ਰੱਖਿਆ ਮੰਤਰਾਲਾ
azadi ka amrit mahotsav

ਜਨਰਲ ਧੀਰਜ ਸੇਠ ਨੇ ਫੌਜ ਮੁਖੀ ਦਾ ਅਹੁਦਾ ਸੰਭਾਲ ਲਿਆ

प्रविष्टि तिथि: 30 JUN 2026 2:37PM by PIB Chandigarh

ਪੀਵੀਐੱਸਐੱਮ, ਯੂਵਾਈਐੱਸਐੱਮ, ਏਵੀਐੱਸਐੱਮ ਜਨਰਲ ਧੀਰਜ ਸੇਠ ਨੇ 31ਵੇਂ ਫੌਜ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ। ਉਨ੍ਹਾਂ ਨੇ ਇਹ ਅਹੁਦਾ ਪੀਵੀਐੱਸਐੱਮ, ਏਵੀਐੱਸਐੱਮ ਜਨਰਲ ਉਪੇਂਦਰ ਦ੍ਵਿਵੇਦੀ ਦੇ 30 ਜੂਨ, 2026 ਨੂੰ ਰਾਸ਼ਟਰ ਦੀ ਚਾਰ ਦਹਾਕਿਆਂ ਤੋਂ ਵੱਧ ਦੀ ਵਿਸ਼ੇਸ਼ ਸੇਵਾ ਤੋਂ ਬਾਅਦ ਸੇਵਾਮੁਕਤੀ ਹੋਣ ‘ਤੇ ਸੰਭਾਲਿਆ ਹੈ।

ਜਨਰਲ ਧੀਰਜ ਸੇਠ ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ ਦੇ ਸਾਬਕਾ ਵਿਦਿਆਰਥੀ ਹਨ ਅਤੇ ਉਨ੍ਹਾਂ ਨੇ ਦਸੰਬਰ 1986 ਵਿੱਚ ਆਰਮਡ ਕੋਰ ਵਿੱਚ ਕਮਿਸ਼ਨ ਹਾਸਲ ਕੀਤਾ ਸੀ। ਲਗਭਗ ਚਾਰ ਦਹਾਕਿਆਂ ਦੇ ਆਪਣੇ ਸ਼ਾਨਦਾਰ ਫੌਜੀ ਕਰੀਅਰ ਦੌਰਾਨ, ਉਨ੍ਹਾਂ ਨੇ ਸੰਚਾਲਨ, ਰਣਨੀਤਕ, ਸਮਰੱਥਾ ਵਿਕਾਸ ਅਤੇ ਸੰਸਥਾਗਤ ਖੇਤਰਾਂ ਵਿੱਚ ਵਿਆਪਕ ਤਜਰਬਾ ਹਾਸਲ ਕੀਤਾ ਹੈ, ਜਿਸ ਨੇ ਭਾਰਤੀ ਫੌਜ ਦੀਆਂ ਯੁੱਧ ਸਮਰੱਥਾਵਾਂ ਅਤੇ ਲੰਬੇ ਸਮੇਂ ਦੇ ਪਰਿਵਰਤਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।

ਫੌਜ ਪ੍ਰਮੁੱਖ ਜਨਰਲ ਧੀਰਜ ਸੇਠ ਨੇ ਵੱਖ-ਵੱਖ ਫੌਜੀ ਅਭਿਆਨਾਂ ਵਿੱਚ ਹਰ ਪੱਧਰ 'ਤੇ ਕਮਾਂਡ ਸਾਂਭੀ ਹੈ। ਉਨ੍ਹਾਂ ਦੇ ਕਮਾਂਡ ਕਾਰਜ ਖੇਤਰ ਵਿੱਚ ਮਾਰੂਥਲ ਸੈਕਟਰ ਵਿੱਚ ਇੱਕ ਬਖਤਰਬੰਦ ਰੈਜੀਮੈਂਟ, ਪੱਛਮੀ ਮੋਰਚੇ 'ਤੇ ਇੱਕ ਬਖਤਰਬੰਦ ਬ੍ਰਿਗੇਡ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਇੱਕ ਅੱਤਵਾਦ-ਵਿਰੋਧੀ ਫੋਰਸ ਸ਼ਾਮਲ ਹੈ। ਲੈਫਟੀਨੈਂਟ ਜਨਰਲ ਦੇ ਤੌਰ 'ਤੇ, ਉਨ੍ਹਾਂ ਨੇ ਸੁਦਰਸ਼ਨ ਚੱਕਰ ਕੋਰ ਦੀ ਕਮਾਂਡ ਸੰਭਾਲੀ, ਜੋ ਕਿ ਭਾਰਤੀ ਫੌਜ ਦੇ ਪ੍ਰਮੁੱਖ ਸਟ੍ਰਾਇਕ ਫਾਰਮੇਸ਼ਨਾਂ ਵਿੱਚੋਂ ਇੱਕ ਹੈ। ਬਾਅਦ ਵਿੱਚ, ਉਨ੍ਹਾਂ ਨੇ ਦਿੱਲੀ ਖੇਤਰ ਦੇ ਜਨਰਲ ਅਫਸਰ ਕਮਾਂਡਿੰਗ ਵਜੋਂ ਕੰਮ ਕੀਤਾ, ਜਿੱਥੇ ਉਨ੍ਹਾਂ ਨੇ ਮਹੱਤਵਪੂਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫੌਜੀ ਅਭਿਆਨਾਂ ਅਤੇ ਰਸਮੀ ਜ਼ਿੰਮੇਵਾਰੀਆਂ ਦੀ ਨਿਗਰਾਨੀ ਕੀਤੀ।

ਆਰਮੀ ਕਮਾਂਡਰ ਦੇ ਅਹੁਦੇ 'ਤੇ ਤਰੱਕੀ ਤੋਂ ਬਾਅਦ, ਉਨ੍ਹਾਂ ਨੇ ਦੱਖਣ-ਪੱਛਮ ਕਮਾਂਡ ਅਤੇ ਦੱਖਣ ਕਮਾਂਡ ਸੰਭਾਲੀ ਅਤੇ ਦੋ ਸੰਚਾਲਨ ਆਰਮੀ ਕਮਾਂਡਾਂ ਨੂੰ ਸੰਭਾਲਨ ਅਤੇ ਢਾਈ ਵਰ੍ਹਿਆਂ ਤੋਂ ਵੱਧ ਸਮੇਂ ਤੱਕ ਮਹੱਤਵਪੂਰਨ ਮੋਰਚਿਆਂ 'ਤੇ ਰਣਨੀਤਕ ਨਿਗਰਾਨੀ ਪ੍ਰਦਾਨ ਕਰਨ ਦਾ ਮਹੱਤਵਪੂਰਨ ਮਾਣ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਕਈ ਮੁੱਖ ਸਟਾਫ ਅਤੇ ਰਣਨੀਤਕ ਅਹੁਦਿਆਂ ‘ਤੇ ਕੰਮ ਕੀਤਾ ਹੈ ਜਿਨ੍ਹਾਂ ਦੀ ਸੰਚਾਲਨ ਯੋਜਨਾ, ਫੋਰਸ ਪ੍ਰਬੰਧਨ ਅਤੇ ਸਮਰੱਥਾ ਵਿਕਾਸ ‘ਤੇ ਮਹੱਤਵਪੂਰਨ ਪ੍ਰਭਾਵ ਪਿਆ ਹੈ।

ਫੌਜ ਦੇ ਆਧੁਨਿਕੀਕਰਣ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਵਿਆਪਕ ਤੌਰ 'ਤੇ ਮਾਨਤਾ ਪ੍ਰਾਪਤ, ਫੌਜ ਮੁਖੀ ਨੇ ਫੌਜ ਹੈੱਡਕੁਆਰਟਰ ਦੇ ਰਣਨੀਤਕ ਯੋਜਨਾ ਅਤੇ ਸਮਰੱਥਾ ਵਿਕਾਸ ਵਿਭਾਗਾਂ ਵਿੱਚ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ ਹੈ, ਜਿਸ ਨਾਲ ਆਧੁਨਿਕੀਕਰਣ ਦੀ ਦਿਸ਼ਾ, ਸਮਰੱਥਾ ਰੋਡਮੈਪ ਅਤੇ ਲੰਬੇ ਸਮੇਂ ਦੇ ਫੋਰਸ ਢਾਂਚੇ ਸਬੰਧੀ ਪਹਿਲਕਦਮੀਆਂ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦੀ ਭੂਮਿਕਾ ਰਹੀ ਹੈ। ਉੱਭਰਦੀ ਤਕਨਾਲੋਜੀਆਂ ਅਤੇ ਭਵਿੱਖ ਦੇ ਯੁੱਧ ਖੇਤਰ ਦੀਆਂ ਜ਼ਰੂਰਤਾਂ ਨਾਲ ਸੰਚਾਲਨ ਜ਼ਰੂਰਤਾਂ ਨੂੰ ਰੇਖਾਂਕਿਤ ਕਰਨ ਵਿੱਚ ਉਨ੍ਹਾਂ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ।

ਜਨਰਲ ਧੀਰਜ ਸੇਠ ਇੱਕ ਨਿਪੁੰਨ ਫੌਜੀ ਪੇਸ਼ੇਵਰ ਹਨ ਅਤੇ ਉਨ੍ਹਾਂ ਨੇ ਪੇਸ਼ੇਵਰ ਫੌਜੀ ਸਿੱਖਿਆ ਵਿੱਚ ਲਗਾਤਾਰ ਉੱਤਮ ਪ੍ਰਦਰਸ਼ਨ ਕਰਦੇ ਹੋਏ ਸਿਖਲਾਈ ਕੋਰਸਾਂ ਵਿੱਚ ਟੌਪ ਸਥਾਨ ਪ੍ਰਾਪਤ ਕੀਤੇ ਹਨ। ਉਹ ਉੱਚ ਕਮਾਂਡ ਕੋਰਸ ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਗ੍ਰੈਜੂਏਟ ਹਨ। ਉਨ੍ਹਾਂ ਨੇ ਪੈਰਿਸ ਵਿੱਚ ਆਯੋਜਿਤ ਵੱਕਾਰੀ ਕਮਾਂਡ ਅਤੇ ਸਟਾਫ ਕੋਰਸ ਵਿੱਚ ਵੀ ਹਿੱਸਾ ਲਿਆ ਹੈ ਅਤੇ ਇਹ ਸਮਕਾਲੀ ਫੌਜੀ ਮਾਮਲਿਆਂ ਦੇ ਪ੍ਰਤੀ ਉਨ੍ਹਾਂ ਦੇ ਵਿਆਪਕ ਰਣਨੀਤਕ ਦ੍ਰਿਸ਼ਟੀਕੋਣ ਅਤੇ ਸਮਝ ਨੂੰ ਦਰਸਾਉਂਦਾ ਹੈ। 

*********

ਨਿਸ਼ਾਂਤ ਅਰਵਿੰਦ/ਪ੍ਰਦੀਪ ਕੁਮਾਰ/ਬਲਜੀਤ ਸਿੰਘ


(रिलीज़ आईडी: 2279863) आगंतुक पटल : 21
इस विज्ञप्ति को इन भाषाओं में पढ़ें: English , Urdu , हिन्दी , Marathi , Bengali , Bengali-TR , Gujarati , Tamil , Telugu , Malayalam