾਡੇ ਘਰ ਦਾ ਹਿੱਸਾ ਬਣੇ, ਇਸ ਬਾਰੇ ਇੱਕ ਵਾਰ ਜ਼ਰੂਰ ਸੋਚਿਓ।

ਸਾਥੀਓ,

ਸਾਡੇ ਦੇਸ਼ ਵਿੱਚ ਚਾਹ ਸਿਰਫ਼ ਇੱਕ ਪੀਣਯੋਗ ਪਦਾਰਥ ਨਹੀਂ ਹੈ - ਇਹ ਆਪਣਾਪਣ ਵੀ ਹੈ। ਸਵੇਰ ਦੀ ਸ਼ੁਰੂਆਤ ਹੋਵੇ, ਦੋਸਤਾਂ ਨਾਲ ਮੁਲਾਕਾਤ ਹੋਵੇ ਜਾਂ ਪਰਿਵਾਰ ਨਾਲ ਕੁਝ ਪਲ ਬਿਤਾਉਣੇ ਹੋਣ, ਚਾਹ ਹਰ ਮੌਕੇ ਦਾ ਹਿੱਸਾ ਬਣ ਜਾਂਦੀ ਹੈ। ਵੈਸੇ ਤਾਂ ਤੁਸੀਂ ਵੀ ਭਲੀ-ਭਾਂਤ ਜਾਣਦੇ ਹੋ ਕਿ ਮੇਰਾ ਚਾਹ ਨਾਲ ਕੀ ਰਿਸ਼ਤਾ ਹੈ। ਪਰ ਅੱਜ ਮੈਂ ਜਿਸ ਚਾਹ ਦੀ ਚਰਚਾ ਕਰ ਰਿਹਾ ਹਾਂ, ਉਸ ਨੇ ਸਿਰਫ਼ ਸੁਆਦ ਹੀ ਨਹੀਂ ਦਿੱਤਾ, ਸਗੋਂ ਅਨੇਕਾਂ ਭੈਣਾਂ ਦੇ ਜੀਵਨ ਵਿੱਚ ਆਤਮ-ਨਿਰਭਰਤਾ ਦੀ ਨਵੀਂ ਖੁਸ਼ਬੂ ਵੀ ਘੋਲ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਲਖੀਵਾਲਾ ਪਿੰਡ ਵਿੱਚ ਸੈਲਫ਼ ਹੈਲਪ ਗਰੁੱਪ ਨਾਲ ਜੁੜੀਆਂ ਮਹਿਲਾਵਾਂ ਨੇ 'ਵਿਦੁਰ ਪ੍ਰੇਰਣਾ ਸਵਦੇਸ਼ੀ ਹਰਬਲ ਟੀ' ਤਿਆਰ ਕੀਤੀ ਹੈ। ਇਸ ਵਿੱਚ ਲੈਮਨਗ੍ਰਾਸ, ਗਿਲੋਏ, ਮੁਲੱਠੀ, ਤੁਲਸੀ, ਕੱਚੀ ਹਲਦੀ, ਦਾਲਚੀਨੀ, ਇਲਾਇਚੀ ਅਤੇ ਸੌਂਫ ਵਰਗੀਆਂ ਕੁਦਰਤੀ ਸਮਗਰੀਆਂ ਸ਼ਾਮਲ ਹਨ। ਆਪਣੇ ਅਨੋਖੇ ਸੁਆਦ ਅਤੇ ਗੁਣਾਂ ਕਰਕੇ ਇਸ ਚਾਹ ਨੇ ਬਹੁਤ ਘੱਟ ਸਮੇਂ ਵਿੱਚ ਲੋਕਾਂ ਵਿਚ ਖ਼ਾਸ ਪਛਾਣ ਬਣਾ ਲਈ ਹੈ। ਪ੍ਰਯਾਗਰਾਜ ਦੇ ਮਹਾਕੁੰਭ ਅਤੇ ਦਿੱਲੀ ਦੇ ਇੰਟਰਨੈਸ਼ਨਲ ਫੂਡ ਫੈਸਟੀਵਲ ਵਿੱਚ ਇਸ ਹਰਬਲ ਚਾਹ ਨੂੰ ਖੂਬ ਸ਼ਲਾਘਾ ਮਿਲੀ ਹੈ। ਵਿਦੇਸ਼ਾਂ ਤੋਂ ਆਏ ਲੋਕਾਂ ਨੇ ਵੀ ਇਸ ਵਿੱਚ ਦਿਲਚਸਪੀ ਦਿਖਾਈ ਹੈ।

ਸਾਥੀਓ,

ਸਭ ਤੋਂ ਪ੍ਰੇਰਣਾਦਾਇਕ ਗੱਲ ਇਸ ਦੀ ਸ਼ੁਰੂਆਤ ਹੈ। ਇਹ ਪੂਰਾ ਯਤਨ ਸਿਰਫ਼ ਇੱਕ ਲੱਖ ਰੁਪਏ ਨਾਲ ਸ਼ੁਰੂ ਹੋਇਆ ਸੀ। ਅੱਜ ਇਹ ਬ੍ਰਾਂਡ ਦੇਸ਼ ਦੇ ਵੱਡੇ ਸੰਸਥਾਨਾਂ ਤੱਕ ਪਹੁੰਚ ਚੁੱਕਾ ਹੈ। ਇਹ ਪਹਿਲ ਸਾਨੂੰ ਦੱਸਦੀ ਹੈ ਕਿ ਜਦੋਂ ਸਥਾਨਕ ਗਿਆਨ, ਕੁਦਰਤ ਅਤੇ ਮਹਿਲਾਵਾਂ ਦਾ ਆਤਮ-ਵਿਸ਼ਵਾਸ ਇਕੱਠੇ ਹੁੰਦੇ ਹਨ, ਤਾਂ ਇੱਕ ਛੋਟਾ ਜਿਹਾ ਯਤਨ ਵੀ ਵੱਡੇ ਬਦਲਾਅ ਦੀ ਸ਼ੁਰੂਆਤ ਬਣ ਜਾਂਦਾ ਹੈ।

ਮੇਰੇ ਪਿਆਰੇ ਦੇਸ਼-ਵਾਸੀਓ,

ਅੱਜ ਦੇਸ਼ ਭਰ ਵਿੱਚ 'ਏਕ ਪੇੜ ਮਾਂ ਕੇ ਨਾਮ' ਅਭਿਆਨ ਰਾਹੀਂ ਲੋਕ ਕੁਦਰਤ ਪ੍ਰਤੀ ਆਪਣਾ ਫ਼ਰਜ਼ ਨਿਭਾ ਰਹੇ ਹਨ। ਜਦੋਂ ਸਮਾਜ ਇਸ ਭਾਵਨਾ ਨਾਲ ਜੁੜਦਾ ਹੈ, ਤਾਂ ਬਹੁਤ ਸੁੰਦਰ ਅਤੇ ਪ੍ਰੇਰਣਾਦਾਇਕ ਉਦਾਹਰਨਾਂ ਸਾਹਮਣੇ ਆਉਂਦੀਆਂ ਹਨ। ਸਾਥੀਓ, ਅਹਿਮਦਾਬਾਦ ਵਿੱਚ ਲੋਕ-ਭਾਗੀਦਾਰੀ ਦੀ ਅਦਭੁੱਤ ਤਾਕਤ ਦਿਖਾਈ ਦਿੱਤੀ ਹੈ। ਭਾੜਜ਼ ਖੇਤਰ ਵਿੱਚ ਇੱਕ ਘੰਟੇ ਦੇ ਅੰਦਰ ਸਾਢੇ 3 ਲੱਖ ਤੋਂ ਵੱਧ ਪੌਦੇ ਲਗਾਏ ਗਏ, ਜਿਸ ਵਿੱਚ 25 ਹਜ਼ਾਰ ਤੋਂ ਵੱਧ ਲੋਕ ਜੁੜੇ। ਸਕੂਲੀ ਬੱਚੇ, ਐੱਨ.ਸੀ.ਸੀ. ਕੈਡੇਟ, ਸਵੈਸੇਵਕ ਅਤੇ ਆਮ ਨਾਗਰਿਕ - ਸਾਰਿਆਂ ਨੇ ਇਸ ਅਭਿਆਨ ਵਿੱਚ ਹਿੱਸਾ ਲਿਆ। ਆਉਣ ਵਾਲੇ ਸਾਲਾਂ ਵਿੱਚ ਏਹੀ ਪੌਦੇ ਇੱਕ ਸੰਘਣੇ ਸ਼ਹਿਰੀ ਜੰਗਲ ਦਾ ਰੂਪ ਧਾਰ ਲੈਣਗੇ। ਇਸ ਯਤਨ ਨੂੰ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਸਾਥੀਓ, 'ਏਕ ਪੇੜ ਮਾਂ ਕੇ ਨਾਮ' ਅਭਿਆਨ ਤਹਿਤ ਉੱਤਰ ਪ੍ਰਦੇਸ਼ ਵਿੱਚ ਵੀ ਲੋਕ ਸ਼ਕਤੀ ਦਾ ਅਦਭੁੱਤ ਸੰਕਲਪ ਦੇਖਣ ਨੂੰ ਮਿਲਿਆ ਹੈ। ਉੱਥੇ 12 ਜੁਲਾਈ ਨੂੰ ਇੱਕੋ ਦਿਨ ਵਿੱਚ 35 ਕਰੋੜ ਤੋਂ ਵੱਧ ਪੌਦੇ ਲਗਾਏ ਗਏ ਹਨ। ਉੱਤਰ ਪ੍ਰਦੇਸ਼ ਦਾ ਸੰਸਦ ਮੈਂਬਰ ਹੋਣ ਦੇ ਨਾਤੇ ਮੇਰੇ ਲਈ ਇਹ ਵੀ ਵਿਸ਼ੇਸ਼ ਮਾਣ ਵਾਲੀ ਗੱਲ ਹੈ।

ਮੇਰੇ ਪਿਆਰੇ ਦੇਸ਼-ਵਾਸੀਓ,

ਰੁੱਖ ਕੇਵਲ ਮਨੁੱਖਾਂ ਲਈ ਹੀ ਨਹੀਂ ਹੁੰਦੇ, ਉਹ ਅਣਗਿਣਤ ਜੀਵਾਂ ਦੇ ਘਰ ਵੀ ਹੁੰਦੇ ਹਨ। ਗੁਜਰਾਤ ਦੇ ਗਿਰ ਦੇ ਜੰਗਲਾਂ ਵਿੱਚ ਲਗਭਗ 60 ਸਾਲਾਂ ਬਾਅਦ ਇੰਡੀਅਨ ਗ੍ਰੇਅ ਹੌਰਨਬਿੱਲ ਨੇ ਮੁੜ ਬਸੇਰਾ ਬਣਾਉਣਾ ਸ਼ੁਰੂ ਕੀਤਾ ਹੈ। ਇਹ ਗਿਰ ਵਿੱਚ ਵਰ੍ਹਿਆਂ ਤੋਂ ਹੋ ਰਹੇ ਸੰਭਾਲ ਅਤੇ ਮੁੜ -ਸਥਾਪਨਾ ਦੇ ਯਤਨਾਂ ਦਾ ਨਤੀਜਾ ਹੈ। ਹੌਰਨਬਿੱਲ ਨੂੰ ਜੰਗਲਾਂ ਦਾ ਕਿਸਾਨ ਕਿਹਾ ਜਾਂਦਾ ਹੈ। ਇਹ ਫਲ਼ ਖਾਂਦਾ ਹੈ ਅਤੇ ਬੀਜਾਂ ਨੂੰ ਦੂਰ-ਦੂਰ ਤੱਕ ਪਹੁੰਚਾਉਂਦਾ ਹੈ। ਉਨ੍ਹਾਂ ਹੀ ਬੀਜਾਂ ਤੋਂ ਜੰਗਲ ਵਿੱਚ ਨਵੇਂ ਰੁੱਖ ਉੱਗਦੇ ਹਨ। ਇਸ ਤਰ੍ਹਾਂ ਇੱਕ ਪੰਛੀ ਜੰਗਲ ਨੂੰ ਮੁੜ ਹਰਿਆ-ਭਰਿਆ ਬਣਾਉਣ ਵਿੱਚ ਮਦਦ ਕਰਦਾ ਹੈ। ਮੈਂ ਤੁਹਾਡੇ ਸਾਰਿਆਂ ਨੂੰ ਕਹਾਂਗਾ ਕਿ ਅਸੀਂ ਸਾਰੇ ਆਪਣੇ ਜੀਵਨ ਦੇ ਕਿਸੇ ਵਿਸ਼ੇਸ਼ ਮੌਕੇ ਨੂੰ ਕੁਦਰਤ ਨਾਲ ਜ਼ਰੂਰ ਜੋੜੀਏ। ਇੱਕ ਰੁੱਖ ਮਾਂ ਦੇ ਨਾਮ ਜ਼ਰੂਰ ਲਗਾਈਏ। ਅੱਜ ਲਗਾਇਆ ਗਿਆ ਇੱਕ ਛੋਟਾ ਜਿਹਾ ਪੌਦਾ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆਲੀ, ਸ਼ੁੱਧ ਹਵਾ ਅਤੇ ਸੁੰਦਰ ਭਵਿੱਖ ਦੀ ਵਿਰਾਸਤ ਬਣ ਸਕਦਾ ਹੈ।

ਮੇਰੇ ਪਿਆਰੇ ਦੇਸ਼-ਵਾਸੀਓ,

ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਪਲਾਸਟਿਕ ਪ੍ਰਦੂਸ਼ਣ ਪੂਰੀ ਦੁਨੀਆ ਦੇ ਵਾਤਾਵਰਨ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸਿੰਗਲ ਯੂਜ਼ ਪਲਾਸਟਿਕ ਦਾ ਕੂੜਾ ਕਈ ਸਾਲਾਂ ਤੱਕ ਕੁਦਰਤ ਨੂੰ ਨੁਕਸਾਨ ਪਹੁੰਚਾਉਂਦਾ ਰਹਿੰਦਾ ਹੈ। ਇਸ ਲਈ ਪਲਾਸਟਿਕ ਦਾ ਸਹੀ ਨਿਪਟਾਰਾ ਬਹੁਤ ਜ਼ਰੂਰੀ ਹੈ। ਸਾਥੀਓ, ਬਿਹਾਰ ਦੇ ਸੀਤਾਮੜ੍ਹੀ ਵਿੱਚ 'ਵੇਸਟ ਟੂ ਵੈਲਥ' ਦੀ ਇੱਕ ਸ਼ਾਨਦਾਰ ਮਿਸਾਲ ਸਾਹਮਣੇ ਆਈ ਹੈ। ਇੱਥੇ ਕੂੜੇ ਦੀ ਰੀਸਾਈਕਲਿੰਗ ਕਰਕੇ ਉਸ ਤੋਂ ਆਕਰਸ਼ਕ ਬੈਂਚ ਤਿਆਰ ਕੀਤੇ ਜਾ ਰਹੇ ਹਨ। ਇੱਕ ਬੈਂਚ ਤਿਆਰ ਕਰਨ ਵਿੱਚ ਲਗਭਗ 40 ਕਿਲੋਗ੍ਰਾਮ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਹੋ ਜਾਂਦੀ ਹੈ। ਇਹ ਮਜ਼ਬੂਤ, ਟਿਕਾਊ ਅਤੇ ਆਰਾਮਦਾਇਕ ਹੋਣ ਦੇ ਨਾਲ-ਨਾਲ ਈਕੋ-ਫ੍ਰੈਂਡਲੀ ਵੀ ਹੁੰਦੇ ਹਨ। ਇਨ੍ਹਾਂ ਨੂੰ ਸਰਕਾਰੀ ਸਕੂਲਾਂ, ਪਾਰਕਾਂ ਅਤੇ ਜਨਤਕ ਥਾਵਾਂ 'ਤੇ ਲਗਾਇਆ ਜਾਂਦਾ ਹੈ। ਇਸ ਰਾਹੀਂ ਲੋਕਾਂ ਵਿੱਚ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕਤਾ ਵੀ ਵਧ ਰਹੀ ਹੈ। ਇਸ ਯਤਨ ਵਿੱਚ ਸਥਾਨਕ ਇਕਾਈ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਮਹੱਤਵਪੂਰਨ ਭੂਮਿਕਾ ਹੈ। ਇਸ ਨਾਲ ਸਥਾਨਕ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋ ਰਹੇ ਹਨ। ਸੀਤਾਮੜ੍ਹੀ ਦਾ ਇਹ ਯਤਨ ਸਾਨੂੰ ਦੱਸਦਾ ਹੈ ਕਿ 'ਰਿਡਿਊਸ, ਰੀਯੂਜ਼ ਅਤੇ ਰੀਸਾਈਕਲ' ਅੱਜ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਸਾਡੇ ਜੀਵਨ ਦਾ ਹਿੱਸਾ ਬਣਦੇ ਜਾ ਰਹੇ ਹਨ।

ਸਾਥੀਓ,

ਤੁਹਾਨੂੰ ਯਾਦ ਹੋਵੇਗਾ, ਪਿਛਲੀ ਵਾਰ ‘ਮਨ ਕੀ ਬਾਤ’ ਵਿੱਚ ਮੈਂ ‘ਗਣੇਸ਼ ਉਤਸਵ’ ਦੀ ਗੱਲ ਕੀਤੀ ਸੀ। ਮੈਂ ਅਪੀਲ ਕੀਤੀ ਸੀ ਕਿ ਸਾਨੂੰ ਆਪਣੇ ਦੇਸ਼ ਦੀ ਮਿੱਟੀ ਨਾਲ ਬਣੇ ਗਣੇਸ਼ ਜੀ ਦੀ ਹੀ ਪੂਜਾ ਕਰਨੀ ਚਾਹੀਦੀ ਹੈ। ਜੋ ਪੀ.ਓ.ਪੀ. ਨਾਲ ਬਣੇ ਗਣੇਸ਼ ਜੀ ਹੁੰਦੇ ਹਨ ਜਾਂ ਵਿਦੇਸ਼ ਤੋਂ ਆਈ ਗਣੇਸ਼ ਜੀ ਦੀ ਮੂਰਤੀ ਹੁੰਦੀ ਹੈ, ਉਸ ਦੀ ਬਜਾਏ ਸਾਨੂੰ ਦੇਸ਼ ਦੀ ਮਿੱਟੀ ਨਾਲ ਬਣੇ ਗਣੇਸ਼ ਜੀ ਨੂੰ ਆਪਣੇ ਘਰ ਵਿੱਚ ਸਥਾਪਿਤ ਕਰਨਾ ਚਾਹੀਦਾ ਹੈ। ਇਸ ਵਿਸ਼ੇ 'ਤੇ ਅਨੇਕਾਂ ਲੋਕਾਂ ਨੇ ਮੈਨੂੰ ਸੁਨੇਹੇ ਭੇਜੇ ਹਨ ਅਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੇਰੀ ਅਪੀਲ ਨੂੰ ਅਪਣਾਇਆ ਹੈ। ਉਨ੍ਹਾਂ ਨੇ ਸਥਾਨਕ ਮਿੱਟੀ ਨਾਲ ਤਿਆਰ ਕੀਤੇ ਗਣੇਸ਼ ਜੀ ਨੂੰ ਸਥਾਪਿਤ ਕਰਨ ਦਾ ਸੰਕਲਪ ਲਿਆ ਹੈ। ਲੋਕਾਂ ਨੇ ਲਿਖਿਆ ਹੈ ਕਿ ‘ਮਨ ਕੀ ਬਾਤ’ ਵਿੱਚ ਪਹਿਲਾਂ ਹੀ ਇਸ ਬਾਰੇ ਚਰਚਾ ਹੋ ਜਾਣ ਕਰਕੇ ਉਨ੍ਹਾਂ ਨੂੰ ਸਹੀ ਸਮੇਂ 'ਤੇ ਸਹੀ ਕਦਮ ਚੁੱਕਣ ਵਿੱਚ ਮਦਦ ਮਿਲੀ। ਮੈਂ ਇੱਕ ਵਾਰ ਫਿਰ ਆਪਣੀ ਅਪੀਲ ਦੁਹਰਾਉਂਦਾ ਹਾਂ ਕਿ ਇਸ ਵਾਰ ਗਣਪਤੀ ਪੂਜਾ ਵਿੱਚ ਦੇਸ਼ ਦੀ ਮਿੱਟੀ ਨਾਲ ਬਣੇ ਗਣੇਸ਼ ਜੀ ਨੂੰ ਆਪਣੇ ਘਰ ਵਿੱਚ ਸਥਾਪਿਤ ਕਰੋ ਅਤੇ ਉਨ੍ਹਾਂ ਦੀ ਪੂਜਾ ਕਰੋ। ਤੁਹਾਡਾ ਇਹ ਯਤਨ ਵੀ ਇੱਕ ਤਰ੍ਹਾਂ ਨਾਲ ਕੁਦਰਤ ਦੀ ਹੀ ਪੂਜਾ ਹੋਵੇਗਾ।

ਮੇਰੇ ਪਿਆਰੇ ਦੇਸ਼-ਵਾਸੀਓ,

ਹੁਣ ਮੈਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਬਾਰੇ ਦੱਸਾਂਗਾ, ਜਿਨ੍ਹਾਂ ਬਾਰੇ ਸੁਣ ਕੇ ਤੁਹਾਨੂੰ ਬਹੁਤ ਮਾਣ ਹੋਵੇਗਾ। ਇੱਕ ਅਜਿਹੇ ਵਿਅਕਤੀ, ਜੋ ਵਿਗਿਆਨ ਅਤੇ ਨਵੀਨਤਾ ਦੇ ਖੇਤਰ ਵਿੱਚ ਵਧ-ਚੜ੍ਹ ਕੇ ਕੰਮ ਕਰ ਰਹੇ ਹਨ, ਦੁਨੀਆ ਵਿੱਚ ਜਿਨ੍ਹਾਂ ਦੀ ਪਛਾਣ ਬਣ ਰਹੀ ਹੈ, ਪਰ ਇਸ ਦੇ ਬਾਵਜੂਦ ਉਹ ਆਪਣੀਆਂ ਜੜ੍ਹਾਂ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ। ਮੌਕਾ ਮਿਲਦਿਆਂ ਹੀ ਉਹ ਆਪਣੀ ਮਿੱਟੀ ਦਾ ਸਨਮਾਨ ਕਰਨਾ ਨਹੀਂ ਭੁੱਲਦੇ। ਉਹ ਵਿਅਕਤੀ ਹਨ, ਮਣੀਪੁਰ ਦੇ ਡਾ. ਰੋਨਾਲਡੋ ਲੈਸ਼ਰਾਮ ਜੀ। ਨਾਮ ਉਨ੍ਹਾਂ ਦਾ ਰੋਨਾਲਡੋ ਹੈ, ਪਰ ਕੰਮ ਨਾਲ ਉਹ ਇੱਕ ਖਗੋਲ ਵਿਗਿਆਨੀ ਹਨ। ਉਹ ਜਾਪਾਨ ਵਿੱਚ ਕੰਮ ਕਰਦੇ ਹਨ ਅਤੇ ਯੰਗ ਗੈਲੇਕਸੀਜ਼ ਦੇ ਇੱਕ ਵਿਸ਼ਾਲ ਸਮੂਹ ਦੀ ਖੋਜ ਕਰਨ ਵਾਲੀ ਟੀਮ ਦਾ ਹਿੱਸਾ ਰਹੇ ਹਨ। ਤੁਸੀਂ ਜਾਣਨਾ ਚਾਹੋਗੇ ਕਿ ਆਖ਼ਰ ਉਨ੍ਹਾਂ ਨੇ ਕੀਤਾ ਕੀ ਹੈ? ਦਰਅਸਲ, ਉਨ੍ਹਾਂ ਨੇ ਇਸ ਪੂਰੇ ਸਮੂਹ ਦਾ ਨਾਮ ਮਣੀਪੁਰ ਦੀ ਇੱਕ ਖੂਬਸੂਰਤ ਝੀਲ ਨਾਲ ਜੋੜ ਕੇ ਲੋਕਤਾਕ ਪ੍ਰੋਟੋ-ਕਲੱਸਟਰ ਰੱਖਿਆ ਹੈ। ਲੋਕਤਾਕ ਤਾਜ਼ੇ ਪਾਣੀ ਦੀ ਬਹੁਤ ਵੱਡੀ ਝੀਲ ਹੈ। ਲੋਕਤਾਕ ਝੀਲ ਵਿੱਚ ਤੈਰਦੀਆਂ ਹੋਈਆਂ 'ਫੂਮਡੀਆਂ' ਮਿਲ ਕੇ ਇੱਕ ਅਨੋਖਾ ਦ੍ਰਿਸ਼ ਬਣਾਉਂਦੀਆਂ ਹਨ। ਅਜਿਹਾ ਲੱਗਦਾ ਹੈ ਜਿਵੇਂ ਵਿਸ਼ਾਲ ਸਮੁੰਦਰ ਵਿੱਚ ਛੋਟੇ-ਛੋਟੇ ਟਾਪੂ ਤੈਰ ਰਹੇ ਹੋਣ। ਇਸੇ ਤਰ੍ਹਾਂ ਬ੍ਰਹਿਮੰਡ ਵਿੱਚ ਇਹ ਯੰਗ ਗੈਲੇਕਸੀਜ਼ ਵੀ ਇੱਕ ਵਿਸ਼ਾਲ ਢਾਂਚੇ ਦਾ ਨਿਰਮਾਣ ਕਰਦੀਆਂ ਹਨ। ਅੱਜ ਮਣੀਪੁਰ ਦੀ ਲੋਕਤਾਕ ਸਿਰਫ਼ ਦੇਸ਼ ਦੇ ਨਕਸ਼ੇ 'ਤੇ ਹੀ ਨਹੀਂ, ਸਗੋਂ ਵਿਸ਼ਾਲ ਬ੍ਰਹਿਮੰਡ ਵਿੱਚ ਵੀ ਆਪਣੀ ਚਮਕ ਬਿਖੇਰ ਰਹੀ ਹੈ। ਇਹ ਉਪਲਬਧੀ ਹਰ ਭਾਰਤੀ ਦਾ ਮਾਣ ਵਧਾਉਣ ਵਾਲੀ ਹੈ। ਇਸ ਤੋਂ ਸਾਡੇ ਨੌਜਵਾਨ ਸਾਥੀਆਂ ਨੂੰ ਸਿੱਖ ਮਿਲਦੀ ਹੈ ਕਿ ਉਹ ਆਪਣੀ ਪਰੰਪਰਾ ਨਾਲ ਜੁੜੇ ਰਹਿ ਕੇ ਵੀ ਨਵੀਆਂ ਉੱਚਾਈਆਂ ਨੂੰ ਛੂਹ ਸਕਦੇ ਹਨ। ਇਹ ਅਜਿਹੀਆਂ ਜੜ੍ਹਾਂ ਹਨ, ਜੋ ਤਾਰਿਆਂ ਦੀ ਦੁਨੀਆ ਨੂੰ ਵੀ ਰੌਸ਼ਨ ਕਰ ਸਕਦੀਆਂ ਹਨ।

ਮੇਰੇ ਪਿਆਰੇ ਦੇਸ਼-ਵਾਸੀਓ,

ਕੁਝ ਹੀ ਦਿਨਾਂ ਬਾਅਦ, 7 ਅਗਸਤ ਨੂੰ ਸਾਡਾ ਦੇਸ਼ ਰਾਸ਼ਟਰੀ ਹੱਥਖੱਡੀ ਦਿਵਸ ਮਨਾਏਗਾ। ਇਸ ਮੌਕੇ 'ਤੇ ਅਸੀਂ ਆਪਣੇ ਬੁਣਕਰ ਭੈਣ-ਭਰਾਵਾਂ ਦੇ ਹੁਨਰ ਅਤੇ ਉਨ੍ਹਾਂ ਦੀ ਸਿਰਜਣਾਤਮਕਤਾ ਦਾ ਜਸ਼ਨ ਮਨਾਉਂਦੇ ਹਾਂ। ਸਾਡੇ ਇਹ ਸਾਥੀ ਪੀੜ੍ਹੀਆਂ ਤੋਂ ਚੱਲੀਆਂ ਆ ਰਹੀਆਂ ਪਰੰਪਰਾਵਾਂ ਨੂੰ ਅੱਗੇ ਵਧਾ ਰਹੇ ਹਨ।

ਸਾਥੀਓ,

ਹੱਥਖੱਡੀ ਨਾਲ ਬਣਿਆ ਹਰ ਪਹਿਰਾਵਾ ਕਿਸੇ ਨਾ ਕਿਸੇ ਖੇਤਰ, ਭਾਈਚਾਰੇ ਅਤੇ ਇਸ ਨਾਲ ਜੁੜੇ ਅਣਗਿਣਤ ਲੋਕਾਂ ਦੀ ਕਹਾਣੀ ਬਿਆਨ ਕਰਦਾ ਹੈ। ਇਹ ਉਹ ਲੋਕ ਹਨ, ਜੋ ਮਾਣ ਨਾਲ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਿੱਚ ਜੁਟੇ ਹੋਏ ਹਨ। ਅੱਜ ਦੇ ਦਿਨ ਮੇਰੀ ਅਪੀਲ ਹੈ ਕਿ ਅਸੀਂ ਹੱਥਕਲਾ ਨੂੰ ਉਤਸ਼ਾਹਿਤ ਕਰਕੇ ਆਪਣੇ ਬੁਣਕਰ ਸਾਥੀਆਂ ਦਾ ਸਨਮਾਨ ਕਰੀਏ। ਆਓ, ਅਸੀਂ ਵੋਕਲ ਫ਼ਾਰ ਲੋਕਲ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੀਏ।

ਸਾਥੀਓ,

ਅੱਜ ਦੇਸ਼ ਵਿੱਚ ਜਿਸ ਤਰ੍ਹਾਂ ਹੱਥਖੱਡੀ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ, ਉਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦਾ ਜੀਵਨ ਬਿਹਤਰ ਹੋ ਰਿਹਾ ਹੈ। ਪੋਚਮਪੱਲੀ ਤੋਂ ਪਟਨਾ ਅਤੇ ਕੁਥਮਪੱਲੀ ਤੋਂ ਕੱਛ ਤੱਕ ਇਸ ਦੀਆਂ ਕਈ ਉਦਾਹਰਨਾਂ ਦੇਖਣ ਨੂੰ ਮਿਲਦੀਆਂ ਹਨ। ਅੱਜ ਅਜਿਹੇ ਕਈ ਲੋਕ ਅਤੇ ਸਮੂਹ ਹਨ, ਜੋ ਹੱਥਖੱਡੀ ਦੀ ਸਾਡੀ ਮਾਣਮੱਤੀ ਪਰੰਪਰਾ ਨੂੰ ਨਵੀਂ ਊਰਜਾ ਅਤੇ ਪਛਾਣ ਦੇ ਰਹੇ ਹਨ। ਕੋਈ ਪੋਚਮਪੱਲੀ ਇਕਤ ਦੀ ਸੁੰਦਰ ਪਰੰਪਰਾ ਨੂੰ ਅੱਗੇ ਵਧਾ ਰਿਹਾ ਹੈ, ਤਾਂ ਕੋਈ ਮਹਿਲਾ ਬੁਣਕਰਾਂ ਨੂੰ ਜੋੜ ਕੇ ਉੱਨ ਦੇ ਉਤਪਾਦ ਤਿਆਰ ਕਰ ਰਿਹਾ ਹੈ। ਕੁਝ ਲੋਕ ਕੇਰਲ ਦੀ ਰਵਾਇਤੀ ਕਸਾਵੁ ਕਲਾ ਨੂੰ ਸੰਭਾਲ ਰਹੇ ਹਨ। ਇਸ ਨਾਲ ਸਾਡੀਆਂ ਮਾਵਾਂ-ਭੈਣਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ।

ਸਾਥੀਓ,

ਇੱਕ ਹੋਰ ਵਿਸ਼ਾ, ਜਿਸ ਦਾ ਮੈਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਨਾ ਚਾਹਾਂਗਾ, ਉਹ ਹੈ ਖਾਦੀ। ਅਸੀਂ ਸਾਰੇ ਜਾਣਦੇ ਹਾਂ ਕਿ ਖਾਦੀ ਮਹਾਤਮਾ ਗਾਂਧੀ ਨੂੰ ਬਹੁਤ ਪਿਆਰੀ ਸੀ। ਬੀਤੇ ਕੁਝ ਸਾਲਾਂ ਵਿੱਚ ਖਾਦੀ ਕਾਫ਼ੀ ਹਰਮਨਪਿਆਰੀ ਹੋਈ ਹੈ। ਪਿਛਲੇ 12 ਸਾਲਾਂ ਵਿੱਚ ਇਸ ਦੀ ਵਿਕਰੀ 6 ਗੁਣਾ ਵਧੀ ਹੈ। ਵਿਕਰੀ ਦਾ ਇਹ ਅੰਕੜਾ ਹੁਣ 8,000 ਕਰੋੜ ਰੁਪਏ ਦੇ ਕਰੀਬ ਪਹੁੰਚ ਚੁੱਕਾ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਆਉਣ ਵਾਲੇ ਤਿਉਹਾਰਾਂ ਵਿੱਚ ਖਾਦੀ ਦਾ ਕੋਈ ਨਾ ਕੋਈ, ਹੱਥਖੱਡੀ ਦਾ ਕੋਈ ਨਾ ਕੋਈ ਅਤੇ ਹੱਥਕਲਾ ਦਾ ਕੋਈ ਨਾ ਕੋਈ ਉਤਪਾਦ ਜ਼ਰੂਰ ਖਰੀਦੋ।

ਮੇਰੇ ਪਿਆਰੇ ਦੇਸ਼-ਵਾਸੀਓ,

ਜੇ ਤੁਹਾਨੂੰ ਪੁੱਛਿਆ ਜਾਵੇ ਕਿ ਭਾਰਤ ਵਿੱਚ ਕਿੰਨੇ ਤਰ੍ਹਾਂ ਦੇ ਸੰਗੀਤਕ ਸਾਜ਼ ਹਨ, ਤਾਂ ਤੁਸੀਂ ਸੋਚ ਵਿੱਚ ਪੈ ਜਾਓਗੇ। ਅਜਿਹਾ ਇਸ ਲਈ, ਕਿਉਂਕਿ ਸਾਡੇ ਇੱਥੇ ਬਹੁਤ ਸਾਰੇ ਸੰਗੀਤਕ ਸਾਜ਼ ਅਤੇ ਉਨ੍ਹਾਂ ਨਾਲ ਜੁੜੀਆਂ ਪਰੰਪਰਾਵਾਂ ਹਨ। ਇਸੇ ਤਰ੍ਹਾਂ ਦਾ ਇੱਕ ਸਾਜ਼ ਹੈ - ਤ੍ਰਿਪੁਰਾ ਦਾ ਚੌਂਗਪ੍ਰੇਂਗ। ਇਹ ਉੱਥੋਂ ਦੇ ਕਬਾਇਲੀ ਭਾਈਚਾਰੇ ਵਿੱਚ ਕਾਫ਼ੀ ਹਰਮਨਪਿਆਰਾ ਹੈ। ਬਾਂਸ ਨਾਲ ਬਣੇ ਇਸ ਸੰਗੀਤਕ ਸਾਜ਼ ਵਿੱਚ ਤਿੰਨ ਤਾਰਾਂ ਹੁੰਦੀਆਂ ਹਨ। ਇਸ ਵਿੱਚੋਂ ਨਿਕਲਣ ਵਾਲੀ ਧੁਨ ਬਹੁਤ ਮਿੱਠੀ ਹੁੰਦੀ ਹੈ, ਜੋ ਸਰੋਦ ਨਾਲ ਮਿਲਦੀ-ਜੁਲਦੀ ਹੈ। ਕੁਝ ਕਾਰਨਾਂ ਕਰਕੇ ਨੌਜਵਾਨਾਂ ਵਿੱਚ ਇਸ ਦੀ ਹਰਮਨਪਿਆਰਤਾ ਘੱਟ ਹੋਣ ਲੱਗੀ ਸੀ। ਅਜਿਹੇ ਵਿੱਚ ਸੂਰਜ ਕੁਮਾਰ ਦੇਬਬਰਮਾ ਜੀ ਨੇ ਇਸ ਨੂੰ ਮੁੜ ਹਰਮਨ-ਪਿਆਰਾ ਬਣਾਉਣ ਦਾ ਸੰਕਲਪ ਲਿਆ। ਅੱਜ ਉਨ੍ਹਾਂ ਦਾ ਯਤਨ ਰੰਗ ਲਿਆ ਰਿਹਾ ਹੈ। ਉਹ ਚੌਂਗਪ੍ਰੇਂਗ ਦੇ ਨਾਲ-ਨਾਲ ਉੱਥੋਂ ਦੇ ਹੋਰ ਰਵਾਇਤੀ ਸੰਗੀਤਕ ਸਾਜ਼ਾਂ 'ਤੇ ਵੀ ਪੇਸ਼ਕਾਰੀ ਦਿੰਦੇ ਰਹੇ ਹਨ। ਕੋਕਬੋਰੋਕ ਫੋਕ ਗੀਤ, ਬੌਲ ਗੀਤ ਅਤੇ ਬੰਗਾਲੀ ਫੋਕ ਉਨ੍ਹਾਂ ਨੂੰ ਬਹੁਤ ਪਸੰਦ ਹਨ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਲਿੱਪ ਸੁਣਾਉਣਾ ਚਾਹੁੰਦਾ ਹਾਂ। ਇਸ ਸੰਗੀਤ ਨੂੰ ਤੁਸੀਂ ਕਦੇ ਨਹੀਂ ਭੁੱਲ ਪਾਓਗੇ।

(ਸੰਗੀਤ)

ਸਾਥੀਓ,

ਮੈਨੂੰ ਵਿਸ਼ਵਾਸ ਹੈ ਕਿ ਇਸ ਨੂੰ ਸੁਣ ਕੇ ਤੁਹਾਡੇ ਮਨ ਨੂੰ ਬਹੁਤ ਚੰਗਾ ਲੱਗਿਆ ਹੋਵੇਗਾ। ਮੈਨੂੰ ਦੇਬਬਰਮਾ ਜੀ 'ਤੇ ਬਹੁਤ ਮਾਣ ਹੈ। ਰਵਾਇਤੀ ਸੰਗੀਤ ਨੂੰ ਹਰਮਨ-ਪਿਆਰਾ ਬਣਾਉਣ ਦਾ ਉਨ੍ਹਾਂ ਦਾ ਯਤਨ ਬਹੁਤ ਹੀ ਸ਼ਲਾਘਾਯੋਗ ਹੈ। ਮੇਰੀ ਅਪੀਲ ਹੈ ਕਿ ਤੁਸੀਂ ਵੀ ਆਪਣੇ ਆਲ਼ੇ-ਦੁਆਲ਼ੇ ਦੇ ਰਵਾਇਤੀ ਸੰਗੀਤਕ ਸਾਜ਼ਾਂ ਬਾਰੇ ਜਾਣਕਾਰੀ ਸੋਸ਼ਲ ਮੀਡੀਆ 'ਤੇ ਜ਼ਰੂਰ ਸਾਂਝੀ ਕਰੋ। ਤੁਹਾਡਾ ਇਹ ਯਤਨ ਹੋਰਨਾਂ ਨੂੰ ਵੀ ਰਵਾਇਤੀ ਭਾਰਤੀ ਸੰਗੀਤ ਨਾਲ ਜ਼ਰੂਰ ਜੋੜੇਗਾ।

ਮੇਰੇ ਪਿਆਰੇ ਦੇਸ਼-ਵਾਸੀਓ,

ਕੱਲ੍ਹ 27 ਜੁਲਾਈ ਨੂੰ ਭਾਰਤ ਰਤਨ ਡਾ. ਏ.ਪੀ.ਜੇ. ਅਬਦੁਲ ਕਲਾਮ ਜੀ ਦੀ ਬਰਸੀ ਹੈ। ਡਾ. ਕਲਾਮ ਦੀ ਸ਼ਖ਼ਸੀਅਤ ਦੇ ਕਈ ਪ੍ਰੇਰਣਾਦਾਇਕ ਰੂਪ ਸਨ, ਪਰ ਉਨ੍ਹਾਂ ਦੇ ਦਿਲ ਦੇ ਸਭ ਤੋਂ ਨੇੜੇ ਇੱਕ ਅਧਿਆਪਕ ਦੀ ਭੂਮਿਕਾ ਸੀ। ਉਹ ਬੱਚਿਆਂ ਅਤੇ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕਰਦੇ ਸਨ। ਸੰਯੋਗ ਨਾਲ, ਇਸੇ ਹਫ਼ਤੇ ਅਸੀਂ ਗੁਰੂ ਪੂਰਨਿਮਾ ਦਾ ਪਾਵਨ ਤਿਉਹਾਰ ਮਨਾਵਾਂਗੇ। ਸਾਡੇ ਮਾਤਾ-ਪਿਤਾ ਸਾਡੇ ਪਹਿਲੇ ਗੁਰੂ ਹੁੰਦੇ ਹਨ। ਸਕੂਲ ਦੇ ਅਧਿਆਪਕ ਸਾਨੂੰ ਅੱਖਰ ਗਿਆਨ ਦਿੰਦੇ ਹਨ। ਗੁਰੂ ਪੂਰਨਿਮਾ ਅਜਿਹੇ ਸਾਰੇ ਗੁਰੂਆਂ ਪ੍ਰਤੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਦਾ ਮੌਕਾ ਹੈ। ਮੈਂ ਦੇਸ਼ ਦੇ ਸਾਰੇ ਅਧਿਆਪਕਾਂ ਅਤੇ ਗੁਰੂਜਨਾਂ ਨੂੰ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ।

ਸਾਥੀਓ,

ਕੁਝ ਹੀ ਹਫ਼ਤਿਆਂ ਬਾਅਦ ਅਸੀਂ ਆਪਣੀ ਆਜ਼ਾਦੀ ਦਾ ਮਹਾਪੁਰਬ ਵੀ ਮਨਾਵਾਂਗੇ। 15 ਅਗਸਤ ਹਰ ਭਾਰਤੀ ਲਈ ਮਾਣ ਦਾ ਦਿਨ ਹੈ। ਇਹ ਉਨ੍ਹਾਂ ਅਣਗਿਣਤ ਬਹਾਦਰਾਂ ਨੂੰ ਯਾਦ ਕਰਨ ਦਾ ਦਿਨ ਹੈ, ਜਿਨ੍ਹਾਂ ਨੇ ਭਾਰਤ ਮਾਤਾ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਸਮਰਪਿਤ ਕਰ ਦਿੱਤਾ। ਉਨ੍ਹਾਂ ਦੇ ਤਿਆਗ ਅਤੇ ਤਪੱਸਿਆ ਦੀ ਬਦੌਲਤ ਅੱਜ ਸਾਡੇ ਹੱਥ ਵਿੱਚ ਤਿਰੰਗਾ ਹੈ। ਇਸ ਤਿਰੰਗੇ ਵਿੱਚ ਸਾਡੇ ਸੰਵਿਧਾਨ ਦੇ ਆਦਰਸ਼ ਹਨ।

ਸਾਥੀਓ,

ਪਿਛਲੇ ਕੁਝ ਸਾਲਾਂ ਵਿੱਚ ਹਰ ਘਰ ਤਿਰੰਗਾ ਅਭਿਆਨ ਨੇ ਪੂਰੇ ਦੇਸ਼ ਨੂੰ ਇੱਕ ਅਦਭੁੱਤ ਭਾਵਨਾ ਨਾਲ ਜੋੜਿਆ ਹੈ। ਹਰ ਘਰ, ਹਰ ਗਲੀ ਵਿੱਚ ਤਿਰੰਗੇ ਦਾ ਉਤਸਵ ਦਿਖਾਈ ਦਿੰਦਾ ਹੈ। ਇਸ ਸਾਲ ਵੀ ਅਸੀਂ ਹਰ ਘਰ ਤਿਰੰਗਾ ਅਭਿਆਨ ਨੂੰ ਪੂਰੇ ਉਤਸ਼ਾਹ ਨਾਲ ਅੱਗੇ ਵਧਾਉਣਾ ਹੈ। ਆਪਣੇ ਘਰ 'ਤੇ ਪੂਰੇ ਸਨਮਾਨ ਨਾਲ ਤਿਰੰਗਾ ਲਹਿਰਾਉਣਾ ਹੈ।

ਸਾਥੀਓ,

ਹਰ ਸਾਲ 15 ਅਗਸਤ ਤੋਂ ਪਹਿਲਾਂ ਤੁਸੀਂ ਮੈਨੂੰ ਬਹੁਤ ਸਾਰੇ ਵਿਚਾਰ ਅਤੇ ਸੁਝਾਅ ਭੇਜਦੇ ਹੋ। ਇਸ ਸਾਲ ਵੀ ਤੁਸੀਂ ਆਪਣੇ ਵਿਚਾਰ ਮਾਈਗੌਵ 'ਤੇ ਜ਼ਰੂਰ ਸਾਂਝੇ ਕਰੋ। ਮੈਨੂੰ ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ।

ਸਾਥੀਓ,*

‘ਮਨ ਕੀ ਬਾਤ’ ਵਿੱਚ ਅੱਜ ਏਨਾ ਹੀ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ, ਦੇਸ਼-ਵਾਸੀਆਂ ਦੀਆਂ ਅਨੇਕਾਂ ਨਵੀਆਂ ਪ੍ਰਾਪਤੀਆਂ ਅਤੇ ਪ੍ਰੇਰਣਾਦਾਇਕ ਯਤਨਾਂ ਦੇ ਨਾਲ। ਉਦੋਂ ਤੱਕ ਲਈ ਮੈਨੂੰ ਆਗਿਆ ਦਿਓ।

ਬਹੁਤ-ਬਹੁਤ ਧੰਨਵਾਦ। ਨਮਸਕਾਰ।

**********

ਐਮਜੇਪੀਐਸ/ਐਸਟੀ/ਵੀਕੇ


(रिलीज़ आईडी: 2289734) आगंतुक पटल : 5
इस विज्ञप्ति को इन भाषाओं में पढ़ें: Odia , Urdu , Telugu , Manipuri , English , हिन्दी , Marathi , Bengali , Bengali-TR , Assamese , Gujarati , Tamil , Kannada , Malayalam