ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਵੀਬੀ-ਜੀ ਰਾਮ ਜੀ ਐਕਟ ਪਹਿਲੀ ਜੁਲਾਈ, 2026 ਤੋਂ ਲਾਗੂ ਹੋਵੇਗਾ; “ਕੋਈ ਵੀ ਯੋਗ ਪੇਂਡੂ ਕਾਮਾ ਇੱਕ ਦਿਨ ਲਈ ਵੀ ਕੰਮ ਤੋਂ ਸੱਖਣਾ ਨਹੀਂ ਰਹਿਣਾ ਚਾਹੀਦਾ”: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ


125 ਦਿਨਾਂ ਦੇ ਗਾਰੰਟੀਸ਼ੁਦਾ ਉਜਰਤ ਰੁਜ਼ਗਾਰ ਨਾਲ ਪੇਂਡੂ ਰੋਜ਼ੀ-ਰੋਟੀ ਮਜ਼ਬੂਤ ਹੋਵੇਗੀ: ਸ਼ਿਵਰਾਜ ਸਿੰਘ ਚੌਹਾਨ

ਸਰਕਾਰ ਨੇ ਦੇਸ਼ ਭਰ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਲਾਗੂ ਕਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ

ਵੀਬੀ-ਜੀ ਰਾਮ ਜੀ ਐਕਟ ਨੂੰ ਦੇਸ਼ ਭਰ ਵਿੱਚ ਨਿਰਵਿਘਨ ਲਾਗੂ ਕਰਨ ਲਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 95,692.31 ਕਰੋੜ ਰੁਪਏ ਦੀ ਅੰਤਰਿਮ ਵੰਡ

प्रविष्टि तिथि: 30 JUN 2026 5:45PM by PIB Chandigarh

‘ਵਿਕਸਿਤ ਭਾਰਤ – ਗਾਰੰਟੀ ਫਾਰ ਰੁਜ਼ਗਾਰ ਐਂਡ ਆਜੀਵਿਕਾ ਮਿਸ਼ਨ (ਗ੍ਰਾਮੀਣ)’ [ਵੀਬੀ-ਜੀ ਰਾਮ ਜੀ] ਐਕਟ, 2025 ਪੂਰੇ ਪੇਂਡੂ ਭਾਰਤ ਵਿੱਚ ਪਹਿਲੀ ਜੁਲਾਈ, 2026 ਤੋਂ ਲਾਗੂ ਹੋ ਜਾਵੇਗਾ। ਇਸ ਨਾਲ ਪੇਂਡੂ ਰੁਜ਼ਗਾਰ, ਰੋਜ਼ੀ-ਰੋਟੀ ਦੀ ਸੁਰੱਖਿਆ ਅਤੇ ਪਿੰਡਾਂ ਦੇ ਟਿਕਾਊ ਵਿਕਾਸ ਲਈ ਇੱਕ ਮਜ਼ਬੂਤ ਢਾਂਚੇ ਦੀ ਸ਼ੁਰੂਆਤ ਹੋਵੇਗੀ। ਇਹ ਐਕਟ ਹਰ ਯੋਗ ਪੇਂਡੂ ਪਰਿਵਾਰ ਲਈ ਕਾਨੂੰਨੀ ਉਜਰਤ ਰੁਜ਼ਗਾਰ ਗਾਰੰਟੀ ਨੂੰ 100 ਦਿਨਾਂ ਤੋਂ ਵਧਾ ਕੇ 125 ਦਿਨ ਕਰਦਾ ਹੈ ਅਤੇ ਵਿਕਸਿਤ ਭਾਰਤ @2047 ਦੇ ਵਿਜ਼ਨ ਨੂੰ ਰਫ਼ਤਾਰ ਦਿੰਦਿਆਂ ਪਿੰਡਾਂ ਵਿੱਚ ਪੱਕੇ ਅਤੇ ਹੰਢਣਸਾਰ ਵਸੀਲੇ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ।

ਦੇਸ਼ ਭਰ ਵਿੱਚ ਇਸ ਨੂੰ ਲਾਗੂ ਕਰਨ ਦੀ ਪੂਰਵ ਸੰਧਿਆ ਉੱਤੇ, ਕੇਂਦਰੀ ਪੇਂਡੂ ਵਿਕਾਸ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕੋਈ ਵੀ ਯੋਗ ਪੇਂਡੂ ਕਾਮਾ ਇੱਕ ਦਿਨ ਲਈ ਵੀ ਕੰਮ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਰੀਬੀ ਤਾਲਮੇਲ ਨਾਲ, ਨਵੇਂ ਢਾਂਚੇ ਵਿੱਚ ਬਿਨਾਂ ਕਿਸੇ ਅੜਿੱਕੇ ਦੇ ਤਬਦੀਲੀ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਪ੍ਰਸ਼ਾਸਨਿਕ, ਵਿੱਤੀ ਅਤੇ ਤਕਨੀਕੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

ਸ਼੍ਰੀ ਚੌਹਾਨ ਨੇ ਕਿਹਾ, “ਸਾਡੀ ਪਹਿਲ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਯੋਗ ਪੇਂਡੂ ਕਾਮਾ ਇੱਕ ਦਿਨ ਲਈ ਵੀ ਕੰਮ ਤੋਂ ਸੱਖਣਾ ਨਾ ਰਹੇ। ਕੇਂਦਰ ਅਤੇ ਸੂਬਿਆਂ ਨੇ ਮਿਲ ਕੇ ਵੀਬੀ-ਜੀ ਰਾਮ ਜੀ ਐਕਟ ਨੂੰ ਲਾਗੂ ਕਰਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਲੋੜੀਂਦੇ ਵਿੱਤੀ ਵਸੀਲੇ ਮੁਹੱਈਆ ਕਰਵਾਏ ਗਏ ਹਨ, ਲਾਗੂ ਕਰਨ ਵਾਲੇ ਸਿਸਟਮ ਪੂਰੀ ਤਰ੍ਹਾਂ ਤਿਆਰ ਹਨ ਅਤੇ ਚੱਲ ਰਹੇ ਕੰਮ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣਗੇ। 125 ਦਿਨਾਂ ਦੇ ਉਜਰਤ ਰੁਜ਼ਗਾਰ ਦੀ ਵਧੀ ਹੋਈ ਗਾਰੰਟੀ ਪੇਂਡੂ ਰੋਜ਼ੀ-ਰੋਟੀ ਨੂੰ ਮਜ਼ਬੂਤ ਕਰੇਗੀ, ਭਾਈਚਾਰੇ ਲਈ ਪੱਕੇ ਵਸੀਲੇ ਪੈਦਾ ਕਰੇਗੀ ਅਤੇ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਰਫ਼ਤਾਰ ਦੇਵੇਗੀ।”

ਦੇਸ਼ ਭਰ ਵਿੱਚ ਲਾਗੂਕਰਨ ਨੂੰ ਸੌਖਾ ਬਣਾਉਣ ਲਈ, ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 95,692.31 ਕਰੋੜ ਰੁਪਏ ਦੀ ਅੰਤਰਿਮ ਰਾਸ਼ੀ ਜਾਰੀ ਕੀਤੀ ਹੈ, ਤਾਂ ਜੋ ਪਹਿਲੇ ਹੀ ਦਿਨ ਤੋਂ ਬਿਨਾਂ ਕਿਸੇ ਰੁਕਾਵਟ ਦੇ ਲਾਗੂਕਰਨ, ਸਮੇਂ ਸਿਰ ਉਜਰਤਾਂ ਦੀ ਅਦਾਇਗੀ ਅਤੇ ਨਵੇਂ ਸਿਸਟਮ ਵਿੱਚ ਨਿਰਵਿਘਨ ਤਬਦੀਲੀ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਵੰਡ ਸਰਕਾਰ ਦੀ ਉਸ ਵਚਨਬੱਧਤਾ ਨੂੰ ਦਰਸਾਉਂਦੀ ਹੈ ਕਿ ਨਵੇਂ ਢਾਂਚੇ ਨੂੰ ਲਾਗੂ ਕਰਨ ਵਿੱਚ ਕਿਸੇ ਵੀ ਸੂਬੇ ਨੂੰ ਕੋਈ ਦਿੱਕਤ ਜਾਂ ਵਿਘਨ ਨਾ ਆਵੇ।

ਸਰਕਾਰ ਨੇ ਨਵੇਂ ਢਾਂਚੇ ਵਿੱਚ ਸੁਖਾਵੀਂ ਤਬਦੀਲੀ ਯਕੀਨੀ ਬਣਾਈ ਹੈ। ਚੱਲ ਰਹੇ ਕੰਮ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣਗੇ, ਜਦਕਿ ਮੌਜੂਦਾ ਈ-ਕੇਵਾਈਸੀ ਤਸਦੀਕਸ਼ੁਦਾ ਜੌਬ ਕਾਰਡ ਉਦੋਂ ਤੱਕ ਜਾਇਜ਼ ਰਹਿਣਗੇ ਜਦੋਂ ਤੱਕ ਨਵੇਂ ਗ੍ਰਾਮੀਣ ਰੁਜ਼ਗਾਰ ਗਾਰੰਟੀ ਕਾਰਡ ਜਾਰੀ ਨਹੀਂ ਹੋ ਜਾਂਦੇ। ਇਸ ਨਾਲ ਰੁਜ਼ਗਾਰ ਤੱਕ ਲਗਾਤਾਰ ਪਹੁੰਚ ਅਤੇ ਉਜਰਤਾਂ ਦੀ ਸਮੇਂ ਸਿਰ ਅਦਾਇਗੀ ਯਕੀਨੀ ਬਣੇਗੀ।

ਇਹ ਐਕਟ ਗ੍ਰਾਮ ਪੰਚਾਇਤਾਂ ਨੂੰ ਪੇਂਡੂ ਤਬਦੀਲੀ ਦੇ ਕੇਂਦਰ ਵਿੱਚ ਰੱਖਦਾ ਹੈ, ਜਿਸ ਵਿੱਚ ਪੱਕੇ ਵਸੀਲਿਆਂ ਦੀ ਸਿਰਜਣਾ, ਕੁਦਰਤੀ ਸਰੋਤਾਂ ਦੀ ਸੰਭਾਲ, ਜਲ ਸੰਭਾਲ, ਖੇਤੀਬਾੜੀ ਅਤੇ ਸਹਾਇਕ ਕਿੱਤਿਆਂ, ਪੇਂਡੂ ਬੁਨਿਆਦੀ ਢਾਂਚੇ, ਸਵੈ-ਸਹਾਇਤਾ ਸਮੂਹਾਂ ਰਾਹੀਂ ਔਰਤਾਂ ਦੇ ਸ਼ਕਤੀਕਰਨ, ਪੇਂਡੂ ਵਿਕਾਸ ਦੇ ਪ੍ਰਮੁੱਖ ਪ੍ਰੋਗਰਾਮਾਂ ਨਾਲ ਤਾਲਮੇਲ, ਅਤੇ ਤਕਨਾਲੋਜੀ ਆਧਾਰਿਤ ਪਾਰਦਰਸ਼ੀ ਸ਼ਾਸਨ ਉੱਤੇ ਵਧੇਰੇ ਜ਼ੋਰ ਦਿੱਤਾ ਗਿਆ ਹੈ। ਨਵੇਂ ਢਾਂਚੇ ਦਾ ਮਕਸਦ ਸਾਂਝੀ ਯੋਜਨਾਬੰਦੀ ਅਤੇ ਅਸਰਦਾਰ ਲਾਗੂਕਰਨ ਰਾਹੀਂ ਪਿੰਡਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ, ਟਿਕਾਊ ਰੋਜ਼ੀ-ਰੋਟੀ ਪੈਦਾ ਕਰਨਾ ਅਤੇ ਪੇਂਡੂ ਭਾਰਤ ਵਿੱਚ ਜੀਵਨ ਪੱਧਰ ਨੂੰ ਸੁਧਾਰਨਾ ਹੈ।

ਵੀਬੀ-ਜੀ ਰਾਮ ਜੀ ਐਕਟ ਦਾ ਲਾਗੂ ਹੋਣਾ ਭਾਰਤ ਦੇ ਪੇਂਡੂ ਵਿਕਾਸ ਦੇ ਸਫ਼ਰ ਵਿੱਚ ਇੱਕ ਅਹਿਮ ਮੀਲ ਪੱਥਰ ਹੈ ਅਤੇ ਵਿਕਸਿਤ ਭਾਰਤ @2047 ਦੀ ਨੀਂਹ ਵਜੋਂ ਆਤਮ-ਨਿਰਭਰ, ਮਜ਼ਬੂਤ ਅਤੇ ਖੁਸ਼ਹਾਲ ਪੇਂਡੂ ਭਾਈਚਾਰਿਆਂ ਦੀ ਉਸਾਰੀ ਲਈ ਸਰਕਾਰ ਦੀ ਵਚਨਬੱਧਤਾ ਨੂੰ ਪੱਕਾ ਕਰਦਾ ਹੈ।

ਰਾਸ਼ਟਰੀ ਗ੍ਰਾਮੀਣ ਵਿਕਾਸ ਸੰਮੇਲਨ ਨੇ ਵੀਬੀ-ਜੀ ਰਾਮ ਜੀ ਐਕਟ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਸੂਬਿਆਂ ਦੀ ਵਚਨਬੱਧਤਾ ਮੁੜ ਦੁਹਰਾਈ

ਹਾਲ ਹੀ ਵਿੱਚ ਮੁਕੰਮਲ ਹੋਏ ਆਰਜੀਵੀਐੱਸ (ਰਾਸ਼ਟਰੀ ਗ੍ਰਾਮੀਣ ਵਿਕਾਸ ਸੰਮੇਲਨ) ਵਿੱਚ, ਸਾਰੇ ਸੂਬਿਆਂ ਦੇ ਪੇਂਡੂ ਵਿਕਾਸ ਮੰਤਰੀਆਂ ਨੇ ਐੱਚਐੱਮਆਰਡੀ (ਮਾਣਯੋਗ ਪੇਂਡੂ ਵਿਕਾਸ ਮੰਤਰੀ) ਨੂੰ ਪਹਿਲੀ ਜੁਲਾਈ ਤੋਂ ਐਕਟ ਨੂੰ ਲਾਗੂ ਕਰਨ ਲਈ ਸੂਬਿਆਂ ਦੀਆਂ ਤਿਆਰੀਆਂ ਬਾਰੇ ਜਾਣੂ ਕਰਵਾਇਆ। 29 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਬਜਟ ਦਾ ਪ੍ਰਬੰਧ ਕਰ ਲਿਆ ਹੈ ਅਤੇ 24 ਸੂਬਿਆਂ ਨੇ ਪਹਿਲਾਂ ਹੀ ਵੀਬੀ-ਜੀ ਰਾਮ ਜੀ ਸੂਬਾਈ ਸਕੀਮ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

‘ਵਿਕਸਿਤ ਭਾਰਤ – ਗਾਰੰਟੀ ਫਾਰ ਰੁਜ਼ਗਾਰ ਐਂਡ ਆਜੀਵਿਕਾ ਮਿਸ਼ਨ (ਗ੍ਰਾਮੀਣ) ਐਕਟ, 2025’ ਦੀ ਕੌਮੀ ਪੱਧਰ ਉੱਤੇ ਸ਼ੁਰੂਆਤ 2 ਜੁਲਾਈ ਨੂੰ ਆਂਧਰ ਪ੍ਰਦੇਸ਼ ਵਿੱਚ ਹੋਵੇਗੀ

‘ਵਿਕਸਿਤ ਭਾਰਤ – ਗਾਰੰਟੀ ਫਾਰ ਰੁਜ਼ਗਾਰ ਐਂਡ ਆਜੀਵਿਕਾ ਮਿਸ਼ਨ (ਗ੍ਰਾਮੀਣ) ਐਕਟ, 2025’ (ਵੀਬੀ-ਜੀ ਰਾਮ ਜੀ ਐਕਟ) ਦੀ ਕੌਮੀ ਸ਼ੁਰੂਆਤ 2 ਜੁਲਾਈ, 2026 ਨੂੰ ਆਂਧਰ ਪ੍ਰਦੇਸ਼ ਦੇ ਤਿਰੂਪਤੀ ਜ਼ਿਲ੍ਹੇ ਦੇ ਓਬੁਲਾਵਰੀਪੱਲੇ ਮੰਡਲ ਦੇ ਪਿੰਡ ਮੁੱਕਾਵਰੀਪੱਲੀ ਵਿੱਚ ਹੋਵੇਗੀ। ਕੇਂਦਰੀ ਪੇਂਡੂ ਵਿਕਾਸ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਰਸਮੀ ਤੌਰ ਉੱਤੇ ਇਸ ਮਿਸ਼ਨ ਦੀ ਸ਼ੁਰੂਆਤ ਕਰਨਗੇ। ਇਸ ਸਮਾਗਮ ਵਿੱਚ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਐੱਨ ਚੰਦਰਬਾਬੂ ਨਾਇਡੂ, ਉਪ ਮੁੱਖ ਮੰਤਰੀ ਸ਼੍ਰੀ ਕੋਨੀਡੇਲਾ ਪਵਨ ਕਲਿਆਣ, ਕੇਂਦਰੀ ਰਾਜ ਮੰਤਰੀ ਡਾ. ਚੰਦਰ ਸ਼ੇਖਰ ਪੇਮਾਸਾਨੀ ਅਤੇ ਸ਼੍ਰੀ ਕਮਲੇਸ਼ ਪਾਸਵਾਨ ਸਮੇਤ ਹੋਰ ਪਤਵੰਤੇ ਸ਼ਾਮਲ ਹੋਣਗੇ।

ਪ੍ਰੋਗਰਾਮ ਦੌਰਾਨ ਲਾਭਪਾਤਰੀ ਪਰਿਵਾਰਾਂ ਨੂੰ ਗ੍ਰਾਮੀਣ ਰੁਜ਼ਗਾਰ ਗਾਰੰਟੀ ਕਾਰਡ ਵੰਡੇ ਜਾਣਗੇ, ਵੀਬੀ-ਜੀ ਰਾਮ ਜੀ ਮਿਸ਼ਨ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ, ਮਿਸ਼ਨ ਬਾਰੇ ਇੱਕ ਜਾਗਰੂਕਤਾ ਫ਼ਿਲਮ ਵਿਖਾਈ ਜਾਵੇਗੀ, ਅਤੇ ਮਿਸ਼ਨ ਉੱਤੇ ਲਿਖੇ ਗਏ ਓਪ-ਐਡ ਲੇਖਾਂ ਦਾ ਸੰਗ੍ਰਹਿ ਵੀ ਜਾਰੀ ਕੀਤਾ ਜਾਵੇਗਾ।

 

************

ਆਰਸੀ/ਪੀਯੂ


(रिलीज़ आईडी: 2279823) आगंतुक पटल : 6
इस विज्ञप्ति को इन भाषाओं में पढ़ें: Urdu , Telugu , English , हिन्दी , Tamil , Kannada , Malayalam