ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ-ਭਾਰਤ ਸੀਈਓ ਫੋਰਮ ਅਤੇ ਇਕਨੌਮਿਕ ਰੋਡਮੈਪ ਬਿਜ਼ਨਸ ਪ੍ਰੋਗਰਾਮ ਨੂੰ ਸੰਬੋਧਨ ਕੀਤਾ


प्रविष्टि तिथि: 09 JUL 2026 7:31AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਐਂਥਨੀ ਅਲਬਨੀਜ਼ ਨੇ 9 ਜੁਲਾਈ 2026 ਨੂੰ ਮੈਲਬਰਨ ਵਿੱਚ ਸਾਂਝੇ ਤੌਰ ’ਤੇ ਆਸਟ੍ਰੇਲੀਆ-ਭਾਰਤ ਸੀਈਓ ਫੋਰਮ ਅਤੇ ਇਕਨੌਮਿਕ ਰੋਡਮੈਪ ਬਿਜ਼ਨਸ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਨ੍ਹਾਂ ਦੋਵਾਂ ਪ੍ਰੋਗਰਾਮਾਂ ਵਿੱਚ ਭਾਰਤ ਅਤੇ ਆਸਟ੍ਰੇਲੀਆ ਦੇ ਪ੍ਰਮੁੱਖ ਸੀਈਓ ਤੇ ਬਿਜ਼ਨਸ ਲੀਡਰਾਂ, ਆਸਟ੍ਰੇਲੀਆ ਦੇ ਪ੍ਰਮੁੱਖ ਸੇਵਾਮੁਕਤੀ ਫੰਡਾਂ ਤੇ ਸੰਸਥਾਗਤ ਨਿਵੇਸ਼ਕਾਂ ਦੇ ਪ੍ਰਤੀਨਿਧੀਆਂ ਅਤੇ ਆਸਟ੍ਰੇਲੀਆ ਦੀਆਂ ਮੋਹਰੀ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰਾਂ ਨੇ ਹਿੱਸਾ ਲਿਆ।

ਸੀਈਓ ਫੋਰਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਭਾਰਤ ਦਾ ਮਜ਼ਬੂਤ ਆਰਥਿਕ ਵਾਧਾ, ਨੀਤੀਗਤ ਸੁਧਾਰ, ਡਿਜੀਟਲ ਤਬਦੀਲੀ ਅਤੇ ਨਵੀਨਤਾ ਦਾ ਵਧਦਾ ਹੋਇਆ ਈਕੋਸਿਸਟਮ ਆਸਟ੍ਰੇਲੀਆਈ ਭਾਈਵਾਲਾਂ ਲਈ ਨਵੇਂ ਕਾਰੋਬਾਰੀ ਮੌਕੇ ਪੈਦਾ ਕਰ ਰਿਹਾ ਹੈ। ਭਾਰਤ ਅਤੇ ਆਸਟ੍ਰੇਲੀਆ ਦੀਆਂ ਅਰਥ-ਵਿਵਸਥਾਵਾਂ ਵਿਚਕਾਰ ਆਪਸੀ ਤਾਲਮੇਲ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭਾਰਤ ਵਿੱਚ ਉਤਪਾਦਨ, ਸਵੱਛ ਊਰਜਾ, ਮਹੱਤਵਪੂਰਨ ਖਣਿਜ, ਖਣਨ, ਬੁਨਿਆਦੀ ਢਾਂਚਾ, ਸ਼ਹਿਰੀ ਵਿਕਾਸ, ਹਵਾਬਾਜ਼ੀ, ਲੌਜਿਸਟਿਕਸ, ਐਡਵਾਂਸਡ ਟੈਕਨਾਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਫਿਨਟੈੱਕ, ਫੂਡ ਪ੍ਰੋਸੈਸਿੰਗ ਅਤੇ ਡਿਜੀਟਲ ਅਰਥ-ਵਿਵਸਥਾ ਵਰਗੇ ਖੇਤਰਾਂ ਵਿੱਚ ਉਪਲਬਧ ਵਿਆਪਕ ਮੌਕਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਵੱਡੇ ਪੱਧਰ ’ਤੇ ਕੰਮ ਕਰਨ ਦੀ ਸਮਰੱਥਾ ਅਤੇ ਆਸਟ੍ਰੇਲੀਆ ਦੀ ਮੁਹਾਰਤ ਮਿਲ ਕੇ ਦੋਵਾਂ ਦੇਸ਼ਾਂ ਲਈ ਇੱਕ ਆਪਸੀ ਲਾਭਦਾਇਕ ਸਥਿਤੀ ਦਾ ਨਿਰਮਾਣ ਕਰਦੇ ਹਨ।


ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਆਸਟ੍ਰੇਲੀਆਈ ਨਿਵੇਸ਼ਕਾਂ ਨੂੰ ਭਾਰਤ ਵਿੱਚ ਲੰਮੇ ਸਮੇਂ ਦੇ ਨਿਵੇਸ਼ ਦੇ ਮੌਕਿਆਂ ਦਾ ਲਾਭ ਉਠਾਉਣ ਲਈ ਸੱਦਾ ਦਿੱਤਾ। ਉਨ੍ਹਾਂ ਨੇ ਭਾਰਤ ਵਿੱਚ ਆਸਟ੍ਰੇਲੀਆਈ ਯੂਨੀਵਰਸਿਟੀਆਂ ਦੀ ਵਧਦੀ ਮੌਜੂਦਗੀ ਦਾ ਸਵਾਗਤ ਕੀਤਾ ਅਤੇ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਉੱਚ ਸਿੱਖਿਆ, ਖੋਜ, ਨਵੀਨਤਾ ਅਤੇ ਹੁਨਰ ਵਿਕਾਸ ਵਿੱਚ ਡੂੰਘਾ ਸਹਿਯੋਗ ਨਾ ਸਿਰਫ਼ ਦੋਵਾਂ ਦੇਸ਼ਾਂ ਦੀਆਂ ਪ੍ਰਤਿਭਾਵਾਂ ਨੂੰ ਭਵਿੱਖ ਲਈ ਤਿਆਰ ਕਰੇਗਾ, ਸਗੋਂ ਉਨ੍ਹਾਂ ਨੂੰ ਗਲੋਬਲ ਮੌਕਿਆਂ ਦਾ ਲਾਭ ਉਠਾਉਣ ਵਿੱਚ ਵੀ ਮਦਦ ਕਰੇਗਾ।

ਸੀਈਓ ਫੋਰਮ ਤੋਂ ਬਾਅਦ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ 'ਇਕਨੌਮਿਕ ਰੋਡਮੈਪ ਬਿਜ਼ਨਸ ਪ੍ਰੋਗਰਾਮ' ਨੂੰ ਵੀ ਸੰਬੋਧਨ ਕੀਤਾ, ਜਿਸ ਵਿੱਚ ਦੋਵਾਂ ਧਿਰਾਂ ਦੇ 200 ਤੋਂ ਵੱਧ ਸੀਈਓ ਅਤੇ ਬਿਜ਼ਨਸ ਲੀਡਰਾਂ ਦਾ ਇੱਕ ਵੱਡਾ ਸਮੂਹ ਸ਼ਾਮਲ ਸੀ। ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸੁਭਾਵਕ ਤਾਲਮੇਲ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਨੇ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ, ਹਿੰਦ-ਪ੍ਰਸ਼ਾਂਤ ਖੇਤਰ ਲਈ ਇੱਕੋ ਜਿਹੇ ਦ੍ਰਿਸ਼ਟੀਕੋਣ, ਲੋਕਾਂ ਵਿਚਕਾਰ ਮਜ਼ਬੂਤ ਸਬੰਧਾਂ ਅਤੇ ਮਜ਼ਬੂਤ ਰਾਜਨੀਤਕ ਸਮਝ ਨੇ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਭਾਈਵਾਲੀ ਨੂੰ ਇੱਕਠੇ ਵਧਣ ਅਤੇ ਖੁਸ਼ਹਾਲ ਹੋਣ ਲਈ ਇੱਕ ਵਧੀਆ ਮਾਹੌਲ ਪ੍ਰਦਾਨ ਕੀਤਾ ਹੈ। ਸਾਲ 2022 ਦੇ 'ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ' (ਇਕਨੌਮਿਕ ਕੋਆਪ੍ਰੇਸ਼ਨ ਐਂਡ ਟਰੇਡ ਐਗਰੀਮੈਂਟ - ਈਸੀਟੀਏ) ’ਤੇ ਅਧਾਰਿਤ ਵਪਾਰ ਅਤੇ ਨਿਵੇਸ਼ ਸਬੰਧਾਂ ਦੇ ਵਾਧੇ ’ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ, ਉਨ੍ਹਾਂ ਨੇ ਪ੍ਰਸਤਾਵਿਤ 'ਵਿਆਪਕ ਆਰਥਿਕ ਸਹਿਯੋਗ ਸਮਝੌਤੇ' (ਕੰਪ੍ਰੀਹੈਂਸਿਵ ਇਕਨੌਮਿਕ ਕੋਆਪ੍ਰੇਸ਼ਨ ਐਗਰੀਮੈਂਟ -ਸੀਈਸੀਏ) ਨੂੰ ਜਲਦੀ ਤੋਂ ਜਲਦੀ ਅੰਤਿਮ ਰੂਪ ਦੇਣ ਦਾ ਸੱਦਾ ਦਿੱਤਾ, ਤਾਂ ਜੋ ਵਪਾਰਕ ਸਬੰਧਾਂ ਨੂੰ ਇੱਕ ਨਵੇਂ ਪੱਧਰ ’ਤੇ ਲਿਜਾਇਆ ਜਾ ਸਕੇ। ਉਨ੍ਹਾਂ ਨੇ ਬਿਜ਼ਨਸ ਲੀਡਰਾਂ ਨੂੰ ਦੋਵਾਂ ਧਿਰਾਂ ਦੀਆਂ ਵਿਸ਼ੇਸ਼ਤਾਵਾਂ ਦਾ ਲਾਭ ਉਠਾਉਣ ਅਤੇ ਗਲੋਬਲ ਹੱਲ ਤਲਾਸ਼ਣ ਦੀ ਅਪੀਲ ਕੀਤੀ, ਵਿਸ਼ੇਸ਼ ਤੌਰ ’ਤੇ ਰੇਅਰ ਅਰਥਸ (ਦੁਰਲੱਭ ਖਣਿਜ), ਲਿਥੀਅਮ, ਬੈਟਰੀ, ਇਲੈਕਟ੍ਰੌਨਿਕਸ, ਈਵੀ, ਸੈਮੀਕੰਡਕਟਰਸ, ਏਆਈ ਅਤੇ ਡਿਫੈਂਸ ਸਪਲਾਈ ਚੇਨ ਦੇ ਖੇਤਰਾਂ ਵਿੱਚ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਹ ਸੁਝਾਅ ਵੀ ਦਿੱਤਾ ਕਿ ਦੁਵੱਲੇ ਵਪਾਰਕ ਸਬੰਧਾਂ ਨੂੰ ਅਗਲੇ ਪੱਧਰ ’ਤੇ ਲਿਜਾਣ ਲਈ ਇਹ ਮਹੱਤਵਪੂਰਨ ਹੈ ਕਿ ਭਾਰਤ ਦੇ ਰਾਜ ਅਤੇ ਆਸਟ੍ਰੇਲੀਆ ਦੇ ਸੂਬੇ ਆਪਣੀਆਂ ਮੂਲ ਸਮਰੱਥਾਵਾਂ ਦੇ ਅਧਾਰ ’ਤੇ ਮਜ਼ਬੂਤ ਆਰਥਿਕ ਭਾਈਵਾਲੀ ਸਥਾਪਿਤ ਕਰਨ। ਦੋਵਾਂ ਮੰਚਾਂ ’ਤੇ ਹੋਈਆਂ ਚਰਚਾਵਾਂ ਤੋਂ ਪੈਦਾ ਹੋਈ ਉਮੀਦ ਅਤੇ ਸਾਰਥਕ ਵਿਚਾਰਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਭਾਰਤ-ਆਸਟ੍ਰੇਲੀਆ ਆਰਥਿਕ ਸਬੰਧ ਨਿਰੰਤਰ ਖ਼ੁਸ਼ਹਾਲ ਹੁੰਦੇ ਰਹਿਣਗੇ।


 

************

ਐੱਮਜੇਪੀਐੱਸ/ਐੱਸਐੱਸ/ਐੱਸਟੀ


(रिलीज़ आईडी: 2283158) आगंतुक पटल : 3
इस विज्ञप्ति को इन भाषाओं में पढ़ें: English , Urdu , Marathi , हिन्दी , Assamese , Bengali , Bengali-TR , Manipuri , Gujarati , Odia , Tamil , Telugu , Kannada , Malayalam