ਲੋਕ ਸਭਾ ਸਕੱਤਰੇਤ
ਲੋਕ ਸਭਾ ਸਪੀਕਰ ਨੇ ਪੱਛਮ ਬੰਗਾਲ ਦੇ ਵਿਧਾਇਕਾਂ ਨੂੰ ਲੋਕਤੰਤਰੀ ਪਰੰਪਰਾਵਾਂ ਨੂੰ ਮਜ਼ਬੂਤ ਕਰਨ ਅਤੇ ਰਾਜ ਦੇ ਪੁਨਰਜਾਗਰਣ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ
ਜਨਤਕ ਨੁਮਾਇੰਦਿਆਂ ਨੂੰ ਆਪਣੇ ਚੋਣ ਖੇਤਰ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਪੂਰੇ ਰਾਜ ਦੀਆਂ ਅਕਾਂਖਿਆਵਾਂ ਦੀ ਨੁਮਾਇੰਦਗੀ ਕਰਨੀ ਚਾਹੀਦੀ ਹੈ: ਲੋਕ ਸਭਾ ਸਪੀਕਰ
ਵਿਧਾਨਕ ਬਹਿਸਾਂ ਨੂੰ ਹੱਲਾਂ 'ਤੇ ਕੇਂਦ੍ਰਿਤ ਕਰਨਾ ਚਾਹੀਦਾ ਹੈ, ਸਿਰਫ਼ ਆਲੋਚਨਾ 'ਤੇ ਨਹੀਂ: ਲੋਕ ਸਭਾ ਸਪੀਕਰ
ਨਿਰੰਤਰ ਸਿੱਖਿਆ ਇੱਕ ਪ੍ਰਭਾਵਸ਼ਾਲੀ ਵਿਧਾਇਕ ਦੀ ਪਛਾਣ ਹੈ: ਲੋਕ ਸਭਾ ਸਪੀਕਰ
ਸਦਨ ਵਿੱਚ ਮੌਜੂਦ ਰਹਿਣਾ ਕਲਾਸਰੂਮ ਦਾ ਸਭ ਤੋਂ ਵਧੀਆ ਅਨੁਭਵ ਹੈ: ਲੋਕ ਸਭਾ ਸਪੀਕਰ
ਡਿਜੀਟਲ ਤਕਨਾਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਧਾਨਕ ਸੰਸਥਾਵਾਂ ਨੂੰ ਬਦਲ ਰਹੀਆਂ ਹਨ: ਲੋਕ ਸਭਾ ਸਪੀਕਰ
ਲੋਕਤੰਤਰ ਸੰਵਾਦ, ਆਮ ਸਹਿਮਤੀ ਅਤੇ ਸਨਮਾਨਜਨਕ ਅਸਹਿਮਤੀ ਨਾਲ ਪ੍ਰਫੁੱਲਤ ਹੁੰਦਾ ਹੈ: ਲੋਕ ਸਭਾ ਸਪੀਕਰ
ਲੋਕ ਸਭਾ ਸਪੀਕਰ ਨੇ ਕੋਲਕਾਤਾ ਵਿਖੇ ਪੱਛਮ ਬੰਗਾਲ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਦਾ ਉਦਘਾਟਨ ਕੀਤਾ
प्रविष्टि तिथि:
03 JUL 2026 4:04PM by PIB Chandigarh
ਕੋਲਕਾਤਾ, 3 ਜੁਲਾਈ, 2026: ਅੱਜ ਕੋਲਕਾਤਾ ਵਿੱਚ ਪੱਛਮ ਬੰਗਾਲ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਲਈ ਦੋ-ਦਿਨਾਂ ਓਰੀਐਂਟੇਸ਼ਨ ਪ੍ਰੋਗਰਾਮ ਦਾ ਉਦਘਾਟਨ ਕਰਦੇ ਹੋਏ, ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਵਿਧਾਇਕਾਂ ਨੂੰ ਲੋਕਤੰਤਰੀ ਪਰੰਪਰਾਵਾਂ ਨੂੰ ਮਜ਼ਬੂਤ ਕਰਨ ਅਤੇ ਰਾਜ ਦੇ ਪੁਨਰਜਾਗਰਣ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਚੁਣੇ ਹੋਏ ਪ੍ਰਤੀਨਿਧੀ ਜਨਤਾ ਦੀਆਂ ਅਕਾਂਖਿਆਵਾਂ ਦੇ ਰਖਵਾਲੇ ਹਨ, ਉਨ੍ਹਾਂ ਨੇ ਮੈਂਬਰਾਂ ਨੂੰ ਪੱਛਮ ਬੰਗਾਲ ਦੀ ਸਮ੍ਰਿੱਧ ਲੋਕਤੰਤਰੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਦੇ ਹੋਏ ਕਾਨੂੰਨ ਬਣਾਉਣ, ਰਚਨਾਤਮਕ ਬਹਿਸਾਂ ਅਤੇ ਚੰਗੇ ਸ਼ਾਸਨ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਸ਼੍ਰੀ ਬਿਰਲਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਧਾਨਕ ਬਹਿਸਾਂ ਸਿਰਫ਼ ਆਲੋਚਨਾ ਦੀ ਬਜਾਏ ਹੱਲਾਂ 'ਤੇ ਕੇਂਦ੍ਰਿਤ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਰਚਨਾਤਮਕ ਬਹਿਸ ਇੱਕ ਜੀਵੰਤ ਲੋਕਤੰਤਰ ਦੀ ਪਛਾਣ ਹੈ। ਉਨ੍ਹਾਂ ਕਿਹਾ ਕਿ ਜਦਕਿ ਆਲੋਚਨਾ ਵਿਧਾਨਕ ਕੰਮ ਦਾ ਇੱਕ ਜ਼ਰੂਰੀ ਹਿੱਸਾ ਹੈ, ਹਰ ਬਹਿਸ ਨੂੰ ਜਨਤਕ ਸਮੱਸਿਆਵਾਂ ਦੇ ਵਿਵਹਾਰਕ ਹੱਲ ਵੀ ਪੇਸ਼ ਕਰਨੇ ਚਾਹੀਦੇ ਹਨ। ਸ਼੍ਰੀ ਬਿਰਲਾ ਨੇ ਕਿਹਾ ਕਿ ਜਦੋਂ ਵਿਧਾਇਕ ਆਪਣੀ ਗੱਲ ਵਿਵੇਕਸ਼ੀਲ ਤੱਥਾਂ ਅਤੇ ਅਧਿਐਨ ਨਾਲ ਪੇਸ਼ ਕਰਨਗੇ, ਉਦੋਂ ਲੋਕਤੰਤਰੀ ਸੰਵਾਦ ਦੀ ਗੁਣਵੱਤਾ ਹੋਰ ਬਿਹਤਰ ਹੋਵੇਗੀ।
ਸ਼੍ਰੀ ਬਿਰਲਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਰੇਕ ਵਿਧਾਇਕ ਆਪਣੇ ਹਲਕੇ ਦਾ ਪ੍ਰਤੀਨਿਧੀ ਹੁੰਦਾ ਹੈ, ਬਲਕਿ ਰਾਜ ਦੀਆਂ ਵਿਆਪਕ ਆਕਾਂਖਿਆਵਾਂ ਦਾ ਰਖਵਾਲਾ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਧਾਨਕ ਜ਼ਿੰਮੇਵਾਰੀਆਂ ਸਥਾਨਕ ਮੁੱਦਿਆ ਤੋਂ ਕਿਤੇ ਅੱਗੇ ਤੱਕ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਬਹਿਸ, ਕਾਨੂੰਨ ਅਤੇ ਨੀਤੀ ਦਾ ਅਧਾਰ ਜਨਤਕ ਭਲਾਈ ਹੋਣਾ ਚਾਹੀਦਾ ਹੈ ਅਤੇ ਉਸਦਾ ਮਕਸਦ ਨਾਗਰਿਕਾਂ ਦੀਆਂ ਚੁਣੌਤੀਆਂ ਦੇ ਵਿਵਹਾਰਕ ਹੱਲ ਲੱਭਣਾ ਹੋਣਾ ਚਾਹੀਦੀ ਹੈ। ਉਨ੍ਹਾਂ ਦੁਹਰਾਇਆ ਕਿ ਅਰਥਪੂਰਣ ਲੋਕਤੰਤਰੀ ਵਿਚਾਰ-ਵਟਾਂਦਰੇ ਨੂੰ ਆਲੋਚਨਾ ਤੋਂ ਅੱਗੇ ਵਧ ਕੇ ਰਚਨਾਤਮਕ ਅਤੇ ਲਾਗੂ ਕਰਨ ਯੋਗ ਹੱਲਾਂ 'ਤੇ ਬਰਾਬਰ ਜ਼ੋਰ ਦੇਣਾ ਚਾਹੀਦਾ ਹੈ। ਨਵੇਂ ਚੁਣੇ ਗਏ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ, ਸ਼੍ਰੀ ਬਿਰਲਾ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਵਿੱਚ ਅਥਾਹ ਭਰੋਸਾ ਜਤਾਇਆ ਹੈ ਅਤੇ ਉਹ ਉਨ੍ਹਾਂ ਤੋਂ ਸੰਵੇਦਨਸ਼ੀਲ਼, ਜਵਾਬਦੇਹ ਅਤੇ ਦੂਰਦਰਸ਼ੀ ਲੀਡਰਸ਼ਿਪ ਦੀ ਉਮੀਦ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਦਕਿ ਹਰੇਕ ਵਿਧਾਇਕ ਦੀ ਆਪਣੇ ਹਲਕੇ ਦੀ ਨੁਮਾਇੰਦਗੀ ਕਰਨ ਦੀ ਜ਼ਿੰਮੇਵਾਰੀ ਹੈ, ਉੱਥੇ ਨੀਤੀ ਨਿਰਮਾਣ ਅਤੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਵਿੱਚ ਜਾਣਕਾਰੀਪੂਰਣ ਭਾਗੀਦਾਰੀ ਦੇ ਜ਼ਰੀਏ ਪੂਰੇ ਰਾਜ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਬਰਾਬਰ ਜ਼ਿੰਮੇਵਾਰੀ ਉੰਨੀ ਹੀ ਉਨ੍ਹਾਂ ਦੀ ਹੈ।
ਸ਼੍ਰੀ ਬਿਰਲਾ ਨੇ ਮੈਂਬਰਾਂ ਨੂੰ ਜ਼ਿੰਦਗੀ ਭਰ ਸਿੱਖਦੇ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਨਿਯਮਿਤ ਤੌਰ 'ਤੇ ਪਿਛਲੀਆਂ ਬਹਿਸਾਂ, ਮਹੱਤਵਪੂਰਨ ਕਾਨੂੰਨਾਂ ਅਤੇ ਭਾਰਤ ਅਤੇ ਦੁਨੀਆ ਭਰ ਵਿੱਚ ਸੰਸਦੀ ਪ੍ਰਕਿਰਿਆਵਾਂ ਦਾ ਅਧਿਐਨ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਿਰੰਤਰ ਸਿੱਖਣਾ, ਨਵੇਂ ਵਿਚਾਰਾਂ ਪ੍ਰਤੀ ਖੁੱਲ੍ਹਾਪਣ ਅਤੇ ਸਵੈ-ਸੁਧਾਰ ਇੱਕ ਪ੍ਰਭਾਵਸ਼ਾਲੀ ਜਨਤਕ ਪ੍ਰਤੀਨਿਧੀ ਦੇ ਜ਼ਰੂਰੀ ਗੁਣ ਹਨ। ਸਪੀਕਰ ਨੇ ਕਿਹਾ ਕਿ ਮੌਜੂਦਾ ਪੱਛਮ ਬੰਗਾਲ ਵਿਧਾਨ ਸਭਾ ਵਿੱਚ ਵੱਡੀ ਗਿਣਤੀ ਵਿੱਚ ਪਹਿਲੀ ਵਾਰ ਚੁਣੇ ਗਏ ਮੈਂਬਰ ਅਤੇ ਨੌਜਵਾਨ ਵਿਧਾਇਕ ਹਨ। ਉਨ੍ਹਾਂ ਨੇ ਇਸਨੂੰ ਰਾਜ ਵਿੱਚ ਨਵੇਂ ਵਿਚਾਰਾਂ, ਨਵੀਨਤਾ ਅਤੇ ਲੋਕ-ਕੇਂਦ੍ਰਿਤ ਸ਼ਾਸਨ ਲਿਆਉਣ ਦਾ ਇੱਕ ਇਤਿਹਾਸਕ ਮੌਕਾ ਦੱਸਿਆ। ਉਨ੍ਹਾਂ ਨੇ ਜਨਤਕ ਜੀਵਨ ਵਿੱਚ ਨੌਜਵਾਨ ਨੇਤਾਵਾਂ ਅਤੇ ਮਹਿਲਾਵਾਂ ਦੀ ਵਧਦੀ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ। ਸਪੀਕਰ ਨੇ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਉਹ ਵਿਧਾਨ ਸਭਾ ਵਿੱਚ ਆਪਣਾ ਸਮਾਂ ਵੱਧ ਤੋਂ ਵੱਧ ਬਿਤਾਉਣ, ਭਾਵੇਂ ਉਨ੍ਹਾਂ ਨੂੰ ਬੋਲਣ ਦਾ ਮੌਕਾ ਮਿਲੇ ਜਾਂ ਨਾ ਮਿਲੇ।
ਉਨ੍ਹਾਂ ਕਿਹਾ ਕਿ ਸਾਥੀ ਮੈਂਬਰਾਂ ਦੀਆਂ ਬਹਿਸਾਂ, ਦਲੀਲਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਧਿਆਨ ਨਾਲ ਸੁਣਨਾ ਵਿਧਾਨਕ ਸਮਝ ਵਧਦੀ ਹੈ ਅਤੇ ਇੱਕ ਜਾਣਕਾਰ ਲੀਡਰਸ਼ਿਪ ਤਿਆਰ ਕਰਨ ਵਿੱਚ ਮਦਦ ਮਿਲਦੀ ਹੈ। ਸ਼੍ਰੀ ਬਿਰਲਾ ਨੇ ਮੈਂਬਰਾਂ ਨੂੰ ਯਾਦ ਦਿਵਾਇਆ ਕਿ ਮੌਜੂਦਾ ਵਿਧਾਨ ਸਭਾ ਦੁਆਰਾ ਲਏ ਗਏ ਫੈਸਲੇ ਨਾ ਸਿਰਫ਼ ਮੌਜੂਦਾ ਪੀੜ੍ਹੀ ਨੂੰ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰਭਾਵਿਤ ਕਰਨਗੇ। ਉਨ੍ਹਾਂ ਵਿਧਾਇਕਾਂ ਨੂੰ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਸਿਆਣਪ, ਇਮਾਨਦਾਰੀ ਅਤੇ ਰਾਜ ਲਈ ਇੱਕ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨਾਲ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰੇਕ ਚੁਣੇ ਹੋਏ ਪ੍ਰਤੀਨਿਧੀ ਦਾ ਸਭ ਤੋਂ ਪਹਿਲਾ ਮੁੱਖ ਫਰਜ਼ ਲੋਕਾਂ ਦੀ, ਖਾਸ ਕਰਕੇ ਗ਼ਰੀਬਾਂ ਅਤੇ ਹਾਸ਼ੀਏ 'ਤੇ ਧੱਕੇ ਗਏ ਲੋਕਾਂ ਦੀ ਆਵਾਜ਼ ਬਣਨਾ ਹੈ। ਵਿਧਾਇਕਾਂ ਨੂੰ ਪ੍ਰਭਾਵਸ਼ਾਲੀ ਕਾਨੂੰਨ ਬਣਾਉਣੇ ਚਾਹੀਦੇ ਹਨ, ਲੋਕ-ਕੇਂਦ੍ਰਿਤ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ, ਅਤੇ ਸ਼ਾਸਨ ਦੀ ਨਿਰੰਤਰ ਨਿਗਰਾਨੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਜੋ ਹਰ ਫੈਸਲੇ ਦੇ ਕੇਂਦਰ ਵਿੱਚ ਲੋਕ ਭਲਾਈ ਰਹੇ ।
ਤਕਨਾਲੋਜੀ ਦੀ ਵਧਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਬਿਰਲਾ ਨੇ ਕਿਹਾ ਕਿ ਡਿਜੀਟਲ ਯੁੱਗ ਨੇ ਵਿਧਾਇਕਾਂ ਲਈ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਵਿਧਾਨਕ ਬਹਿਸਾਂ, ਨੀਤੀਗਤ ਦਸਤਾਵੇਜ਼ਾਂ ਅਤੇ ਬਿਹਤਰੀਨ ਤੌਰ-ਤਰੀਕਿਆਂ ਤੱਕ ਪਹੁੰਚ ਕਰਨ ਦੇ ਬੇਮਿਸਾਲ ਮੌਕੇ ਪੈਦਾ ਕੀਤੇ ਹਨ। ‘ਡਿਜੀਟਲ ਸੰਸਦ’ ਪਲੈਟਫਾਰਮ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਮੈਂਬਰ ਹੁਣ ਸੰਸਦੀ ਗਿਆਨ ਅਤੇ ਤੁਲਨਾਤਮਕ ਵਿਧਾਨਕ ਅਨੁਭਵਾਂ ਦੇ ਵਿਸ਼ਾਲ ਭੰਡਾਰ ਦਾ ਲਾਭ ਲੈ ਸਕਦੇ ਹਨ।
ਸਪੀਕਰ ਨੇ ਕਿਹਾ ਕਿ ਲੋਕਤੰਤਰ ਵਿੱਚ ਸਹਿਮਤੀ ਅਤੇ ਅਸਹਿਮਤੀ ਕੁਦਰਤੀ ਗੁਣ ਹਨ। ਹਾਲਾਂਕਿ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਤਭੇਦ ਹਮੇਸ਼ਾ ਤਰਕਸ਼ੀਲ, ਮਾਣਮੱਤੇ ਅਤੇ ਸਨਮਾਨਜਨਕ ਬਹਿਸ ਰਾਹੀਂ ਪ੍ਰਗਟ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾਵਾਂ ਅਜਿਹੀਆਂ ਸੰਸਥਾਵਾਂ ਹੋਣੀਆਂ ਚਾਹੀਦੀਆਂ ਹਨ ਜਿੱਥੇ ਵਿਚਾਰਾਂ ਵਿੱਚ ਮੁਕਾਬਲਾ ਹੋਵੇ, ਪਰ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਪ੍ਰਬਲ ਹੋਣਾ ਚਾਹੀਦਾ ਹੈ।
ਸ਼੍ਰੀ ਬਿਰਲਾ ਨੇ ਪੱਛਮ ਬੰਗਾਲ ਨੂੰ ਭਾਰਤ ਦੀ ਬੌਧਿਕ, ਸੱਭਿਆਚਾਰਕ ਅਤੇ ਰਾਸ਼ਟਰਵਾਦੀ ਚੇਤਨਾ ਨੂੰ ਆਕਾਰ ਦੇਣ ਵਾਲੀ ਅਜਿਹੀ ਧਰਤੀ ਦੱਸਦੇ ਹੋਏ ਕਿਹਾ ਇਸ ਰਾਜ ਨੇ ਲਗਾਤਾਰ ਰਾਸ਼ਟਰ ਨੂੰ ਵਿਚਾਰ, ਪ੍ਰੇਰਨਾ ਅਤੇ ਦਿਸ਼ਾ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਰਾਜਾ ਰਾਮਮੋਹਨ ਰਾਏ, ਸਵਾਮੀ ਵਿਵੇਕਾਨੰਦ, ਬੰਕਿਮ ਚੰਦਰ ਚਟੋਪਾਧਿਆਏ, ਗੁਰੂਦੇਵ ਰਬਿੰਦਰਨਾਥ ਟੈਗੋਰ, ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਵਰਗੀਆਂ ਮਹਾਨ ਸ਼ਖਸੀਅਤਾਂ ਦੇ ਅਥਾਹ ਯੋਗਦਾਨ ਨੂੰ ਯਾਦ ਕੀਤਾ, ਜਿਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਕੁਰਬਾਨੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ। ਪੱਛਮ ਬੰਗਾਲ ਦੀਆਂ ਅਪਾਰ ਸੰਭਾਵਨਾ ਵਿੱਚ ਭਰੋਸਾ ਜਤਾਉਂਦੇ ਹੋਏ, ਸ਼੍ਰੀ ਬਿਰਲਾ ਨੇ ਕਿਹਾ ਕਿ ਆਧੁਨਿਕ ਵਿਕਾਸ ਦੇ ਨਾਲ-ਨਾਲ ਰਾਜ ਦੀ ਸੱਭਿਆਚਾਰ, ਅਧਿਆਤਮਿਕਤਾ, ਸਿੱਖਿਆ, ਉਦਯੋਗ ਅਤੇ ਬੌਧਿਕ ਅਗਵਾਈ ਦੀ ਸ਼ਾਨਦਾਰ ਵਿਰਾਸਤ ਨੂੰ ਮੁੜ ਜੀਵੰਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਬੰਗਾਲ ਵੱਲ ਬਹੁਤ ਉਮੀਦਾਂ ਨਾਲ ਵੇਖਦਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਰਾਜ ਇੱਕ ਵਾਰ ਫਿਰ ਸੱਭਿਆਚਾਰਕ ਪੁਨਰਜਾਗਰਣ, ਨਵੀਨਤਾ ਅਤੇ ਆਰਥਿਕ ਵਿਕਾਸ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਉਭਰੇਗਾ।
ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਸ਼੍ਰੀ ਬਿਰਲਾ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਰੇ ਮੈਂਬਰ ਪੱਛਮ ਬੰਗਾਲ ਦੇ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਲਈ ਇਕੱਠੇ ਕੰਮ ਕਰਨਗੇ। ਉਨ੍ਹਾਂ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਨਵੀਨਤਾ ਅਤੇ ਵਿਕਾਸ ਨੂੰ ਅਪਣਾਉਂਦੇ ਹੋਏ ਬੰਗਾਲ ਦੀ ਸ਼ਾਨਦਾਰ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਇੱਕ ਖੁਸ਼ਹਾਲ ਬੰਗਾਲ ਦੇ ਨਿਰਮਾਣ ਅਤੇ 2047 ਤੱਕ ‘ਵਿਕਸਿਤ ਭਾਰਤ’ ਦੇ ਰਾਸ਼ਟਰੀ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਪਾਉਣ। ਉਨ੍ਹਾਂ ਉਮੀਦ ਪ੍ਰਗਟਾਈ ਕਿ ਓਰੀਐਂਟੇਸ਼ਨ ਪ੍ਰੋਗਰਾਮ ਵਿਧਾਇਕਾਂ ਨੂੰ ਸੰਸਦੀ ਅਭਿਆਸਾਂ, ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਵਿਧਾਨਕ ਜ਼ਿੰਮੇਵਾਰੀਆਂ ਦੀ ਡੂੰਘੀ ਸਮਝ ਨਾਲ ਲੈਸ ਕਰੇਗਾ, ਜਿਸ ਨਾਲ ਉਹ ਆਪਣੇ ਫਰਜ਼ਾਂ ਦਾ ਪਾਲਣ ਵਧੇਰੇ ਪ੍ਰਭਾਵਸ਼ੀਲਤਾ ਅਤੇ ਪੂਰੀ ਨਿਸ਼ਠਾ ਦੇ ਨਾਲ ਨਿਭਾ ਸਕਣਗੇ।
ਪੱਛਮ ਬੰਗਾਲ ਦੇ ਮੁੱਖ ਮੰਤਰੀ, ਸ਼੍ਰੀ ਸੁਵੇਂਦੂ ਅਧਿਕਾਰੀ; ਸੰਸਦੀ ਮਾਮਲਿਆਂ ਅਤੇ ਘੱਟ ਗਿਣਤੀ ਮਾਮਲਿਆਂ ਦੇ ਕੇਂਦਰੀ ਮੰਤਰੀ, ਸ਼੍ਰੀ ਕਿਰੇਨ ਰਿਜਿਜੂ; ਰਾਜ ਸਭਾ ਦੇ ਉਪ ਸਭਾਪਤੀ, ਸ਼੍ਰੀ ਹਰਿਵੰਸ਼; ਪੱਛਮ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ, ਸ਼੍ਰੀ ਰਿਤਾਬ੍ਰਤਾ ਬੈਨਰਜੀ; ਅਤੇ ਹੋਰ ਪਤਵੰਤੇ ਸੱਜਣ ਉਦਘਾਟਨੀ ਸੈਸ਼ਨ ਵਿੱਚ ਸ਼ਾਮਲ ਹੋਏ ਅਤੇ ਸਭਾ ਨੂੰ ਸੰਬੋਧਨ ਕੀਤਾ। ਪੱਛਮ ਬੰਗਾਲ ਵਿਧਾਨ ਸਭਾ ਦੇ ਸਪੀਕਰ, ਸ਼੍ਰੀ ਰਥਿੰਦਰ ਬੋਸ ਨੇ ਸੁਆਗਤੀ ਭਾਸ਼ਣ ਦਿੱਤਾ ਅਤੇ ਪੱਛਮ ਬੰਗਾਲ ਸਰਕਾਰ ਦੇ ਸੰਸਦੀ ਮਾਮਲਿਆਂ ਦੇ ਮੰਤਰੀ, ਡਾ. ਸ਼ੰਕਰ ਘੋਸ਼ ਨੇ ਧੰਨਵਾਦ ਮਤਾ ਪੇਸ਼ ਕੀਤਾ।
ਦੋ-ਦਿਨਾਂ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ, ਵਿਧਾਨਕ ਕੰਮ ਦੇ ਪ੍ਰਮੁੱਖ ਪਹਿਲੂਆਂ ਨੂੰ ਕਵਰ ਕਰਨ ਲਈ ਕਈ ਤਕਨੀਕੀ ਸੈਸ਼ਨ ਰੱਖੇ ਗਏ ਹਨ, ਜਿਸ ਵਿੱਚ ਸ਼ਾਮਲ ਹਨ: 'ਇੱਕ ਪ੍ਰਭਾਵਸ਼ਾਲੀ ਵਿਧਾਇਕ ਕਿਵੇਂ ਬਣਨਾ ਹੈ; ਮੈਂਬਰਾਂ ਲਈ ਰੀਤੀ-ਰਿਵਾਜ ਪਰੰਪਰਾਵਾਂ ਅਤੇ ਸ਼ਿਸ਼ਟਾਚਾਰ'; 'ਵਿਧਾਨ ਸਭਾਵਾਂ ਵਿੱਚ ਪ੍ਰਸ਼ਨਾਂ ਅਤੇ ਹੋਰ ਪ੍ਰਕਿਰਿਆਤਮਕ ਤਰੀਕਿਆਂ ਰਾਹੀਂ ਕਾਰਜਪਾਲਿਕਾ ਦੀ ਜਵਾਬਦੇਹੀ'; 'ਭਾਰਤੀ ਸੰਸਦ ਵਿੱਚ ਕਮੇਟੀ ਪ੍ਰਣਾਲੀ'; ਨਿਜੀ ਮੈਂਬਰਾਂ ਦੇ ਬਿਲਾਂ ਸਮੇਤ ਵਿਧਾਨਕ ਪ੍ਰਕਿਰਿਆ'; 'ਸੰਸਦ ਵਿੱਚ ਵਿੱਤੀ ਕਾਰੋਬਾਰ ਅਤੇ ਬਜਟ ਪ੍ਰਕਿਰਿਆ'; 'ਸੰਸਦੀ ਵਿਸ਼ੇਸ਼ ਅਧਿਕਾਰ ਅਤੇ ਨੈਤਿਕਤਾ'; ਅਤੇ 'ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ' (NeVA)'। ਇਨ੍ਹਾਂ ਸੈਸ਼ਨਾਂ ਦੀ ਪ੍ਰਧਾਨਗੀ ਅਤੇ ਸੰਬੋਧਨ ਦੇਸ਼ ਭਰ ਦੇ ਰਾਜ ਵਿਧਾਨ ਸਭਾਵਾਂ ਦੇ ਉੱਘੇ ਪ੍ਰੀਜ਼ਾਈਡਿੰਗ ਅਧਿਕਾਰੀ, ਸੰਸਦ ਮੈਂਬਰ, ਸੰਵਿਧਾਨਕ ਮਾਹਰ ਅਤੇ ਸੀਨੀਅਰ ਸੰਸਦੀ ਮਾਹਰ ਕਰਨਗੇ। ਉਮੀਦ ਹੈ ਕਿ ਇਹ ਪ੍ਰੋਗਰਾਮ ਤੋਂ ਵਿਚਾਰਾਂ ਅਤੇ ਬਿਹਤਰੀਨ ਤੌਰ-ਤਰੀਕਿਆ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰੇਗਾ ਅਤੇ ਨਾਲ ਹੀ ਭਾਗੀਦਾਰਾਂ ਦੀ ਵਿਧਾਨਕ ਪ੍ਰਕਿਰਿਆਵਾਂ, ਸੰਸਦੀ ਸੰਸਥਾਵਾਂ ਅਤੇ ਲੋਕਤੰਤਰੀ ਸ਼ਾਸਨ ਵਿਵਸਥਾ ਬਾਰੇ ਸਮਝ ਨੂੰ ਬਿਹਤਰ ਬਣਾਏਗਾ।
ਓਰੀਐਂਟੇਸ਼ਨ ਪ੍ਰੋਗਰਾਮ 4 ਜੁਲਾਈ 2026 ਨੂੰ ਪੱਛਮ ਬੰਗਾਲ ਵਿਧਾਨ ਸਭਾ ਦੇ ਇਤਿਹਾਸਕ ਚੈਂਬਰ ਵਿੱਚ ਪੱਛਮ ਬੰਗਾਲ ਦੇ ਰਾਜਪਾਲ ਸ਼੍ਰੀ ਆਰ.ਐਨ. ਰਵੀ ਦੇ ਸਮਾਪਤੀ ਭਾਸ਼ਣ ਨਾਲ ਸਮਾਪਤ ਹੋਵੇਗਾ। ਇਸ ਸੈਸ਼ਨ ਨੂੰ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ; ਹਰਿਆਣਾ ਦੇ ਰਾਜਪਾਲ, ਪ੍ਰੋਫੈਸਰ ਅਸ਼ੀਮ ਕੁਮਾਰ ਘੋਸ਼; ਰਾਜ ਸਭਾ ਉਪ ਸਭਾਪਤੀ, ਸ਼੍ਰੀ ਹਰਿਵੰਸ਼; ਪੱਛਮ ਬੰਗਾਲ ਵਿਧਾਨ ਸਭਾ ਦੇ ਸਪੀਕਰ, ਸ਼੍ਰੀ ਰਥਿੰਦਰ ਬੋਸ; ਅਤੇ ਹੋਰ ਪਤਵੰਤੇ ਵੀ ਸੰਬੋਧਨ ਕਰਨਗੇ। ਇਹ ਪ੍ਰੋਗਰਾਮ ਪੱਛਮ ਬੰਗਾਲ ਵਿਧਾਨ ਸਭਾ ਦੇ ਸਹਿਯੋਗ ਨਾਲ ਲੋਕ ਸਭਾ ਸਕੱਤਰੇਤ ਦੇ ਸੰਸਦੀ ਖੋਜ ਅਤੇ ਸਿਖਲਾਈ ਸੰਸਥਾਨ ਫਾਰ ਡੈਮੋਕ੍ਰੇਸਿਜ਼ (ਪ੍ਰਾਈਡ), ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ।
***
ਏਐੱਮ/ਏਕੇ
(रिलीज़ आईडी: 2281535)
आगंतुक पटल : 4