ਪ੍ਰਧਾਨ ਮੰਤਰੀ ਦਫਤਰ
ਗਾਲਾ ਲੰਚ (Gala Lunch) ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
प्रविष्टि तिथि:
11 JUL 2026 12:32PM by PIB Chandigarh
ਮਾਣਯੋਗ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ,
ਦੋਵਾਂ ਦੇਸ਼ਾਂ ਦੇ ਡੈਲੀਗੇਟਸ,
ਨਮਸਕਾਰ!
ਕੀਆ ਓਰਾ!
ਮੇਰੇ ਅਤੇ ਮੇਰੇ ਵਫ਼ਦ ਦੇ ਨਿੱਘੇ ਸਵਾਗਤ ਅਤੇ ਪ੍ਰਾਹੁਣਾਚਾਰੀ ਲਈ ਮੈਂ ਆਪਣੇ ਮਿੱਤਰ ਪ੍ਰਧਾਨ ਮੰਤਰੀ ਲਕਸਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਸਵਾਗਤ ਵਿੱਚ ਇੰਨਾ ਨਿੱਘ ਦਿਖਾਇਆ ਹੈ ਕਿ ਆਕਲੈਂਡ ਦੀ ਸਰਦੀ ਵੀ ਅੱਜ ਕੁਝ ਘੱਟ ਲੱਗ ਰਹੀ ਹੈ। ਇਸ ਯਾਤਰਾ ਦੌਰਾਨ ਨਿਊਜ਼ੀਲੈਂਡ ਦੇ ਲੋਕਾਂ ਤੋਂ ਜੋ ਪਿਆਰ ਅਤੇ ਅਪਣੱਤ ਮਿਲੀ ਹੈ, ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗੀ।
ਪਿਛਲੇ ਸਾਲ ਪ੍ਰਧਾਨ ਮੰਤਰੀ ਲਕਸਨ ਦੀ ਭਾਰਤ ਯਾਤਰਾ ਨਾਲ ਸਾਡੇ ਸਬੰਧਾਂ ਦੇ ਹਰ ਖੇਤਰ ਵਿੱਚ ਨਵੀਂ ਊਰਜਾ ਆਈ ਹੈ। ਉਨ੍ਹਾਂ ਦੀ ਅਗਵਾਈ, ਸਪੱਸ਼ਟ ਵਿਜ਼ਨ ਅਤੇ ਮਜ਼ਬੂਤ ਵਚਨਬੱਧਤਾ ਨਾਲ, ਭਾਰਤ ਅਤੇ ਨਿਊਜ਼ੀਲੈਂਡ ਦੀ ਦੋਸਤੀ ਨੂੰ ਨਵੀਂ ਗਤੀ ਅਤੇ ਨਵੀਂ ਦਿਸ਼ਾ ਮਿਲੀ ਹੈ। ਅੱਜ 40 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਯਾਤਰਾ ਹੋ ਰਹੀ ਹੈ। ਅਤੇ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਬਹੁਤ ਸਾਰੇ ਚੰਗੇ ਕੰਮ ਹਨ, ਜੋ ਮੇਰੇ ਤੋਂ ਪਹਿਲਾਂ ਵਾਲੇ ਲੋਕ ਮੇਰੇ ਲਈ ਛੱਡ ਕੇ ਗਏ ਹਨ, ਜਿਨ੍ਹਾਂ ਨੂੰ ਮੈਂ ਪੂਰਾ ਕਰ ਰਿਹਾ ਹਾਂ। ਸਾਥੀਓ, ਇਹ ਸਾਡੇ ਸਬੰਧਾਂ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੈ।
ਸਾਥੀਓ,
ਭਾਰਤ ਅਤੇ ਨਿਊਜ਼ੀਲੈਂਡ ਦਾ ਲੋਕਤੰਤਰੀ ਕਦਰਾਂ-ਕੀਮਤਾਂ ਵਿੱਚ ਪੱਕਾ ਵਿਸ਼ਵਾਸ ਸਾਨੂੰ ਮਿਲ ਕੇ ਅੱਗੇ ਵਧਣ ਲਈ ਇੱਕ ਸੁਭਾਵਿਕ ਸੌਖ ਮੁਹੱਈਆ ਕਰਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਅਸੀਂ ਆਪਣੇ ਸਬੰਧਾਂ ਨੂੰ ਬੇਮਿਸਾਲ ਗਤੀ ਦਿੱਤੀ ਹੈ।
ਅੱਜ ਦੀ ਮੀਟਿੰਗ ਵਿੱਚ ਅਸੀਂ ਆਪਣੇ ਸਹਿਯੋਗ ਨੂੰ ਨਵੀਂ ਡੂੰਘਾਈ ਅਤੇ ਵਿਸਥਾਰ ਦੇਣ ’ਤੇ ਵਿਸਥਾਰ ਨਾਲ ਚਰਚਾ ਕੀਤੀ। ਅਸੀਂ ਭਾਰਤ-ਨਿਊਜ਼ੀਲੈਂਡ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਲੈ ਜਾਣ ਦਾ ਇਤਿਹਾਸਕ ਫੈਸਲਾ ਲਿਆ ਹੈ। ਇਸ ਦੇ ਤਹਿਤ ਅਸੀਂ ਹਰ ਖੇਤਰ ਵਿੱਚ ਸਪੱਸ਼ਟ ਟੀਚਿਆਂ ਅਤੇ ਠੋਸ ਨਤੀਜਿਆਂ ਨਾਲ ਅੱਗੇ ਵਧਾਂਗੇ।
ਇਸ ਸਾਲ ਅਸੀਂ ਰਿਕਾਰਡ ਸਮੇਂ ਵਿੱਚ ਮੁਕਤ ਵਪਾਰ ਸਮਝੌਤਾ ਕੀਤਾ। ਇਸ ਪ੍ਰਾਪਤੀ ਨਾਲ ਦੋਵਾਂ ਦੇਸ਼ਾਂ ਦੇ ਉਦਯੋਗਾਂ, ਕਿਸਾਨਾਂ ਅਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੁੱਲ੍ਹਣਗੇ। ਅਸੀਂ ਵਪਾਰ ਦੇ ਨਾਲ-ਨਾਲ ਵਿਸ਼ਵਾਸ, ਤਕਨਾਲੋਜੀ ਅਤੇ ਹੁਨਰ ਦਾ ਬਲੂ-ਪ੍ਰਿੰਟ ਤਿਆਰ ਕਰ ਰਹੇ ਹਾਂ।
ਪਿਛਲੇ ਤਿੰਨ ਸਾਲਾਂ ਵਿੱਚ ਸਾਡੇ ਵਪਾਰ ਵਿੱਚ 50 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ਸਾਨੂੰ ਵਿਸ਼ਵਾਸ ਹੈ ਕਿ ਐੱਫਟੀਏ ਅਗਲੇ ਪੰਜ ਸਾਲਾਂ ਵਿੱਚ ਸਾਡੇ ਵਪਾਰ ਨੂੰ ਦੁੱਗਣਾ ਕਰਨ ਦਾ ਮਜ਼ਬੂਤ ਆਧਾਰ ਬਣੇਗਾ।
ਨਿਊਜ਼ੀਲੈਂਡ ਵੱਲੋਂ ਭਾਰਤ ਵਿੱਚ ਵੀਹ ਬਿਲੀਅਨ ਡਾਲਰ ਦੀ ਨਿਵੇਸ਼ ਵਚਨਬੱਧਤਾ ਦਾ ਵੀ ਅਸੀਂ ਵਿਸ਼ੇਸ਼ ਸਵਾਗਤ ਕਰਦੇ ਹਾਂ। ਇਹ ਨਿਊਜ਼ੀਲੈਂਡ ਦੀਆਂ ਕੰਪਨੀਆਂ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਲੰਬੇ ਸਮੇਂ ਦਾ ਭਾਈਵਾਲ ਬਣਨ ਦਾ ਮੌਕਾ ਦੇਵੇਗਾ।
ਸਾਥੀਓ,
ਆਪਣੀ ਰਣਨੀਤਕ ਭਾਈਵਾਲੀ ਨੂੰ ਸਾਰਥਕ ਬਣਾਉਣ ਲਈ ਅਸੀਂ ਦੋਵਾਂ ਦੇਸ਼ਾਂ ਦੀਆਂ ਤਾਕਤਾਂ ਨੂੰ ਵਿਹਾਰਕ ਸਹਿਯੋਗ ਵਿੱਚ ਬਦਲ ਰਹੇ ਹਾਂ। ਫਿਨ-ਟੈੱਕ ਦੇ ਖੇਤਰ ਵਿੱਚ ਅਸੀਂ ਭਾਰਤ ਦੀ ਯੂਪੀਆਈ ਅਤੇ ਨਿਊਜ਼ੀਲੈਂਡ ਦੇ ਪੇਮੈਂਟ ਸਿਸਟਮਜ਼ ਨੂੰ ਜੋੜਨ ਵੱਲ ਅੱਗੇ ਵਧ ਰਹੇ ਹਾਂ।
ਖੇਤੀਬਾੜੀ, ਡੇਅਰੀ ਅਤੇ ਫੂਡ ਪ੍ਰੋਸੈਸਿੰਗ ਵਿੱਚ ਅਸੀਂ ਸਹਿਯੋਗ ਦਾ ਇੱਕ ਮਜ਼ਬੂਤ ਖਾਕਾ ਬਣਾਇਆ ਹੈ। ਇਸ ਦਾ ਲਾਭ ਸਾਡੇ ਕਿਸਾਨਾਂ ਅਤੇ ਪਸ਼ੂ-ਪਾਲਕਾਂ ਨੂੰ ਮਿਲੇਗਾ।
ਰਵਾਇਤੀ ਦਵਾਈਆਂ ਵਿੱਚ ਨਿਊਜ਼ੀਲੈਂਡ ਅਤੇ ਭਾਰਤ ਦੋਵਾਂ ਦੀਆਂ ਅਮੀਰ ਅਤੇ ਜੀਵੰਤ ਪਰੰਪਰਾਵਾਂ ਹਨ। ਅੱਜ ਅਸੀਂ ਆਪਣੇ ਸਿਹਤ ਸਹਿਯੋਗ ਵਿੱਚ ਰਵਾਇਤੀ ਦਵਾਈਆਂ ਦੀ ਭੂਮਿਕਾ ਵਧਾਉਣ ’ਤੇ ਸਹਿਮਤੀ ਪ੍ਰਗਟਾਈ।
ਰੱਖਿਆ ਅਤੇ ਸੁਰੱਖਿਆ ਵਿੱਚ ਸਾਡਾ ਵਧਦਾ ਸਹਿਯੋਗ ਸਾਡੇ ਡੂੰਘੇ ਰਣਨੀਤਕ ਭਰੋਸੇ ਦਾ ਪ੍ਰਤੀਕ ਹੈ। ਪਿਛਲੇ ਸਾਲ ਕੀਤੇ ਗਏ ਡਿਫੈਂਸ ਕੋਆਪ੍ਰੇਸ਼ਨ ਐਗਰੀਮੈਂਟ ਨਾਲ ਸਾਡੇ ਸਹਿਯੋਗ ਦਾ ਮਜ਼ਬੂਤ ਢਾਂਚਾ ਤਿਆਰ ਹੋਇਆ ਹੈ। ਅੱਜ ਅਸੀਂ ਇੰਡੋ-ਪੈਸੀਫਿਕ ਵਿੱਚ ਸਮੁੰਦਰੀ ਸਹਿਯੋਗ ਲਈ ਢਾਂਚੇ ’ਤੇ ਸਹਿਮਤੀ ਬਣਾਈ ਹੈ। ਦੁਵੱਲੇ ਜਲ ਸੈਨਾ ਅਭਿਆਸਾਂ, ਲੌਜਿਸਟਿਕਸ ਸਹਾਇਤਾ ਅਤੇ ਹਾਈਡ੍ਰੋਗ੍ਰਾਫੀ ਵਿੱਚ ਸਹਿਯੋਗ ਨਾਲ ਸਾਡਾ ਆਪਸੀ ਤਾਲਮੇਲ ਵਧੇਗਾ।
ਸਾਥੀਓ,
ਸਾਡੇ ਸਬੰਧਾਂ ਦੀ ਸਭ ਤੋਂ ਮਜ਼ਬੂਤ ਤਾਕਤ ਲੋਕਾਂ ਦਾ ਆਪਸੀ ਸੰਪਰਕ ਹੈ। ਭਾਰਤੀ ਭਾਈਚਾਰੇ ਦੇ ਲੋਕਾਂ ਨੇ ਆਪਣੀ ਮਿਹਨਤ ਅਤੇ ਹੁਨਰ ਨਾਲ ਨਿਊਜ਼ੀਲੈਂਡ ਵਿੱਚ ਖਾਸ ਜਗ੍ਹਾ ਬਣਾਈ ਹੈ। ਉਨ੍ਹਾਂ ਦੀ ਦੇਖਭਾਲ ਲਈ ਮੈਂ ਪ੍ਰਧਾਨ ਮੰਤਰੀ ਲਕਸਨ, ਨਿਊਜ਼ੀਲੈਂਡ ਸਰਕਾਰ ਅਤੇ ਨਿਊਜ਼ੀਲੈਂਡ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ।
ਅੱਜ ਹੋਇਆ ਸੱਭਿਆਚਾਰਕ ਸਹਿਯੋਗ ਬਾਰੇ ਐੱਮਓਯੂ ਦੋਵਾਂ ਦੇਸ਼ਾਂ ਦੀ ਕਲਾ, ਸੱਭਿਆਚਾਰ, ਵਿਰਾਸਤ ਅਤੇ ਰਚਨਾਤਮਕ ਉਦਯੋਗਾਂ ਵਿੱਚ ਵਟਾਂਦਰੇ ਨੂੰ ਗਤੀ ਦੇਵੇਗਾ। ਨਿਊਜ਼ੀਲੈਂਡ ਭਾਰਤੀ ਵਿਦਿਆਰਥੀਆਂ ਲਈ ਇੱਕ ਅਹਿਮ ਮੰਜ਼ਿਲ ਰਿਹਾ ਹੈ। ਅਸੀਂ ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਆਂ ਨੂੰ ਭਾਰਤ ਵਿੱਚ ਕੈਂਪਸ ਖੋਲ੍ਹਣ ਲਈ ਸੱਦਾ ਦਿੰਦੇ ਹਾਂ।
ਇਸ ਸਾਲ ਅਸੀਂ ਦੋਵਾਂ ਦੇਸ਼ਾਂ ਵਿਚਕਾਰ ਖੇਡ ਸਬੰਧਾਂ ਦੀ 100ਵੀਂ ਵਰ੍ਹੇਗੰਢ ਮਨਾ ਰਹੇ ਹਾਂ। 100 ਸਾਲ ਪਹਿਲਾਂ ਮੇਜਰ ਧਿਆਨ ਚੰਦ ਦੀ ਅਗਵਾਈ ਵਿੱਚ ਹਾਕੀ ਟੀਮ ਨੇ ਇੱਥੇ ਆ ਕੇ ਜੋ ਇਤਿਹਾਸ ਸਿਰਜਿਆ ਸੀ, ਉਹ ਸਾਡੀ ਖੇਡ ਭਾਈਵਾਲੀ ਨੂੰ ਅੱਜ ਵੀ ਪ੍ਰੇਰਿਤ ਕਰ ਰਿਹਾ ਹੈ। ਇਸ ਮੌਕੇ ’ਤੇ ਅਸੀਂ ਦੋਵਾਂ ਦੇਸ਼ਾਂ ਵਿੱਚ ਕਈ ਖੇਡ ਮੁਕਾਬਲੇ ਕਰਵਾ ਰਹੇ ਹਾਂ। ਕ੍ਰਿਕਟ ਦੇ ਨਾਲ-ਨਾਲ ਹੋਰ ਖੇਡਾਂ ਵਿੱਚ ਵੀ ਸਹਿਯੋਗ ਵਧਾਉਣ ਲਈ ਅਸੀਂ ‘ਸਪੋਰਟਸ ਜੁਆਇੰਟ ਐਕਸ਼ਨ ਪਲਾਨ’ ਬਣਾਇਆ ਹੈ। ਹਾਲ ਹੀ ਵਿੱਚ ਭੁਵਨੇਸ਼ਵਰ ਵਿੱਚ ਨਿਊਜ਼ੀਲੈਂਡ ਰਗਬੀ ਅਤੇ ਰਗਬੀ ਇੰਡੀਆ ਦੇ ਕੋਚਿੰਗ ਪ੍ਰੋਗਰਾਮ ਨਾਲ ਚੰਗੀ ਸ਼ੁਰੂਆਤ ਹੋਈ ਹੈ।
ਸਾਥੀਓ,
ਆਲਮੀ ਮੰਚ ’ਤੇ ਵੀ ਭਾਰਤ ਅਤੇ ਨਿਊਜ਼ੀਲੈਂਡ ਭਰੋਸੇਮੰਦ ਭਾਈਵਾਲ ਅਤੇ ਕਰੀਬੀ ਮਿੱਤਰ ਹਨ। ਸਾਡਾ ਮੰਨਣਾ ਹੈ ਕਿ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸੰਯੁਕਤ ਰਾਸ਼ਟਰ (ਯੂਐੱਨ) ਸਮੇਤ ਹੋਰ ਆਲਮੀ ਸੰਸਥਾਵਾਂ ਵਿੱਚ ਸੁਧਾਰ ਜ਼ਰੂਰੀ ਹੈ।
ਅੱਤਵਾਦ ਦੇ ਮੁੱਦੇ ’ਤੇ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧਣ ਲਈ ਅੱਜ ਅਸੀਂ ਸਾਂਝਾ ਵਰਕਿੰਗ ਗਰੁੱਪ ਬਣਾਇਆ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਸਹਿਯੋਗ ਇੰਡੋ-ਪੈਸੀਫਿਕ ਵਿੱਚ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ।
ਸਾਥੀਓ, ਮੈਂ ਤੁਹਾਨੂੰ ਸਾਰਿਆਂ ਨੂੰ ਮਾਓਰੀ ਨਵੇਂ ਸਾਲ “ਮਾਤਾਰਿਕੀ” ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਜਿਸ ਤਾਰਾ-ਸਮੂਹ ਨੂੰ ਇੱਥੇ “ਮਾਤਾਰਿਕੀ” ਨਾਮ ਦਿੱਤਾ ਗਿਆ ਹੈ, ਜਿਵੇਂ ਤੁਸੀਂ ਵੀ ਦੱਸਿਆ, ਉਸ ਨੂੰ ਭਾਰਤ ਵਿੱਚ ਪ੍ਰਾਚੀਨ ਕਾਲ ਤੋਂ “ਕ੍ਰਿਤਿਕਾ ਨਕਸ਼ੱਤਰ” ਵਜੋਂ ਜਾਣਿਆ ਜਾਂਦਾ ਹੈ। ਮੈਨੂੰ ਵਿਸ਼ਵਾਸ ਹੈ ਕਿ “ਮਾਤਾਰਿਕੀ” ਦਾ ਇਹ ਤਿਉਹਾਰ ਸਾਡੇ ਸਬੰਧਾਂ ਨੂੰ ਇਨ੍ਹਾਂ ਸਿਤਾਰਿਆਂ ਵਾਂਗ ਜਗਮਗਾਉਣ ਦੀ ਪ੍ਰੇਰਨਾ ਦੇਵੇਗਾ।
ਪ੍ਰਧਾਨ ਮੰਤਰੀ ਲਕਸਨ,
ਤੁਹਾਡੀ ਦੋਸਤੀ, ਤੁਹਾਡੀ ਵਚਨਬੱਧਤਾ ਅਤੇ ਮੇਰੀ ਨਿਊਜ਼ੀਲੈਂਡ ਯਾਤਰਾ ਨੂੰ ਯਾਦਗਾਰ ਬਣਾਉਣ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਜਿਵੇਂ ਰਗਬੀ ਵਿੱਚ ਟੀਮ ਵਰਕ ਅਤੇ ਭਰੋਸਾ ਜ਼ਰੂਰੀ ਹੁੰਦਾ ਹੈ, ਉਵੇਂ ਹੀ ਅਸੀਂ ਵੀ ਆਪਸੀ ਵਿਸ਼ਵਾਸ ਨਾਲ ਅੱਗੇ ਵਧਾਂਗੇ। ਅਸੀਂ ਇੱਕੋ ਟੀਮ ਵਿੱਚ ਹਾਂ, ਇਸ ਲਈ ਟੈਕਲ ਸਿਰਫ਼ ਚੁਣੌਤੀਆਂ ਨੂੰ ਹੀ ਕਰਾਂਗੇ।
ਬਹੁਤ-ਬਹੁਤ ਧੰਨਵਾਦ।
***********
ਐੱਮਜੇਪੀਐੱਸ/ਐੱਸਐੱਸ/ਐੱਸਟੀ
(रिलीज़ आईडी: 2284356)
आगंतुक पटल : 3
इस विज्ञप्ति को इन भाषाओं में पढ़ें:
English
,
हिन्दी
,
Urdu
,
Bengali
,
Bengali-TR
,
Manipuri
,
Assamese
,
Gujarati
,
Telugu
,
Kannada
,
Malayalam