ਪ੍ਰਧਾਨ ਮੰਤਰੀ ਦਫਤਰ
ਸੇਸ਼ੇਲਸ ਦੇ ਰਾਸ਼ਟਰਪਤੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦਾ ਪੰਜਾਬੀ ਅਨੁਵਾਦ
प्रविष्टि तिथि:
28 JUN 2026 2:58PM by PIB Chandigarh
ਮਹਾਮਹਿਮ, ਡਾਕਟਰ ਪੈਟ੍ਰਿਕ ਹਰਮਿਨੀ,
ਦੋਵਾਂ ਦੇਸ਼ਾਂ ਦੇ ਨੁਮਾਇੰਦਿਓ,
ਮੀਡੀਆ ਦੇ ਸਾਥੀਓ,
ਨਮਸਕਾਰ।
ਸਾਡੇ ਨਿੱਘੇ ਸਵਾਗਤ ਅਤੇ ਖਾਤਰਦਾਰੀ ਲਈ ਮੈਂ ਰਾਸ਼ਟਰਪਤੀ ਹਰਮਿਨੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਉਨ੍ਹਾਂ ਵੱਲੋਂ “ਗਾਰਡੀਅਨ ਆਫ਼ ਦਿ ਬਲੂ ਹੋਰਾਈਜ਼ਨ” ਨਾਲ ਸਨਮਾਨਿਤ ਕੀਤਾ ਜਾਣਾ ਮੇਰੇ ਲਈ ਅਤੇ 140 ਕਰੋੜ ਭਾਰਤੀਆਂ ਲਈ ਬਹੁਤ ਖ਼ੁਸ਼ੀ ਦੀ ਗੱਲ ਹੈ। ਮੈਂ ਇਸ ਸਨਮਾਨ ਨੂੰ ਨਿਮਰਤਾ ਨਾਲ ਪ੍ਰਵਾਨ ਕਰਦਿਆਂ, ਉਨ੍ਹਾਂ ਸਾਰੇ ਦੇਸ਼ਾਂ ਨੂੰ ਸਮਰਪਿਤ ਕਰਦਾ ਹਾਂ, ਜੋ ਜਲਵਾਯੂ ਤਬਦੀਲੀ ਦੀ ਚੁਣੌਤੀ ਨਾਲ ਲੜ ਰਹੇ ਹਨ, ਅਤੇ ਵਾਤਾਵਰਨ ਦੀ ਸੰਭਾਲ ਨੂੰ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਆਪਣਾ ਫ਼ਰਜ਼ ਮੰਨਦੇ ਹਨ।
ਦੋਸਤੋ,
ਮੇਰੀ ਯਾਤਰਾ ਅਜਿਹੇ ਇਤਿਹਾਸਕ ਮੌਕੇ ਉੱਤੇ ਹੋ ਰਹੀ ਹੈ, ਜਦੋਂ ਸੇਸ਼ੇਲਸ ਆਪਣੀ ਆਜ਼ਾਦੀ ਦੇ 50 ਸਾਲ ਪੂਰੇ ਕਰ ਰਿਹਾ ਹੈ, ਅਤੇ ਅਸੀਂ ਭਾਰਤ-ਸੇਸ਼ੇਲਸ ਕੂਟਨੀਤਕ ਸਬੰਧਾਂ ਦੀ ਵੀ 50ਵੀਂ ਵਰ੍ਹੇਗੰਢ ਮਨਾ ਰਹੇ ਹਾਂ।
ਇਨ੍ਹਾਂ 50 ਸਾਲਾਂ ਦੇ ਸਫ਼ਰ ਵਿੱਚ ਅਸੀਂ ਦੋਸਤੀ ਨੂੰ ਭਰੋਸੇ ਵਿੱਚ, ਭਰੋਸੇ ਨੂੰ ਸਹਿਯੋਗ ਵਿੱਚ, ਅਤੇ ਸਹਿਯੋਗ ਨੂੰ ਲੋਕ-ਭਲਾਈ ਵਿੱਚ ਬਦਲਿਆ ਹੈ।
ਦੋਸਤੋ,
ਹਿੰਦ ਮਹਾਸਾਗਰ ਨੇ ਸਦੀਆਂ ਤੋਂ ਭਾਰਤ ਅਤੇ ਸੇਸ਼ੇਲਸ ਦੇ ਸਬੰਧਾਂ ਨੂੰ ਸਿੰਜਿਆ ਹੈ। ਇਸ ਦੀਆਂ ਲਹਿਰਾਂ ਨੇ ਸਾਡੇ ਵਿਚਕਾਰ ਵਪਾਰ, ਸੱਭਿਆਚਾਰ ਅਤੇ ਮਨੁੱਖੀ ਸਬੰਧਾਂ ਨੂੰ ਲਗਾਤਾਰ ਪ੍ਰਫੁੱਲਿਤ ਕੀਤਾ ਹੈ।
ਸਾਡਾ ਮੰਨਣਾ ਹੈ ਕਿ ਹਿੰਦ ਮਹਾਸਾਗਰ ਸਾਡਾ ਸਾਂਝਾ ਘਰ ਹੈ; ਇਸ ਦੀ ਸੁਰੱਖਿਆ, ਟਿਕਾਊਪਣ ਅਤੇ ਖ਼ੁਸ਼ਹਾਲੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਹੀ ਭਾਵਨਾ ਸਾਡੇ ‘ਮਹਾਸਾਗਰ’ ਨਜ਼ਰੀਏ ਦਾ ਆਧਾਰ ਹੈ।
ਦੋਸਤੋ,
ਇਸ ਸਾਲ ਫਰਵਰੀ ਵਿੱਚ ਰਾਸ਼ਟਰਪਤੀ ਜੀ ਦੀ ਭਾਰਤ ਯਾਤਰਾ ਦੌਰਾਨ ਜਾਰੀ ਕੀਤੇ ਗਏ ‘ਜੁਆਇੰਟ ਵਿਜ਼ਨ’ ਨਾਲ ਸਾਡੀ ਆਉਣ ਵਾਲੀ ਭਾਈਵਾਲੀ ਦਾ ਖਾਕਾ ਤਿਆਰ ਹੋਇਆ ਹੈ। ਇਸ ਉੱਤੇ ਅੱਗੇ ਵਧਦਿਆਂ ਹਰ ਖੇਤਰ ਵਿੱਚ ਸਾਡਾ ਸਹਿਯੋਗ ਮਜ਼ਬੂਤ ਹੋ ਰਿਹਾ ਹੈ।
ਅੱਜ ਅਸੀਂ ਆਪਣੇ ਆਰਥਿਕ ਸਹਿਯੋਗ ਨੂੰ ਹੋਰ ਵੱਧ ਮਜ਼ਬੂਤ ਅਤੇ ਭਵਿੱਖ ਲਈ ਤਿਆਰ ਬਣਾਉਣ ਉੱਤੇ ਚਰਚਾ ਕੀਤੀ। ਅਸੀਂ ਦੋਵਾਂ ਦੇਸ਼ਾਂ ਦੀਆਂ ਸਨਅਤਾਂ ਲਈ ਨਵੇਂ ਮੌਕਿਆਂ ਦੀ ਭਾਲ ਜਾਰੀ ਰੱਖਾਂਗੇ।
ਭਾਰਤ ਅਤੇ ਸੇਸ਼ੇਲਸ ਵਿਚਕਾਰ ਕਨੈਕਟੀਵਿਟੀ ਵਧਾਉਣ ਉੱਤੇ ਵੀ ਕੰਮ ਕੀਤਾ ਜਾਵੇਗਾ। ਇਸ ਨਾਲ ਸਾਡਾ ਵਪਾਰ ਤਾਂ ਵਧੇਗਾ ਹੀ, ਨਾਲ ਹੀ ਪੂਰਬੀ ਅਫ਼ਰੀਕਾ ਅਤੇ ਹਿੰਦ ਮਹਾਸਾਗਰ ਖੇਤਰ ਨਾਲ ਸਬੰਧਾਂ ਨੂੰ ਵੀ ਬਲ ਮਿਲੇਗਾ।
ਸਾਡਾ ਵਿਸ਼ਵਾਸ ਹੈ ਕਿ ਡਿਜੀਟਲ ਤਕਨਾਲੋਜੀ ਦੋਵਾਂ ਦੇਸ਼ਾਂ ਵਿਚਕਾਰ ਦੂਰੀ ਨੂੰ ਘਟਾਉਣ ਦਾ ਇੱਕ ਅਸਰਦਾਰ ਮਾਧਿਅਮ ਹੈ। ਅਸੀਂ ਡਿਜੀਟਲ ਜਨਤਕ ਬੁਨਿਆਦੀ ਢਾਂਚੇ (ਡੀਪੀਆਈ) ਵਿੱਚ ਭਾਰਤ ਦੇ ਸਫ਼ਲ ਤਜਰਬੇ ਨੂੰ ਸੇਸ਼ੇਲਸ ਨਾਲ ਸਾਂਝਾ ਕਰਾਂਗੇ। ਅਤੇ ਮੈਨੂੰ ਖ਼ੁਸ਼ੀ ਹੈ ਕਿ ਅੱਜ ਯੂਪੀਆਈ ਨੂੰ ਸੇਸ਼ੇਲਸ ਵਿੱਚ ਲਾਗੂ ਕਰਨ ਲਈ ਐੱਮਓਯੂ ਕੀਤਾ ਜਾ ਰਿਹਾ ਹੈ।
ਦੋਸਤੋ,
ਵਿਕਾਸ ਭਾਈਵਾਲੀ ਸਾਡੇ ਸਬੰਧਾਂ ਦੀ ਮਜ਼ਬੂਤ ਪਛਾਣ ਰਹੀ ਹੈ। ਭਾਰਤ ਹਮੇਸ਼ਾ ਸੇਸ਼ੇਲਸ ਦੀਆਂ ਤਰਜੀਹਾਂ, ਲੋੜਾਂ ਅਤੇ ਇੱਛਾਵਾਂ ਨੂੰ ਕੇਂਦਰ ਵਿੱਚ ਰੱਖ ਕੇ ਅੱਗੇ ਵਧ ਰਿਹਾ ਹੈ।
ਰਾਸ਼ਟਰਪਤੀ ਜੀ ਦੀ ਭਾਰਤ ਯਾਤਰਾ ਦੌਰਾਨ ਅਸੀਂ 175 ਮਿਲੀਅਨ ਡਾਲਰ ਦੇ ‘ਸਪੈਸ਼ਲ ਇਕਨੌਮਿਕ ਪੈਕੇਜ’ ਦਾ ਐਲਾਨ ਕੀਤਾ ਸੀ। ਇਸ ਤਹਿਤ ਸਮਾਜਿਕ ਰਿਹਾਇਸ਼, ਆਵਾਜਾਈ, ਹੁਨਰ ਵਿਕਾਸ, ਖੁਰਾਕ ਸੁਰੱਖਿਆ, ਸਿੱਖਿਆ ਅਤੇ ਰੱਖਿਆ ਵਰਗੇ ਖੇਤਰਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ। ਸੇਸ਼ੇਲਸ ਦੇ ਮਨੁੱਖੀ ਵਸੀਲਿਆਂ ਦੇ ਵਿਕਾਸ ਵਿੱਚ ਸਹਿਯੋਗ ਭਾਰਤ ਦੀ ਖਾਸ ਤਰਜੀਹ ਰਹੀ ਹੈ।
ਮੈਨੂੰ ਖ਼ੁਸ਼ੀ ਹੈ ਕਿ ਅਸੀਂ ਸੇਸ਼ੇਲਸ ਦੇ ਸਰਕਾਰੀ ਅਧਿਕਾਰੀਆਂ ਦੀ ਟ੍ਰੇਨਿੰਗ ਵਿੱਚ ਯੋਗਦਾਨ ਪਾ ਰਹੇ ਹਾਂ। ਅੱਜ ‘ਪ੍ਰੋਫੈਸ਼ਨਲ ਐਂਡ ਟੈਕਨੀਕਲ ਸੈਂਟਰ’ ਦਾ ਵਰਚੁਅਲ ਨੀਂਹ ਪੱਥਰ ਵੀ ਰੱਖਿਆ ਜਾ ਰਿਹਾ ਹੈ। ਸਾਡਾ ਵਿਸ਼ਵਾਸ ਹੈ ਕਿ ਇਹ ਸੈਂਟਰ ਆਉਣ ਵਾਲੇ ਸਮੇਂ ਵਿੱਚ ਸੇਸ਼ੇਲਸ ਦੇ ਨੌਜਵਾਨਾਂ ਦੇ ਹੁਨਰ, ਰੁਜ਼ਗਾਰ ਅਤੇ ਆਤਮ-ਵਿਸ਼ਵਾਸ ਨੂੰ ਨਵੀਆਂ ਬੁਲੰਦੀਆਂ ਦੇਵੇਗਾ।
ਦੋਸਤੋ,
ਸਿਹਤ ਦੇ ਖੇਤਰ ਵਿੱਚ ਸਾਡੀ ਭਾਈਵਾਲੀ ਸਮੇਂ ਦੀ ਕਸੌਟੀ ਉੱਤੇ ਖਰੀ ਉਤਰੀ ਹੈ। ਕੋਵਿਡ ਦੇ ਔਖੇ ਵੇਲੇ ਵਿੱਚ ਵੈਕਸੀਨ ਦੀ ਸਪਲਾਈ ਨਾਲ ਅਸੀਂ ਇੱਕ ਦੋਸਤ ਵਜੋਂ ਆਪਣਾ ਫ਼ਰਜ਼ ਨਿਭਾਇਆ।
ਅੱਜ ਜਨ ਔਸ਼ਧੀ ਉੱਤੇ ਕੀਤੇ ਗਏ ਐੱਮਓਯੂ ਨਾਲ ਸੇਸ਼ੇਲਸ ਦੇ ਲੋਕਾਂ ਨੂੰ ਮਿਆਰੀ ਅਤੇ ਸਸਤੀਆਂ ਦਵਾਈਆਂ ਮੁਹੱਈਆ ਕਰਵਾਉਣ ਵਿੱਚ ਸਹਿਯੋਗ ਮਿਲੇਗਾ। ਅਸੀਂ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਰਾਹੀਂ ਸੇਸ਼ੇਲਸ ਦੀ ਡਾਕਟਰੀ ਦੇਖਭਾਲ ਨੂੰ ਹੋਰ ਮਜ਼ਬੂਤ ਬਣਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹਾਂਗੇ।
ਊਰਜਾ ਅਤੇ ਜਲਵਾਯੂ ਕਾਰਵਾਈ ਵਿੱਚ ਵੀ ਸਾਡਾ ਸਹਿਯੋਗ ਲਗਾਤਾਰ ਅੱਗੇ ਵਧ ਰਿਹਾ ਹੈ। ਅਸੀਂ ਗ੍ਰੀਨ ਹਾਈਡ੍ਰੋਜਨ ਸਮੇਤ ਸਾਫ਼ ਊਰਜਾ ਦੇ ਨਵੇਂ ਖੇਤਰਾਂ ਵਿੱਚ ਵੀ ਦੋਵਾਂ ਧਿਰਾਂ ਲਈ ਲਾਹੇਵੰਦ ਸਹਿਯੋਗ ਜਾਰੀ ਰੱਖਾਂਗੇ। ਬਲੂ ਇਕੌਨਮੀ ਸਾਡੇ ਸਬੰਧਾਂ ਦਾ ਇੱਕ ਕੁਦਰਤੀ ਅਤੇ ਰਣਨੀਤਕ ਖੇਤਰ ਹੈ।
ਅਸੀਂ ਸਮੁੰਦਰੀ ਨਿਗਰਾਨੀ, ਸਮੁੰਦਰੀ ਵਿਗਿਆਨ ਅਤੇ ਤੱਟਵਰਤੀ ਪ੍ਰਬੰਧਨ ਵਿੱਚ ਭਾਰਤ ਦੀ ਮੁਹਾਰਤ ਸੇਸ਼ੇਲਸ ਨਾਲ ਸਾਂਝੀ ਕਰਾਂਗੇ। ਪੁਲਾੜ ਦੇ ਖੇਤਰ ਵਿੱਚ ਅਸੀਂ ਮਿਲ ਕੇ ਅੱਗੇ ਵਧ ਰਹੇ ਹਾਂ। ਮੈਨੂੰ ਖ਼ੁਸ਼ੀ ਹੈ ਕਿ ਇਸ ਵਿਸ਼ੇ ਉੱਤੇ ਅੱਜ ਦੋਵਾਂ ਧਿਰਾਂ ਵਿਚਕਾਰ ਐੱਮਓਯੂ ਕੀਤਾ ਗਿਆ ਹੈ।
ਸਾਡਾ ਮੰਨਣਾ ਹੈ ਕਿ ਭਾਰਤ ਅਤੇ ਸੇਸ਼ੇਲਸ ਦੀ ਰੱਖਿਆ ਅਤੇ ਸੁਰੱਖਿਆ ਇੱਕ ਦੂਜੇ ਤੋਂ ਅਟੁੱਟ ਹੈ। ਅਸੀਂ ਇਸ ਦਿਸ਼ਾ ਵਿੱਚ ਆਪਣਾ ਕਰੀਬੀ ਸਹਿਯੋਗ ਜਾਰੀ ਰੱਖਾਂਗੇ।
ਦੋਸਤੋ,
ਭਾਰਤ-ਸੇਸ਼ੇਲਸ ਸਬੰਧਾਂ ਦੀ ਅਸਲੀ ਤਾਕਤ ਸਾਡੇ ਲੋਕਾਂ ਦੇ ਆਪਸੀ ਰਿਸ਼ਤੇ ਹਨ। ਸਾਡੀਆਂ ਅੱਜ ਦੀਆਂ ਚਰਚਾਵਾਂ ਨਾਲ ਇਹ ਸਬੰਧ ਹੋਰ ਮਜ਼ਬੂਤ ਹੋਣਗੇ। ਦੋਵਾਂ ਦੇਸ਼ਾਂ ਦੇ ਖਿਡਾਰੀਆਂ ਅਤੇ ਐਥਲੀਟਾਂ ਵਿਚਕਾਰ ਸਹਿਯੋਗ ਵਧਾਉਣ ਲਈ ਅਸੀਂ ਸੰਸਥਾਗਤ ਤੌਰ ਉੱਤੇ ਅੱਗੇ ਵਧਾਂਗੇ।
ਸੇਸ਼ੇਲਸ ਵਿੱਚ ਯੋਗ ਅਤੇ ਭਾਰਤੀ ਫ਼ਿਲਮ ਇੰਡਸਟਰੀ ਦੀ ਮਕਬੂਲੀਅਤ ਸਾਡੀ ਸੱਭਿਆਚਾਰਕ ਸਾਂਝ ਨੂੰ ਦਰਸਾਉਂਦੀ ਹੈ। ਇਸੇ ਭਾਵਨਾ ਨਾਲ ਅਸੀਂ ਦੋਵਾਂ ਦੇਸ਼ਾਂ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਵਿਚਕਾਰ ਸੰਪਰਕ ਵਧਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ।
ਦੋਸਤੋ,
ਮੇਰੀ ਸੇਸ਼ੇਲਸ ਯਾਤਰਾ ਦਾ ਸੁਨੇਹਾ ਬਿਲਕੁਲ ਸਪਸ਼ਟ ਹੈ: ਭਾਰਤ ਅਜਿਹੇ ਹਿੰਦ ਮਹਾਸਾਗਰ ਦੀ ਕਲਪਨਾ ਕਰਦਾ ਹੈ, ਜਿੱਥੇ ਸਮੁੰਦਰੀ ਸੁਰੱਖਿਆ ਦੇ ਨਾਲ-ਨਾਲ ਆਰਥਿਕ ਖ਼ੁਸ਼ਹਾਲੀ ਵੀ ਵਧੇ; ਜਿੱਥੇ ਸਾਡੀ ਭਾਈਵਾਲੀ ਆਕਾਰ ਉੱਤੇ ਨਹੀਂ, ਸਗੋਂ ਆਪਸੀ ਸਤਿਕਾਰ ਅਤੇ ਭਰੋਸੇ ਉੱਤੇ ਆਧਾਰਿਤ ਹੋਵੇ; ਅਤੇ ਜਿੱਥੇ ਅਸੀਂ ਹਰ ਦੇਸ਼ ਦੇ ਆਸ-ਪਾਸ ਨਹੀਂ, ਸਗੋਂ ਨਾਲ-ਨਾਲ ਚੱਲੀਏ।
ਸਾਡਾ ਵਿਜ਼ਨ ਹਿੰਦ ਮਹਾਸਾਗਰ ਨੂੰ ਮੌਕਿਆਂ ਦਾ ਮਹਾਸਾਗਰ ਬਣਾਉਣਾ ਹੈ।
ਮਹਾਮਹਿਮ,
ਸਾਡੇ ਸਬੰਧਾਂ ਦੇ ਪਿਛਲੇ 50 ਸਾਲ ਡੂੰਘੇ ਭਰੋਸੇ ਅਤੇ ਸਾਂਝੀ ਤਰੱਕੀ ਵਾਲੇ ਰਹੇ ਹਨ। ਆਉਣ ਵਾਲੇ 50 ਸਾਲ ਨਵੀਨਤਾ, ਟਿਕਾਊਪਣ ਅਤੇ ਸਾਂਝੀ ਖ਼ੁਸ਼ਹਾਲੀ ਦੇ ਹੋਣਗੇ।
ਮੈਂ ਇੱਕ ਵਾਰ ਫਿਰ ਭਾਰਤ ਪ੍ਰਤੀ ਤੁਹਾਡੀ ਦੋਸਤੀ ਅਤੇ ਸਾਡੇ ਸਬੰਧਾਂ ਪ੍ਰਤੀ ਤੁਹਾਡੀ ਅਟੁੱਟ ਵਚਨਬੱਧਤਾ ਲਈ ਤੁਹਾਡਾ ਧੰਨਵਾਦ ਕਰਦਾ ਹਾਂ।
ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।
ਡਿਸਕਲੇਮਰ: ਇਹ ਪ੍ਰਧਾਨ ਮੰਤਰੀ ਦੇ ਬਿਆਨ ਦਾ ਅਨੁਮਾਨਿਤ ਅਨੁਵਾਦ ਹੈ। ਅਸਲ ਬਿਆਨ ਹਿੰਦੀ ਵਿੱਚ ਦਿੱਤਾ ਗਿਆ ਸੀ।
************
ਐੱਮਜੇਪੀਐੱਸ/ਐੱਸਐੱਸ/ਵੀਜੇ
(रिलीज़ आईडी: 2278861)
आगंतुक पटल : 2
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Manipuri
,
Bengali
,
Bengali-TR
,
Gujarati
,
Odia
,
Telugu
,
Kannada
,
Malayalam