ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਤੀਸਰੇ ਮਿਸ਼ਨ ਸੰਚਾਲਨ ਸਮੂਹ (Mission Steering Group) ਬੈਠਕ ਦੀ ਪ੍ਰਧਾਨਗੀ ਕੀਤੀ
ਉਨ੍ਹਾਂ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ; ਨਾਗਰਿਕਾਂ ‘ਤੇ ਕੇਂਦ੍ਰਿਤ, ਇੰਟਰਓਪਰੇਬਲ ਅਤੇ ਤਕਨਾਲੋਜੀ-ਅਧਾਰਿਤ ਹੈਲਥਕੇਅਰ ਰਾਹੀਂ ਭਾਰਤ ਦੇ ਡਿਜੀਟਲ ਹੈਲਥ ਈਕੋਸਿਸਟਮ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ
ABDM ਦੁਨੀਆ ਦੇ ਸਭ ਤੋਂ ਵੱਡੇ ਡਿਜੀਟਲ ਹੈਲਥ ਈਕੋਸਿਸਟਮ ਵਿੱਚੋਂ ਇੱਕ ਦੇ ਰੂਪ ਵਿੱਚ ਉਭਰਿਆ ਹੈ, ਜਿਸ ਵਿੱਚ 93.95 ਕਰੋੜ ਤੋਂ ਵੱਧ ABHA ਨੰਬਰ ਬਣਾਏ ਗਏ ਹਨ, 105 ਕਰੋੜ ਹੈਲਥ ਰਿਕਾਰਡ ਲਿੰਕ ਕੀਤੇ ਗਏ ਹਨ ਅਤੇ ਨੈਸ਼ਨਲ ਡਿਜੀਟਲ ਹੈਲਥ ਰਜਿਸਟ੍ਰੀ ਵਿੱਚ 5.33 ਲੱਖ ਹੈਲਥਕੇਅਰ ਸਹੂਲਤਾਂ ਅਤੇ 9.85 ਲੱਖ ਹੈਲਥਕੇਅਰ ਪ੍ਰੋਫੈਸ਼ਨਲ ਰਜਿਸਟਰ ਕੀਤੇ ਗਏ ਹਨ
ਇਸ ਮਿਸ਼ਨ ਨੇ 2.72 ਲੱਖ ਹੈਲਥਕੇਅਰ ਸਹੂਲਤਾਂ ਨੂੰ ABDM-ਇਨੇਬਲਡ ਸੌਫਟਵੇਅਰ ਅਪਣਾਉਣ ਵਿੱਚ ਸਮਰੱਥ ਬਣਾਇਆ ਹੈ ਅਤੇ ਤੇਜ਼ੀ ਨਾਲ OPD ਰਜਿਸਟ੍ਰੇਸ਼ਨ ਲਈ ਲਗਭਗ 24 ਕਰੋੜ ‘ਸਕੈਨ ਐਂਡ ਰਜਿਸਟਰ' ਟੋਕਨ ਜੈਨਰੇਟ ਕੀਤੇ ਹਨ
ਸ਼੍ਰੀ ਨੱਡਾ ਨੇ ਕਿਹਾ ਕਿ ਜਿੱਥੇ ABDM ਦੇ ਤਹਿਤ ਇੱਕ ਮਜ਼ਬੂਤ ਡਿਜੀਟਲ ਹੈਲਥ ਇਨਫ੍ਰਾਸਟ੍ਰਕਚਰ ਤਿਆਰ ਕੀਤਾ ਗਿਆ ਹੈ, ਉੱਥੇ ਹੀ ਅਗਲੇ ਪੜਾਅ ਵਿੱਚ ਪੂਰੇ ਦੇਸ਼ ਵਿੱਚ ਇਸ ਦੀ ਵੱਧ ਤੋਂ ਵੱਧ ਵਰਤੋਂ ਅਤੇ ਅਪਣਾਏ ਜਾਣ ‘ਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ
“ਸਿਹਤ ਖੇਤਰ ਨੂੰ ਮਜ਼ਬੂਤ ਕਰਨਾ ‘ਵਿਕਸਿਤ ਭਾਰਤ’ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਜ਼ਰੂਰੀ ਹੈ, ਅਤੇ ABDM ਇਸ ਸਫਰ ਵਿੱਚ ਇੱਕ ਅਹਿਮ ਥੰਮ੍ਹ ਵਜੋਂ ਕੰਮ ਕਰੇਗਾ”
प्रविष्टि तिथि:
10 JUL 2026 2:42PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਮਿਸ਼ਨ ਸਟੀਅਰਿੰਗ ਗਰੁੱਪ (MSG) ਦੇ ਚੇਅਰਪਰਸਨ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਇੱਥੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ABDM) ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਭਾਰਤ ਦੇ ਡਿਜੀਟਲ ਹੈਲਥ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਦੇ ਰੋਡਮੈਪ ਬਾਰੇ ਚਰਚਾ ਕਰਨ ਲਈ ਮਿਸ਼ਨ ਸਟੀਅਰਿੰਗ ਗਰੁੱਪ ਦੀ ਤੀਜੀ ਬੈਠਕ ਦੀ ਪ੍ਰਧਾਨਗੀ ਕੀਤੀ।

ਬੈਠਕ ਵਿੱਚ ਤ੍ਰਿਪੁਰਾ ਦੇ ਮੁੱਖ ਮੰਤਰੀ ਡਾ. ਮਾਣਿਕ ਸਾਹਾ; ਮੱਧ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ਼੍ਰੀ ਰਾਜੇਂਦਰ ਸ਼ੁਕਲਾ; ਆਯੁਸ਼ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ; ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ; ਵਣਜ ਅਤੇ ਉਦਯੋਗ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਸ਼੍ਰੀ ਜਿਤਿਨ ਪ੍ਰਸਾਦ; ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਐੱਮ.ਸ੍ਰੀਨਿਵਾਸ; ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਕ ਸਲਾਹਕਾਰ ਪ੍ਰੋ. ਅਜੈ ਕੁਮਾਰ ਸੂਦ; ਓਡੀਸ਼ਾ ਦੇ ਸਿਹਤ ਮੰਤਰੀ ਸ਼੍ਰੀ ਮੁਕੇਸ਼ ਮਹਾਲਿੰਗ; ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ; ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਅਤੇ NHA ਦੇ CEO ਡਾ. ਸੁਨੀਲ ਕੁਮਾਰ ਬਰਨਵਾਲ ਮੌਜੂਦ ਸਨ। ਇਸ ਮੌਕੇ ‘ਤੇ ਕੇਂਦਰੀ ਸਿਹਤ ਮੰਤਰਾਲੇ, ਨੈਸ਼ਨਲ ਹੈਲਥ ਅਥਾਰਿਟੀ, ਨੀਤੀ ਆਯੋਗ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ, ਆਯੁਸ਼ ਮੰਤਰਾਲੇ ਅਤੇ ਮਿਸ਼ਨ ਸਟੀਅਰਿੰਗ ਗਰੁੱਪ ਦੇ ਹੋਰ ਮੈਂਬਰ ਸੰਗਠਨਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਨੱਡਾ ਨੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ, ਦੇਖਭਾਲ ਦੀ ਨਿਰੰਤਰਤਾ ਨੂੰ ਵਧਾਉਣ ਅਤੇ ਨਾਗਰਿਕਾਂ ਨੂੰ ਉਨ੍ਹਾਂ ਦੇ ਸਿਹਤ ਰਿਕਾਰਡ ਤੱਕ ਸੁਰੱਖਿਅਤ ਅਤੇ ਸਹਿਮਤੀ-ਅਧਾਰਿਤ ਪਹੁੰਚ ਰਾਹੀਂ ਸਸ਼ਕਤ ਬਣਾਉਣ ਵਿੱਚ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੀ ਪਰਿਵਰਤਨਕਾਰੀ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਤਕਨੀਕ ਨੂੰ ਹਰ ਨਾਗਰਿਕ ਲਈ ਸਮਾਵੇਸ਼, ਪਹੁੰਚਯੋਗਤਾ ਅਤੇ ਵਰਤੋਂ ਵਿੱਚ ਅਸਾਨੀ ਨੂੰ ਯਕੀਨੀ ਬਣਾਉਂਦੇ ਹੋਏ ਯੂਨੀਵਰਸਲ ਹੈਲਥ ਕਵਰੇਜ (ਸਾਰਿਆਂ ਲਈ ਸਿਹਤ ਸੇਵਾ) ਪ੍ਰਾਪਤ ਕਰਨ ਵਿੱਚ ਇੱਕ ਸ਼ਕਤੀਸ਼ਾਲੀ ਜ਼ਰੀਏ ਵਜੋਂ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ।
ਬੈਠਕ ਦੌਰਾਨ, ਮਿਸ਼ਨ ਸਟੀਅਰਿੰਗ ਗਰੁੱਪ ਨੇ ਪਿਛਲੀ ਬੈਠਕ ਤੋਂ ਬਾਅਦ ABDM ਦੇ ਤਹਿਤ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਦੇਸ਼ ਦੇ ਡਿਜੀਟਲ ਹੈਲਥ ਈਕੋਸਿਸਟਮ ਦੇ ਮਹੱਤਵਪੂਰਨ ਵਿਸਥਾਰ ਦਾ ਹਵਾਲਾ ਦਿੱਤਾ। ਮਿਸ਼ਨ ਨੇ ਸਿਹਤ ਸੰਭਾਲ ਸਹੂਲਤਾਂ, ਸਿਹਤ ਪੇਸ਼ੇਵਰਾਂ ਅਤੇ ਨਾਗਰਿਕਾਂ ਦਰਮਿਆਨ ਡਿਜੀਟਲ ਹੈਲਥ ਸਰਵਿਸਿਸ ਨੂੰ ਅਪਣਾਉਣ ਵਿੱਚ ਕਾਫੀ ਵਾਧਾ ਦੇਖਿਆ ਹੈ, ਜਿਸ ਨਾਲ ਇੱਕ ਏਕੀਕ੍ਰਿਤ, ਇੰਟਰਓਪ੍ਰੇਬਲ ਅਤੇ ਨਾਗਰਿਕ-ਕੇਂਦ੍ਰਿਤ ਡਿਜੀਟਲ ਹੈਲਥ ਇਨਫ੍ਰਾਸਟ੍ਰਕਚਰ ਬਣਾਉਣ ਦਾ ਵਿਜ਼ਨ ਹੋਰ ਅੱਗੇ ਵਧਿਆ ਹੈ। ਪਿਛਲੀ ਬੈਠਕ ਵਿੱਚ ਲਏ ਗਏ ਵੱਖ-ਵੱਖ ਫੈਸਲਿਆਂ ਬਾਰੇ ਹੋਈ ਪ੍ਰਗਤੀ ਦੀ ਵਿਆਪਕ ਸਮੀਖਿਆ ਕੀਤੀ ਗਈ। ਇਨ੍ਹਾਂ ਫੈਸਲਿਆਂ ਵਿੱਚ ਸਮਰੱਥਾ ਨਿਰਮਾਣ ਦੀ ਪਹਿਲ, ਰਾਜ-ਪੱਧਰ ‘ਤੇ ਲਾਗੂ ਕਰਨ ਦੇ ਤਰੀਕਿਆਂ ਨੂੰ ਮਜ਼ਬੂਤ ਕਰਨਾ, ਸਰਕਾਰੀ ਪ੍ਰੋਗਰਾਮਾਂ ਵਿੱਚ ਡਿਜੀਟਲ ਹੈਲਥ ਪਲੈਟਫਾਰਮ ਨੂੰ ਜੋੜਨਾ, ਨਿਜੀ ਹੈਲਥਕੇਅਰ ਪ੍ਰੋਵਾਈਡਰਸ ਦੀ ਬਿਹਤਰ ਭਾਈਵਾਲੀ ਅਤੇ ਡਿਜੀਟਲ ਹੈਲਥ ਵਿੱਚ ਜਾਣਕਾਰੀ ਦੇ ਅਦਾਨ-ਪ੍ਰਦਾਨ ਲਈ ਅੰਤਰਰਾਸ਼ਟਰੀ ਸਹਿਯੋਗ ਸ਼ਾਮਲ ਸਨ।

ਮਿਸ਼ਨ ਸਟੀਅਰਿੰਗ ਗਰੁੱਪ ਨੇ ਨੋਟ ਕੀਤਾ ਕਿ ABDM ਦੁਨੀਆ ਦੇ ਸਭ ਤੋਂ ਵੱਡੇ ਡਿਜੀਟਲ ਹੈਲਥ ਈਕੋਸਿਸਟਮ ਵਿੱਚੋਂ ਇੱਕ ਵਜੋਂ ਉਭਰਿਆ ਹੈ। ਇਸ ਦੇ ਤਹਿਤ 93.95 ਕਰੋੜ ਤੋਂ ਵੱਧ ABHA ਨੰਬਰ ਬਣਾਏ ਗਏ ਹਨ, 105 ਕਰੋੜ ਸਿਹਤ ਸਹੂਲਤਾਂ ਅਤੇ 9.85 ਲੱਖ ਹੈਲਥਕੇਅਰ ਪ੍ਰੋਫੈਸ਼ਨਲ ਰਜਿਸਟਰ ਕੀਤੇ ਗਏ ਹਨ। ਮਿਸ਼ਨ ਨੇ 2.72 ਲੱਖ ਸਿਹਤ ਸੰਭਾਲ ਸਹੂਲਤਾਂ ਨੂੰ ABDM-ਇਨੇਬਲਡ ਸੌਫਟਵੇਅਰ ਅਪਣਾਉਣ ਵਿੱਚ ਮਦਦ ਕੀਤੀ ਹੈ, ਤੇਜ਼ੀ ਨਾਲ OPD ਰਜਿਸਟ੍ਰੇਸ਼ਨਾਂ ਲਈ ਲਗਭਗ 24 ਕਰੋੜ 'ਸਕੈਨ ਐਂਡ ਰਜਿਸਟਰ' ਟੋਕਨ ਜੈਨਰੇਟ ਕੀਤੇ ਹਨ, ਅਤੇ ਦੇਖਭਾਲ ਦੀ ਪੂਰੀ ਪ੍ਰਕਿਰਿਆ ਦੌਰਾਨ ਸਿਹਤ ਸਬੰਧੀ ਜਾਣਕਾਰੀ ਦੇ ਅਸਾਨ ਅਤੇ ਸਹਿਮਤੀ-ਅਧਾਰਿਤ ਅਦਾਨ-ਪ੍ਰਦਾਨ ਨੂੰ ਸੰਭਵ ਬਣਾਇਆ ਹੈ।
ਮਿਸ਼ਨ ਸਟੀਅਰਿੰਗ ਗਰੁੱਪ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ABDM ਦੇ ਤੇਜ਼ੀ ਨਾਲ ਵਿਸਥਾਰ ਦੀ ਸ਼ਲਾਘਾ ਕੀਤੀ। ਇਹ ਵਿਸਥਾਰ 'ਮਾਡਲ ਡਿਸਟ੍ਰਿਕਟਸ', 'ਮਾਡਲ ਫੈਸੀਲਿਟਿਜ਼' ਅਤੇ 'ਅਰੋਗਯ ਸੇਤੂ 2.0' ਵਰਗੀਆਂ ਪਹਿਲਕਦਮੀਆਂ ਰਾਹੀਂ ਹੋਇਆ ਹੈ, ਨਾਲ ਹੀ ਆਯੁਸ਼ਮਾਨ ਭਾਰਤ PM-JAY, CGHS, ESIC ਅਤੇ ਨਿਕਸ਼ੈ ਵਰਗੇ ਪ੍ਰਮੁੱਖ ਸਰਕਾਰੀ ਸਿਹਤ ਪ੍ਰੋਗਰਾਮਾਂ ਨਾਲ ਇੰਟੀਗ੍ਰੇਸ਼ਨ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ। ਮੈਂਬਰਾਂ ਨੇ ਦੇਖਿਆ ਕਿ ਇਹ ਪਹਿਲਕਦਮੀਆਂ ਸੁਰੱਖਿਅਤ ਡਿਜੀਟਲ ਹੈਲਥ ਰਿਕਾਰਡ, ਤੇਜ਼ੀ ਨਾਲ ਸਰਵਿਸ ਡਿਲੀਵਰੀ ਅਤੇ ਦੇਸ਼ ਭਰ ਵਿੱਚ ਹੈਲਥਕੇਅਰ ਸਰਵਿਸ ਤੱਕ ਅਸਾਨ ਪਹੁੰਚ ਨੂੰ ਸੰਭਵ ਬਣਾ ਕੇ ਹੈਲਥਕੇਅਰ ਨੂੰ ਵਧੇਰੇ ਪਹੁੰਚਯੋਗ, ਇੰਟਰਓਪ੍ਰੇਬਲ ਅਤੇ ਨਾਗਰਿਕ-ਕੇਂਦ੍ਰਿਤ ਬਣਾ ਰਹੀਆਂ ਹਨ।
ਮੈਂਬਰਾਂ ਨੇ ਦੇਸ਼ ਭਰ ਵਿੱਚ ABDM ਨੂੰ ਅਪਣਾਉਣ ਦੀ ਗਤੀ ਵਧਾਉਣ ਦੇ ਉਪਾਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਡਿਜੀਟਲ ਹੈਲਥ ਸਰਵਿਸ ਦਾ ਹੋਰ ਵਿਸਥਾਰ ਕਰਨ, ਇੰਟਰਓਪ੍ਰੇਬਿਲਿਟੀ ਵਿੱਚ ਸੁਧਾਰ ਕਰਨ, ਰਾਸ਼ਟਰੀ ਪੱਧਰ ‘ਤੇ ਨੋਟੀਫਾਇਡ ਡਿਜੀਟਲ ਹੈਲਥ ਸਟੈਂਡਰਡਸ ਨੂੰ ਅਪਣਾਉਣ ਨੂੰ ਹੁਲਾਰਾ ਦੇਣ, ਗਵਰਨੈਂਸ ਮਕੈਨਿਜ਼ਮ ਨੂੰ ਮਜ਼ਬੂਤ ਕਰਨ ਅਤੇ ਹੈਲਥ ਸਰਵਿਸ ਤੱਕ ਅਸਾਨ ਡਿਜੀਟਲ ਪਹੁੰਚ ਰਾਹੀਂ ਨਾਗਰਿਕਾਂ ਦੀ ਸੁਵਿਧਾ ਵਧਾਉਣ ਦੇ ਪ੍ਰਸਤਾਵਾਂ ਬਾਰੇ ਚਰਚਾ ਕੀਤੀ।
ਬੈਠਕ ਵਿੱਚ ਮਿਸ਼ਨ ਦੇ ਭਵਿੱਖ ਦੇ ਰੋਡਮੈਪ ਬਾਰੇ ਵੀ ਚਰਚਾ ਹੋਈ, ਜਿਸ ਵਿੱਚ ਡਿਜੀਟਲ ਹੈਲਥ ਨੂੰ ਅਪਣਾਉਣ ਦੇ ਦਾਇਰੇ ਨੂੰ ਵਧਾਉਣ, ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੀਆਂ ਨਵੀਆਂ ਤਕਨੀਕਾਂ ਦਾ ਲਾਭ ਲੈਣ, ਸੰਸਥਾਗਤ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਬੈਠਕ ਦੀ ਸਮਾਪਤੀ ਕਰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਜ਼ੋਰ ਦਿੱਤਾ ਕਿ “ਹਾਲਾਂਕਿ ABDM ਦੇ ਤਹਿਤ ਇੱਕ ਮਜ਼ਬੂਤ ਡਿਜੀਟਲ ਹੈਲਥ ਇਨਫ੍ਰਾਸਟ੍ਰਕਚਰ ਬਣਾਇਆ ਗਿਆ ਹੈ, ਪਰ ਅਗਲੇ ਪੜਾਅ ਵਿੱਚ ਦੇਸ਼ ਭਰ ਵਿੱਚ ਇਸ ਦੀ ਵਰਤੋਂ ਅਤੇ ਇਸਤੇਮਾਲ ਨੂੰ ਜ਼ਿਆਦਾ ਤੋਂ ਜ਼ਿਆਦਾ ਕਰਨ ਵੱਲ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ” ਉਨ੍ਹਾਂ ਨੇ ਕਿਹਾ ਕਿ ਹੈਲਥ ਸੈਕਟਰ ਨੂੰ ਮਜ਼ਬੂਤ ਕਰਨਾ 2047 ਤੱਕ ‘ਵਿਕਸਿਤ ਭਾਰਤ’ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਜ਼ਰੂਰੀ ਹੈ ਅਤੇ ABDM ਇਸ ਯਾਤਰਾ ਵਿੱਚ ਇੱਕ ਅਹਿਮ ਥੰਮ ਵਜੋਂ ਕੰਮ ਕਰੇਗਾ। ਸ਼੍ਰੀ ਨੱਡਾ ਨੇ ਭਰੋਸਾ ਪ੍ਰਗਟਾਇਆ ਕਿ ਕੇਂਦਰ, ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਾਰੀਆਂ ਸਬੰਧਿਤ ਧਿਰਾਂ ਦਰਮਿਆਨ ਲਗਾਤਾਰ ਸਹਿਯੋਗ ਨਾਲ ਭਾਰਤ ਇੱਕ ਅਜਿਹਾ ਮਜ਼ਬੂਤ, ਸਮਾਵੇਸ਼ੀ ਅਤੇ ਭਵਿੱਖ ਲਈ ਤਿਆਰ ਡਿਜੀਟਲ ਹੈਲਥ ਈਕੋਸਿਸਟਮ ਬਣਾਏਗਾ ਜੋ ਸੱਚ ਵਿੱਚ ‘ਵਿਕਸਿਤ ਭਾਰਤ @ 2047 ਦੇ ਵਿਜ਼ਨ ਨੂੰ ਦਰਸਾਉਂਦਾ ਹੋਵੇ। ਉਨ੍ਹਾਂ ਨੇ ਸਾਰੀਆਂ ਸਬੰਧਿਤ ਧਿਰਾਂ ਨਾਲ ਹਰ ਭਾਰਤੀ ਲਈ ਅਸਾਨ, ਸੁਰੱਖਿਅਤ ਅਤੇ ਨਾਗਰਿਕ-ਕੇਂਦ੍ਰਿਤ ਡਿਜੀਟਲ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ।

ਮਿਸ਼ਨ ਸਟੀਅਰਿੰਗ ਗਰੁੱਪ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਟੀਚਿਆਂ ਅੱਗੇ ਵਧਾਉਣ ਅਤੇ ਸਾਰੇ ਨਾਗਰਿਕਾਂ ਲਈ ਅਸਾਨ, ਸੁਰੱਖਿਅਤ ਅਤੇ ਇੰਟਰਓਪ੍ਰੇਬਲ ਡਿਜੀਟਲ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਦੇ ਆਪਣੇ ਸੰਕਲਪ ਨੂੰ ਮੁੜ ਦੁਹਰਾਇਆ।
************
ਐੱਸਆਰਯ/ ਬਲਜੀਤ ਸਿੰਘ
HFW/HFM Chairs 3rd MSG Meet on ABDM/10 July 2026/2
(रिलीज़ आईडी: 2283526)
आगंतुक पटल : 6