ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਈਸੀਏਆਰ ਸੀਐੱਸਆਰ ਕਨਕਲੇਵ 2026 ਵਿੱਚ ਹਿੱਸਾ ਲਿਆ


"ਰਾਸ਼ਟਰ ਸਾਨੂੰ ਸਭ ਕੁਝ ਦਿੰਦਾ ਹੈ; ਸਾਨੂੰ ਵੀ ਬਦਲੇ ਵਿੱਚ ਕੁਝ ਦੇਣਾ ਸਿੱਖਣਾ ਚਾਹੀਦਾ ਹੈ": ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਾਰਪੋਰੇਟ ਸੀਐੱਸਆਰ ਰਾਹੀਂ ਖੇਤੀਬਾੜੀ ਖੋਜ ਨੂੰ ਪ੍ਰਯੋਗਸ਼ਾਲਾਵਾਂ ਤੋਂ ਖੇਤਾਂ ਤੱਕ ਲਿਜਾਣ ਲਈ ਰੋਡਮੈਪ ਤਿਆਰ ਕੀਤਾ

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਟਾਰਟਅੱਪ, ਹੁਨਰ ਵਿਕਾਸ ਅਤੇ ਐਗਰੀ-ਟੈਕ ਰਾਹੀਂ ਖੇਤੀਬਾੜੀ ਨੂੰ ਮਜ਼ਬੂਤ ​​ਕਰਨ ਲਈ ਸੀਐੱਸਆਰ ਸਹਿਯੋਗ ਦੀ ਅਪੀਲ ਕੀਤੀ

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੀਐੱਸਆਰ ਰਾਹੀਂ ਮਹਿਲਾ ਕਿਸਾਨਾਂ, ਸਵੈ-ਸਹਾਇਤਾ ਸਮੂਹਾਂ ਅਤੇ ਗ੍ਰਾਮੀਣ ਉੱਦਮਤਾ ਨੂੰ ਸਸ਼ਕਤ ਬਣਾਉਣ 'ਤੇ ਜ਼ੋਰ ਦਿੱਤਾ

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਸੀਐੱਸਆਰ ਨੂੰ ਭਾਰਤ ਦੀ ਟਰੱਸਟੀਸ਼ਿਪ ਦੀ ਪਰੰਪਰਾ ਨਾਲ ਜੋੜਿਆ ਅਤੇ ਕਾਰਪੋਰੇਟ ਜਗਤ ਨੂੰ ਜਨ-ਕਲਿਆਣ ਲਈ ਸੰਪਤੀ ਸਮਰਪਿਤ ਕਰਨ ਦੀ ਤਾਕੀਦ ਕੀਤੀ

प्रविष्टि तिथि: 15 JUL 2026 6:31PM by PIB Chandigarh

ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਦੁਆਰਾ ਆਯੋਜਿਤ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਕਨਕਲੇਵ 2026 ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਾਰਪੋਰੇਟ ਜਗਤ ਨੂੰ ‘ਟਰੱਸਟੀਸ਼ਿਪ’ ਦੇ ਭਾਰਤੀ ਸਿਧਾਂਤਾਂ ਨੂੰ ਅਪਣਾਉਣ ਅਤੇ ਆਪਣੀ ਕਮਾਈ ਦਾ ਇੱਕ ਹਿੱਸਾ ਕਿਸਾਨਾਂ, ਖੇਤੀਬਾੜੀ ਖੋਜ ਅਤੇ ਗ੍ਰਾਂਮੀਣ ਭਾਈਚਾਰਿਆਂ ਦੀ ਭਲਾਈ ਲਈ ਸਮਰਪਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਕਿ ਰਾਸ਼ਟਰ ਵਿਕਾਸ ਦੇ ਮੌਕੇ ਪ੍ਰਦਾਨ ਕਰਦਾ ਹੈ, ਇਹ ਉਦਯੋਗ ਦੀ ਜ਼ਿੰਮੇਵਾਰੀ ਹੈ ਕਿ ਉਹ ਸੀਐੱਸਆਰ ਰਾਹੀਂ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਵਿੱਚ ਨਿਵੇਸ਼ ਕਰਕੇ ਰਾਸ਼ਟਰ ਨਿਰਮਾਣ ਵਿੱਚ ਇੱਕ ਸਰਗਰਮ ਭਾਈਵਾਲ ਬਣੇ।

ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਖੋਜ ਨੂੰ ਪ੍ਰਯੋਗਸ਼ਾਲਾਵਾਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ "ਸਾਇੰਸ ਤੋਂ ਕਿਸਾਨਾਂ ਤੱਕ" ਇੱਕ ਪੁਲ ਦਾ ਕੰਮ ਕਰਨਾ ਚਾਹੀਦਾ ਹੈ, ਨਾਲ ਹੀ, ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੀਐੱਸਆਰ ਨਿਵੇਸ਼ ਜਲਵਾਯੂ-ਅਨੁਕੂਲ ਖੇਤੀਬਾੜੀ, ਮਿੱਟੀ ਦੀ ਸਿਹਤ, ਪੋਸ਼ਣ-ਸੁਰੱਖਿਅਤ ਭੋਜਨ ਪ੍ਰਣਾਲੀਆਂ, ਖੇਤੀਬਾੜੀ ਨਾਲ ਜੁੜੇ ਹੁਨਰ ਵਿਕਾਸ ਅਤੇ ਮਹਿਲਾ ਕਿਸਾਨਾਂ ਦੇ ਉੱਦਮਤਾ ਵਰਗੇ ਖੇਤਰਾਂ ਵਿੱਚ ਠੋਸ ਪ੍ਰਭਾਵ ਦਿਖਣ।

ਸੀਐੱਸਆਰ ਟਰੱਸਟੀਸ਼ਿਪ ਦੀ ਭਾਵਨਾ ਨੂੰ ਦਰਸਾਉਂਦਾ ਹੈ

ਸ਼੍ਰੀ ਚੌਹਾਨ ਨੇ ਇਸ ਸੰਮੇਲਨ ਨੂੰ ਇੱਕ ਵਿਲੱਖਣ ਪਲੈਟਫਾਰਮ ਦੱਸਿਆ ਜਿੱਥੇ ਕਾਰਪੋਰੇਟ ਜਗਤ ਦੇ ਲੋਕ, ਮੰਤਰੀ, ਵਿਗਿਆਨੀ, ਸਰਕਾਰੀ ਅਧਿਕਾਰੀ ਅਤੇ ਕਿਸਾਨ ਇਕੱਠੇ ਹੋਏ ਸਨ,ਖੇਤੀਬਾੜੀ ਲਈ ਇੱਕ ਸੰਪੂਰਨ ਵੈਲਿਊ ਚੇਨ ਬਣਾਈ। ਮਹਾਤਮਾ ਗਾਂਧੀ ਦੀ ਟਰੱਸਟੀਸ਼ਿਪ ਦੀ ਸੋਚ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਕੋਲ ਧਨ ਹੈ, ਉਹ ਇਸਦੇ ਮਾਲਕ ਨਹੀਂ ਹਨ, ਸਗੋਂ ਇਸਦੇ ਟਰੱਸਟੀ ਹਨ, ਅਤੇ ਉਹ ਧਨ ਅਸਲ ਵਿੱਚ ਸਮਾਜ ਦਾ ਹੈ।

 

ਉਨ੍ਹਾਂ ਕਿਹਾ ਕਿ ਸੀਐੱਸਆਰ ਦੀ ਅਸਲ ਭਾਵਨਾ ਦੇਸ਼ ਅਤੇ ਇਸ ਦੇ ਲੋਕਾਂ ਦੀ ਭਲਾਈ ਲਈ ਕਾਰਪੋਰੇਟ ਕਮਾਈ ਦੇ ਇੱਕ ਹਿੱਸੇ ਨੂੰ ਸਵੈ-ਇੱਛਾ ਨਾਲ ਸਮਰਪਿਤ ਕਰਨ ਵਿੱਚ ਹੈ। ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਸਪੱਸ਼ਟ ਕਰਦੇ ਹੋਏ, ਉਨ੍ਹਾਂ ਕਿਹਾ ਕਿ ਇਸਦਾ ਮਕਸਦ ਸਰੋਤਾਂ ਨੂੰ  ਖੋਹਣਾ ਨਹੀਂ, ਸਗੋਂ ਪ੍ਰਤਿਭਾ ਅਤੇ ਉੱਦਮ ਦੇ ਵਧਣ-ਫੁੱਲਣ ਦੇ ਮੌਕੇ ਦੇਣਾ ਹੈ, ਤਾਂ ਜੋ ਉੱਦਮੀ ਧਨ ਪੈਦਾ ਕਰ ਸਕਣ ਅਤੇ ਫਿਰ ਉਸਦਾ ਇੱਕ ਹਿੱਸਾ ਸਮਾਜ, ਕਿਸਾਨਾਂ ਅਤੇ ਖੇਤੀਬਾੜੀ ਖੇਤਰ ਵਿੱਚ ਨਵੀਨਤਾ ਦੇ ਲਈ ਨਿਵੇਸ਼ ਕਰ ਸਕਣ ।

ਮੰਤਰੀ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਉਦਯੋਗਪਤੀਆਂ ਨੇ ਲੰਬੇ ਸਮੇਂ ਤੋਂ ਬਿਨਾਂ ਕਿਸੇ ਕਾਨੂੰਨੀ ਆਦੇਸ਼ ਦੇ ਵੀ ਜਨ-ਕਲਿਆਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਅਤੇ ਸੀਐੱਸਆਰ ਕਾਨੂੰਨ ਨੇ ਸਮਾਜਿਕ ਜ਼ਿੰਮੇਵਾਰੀ ਦੀ ਇਸ ਭਾਵਨਾ ਨੂੰ ਸੰਸਥਾਗਤ ਰੂਪ ਦਿੱਤਾ ਹੈ।

ਖੋਜ ਨੂੰ ਪ੍ਰਯੋਗਸ਼ਾਲਾਵਾਂ ਤੋਂ ਕਿਸਾਨਾਂ ਦੇ ਖੇਤਾਂ ਤੱਕ ਲਿਜਾਣਾ

ਸ਼੍ਰੀ ਚੌਹਾਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਖੇਤੀਬਾੜੀ ਖੋਜ ਪ੍ਰਯੋਗਸ਼ਾਲਾਵਾਂ ਤੱਕ ਸੀਮਤ ਰਹਿਣ ਦੀ ਬਜਾਏ ਸਿੱਧੇ ਤੌਰ 'ਤੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਵਾਲੀ ਹੋਣੀ  ਚਾਹੀਦੀ ਹੈ। ‘ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ’ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਇਸ ਅਭਿਆਨ ਦਾ ਮਕਸਦ ਨਵੇਂ ਖੇਤੀਬਾੜੀ ਅਭਿਆਸਾਂ,ਬਿਹਤਰ ਫਸਲਾਂ ਦੀਆਂ ਕਿਸਮਾਂ ਅਤੇ ਖੋਜ ਨਤੀਜਿਆਂ ਬਾਰੇ ਜਾਣਕਾਰੀ ਫੈਲਾ ਕੇ ਵਿਗਿਆਨੀਆਂ ਅਤੇ ਕਿਸਾਨਾਂ ਨੂੰ ਇੱਕ-ਦੂਜੇ ਦੇ ਨੇੜੇ ਲਿਆਉਣਾ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ "ਸਾਇੰਸ ਤੋਂ ਕਿਸਾਨਾਂ ਤੱਕ" ਪਹੁੰਚਣ ਦੀ ਪ੍ਰਕ੍ਰਿਆ ਨੂੰ ਤੇਜ਼ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਟੀਚੇ ਨੂੰ ਹਾਸਿਲ ਕਰਨ ਵਿੱਚ ਕਾਰਪੋਰੇਟ ਸੈਕਟਰ ਇੱਕ ਅਹਿਮ ਭੂਮਿਕਾ ਨਿਭਾ ਸਕਦਾ ਹੈ।

ਜੂਟ ਸੈਕਟਰ ਦੀ ਉਦਾਹਰਣ ਦਿੰਦੇ ਹੋਏ, ਸ਼੍ਰੀ ਚੌਹਾਨ ਨੇ ਦੱਸਿਆ ਕਿ ਰਵਾਇਤੀ ਤਰੀਕੇ ਨਾਲ ਫਾਈਬਰ ਕੱਢਣ ਲਈ ਜੂਟ ਨੂੰ ਲਗਭਗ 25 ਦਿਨਾਂ ਤੱਕ ਪਾਣੀ ਵਿੱਚ ਭਿਉਂ ਕੇ ਰੱਖਣਾ ਪੈਂਦਾ ਹੈ, ਜਿਸ ਨਾਲ ਕਈ ਖੇਤਰਾਂ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਫਾਈਬਰ ਦੀ ਗੁਣਵੱਤਾ ‘ਤੇ ਵੀ ਅਸਰ ਪੈਂਦਾ ਹੈ। ਤਕਨਾਲੋਜੀ ਵਿੱਚ ਤਰੱਕੀ ਦੇ ਨਾਲ, ਹੁਣ ਅਜਿਹੀਆਂ ਮਸ਼ੀਨਾਂ ਬਣ ਗਈਆਂ ਹਨ ਜੋ ਬਹੁਤ ਘੱਟ ਸਮੇਂ ਵਿੱਚ ਉੱਚ-ਗੁਣਵੱਤਾ ਵਾਲੇ ਫਾਈਬਰ ਕੱਢ ਸਕਦੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਤਕਨਾਲੋਜੀਆਂ ਦਾ ਤੇਜ਼ੀ ਨਾਲ ਕਮਰਸ਼ੀਅਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਲਾਭ ਨੂੰ ਫਾਇਦਾ ਹੋ ਸਕੇ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਇਕੱਲੇ ਸਰਕਾਰ ਨਹੀਂ ਕਰ ਸਕਦੀ ਅਤੇ ਇਸ ਲਈ ਪ੍ਰਾਈਵੇਟ ਸੈਕਟਰ ਦੀ ਸਰਗਰਮ ਭਾਗੀਦਾਰੀ ਜ਼ਰੂਰੀ ਹੈ।

ਜਲਵਾਯੂ-ਅਨੁਕੂਲ਼, ਸਿਹਤਮੰਦ ਅਤੇ ਟਿਕਾਊ ਖੇਤੀਬਾੜੀ ਲਈ ਭਾਈਵਾਲੀ

ਸੰਮੇਲਨ ਦੌਰਾਨ ਵਿਚਾਰੇ ਗਏ ਪੰਜ ਥੀਮੈਟਿਕ ਖੇਤਰਾਂ ਨੂੰ ਉਜਾਗਰ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਨੂੰ ਜਲਵਾਯੂ-ਅਨੁਕੂਲ਼ ਬਣਾਉਣਾ, ਮਿੱਟੀ ਦੀ ਸਿਹਤ ਦੀ ਰੱਖਿਆ ਕਰਨਾ, ਕਿਸਾਨਾਂ ਦੀ ਆਮਦਨ ਅਤੇ ਜਨਤਕ ਸਿਹਤ ਦੋਵਾਂ ਨੂੰ ਸੁਰੱਖਿਅਤ ਕਰਨਾ, ਅਤੇ ਪੌਸ਼ਟਿਕ, ਮੌਸਮੀ ਅਤੇ ਜਲਵਾਯੂ ਦੇ ਅਨੁਕੂਲ਼ ਭੋਜਨ ਦੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨਾ ਦੇਸ਼ ਦੀਆਂ ਸਭ ਤੋਂ ਅਹਿਮ ਤਰਜੀਹਾਂ ਵਿੱਚੋਂ ਸ਼ਾਮਿਲ ਹੈ।

ਮਿੱਟੀ ਵਿੱਚ ਜੈਵਿਕ ਕਾਰਬਨ ਦੇ ਘਟਦੇ ਪੱਧਰ ਅਤੇ ਸਹੀ ਜਾਂਚ ਤੋਂ ਬਿਨਾਂ ਖਾਦਾਂ ਅਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ, ਉਨ੍ਹਾਂ ਕਿਹਾ ਕਿ ਖੇਤੀਬਾੜੀ ਉਤਪਾਦਕਤਾ ਦੀ ਰੱਖਿਆ ਲਈ ਮਿੱਟੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੀਐੱਸਆਰ ਸਹਾਇਤਾ ਰਾਹੀਂ ਮਿੱਟੀ ਸਿਹਤ ਕਾਰਡ ਪ੍ਰੋਗਰਾਮ ਵਰਗੀਆਂ ਪਹਿਲਕਦਮੀਆਂ ਨੂੰ ਹੋਰ ਮਜ਼ਬੂਤ ​​ਕੀਤਾ ਜਾ ਸਕਦਾ ਹੈ।

 

ਭਾਰਤ ਦੇ ਰਵਾਇਤੀ ਸੰਕਲਪ "ਭੋਜਨ ਨੂੰ ਦਵਾਈ ਵਜੋਂ" ਯਾਦ ਕਰਦੇ ਹੋਏ, ਸ਼੍ਰੀ ਚੌਹਾਨ ਨੇ ਕਿਹਾ ਕਿ ਲੋਕਾਂ ਨੂੰ ਸਿਰਫ਼ ਖਾਣ ਲਈ ਨਹੀਂ ਜਿਉਣਾ ਚਾਹੀਦਾ, ਸਗੋਂ ਸਿਹਤਮੰਦ ਜੀਵਨ ਲਈ ਜ਼ਰੂਰੀ ਚੀਜ਼ਾਂ –ਜਿਵੇਂ ਮੌਸਮੀ, ਸੰਤੁਲਿਤ ਅਤੇ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ । ਕੈਂਸਰ ਵਰਗੀਆਂ ਬਿਮਾਰੀਆਂ ਦੇ ਵਧ ਰਹੇ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਖੇਤੀਬਾੜੀ ਉਤਪਾਦਨ ਵਿੱਚ ਸੁਧਾਰ ਦੇ ਨਾਲ-ਨਾਲ, ਇਸ ਗੱਲ ‘ਤੇ ਵੀ ਉਨਾ ਹੀ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਕਿ ਪੈਦਾ ਹੋਣ ਵਾਲਾ ਭੋਜਨ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਉਸ ਨੂੰ ਬਿਹਤਰ ਬਣਾਏ।

ਸਟਾਰਟਅੱਪ, ਡਰੋਨ ਪਾਇਲਟ, ਐਗਰੀ-ਟੈਕ ਅਤੇ ਮਹਿਲਾ ਕਿਸਾਨਾਂ 'ਤੇ ਫੋਕਸ

ਕੇਂਦਰੀ ਮੰਤਰੀ ਨੇ ਕਈ ਅਜਿਹੇ ਤਰੀਕਿਆਂ ਬਾਰੇ ਦੱਸਿਆ ਜਿਨ੍ਹਾਂ ਰਾਹੀਂ ਸੀਐੱਸਆਰ ਭਾਰਤੀ ਖੇਤੀਬਾੜੀ ਨੂੰ ਮਜ਼ਬੂਤ ​​ਕਰ ਸਕਦਾ ਹੈ, ਜਿਸ ਵਿੱਚ ਐਗਰੀ-ਟੈਕ ਸਟਾਰਟਅੱਪਸ ਨੂੰ ਮਦਦ ਦੇਣਾ, ਖੇਤੀਬਾੜੀ ਸਿਖਲਾਈ ਸੰਸਥਾਵਾਂ, ਡਰੋਨ ਪਾਇਲਟਾਂ ਦੀ ਸਮਰੱਥਾ ਵਧਾਉਣਾ, ਅਤੇ ਐਗਰੀ-ਬਿਜ਼ਨਿਸ ਲੀਡਰਸ ਅਤੇ ਫੂਡ ਪ੍ਰੋਸੈਸਰਸ ਦਾ ਵਿਕਾਸ ਕਰਨ ਸ਼ਾਮਿਲ ਹੈ।

ਉਨ੍ਹਾਂ ਨੇ ਦੇਖਿਆ ਕਿ ਅਗਰ ਚੰਗੇ ਮੌਕੇ ਉਪਲਬਧ ਹੋਣ, ਤਾਂ ਬਹੁਤ ਸਾਰੇ ਨੌਜਵਾਨ ਖੇਤੀਬਾੜੀ ਛੱਡਣਾ ਨਹੀਂ ਚਾਹੁੰਦੇ । ਇਸ ਦੀ ਬਜਾਏ, ਉਹ ਆਧੁਨਿਕ ਖੇਤੀਬਾੜੀ ਅਤੇ ਖੇਤੀ-ਉੱਦਮਤਾ ਨੂੰ ਅਪਣਾਉਣ ਲਈ ਉਤਸੁਕ ਹਨ, ਅਤੇ ਸੀਐੱਸਆਰ ਅਜਿਹੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰ ਸਕਦਾ ਹੈ।

ਮਹਿਲਾ ਕਿਸਾਨਾਂ ਅਤੇ ਸਵੈ-ਸਹਾਇਤਾ ਸਮੂਹਾਂ (ਐੱਸਐੱਚਜੀਸ) ਬਾਰੇ ਬੋਲਦਿਆਂ, ਸ਼੍ਰੀ ਚੌਹਾਨ ਨੇ ਕਿਹਾ ਕਿ ‘ਡਰੋਨ ਦੀਦੀ’ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਐੱਸਐੱਚਜੀਸ ਵਰਗੀਆਂ ਪਹਿਲਕਦਮੀਆਂ ਖੇਤੀਬਾੜੀ-ਅਧਾਰਿਤ ਉੱਦਮਾਂ ਵਿੱਚ ਇੱਕ ਨਵੀਂ ਕ੍ਰਾਂਤੀ ਲਿਆ ਰਹੀਆਂ ਹਨ। ਉਨ੍ਹਾਂ ਨੇ ਕਾਰਪੋਰੇਟ ਸੈਕਟਰ ਨੂੰ ਅਪੀਲ ਕੀਤੀ ਕਿ ਉਹ ਗ੍ਰਾਮੀਣ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਨੂੰ ਹੋਰ ਮਜ਼ਬੂਤ ​​ਕਰਨ ਲਈ ਆਪਣੀਆਂ ਸੀਐੱਸਆਰ ਪਹਿਲਕਦਮੀਆਂ ਵਿੱਚ ਮਹਿਲਾ ਕਿਸਾਨਾਂ, ਮਹਿਲਾ ਸਮੂਹਾਂ ਅਤੇ ਗ੍ਰਾਮੀਣ ਉੱਦਮਤਾ ਨੂੰ ਵਿਸ਼ੇਸ਼ ਤਰਜੀਹ ਦੇਣ।

ਇੰਡਸਟ੍ਰੀ ਨੂੰ ਵਿਆਪਕ ਵਚਨਬੱਧਤਾ ਦਾ ਸੱਦਾ

ਸੰਮੇਲਨ ਦੌਰਾਨ ਕਾਰਪੋਰੇਟ ਸੈਕਟਰ ਦੇ ਪ੍ਰਤੀਨਿਧੀਆਂ ਨੇ ਰਾਸ਼ਟਰੀ ਵਿਕਾਸ ਪ੍ਰਤੀ ਆਪਣੀਆਂ ਵਚਨਬੱਧਤਾਵਾਂ ਅਤੇ ਭਰੋਸੇ ਪੇਸ਼ ਕੀਤੇ। ਇਨ੍ਹਾਂ ਵਚਨਬੱਧਤਾਵਾਂ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਚੌਹਾਨ ਨੇ ਕਿਹਾ ਕਿ ਅਜਿਹੀ ਵਚਨਬੱਧਤਾ ਸਾਰੇ ਹਿੱਤਧਾਰਕਾਂ ਤੋਂ ਆਉਣੀ ਚਾਹੀਦੀ ਹੈ।

ਉਨ੍ਹਾਂ ਨੇ ਭਾਗੀਦਾਰਾਂ ਨੂੰ ਯਾਦ ਦਿਵਾਇਆ ਕਿ ਭਾਵੇਂ ਕਾਨੂੰਨ ਕੰਪਨੀਆਂ ਲਈ ਆਪਣੇ ਮੁਨਾਫ਼ੇ ਦਾ 2% ਸੀਐੱਸਆਰ ਲਈ ਨਿਰਧਾਰਤ ਕਰਨਾ ਲਾਜ਼ਮੀ ਬਣਾਉਂਦਾ ਹੈ, ਪਰ ਇਸਨੂੰ ਸਿਰਫ਼ ਇੱਕ ਕਾਨੂੰਨੀ ਜ਼ਿੰਮੇਵਾਰੀ ਵਜੋਂ ਨਹੀਂ ਸਗੋਂ ਸਮਾਜ ਪ੍ਰਤੀ ਇੱਕ ਨੈਤਿਕ ਜ਼ਿੰਮੇਵਾਰੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ।

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਮੰਤਰੀ ਨੇ ਕਿਹਾ, "ਅਸਲੀ ਜ਼ਿੰਦਗੀ ਉਸ ਦੀ ਹੈ ਜੋ ਦੂਜਿਆਂ ਨੂੰ ਜ਼ਿੰਦਗੀ ਦਿੰਦਾ ਹੈ।" ਉਨ੍ਹਾਂ ਨੇ ਸਾਰਿਆਂ ਨੂੰ ਆਪਣੀ ਮਿਹਨਤ ਦੀ ਕਮਾਈ ਦਾ ਕੁਝ ਹਿੱਸਾ ਦੂਜਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਲਗਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਹ ਭਾਵਨਾ ਇਸ ਪ੍ਰੋਗਰਾਮ ਦੇ ਮੂਲ਼ ਸਾਰ ਹੈ।

ਨਵੀਂ ਦਿੱਲੀ ਦੇ ਐੱਨਏਐੱਸਸੀ ਕੰਪਲੈਕਸ ਵਿੱਚ ਭਾਰਤ ਰਤਨ ਸੀ. ਸੁਬਰਾਮਨੀਅਮ ਆਡੀਟੋਰੀਅਮ ਵਿਖੇ ਆਯੋਜਿਤ ਆਈਸੀਏਆਰ ਸੀਐੱਸਆਰ ਕਨਕਲੇਵ 2026 ਦੇ ਮੁੱਖ ਸੈਸ਼ਨ ਵਿੱਚ ਕਾਰਪੋਰੇਟ ਲੀਡਰਸ, ਵਿਗਿਆਨੀ, ਨੀਤੀ ਨਿਰਮਾਤਾ ਅਤੇ ਕਿਸਾਨ ਪ੍ਰਤੀਨਿਧੀ ਇਕੱਠੇ ਸ਼ਾਮਿਲ ਹੋਏ। ਇਸ ਸਮਾਗਮ ਦੌਰਾਨ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਰਾਮਨਾਥ ਠਾਕੁਰ, ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਭਾਗੀਰਥ ਚੌਧਰੀ ਅਤੇ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

*****

ਆਰਸੀ/ਐੱਮਐੱਸ/ਬਲਜੀਤ


(रिलीज़ आईडी: 2286935) आगंतुक पटल : 7
इस विज्ञप्ति को इन भाषाओं में पढ़ें: English , Urdu , हिन्दी , Gujarati , Tamil , Telugu , Kannada