ਨਿੱਜੀ ਯਾਤਰਾਵਾਂ ਤੋਂ ਲੈ ਕੇ ਸਮਾਜਿਕ ਹਕੀਕਤਾਂ ਤੱਕ: ਐੱਮਆਈਐੱਫਐੱਫ ਵਿਖੇ ਦਸਤਾਵੇਜ਼ੀ ਸਿਨੇਮਾ ਦੇ ਦਾਇਰੇ ਨੂੰ ਵਿਸਤ੍ਰਿਤ ਕਰ ਰਹੇ ਨੌਜਵਾਨ ਫਿਲਮ ਨਿਰਮਾਤਾ
ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ) ਵਿਖੇ "ਕੀ ਨੌਜਵਾਨ ਫਿਲਮ ਨਿਰਮਾਤਾ ਦਸਤਾਵੇਜ਼ੀ ਫਿਲਮਾਂ ਨੂੰ ਮੁੜ ਪਰਿਭਾਸ਼ਿਤ ਕਰ ਰਹੇ ਹਨ?" ਸਿਰਲੇਖ ਨਾਲ ਆਯੋਜਿਤ ਪੈਨਲ ਚਰਚਾ ਵਿੱਚੋਂ ਜੇਕਰ ਇੱਕ ਗੱਲ ਸਪੱਸ਼ਟ ਤੌਰ 'ਤੇ ਸਾਹਮਣੇ ਆਈ, ਤਾਂ ਉਹ ਇਹ ਸੀ: ਦਸਤਾਵੇਜ਼ੀ ਫਿਲਮ ਨਿਰਮਾਣ ਦਾ ਭਵਿੱਖ ਸੁਰੱਖਿਅਤ ਹੱਥਾਂ ਵਿੱਚ ਹੈ।
ਪ੍ਰਸਿੱਧ ਫਿਲਮ ਨਿਰਮਾਤਾ ਪ੍ਰਬਲ ਖੋਂਡ, ਲੇਖਿਕਾ-ਫਿਲਮ ਨਿਰਮਾਤਾ ਪ੍ਰੀਤੀ ਸ਼ਰਮਾ, ਉੱਭਰ ਰਹੇ ਫਿਲਮ ਨਿਰਮਾਤਾ ਸਮਾਪਤੀ ਦਾਸ, ਅਤੇ ਅਨੁਭਵੀ ਫਿਲਮ ਨਿਰਮਾਤਾ ਅਤੇ ਸਿੱਖਿਆ ਸ਼ਾਸਤਰੀ ਪ੍ਰੋਫੈਸਰ ਹਿਮਾਂਸ਼ੂ ਸ਼ੇਖਰ ਖਟੂਆ ਨਾਲ ਜੁੜੀ ਇਸ ਚਰਚਾ ਵਿੱਚ ਇਸ ਗੱਲ 'ਤੇ ਚਾਨਣਾ ਪਾਇਆ ਕਿ ਕਹਾਣੀਕਾਰਾਂ ਦੀ ਇੱਕ ਨਵੀਂ ਪੀੜ੍ਹੀ ਨਵੇਂ ਦ੍ਰਿਸ਼ਟੀਕੋਣਾਂ, ਤਕਨੀਕੀ ਨਵੀਨਤਾਵਾਂ ਅਤੇ ਸਮਾਜਿਕ ਹਕੀਕਤਾਂ ਪ੍ਰਤੀ ਡੂੰਘੀ ਵਚਨਬੱਧਤਾ ਨਾਲ ਦਸਤਾਵੇਜ਼ੀ ਦ੍ਰਿਸ਼ਟੀਕੋਣ ਨੂੰ ਨਵਾਂ ਰੂਪ ਦੇ ਰਹੀ ਹੈ। ਸੈਸ਼ਨ ਦਾ ਸੰਚਾਲਨ ਸ਼੍ਰੀ ਐੱਨਐੱਫਡੀਸੀ ਦੇ ਫਿਲਮ ਫੈਸਟੀਵਲ ਦੇ ਕਲਾਤਮਕ ਨਿਰਦੇਸ਼ਕ ਸ਼੍ਰੀ ਪੰਕਜ ਸਕਸੈਨਾ ਨੇ ਕੀਤਾ।

ਪ੍ਰੋਫੈਸਰ ਹਿਮਾਂਸ਼ੂ ਸ਼ੇਖਰ ਖਟੂਆ ਨੇ ਕਿਹਾ ਕਿ ਅੱਜ ਦੇ ਨੌਜਵਾਨ ਫਿਲਮ ਨਿਰਮਾਤਾਵਾਂ ਨੂੰ ਫਿਲਮ ਨਿਰਮਾਣ ਦੇ ਟੂਲਸ ਅਤੇ ਪਲੈਟਫਾਰਮਾਂ ਤੱਕ ਬੇਮਿਸਾਲ ਪਹੁੰਚ ਪ੍ਰਾਪਤ ਹੈ। ਉਨ੍ਹਾਂ ਨੇ ਕਿਹਾ, "ਉਹ ਇੱਕ ਵਿਚਾਰ ਵਿਕਸਿਤ ਕਰਦੇ ਹਨ ਅਤੇ ਤੁਰੰਤ ਨਿਰਮਾਣ ਸ਼ੁਰੂ ਕਰ ਦਿੰਦੇ ਹਨ। "ਪਿਛਲੀਆਂ ਪੀੜ੍ਹੀਆਂ ਦੇ ਉਲਟ, ਉਹ ਪਛਾਣ ਬਣਾਉਣ ਲਈ ਪੂਰੀ ਤਰ੍ਹਾਂ ਫਿਲਮ ਫੈਸਟੀਵਲਾਂ 'ਤੇ ਨਿਰਭਰ ਨਹੀਂ ਹਨ। ਡਿਜੀਟਲ ਪਲੈਟਫਾਰਮਾਂ ਨੇ ਦਰਸ਼ਕਾਂ ਤੱਕ ਪਹੁੰਚਣ ਦੇ ਨਵੇਂ ਰਸਤੇ ਖੋਲ੍ਹ ਦਿੱਤੇ ਹਨ।" ਉਨ੍ਹਾਂ ਨੇ ਕਿਹਾ ਕਿ ਦਸਤਾਵੇਜ਼ੀ ਫਿਲਮਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਦਾ ਵਧਦਾ ਪ੍ਰਭਾਵ ਫਿਲਮ ਨਿਰਮਾਣ ਵਿੱਚ ਗੁਣਵੱਤਾ ਅਤੇ ਵਿਭਿੰਨਤਾ ਹੀ ਲਿਆਏਗਾ।
ਅਨੁਭਵੀ ਫਿਲਮ ਨਿਰਮਾਤਾ, ਜੋ ਵਰਤਮਾਨ ਵਿੱਚ ਬੀਜੂ ਪਟਨਾਇਕ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ ਆਫ ਓਡੀਸ਼ਾ ਦੇ ਪ੍ਰਮੁੱਖ ਹਨ, ਨੇ ਅਰਥਪੂਰਨ ਕਹਾਣੀ ਕਹਿਣ ਦੇ ਪ੍ਰਤੀ ਨੌਜਵਾਨ ਪੀੜ੍ਹੀ ਦੀ ਵਚਨਬੱਧਤਾ ‘ਤੇ ਵਿਸ਼ਵਾਸ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ, " ਨੌਜਵਾਨ ਫਿਲਮ ਨਿਰਮਾਤਾ ਆਪਣੇ ਜੀਵਨ ਅਤੇ ਆਪਣੇ ਆਲੇ ਦੁਆਲੇ ਦੇ ਸਮਾਜ ਬਾਰੇ ਡੂੰਘਾਈ ਨਾਲ ਆਤਮ-ਨਿਰੀਖਣ ਕਰਦੇ ਹਨ। ਉਹ ਸਮਾਜਿਕ ਕਾਰਨਾਂ ਪ੍ਰਤੀ ਡੂੰਘਾਈ ਨਾਲ ਸਮਰਪਿਤ ਹਨ। ਮੇਰਾ ਮੰਨਣਾ ਹੈ ਕਿ ਦਸਤਾਵੇਜ਼ੀ ਫਿਲਮ ਨਿਰਮਾਣ ਦਾ ਭਵਿੱਖ ਬਹੁਤ ਹੀ ਉੱਜਵਲ ਹੈ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਇਸ ਵਿੱਚ ਬਹੁਤ ਵਾਧਾ ਹੋਵੇਗਾ।

ਨੌਜਵਾਨ ਫਿਲਮ ਨਿਰਮਾਤਾ ਸਮਾਪਤੀ ਦਾਸ, ਜਿਨ੍ਹਾਂ ਦੀਆਂ ਦੋ ਫਿਲਮਾਂ ਐੱਮਆਈਐੱਫਐੱਫ ਵਿੱਚ ਪ੍ਰਦਰਸ਼ਿਤ ਹੋਈਆਂ, ਨੇ ਨੌਜਵਾਨਾਂ ਵਿੱਚ ਦਸਤਾਵੇਜ਼ੀ ਫਿਲਮ ਨਿਰਮਾਣ ਪ੍ਰਤੀ ਵਧੇਰੇ ਜਾਗਰੂਕਤਾ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਚਾਹਵਾਨ ਫਿਲਮ ਨਿਰਮਾਤਾ ਇਸ ਮਾਧਿਅਮ ਦੁਆਰਾ ਪੇਸ਼ ਕੀਤੇ ਜਾਣ ਵਾਲੇ ਮੌਕਿਆਂ ਤੋਂ ਅਣਜਾਣ ਹਨ। ਉਨ੍ਹਾਂ ਨੇ ਕਿਹਾ “ਦਸਤਾਵੇਜ਼ੀ ਸਿਰਫ ਵਪਾਰਕ ਸਿਨੇਮਾ ਦਾ ਵਿਕਲਪ ਨਹੀਂ ਹਨ; ਉਹ ਫਿਲਮ ਨਿਰਮਾਤਾਵਾਂ ਨੂੰ ਸ਼ਾਨਦਾਰ ਉਚਾਈਆਂ ‘ਤੇ ਲੈ ਜਾ ਸਕਦੇ ਹਨ। ”ਨਾਲ ਹੀ, ਦਾਸ ਨੇ ਦਸਤਾਵੇਜ਼ੀ ਫਿਲਮ ਨਿਰਮਾਣ ਦੀ ਔਖੀ ਪ੍ਰਕਿਰਿਆ ‘ਤੇ ਵੀ ਜ਼ੋਰ ਦਿੱਤਾ ਅਤੇ ਨਿਰਮਾਤਾਵਾਂ ਨੂੰ ਉੱਭਰ ਰਹੀਆਂ ਪ੍ਰਤਿਭਾਵਾਂ ‘ਤੇ ਵਧੇਰੇ ਭਰੋਸਾ ਰੱਖਣ ਦੀ ਅਪੀਲ ਕੀਤੀ।
ਸੁਤੰਤਰ ਫਿਲਮ ਨਿਰਮਾਤਾ ਅਤੇ ਲੇਖਿਕਾ ਪ੍ਰੀਤੀ ਸ਼ਰਮਾ ਨੇ ਚੁਣੌਤੀਪੂਰਨ ਹਾਲਾਤਾਂ ਵਿੱਚ ਦਸਤਾਵੇਜ਼ੀ ਫਿਲਮਾਂ ਬਣਾਉਣ ਨਾਲ ਜੁੜੇ ਸਮਰਪਣ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ, “ਬਹੁਤ ਸਾਰੇ ਫਿਲਮ ਨਿਰਮਾਤਾ ਸੀਮਤ ਸਰੋਤਾਂ, ਵਿੱਤੀ ਰੁਕਾਵਟਾਂ ਅਤੇ ਸਟਾਫ ਦੀ ਘਾਟ ਦੇ ਬਾਵਜੂਦ ਦਸਤਾਵੇਜ਼ੀ ਫਿਲਮਾਂ ਬਣਾਉਣ ਵਿੱਚ ਵਰ੍ਹੇ ਬਿਤਾਉਂਦੇ ਹਨ। ਇਸ ਵਿੱਚ ਬਹੁਤ ਮਿਹਨਤ ਲਗਦੀ ਹੈ। ਸਭ ਤੋਂ ਵੱਡੀ ਚੁਣੌਤੀ ਇਹ ਯਕੀਨੀ ਬਣਾਉਣਾ ਹੈ ਕਿ ਇਹ ਫਿਲਮਾਂ ਦਰਸ਼ਕਾਂ ਤੱਕ ਪਹੁੰਚਣ।“ ਉਨ੍ਹਾਂ ਨੇ ਯੂਟਿਊਬ ਤੋਂ ਪਰੇ ਹੋਰ ਰਸਮੀ ਪ੍ਰਦਰਸ਼ਨੀ ਅਤੇ ਡਿਸਟ੍ਰੀਬਿਊਸ਼ਨ ਪਲੈਟਫਾਰਮਾਂ ਦੀ ਵਕਾਲਤ ਕੀਤੀ।
ਉੱਤਰ-ਪੂਰਬੀ ਭਾਰਤ ਵਿੱਚ ਕਬਾਇਲੀ ਭਾਈਚਾਰਿਆਂ ਦੇ ਦਸਤਾਵੇਜ਼ੀਕਰਣ ਦੇ ਆਪਣੇ ਅਨੁਭਵਾਂ ਤੋਂ ਪ੍ਰੇਰਣਾ ਲੈਂਦੇ ਹੋਏ, ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਪ੍ਰਬਲ ਖੋਂਡ ਨੇ ਦਸਤਾਵੇਜ਼ੀ ਫਿਲਮ ਨਿਰਮਾਣ ਵਿੱਚ ਲੋੜੀਂਦੇ ਧੀਰਜ, ਸੱਭਿਆਚਾਰਕ ਸੰਵੇਦਨਸ਼ੀਲਤਾ ਅਤੇ ਦ੍ਰਿੜ੍ਹਤਾ ਬਾਰੇ ਚਰਚਾ ਕੀਤੀ। ਕਬਾਇਲੀ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਨੂੰ ਫਿਲਮਾਉਣ ਦੀਆਂ ਚੁਣੌਤੀਆਂ ਦਾ ਵਰਣਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਦਸਤਾਵੇਜ਼ੀ ਫਿਲਮ ਨਿਰਮਾਤਾਵਾਂ ਦੇ ਕੰਮ ਨੂੰ ਸਰਲ ਅਤੇ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਤਕਨੀਕੀ ਤਰੱਕੀ ਨੂੰ ਅਪਣਾਇਆ ਜਾਣਾ ਚਾਹੀਦਾ ਹੈ।

ਦਰਸ਼ਕਾਂ ਦੀ ਸੋਚ ਵਿੱਚ ਆਏ ਬਦਲਾਅ ਵੱਲ ਇਸ਼ਾਰਾ ਕਰਦੇ ਹੋਏ, ਸੰਚਾਲਕ ਪੰਕਜ ਸਕਸੈਨਾ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਦਸਤਾਵੇਜ਼ੀ ਫਿਲਮਾਂ ਨੂੰ ਅਕਸਰ ਬੋਰਿੰਗ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਅੱਜ, ਨੌਜਵਾਨ ਫਿਲਮ ਨਿਰਮਾਤਾ ਨਿੱਜੀ ਅਨੁਭਵਾਂ, ਮਨੁੱਖੀ ਸੰਘਰਸ਼ਾਂ ਅਤੇ ਸਮਾਜਿਕ ਤਬਦੀਲੀ 'ਤੇ ਆਧਾਰਿਤ ਕਹਾਣੀਆਂ ਸੁਣਾ ਰਹੇ ਹਨ। ਉਨ੍ਹਾਂ ਦਾ ਜਨੂੰਨ ਅਤੇ ਪ੍ਰਮਾਣਿਕਤਾ ਇਸ ਮਾਧਿਅਮ ਨੂੰ ਬਦਲ ਰਹੀ ਹੈ।
ਇਸ ਚਰਚਾ ਵਿੱਚ ਹਾਈਬ੍ਰਿਡ ਦਸਤਾਵੇਜ਼ੀ ਅਤੇ ਦਸਤਾਵੇਜ਼ੀ-ਗਲਪ ਵਰਗੇ ਉੱਭਰ ਰਹੇ ਫਾਰਮੈਟਾਂ ‘ਤੇ ਵੀ ਵਿਚਾਰ ਕੀਤਾ ਗਿਆ। ਗੱਲਬਾਤ ਦੌਰਾਨ ਇਹ ਆਮ ਸਹਿਮਤੀ ਉੱਭਰ ਕੇ ਸਾਹਮਣੇ ਆਈ ਕਿ ਸਮਕਾਲੀ ਦਸਤਾਵੇਜ਼ੀ ਫਿਲਮ ਨਿਰਮਾਤਾ ਰਵਾਇਤੀ ਰਿਪੋਰਟਿੰਗ ਤੋਂ ਅੱਗੇ ਵਧ ਕੇ ਮਨੁੱਖੀ ਭਾਵਨਾਵਾਂ, ਨਿੱਜੀ ਯਾਤਰਾਵਾਂ ਅਤੇ ਅਸਲ ਅਨੁਭਵਾਂ ਨਾਲ ਡੂੰਘਾਈ ਨਾਲ ਜੁੜ ਰਹੇ ਹਨ। ਇਹ ਭਾਵਨਾਤਮਕ ਪ੍ਰਮਾਣਿਕਤਾ, ਤਕਨੀਕੀ ਨਵੀਨਤਾ ਅਤੇ ਸਮਾਜਿਕ ਵਚਨਬੱਧਤਾ ਦੇ ਨਾਲ ਮਿਲ ਕੇ, ਦਸਤਾਵੇਜ਼ੀ ਫਿਲਮਾਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਸ਼ਾਲ ਦਰਸ਼ਕਾਂ ਤੱਕ ਪਹੁੰਚਣ ਵਿੱਚ ਮਦਦ ਕਰ ਰਹੀ ਹੈ।
* * *
ਪੀਆਈਬੀ ਐੱਮਆਈਐੱਫਐੱਫ/ਮਹੇਸ਼ ਕੁਮਾਰ/ਰਿਆਸ ਬਾਬੂ/ਦਰਸ਼ਨਾ ਰਾਨੇ
ਸ਼ਾਨਦਾਰ ਫਿਲਮਾਂ ਜੋਸ਼ੀਲੀਆਂ ਆਵਾਜ਼ਾਂ ਰਾਹੀਂ ਗੂੰਜਦੀਆਂ ਹਨ। #MIFF2026 ਨਾਲ ਸਿਨੇਮਾ ਲਈ ਆਪਣਾ ਪਿਆਰ ਸਾਂਝਾ ਕਰੋ। X ‘ਤੇ ਸਾਨੂੰ @pibmumbai ‘ਤੇ ਟੈਗ ਕਰੋ, ਅਤੇ ਅਸੀਂ ਤੁਹਾਡੇ ਜਨੂੰਨ ਨੂੰ ਫੈਲਾਉਣ ਵਿੱਚ ਮਦਦ ਕਰਾਂਗੇ। ਇੰਟਰਵਿਊ/ਇੰਟਰਨੈਸ਼ਨਲ ਲਈ ਫਿਲਮ ਨਿਰਮਾਤਾਵਾਂ ਨਾਲ ਜੁੜਨ ਦੇ ਚਾਹਵਾਨ ਪੱਤਰਕਾਰਾਂ, ਬਲੌਗਰਾਂ ਅਤੇ ਵਲੌਗਰਾਂ ਲਈ, ਵਿਸ਼ਾ ਲਾਈਨ: Take One with PIB ਦੇ ਨਾਲ ਸਾਡੇ ਨਾਲ miff.mediadesk@pib.gov.in ‘ਤੇ ਸੰਪਰਕ ਕਰੋ।
Release ID:
2280373
| Visitor Counter:
36