PIB Backgrounder
azadi ka amrit mahotsav

ਮਾਨਸ: ਡਰੱਗਸ ਵਿਰੁੱਧ ਇੱਕ ਡਿਜੀਟਲ ਕਵਚ


ਨੈਸ਼ਨਲ ਨਾਰਕੋਟਿਕਸ ਹੈਲਪਲਾਈਨ –‘ਨਸ਼ਾ ਮੁਕਤ ਭਾਰਤ’ ਲਈ ਨਾਗਰਿਕਾਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ

प्रविष्टि तिथि: 02 JUL 2026 11:22AM by PIB Chandigarh

ਮਾਨਸ: ਇੱਕ ਅਜਿਹੀ ਵਿਵਸਥਾ ਜੋ ਨਾਗਰਿਕਾਂ ਦੇ ਹੱਥਾਂ ਵਿੱਚ ਵਾਧੂ ਸ਼ਕਤੀ ਸੌਂਪਦੀ ਹੈ

ਸਰਕਾਰ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਪ੍ਰਮੁੱਖ ਸਮਾਜਿਕ ਅਤੇ ਜਨਤਕ-ਸਿਹਤ ਸਬੰਧੀ ਚੁਣੌਤੀਆਂ ਦੇ ਰੂਪ ਵਿੱਚ ਪਛਾਣ ਕੀਤੀ ਹੈ। ਇਹ ਸਮੱਸਿਆ ਸਿਰਫ਼ ਕਿਸੇ ਵਿਅਕਤੀ ਤੱਕ ਹੀ ਸੀਮਤ ਨਹੀਂ ਹਨ, ਸਗੋਂ ਪਰਿਵਾਰਾਂ, ਭਾਈਚਾਰਿਆਂ ਅਤੇ ਜਨਤਕ ਸੁਰੱਖਿਆ ‘ਤੇ ਵੀ ਵਿਆਪਕ ਪ੍ਰਭਾਵ ਪਾਉਂਦੀਆਂ ਹਨ। ਨਾਗਰਿਕਾਂ ਦੀ ਮਜ਼ਬੂਤ ਭਾਗੀਦਾਰੀ ਅਤੇ ਸਹਾਇਤਾ ਸੇਵਾਵਾਂ ਤੱਕ ਉਨ੍ਹਾਂ ਦੀ ਅਸਾਨ ਪਹੁੰਚ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਰਕਾਰ ਨੇ ਇੱਕ ਅਜਿਹੇ ਪਹੁੰਚਯੋਗ ਅਤੇ ਗੁਪਤ ਮੰਚ ਦੀ ਜ਼ਰੂਰਤ ਮਹਿਸੂਸ ਕੀਤੀ, ਜਿੱਥੇ ਲੋਕ ਨਸ਼ੀਲੇ ਪਦਾਰਥਾਂ ਨਾਲ ਸਬੰਧਿਤ ਗਤੀਵਿਧੀਆਂ ਦੀ ਸੂਚਨਾ ਦੇ ਸਕਣ ਅਤੇ ਜ਼ਰੂਰੀ ਸਹਾਇਤਾ ਪ੍ਰਾਪਤ ਕਰ ਸਕਣ।

ਇਸੇ ਜ਼ਰੂਰਤ ਨੂੰ ਪੂਰਾ ਕਰਨ ਲਈ ਗ੍ਰਹਿ ਮੰਤਰਾਲੇ ਦੇ ਤਹਿਤ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਬੀਸੀ) ਦੁਆਰਾ ਡਿਜੀਟਲ ਇੰਡੀਆ ਕਾਰਪੋਰੇਸ਼ਨ (DIC) ਦੇ ਸਹਿਯੋਗ ਨਾਲ 18 ਜੁਲਾਈ, 2024 ਨੂੰ ਨੈਸ਼ਨਲ ਨਾਰਕੋਟਿਕਸ ਹੈਲਪਲਾਈਨ ਮਾਨਸ (Madak Padarth Nishedh Asoochna Kendra) ਲਾਂਚ ਕੀਤਾ ਗਿਆ। ਸੁਰੱਖਿਅਤ ਅਤੇ ਤਕਨਾਲੋਜੀ-ਸੰਚਾਲਿਤ ਇਸ ਮੰਚ ਰਾਹੀਂ ਨਾਗਰਿਕ ਨਸ਼ੀਲੇ ਪਦਾਰਥਾਂ ਨਾਲ ਜੁੜੀਆਂ ਗਤੀਵਿਧੀਆਂ ਦੀ ਗੁਪਤ ਸੂਚਨਾ ਦੇ ਸਕਦੇ ਹਨ, ਮਸ਼ਵਰਾ ਲੈ ਸਕਦੇ ਹਨ ਅਤੇ ਕਿਸੇ ਵੀ ਸਮਾਂ ਪੁਨਰਵਾਸ ਸਬੰਧੀ ਸਹਾਇਤਾ ਤੱਕ ਪਹੁੰਚ ਸਕਦੇ ਹਨ।

ਮਾਨਸ ਡਿਜੀਟਲ ਇੰਡੀਆ ਦੀ ਕਲਪਨਾ ਅਤੇ ਨਸ਼ਾ ਮੁਕਤ ਭਾਰਤ ਦੇ ਮਿਸ਼ਨ ਨੂੰ ਇੱਕ ਮੰਚ ‘ਤੇ ਲਿਆਂਦਾ ਹੈ। ਇਸ ਪਲੈਟਫਾਰਮ ਤੱਕ ਨੈਸ਼ਨਲ ਹੈਲਪਲਾਈਨ ਨੰਬਰ 1933, ਅਧਿਕਾਰਤ ਵੈੱਬ ਪੋਰਟਲ, ਈ-ਮੇਲ ਅਤੇ ਉਮੰਗ ਐਪ ਰਾਹੀਂ ਪਹੁੰਚਿਆ ਜਾ ਸਕਦਾ ਹੈ। ਇਨ੍ਹਾਂ ਮੰਚਾਂ ਰਾਹੀਂ ਸਹਾਇਤਾ ਉਪਲਬਧ ਕਰਵਾ ਕੇ ਮਾਨਸ ਨਾਗਰਿਕਾਂ ਨੂੰ ਸਿਰਫ਼ ਮੂਕ ਦਰਸ਼ਕ ਬਣੇ ਰਹਿਣ ਦੀ ਬਜਾਏ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਤਸਕਰੀ ਵਿਰੁੱਧ ਅਭਿਆਨ ਵਿੱਚ ਸਰਗਰਮ ਭਾਗੀਦਾਰੀ ਕਰਨ ਲਈ ਮਜ਼ਬੂਤ ਬਣਾਉਂਦਾ ਹੈ।

ਕੀ ਤੁਸੀਂ ਜਾਣਦੇ ਹੋ?

  • ਭਾਰਤ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਵਿਆਪਕਤਾ (2019) ‘ਤੇ ਦੇਸ਼ ਦੀ ਪਹਿਲੀ ਵਿਆਪਕ ਰਿਪੋਰਟ ਨੇ ਨਸ਼ੇ ਦੀ ਸਮੱਸਿਆ ਦੇ ਅਸਲ ਸਰੂਪ ਨੂੰ ਉਜਾਗਰ ਕੀਤਾ।
  • ਲਗਭਗ 16 ਕਰੋੜ ਲੋਕ ਸ਼ਰਾਬ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਵਿੱਚੋਂ 5.7 ਕਰੋੜ ਤੋਂ ਵੱਧ ਲੋਕ ਗੰਭੀਰ ਤੌਰ ‘ਤੇ ਪ੍ਰਭਾਵਿਤ ਹਨ।
  • 3.1 ਕਰੋੜ ਲੋਕ ਭੰਗ ਦਾ ਸੇਵਨ ਕਰਦੇ ਹਨ, 2.26 ਕਰੋੜ ਲੋਕ ਓਪਿਓਇਡ (ਅਫੀਮ ਵਰਗ ਦੇ ਨਸ਼ੀਲੇ ਪਦਾਰਥ) ਦੀ ਵਰਤੋਂ ਕਰਦੇ ਹਨ ਅਤੇ ਲਗਭਗ 1.18 ਕਰੋੜ ਲੋਕ ਦਰਦ ਦੂਰ ਕਰਨ ਵਾਲੀਆਂ ਦਵਾਈਆਂ (ਸੈਡੇਟਿਵ) ਦਾ ਸੇਵਨ ਕਰਦੇ ਹਨ।

 

ਮਾਨਸ ਕੀ ਸਹੂਲਤਾਂ ਪ੍ਰਦਾਨ ਕਰਦਾ ਹੈ

ਮਾਨਸ ਨੂੰ ਨਾਗਰਿਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਇਹ ਇੱਕ ਹੀ ਮੰਚ ਸੂਚਨਾ ਦਰਜ ਕਰਵਾਉਣ, ਕਾਉਂਸਲਿੰਗ ਪ੍ਰਾਪਤ ਕਰਨ ਅਤੇ ਜਨਤਕ ਜਾਗਰੂਕਤਾ ਵਧਾਉਣ ਵਰਗੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ।

  • ਨਾਗਰਿਕ ਆਪਣੀ ਪਛਾਣ ਗੁਪਤ ਰੱਖ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਰ-ਕਾਨੂੰਨੀ ਵਿਕਰੀ, ਗੈਰ-ਕਾਨੂੰਨੀ ਖੇਤੀ ਅਤੇ ਇਸ ਨਾਲ ਸਬੰਧਿਤ ਹੋਰ ਗਤੀਵਿਧੀਆਂ ਦੀ ਜਾਣਕਾਰੀ ਦੇ ਸਕਦੇ ਹਨ।
  • ਨਸ਼ੇ ਦੀ ਆਦਤ ਤੋਂ ਪ੍ਰਭਾਵਿਤ ਵਿਅਕਤੀ ਮਸ਼ਵਰਾ ਅਤੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਇਸ ਲਈ ਉਨ੍ਹਾਂ ਦੀਆਂ ਕਾਲਾਂ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੀ ਹੈਲਪਲਾਈਨ 14446 ‘ਤੇ ਟ੍ਰਾਂਸਫਰ ਕਰ ਦਿੱਤੀਆਂ ਜਾਂਦੀਆਂ ਹਨ।
  • ਹੈਲਪਲਾਈਨ ਨੰਬਰ 1933, ਵੈੱਬ ਪੋਰਟਲ ਅਤੇ ਉਮੰਗ ਐਪ ਰਾਹੀਂ ਇਹ ਸੇਵਾਵਾਂ ਕਿਸੇ ਵੀ ਸਮੇਂ ਉਪਲਬਧ ਹਨ, ਜਿਸ ਨਾਲ ਦੇਸ਼ ਭਰ ਦੇ ਨਾਗਰਿਕਾਂ ਤੱਕ ਇਨ੍ਹਾਂ ਦੀ ਪਹੁੰਚ ਯਕੀਨੀ ਹੁੰਦੀ ਹੈ।
  • ਡਿਜੀਟਲ ਟਿਕਟ ਜੈਨਰੇਸ਼ਨ ਅਤੇ ਵਰਕ ਫਲੋ ਮੈਨੇਜਮੈਂਟ ਸਿਸਟਮ ਰਾਹੀਂ ਸਬੰਧਿਤ ਏਜੰਸੀਆਂ ਨਾਲ ਸੂਚਨਾਵਾਂ ਦਾ ਤੇਜ਼ੀ ਨਾਲ ਅਦਾਨ-ਪ੍ਰਦਾਨ ਸੰਭਵ ਹੁੰਦਾ ਹੈ, ਜਿਸ ਨਾਲ ਤਾਲਮੇਲ ਅਤੇ ਕਾਰਵਾਈ ਦੀ ਗਤੀ ਵਿੱਚ ਸੁਧਾਰ ਹੁੰਦਾ ਹੈ।
  • ਸੇਵਾਵਾਂ ਨੂੰ ਵਧੇਰੇ ਸਮਾਵੇਸ਼ੀ ਅਤੇ ਵਿਆਪਕ ਬਣਾਉਣ ਲਈ ਬਹੁ-ਭਾਸ਼ਾਈ ਕਾਲ ਸਹਾਇਤਾ, ਸਮਾਰਟ ਆਈਵੀਆਰਐੱਸ, ਚੈਟਬੌਟ ਏਕੀਕਰਣ ਅਤੇ ਖੇਤਰੀ ਭਾਸ਼ਾਵਾਂ ਵਿੱਚ ਸਹਾਇਤਾ ਵਰਗੀਆਂ ਸਹੂਲਤਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ।

 

ਮੈਂ ਨਸ਼ੇ ਦੀ ਆਦਤ ਤੋਂ ਪੀੜ੍ਹਤ ਵਿਅਕਤੀ ਦੀ ਕਿਵੇਂ ਮਦਦ ਕਰ ਸਕਦਾ ਹਾਂ/ਸਕਦੀ ਹਾਂ?

  • ਨਸ਼ੇ ਦੀ ਆਦਤ ਤੋਂ ਪੀੜ੍ਹਤ ਵਿਅਕਤੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਅਤੇ ਮੰਗ ਦੇ ਦੁਸ਼ਟ ਚੱਕਰ ਦਾ ਸ਼ਿਕਾਰ ਹੁੰਦਾ ਹੈ। ਇਸ ਲਈ ਉਸ ਦੇ ਨਾਲ ਸਨਮਾਨਜਨਕ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਨੂੰ ਨੇੜਲੇ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿੱਚ ਪੇਸ਼ੇਵਰ ਅਤੇ ਮੈਡੀਕਲ ਹੈਲਪ ਲੈਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ, ਉਸ ਨੂੰ ਮਸ਼ਵਰਾ ਅਤੇ ਥੈਰੇਪੀ ਪ੍ਰਾਪਤ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇ।

 

ਪ੍ਰਭਾਵ: ਨਿਰੰਤਰ ਵਧ ਰਿਹਾ ਜਨਤਕ ਭਰੋਸਾ  

ਸ਼ੁਰੂ ਤੋਂ ਹੀ ਮਾਨਸ ਨੇ ਨਾਗਰਿਕਾਂ ਤੱਕ ਆਪਣੀ ਪਹੁੰਚ ਵਧਾਈ ਹੈ, ਜਨਤਕ ਸੇਵਾ ਵੰਡ ਨੂੰ ਮਜ਼ਬੂਤ ਬਣਾਇਆ ਹੈ ਅਤੇ ਨਸ਼ੀਲੇ ਪਦਾਰਥਾਂ ਨਾਲ ਜੁੜੀਆਂ ਕਾਨੂੰਨ ਲਾਗੂਕਰਨ ਵਾਲੀਆਂ ਏਜੰਸੀਆਂ ਦੇ ਦਰਮਿਆਨ ਤਾਲਮੇਲ ਨੂੰ ਬਿਹਤਰ ਕੀਤਾ ਹੈ।

ਇਸ ਮੰਚ ਨੇ ਨਾਗਰਿਕਾਂ ਨੂੰ ਸੁਰੱਖਿਅਤ ਚੈਨਲਾਂ ਰਾਹੀਂ ਨਸ਼ੀਲੇ ਪਦਾਰਥਾਂ ਨਾਲ ਸਬੰਧਿਤ ਗਤੀਵਿਧੀਆਂ ਦੀ ਜਾਣਕਾਰੀ ਦੇਣਾ ਵਧੇਰੇ ਸਰਲ ਬਣਾਇਆ ਹੈ। ਨਾਲ ਹੀ, ਇਸ ਨੇ ਨਾਗਰਿਕਾਂ ਅਤੇ ਲਾਗੂਕਰਨ ਏਜੰਸੀਆਂ ਦੇ ਦਰਮਿਆਨ ਸੂਚਨਾ ਦਾ ਅਦਾਨ-ਪ੍ਰਦਾਨ ਮਜ਼ਬੂਤ ਕੀਤਾ ਹੈ, ਜਿਸ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਸ਼ੇ ਦੀ ਦੁਰਵਰਤੋਂ ਦੇ ਵਿਰੁੱਧ ਕਾਰਵਾਈ ਅਤੇ ਪ੍ਰਤੀਕਿਰਿਆ ਵਿਧੀ ਵਧੇਰੇ ਪ੍ਰਭਾਵੀ ਹੋਈ ਹੈ।

ਮਾਨਸ: ਡਿਜੀਟਲ ਇੰਡੀਆ ਦੇ ਸੰਕਲਪ ਨੂੰ ਕਿਵੇਂ ਮਜ਼ਬੂਤ ਕਰਦਾ ਹੈ

ਮਾਨਸ ਇਸ ਗੱਲ ਦੀ ਇੱਕ ਪ੍ਰਭਾਵਸ਼ਾਲੀ ਉਦਾਹਰਣ ਹੈ ਕਿ ਤਕਨਾਲੋਜੀ ਦੀ ਵਰਤੋਂ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਜਨਤਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਕਿਸ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ। ਇਹ ਡਿਜੀਟਲ ਇੰਡੀਆ ਮਿਸ਼ਨ ਦੀ ਕਲਪਨਾ ਨੂੰ ਹੇਠ ਲਿਖੇ ਵਿਵਹਾਰਕ ਅਤੇ ਪ੍ਰਭਾਵਸ਼ਾਲੀ ਤਰੀਕਿਆਂ ਨਾਲ ਅੱਗੇ ਵਧਾਉਂਦਾ ਹੈ:

 

  • ਮਾਨਸ ਚੌਬੀ (24) ਘੰਟੇ ਕੰਮ ਕਰਦਾ ਹੈ, ਭਾਰਤ ਦੇ ਕਿਸੇ ਵੀ ਹਿੱਸੇ ਤੋਂ ਇਸ ਦੀਆਂ ਸੇਵਾਵਾਂ ਦਾ ਲਾਭ ਲਿਆ ਜਾ ਸਕਦਾ ਹੈ।
  • ਇਹ ਜਨਤਕ-ਜਾਗਰੂਕਤਾ ਨੂੰ ਠੋਸ ਅਤੇ ਉਪਯੋਗੀ ਜਾਣਕਾਰੀ ਵਿੱਚ ਬਦਲਦਾ ਹੈ, ਜਿਸ ਨਾਲ ਲੋਕ ਸਿਰਫ਼ ਸਰਕਾਰੀ ਸੇਵਾਵਾਂ ਦੇ ਲਾਭਪਾਤਰੀ ਨਹੀਂ ਰਹਿੰਦੇ, ਸਗੋਂ ਸ਼ਾਸਨ ਵਿਵਸਥਾ ਵਿੱਚ ਸਰਗਰਮ ਭਾਗੀਦਾਰ ਬਣ ਜਾਂਦੇ ਹਨ।
  • ਹਰੇਕ ਸੂਚਨਾ ਨੂੰ ਡਿਜੀਟਲ ਕਾਰਜਪ੍ਰਣਾਲੀ ਰਾਹੀਂ ਦਰਜ, ਰਜਿਸਟਰਡ, ਟ੍ਰੈਕ ਅਤੇ ਨਿਪਟਾਇਆ ਜਾ ਸਕਦਾ ਹੈ, ਜਿਸ ਨਾਲ ਤੇਜ਼ੀ, ਪਾਰਦਰਸ਼ਿਤਾ ਅਤੇ ਜਵਾਬਦੇਹੀ ਯਕੀਨੀ ਹੁੰਦੀ ਹੈ।
  • ਇਹ ਮੰਚ ਨਾਗਰਿਕਾਂ ਨੂੰ ਸਿੱਧੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੀਆਂ 30 ਖੇਤਰੀ ਇਕਾਈਆਂ ਅਤੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ) ਨਾਲ ਜੋੜਦਾ ਹੈ।
  • ਪੋਰਟਲ ਨੂੰ ਏਕੀਕ੍ਰਿਤ, ਸੁਰੱਖਿਅਤ ਅਤੇ ਦੋ-ਭਾਸ਼ਾਈ ਮੰਚ ਵਜੋਂ ਵਿਕਸਿਤ ਕੀਤਾ ਗਿਆ ਹੈ।
  • ਦੇਸ਼ ਭਰ ਦੇ ਕਿਸ਼ੋਰਾਂ ਅਤੇ ਨੌਜਵਾਨਾਂ ਨੂੰ ਨਸ਼ਾ-ਵਿਰੋਧੀ ਅਭਿਆਨ ਨਾਲ ਜੋੜਨ ਲਈ MyGov ਪੋਰਟਲ ਰਾਹੀਂ ਕੁਇਜ਼, ਪੋਸਟਰ ਪ੍ਰਤੀਯੋਗਿਤਾ ਅਤੇ ਰੀਲ ਨਿਰਮਾਣ ਪ੍ਰਤੀਯੋਗਿਤਾ ਵਰਗੇ ਜਾਗਰੂਕਤਾ ਅਭਿਆਨ ਆਯੋਜਿਤ ਕੀਤੇ ਜਾਂਦੇ ਹਨ।
  • ਕਿਉਂਕਿ ਸਾਰੀਆਂ ਸੂਚਨਾਵਾਂ ਡਿਜੀਟਲ ਤੌਰ ‘ਤੇ ਇਕੱਠੀਆਂ ਕੀਤੀਆਂ ਜਾਂਦੀਆਂ ਹਨ, ਇਸ ਲਈ ਉਨ੍ਹਾਂ ਦੇ ਅਧਾਰ ‘ਤੇ ਰੁਝਾਨ ਅਤੇ ਪੈਟਰਨ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਨਾਲ ਸਬੰਧਿਤ ਏਜੰਸੀਆਂ ਨੂੰ ਇਹ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਕਿਹੜੇ ਖੇਤਰਾਂ ਵਿੱਚ ਸਮੱਸਿਆ ਵਧ ਰਹੀ ਹੈ ਅਤੇ ਉਸ ਅਨੁਸਾਰ ਪ੍ਰਭਾਵਸ਼ਾਲੀ ਰਣਨੀਤੀ ਅਤੇ ਕਾਰਵਾਈ ਦੀ ਯੋਜਨਾ ਬਣਾਈ ਜਾ ਸਕਦੀ ਹੈ।

 

ਨਸ਼ਾ ਮੁਕਤ ਭਾਰਤ ਵੱਲ

ਮਾਨਸ ਇਹ ਦਰਸਾਉਂਦਾ ਹੈ ਕਿ ਡਿਜੀਟਲ ਜਨਤਕ ਬੁਨਿਆਦੀ ਢਾਂਚੇ (ਡੀਪੀਆਈ) ਦੀ ਵਰਤੋਂ ਨਾਗਰਿਕ ਸੁਰੱਖਿਆ ਅਤੇ ਸਮਾਜਿਕ ਭਲਾਈ ਲਈ ਕਿਸ ਤਰ੍ਹਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾ ਸਕਦੀ ਹੈ। ਇਹ ਮੰਚ ਟੈਕਨੋਲੋਜੀ, ਨਾਗਰਿਕ ਭਾਗੀਦਾਰੀ, ਮਸ਼ਵਰਾ, ਡੇਟਾ ਵਿਸ਼ਲੇਸ਼ਣ ਅਤੇ ਸੁਰੱਖਿਅਤ ਰਿਪੋਰਟਿੰਗ ਨੂੰ ਇਕੱਠਿਆਂ ਜੋੜ ਕੇ ਇੱਕ ਸੁਰੱਖਿਅਤ, ਸਿਹਤ ਅਤੇ ਨਸ਼ਾ-ਮੁਕਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦੇ ਰਿਹਾ ਹੈ- ਇੱਕ ਸਮੇਂ ‘ਤੇ ਇੱਕ ਰਿਪੋਰਟ ਅਤੇ ਇੱਕ ਕਾਲ ਰਾਹੀ। ਜਿਵੇਂ-ਜਿਵੇਂ ਇਸ ਦੀ ਪਹੁੰਚ ਵਧ ਰਹੀ ਹੈ ਅਤੇ ਇਸ ਦੇ ਉਪਕਰਣ ਵਧੇਰੇ ਉੱਨਤ ਹੋ ਰਹੇ ਹਨ, ਮਾਨਸ ਸੁਸ਼ਾਸਨ ਦੀ ਇੱਕ ਅਜਿਹੀ ਉਦਾਹਰਣ ਬਣ ਕੇ ਉੱਭਰ ਰਿਹਾ ਹੈ ਜੋ ਕਿ ਡਿਜੀਟਲ ਵੀ ਹੈ ਅਤੇ ਮਨੁੱਖੀ ਸੰਵੇਦਨਾਵਾਂ ਨਾਲ ਵੀ ਜੁੜਿਆ ਹੋਇਆ ਹੈ।

ਸੰਦਰਭ

ਗ੍ਰਹਿ ਮੰਤਰਾਲਾ

Click here to see pdf

****

ਪੀਆਈਬੀ ਰਿਸਰਚ/ਬਲਜੀਤ ਸਿੰਘ


(रिलीज़ आईडी: 2280638) आगंतुक पटल : 23
इस विज्ञप्ति को इन भाषाओं में पढ़ें: English , Gujarati , Urdu , Marathi , हिन्दी , Bengali , Bengali-TR , Tamil