ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਭਾਰਤ ਨੇ ਜਿਨੇਵਾ ਵਿੱਚ WTO ਵਿੱਚ ਆਪਣੀ 8ਵੀਂ ਵਪਾਰ ਨੀਤੀ ਸਮੀਖਿਆ ਸੰਪੰਨ ਕੀਤੀ


ਵਣਜ ਸਕੱਤਰ ਨੇ ਇੱਕ ਖੁੱਲੀ, ਪਾਰਦਰਸ਼ੀ ਅਤੇ WTO- ਅਨੁਕੂਲ ਵਪਾਰ ਵਿਵਸਥਾ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ

WTO ਦੇ 68 ਮੈਬਰ ਦੇਸ਼ਾਂ ਨੇ ਭਾਰਤ ਦੀ ਵਪਾਰ ਨੀਤੀ ਸਮੀਖਿਆ ਵਿੱਚ ਹਿੱਸਾ ਲਿਆ, ਜੋ ਭਾਰਤ ਦੇ ਆਰਥਿਕ ਬਦਲਾਅ ਵਿੱਚ ਦੁਨੀਆ ਦੀ ਡੂੰਘੀ ਦਿਲਚਸਪੀ ਨੂੰ ਦਰਸਾਉਂਦਾ ਹੈ

प्रविष्टि तिथि: 23 JUL 2026 8:49PM by PIB Chandigarh

ਵਿਸ਼ਵ ਵਪਾਰ ਸੰਗਠਨ (WTO) ਵਿੱਚ ਭਾਰਤ ਦੀ 8ਵੀਂ ਵਪਾਰ ਨੀਤੀ ਸਮੀਖਿਆ (ਟੀਪੀਆਰ) ਦਾ ਦੂਜਾ ਅਤੇ ਅੰਤਿਮ ਸੈਸ਼ਨ ਅੱਜ ਜਿਨੇਵਾ ਵਿੱਚ ਸੰਪੰਨ ਹੋਇਆ। ਵਪਾਰ ਨੀਤੀ ਸਮੀਖਿਆ WTO ਦੀ ਇੱਕ ਪ੍ਰਮੁੱਖ ਪਾਰਦਰਸ਼ਿਤਾ ਅਤੇ ਨਿਗਰਾਨੀ ਪ੍ਰਣਾਲੀ ਹੈ, ਜਿਸ ਦੇ ਤਹਿਤ ਮੈਂਬਰਾਂ ਦੀ ਵਪਾਰਕ ਅਤੇ ਸਬੰਧਿਤ ਨੀਤੀਆਂ ਦਾ ਸਮੇਂ-ਸਮੇਂ ‘ਤੇ ਪਰੀਖਣ ਕੀਤਾ ਜਾਂਦਾ ਹੈ ਤਾਂ ਜੋ ਪਾਰਦਰਸ਼ਿਤਾ ਵਧਾਈ ਜਾ ਸਕੇ, WTO ਦੇ ਨਿਯਮਾਂ ਦੀ ਪਾਲਣਾ ਮਜ਼ਬੂਤ ਕੀਤੀ ਜਾ ਸਕੇ ਅਤੇ ਮੈਂਬਰਾਂ ਦਰਮਿਆਨ ਰਚਨਾਤਮਕ ਸੰਵਾਦ ਨੂੰ ਅਸਾਨ ਬਣਾਇਆ ਜਾ ਸਕੇ। 

8ਵੀਂ ਵਪਾਰ ਨੀਤੀ ਸਮੀਖਿਆ ਲਈ ਭਾਰਤ ਦੇ ਅਧਿਕਾਰਤ ਵਫ਼ਦ ਦੀ ਅਗਵਾਈ ਵਣਜ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਕੀਤੀ। WTO ਦੇ ਮੈਂਬਰ ਦੇਸ਼ਾਂ ਨੂੰ ਦਿੱਤੇ ਗਏ ਆਪਣੇ ਸਮਾਪਤੀ ਭਾਸ਼ਣ ਵਿੱਚ, ਵਣਜ ਸਕੱਤਰ ਨੇ ਮੈਂਬਰਾਂ ਦੀ ਸਰਗਰਮ ਭਾਗੀਦਾਰੀ ਅਤੇ ਭਾਰਤ ਦੀ ਵਪਾਰ ਨੀਤੀਆਂ ਵਿੱਚ ਦਿਖਾਈ ਗਈ ਡੂੰਘੀ ਦਿਲਚਸਪੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਗੱਲ ਨੂੰ ਦੁਹਰਾਇਆ ਕਿ ਸੁਧਾਰ ਇੱਕ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ ਅਤੇ ਇੱਕ ਖੁੱਲ੍ਹੀ, ਪਾਰਦਰਸ਼ੀ ਅਤੇ ਅਨੁਮਾਨ ਲਗਾਉਣ ਯੋਗ ਵਪਾਰ ਅਤੇ ਨਿਵੇਸ਼ ਵਿਵਸਥਾ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਟੈਰਿਫ ਸੁਧਾਰਾਂ, ਕਸਟਮ ਪ੍ਰਕਿਰਿਆਵਾਂ ਨੂੰ ਅਸਾਨ ਬਣਾਉਣ ਦੇ ਉਪਾਵਾਂ ਅਤੇ ਮਹੱਤਵਾਕਾਂਖੀ ਮੁਕਤ ਵਪਾਰ ਸਮਝੌਤਾ (ਐੱਫਟੀਏ) ਰਣਨੀਤੀ ਨੇ ਘਰੇਲੂ ਵਿਕਾਸ ਉਦੇਸ਼ਾਂ ਦਾ ਸਮਰਥਨ ਕਰਦੇ ਹੋਏ ਆਲਮੀ ਅਰਥਵਿਵਸਥਾ ਨਾਲ ਦੇਸ਼ ਦੇ ਏਕੀਕਰਣ ਨੂੰ ਲਗਾਤਾਰ ਮਜ਼ਬੂਤ ਕੀਤਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਭਾਰਤ ਆਲਮੀ ਮੰਗ ਦਾ ਇੱਕ ਪ੍ਰਮੁੱਖ ਇੰਜਣ ਬਣਿਆ ਹੋਇਆ ਹੈ। 

ਮੈਂਬਰਾਂ ਦੁਆਰਾ ਚੁੱਕੇ ਗਏ ਮੁੱਦਿਆਂ ਦਾ ਜਵਾਬ ਦਿੰਦੇ ਹੋਏ, ਵਣਜ ਸਕੱਤਰ ਨੇ ਦੁਹਰਾਇਆ ਕਿ ਭਾਰਤ ਦੀ ਵਪਾਰ ਨੀਤੀਆਂ WTO ਨੇ ਨਿਯਮਾਂ ਦੇ ਅਨੁਸਾਰ ਹਨ ਅਤੇ ਨਾਲ ਹੀ ਇੱਕ ਵੱਡੀ ਵਿਕਾਸਸ਼ੀਲ ਅਰਥਵਿਵਸਥਾ ਦੀ ਵਿਕਾਸ ਸਬੰਧੀ ਜ਼ਰੂਰਤਾਂ ਦਾ ਵੀ ਧਿਆਨ ਰੱਖਦੀਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਾ ਖੇਤੀਬਾੜੀ ਟੈਰਿਫ ਢਾਂਚਾ ਲੱਖਾਂ ਛੋਟੇ, ਘੱਟ ਆਮਦਨ ਵਾਲੇ ਅਤੇ ਸਰੋਤਾ ਤੋਂ ਵਾਂਝੇ ਕਿਸਾਨਾਂ ਦੀ ਆਜੀਵਿਕਾ ਦੀ ਰੱਖਿਆ ਕਰਨ, ਨਿਰਪੱਖਤਾ ਅਤੇ ਸਮਾਨਤਾ ਨੂੰ ਯਕੀਨੀ ਬਣਾਉਣ ਲਈ ਬਣਾਇਆ ਗਿਆ ਹੈ। ਉੱਥੇ ਹੀ ਦੂਜੇ ਪਾਸੇ, ਉਦਯੋਗਿਕ ਟੈਰਿਫ ਬਦਲਦੇ ਆਲਮੀ ਆਰਥਿਕ ਮਾਹੌਲ ਵਿੱਚ ਸਪਲਾਈ ਚੇਨ ਦੀ ਮਜ਼ਬੂਤੀ, ਵਿਭਿੰਨਤਾ ਅਤੇ ਘਰੇਲੂ ਨਿਰਮਾਣ ਸਮਰੱਥਾਵਾਂ ਨੂੰ ਹੁਲਾਰਾ ਦਿੰਦਾ ਹੈ। 

ਸਮੀਖਿਆ ਦੌਰਾਨ, ਭਾਰਤ ਨੂੰ WTO ਦੇ 44 ਮੈਂਬਰ ਦੇਸ਼ਾਂ ਤੋਂ 1,094 ਲਿਖਤੀ ਸਵਾਲ ਪ੍ਰਾਪਤ ਹੋਏ। 21 ਅਤੇ 23 ਜੁਲਾਈ 2026 ਨੂੰ ਆਯੋਜਿਤ ਦੋ ਸਮੀਖਿਆ ਸੈਸ਼ਨਾਂ ਦੌਰਾਨ, 68 ਮੈਬਰਾਂ ਨੇ ਆਪਣੀ ਗੱਲ ਰੱਖੀ, ਜੋ ਭਾਰਤ ਦੇ ਆਰਥਿਕ ਬਦਲਾਅ ਅਤੇ ਬਹੁ-ਪੱਖੀ ਵਪਾਰ ਪ੍ਰਣਾਲੀ ਵਿੱਚ ਉਨ੍ਹਾਂ ਦੀ ਭੂਮਿਕਾ ਵਿੱਚ ਵਧਦੀ ਆਲਮੀ ਦਿਲਚਸਪੀ ਨੂੰ ਦਰਸਾਉਂਦਾ ਹੈ। ਕਈ ਮੈਂਬਰ ਦੇਸ਼ਾਂ ਨੇ ਭਾਰਤ ਨਾਲ ਆਪਣੇ ਵਪਾਰਕ ਅਤੇ ਆਰਥਿਕ ਸਬੰਧਾਂ ਦੇ ਮਹੱਤਵ ਨੂੰ ਯਾਦ ਕੀਤਾ ਅਤੇ ਬਹੁ-ਪੱਖੀ ਵਪਾਰ ਪ੍ਰਣਾਲੀ ਵਿੱਚ ਭਾਰਤ ਦੇ ਰਚਨਾਤਮਕ ਯੋਗਦਾਨ ਅਤੇ ਇਸ ਦੀ ਮਜ਼ਬੂਤ ਆਰਥਿਕ ਸਹਿਣਸ਼ਕਤੀ ਦੀ ਵਿਆਪਕ ਤੌਰ ‘ਤੇ ਸ਼ਲਾਘਾ ਕੀਤੀ। ਮੈਂਬਰਾਂ ਨੇ ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਕਸਟਮ ਅਤੇ ਵਪਾਰ ਸੁਵਿਧਾ ਆਧੁਨਿਕੀਕਰਣ, ਨਵੀਨਤਾ ਅਤੇ ਸਟਾਰਟਅੱਪ ਪਹਿਲਕਦਮੀਆਂ, ਖੇਤਰੀ ਵਪਾਰ ਸਮਝੌਤਿਆਂ ਦੇ ਵਿਸਤਾਰ ਅਤੇ ਐੱਮਐੱਸਐੱਮਈ ਨੂੰ ਆਲਮੀ ਮੁੱਲ ਲੜੀਆਂ ਵਿੱਚ ਏਕੀਕ੍ਰਿਤ ਕਰਨ ਦੇ ਯਤਨਾਂ ਵਿੱਚ ਭਾਰਤ ਦੀਆਂ ਉਪਲਬਧੀਆਂ ਨੂੰ ਵੀ ਉਜਾਗਰ ਕੀਤਾ, ਨਾਲ ਹੀ ਉਨ੍ਹਾਂ ਨੇ ਮੱਛੀ ਪਾਲਣ ਸਬਸਿਡੀ ‘ਤੇ WTO ਸਮਝੌਤੇ ਦੀ ਭਾਰਤ ਦੁਆਰਾ ਮਨਜ਼ੂਰੀ ਦਾ ਵੀ ਸਵਾਗਤ ਕੀਤਾ। 

ਸੈਨੇਟਰੀ ਅਤੇ ਫਾਈਟੋਸੈਨੇਟਰੀ ਉਪਾਵਾਂ (ਸਵੱਛਤਾ ਅਤੇ ਬਨਸਪਤੀ ਸਵੱਛਤਾ ਉਪਾਅ), ਤਕਨੀਕੀ ਨਿਯਮਾਂ ਅਤੇ ਵਪਾਰ ਉਪਾਵਾਂ ਦੇ ਮਾਮਲਿਆਂ ਵਿੱਚ, ਵਣਜ ਸਕੱਤਰ ਨੇ ਪਾਰਦਰਸ਼ਿਤਾ, ਸਬੰਧਿਤ ਧਿਰਾਂ ਨਾਲ ਗੱਲਬਾਤ ਅਤੇ WTO ਦੇ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਮੁੜ ਤੋਂ ਦੁਹਰਾਇਆ। ਉਨ੍ਹਾਂ ਕਿਹਾ ਕਿ ਭਾਰਤ ਦੇ ਗੁਣਵੱਤਾ ਨਿਯੰਤਰਣ ਆਦੇਸ਼ਾਂ ਦਾ ਉਦੇਸ਼ ਸਹੀਂ ਜਨਤਕ ਨੀਤੀ ਦੇ ਟੀਚਿਆਂ ਨੂੰ ਹਾਸਲ ਕਰਨਾ ਹੈ, ਜਦੋਂ ਕਿ ਵਪਾਰਕ ਉਪਾਵਾਂ ਦੀ ਜਾਂਚ ਪਾਰਦਰਸ਼ੀ ਤਰੀਕੇ ਨਾਲ, ਨਿਰਪੱਖ ਸਬੂਤਾਂ, ਉਚਿਤ ਪ੍ਰਕਿਰਿਆ ਅਤੇ ਨਿਆਇਕ ਨਿਗਰਾਨੀ ਦੇ ਅਧਾਰ ‘ਤੇ ਕੀਤੀ ਜਾਂਦੀ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਭਾਰਤ ਦੇ ਵਪਾਰਕ ਉਪਾਵਾਂ ਦਾ ਕੁੱਲ ਦਾਇਰਾ ਸੀਮਤ ਹੈ ਅਤੇ ਭਾਰਤ ਆਪਣੇ ਐਂਟੀ-ਡੰਪਿੰਗ ਫਰੇਮਵਰਕ ਵਿੱਚ 'ਲੇਸਰ ਡਿਊਟੀ ਰੂਲ' ਲਾਗੂ ਕਰਦਾ ਰਹਿੰਦਾ ਹੈ।

ਵਣਜ ਸਕੱਤਰ ਨੇ ਟਿਕਾਊ ਵਿਕਾਸ, ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਣ, ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਬੌਧਿਕ ਸੰਪਤੀ ਸੁਧਾਰਾਂ, ਸੇਵਾਵਾਂ ਵਪਾਰ, ਨਿਵੇਸ਼ ਨੂੰ ਅਸਾਨ ਬਣਾਉਣ ਅਤੇ 'ਈਜ਼ ਆਫ ਡੂਇੰਗ' ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੇ ਨਿਰੰਤਰ ਯਤਨਾਂ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਵਿੱਤੀ ਸਮਾਵੇਸ਼, ਡਿਜੀਟਲ ਵਣਜ, ਲੌਜਿਸਟਿਕਸ ਦੇ ਆਧੁਨਿਕੀਕਰਣ ਅਤੇ ਵਾਤਾਵਰਣ ਸਥਿਰਤਾ ਵਿੱਚ ਭਾਰਤ ਦੀ ਮਹੱਤਵਪੂਰਨ ਪ੍ਰਗਤੀ ਦਾ ਜ਼ਿਕਰ ਕੀਤਾ, ਨਾਲ ਹੀ ਇੱਕ ਸਮਾਵੇਸ਼ੀ ਅਤੇ ਨਵੀਨਤਾ-ਅਧਾਰਿਤ ਵਿਕਾਸ ਮਾਡਲ ਪ੍ਰਤੀ ਦੇਸ਼ ਦੀ ਵਚਨਬੱਧਤਾ ਨੂੰ ਦੁਹਰਾਇਆ।

WTO ਸੁਧਾਰਾਂ ‘ਤੇ, ਵਣਜ ਸਕੱਤਰ ਨੇ ਇੱਕ ਖੁੱਲ੍ਹੀ, ਸਮਾਵੇਸ਼ੀ, ਪਾਰਦਰਸ਼ੀ ਅਤੇ ਨਿਯਮ-ਅਧਾਰਿਤ ਬਹੁਪੱਖੀ ਵਪਾਰ ਪ੍ਰਣਾਲੀ ਪ੍ਰਤੀ ਭਾਰਤ ਦੀ ਮਜ਼ਬੂਤ ​​ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ WTO ਸੁਧਾਰਾਂ ਨੂੰ ਵਿਕਾਸ-ਮੁਖੀ ਹੋਣਾ ਚਾਹੀਦਾ ਹੈ, ਵਿਕਾਸਸ਼ੀਲ ਦੇਸ਼ਾਂ ਲਈ ਪਾਲਿਸੀ ਸਪੇਸ ਨੂੰ ਬਣਾਏ ਰੱਖਣਾ ਚਾਹੀਦਾ ਹੈ, ਸੰਗਠਨ ਦੀ ਭਰੋਸੇਯੋਗਤਾ ਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ ਅਤੇ ਮੌਜੂਦਾ ਜਨਾਦੇਸ਼ਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਭਾਰਤ ਨੇ WTO ਦੇ ਬੁਨਿਆਦੀ ਸਿਧਾਂਤਾਂ ਨੂੰ ਸੁਰੱਖਿਅਤ ਰੱਖਦੇ ਹੋਏ ਬਹੁਪੱਖੀ ਵਪਾਰ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਲਈ ਸਾਰੇ ਮੈਂਬਰਾਂ ਨਾਲ ਰਚਨਾਤਮਕ ਤੌਰ 'ਤੇ ਜੁੜਨ ਦੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ।

ਵਣਜ ਸਕੱਤਰ ਨੇ ਸਮੀਖਿਆ ਪ੍ਰਕਿਰਿਆ ਦੌਰਾਨ, ਸ਼ਾਨਦਾਰ ਅਗਵਾਈ ਅਤੇ ਕੀਮਤੀ ਯੋਗਦਾਨ ਲਈ ਵਪਾਰ ਨੀਤੀ ਸਮੀਖਿਆ ਸੰਸਥਾ ਦੇ ਚੇਅਰਮੈਨ, ਸਮੋਆ ਦੇ ਰਾਜਦੂਤ ਨੇਲਾ ਪੇਪੇ ਤਵੀਤਾ-ਲੇਵੀ (Nella Pepe Tavita-Levy) ਅਤੇ ਵਿਚਾਰ-ਵਟਾਂਦਰੇ ਵਿੱਚ ਸ਼ਾਮਲ, ਬ੍ਰਾਜ਼ੀਲ ਦੇ ਰਾਜਦੂਤ ਗੁਇਲਹਰਮੇ ਡੀ ਅਗੁਆਰ ਪੈਟ੍ਰੀਯੋਟਾ (Guilherme de Aguiar Patriota) ਦਾ ਆਭਾਰ ਪ੍ਰਗਟ ਕੀਤਾ। ਉਨ੍ਹਾਂ ਨੇ ਭਾਰਤ ਦੀ 8ਵੀਂ ਵਪਾਰ ਨੀਤੀ ਸਮੀਖਿਆ ਦੇ ਸਫਲ ਸਮਾਪਨ ਨੂੰ ਯਕੀਨੀ ਬਣਾਉਣ ਵਿੱਚ ਸਮਰਪਿਤ ਯਤਨਾਂ ਲਈ WTO ਸਕੱਤਰੇਤ, WTO ਦੇ ਮੈਂਬਰ ਦੇਸ਼ਾਂ ਅਤੇ ਜਿਨੇਵਾ ਅਤੇ ਨਵੀਂ ਦਿੱਲੀ ਸਥਿਤ ਭਾਰਤੀ ਟੀਮਾਂ ਦਾ ਵੀ ਧੰਨਵਾਦ ਕੀਤਾ।

ਸਮੀਖਿਆ ਨੂੰ ਸਮਾਪਤ ਕਰਦੇ ਹੋਏ, ਵਣਜ ਸਕੱਤਰ ਨੇ WTO ਦੇ ਅੰਦਰ ਪਾਰਦਰਸ਼ਿਤਾ, ਸੰਵਾਦ ਅਤੇ ਰਚਨਾਤਮਕ ਜੁੜਾਅ ਪ੍ਰਤੀ ਭਾਰਤ ਦੀ ਅਟੁੱਟ ਵਚਨਬੱਧਤਾ ਨੂੰ ਦੁਹਰਾਇਆ। "ਵਸੁਧੈਵ ਕੁਟੁੰਬਕਮ"- ਪੂਰੀ ਦੁਨੀਆ ਇੱਕ ਪਰਿਵਾਰ ਹੈ - ਦੇ ਭਾਰਤੀ ਦਰਸ਼ਨ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਬਹੁਪੱਖੀ ਵਪਾਰ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਲਈ ਸਾਰੇ ਮੈਂਬਰਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ, ਤਾਂ ਜੋ ਅੰਤਰਰਾਸ਼ਟਰੀ ਵਪਾਰ ਸਾਂਝੀ ਸਮ੍ਰਿੱਧੀ, ਸਮਾਵੇਸ਼ੀ ਵਿਕਾਸ ਅਤੇ ਟਿਕਾਊ ਵਿਕਾਸ ਦੀ ਇੱਕ ਪ੍ਰਮੁੱਖ ਸ਼ਕਤੀ ਬਣਿਆ ਰਹੇ।

ਸਮਾਪਨ ਭਾਸ਼ਣ ਵਿੱਚ, ਚਰਚਾ ਵਿੱਚ ਸ਼ਾਮਲ ਐੱਚ. ਈ. ਗੁਇਲਹਰਮੇ ਡੀ ਅਗੁਆਰ ਪੈਟ੍ਰੀਯੋਟਾ (Guilherme de Aguiar Patriota) (ਬ੍ਰਾਜ਼ੀਲ, ਆਪਣੀ ਨਿਜੀ ਸਮਰੱਥਾ ਨਾਲ) ਨੇ ਕਿਹਾ ਕਿ ਵਿਸ਼ਵਵਿਆਪੀ ਅਨਿਸ਼ਚਿਤਤਾ ਦੇ ਇਸ ਦੌਰ ਵਿੱਚ, ਕਈ ਮੈਂਬਰਾਂ ਨੇ ਉਮੀਦ ਜਤਾਈ ਕਿ ਭਾਰਤ ਗੱਲਬਾਤ ਨੂੰ ਉਤਸ਼ਾਹਿਤ ਕਰਕੇ, ਆਮ ਸਹਿਮਤੀ ਬਣਾ ਕੇ ਅਤੇ ਨਿਯਮ-ਅਧਾਰਿਤ, ਸਮਾਵੇਸ਼ੀ ਅਤੇ ਮਜ਼ਬੂਤ ​​ਬਹੁਪੱਖੀ ਵਪਾਰ ਪ੍ਰਣਾਲੀ ਨੂੰ ਮਜ਼ਬੂਤ ​​ਕਰਕੇ ਇੱਕ ਪੁਲ ਵਜੋਂ ਕੰਮ ਕਰਨਾ ਜਾਰੀ ਰੱਖੇਗਾ। ਉਨ੍ਹਾਂ ਨੇ ‘ਵਿਕਾਸਸ਼ੀਲ ਦੇਸ਼ਾਂ ਲਈ ਪ੍ਰਮੁੱਖ ਆਵਾਜ਼ ਵਜੋਂ ਭਾਰਤ ਦੀ ਵਿਲੱਖਣ ਸਥਿਤੀ ਅਤੇ WTO ਦੇ ਅੰਦਰ ਸਮੂਹਿਕ ਕਾਰਵਾਈ ਨੂੰ ਅੱਗੇ ਵਧਾਉਣ ਲਈ ਮੈਂਬਰਾਂ ਵਿਚਕਾਰ ਮਤਭੇਦਾਂ ਨੂੰ ਦੂਰ ਕਰਨ ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ।

ਵਪਾਰ ਨੀਤੀ ਸਮੀਖਿਆ ਸੰਸਥਾ ਦੇ ਚੈਅਰਮੈਨ, ਸਮੋਆ ਦੀ ਰਾਜਦੂਤ ਨੇਲਾ ਪੇਪੇ ਤਵੀਤਾ-ਲੇਵੀ (Nella Pepe Tavita-Levy) ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ WTO ਦੇ ਮੈਂਬਰ ਦੇਸ਼ਾਂ ਨੇ ਆਲਮੀ ਅਰਥਵਿਵਸਥਾ ਵਿੱਚ ਭਾਰਤ ਦੇ ਵਧਦੇ ਮਹੱਤਵ ਨੂੰ ਵਿਆਪਕ ਤੌਰ ‘ਤੇ ਸਵੀਕਾਰ ਕੀਤਾ ਹੈ ਅਤੇ ਆਲਮੀ ਵਿਕਾਸ ਅਤੇ ਵਪਾਰ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਦੀ ਵਧਦੀ ਭੂਮਿਕਾ ਨੂੰ ਵੀ ਮੰਨਿਆ ਹੈ। ਉਨ੍ਹਾਂ ਨੇ ਮੈਂਬਰਾਂ ਦੁਆਰਾ ਉਠਾਈਆਂ ਗਈਆਂ ਚਿੰਤਾਵਾਂ ਦਾ ਵੀ ਜ਼ਿਕਰ ਕੀਤਾ ਅਤੇ ਆਸ਼ਾ ਪ੍ਰਗਟ ਕੀਤੀ ਕਿ ਭਾਰਤ ਉਨ੍ਹਾਂ ਦਾ ਉਚਿਤ ਸਮਾਧਾਨ ਕਰੇਗਾ। 

ਕੁੱਲ ਮਿਲਾ ਕੇ, ਭਾਰਤ ਦੀ 8ਵੀਂ ਵਪਾਰ ਨੀਤੀ ਸਮੀਖਿਆ ਸਕਾਰਾਤਮਕ ਰਹੀ। ਇਸ ਵਿੱਚ ਬਹੁ-ਪਖੀ ਵਪਾਰ ਪ੍ਰਣਾਲੀ ਵਿੱਚ ਭਾਰਤ ਦੇ ਵਧਦੇ ਮਹੱਤਵ ਅਤੇ ਮੈਂਬਰਾਂ ਦੀ ਇਸ ਉਮੀਦ ‘ਤੇ ਜ਼ੋਰ ਦਿੱਤਾ ਗਿਆ ਕਿ ਭਾਰਤ ਨਿਯਮਾਂ ‘ਤੇ ਅਧਾਰਿਤ ਆਲਮੀ ਵਪਾਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਰਹੇਗਾ। 

***********

ਅਭਿਸ਼ੇਕ ਦਿਆਲ/ਇਸ਼ਿਤਾ ਬਿਸਵਾਸ/ਏਕੇ


(रिलीज़ आईडी: 2288907) आगंतुक पटल : 2
इस विज्ञप्ति को इन भाषाओं में पढ़ें: English , हिन्दी , Gujarati , Tamil , Telugu