ਪੰਚਾਇਤੀ ਰਾਜ ਮੰਤਰਾਲਾ
ਸੱਤ ਰਾਜਾਂ ਵਿੱਚ ਵਰਚੂਅਲ ਆਊਟਰੀਚ ਵਰਕਸ਼ਾਪਸ ਰਾਹੀਂ ਪੰਚਾਇਤੀ ਰਾਜ ਮੰਤਰਾਲੇ ਨੇ ਪੰਚਾਇਤਾਂ ਦੀ ਵਿੱਤੀ ਆਤਮ-ਨਿਰਭਰਤਾ ਨੂੰ ਉਤਸ਼ਾਹ ਦਿੱਤਾ
ਆਤਮ-ਨਿਰਭਰ ਪੰਚਾਇਤ ਪ੍ਰੋਗਰਾਮ ਅਧੀਨ ਆਪਣੇ ਖ਼ੁਦ ਦੇ ਮਾਲੀਆ ਸਰੋਤਾਂ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਾਲੀਆਂ ਪੰਚਾਇਤਾਂ ਨੂੰ ਨਵੀਨਤਾ ਅਧਾਰਤ ਪ੍ਰੋਜੈਕਟ ਪ੍ਰਸਤਾਵ ਪੇਸ਼ ਕਰਨ ਲਈ ਸੱਦਾ ਦਿੱਤਾ ਗਿਆ
प्रविष्टि तिथि:
14 JUL 2026 6:02PM by PIB Chandigarh
ਪੰਚਾਇਤੀ ਰਾਜ ਮੰਤਰਾਲੇ ਨੇ ਆਤਮ-ਨਿਰਭਰ ਪੰਚਾਇਤ ਪ੍ਰੋਗਰਾਮ ਤਹਿਤ 13 ਅਤੇ 14 ਜੁਲਾਈ, 2026 ਨੂੰ ਵਰਚੂਅਲ ਆਊਟਰੀਚ ਵਰਕਸ਼ਾਪਾਂ ਦਾ ਆਯੋਜਨ ਕੀਤਾ, ਜਿਸ ਵਿੱਚ ਛੱਤੀਸਗੜ੍ਹ, ਪੰਜਾਬ, ਅਸਾਮ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਸਮੇਤ ਸੱਤ ਰਾਜਾਂ ਦੇ ਭਾਗੀਦਾਰਾਂ ਨੇ ਹਿੱਸਾ ਲਿਆ। ਵਰਕਸ਼ਾਪ ਵਿੱਚ ਭਾਗੀਦਾਰਾਂ ਨੂੰ ਆਪਣੇ ਖ਼ੁਦ ਦੇ ਮਾਲੀਆ ਸਰੋਤਾਂ (ਓ.ਐੱਸ.ਆਰ.) ਨੂੰ ਵਧਾ ਕੇ ਪੰਚਾਇਤਾਂ ਨੂੰ ਆਰਥਿਕ ਤੌਰ ’ਤੇ ਆਤਮ-ਨਿਰਭਰ ਬਣਾਉਣ ਦੇ ਦ੍ਰਿਸ਼ਟੀਕੋਣ, ਉਦੇਸ਼ਾਂ ਅਤੇ ਲਾਗੂਕਰਨ ਢਾਂਚੇ ਤੋਂ ਜਾਣੂ ਕਰਵਾਇਆ ਗਿਆ। ਭਾਗੀਦਾਰਾਂ ਨੂੰ ਆਪਣੇ ਸੰਦੇਸ਼ ਵਿੱਚ ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਭਾਰਦਵਾਜ ਨੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਸਥਿਰ ਮਾਲੀਆ ਸਰੋਤਾਂ ਦੇ ਨਿਰਮਾਣ ਲਈ ਸਥਾਨਕ ਸਰੋਤਾਂ ਅਤੇ ਨਵੀਨਤਾਕਾਰੀ ਵਿਚਾਰਾਂ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਆਰਥਿਕ ਤੌਰ ’ਤੇ ਮਜ਼ਬੂਤ ਪੰਚਾਇਤਾਂ ਵਿਕਸਤ ਭਾਰਤ ਦੀ ਨੀਂਹ ਹਨ। ਉਨ੍ਹਾਂ ਨੇ ਭਾਗੀਦਾਰਾਂ ਨੂੰ ਭਰੋਸਾ ਦਿਵਾਇਆ ਕਿ ਮੰਤਰਾਲਾ ਪੰਚਾਇਤਾਂ ਨੂੰ ਅਜਿਹੇ ਵਿਚਾਰਾਂ ਨੂੰ ਸਫਲ, ਆਤਮ-ਨਿਰਭਰ ਪ੍ਰੋਜੈਕਟਾਂ ਵਿੱਚ ਬਦਲਣ ਅਤੇ ਆਰਥਿਕ ਆਤਮ-ਨਿਰਭਰਤਾ ਦੀ ਦਿਸ਼ਾ ਵਿੱਚ ਆਤਮ-ਵਿਸ਼ਵਾਸ ਨਾਲ ਕਦਮ ਵਧਾਉਣ ਵਿੱਚ ਮਦਦ ਕਰਨ ਲਈ ਨਿਰੰਤਰ ਤਕਨੀਕੀ ਮਾਰਗ-ਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰਦਾ ਰਹੇਗਾ।
ਰਾਸ਼ਟਰੀ ਗ੍ਰਾਮ ਸਵਰਾਜ ਅਭਿਆਨ (ਆਰ.ਜੀ.ਐੱਸ.ਏ.) ਦੇ ਅਧੀਨ ਪੰਚਾਇਤੀ ਰਾਜ ਮੰਤਰਾਲੇ ਵੱਲੋਂ ਚਲਾਏ ਜਾ ਰਹੇ ਆਤਮ-ਨਿਰਭਰ ਪੰਚਾਇਤ ਪ੍ਰੋਗਰਾਮ ਦਾ ਉਦੇਸ਼ ਪੰਚਾਇਤਾਂ ਦੇ ਆਪਣੇ ਖ਼ੁਦ ਦੇ ਮਾਲੀਆ ਸਰੋਤਾਂ (ਓ.ਐੱਸ.ਆਰ.) ਨੂੰ ਮਜ਼ਬੂਤ ਕਰਕੇ ਉਨ੍ਹਾਂ ਦੀ ਵਿੱਤੀ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਪ੍ਰੋਗਰਾਮ ਤਹਿਤ, ਇੱਕ ਪਾਰਦਰਸ਼ੀ ਰਾਸ਼ਟਰੀ ਚੁਣੌਤੀ ਪ੍ਰਕਿਰਿਆ ਰਾਹੀਂ ਪੰਚਾਇਤਾਂ ਨੂੰ ਸਥਾਨਕ ਸਰੋਤਾਂ ਅਤੇ ਸਮਰੱਥਾਵਾਂ ’ਤੇ ਅਧਾਰਿਤ, ਗ਼ੈਰ-ਸਰਗਰਮ ਸੰਪਤੀਆਂ ਅਤੇ ਅਣਵਰਤੇ ਸਥਾਨਕ ਮੌਕਿਆਂ ਦੀ ਢੁਕਵੀਂ ਵਰਤੋਂ ਕਰਕੇ ਮਾਲੀਆ ਪੈਦਾ ਕਰਨ ਵਾਲੇ ਨਵੀਨਤਾਕਾਰੀ ਪ੍ਰੋਜੈਕਟਾਂ ਦੇ ਪ੍ਰਸਤਾਵ ਪੇਸ਼ ਕਰਨ ਲਈ ਸੱਦਾ ਦਿੱਤਾ ਗਿਆ ਹੈ। ਘੱਟੋ-ਘੱਟ 50 ਲੱਖ ਰੁਪਏ ਦੇ ਓ.ਐੱਸ.ਆਰ. ਵਾਲੀਆਂ ਗ੍ਰਾਮ ਪੰਚਾਇਤਾਂ ਅਤੇ ਘੱਟੋ-ਘੱਟ 1 ਕਰੋੜ ਰੁਪਏ ਦੇ ਓ.ਐੱਸ.ਆਰ. ਵਾਲੀਆਂ ਬਲਾਕ ਪੰਚਾਇਤਾਂ, ਜਿਨ੍ਹਾਂ ਦੀ ਮਿਆਦ ਘੱਟੋ-ਘੱਟ ਤਿੰਨ ਸਾਲ ਬਾਕੀ ਹੋਵੇ, ਅਪਲਾਈ ਕਰਨ ਲਈ ਯੋਗ ਹਨ। ਚੁਣੇ ਗਏ ਪ੍ਰਸਤਾਵਾਂ ਨੂੰ ਬੈਂਕ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਯੋਗ ਪ੍ਰੋਜੈਕਟਾਂ ਵਿੱਚ ਵਿਕਸਤ ਕਰਨ ਲਈ ਤਕਨੀਕੀ ਸਹਾਇਤਾ ਮਿਲਦੀ ਹੈ ਅਤੇ ਜਨਤਕ-ਨਿੱਜੀ ਭਾਈਵਾਲੀ (ਪੀ.ਪੀ.ਪੀ.), ਕਾਰਪੋਰੇਟ ਸਮਾਜਿਕ ਜ਼ੁੰਮੇਵਾਰੀ (ਸੀ.ਐੱਸ.ਆਰ.), ਬੈਂਕ ਵਿੱਤ ਅਤੇ ਸਰਕਾਰੀ ਯੋਜਨਾਵਾਂ ਦੇ ਨਾਲ ਤਾਲਮੇਲ ਰਾਹੀਂ ਵਿੱਤੀ ਸਹਾਇਤਾ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਨਾਬਾਰਡ ਅਤੇ ਹੁੱਡਕੋ ਇਸ ਪ੍ਰੋਗਰਾਮ ਦੇ ਸੰਸਥਾਗਤ ਭਾਈਵਾਲ ਹਨ, ਜੋ ਪ੍ਰੋਜੈਕਟ ਦੇ ਵਿਕਾਸ ਅਤੇ ਵਿੱਤੀ ਸਹੂਲਤ ਸਹਾਇਤਾ ਪ੍ਰਦਾਨ ਕਰਦੇ ਹਨ। ਵਰਕਸ਼ਾਪਸ ਦੌਰਾਨ, ਭਾਗੀਦਾਰਾਂ ਨੂੰ ਟਿਕਾਊ ਮਾਲੀਆ ਪੈਦਾ ਕਰਨ ਲਈ ਸਥਾਨਕ ਮੌਕਿਆਂ ਦੀ ਪਛਾਣ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਹਨਾਂ ਸੈਸ਼ਨਾਂ ਵਿੱਚ ਨਾਬਾਰਡ ਅਤੇ ਹੁੱਡਕੋ ਵੱਲੋਂ ਪੇਸ਼ਕਾਰੀਆਂ, ਪ੍ਰੋਗਰਾਮ ਦੇ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ, ਆਤਮ-ਨਿਰਭਰ ਪੰਚਾਇਤ ਪੋਰਟਲ ਦਾ ਲਾਈਵ ਪ੍ਰਦਰਸ਼ਨ ਅਤੇ ਇੱਕ ਆਪਸੀ ਗੱਲਬਾਤ ਵਾਲਾ ਸਵਾਲ-ਜਵਾਬ ਸੈਸ਼ਨ ਵੀ ਸ਼ਾਮਲ ਸੀ, ਤਾਂ ਜੋ ਭਾਗੀਦਾਰਾਂ ਨੂੰ ਪ੍ਰੋਗਰਾਮ ਅਤੇ ਇਸਦੇ ਲਾਗੂਕਰਨ ਢਾਂਚੇ ਦੀ ਵਿਆਪਕ ਸਮਝ ਪ੍ਰਾਪਤ ਹੋ ਸਕੇ।
ਇਸ ਦੇ ਨਾਲ ਹੀ, ਆਤਮ-ਨਿਰਭਰ ਪੰਚਾਇਤ ਪ੍ਰੋਗਰਾਮ ਦਾ ਘੇਰਾ ਹੁਣ ਦੇਸ਼ ਭਰ ਦੇ ਦਸ ਰਾਜਾਂ ਤੱਕ ਫੈਲ ਗਿਆ ਹੈ। ਇਸ ਤੋਂ ਪਹਿਲਾਂ ਹੈਦਰਾਬਾਦ (ਤੇਲੰਗਾਨਾ, 2 ਮਈ 2026), ਗਾਂਧੀਨਗਰ (ਗੁਜਰਾਤ, 9 ਜੂਨ 2026) ਅਤੇ ਕੋਚੀ (ਕੇਰਲ, 7 ਜੁਲਾਈ 2026) ਵਿੱਚ ਵਿਅਕਤੀਗਤ ਅਤੇ ਹਾਈਬ੍ਰਿਡ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾ ਚੁੱਕੀਆਂ ਸਨ। ਹੁਣ ਤੇਲੰਗਾਨਾ, ਗੁਜਰਾਤ, ਕੇਰਲ, ਛੱਤੀਸਗੜ੍ਹ, ਪੰਜਾਬ, ਅਸਾਮ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਰਗੇ ਦਸ ਰਾਜਾਂ ਤੱਕ ਪਹੁੰਚ ਵਧਣ ਦੇ ਨਾਲ ਮੰਤਰਾਲਾ ਦੇਸ਼ ਭਰ ਦੀਆਂ ਯੋਗ ਪੰਚਾਇਤਾਂ ਨੂੰ ਇਸ ਮੌਕੇ ਦਾ ਫ਼ਾਇਦਾ ਲੈਣ ਅਤੇ ਵਿਕਸਿਤ ਭਾਰਤ ਲਈ ਆਰਥਿਕ ਤੌਰ ’ਤੇ ਆਤਮ-ਨਿਰਭਰ ਪੰਚਾਇਤ ਬਣਾਉਣ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਆਪਣੇ ਨਵੇਂ ਅਤੇ ਵਿਲੱਖਣ ਵਿਚਾਰਾਂ ਨਾਲ ਅੱਗੇ ਆਉਣ ਲਈ ਸੱਦਾ ਦਿੰਦਾ ਹੈ।
*****
ਏਏ
(रिलीज़ आईडी: 2286620)
आगंतुक पटल : 6