ਖੇਤੀਬਾੜੀ ਮੰਤਰਾਲਾ
ਤੋਤਾਪੁਰੀ ਅੰਬਾਂ ਦੀਆਂ ਡਿੱਗਦੀਆਂ ਕੀਮਤਾਂ ‘ਤੇ ਤੁਰੰਤ ਕਾਰਵਾਈ ; ਪੂਰੀ ਵੈਲਿਊ ਚੇਨ ਦੀ ਜਾਂਚ ਲਈ ਇੱਕ ਹਾਈ-ਲੈਵਲ ਕਮੇਟੀ ਬਣੇਗੀ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਂਧਰਾ ਪ੍ਰਦੇਸ਼ ਦੇ ਅੰਬ ਉਤਪਾਦਕਾਂ ਦੀ ਆਮਦਨ ਵਧਾਉਣ ਲਈ ਇੱਕ ਮਿਸ਼ਨ ਦੀ ਸ਼ੁਰੂਆਤ ਕੀਤੀ; ਆਈਸੀਏਆਰ ਦੀ ਇੱਕ ਮਾਹਰ ਟੀਮ ਜ਼ਮੀਨੀ ਪੱਧਰ ‘ਤੇ ਸਥਿਤੀ ਦਾ ਜਾਇਜ਼ਾ ਲਵੇਗੀ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਂਧਰਾ ਪ੍ਰਦੇਸ਼ ਦੇ ਅੰਬ ਖੇਤਰ ਨੂੰ ਮਜ਼ਬੂਤ ਕਰਨ ਲਈ ਇੱਕ ਵਿਆਪਕ ਯੋਜਨਾ ਸ਼ੁਰੂ ਕੀਤੀ ਹੈ, ਜਿਸਦੇ ਤਹਿਤ ਆਈਸੀਏਆਰ ਟੀਮ ਨੂੰ ਗਤੀਸ਼ੀਲ ਬਣਾਇਆ ਗਿਆ ਹੈ
ਕੇਂਦਰ ਸਰਕਾਰ ਨੇ ਆਂਧਰਾ ਪ੍ਰਦੇਸ਼ ਵਿੱਚ ਤੋਤਾਪੁਰੀ ਅੰਬ ਕਿਸਾਨਾਂ ਲਈ ਟਿਕਾਊ ਹੱਲ ਵਿਕਸਿਤ ਕਰਨ ਲਈ ਆਈਸੀਏਆਰ ਮਾਹਿਰਾਂ ਨੂੰ ਤਾਇਨਾਤ ਕੀਤਾ ਹੈ
प्रविष्टि तिथि:
03 JUL 2026 4:09PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਅਧੀਨ ਇੱਕ ਉੱਚ-ਪੱਧਰੀ ਮਾਹਿਰ ਕਮੇਟੀ ਦੇ ਗਠਨ ਦੇ ਨਿਰਦੇਸ਼ ਦਿੱਤੇ ਹਨ। ਇਹ ਕਮੇਟੀ ਆਂਧਰਾ ਪ੍ਰਦੇਸ਼ ਵਿੱਚ ਤੋਤਾਪੁਰੀ ਅੰਬ ਉਤਪਾਦਕਾਂ ਨੂੰ ਦਰਪੇਸ਼ ਚੁਣੌਤੀਆਂ ਦੀ ਜਾਂਚ ਕਰੇਗੀ ਅਤੇ ਇਸ ਖੇਤਰ ਦੇ ਲੰਬੇ ਸਮੇਂ ਦੇ ਵਿਕਾਸ ਲਈ ਢੁਕਵੇਂ ਉਪਾਵਾਂ ਦੀ ਸਿਫ਼ਾਰਸ਼ ਕਰੇਗੀ । ਇਹ ਫੈਸਲਾ ਕੇਂਦਰੀ ਮੰਤਰੀ ਦੇ ਆਂਧਰਾ ਪ੍ਰਦੇਸ਼ ਦੇ ਹਾਲ ਹੀ ਦੇ ਦੌਰੇ ਤੋਂ ਬਾਅਦ ਲਿਆ ਗਿਆ ਹੈ, ਜਿਸ ਦੌਰਾਨ ਉਨ੍ਹਾਂ ਨੇ ਤੋਤਾਪੁਰੀ ਅੰਬ ਉਤਪਾਦਕਾਂ ਨਾਲ ਗੱਲਬਾਤ ਕੀਤੀ ਸੀ। ਇਸ ਗੱਲਬਾਤ ਦੌਰਾਨ, ਕਿਸਾਨਾਂ ਨੇ ਮੰਤਰੀ ਨੂੰ ਦੱਸਿਆ ਕਿ ਤੋਤਾਪੁਰੀ ਅੰਬ ਦੀ ਕਿਸਮ- ਜਿਸ ਦੀ ਖੇਤੀ ਵੱਡੇ ਪੈਮਾਨੇ ‘ਤੇ ਪ੍ਰੋਸੈਸਿੰਗ ਉਦਯੋਗ ਲਈ ਕੀਤੀ ਜਾਂਦੀ ਹੈ - ਇਸ ਦੀਆਂ ਕੀਮਤਾਂ ਵਿੱਚ ਹਾਲ ਹੀ ਦੇ ਮਹੀਨਿਆਂ ਵਿੱਚ ਕਾਫ਼ੀ ਗਿਰਾਵਟ ਆਈ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਨੇ ਉਨ੍ਹਾਂ ਦੀ ਆਮਦਨ 'ਤੇ ਮਾੜਾ ਪ੍ਰਭਾਵ ਪਾਇਆ ਹੈ ਅਤੇ ਰਾਜ ਵਿੱਚ ਅੰਬ ਉਤਪਾਦਕ ਕਿਸਾਨਾਂ ਵਿੱਚ ਕਾਫ਼ੀ ਵਿੱਤੀ ਤਣਾਅ ਪੈਦਾ ਹੋ ਗਿਆ ਹੈ।
ਇਸ ਮਾਮਲੇ ਦਾ ਤੁਰੰਤ ਨੋਟਿਸ ਲੈਂਦੇ ਹੋਏ, ਸ਼੍ਰੀ ਚੌਹਾਨ ਨੇ ਆਈਸੀਏਆਰ ਨੂੰ ਨਿਰਦੇਸ਼ ਦਿੱਤਾ ਕਿ ਉਹ ਵਿਗਿਆਨੀਆਂ ਅਤੇ ਸਬੰਧਿਤ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੀ ਇੱਕ ਮਾਹਿਰ ਕਮੇਟੀ ਦਾ ਗਠਨ ਕਰੇ ਜੋ ਤੋਤਾਪੁਰੀ ਅੰਬ ਖੇਤਰ ਦਾ ਵਿਆਪਕ ਮੁਲਾਂਕਣ ਕਰੇ। ਇਸ ਕਮੇਟੀ ਨੂੰ ਖੇਤੀ ਅਤੇ ਪ੍ਰੋਸੈਸਿੰਗ ਤੋਂ ਲੈ ਕੇ ਮਾਰਕੀਟਿੰਗ, ਘਰੇਲੂ ਵਪਾਰ ਅਤੇ ਨਿਰਯਾਤ ਤੱਕ ਪੂਰੀ ਵੈਲਿਊ ਚੇਨ ਦੀ ਜਾਂਚ ਕਰਨ ਅਤੇ ਕਿਸਾਨਾਂ ਦੀ ਕਮਾਈ ਨੂੰ ਵਧਾਉਣ ਅਤੇ ਇਸ ਖੈਤਰ ਨੂੰ ਟਿਕਾਊ ਅਧਾਰ 'ਤੇ ਮਜ਼ਬੂਤ ਕਰਨ ਲਈ ਢੁਕਵੇਂ ਉਪਾਵਾਂ ਦੀ ਸਿਫ਼ਾਰਸ਼ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਆਈਸੀਏਆਰ-ਸੈਂਟਰਲ ਇੰਸਟੀਚਿਊਟ ਫਾਰ ਸਬਟ੍ਰੋਪਿਕਲ ਹਾਰਟੀਕਲਚਰ, ਲਖਨਊ ਦੁਆਰਾ ਜਾਰੀ ਇੱਕ ਦਫ਼ਤਰੀ ਆਦੇਸ਼ ਦੇ ਅਨੁਸਾਰ, ਕਮੇਟੀ ਦੀ ਪ੍ਰਧਾਨਗੀ ਡਾ. ਟੀ. ਦਾਮੋਦਰਨ, ਡਾਇਰੈਕਟਰ, ਆਈਸੀਏਆਰ-ਸੀਆਈਐਸਐਚ, ਲਖਨਊ ਕਰਨਗੇ। ਕਮੇਟੀ ਦੇ ਹੋਰ ਮੈਂਬਰ ਡਾ. ਐਮ. ਸ਼ੰਕਰਨ, ਮੁਖੀ, ਫਲ ਫਸਲ ਵਿਭਾਗ, ਆਈਸੀਏਆਰ-ਇੰਡੀਅਨ ਇੰਸਟੀਚਿਊਟ ਆਫ਼ ਹਾਰਟੀਕਲਚਰਲ ਰਿਸਰਚ, ਬੰਗਲੁਰੂ; ਡਾ. ਐਚ.ਐਸ. ਸਿੰਘ, ਪ੍ਰਿੰਸੀਪਲ ਸਾਇੰਟਿਸਟ, ਆਈਸੀਏਆਰ-ਸੀਆਈਐਸਐਚ, ਲਖਨਊ; ਡਾ. ਡੀ. ਸ਼੍ਰੀਨਿਵਾਸ ਰੈਡੀ, ਪ੍ਰੋਫੈਸਰ, ਕਾਲਜ ਆਫ਼ ਹਾਰਟੀਕਲਚਰ, ਅਨੰਤਰਾਜੁਪੇਤਾ, ਡਾ. ਵਾਈਐਸਆਰ ਹਾਰਟੀਕਲਚਰਲ ਯੂਨੀਵਰਸਿਟੀ, ਆਂਧਰਾ ਪ੍ਰਦੇਸ਼; ਅਤੇ ਆਂਧਰਾ ਪ੍ਰਦੇਸ਼ ਸਰਕਾਰ ਦੇ ਬਾਗਬਾਨੀ ਨਿਰਦੇਸ਼ਕ, ਜਾਂ ਉਨ੍ਹਾਂ ਦੇ ਨਾਮਜ਼ਦ ਵਿਅਕਤੀ ਹਨ। ਕੇਂਦਰੀ ਮੰਤਰੀ ਨੇ ਕਮੇਟੀ ਨੂੰ ਅਗਲੇ ਦਸ ਦਿਨਾਂ ਦੇ ਅੰਦਰ ਆਂਧਰਾ ਪ੍ਰਦੇਸ਼ ਦੇ ਮੁੱਖ ਤੋਤਾਪੁਰੀ ਅੰਬ ਉਗਾਉਣ ਵਾਲੇ ਖੇਤਰਾਂ ਦਾ ਦੌਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੌਰੇ ਦੌਰਾਨ ਕਮੇਟੀ ਮੌਜੂਦਾ ਸਥਿਤੀ ਦੀ ਪੂਰੀ ਜਾਣਕਾਰੀ ਲੈਣ ਲਈ ਕਿਸਾਨਾਂ, ਪ੍ਰੋਸੈਸਿੰਗ ਉਦਯੋਗ ਦੇ ਪ੍ਰਤੀਨਿਧੀਆਂ, ਨਿਰਯਾਤਕ, ਰਾਜ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ, ਕਿਸਾਨ ਉਤਪਾਦਕ ਸੰਗਠਨਾਂ ਅਤੇ ਖੇਤਰ ਨਾਲ ਜੁੜੇ ਹੋਰ ਹਿੱਤਧਾਰਕਾਂ ਨਾਲ ਗੱਲਬਾਤ ਕਰੇਗੀ।
ਇਹ ਕਮੇਟੀ ਤੋਤਾਪੁਰੀ ਅੰਬਾਂ ਦੀ ਕਾਸ਼ਤ ਦੀ ਮੌਜੂਦਾ ਸਥਿਤੀ, ਉਤਪਾਦਨ ਲਾਗਤ, ਕਿਸਾਨਾਂ ਦੀ ਆਮਦਨ, ਪ੍ਰੋਸੈਸਿੰਗ ਸਮਰੱਥਾ ਅਤੇ ਇਸ ਦੀ ਵਰਤੋਂ, ਮੰਗ-ਸਪਲਾਈ ਗਤੀਸ਼ੀਲਤਾ, ਅਤੇ ਘਰੇਲੂ ਅਤੇ ਨਿਰਯਾਤ ਬਾਜ਼ਾਰਾਂ ਵਿੱਚ ਕੀਮਤਾਂ ਵਿੱਚ ਹਾਲ ਹੀ ਵਿੱਚ ਆਈ ਗਿਰਾਵਟ ਲਈ ਜ਼ਿੰਮੇਵਾਰ ਕਾਰਣਾਂ ਦੀ ਜਾਂਚ ਕਰੇਗੀ। ਇਹ ਵੈਲਿਊ ਚੇਨ ਦੇ ਵੱਖ-ਵੱਖ ਪੜਾਵਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਚੁਣੌਤੀਆਂ ਦਾ ਵੀ ਮੁਲਾਂਕਣ ਕਰੇਗੀ ਅਤੇ ਕੁਸ਼ਲਤਾ, ਮੁਕਾਬਲੇਬਾਜ਼ੀ ਅਤੇ ਬਾਜ਼ਾਰ ਪਹੁੰਚ ਨੂੰ ਬਿਹਤਰ ਬਣਾਉਣ ਦੇ ਮੌਕਿਆਂ ਦੀ ਪਛਾਣ ਕਰੇਗੀ। ਖੇਤਰੀ ਨਿਰੀਖਣਾਂ, ਹਿੱਤਧਾਰਕਾਂ ਨਾਲ ਸਲਾਹ-ਮਸ਼ਵਰੇ ਅਤੇ ਵਿਗਿਆਨਕ ਵਿਸ਼ਲੇਸ਼ਣ ਦੇ ਅਧਾਰ 'ਤੇ, ਕਮੇਟੀ ਕੀਮਤਾਂ ਵਿੱਚ ਗਿਰਾਵਟ ਦੇ ਕਾਰਣਾਂ ਦਾ ਵਿਸਤ੍ਰਿਤ ਮੁਲਾਂਕਣ ਤਿਆਰ ਕਰੇਗੀ ਤਾਂਕਿ ਸਬੂਤ-ਅਧਾਰਿਤ ਪਾਲਿਸੀ ਨਾਲ ਜੁੜੇ ਕਦਮ ਚੁੱਕੇ ਜਾ ਸਕਣ ।
ਫੀਲਡ ਸਟੱਡੀ ਪੂਰੀ ਹੋਣ ਤੋਂ ਬਾਅਦ, ਕਮੇਟੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੂੰ ਇੱਕ ਵਿਸਤ੍ਰਿਤ ਰਿਪੋਰਟ ਸੌਂਪੇਗੀ। ਉਮੀਦ ਹੈ ਕਿ ਇਸ ਰਿਪੋਰਟ ਵਿੱਚ ਕੀਮਤਾਂ ਨੂੰ ਸਥਿਰ ਕਰਨ, ਵੈਲਿਊ ਅਡਿਸ਼ਨ ਨੂੰ ਉਤਸ਼ਾਹਿਤ ਕਰਨ, ਪ੍ਰੋਸੈਸਿੰਗ ਅਤੇ ਨਿਰਯਾਤ ਸਮਰੱਥਾਵਾਂ ਨੂੰ ਵਧਾਉਣ, ਕਿਸਾਨ ਉਤਪਾਦਕ ਸੰਗਠਨਾਂ, ਪ੍ਰੋਸੈਸਰਾਂ ਅਤੇ ਨਿਰਯਾਤਕ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨ, ਅਤੇ ਤੋਤਾਪੁਰੀ ਅੰਬ ਸੈਕਟਰ ਦੇ ਲੰਬੇ ਸਮੇਂ ਅਤੇ ਟਿਕਾਊ ਵਿਕਾਸ ਲਈ ਜ਼ਰੂਰੀ ਪਾਲਿਸੀ ਨਾਲ ਜੁੜੇ ਸੁਝਾਅ ਸ਼ਾਮਲ ਹੋਣਗੇ । ਇਹ ਸੁਝਾਅ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਮਿਲ ਕੇ ਕੀਤੀ ਜਾਣ ਵਾਲੀ ਕਾਰਵਾਈ ਦਾ ਅਧਾਰ ਬਣਨਗੇ।
ਸ਼੍ਰੀ ਚੌਹਾਨ ਨੇ ਕਿਹਾ ਕਿ ਤੋਤਾਪੁਰੀ ਅੰਬ ਉਤਪਾਦਕਾਂ ਦੀ ਆਮਦਨ ਅਤੇ ਰੋਜ਼ੀ-ਰੋਟੀ ਦੀ ਰੱਖਿਆ ਕਰਨਾ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਅੰਬ ਉਤਪਾਦਕਾਂ ਨੂੰ ਟਿਕਾਊ ਸਹਾਇਤਾ ਪ੍ਰਦਾਨ ਕਰਨ, ਵੈਲਿਊ ਚੇਨ ਨੂੰ ਮਜ਼ਬੂਤ ਕਰਨ ਅਤੇ ਇਸ ਖੇਤਰ ਵਿੱਚ ਵੈਲਿਊ ਅਡਿਸ਼ਨ, ਨਿਰਯਾਤ, ਨਿਵੇਸ਼ ਅਤੇ ਰੁਜ਼ਗਾਰ ਲਈ ਨਵੇਂ ਮੌਕੇ ਪੈਦਾ ਕਰਨ ਲਈ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਅਧਾਰ 'ਤੇ ਢੁਕਵੇਂ ਕਦਮ ਚੁੱਕੇ ਜਾਣਗੇ ।
*****
ਆਰਸੀ/ਐੱਮਐੱਸ/ਬਲਜੀਤ
(रिलीज़ आईडी: 2284156)
आगंतुक पटल : 5