ਵਣਜ ਤੇ ਉਦਯੋਗ ਮੰਤਰਾਲਾ
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੀ ਸਪੇਨ ਯਾਤਰਾ ਦੀ ਸ਼ੁਰੂਆਤ ਭਾਰਤ-ਸਪੇਨ ਆਰਥਿਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉੱਚ ਪੱਧਰੀ ਮੀਟਿੰਗਾਂ ਦੇ ਨਾਲ ਹੋਈ
ਸ਼੍ਰੀ ਪੀਯੂਸ਼ ਗੋਇਲ ਅਤੇ ਸਪੇਨ ਦੇ ਪਹਿਲੇ ਉਪ-ਰਾਸ਼ਟਰਪਤੀ ਨੇ ਵਪਾਰ, ਨਿਵੇਸ਼ ਅਤੇ ਨਵੀਨਤਾ ਸਹਿਯੋਗ ਵਧਾਉਣ ‘ਤੇ ਚਰਚਾ ਕੀਤੀ
ਸ਼੍ਰੀ ਪੀਯੂਸ਼ ਗੋਇਲ ਨੇ ਮੈਨੂਫੈਕਚਰਿੰਗ ਅਤੇ ਇਨੋਵੇਸ਼ਨ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਸਪੇਨ ਦੇ ਉਦਯੋਗ ਮੰਤਰੀ ਨਾਲ ਗੱਲਬਾਤ ਕੀਤੀ
ਭਾਰਤ-ਸਪੇਨ ਵਪਾਰ ਫੋਰਮ ਵਿੱਚ ਦੁਵੱਲੇ ਵਪਾਰ, ਨਿਵੇਸ਼ ਅਤੇ ਉਦਯੋਗਿਕ ਸਹਿਯੋਗ ਨੂੰ ਹੁਲਾਰਾ ਦੇਣ ਦੇ ਨਵੇਂ ਮੌਕਿਆਂ ‘ਤੇ ਚਰਚਾ ਹੋਈ
प्रविष्टि तिथि:
14 JUL 2026 10:48AM by PIB Chandigarh
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ 13 ਜੁਲਾਈ 2026 ਨੂੰ ਆਪਣੀ ਅਧਿਕਾਰਤ ਯਾਤਰਾ ਦੇ ਸਪੇਨ ਪੜਾਅ ਦੀ ਸ਼ੁਰੂਆਤ ਕੀਤੀ। ਇਸ ਯਾਤਰਾ ਦੌਰਾਨ ਉਨ੍ਹਾਂ ਨੇ ਭਾਰਤ-ਸਪੇਨ ਆਰਥਿਕ ਸਾਂਝੇਦਾਰੀ ਨੂੰ ਗਹਿਰਾ ਕਰਨ ਅਤੇ ਵਪਾਰ, ਨਿਵੇਸ਼, ਨਵੀਨਤਾ ਅਤੇ ਉਦਯੋਗ ਵਿੱਚ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਕਈ ਉੱਚ ਪੱਧਰੀ ਮੀਟਿੰਗਾਂ ਕੀਤੀਆਂ। ਇਹ ਯਾਤਰਾ ਦੁਵੱਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਤਰਜੀਹੀ ਖੇਤਰਾਂ ਵਿੱਚ ਸਹਿਯੋਗ ਦੇ ਨਵੇਂ ਰਾਹ ਲੱਭਣ ਲਈ ਦੋਹਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੀ ਹੈ। ਇਹ ਯਾਤਰਾ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿਉਂਕਿ ਦੋਵੇਂ ਦੇਸ਼ ਕੂਟਨੀਤੀ ਸਬੰਧਾਂ ਦੇ 70 ਵਰ੍ਹੇ ਪੂਰੇ ਕਰ ਰਹੇ ਹਨ ਅਤੇ ‘ਭਾਰਤ-ਸਪੇਨ ਦੋਹਰੇ ਸਾਲ ਸੱਭਿਆਚਾਰ, ਟੂਰਿਜ਼ਮ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸੀ 2026’ ਮਨਾ ਰਹੇ ਹਨ।
ਦਿਨ ਦੌਰਾਨ, ਮੰਤਰੀ ਨੇ ਸਪੇਨਿਸ਼ ਸਰਕਾਰ ਦੇ ਸੀਨੀਅਰ ਮੈਂਬਰਾਂ ਦੇ ਨਾਲ ਉੱਚ ਪੱਧਰੀ ਦੁਵੱਲੀਆਂ ਮੀਟਿੰਗਾਂ ਕੀਤੀਆਂ, ਉਦਯੋਗ ਜਗਤ ਦੇ ਨੇਤਾਵਾਂ ਅਤੇ ਨਿਵੇਸ਼ ਪ੍ਰੋਤਸਾਹਨ ਏਜੰਸੀਆਂ ਨਾਲ ਮੁਲਾਕਾਤ ਕੀਤੀ, ਭਾਰਤ-ਸਪੇਨ ਵਪਾਰ ਫੋਰਮ ਨੂੰ ਸੰਬੋਧਨ ਕੀਤਾ ਅਤੇ ਆਰਥਿਕ ਸਹਿਯੋਗ ਨੂੰ ਹੋਰ ਵਧਾਉਣ, ਉਦਯੋਗਿਕ ਸਾਂਝੇਦਾਰੀ ਨੂੰ ਸੁਵਿਧਾਜਨਕ ਬਣਾਉਣ ਅਤੇ ਗਲੋਬਲ ਨਿਵੇਸ਼ਕਾਂ ਲਈ ਭਾਰਤ ਦੇ ਵਧਦੇ ਮੌਕਿਆਂ ਨੂੰ ਪ੍ਰਦਰਸ਼ਿਤ ਕਰਨ ਲਈ ਭਾਰਤੀ ਵਪਾਰ ਵਫ਼ਦ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ।
ਸ਼੍ਰੀ ਗੋਇਲ ਨੇ ਸਪੇਨ ਦੇ ਪਹਿਲੇ ਉਪ-ਰਾਸ਼ਟਰਪਤੀ ਅਤੇ ਅਰਥਵਿਵਸਥਾ, ਵਪਾਰ ਅਤੇ ਉੱਦਮਤਾ ਮੰਤਰੀ ਮਹਾਮਹਿਮ ਸ਼੍ਰੀ ਕਾਰਲੋਸ ਕੁਏਰਪੋ ਕੈਬਾਲੇਰੋ ਦੇ ਨਾਲ ਦੁਵੱਲੀ ਮੀਟਿੰਗ ਕੀਤੀ। ਦੋਵਾਂ ਨੇਤਾਵਾਂ ਨੇ ਦੁਵੱਲੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ, ਵਣਜ ਸਹਿਯੋਗ ਵਧਾਉਣ, ਨਵੀਨਤਾ-ਸੰਚਾਲਿਤ ਵਿਕਾਸ ਨੂੰ ਹੁਲਾਰਾ ਦੇਣ ਅਤੇ ਆਰਥਿਕ ਸਹਿਯੋਗ ਦੇ ਨਵੇਂ ਖੇਤਰਾਂ ਦੀ ਪਛਾਣ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਚਰਚਾ ਦਾ ਮੁੱਖ ਕੇਂਦਰ ਬਜ਼ਾਰ ਪਹੁੰਚ ਵਿੱਚ ਸੁਧਾਰ, ਲਚਕੀਲੀ ਸਪਲਾਈ ਚੇਨਸ ਦਾ ਨਿਰਮਾਣ ਅਤੇ ਦੋਹਾਂ ਦੇਸ਼ਾਂ ਦਰਮਿਆਨ ਵਣਜ ਸਾਂਝੇਦਾਰੀ ਦਾ ਵਿਸਤਾਰ ਕਰਨਾ ਸੀ, ਜਿਸ ਵਿੱਚ ਨਵਿਆਉਣਯੋਗ ਊਰਜਾ, ਗ੍ਰੀਨ ਹਾਈਡ੍ਰੋਜਨ, ਐਡਵਾਂਸਡ ਮੈਨੂਫੈਕਚਰਿੰਗ, ਡਿਜੀਟਲ ਟੈਕਨੋਲੋਜੀ, ਬੁਨਿਆਦੀ ਢਾਂਚਾ ਅਤੇ ਨਵੀਨਤਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਉਨ੍ਹਾਂ ਨੇ ਭਾਰਤ-ਯੂਰੋਪੀਅਨ ਸੰਘ ਮੁਕਤ ਵਪਾਰ ਸਮਝੌਤੇ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਅਤੇ ਵਣਜ ਸਬੰਧਾਂ ਨੂੰ ਡੂੰਘਾ ਕਰਨ ਅਤੇ ਸਪੇਨ ਦੇ ਨਾਲ ਭਾਰਤ ਦੀ ਵਪਾਰਕ ਭਾਗੀਦਾਰੀ ਦਾ ਵਿਸਤਾਰ ਕਰਨ ਦੇ ਤਰੀਕਿਆਂ ‘ਤੇ ਵਿਚਾਰ ਕੀਤਾ। ਦੋਵਾਂ ਧਿਰਾਂ ਨੇ ਨਵੇਂ ਨਿਵੇਸ਼ਾਂ ਨੂੰ ਪਹੁੰਚਯੋਗ ਬਣਾਉਣ ਅਤੇ ਵਪਾਰਕ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਪੂਰਾ ਉਪਯੋਗ ਕਰਨ ‘ਤੇ ਸਹਿਮਤੀ ਪ੍ਰਗਟ ਕੀਤੀ ‘ਫਾਸਟ ਟ੍ਰੈਕ ਮੈਕੇਨਿਜ਼ਮ’ ਅਤੇ ਇਸ ਸਾਲ ਦੇ ਅੰਤ ਵਿੱਚ ਭਾਰਤ-ਸਪੇਨ ਆਰਥਿਕ ਸਹਿਯੋਗ ‘ਤੇ ਸੰਯੁਕਤ ਕਮਿਸ਼ਨ ਦੇ ਅਗਲੇ ਸੈਸ਼ਨ ਦੀ ਮੇਜ਼ਬਾਨੀ ਕਰਨ ਦੀ ਉਮੀਦ ਜਤਾਈ।
ਮੰਤਰੀ ਨੇ ਸਪੇਨ ਦੇ ਉਦਯੋਗ ਅਤੇ ਟੂਰਿਜ਼ਮ ਮੰਤਰੀ ਮਹਾਮਹਿਮ ਜੋਰਡੀ ਹੇਰੂ ਬੋਹਰ ਨਾਲ ਵੀ ਮੁਲਾਕਾਤ ਕੀਤੀ। ਚਰਚਾ ਦਾ ਮੁੱਖ ਵਿਸ਼ਾ ਉਦਯੋਗਿਕ ਸਹਿਯੋਗ ਵਧਾਉਣਾ, ਟਿਕਾਊ ਨਿਰਮਾਣ ਨੂੰ ਹੁਲਾਰਾ ਦੇਣਾ, ਤਕਨਾਲੋਜੀ ਸਾਂਝੇਦਾਰੀ ਦਾ ਸਮਰਥਨ ਕਰਨਾ ਅਤੇ ਸਵੱਛ ਊਰਜਾ, ਗਤੀਸ਼ੀਲਤਾ, ਐਡਵਾਂਸਡ ਮੈਨੂਫੈਕਚਰਿੰਗ ਅਤੇ ਟੂਰਿਜ਼ਮ ਜਿਹੇ ਖੇਤਰਾਂ ਵਿੱਚ ਸਹਿਯੋਗ ਵਧਾਉਣਾ ਸੀ। ਦੋਵਾਂ ਧਿਰਾਂ ਨੇ ਆਟੋਮੋਟਿਵ, ਰੇਲਵੇ ਅਤੇ ਸਮਾਰਟ ਬੁਨਿਆਦੀ ਢਾਂਚੇ ਵਿੱਚ ਸਹਿਯੋਗ ਵਿਸਤਾਰ ‘ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ‘ਮੇਕ ਇਨ ਇੰਡੀਆ’ ਪਹਿਲ ਦੇ ਤਹਿਤ ਉਦਯੋਗਿਕ ਸਹਿਯੋਗ ਦੀ ਇੱਕ ਮੋਹਰੀ ਉਦਾਹਰਣ ਦੇ ਰੂਪ ਵਿੱਚ ‘ਸੀ-295 ਪ੍ਰੋਗਰਾਮ’ ਦਾ ਸੁਆਗਤ ਕੀਤਾ। ਦੋਹਾਂ ਮੰਤਰੀਆਂ ਨੇ ਟੂਰਿਜ਼ਮ ਨੂੰ ਇੱਕ ਸਾਂਝੀ ਤਰਜੀਹ ਦੇ ਰੂਪ ਵਿੱਚ ਰੇਖਾਂਕਿਤ ਕੀਤਾ ਅਤੇ ਵਰ੍ਹੇ 2026 ਨੂੰ’ ਭਾਰਤ-ਸਪੇਨ ਸੱਭਿਆਚਾਰ, ਟੂਰਿਜ਼ਮ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਰ੍ਹੇ’ ਦੇ ਰੂਪ ਵਿੱਚ ਚਿੰਨ੍ਹਿਤ ਕੀਤਾ ਗਿਆ ਹੈ, ਜੋ ਇੱਕ ਅਜਿਹੀ ਸਾਂਝੇਦਾਰੀ ਨੂੰ ਦਰਸਾਉਂਦਾ ਹੈ ਜੋ ਦੋਹਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਅਤੇ ਲੋਕਾਂ ਨੂੰ ਕਰੀਬ ਲਿਆ ਰਹੀ ਹੈ। ਦੋਹਾਂ ਧਿਰਾਂ ਨੇ ਵਪਾਰ-ਤੋਂ-ਵਪਾਰ ਸੰਪਰਕ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ।
ਇਸ ਯਾਤਰਾ ਦਾ ਮੁੱਖ ਆਕਰਸ਼ਣ ਭਾਰਤ-ਸਪੇਨ ਵਪਾਰ ਫੋਰਮ ਸੀ, ਜਿਸ ਦਾ ਆਯੋਜਨ ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਸ ਆਫ਼ ਕਾਮਰਸ ਐਂਡ ਇੰਡਸਟ੍ਰੀ (ਐੱਫਆਈਸੀਸੀ), ਸਪੇਨ ਦੇ ਚੈਂਬਰ ਆਫ਼ ਕਾਮਰਸ, ਸਪੈਨਿਸ਼ ਕਨਫੈਡਰੇਸ਼ਨ ਆਫ਼ ਬਿਜਨਸ ਆਰਗੇਨਾਈਜ਼ੇਸ਼ਨ (ਸੀਈਓਈ) ਅਤੇ ਆਈਸੀਈਐਕਸ ਸਪੇਨ ਟ੍ਰੇਡ ਐਂਡ ਇਨਵੈਸਟਮੈਂਟ ਦੁਆਰਾ ਸੰਯੁਕਤ ਤੌਰ ‘ਤੇ ਕੀਤਾ ਗਿਆ ਸੀ। ਇਸ ਫੋਰਮ ਵਿੱਚ ਦੋਹਾਂ ਦੇਸ਼ਾਂ ਦੇ ਸੀਨੀਅਰ ਸਰਕਾਰੀ ਅਧਿਕਾਰੀ, ਉਦਯੋਗਪਤੀ ਅਤੇ ਵਪਾਰਕ ਪ੍ਰਤੀਨਿਧੀ ਆਰਥਿਕ ਸਹਿਯੋਗ ਦੇ ਨਵੇਂ ਰਾਹ ਲੱਭਣ ਲਈ ਇਕੱਠੇ ਆਏ।
ਇਸ ਫੋਰਮ ਦੀ ਸ਼ੁਰੂਆਤ ਸਪੇਨ ਦੇ ਚੈਂਬਰ ਆਫ਼ ਕਾਮਰਸ ਦੀ ਸੀਈਓ ਸੁਸ਼੍ਰੀ ਇਨਮਾਕੁਲਾਡਾ ਰੀਰਾ, ਸੀਈਓਈ ਦੀ ਅੰਤਰਰਾਸ਼ਟਰੀ ਸਬੰਧ ਕਮੇਟੀ ਦੀ ਪ੍ਰਧਾਨ ਸੁਸ਼੍ਰੀ ਮਾਰਟਾ ਬਲੈਂਕੋ, ਐੱਫਆਈਸੀਆਈ (ਫਿਕੀ) ਦੇ ਪ੍ਰੈਜ਼ੀਡੈਂਟ ਸ਼੍ਰੀ ਅਨੰਤ ਗੋਇਨਕਾ, ਭਾਰਤੀ ਉਦਯੋਗ ਸੰਘ (ਸੀਆਈਆਈ) ਦੇ ਪ੍ਰੈਜ਼ੀਡੈਂਟ ਸ਼੍ਰੀ ਆਰ. ਮੁਕੁੰਦਨ ਅਤੇ ਸਪੇਨ ਅਤੇ ਅੰਡੋਰਾ ਵਿੱਚ ਭਾਰਤ ਦੇ ਰਾਜਦੂਤ ਮਹਾਮਹਿਮ ਸ਼੍ਰੀ ਜਯੰਤ ਐੱਨ. ਖੋਬਰਾਗੜੇ ਦੇ ਸੁਆਗਤ ਭਾਸ਼ਣਾਂ ਨਾਲ ਹੋਈ।
ਮੁੱਖ ਸੈਸ਼ਨ ਨੂੰ ਸਪੇਨ ਸਰਕਾਰ ਦੇ ਉਦਯੋਗ ਰਾਜ ਸਕੱਤਰ ਸ਼੍ਰੀ ਜੋਰਡੀ ਗਾਰਸੀਆ ਬਰੁਸਟੇਂਗਾ ਅਤੇ ਸ਼੍ਰੀ ਪੀਯੂਸ਼ ਗੋਇਲ ਨੇ ਸੰਬੋਧਨ ਕੀਤਾ। ਸ਼੍ਰੀ ਗੋਇਲ ਨੇ ਸਪੇਨ ਦੇ ਪ੍ਰਮੁੱਖ ਉਦਯੋਗਪਤੀਆਂ ਅਤੇ ਵਪਾਰ ਪ੍ਰਤੀਨਿਧੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਪ੍ਰਮੁੱਖ ਅਰਥਵਿਵਸਥਾ ਦੇ ਰੂਪ ਵਿੱਚ ਉਭਰ ਰਿਹਾ ਹੈ। ਉਨ੍ਹਾਂ ਨੇ ਦੇਸ਼ ਦੇ ਮਜ਼ਬੂਤ ਆਰਥਿਕ ਵਾਧੇ, ਪ੍ਰਗਤੀਸ਼ੀਲ ਸੁਧਾਰਾਂ ਅਤੇ ਨਿਵੇਸ਼ ਲਈ ਉਪਲਬਧ ਵਿਸ਼ਾਲ ਮੌਕਿਆਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸਪੇਨਿਸ਼ ਕੰਪਨੀਆਂ ਨੂੰ ਭਾਰਤ ਵਿੱਚ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨ ਅਤੇ ਮੈਨੂਫੈਕਚਰਿੰਗ, ਬੁਨਿਆਦੀ ਢਾਂਚਾ, ਨਵਿਆਉਣਯੋਗ ਊਰਜਾ, ਐਡਵਾਂਸਡ ਮੈਨੂਫੈਕਚਰਿੰਗ, ਡਿਜੀਟਲ ਟੈਕਨੋਲੋਜੀ, ਡਿਜੀਟਲ ਅਰਥਵਿਵਸਥਾ ਅਤੇ ਨਵੀਨਤਾ ਜਿਹੇ ਵੱਖ-ਵੱਖ ਖੇਤਰਾਂ ਵਿੱਚ ਭਾਰਤ ਦੇ ਵਿਕਾਸ ਵਿੱਚ ਸਰਗਰਮ ਭਾਗੀਦਾਰ ਬਣਨ ਲਈ ਸੱਦਾ ਦਿੱਤਾ।
ਮੁੱਖ ਭਾਸ਼ਣਾਂ ਤੋਂ ਬਾਅਦ ਇੱਕ ਇੰਟਰਐਕਟਿਵ ਸਵਾਲ-ਜਵਾਬ ਸੈਸ਼ਨ ਅਤੇ ਇੱਕ ਨੈੱਟਵਰਕਿੰਗ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਨੇ ਦੋਹਾਂ ਦੇਸ਼ਾਂ ਦੇ ਵਪਾਰਕ ਨੇਤਾਵਾਂ ਨੂੰ ਵਪਾਰਕ ਸਾਂਝੇਦਾਰੀ ਅਤੇ ਨਿਵੇਸ਼ ਦੇ ਮੌਕਿਆਂ ਦੇ ਵਿਸਤਾਰ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦਾ ਮੌਕਾ ਪ੍ਰਦਾਨ ਕੀਤਾ।
ਸ਼੍ਰੀ ਗੋਇਲ ਨੇ ਸਪੇਨ ਦੀ ਵਪਾਰ ਅਤੇ ਨਿਵੇਸ਼ ਪ੍ਰੋਤਸਾਹਨ ਏਜੰਸੀ 'ICEX España Exportación e Inversiónes ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ, ਜਿਸ ਵਿੱਚ ਦੁਵੱਲੇ ਨਿਵੇਸ਼ ਪ੍ਰਵਾਹ ਨੂੰ ਮਜ਼ਬੂਤ ਕਰਨ, ਕਾਰੋਬਾਰੀ ਸਬੰਧਾਂ ਨੂੰ ਪਹੁੰਚਯੋਗ ਬਣਾਉਣ ਅਤੇ ਭਾਰਤ ਦੇ ਵਿਕਾਸ ਵਿੱਚ ਸਪੇਨਿਸ਼ ਉੱਦਮਾਂ ਦੀ ਵਧੇਰੇ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਦੇ ਉਪਾਵਾਂ ‘ਤੇ ਚਰਚਾ ਕੀਤੀ ਗਈ। ਚਰਚਾ ਦਾ ਮੁੱਖ ਕੇਂਦਰ ਨਿਵੇਸ਼ ਸਾਂਝੇਦਾਰੀ ਨੂੰ ਹੁਲਾਰਾ ਦੇਣਾ, ਤਕਨਾਲੋਜੀ ਸਹਿਯੋਗ ਅਤੇ ਦੋਹਾਂ ਦੇਸ਼ਾਂ ਵਿੱਚ ਕਾਰੋਬਾਰਾਂ ਨੂੰ ਸਮਰਥਨ ਦੇਣਾ ਸੀ।
ਦਿਨ ਦੇ ਪ੍ਰੋਗਰਾਮ ਦੀ ਸਮਾਪਤੀ ‘ਤੇ, ਸ਼੍ਰੀ ਗੋਇਲ ਨੇ ਐੱਫਆਈਸੀਸੀ ਦੀ ਅਗਵਾਈ ਹੇਠ ਭਾਰਤ ਵਪਾਰ ਵਫ਼ਦ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਮੀਟਿੰਗ ਦੌਰਾਨ, ਉਨ੍ਹਾਂ ਨੇ ਉਦਯੋਗ ਜਗਤ ਦੇ ਨੇਤਾਵਾਂ ਨਾਲ ਆਪਣੀਆਂ ਮੀਟਿੰਗਾਂ ਦੌਰਾਨ ਪਛਾਣੇ ਗਏ ਮੌਕਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਸਪੇਨ ਦੇ ਨਾਲ ਭਾਰਤੀ ਨਿਵੇਸ਼ ਅਤੇ ਵਪਾਰਕ ਸਾਂਝੇਦਾਰੀ ਨੂੰ ਹੁਲਾਰਾ ਦੇਣ ਲਈ ਪ੍ਰੋਤਸਾਹਿਤ ਕੀਤਾ।
ਇਸ ਯਾਤਰਾ ਨੇ ਵਪਾਰ, ਨਿਵੇਸ਼, ਉਦਯੋਗਿਕ ਸਹਿਯੋਗ, ਨਵੀਨਤਾ ਅਤੇ ਜਨਤਕ-ਭਾਈਚਾਰਕ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇ ਕੇ ਭਾਰਤ ਅਤੇ ਸਪੇਨ ਦਰਮਿਆਨ ਰਣਨੀਤਕ ਆਰਥਿਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਦੋਹਾਂ ਦੇਸ਼ਾਂ ਦਰਮਿਆਨ ਮਜ਼ਬੂਤ ਰਾਨਜੀਤਿਕ ਸਮਝ ਦੇ ਅਧਾਰ ‘ਤੇ ਦੋਹਾਂ ਧਿਰਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਯਾਤਰਾ ਦੇ ਨਤੀਜੇ ਦੁਵੱਲੇ ਆਰਥਿਕ ਸਹਿਯੋਗ ਨੂੰ ਵਧਾਉਣ ਅਤੇ ਕਾਰੋਬਾਰਾਂ ਅਤੇ ਨਿਵੇਸ਼ਕਾਂ ਲਈ ਨਵੇਂ ਮੌਕੇ ਪੈਦਾ ਕਰਨ ਵਿੱਚ ਯੋਗਦਾਨ ਦੇਣਗੇ।
*** *** *** ***
ਅਭਿਸ਼ੇਕ ਦਿਆਲ/ਅਭਿਜੀਤ ਨਾਰਾਇਣਨ/ਇਸ਼ਿਤਾ ਬਿਸਵਾਸ/ਏਕੇ
(रिलीज़ आईडी: 2284514)
आगंतुक पटल : 6