ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਉੱਤਰੀ ਮੈਸੇਡੋਨੀਆ ਦੀ ਸੰਸਦ ਨੂੰ ਸੰਬੋਧਨ ਕੀਤਾ


ਸਾਡੇ ਸੰਸਦ ਮੈਂਬਰਾਂ ਵਿਚਕਾਰ ਆਪਸੀ ਗੱਲਬਾਤ ਅਤੇ ਸੰਵਾਦ ਨਾਲ ਅਜਿਹਾ ਸੰਸਥਾਗਤ ਵਿਸ਼ਵਾਸ ਬਣਦਾ ਹੈ, ਜੋ ਸਿਆਸੀ ਦੌਰ ਬਦਲਣ ਤੋਂ ਬਾਅਦ ਵੀ ਕਾਇਮ ਰਹਿੰਦਾ ਹੈ: ਰਾਸ਼ਟਰਪਤੀ ਦ੍ਰੌਪਦੀ ਮੁਰਮੂ

ਭਾਰਤ ਦੁਵੱਲੇ ਪੱਧਰ ’ਤੇ ਅਤੇ ਪੂਰੇ ਖੇਤਰ ਵਿੱਚ ਆਪਣੇ ਸਹਿਯੋਗ ਨੂੰ ਹੋਰ ਵਧਾਉਣ ਲਈ ਵਚਨਬੱਧ ਹੈ: ਰਾਸ਼ਟਰਪਤੀ ਦ੍ਰੌਪਦੀ ਮੁਰਮੂ

Posted On: 21 JUL 2026 8:53PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (21 ਜੁਲਾਈ, 2026) ਸਕੋਪਜੇ ਵਿੱਚ ਉੱਤਰੀ ਮੈਸੇਡੋਨੀਆ ਦੀ ਰਾਸ਼ਟਰਪਤੀ ਮਹਾਮਹਿਮ ਡਾ. ਗੋਰਦਾਨਾ ਸਿਲਜਾਨੋਵਸਕਾ-ਦਾਵਕੋਵਾ ਦੀ ਮੌਜੂਦਗੀ ਵਿੱਚ ਉੱਥੋਂ ਦੀ ਸੰਸਦ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ।

ਇਸ ਮੌਕੇ ’ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਉੱਤਰੀ ਮੈਸੇਡੋਨੀਆ ਗਣਰਾਜ ਨੂੰ ਕੋਈ  ਦੂਰ ਦਾ ਦੇਸ਼ ਨਹੀਂ, ਸਗੋਂ ਇੱਕ ਸਥਿਰ, ਬਹੁਧਰੁਵੀ ਅਤੇ ਖ਼ੁਸ਼ਹਾਲ ਵਿਸ਼ਵ ਭਵਿੱਖ ਦੇ ਨਿਰਮਾਣ ਵਿੱਚ ਇੱਕ ਮਹੱਤਵਪੂਰਨ ਥੰਮ੍ਹ ਮੰਨਦਾ ਹੈ। ਸਾਡੇ ਸਬੰਧਾਂ ਦੀ ਸ਼ੁਰੂਆਤ ਦੋ ਹਜ਼ਾਰ ਸਾਲਾਂ ਤੋਂ ਵੀ ਪਹਿਲਾਂ ਹੋਈ ਸੀ । ਇਸ ਖੇਤਰ ਦੇ ਯੋਧਿਆਂ ਅਤੇ ਵਪਾਰੀਆਂ ਦੀਆਂ ਇਤਿਹਾਸਕ ਯਾਤਰਾਵਾਂ ਨੇ ਵਪਾਰ, ਦਰਸ਼ਨ (ਫ਼ਲਸਫ਼ੇ) ਅਤੇ ਕਲਾ ਲਈ ਮਹੱਤਵਪੂਰਨ ਰਸਤੇ ਖੋਲ੍ਹੇ, ਜਿਸ ਨਾਲ ਸਾਡੀਆਂ ਮੁੱਢਲੀਆਂ ਸਭਿਅਤਾਵਾਂ ਆਪਸ ਵਿੱਚ ਜੁੜੀਆਂ।

ਰਾਸ਼ਟਰਪਤੀ ਨੇ ਕਿਹਾ ਕਿ ਲੋਕਤੰਤਰ ਸਿਰਫ਼ ਸ਼ਾਸਨ ਚਲਾਉਣ ਦੀ ਵਿਵਸਥਾ ਨਹੀਂ ਹੈ, ਸਗੋਂ ਭਾਰਤ ਅਤੇ ਉੱਤਰੀ ਮੈਸੇਡੋਨੀਆ ਨੂੰ ਜੋੜਨ ਵਾਲਾ ਇੱਕ ਸਾਂਝਾ ਵਿਸ਼ਵਾਸ ਹੈ। ਸਾਡੀਆਂ ਸੰਸਦਾਂ ਜਨਤਾ ਦੀ ਆਜ਼ਾਦੀ ਦੀਆਂ ਰੱਖਿਅਕ ਹਨ, ਕਾਨੂੰਨ ਬਣਾਉਣ ਵਾਲੀਆਂ ਸੰਸਥਾਵਾਂ ਅਤੇ ਸਾਡੀ ਰਾਸ਼ਟਰੀ ਚੇਤਨਾ ਦਾ ਸ਼ੀਸ਼ਾ ਹਨ । ਇਹੀ ਕਾਰਨ ਹੈ ਕਿ ਸੰਸਦੀ ਕੂਟਨੀਤੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸਾਡੇ ਸੰਸਦ ਮੈਂਬਰਾਂ ਵਿਚਕਾਰ ਆਪਸੀ ਗੱਲਬਾਤ ਅਤੇ ਸੰਵਾਦ ਨਾਲ ਅਜਿਹਾ ਸੰਸਥਾਗਤ ਵਿਸ਼ਵਾਸ ਬਣਦਾ ਹੈ, ਜੋ ਸਿਆਸੀ ਦੌਰ ਬਦਲਣ ਤੋਂ ਬਾਅਦ ਵੀ ਕਾਇਮ ਰਹਿੰਦਾ ਹੈ। ਉਨ੍ਹਾਂ ਨੇ ਨੌਜਵਾਨ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਨਵੀਂ ਦਿੱਲੀ ਅਤੇ ਸਕੋਪਜੇ ਵਿਚਕਾਰ ਯਾਤਰਾ ਕਰਨ ਅਤੇ ਸੰਸਦੀ ਕਾਰਜਪ੍ਰਣਾਲੀ ਅਤੇ ਲੋਕ ਨੀਤੀ ਨਿਰਮਾਣ ਨਾਲ ਸਬੰਧਤ ਵਧੀਆ ਕਾਰਜ-ਪ੍ਰਣਾਲੀਆਂ ਨੂੰ ਸਾਂਝਾ ਕਰਨ ।

ਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ ਵਿਸ਼ਵ-ਵਿਆਪੀ ਰਾਜਨੀਤਿਕ ਅਤੇ ਆਰਥਿਕ ਸ਼ਕਤੀ ਦਾ ਕੇਂਦਰ ਬਦਲ ਰਿਹਾ ਹੈ। ਇਸ ਨਵੇਂ ਯੁੱਗ ਵਿੱਚ, ਭਾਰਤ ਦੱਖਣ-ਪੂਰਬੀ ਯੂਰਪ ਨੂੰ ਹਾਸ਼ੀਏ ’ਤੇ ਧੱਕੇ ਗਏ ਖੇਤਰ ਵਜੋਂ ਨਹੀਂ, ਸਗੋਂ ਵਿਕਾਸ ਅਤੇ ਨਵੀਨਤਾ ਦੇ ਇੱਕ ਉੱਭਰਦੇ ਹੋਏ ਖੇਤਰ ਵਜੋਂ ਮੰਨਦਾ ਹੈ। ਉਨ੍ਹਾਂ ਕਿਹਾ ਕਿ ਉੱਤਰੀ ਮੈਸੇਡੋਨੀਆ ਇਸ ਪਰਿਵਰਤਨ ਦੇ ਕੇਂਦਰ ਵਿੱਚ ਸਥਿਤ ਹੈ। ਇਹ ਭੂ-ਮੱਧ ਸਾਗਰ ਨੂੰ ਮੱਧ ਯੂਰਪ ਅਤੇ ਪੂਰਬ ਨੂੰ ਪੱਛਮ ਨਾਲ ਜੋੜਨ ਵਾਲਾ ਇੱਕ ਮਹੱਤਵਪੂਰਨ ਪ੍ਰਵੇਸ਼ ਦੁਆਰ ਹੈ। ਉਨ੍ਹਾਂ ਕਿਹਾ ਕਿ ਭਾਰਤ ਨਵੇਂ ਵਪਾਰ ਅਤੇ ਨਿਵੇਸ਼ ਦੇ ਮੌਕਿਆਂ ਰਾਹੀਂ ਦੁਵੱਲੇ ਪੱਧਰ ’ਤੇ ਅਤੇ ਪੂਰੇ ਖੇਤਰ ਵਿੱਚ ਆਪਣੀ ਸ਼ਮੂਲੀਅਤ ਨੂੰ ਵਧਾਉਣ ਲਈ ਵਚਨਬੱਧ ਹੈ।

ਰਾਸ਼ਟਰਪਤੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕੋਈ ਵੀ ਦੇਸ਼ ਇਕੱਲੇ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਰਤ ਦੀ ਪ੍ਰਾਚੀਨ ਸੱਭਿਅਤਾਵਾਦੀ ਜੀਵਨ-ਦ੍ਰਿਸ਼ਟੀ “ਵਸੁਧੈਵ ਕੁਟੁੰਬਕਮ” ਦੇ ਸਦੀਵੀ ਸਿਧਾਂਤ ’ਤੇ ਅਧਾਰਤ ਹੈ, ਜਿਸਦਾ ਅਰਥ ਹੈ ਕਿ ਸਾਰਾ ਸੰਸਾਰ ਇੱਕ ਪਰਿਵਾਰ ਹੈ। ਅੱਜ, ਜਦੋਂ ਵਿਸ਼ਵ ਸੰਘਰਸ਼ਾਂ ਅਤੇ ਆਰਥਿਕ ਵੰਡ ਦਾ ਸਾਹਮਣਾ ਕਰ ਰਹੇ ਹਾਂ, ਓਦੋਂ ਇਹ ਦ੍ਰਿਸ਼ਟੀਕੋਣ ਸਾਨੂੰ ਕੰਧਾਂ ਖੜ੍ਹੀਆਂ ਕਰਨ ਦੀ ਬਜਾਏ ਆਪਸੀ ਸਹਿਯੋਗ ਅਤੇ ਵਿਸ਼ਵਾਸ ਦੇ ਪੁਲ ਬਣਾਉਣ ਦੀ ਪ੍ਰੇਰਨਾ ਦਿੰਦੀ ਹੈ ।  ਉਨ੍ਹਾਂ ਕਿਹਾ ਕਿ ਇਤਿਹਾਸ ਨਾਲ ਜੁੜੇ ਹੋਏ  ਉੱਜਵਲ ਭਵਿੱਖ ਦੀ ਸਾਂਝੀ ਦ੍ਰਿਸ਼ਟੀ ਰੱਖਣ ਵਾਲੇ ਦੋ ਲੋਕਤੰਤਰੀ ਦੇਸ਼ਾਂ ਵਜੋਂ ਸਾਨੂੰ ਮਿਲ ਕੇ ਅਜਿਹਾ ਰਸਤਾ ਚੁਣਨਾ ਚਾਹੀਦਾ ਹੈ, ਜੋ ਸਾਡੇ ਲੋਕਾਂ ਲਈ ਸ਼ਾਂਤੀ ਅਤੇ ਖ਼ੁਸ਼ਹਾਲੀ ਲਿਆਵੇ।

ਇਸ ਮੌਕੇ ’ਤੇ ਸ਼੍ਰੀਮਤੀ ਨਿਮੂਬੇਨ ਜਯੰਤੀਭਾਈ ਬਾਂਭਣੀਆ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਡਾ. ਦਿਨੇਸ਼ ਸ਼ਰਮਾ, ਰਾਜ ਸਭਾ ਮੈਂਬਰ ਅਤੇ ਸ਼੍ਰੀ ਵਿਜੇ ਬਘੇਲ, ਲੋਕ ਸਭਾ ਮੈਂਬਰ ਮੌਜੂਦ ਸਨ।

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।

*****

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2288985) ਵਿਜ਼ੀਟਰ ਕਾਊਂਟਰ : 51