ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਭਾਰਤ-ਯੂਕੇ ਸੀਈਟੀਏ ਅਤੇ ਡੀਸੀਸੀ ਦੇ ਲਾਗੂ ਹੋਣ ਤੋਂ ਪਹਿਲਾਂ 25-27 ਜੂਨ ਤੱਕ ਯੂਨਾਈਟਿਡ ਕਿੰਗਡਮ ਦਾ ਦੌਰਾ ਕਰਨਗੇ


ਸ਼੍ਰੀ ਗੋਇਲ ਯੂਨਾਈਟਿਡ ਕਿੰਗਡਮ ਸਰਕਾਰ ਦੇ ਵਪਾਰ ਅਤੇ ਵਣਜ ਰਾਜ ਸਕੱਤਰ ਮਾਣਯੋਗ ਪੀਟਰ ਕਾਇਲ ਨਾਲ ਉੱਚ ਪੱਧਰੀ ਦੁਵੱਲੀ ਮੀਟਿੰਗ ਕਰਨਗੇ

ਸ਼੍ਰੀ ਪੀਯੂਸ਼ ਗੋਇਲ ਯੂਕੇ ਯਾਤਰਾ ਦੌਰਾਨ ਇੰਡੀਆ ਗਲੋਬਲ ਫੋਰਮ ਨੂੰ ਸੰਬੋਧਨ ਕਰਨਗੇ ਅਤੇ ਜੀ2ਬੀ ਸ਼ਮੂਲੀਅਤਾਂ ਦੀ ਅਗਵਾਈ ਕਰਨਗੇ

ਸ਼੍ਰੀ ਪੀਯੂਸ਼ ਗੋਇਲ ਲੰਦਨ ਵਿੱਚ ਏਸ਼ੀਆ ਹਾਊਸ ਵਿੱਚ ਆਲਮੀ ਨਿਵੇਸ਼ਕਾਂ ਅਤੇ ਉਦਯੋਗ ਜਗਤ ਦੇ ਲੀਡਰਸ ਨਾਲ ਗੋਲਮੇਜ ਸੰਮੇਲਨ ਦੀ ਅਗਵਾਈ ਕਰਨਗੇ

प्रविष्टि तिथि: 24 JUN 2026 6:13PM by PIB Chandigarh

ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ 25 ਤੋਂ 27 ਜੂਨ 2026 ਤੱਕ ਯੂਨਾਈਟਿਡ ਕਿੰਗਡਮ ਦੇ ਲੰਦਨ ਦਾ ਸਰਕਾਰੀ ਦੌਰਾ ਕਰਨਗੇ। ਇਹ ਯਾਤਰਾ 15 ਜੁਲਾਈ 2026 ਨੂੰ ਇਤਿਹਾਸਕ ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ (ਸੀਈਟੀਏ) ਅਤੇ ਉਸ ਨਾਲ ਸਬੰਧਿਤ ਡਬਲ ਕੰਟਰੀਬਿਊਸ਼ਨ ਕਨਵੈਨਸ਼ਨ (ਡੀਸੀਸੀ) ਦੇ ਲਾਗੂ ਹੋਣ ਤੋਂ ਪਹਿਲਾਂ ਹੋ ਰਹੀ ਹੈ। 

ਇਸ ਯਾਤਰਾ ਦੌਰਾਨ, ਸ਼੍ਰੀ ਗੋਇਲ ਯੂਨਾਈਟਿਡ ਕਿੰਗਡਮ ਸਰਕਾਰ ਦੇ ਵਪਾਰ ਅਤੇ ਵਣਜ ਰਾਜ ਸਕੱਤਰ ਮਾਣਯੋਗ ਪੀਟਰ ਕਾਇਲ ਨਾਲ ਉੱਚ ਪੱਧਰੀ ਦੁਵੱਲੀ ਮੀਟਿੰਗ ਕਰਨਗੇ। ਇਹ ਮੁਲਾਕਾਤ ਸਮਝੌਤਿਆਂ ਨੂੰ ਲਾਗੂ ਕਰਨ ਅਤੇ ਦੋਹਾਂ ਦੇਸ਼ਾਂ ਵਿਚਕਾਰ ਆਰਥਿਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਦੁਵੱਲੀ ਚਰਚਾਵਾਂ ਵਿੱਚ ਰੈਗੂਲੇਟਰੀ ਰੋਡਮੈਪ ਦੀ ਸੇਧਬੰਦੀ ਕਰਨ, ਸਰਹੱਦ ਪਾਰ ਕਸਟਮ ਤਾਲਮੇਲ ਨੂੰ ਸੁਚਾਰੂ ਬਣਾਉਣ ਅਤੇ ਸੀਈਟੀਏ ਅਤੇ ਡੀਸੀਸੀ ਦੇ ਸੁਚਾਰੂ ਲਾਗੂਕਰਨ ਦੀ ਸਹੂਲਤ ਬਣਾਉਣ ਲਈ ਪ੍ਰਸ਼ਾਸਕੀ ਵਿਧੀਆਂ ਨੂੰ ਅੰਤਿਮ ਰੂਪ ਦੇਣ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਮੰਤਰੀ ਸੀਈਟੀਏ ਦੀਆਂ ਟੈਰਿਫ ਉਦਾਰੀਕਰਣ ਵਚਨਬੱਧਤਾਵਾਂ ਦੇ ਲਾਗੂ ਕਰਨ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ, ਜਿਸ ਨਾਲ ਯੂਨਾਈਟਿਡ ਕਿੰਗਡਮ ਵਿੱਚ ਭਾਰਤੀ ਨਿਰਯਾਤ ਲਈ ਬਿਹਤਰ ਮਾਰਕੀਟ ਪਹੁੰਚ ਦੇ ਮੌਕੇ ਮਿਲਣਗੇ। ਚਰਚਾਵਾਂ ਵਿੱਚ ਡਬਲ ਕੰਟਰੀਬਿਊਸ਼ਨ ਕਨਵੈਨਸ਼ਨ ਦੇ ਸੰਚਾਲਨ ਰੋਡਮੈਪ ਨੂੰ ਵੀ ਸ਼ਾਮਲ ਕੀਤਾ ਜਾਵੇਗਾ; ਜਿਸ ਨਾਲ ਯੋਗ ਅਸਥਾਈ ਕਰਮਚਾਰੀਆਂ ਲਈ ਦੋਹਰੀ ਸਮਾਜਿਕ ਸੁਰੱਖਿਆ ਯੋਗਦਾਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਸੁਚਾਰੂ ਵਿਧੀ ਸਥਾਪਤ ਹੋਣ ਦੀ ਉਮੀਦ ਹੈ, ਜਿਸ ਨਾਲ ਪੇਸ਼ੇਵਰਾਂ ਅਤੇ ਕਾਰੋਬਾਰਾਂ ਦੀ ਵਧੇਰੇ ਗਤੀਸ਼ੀਲਤਾ ਨੂੰ ਹੁਲਾਰਾ ਮਿਲੇਗਾ।

ਦੋਵੇਂ ਧਿਰਾਂ ਪ੍ਰਮੁੱਖ ਸੇਵਾ ਖੇਤਰਾਂ ਵਿੱਚ ਆਪਸੀ ਮਾਰਕਿਟ ਪਹੁੰਚ ਵਚਨਬੱਧਤਾਵਾਂ ਨੂੰ ਲਾਗੂ ਕਰਨ 'ਤੇ ਹੋਰ ਚਰਚਾ ਕਰਨਗੀਆਂ ਅਤੇ ਦੁਵੱਲੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ਾਂ ਨਾਲ ਚੁੱਕੇ ਗਏ ਉਪਾਵਾਂ ਦੀ ਸਮੀਖਿਆ ਕਰਨਗੀਆਂ। ਇਹ ਮੀਟਿੰਗ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਤਹਿਤ ਭਾਰਤ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦੀ ਹੈ, ਜਿਸ ਦਾ ਉਦੇਸ਼ ਘਰੇਲੂ ਆਰਥਿਕ ਹਿਤਾਂ ਦੀ ਰੱਖਿਆ ਕਰਦੇ ਹੋਏ ਵਿਸ਼ਵਵਿਆਪੀ ਆਰਥਿਕ ਮੌਕਿਆਂ ਦਾ ਵਿਸਤਾਰ ਕਰਨਾ ਅਤੇ ਦੁਵੱਲੇ ਵਪਾਰ ਲਈ ਇੱਕ ਪਾਰਦਰਸ਼ੀ, ਨਿਯਮ-ਅਧਾਰਿਤ ਢਾਂਚਾ ਤਿਆਰ ਕਰਨਾ ਹੈ।

ਇਸ ਯਾਤਰਾ ਅਧੀਨ, ਸ਼੍ਰੀ ਗੋਇਲ ਭਾਰਤ ਅਤੇ ਯੂਨਾਈਟਿਡ ਕਿੰਗਡਮ ਵਿਚ ਵਣਜ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਉਦਯੋਗ ਜਗਤ ਦੇ ਲੀਡਰਸ, ਨਿਵੇਸ਼ਕਾਂ ਅਤੇ ਕਾਰਪੋਰੇਟ ਪ੍ਰਤੀਨਿਧੀਆਂ ਨਾਲ ਸਰਕਾਰ-ਨਾਲ-ਵਪਾਰ (ਜੀ2ਬੀ) ਪੱਧਰ ਦੀਆਂ ਕਈ ਮੀਟਿੰਗਾਂ ਵਿੱਚ ਹਿੱਸਾ ਲੈਣਗੇ। 

ਕੇਂਦਰੀ ਮੰਤਰੀ ਇੰਡੀਆ ਗਲੋਬਲ ਫੋਰਮ (ਆਈਜੀਐੱਫ) ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਨਗੇ, ਜਿੱਥੇ ਉਹ “ਕੈਪੀਟਲ, ਨਵੀਨਤਾ, ਅਤੇ ਯੂਕੇ-ਇੰਡੀਆ ਮੋਮੈਂਟ" ਵਿਸ਼ੇ 'ਤੇ ਬੋਲਣਗੇ। ਸੈਸ਼ਨ ਵਿੱਚ ਭਾਰਤ-ਯੂਕੇ ਸੀਈਟੀਏ ਦੇ ਆਉਣ ਵਾਲੇ ਲਾਗੂ ਕਰਨ ਦੇ ਸੰਦਰਭ ਵਿੱਚ ਆਲਮੀ ਕਾਰੋਬਾਰਾਂ ਲਈ ਉੱਭਰਦੇ ਮੌਕਿਆਂ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

ਸ਼੍ਰੀ ਗੋਇਲ ਰਣਨੀਤਕ ਨਿਵੇਸ਼, ਉਦਯੋਗਿਕ ਸਹਿਯੋਗ ਅਤੇ ਭਾਰਤ ਵਿੱਚ ਨਿਰਮਾਣ ਸਾਂਝੇਦਾਰੀ ਦੇ ਵਿਸਤਾਰ ‘ਤੇ ਚਰਚਾ ਕਰਨ ਲਈ ਐੱਚਐੱਸਬੀਸੀ (ਗਲੋਬਲ ਟ੍ਰੇਡ ਸਲਿਊਸ਼ਨਜ਼) ਅਤੇ ਰੋਲਸ-ਰਾਇਸ ਸਮੇਤ ਪ੍ਰਮੁੱਖ ਆਲਮੀ ਕੰਪਨੀਆਂ ਦੇ ਸੀਨਿਅਰ ਅਧਿਕਾਰੀਆਂ ਨਾਲ ਵੱਖ ਤੋਂ ਗੱਲਬਾਤ ਵੀ ਕਰਨਗੇ। 

ਕੇਂਦਰੀ ਮੰਤਰੀ ਯੂਕੇ-ਇੰਡੀਆ ਬਿਜ਼ਨਸ ਕੌਂਸਲ (ਯੂਕੇਆਈਬੀਸੀ) ਦੁਆਰਾ ਆਯੋਜਿਤ ਇੱਕ ਪੇਸ਼ੇਵਰ ਪੂਰਨ ਸੈਸ਼ਨ ਅਤੇ ਦੁਪਹਿਰ ਦੇ ਖਾਣੇ ਮੌਕੇ ਸੰਵਾਦ ਵਿੱਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ਵਿੱਚ ਟਾਟਾ,ਟੀਸੀਐੱਚ, ਐੱਚਐੱਸਬੀਸੀ, ਪ੍ਰੂਡੈਂਸ਼ੀਅਲ, ਡੀ ਬੀਅਰਸ ਅਤੇ ਬੇਕਰ ਮੈਕੈਂਜ਼ੀ ਸਮੇਤ ਪ੍ਰਮੁੱਖ ਬਹੁ-ਰਾਸ਼ਟਰੀ ਕੰਪਨੀਆਂ ਦੇ ਟੌਪ ਅਧਿਕਾਰੀ ਅਤੇ ਪ੍ਰਤੀਨਿਧੀ ਭਾਰਤ-ਯੂਕੇ ਆਰਥਿਕ ਸਾਂਝੇਦਾਰੀ ਦੇ ਤਹਿਤ ਵਪਾਰ, ਨਿਵੇਸ਼ ਅਤੇ ਬਿਜਨਸ ਸਹਿਯੋਗ ਦੇ ਮੌਕਿਆਂ ‘ਤੇ ਚਰਚਾ ਕਰਨ ਲਈ ਇਕੱਠੇ ਹੋਣਗੇ। 

ਸੰਸਥਾਗਤ ਨਿਵੇਸ਼ਕਾਂ ਅਤੇ ਆਲਮੀ ਉਦਯੋਗ ਜਗਤ ਦੇ ਲੀਡਰਸ ਨਾਲ ਜੁੜਾਅ ਨੂੰ ਹੋਰ ਮਜ਼ਬੂਤ ਕਰਨ ਲਈ, ਸ਼੍ਰੀ ਗੋਇਲ ਏਸ਼ੀਆ ਹਾਊਸ ਦੁਆਰਾ ਆਯੋਜਿਤ ਇੱਕ ਵਿਸ਼ੇਸ਼ ਗੋਲਮੇਜ਼ ਸੰਮੇਲਨ ਦੀ ਅਗਵਾਈ ਕਰਨਗੇ। ਜੇਪੀ ਮੋਰਗਨ, ਸਟੈਂਡਰਡ ਚਾਰਟਰਡ, ਲੋਇਡਜ਼, ਮੋਰਗਨ ਸਟੈਨਲੀ ਅਤੇ ਅਰੂਪ ਸਮੇਤ ਪ੍ਰਮੁੱਖ ਅੰਤਰਰਾਸ਼ਟਰੀ ਵਿੱਤੀ ਅਤੇ ਉਦਯੋਗਿਕ ਸੰਸਥਾਵਾਂ ਦੇ ਸੀਨੀਅਰ ਅਧਿਕਾਰੀ ਭਾਰਤ ਦੀ ਉਦਯੋਗਿਕ ਮੁਕਾਬਲੇਬਾਜ਼ੀ, ਨਿਵੇਸ਼ ਦ੍ਰਿਸ਼ ਅਤੇ ਵਿਸ਼ਵਵਿਆਪੀ ਸਪਲਾਈ ਚੇਨਾਂ ਵਿੱਚ ਏਕੀਕਰਣ ਸਬੰਧੀ ਚਰਚਾਵਾਂ ਵਿੱਚ ਹਿੱਸਾ ਲੈਣਗੇ।

ਵਪਾਰ ਅਤੇ ਨਿਵੇਸ਼ ਪ੍ਰੋਗਰਾਮ ਦੀ ਸਮਾਪਤੀ ਭਾਰਤੀ ਉਦਯੋਗ ਪ੍ਰਤੀਨਿਧੀ ਮੰਡਲ ਨਾਲ ਇੱਕ ਵਿਸ਼ੇਸ਼ ਸੰਵਾਦ ਨਾਲ ਹੋਵੇਗੀ, ਨਾਲ ਹੀ ਬ੍ਰਿਟਿਸ਼-ਭਾਰਤੀ ਵਪਾਰਕ ਭਾਈਚਾਰੇ ਦੇ ਪ੍ਰਤੀਨਿਧੀਆਂ ਅਤੇ ਜੀਈਡੀਯੂ ਜਿਹੇ ਆਲਮੀ ਸਿੱਖਿਆ ਸਮੂਹਾਂ ਦੇ ਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਹੋਵੇਗੀ। 

ਇਹ ਦੌਰਾ ਆਲਮੀ ਕਾਰੋਬਾਰਾਂ ਅਤੇ ਨਿਵੇਸ਼ਕਾਂ ਨਾਲ ਜੁੜਨ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ ਅਤੇ ਇਸ ਨਾਲ ਭਾਰਤ-ਯੂਕੇ ਆਰਥਿਕ ਸਹਿਯੋਗ ਦੇ ਵਿਸਤਾਰ ਅਤੇ 2030 ਤੱਕ ਦੁਵੱਲੇ ਵਪਾਰ ਵਿੱਚ 120 ਅਰਬ ਅਮਰੀਕੀ ਡਾਲਰ ਦੇ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਸਾਂਝੇ ਉਦੇਸ਼ ਵਿੱਚ ਯੋਗਦਾਨ ਮਿਲਣ ਦੀ ਉਮੀਦ ਹੈ।  

************

ਅਭਿਜੀਤ ਨਰਾਇਣ/ਗਰਿਮਾ ਸਿੰਘ/ਇਸ਼ਿਤਾ ਬਿਸਵਾਸ/ਸਪਨਾ


(रिलीज़ आईडी: 2277686) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी , Marathi , Bengali , Gujarati , Tamil , Malayalam