ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਫਰਾਂਸ ਦੇ ਚਾਰ ਦਿਨਾਂ ਦੇ ਸਰਕਾਰੀ ਦੌਰੇ ‘ਤੇ ਰਵਾਨਾ


ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਭਾਰਤ-ਫਰਾਂਸ ਆਰਥਿਕ ਅਤੇ ਵਿੱਤੀ ਡਾਈਲੌਗ-ਈਐੱਫਡੀ ਦੀ ਸਹਿ-ਪ੍ਰਧਾਨਗੀ ਕਰਨਗੇ, ਉੱਚ ਪੱਧਰੀ ਆਰਥਿਕ ਮੀਟਿੰਗਾਂ ਵਿੱਚ ਹਿੱਸਾ ਲੈਣਗੇ ਅਤੇ ਉਦਯੋਗ ਜਗਤ ਦੇ ਪ੍ਰਮੁੱਖ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨਗੇ

ਕੇਂਦਰੀ ਵਿੱਤ ਮੰਤਰੀ ਦਾ ਦੌਰਾ ਫਰਾਂਸ ਦੇ ਨਾਲ ਭਾਰਤ ਦੀ ਰਣਨੀਤਕ ਆਰਥਿਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਦੀ ਪ੍ਰਤੀਬੱਧਤਾ ਦਰਸਾਉਂਦੀ ਹੈ

प्रविष्टि तिथि: 01 JUL 2026 12:56PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਅੱਜ ਫਰਾਂਸ ਦੇ ਸਰਕਾਰੀ ਦੌਰੇ ‘ਤੇ ਰਵਾਨਾ ਹੋਏ। ਆਪਣੀ ਇਸ ਯਾਤਰਾ ਦੌਰਾਨ ਉਹ ਕਈ ਉੱਚ ਪੱਧਰੀ ਦੁਵੱਲੀਆਂ ਮੀਟਿੰਗਾਂ ਵਿੱਚ ਹਿੱਸਾ ਲੈਣਗੇ, ਜਿਨ੍ਹਾਂ ਦਾ ਉਦੇਸ਼ ਭਾਰਤ-ਫਰਾਂਸ ਰਣਨੀਤਕ ਸਾਂਝੇਦਾਰੀ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣਾ, ਆਰਥਿਕ ਸਹਿਯੋਗ ਨੂੰ ਹੁਲਾਰਾ ਦੇਣਾ ਅਤੇ ਨਿਵੇਸ਼, ਤਕਨਾਲੋਜੀ ਸਹਿਯੋਗ ਅਤੇ ਇਨੋਵੇਸ਼ਨ ਨੂੰ ਉਤਸਾਹਿਤ ਕਰਨਾ ਹੈ। 

ਯਾਤਰਾ ਦੌਰਾਨ ਇੱਕ ਪ੍ਰਮੁੱਖ ਪ੍ਰੋਗਰਾਮ ਭਾਰਤ-ਫਰਾਂਸ ਆਰਥਿਕ ਅਤੇ ਵਿੱਤੀ ਡਾਈਲੌਗ (ਈਐੱਫਡੀ) ਹੋਵੇਗਾ, ਜਿਸ ਦੀ ਸਹਿ- ਪ੍ਰਧਾਨਗੀ ਸ਼੍ਰੀਮਤੀ ਸੀਤਾਰਮਣ ਅਤੇ ਫਰਾਂਸ ਦੇ ਆਰਥਿਕ, ਵਿੱਤ ਅਤੇ ਉਦਯੋਗਿਕ ਅਤੇ ਊਰਜਾ ਮੰਤਰੀ ਸ਼੍ਰੀ ਰੋਲੈਂਡ ਲੇਸਕਯੂਰ (Mr. Roland Lescure) ਏਕਸ-ਆਂ-ਪ੍ਰੋਵੈਂਸ (Aix-en-Provence) ਵਿੱਚ ਕਰਨਗੇ। ਇਸ ਦੌਰਾਨ ਦੋਵੇਂ ਦੇਸ਼ਾਂ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦੀਆਂ ਨਵੀਆਂ ਸੰਭਾਵਨਾਵਾਂ ‘ਤੇ ਵਿਚਾਰ-ਵਟਾਂਦਰਾਂ ਕਰਨਗੇ ਅਤੇ ਭਾਰਤ ਅਤੇ ਫਰਾਂਸ ਦਰਮਿਆਨ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਪਾਵਾਂ ‘ਤੇ ਚਰਚਾ ਕਰਨਗੇ। 

ਦੌਰੇ ਦੌਰਾਨ ਕੇਂਦਰੀ ਵਿੱਤ ਮੰਤਰੀ ਚੋਣਵੀਆਂ ਗਲੋਬਲ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕਰਨਗੇ। ਇਸ ਤੋਂ ਇਲਾਵਾ, ਉਹ ਪ੍ਰਮੁੱਖ ਉਦਯੋਗਪਤੀਆਂ ਨਾਲ ਗੋਲਮੇਜ਼ ਚਰਚਾ ਵਿੱਚ ਹਿੱਸਾ ਲੈਣਗੇ, ਜਿਸ ਵਿੱਚ ਭਾਰਤ ਦੀ ਮਜ਼ਬੂਤ ਵਿਆਪਕ ਆਰਥਿਕ ਸਥਿਤੀ, ਵਰਤਮਾਨ ਢਾਂਚਾਗਤ ਸੁਧਾਰਾਂ, ਵਧਦੇ ਨਿਵੇਸ਼ ਮੌਕਿਆਂ ਅਤੇ ਲੰਬੇ ਸਮੇਂ ਦੇ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਪੇਸ਼ ਕੀਤਾ ਜਾਵੇਗਾ। 

ਸ਼੍ਰੀਮਤੀ ਸੀਤਾਰਮਣ “ਨਵੇਂ ਮੱਧ ਵਰਗ ਦੇ ਵਿਕਾਸ ਨੂੰ ਕਿਵੇਂ ਪ੍ਰੋਤਸਾਹਿਤ ਕੀਤਾ ਜਾਵੇ” ਵਿਸ਼ੇ ‘ਤੇ Les Rencontres Économiques d'Aix-en-Provence ਵਿੱਚ ਆਯੋਜਿਤ ਇੱਕ ਪੈਨਲ ਚਰਚਾ ਵਿੱਚ ਵੀ ਹਿੱਸਾ ਲੈਣਗੇ। ਇਹ ਯੂਰੋਪ ਦੇ ਪ੍ਰਮੁੱਖ ਸਲਾਨਾ ਫੋਰਮਾਂ ਵਿੱਚੋਂ ਇੱਕ ਹੈ, ਜਿੱਥੇ ਆਲਮੀ ਅਰਥਵਿਵਸਥਾ ਅਤੇ ਜਨਤਕ ਨੀਤੀ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ‘ਤੇ ਸੰਵਾਦ ਹੁੰਦਾ ਹੈ। Le Cercle des économistes ਦੁਆਰਾ ਆਯੋਜਿਤ ਇਸ ਫੋਰਮ ‘ਤੇ ਦੁਨੀਆ ਭਰ ਤੋਂ ਰਾਸ਼ਟਰ ਦੇ ਪ੍ਰਮੁੱਖ, ਮੰਤਰੀਆਂ, ਕੇਂਦਰੀ ਬੈਂਕਰਾਂ, ਕਾਰੋਬਾਰੀ ਆਗੂਆਂ, ਅਰਥਸ਼ਾਸਤਰੀਆਂ, ਸਿੱਖਿਆ ਸ਼ਾਸਤਰੀਆਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀ ਸਮਕਾਲੀ ਆਲਮੀ ਆਰਥਿਕ ਚੁਣੌਤੀਆਂ ‘ਤੇ ਵਿਚਾਰ ਵਟਾਂਦਰਾਂ ਕਰਦੇ ਹਨ। 

ਕੇਂਦਰੀ ਵਿੱਤ ਮੰਤਰੀ ਕਾਦਾਰਾਸ਼ੇ (Cadarache) ਸਥਿਤ ਇੰਟਰਨੈਸ਼ਨਲ ਥਰਮੋਨਿਊਕਲੀਅਰ ਐਕਸਪੈਰੀਮੈਂਟ ਰਿਐਕਟਰ (ITER) ਪ੍ਰੋਜੈਕਟ ਦਾ ਵੀ ਦੌਰਾ ਕਰਨਗੇ। ਆਈਟੀਈਆਰ ਨਿਊਕਲੀਅਰ ਫਿਊਜ਼ਨ ਊਰਜਾ ਦੇ ਖੇਤਰ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਅੰਤਰਰਾਸ਼ਟਰੀ ਵਿਗਿਆਨੀ ਸਹਿਯੋਗ ਪ੍ਰੋਜੈਕਟ ਵਿੱਚੋਂ ਇੱਕ ਹੈ, ਜਿਸ ਵਿੱਚ ਭਾਰਤ ਅਤੇ ਫਰਾਂਸ ਸਮੇਤ 30 ਤੋਂ ਵੱਧ ਸਾਂਝੇਦਾਰੀ ਦੇਸ਼ ਸ਼ਾਮਲ ਹਨ। ਉਹ ਕੈਂਪਸ ਸਾਈਬਰ ਦਾ ਵੀ ਦੌਰਾ ਕਰਨਗੇ, ਜੋ ਫਰਾਂਸ ਦਾ ਸਾਈਬਰ ਸੁਰੱਖਿਆ ਇਨੋਵੇਸ਼ਨ, ਖੋਜ, ਕੌਸ਼ਲ ਵਿਕਾਸ ਅਤੇ ਸਰਕਾਰ, ਉਦਯੋਗ ਅਤੇ ਵਿਦਿਅਕ ਸੰਸਥਾਵਾਂ ਵਿੱਚ ਸਹਿਯੋਗ ਲਈ ਸਮਰਪਿਤ ਰਾਸ਼ਟਰੀ ਕੇਂਦਰ ਹੈ। ਇਸ ਯਾਤਰਾ ਤੋਂ ਸਾਈਬਰ ਸੁਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਡਿਜੀਟਲ ਅਰਥਵਿਵਸਥਾ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਅਨੁਭਵਾਂ ਅਤੇ ਵਧੀਆ ਅਭਿਆਸਾਂ ਦੇ ਅਦਾਨ-ਪ੍ਰਦਾਨ ਨੂੰ ਪ੍ਰੋਤਸਾਹਨ ਮਿਲਣ ਦੀ ਉਮੀਦ ਹੈ। 

ਸ਼੍ਰੀਮਤੀ ਸੀਤਾਰਮਣ ਪ੍ਰੋਵੈਂਸ-ਐਲਪਸ-ਕੋਟ ਡੀ'ਅਜ਼ੂਰ (Provence-Alpes-Côte d'Azur) (ਪੀਏਸੀਏ) ਖੇਤਰ ਦੇ ਪ੍ਰੈਜ਼ੀਡੈਂਟ Mr. Renaud Muselier ਨਾਲ ਵੀ ਮੁਲਾਕਾਤ ਕਰਨਗੇ। ਇਸ ਦੌਰਾਨ ਨਿਵੇਸ਼, ਇਨੋਵੇਸ਼ਨ, ਸਾਫ਼ ਊਰਜਾ, ਤਕਨਾਲੋਜੀ ਅਤੇ ਖੇਤਰੀ ਆਰਥਿਕ ਸਾਂਝੇਦਾਰੀ ਵਰਗੇ ਸਾਂਝੇ ਹਿਤਾਂ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਮੌਕੇ ‘ਤੇ ਚਰਚਾ ਕੀਤੀ ਜਾਵੇਗੀ।

ਆਪਣੇ ਸਰਕਾਰੀ ਦੌਰੇ ਦੇ ਸਮਾਪਤੀ ‘ਤੇ ਕੇਂਦਰੀ ਵਿੱਤ ਮੰਤਰੀ ਫਰਾਂਸ ਵਿੱਚ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਮੈਂਬਰਾਂ ਨਾਲ ਆਯੋਜਿਤ ਇੱਕ ਕਮਿਊਨਿਟੀ ਈਵੇਂਟ ਵਿੱਚ ਵੀ ਹਿੱਸਾ ਲੈਣਗੇ। 

****

ਐੱਸਆਰ/ਕੇਐੱਮਐੱਨ/ਬਲਜੀਤ ਸਿੰਘ


(रिलीज़ आईडी: 2279938) आगंतुक पटल : 11
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Tamil , Kannada