ਪ੍ਰਧਾਨ ਮੰਤਰੀ ਦਫਤਰ
ਨਵੀਂ ਦਿੱਲੀ ਵਿੱਚ ਰਿਪਬਲਿਕ ਸਮਿਟ 2026 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
प्रविष्टि तिथि:
22 JUN 2026 10:24PM by PIB Chandigarh
ਸੁਰ ਸਾਧਨਾ, ਮਨੋਕਾਮਨਾ, ਅਰਾਧਨਾ। ਇੱਕ ਬਹੁਤ ਹੀ ਸ਼ੁਭ ਸ਼ੁਰੂਆਤ ਤੋਂ ਬਾਅਦ। ਇਹ ਬਹੁਤ ਵਧੀਆ ਹੁੰਦਾ ਜੇਕਰ ਤੁਹਾਡਾ ਹੀ ਪ੍ਰੋਗਰਾਮ ਜਾਰੀ ਰਹਿੰਦਾ। ਤੁਹਾਨੂੰ ਸਾਰਿਆਂ ਨੂੰ ਨਮਸਕਾਰ।
ਰਿਪਬਲਿਕ ਟੀਵੀ ਨੈੱਟਵਰਕ ਦੇ ਸਾਰੇ ਦਰਸ਼ਕ ਅਤੇ ਹੁਣ ਤਾਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਵੀ ਹੈ, ਤਾਂ ਉਨ੍ਹਾਂ ਸਾਰਿਆਂ ਨੂੰ ਵੀ ਮੇਰਾ ਪ੍ਰਣਾਮ! ਮੈਂ ਇਸ ਸਮਿਟ ਵਿੱਚ ਹਿੱਸਾ ਲੈਣ ਆਏ ਸਾਰੇ ਸਾਥੀਆਂ ਦਾ ਵੀ ਸਵਾਗਤ ਕਰਦਾ ਹਾਂ। 24 ਘੰਟੇ ਚੱਲਣ ਵਾਲੇ ਚੈਨਲਾਂ ਵਿੱਚ ਬ੍ਰੇਕਿੰਗ ਨਿਊਜ਼ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ। ਅਤੇ ਅੱਜ-ਕੱਲ੍ਹ ਤਾਂ ਦੁਨੀਆ ਵਿੱਚ ਹੀ, ਪੂਰੀ ਦੁਨੀਆ ਵਿੱਚ ਕਿਤੇ ਵੀ ਨਜ਼ਰ ਮਾਰੀਏ, ਪੂਰੀ ਦੁਨੀਆ ਬ੍ਰੇਕਿੰਗ ਨਿਊਜ਼ ਦੇ ਮੋਡ ’ਤੇ ਹੀ ਹੈ, ਅਤੇ ਇੰਨੀ ਭੱਜ-ਦੌੜ ਵਿੱਚ ਤੁਸੀਂ ਸਾਰੇ, ਇਸ ਸਮਿਟ ਨੂੰ ਹੋਸਟ ਕਰ ਰਹੇ ਹੋ, ਇਸ ਦਾ ਹਿੱਸਾ ਬਣੇ ਹੋ। ਅਤੇ ਇਸ ਲਈ ਤੁਸੀਂ ਖ਼ਾਸ ਵਧਾਈ ਦੇ ਪਾਤਰ ਹੋ। ਅਤੇ ਇਸ ਵਾਰ ਤੁਹਾਡੀ ਚਰਚਾ ਦਾ ਵਿਸ਼ਾ ਵੀ ਓਨਾ ਹੀ ਮਹੱਤਵਪੂਰਨ ਹੈ... ਮਹਾਨ ਸ਼ਕਤੀ ਭਾਰਤ: ਰਾਸ਼ਟਰ ਪਹਿਲਾਂ (Great Power India: Nation First...)
ਸਾਥੀਓ,
ਸਾਡੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ... ਯਤੋ ਧਰਮਸਤਤੋ ਜਯਃ ! ਭਾਵ ਜਿੱਤ ਦਾ, ਸ਼ਕਤੀ ਦਾ, ਮੂਲ ਧਰਮ ਹੈ। ਅਤੇ ਧਰਮ ਭਾਵ ਡਿਊਟੀ, ਧਰਮ ਭਾਵ ਨਿਆਂ, ਧਰਮ ਭਾਵ ਬਰਾਬਰਤਾ, ਧਰਮ ਭਾਵ ਸੰਵਾਦ, ਧਰਮ ਭਾਵ ਸੰਵੇਦਨਾ ਅਤੇ ਇਹੀ ਤਾਂ ਨੇਸ਼ਨ ਫਸਟ (ਰਾਸ਼ਟਰ ਪਹਿਲਾਂ) ਦੀ ਭਾਵਨਾ ਵਿੱਚ ਵੀ ਸਮਾਇਆ ਹੋਇਆ ਹੈ। ਭਾਰਤ, ਆਪਣੀ ਤਾਕਤ ਨੂੰ ਇਸੇ ਨਜ਼ਰ ਨਾਲ ਦੇਖਦਾ ਹੈ, ਇਸੇ ਤਰਾਜ਼ੂ ’ਤੇ ਤੋਲਦਾ ਹੈ।
ਸਾਥੀਓ,
ਭਾਰਤ ਦੀ ਇੱਕ ਹੋਰ ਖ਼ਾਸੀਅਤ ਹੈ ਅਤੇ ਹੁਣ ਤਾਂ ਦੁਨੀਆ ਨੇ ਵੀ ਮੰਨ ਲਿਆ ਹੈ। ਅਸੀਂ ਕਿਸੇ ਤਤਕਾਲੀ ਘਟਨਾ ’ਤੇ ਉਤਾਵਲੇ ਹੋਣ ਵਾਲੇ ਦੇਸ਼ ਨਹੀਂ ਹਾਂ, ਅਸੀਂ ਉਹ ਹਾਂ ਜਿਸ ਨੇ ਵਿਕਾਸ ਅਤੇ ਵਿਨਾਸ਼, ਦੇਖਿਆ ਵੀ ਹੈ ਤੇ ਹੰਢਾਇਆ ਵੀ ਹੈ। ਅਸੀਂ ਉਹ ਦੇਸ਼ ਹਾਂ, ਜਿਸ ਦੇ ਦਿਮਾਗ ਵਿੱਚ ਯੁੱਗਾਂ ਦੀ ਮੈਮੋਰੀ ਚਿੱਪ ਲੱਗੀ ਹੋਈ ਹੈ, ਅਸੀਂ ਯੁੱਗਾਂ ਦੀ ਮੈਮੋਰੀ ਚਿੱਪ ਵਾਲੇ ਰਾਸ਼ਟਰ ਹਾਂ। ਅਤੇ ਇਸ ਲਈ ਭਾਰਤ ਅੱਜ ਜੋ ਕਰ ਰਿਹਾ ਹੈ, ਅਤੇ ਇਹ ਮੈਂ ਬਹੁਤ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ, ਭਾਰਤ ਜੋ ਕਰ ਰਿਹਾ ਹੈ ਉਹ ਆਉਣ ਵਾਲੇ ਇੱਕ ਹਜ਼ਾਰ ਸਾਲਾਂ ਦਾ ਭਵਿੱਖ ਲਿਖਣ ਵਾਲਾ ਹੈ। ਅਤੇ ਇਹੀ ਦੁਨੀਆ ਦੇ ਲਈ ਭਾਰਤ ਦੀ ਸਭ ਤੋਂ ਵੱਡੀ ਗਾਰੰਟੀ ਹੈ। ਭਾਰਤ, ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵੀ ਹੈ। ਇੱਕ ਭਰੋਸੇਯੋਗ ਅਰਥ-ਵਿਵਸਥਾ ਵੀ ਹੈ। ਅਤੇ ਭਾਰਤ, ਉੱਭਰਦੀ ਸ਼ਕਤੀ ਦੇ ਨਾਲ-ਨਾਲ, ਅਤੇ ਹਾਲੇ ਤੁਸੀਂ ਤਾਂ ਬਹੁਤ ਸਾਰੀਆਂ ਡਿਕਸ਼ਨਰੀਆਂ ਲੈ ਕੇ ਬੈਠ ਗਏ ਸੀ, ਸੁਪਰ ਪਾਵਰ ਤੱਕ ਲੈ ਗਏ। ਪਰ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਭਾਰਤ ਭਰੋਸੇਮੰਦ ਸ਼ਕਤੀ ਹੈ। ਮੈਂ ਹੁਣ ਦੋ-ਤਿੰਨ ਦਿਨ ਪਹਿਲਾਂ ਜੀ-7 ਸਮਿਟ ਤੋਂ ਪਰਤਿਆ ਹਾਂ ਅਤੇ ਦੁਨੀਆ ਦਾ ਹਰ ਨੇਤਾ, ਹਰ ਦੇਸ਼ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਅੱਜ ਦੇ ਭਾਰਤ ਲਈ 'ਨੇਸ਼ਨ ਫਸਟ' (ਰਾਸ਼ਟਰ ਪਹਿਲਾਂ) ਹੀ ਸਭ ਤੋਂ ਵੱਡਾ ਮੰਤਰ ਹੈ, ਸਭ ਤੋਂ ਵੱਡਾ ਸਿਧਾਂਤ ਹੈ।
ਸਾਥੀਓ,
ਕੁਝ ਦਿਨ ਪਹਿਲਾਂ ਹੀ, ਸਾਡੀ ਸਰਕਾਰ ਨੂੰ 12 ਸਾਲ ਪੂਰੇ ਹੋ ਚੁੱਕੇ ਹਨ। ਉਸ ਦੇ ਲਈ ਵੀ ਅਰਨਬ ਨੇ ਤੁਹਾਨੂੰ ਤਾੜੀਆਂ ਵਜਾਉਣ ਲਈ ਮਜਬੂਰ ਕਰ ਦਿੱਤਾ। ਪਿਛਲੇ 12 ਸਾਲਾਂ ਦੀਆਂ ਜੋ ਵੀ ਪ੍ਰਾਪਤੀਆਂ ਦੇਸ਼ ਦੀਆਂ ਰਹੀਆਂ ਹਨ, ਉਨ੍ਹਾਂ ਦੇ ਮੂਲ ਵਿੱਚ ਜੇਕਰ ਤੁਸੀਂ ਤਰਾਜ਼ੂ ਨਾਲ ਤੋਲੋਗੇ, ਹਰ ਫੈਸਲਾ, ਹਰ ਕਦਮ, ਹਰ ਯਤਨ ਉਨ੍ਹਾਂ ਦੇ ਮੂਲ ਵਿੱਚ 'ਰਾਸ਼ਟਰ ਪ੍ਰਥਮ' (ਦੇਸ਼ ਪਹਿਲਾਂ) ਦੀ ਭਾਵਨਾ ਹੀ ਕੇਂਦਰ ਵਿੱਚ ਹੈ। ਸਵੱਛ ਭਾਰਤ ਅਭਿਆਨ ਤੋਂ ਲੈ ਕੇ ਮੇਕ ਇਨ ਇੰਡੀਆ, ਖਾਦੀ ਖਰੀਦਣ ’ਤੇ ਜ਼ੋਰ, ਸਥਾਨਕ ਵਸਤੂਆਂ ਖਰੀਦਣ ’ਤੇ ਜ਼ੋਰ ਇਹ ਸਾਰੀਆਂ ਪਹਿਲਕਦਮੀਆਂ ਇਸ ਲਈ ਸਫ਼ਲ ਹੋਈਆਂ ਕਿਉਂਕਿ ਦੇਸ਼ ਦੀ ਜਨਤਾ ਨੇ ਦੇਸ਼ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਆਪਣਾ ਫ਼ਰਜ਼ ਨਿਭਾਇਆ। ਦੇਸ਼ ਦੇ ਨਾਗਰਿਕਾਂ ਨੂੰ ਮੈਂ ਸਲਾਮ ਕਰਦਾ ਹਾਂ।
ਸਾਥੀਓ,
ਇੱਥੇ ਸਾਡੇ ਸਾਥੀ ਸ਼੍ਰੀਧਰ ਵੈਂਬੂ ਜੀ ਬੈਠੇ ਹਨ। ਜਦੋਂ ਸਾਡੇ ਉੱਦਮੀ 'ਨੇਸ਼ਨ ਫਸਟ' ਦੀ ਭਾਵਨਾ ਨਾਲ ਚੱਲਦੇ ਹਨ, ਜਦੋਂ ਉਹ ਦੇਸ਼ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਆਪਣੇ ਟੀਚੇ ਬਣਾਉਂਦੇ ਹਨ ਤਾਂ ਸੰਸਥਾਵਾਂ ਵੀ ਬਣਦੀਆਂ ਹਨ ਅਤੇ ਦੇਸ਼ ਵੀ ਖ਼ੁਸ਼ਹਾਲ ਹੁੰਦਾ ਹੈ। ਸ਼੍ਰੀਧਰ ਵੈਂਬੂ ਜੀ ਨੇ ਕੀ ਕੰਮ ਕੀਤਾ ਹੈ, ਸ਼ਾਇਦ ਇੱਥੇ ਗੱਲਾਂ ਵਿੱਚ ਕਿੰਨਾ ਕੁ ਸਾਹਮਣੇ ਆਇਆ ਹੋਵੇਗਾ ਮੈਨੂੰ ਪਤਾ ਨਹੀਂ, ਪਰ ਹੁਣ ਮੈਂ ਫ਼ਰਾਂਸ ਵਿੱਚ ਵਿਵਾਟੈੱਕ ਵਿੱਚ ਗਿਆ ਸੀ, ਲਗਭਗ ਡੇਢ-ਦੋ ਲੱਖ ਨੌਜਵਾਨ ਉੱਥੇ ਹੋਣਗੇ ਚੱਲਣ ਦੇ ਲਈ ਵੀ। ਮੈਂ ਅਤੇ ਫ਼ਰਾਂਸ ਦੇ ਰਾਸ਼ਟਰਪਤੀ ਵੱਖ-ਵੱਖ ਸਟਾਲਾਂ ’ਤੇ ਜਾ ਰਹੇ ਸੀ, ਦੇਖਣ ਦੇ ਲਈ ਕਿ ਨੌਜਵਾਨਾਂ ਨੇ ਕੀ ਕੰਮ ਕੀਤਾ ਹੈ। ਤਾਂ ਅਸੀਂ ਜੋਹੋ ਦੇ ਸਟਾਲ ’ਤੇ ਗਏ, ਮੈਂ ਹੈਰਾਨ ਸੀ ਜੀ, ਅਤੇ ਮਾਣ ਹੁੰਦਾ ਸੀ ਕਿ ਜੋਹੋ ਦੇ ਸਟਾਲ ’ਤੇ ਯੂਰਪ ਦੇ ਨੌਜਵਾਨਾਂ ਦੀ ਜੋ ਭੀੜ ਲੱਗੀ ਹੋਈ ਸੀ ਅਤੇ ਉਹ ਸਮਝਣਾ ਚਾਹੁੰਦੇ ਹਨ ਕਿ ਕੀ ਹੈ ਇਹ ਦੁਨੀਆ ਵਿੱਚ ਨਵੀਂ ਚੀਜ਼, ਭਾਰਤ ਵਿੱਚ ਸ਼ਾਇਦ ਓਨੀ ਚਰਚਾ ਨਹੀਂ ਹੋਵੇਗੀ, ਜਿੰਨੀ ਮੈਂ ਉੱਥੇ ਫ਼ਰਾਂਸ ਵਿੱਚ ਦੇਖੀ, ਵਧਾਈਆਂ ਹੋਣ ਤੁਹਾਨੂੰ।
ਸਾਥੀਓ,
ਸਰਕਾਰ ਦੀ ਨੀਤੀ ਅਤੇ ਫੈਸਲਿਆਂ ਵਿੱਚ 'ਨੇਸ਼ਨ ਫਸਟ' ਦਾ ਕੀ ਪ੍ਰਭਾਵ ਹੁੰਦਾ ਹੈ, ਇਸ ਦੀ ਇੱਕ ਉਦਾਹਰਣ ਸਾਡਾ ਕਬਾਇਲੀ ਖੇਤਰ ਹੈ। ਮੈਂ ਅੱਜ ਕੋਈ ਫ਼ਲਸਫ਼ਾ ਨਹੀਂ ਝਾੜਨ ਵਾਲਾ ਹਾਂ, ਕੁਝ ਗੱਲਾਂ ਜੋ ਹੋਈਆਂ ਹਨ ਉਹ ਹਲਕੀਆਂ-ਫੁਲਕੀਆਂ ਦੱਸ ਦਵਾਂਗਾ ਅਤੇ ਉਸ ਤੋਂ ਤੁਸੀਂ ਅੰਦਾਜ਼ਾ ਲਗਾ ਲਵੋਗੇ ਕਿ ਕੰਮ ਕਿਵੇਂ ਹੁੰਦਾ ਹੈ। ਮੈਂ ਕਬਾਇਲੀ ਖੇਤਰ ਦੀ ਗੱਲ ਕਰਦਾ ਹਾਂ। ਭਾਰਤ ਦੀ 10 ਕਰੋੜ ਤੋਂ ਵੱਧ ਆਬਾਦੀ ਦੀ ਚਰਚਾ, ਮਤਲਬ ਕਿ ਕਬਾਇਲੀ ਸਮਾਜ ਦੀ ਚਰਚਾ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਦਹਾਕਿਆਂ ਤੋਂ ਮਾਓਵਾਦੀ ਅੱਤਵਾਦ ਉੱਥੇ ਆਪਣਾ ਡੇਰਾ-ਤੰਬੂ ਲਗਾ ਕੇ ਬੈਠਾ ਹੋਇਆ ਸੀ। ਜਿੱਥੇ 21ਵੀਂ ਸਦੀ ਵਿੱਚ ਵੀ ਇਨ੍ਹਾਂ ਅੱਤਵਾਦੀਆਂ ਨੇ ਇੱਕ ਵੀ ਸਹੂਲਤ ਪਹੁੰਚਣ ਨਹੀਂ ਦਿੱਤੀ, ਇੱਕ ਸਰਕਾਰੀ ਵਾਹਨ ਨਹੀਂ ਲੰਘ ਸਕਦਾ ਸੀ ਉੱਥੇ ਤੋਂ। ਗੋਲ਼ੀਆਂ ਨਾਲ ਭੁੰਨ ਦਿੱਤਾ ਜਾਂਦਾ ਸੀ। ਕਈ ਸਰਕਾਰਾਂ ਆਈਆਂ-ਗਈਆਂ, ਕਈ ਪੀੜ੍ਹੀਆਂ ਆਈਆਂ-ਗਈਆਂ, ਲਗਦਾ ਸੀ ਕਿ ਹਿੰਸਾ ਦਾ ਇਹ ਮੰਦਭਾਗਾ ਦੌਰ ਇਵੇਂ ਹੀ ਰਹੇਗਾ। ਤੁਸੀਂ ਕਲਪਨਾ ਕਰ ਸਕਦੇ ਹੋ, 2004 ਤੋਂ 2014 ਦੇ ਵਿਚਕਾਰ, ਮੈਂ ਉਸ ਦਸ ਸਾਲਾਂ ਦਾ ਹਿਸਾਬ ਦੱਸਦਾ ਹਾਂ, 2004 ਤੋਂ 2014 ਦੇ ਵਿਚਕਾਰ ਮਾਓਵਾਦੀ ਅੱਤਵਾਦ ਦੇ ਕਾਰਨ, 17 ਹਜ਼ਾਰ ਤੋਂ ਵੀ ਵੱਧ ਹਿੰਸਕ ਘਟਨਾਵਾਂ ਹੋਈਆਂ ਸਨ। ਅਤੇ ਲਗਭਗ 7 ਹਜ਼ਾਰ ਤੋਂ ਜ਼ਿਆਦਾ ਜਾਨਾਂ ਗਈਆਂ ਸਨ।
ਸਾਥੀਓ,
ਅੱਜ ਤੁਹਾਡੇ ਲਈ ਇੱਕ ਲਾਈਨ ਦੀ ਖ਼ਬਰ ਹੋਵੇਗੀ ਜਾਂ ਟੀਵੀ ’ਤੇ ਅੱਧੇ ਘੰਟੇ ਦੀ ਬਹਿਸ ਹੋਵੇਗੀ ਕਿ ਮਾਓਵਾਦ ਅੱਤਵਾਦ ਖ਼ਤਮ ਹੋ ਗਿਆ, ਚੀਜ਼ਾਂ ਅਜਿਹੀਆਂ ਨਹੀਂ ਹੁੰਦੀਆਂ। ਉਸ ਦੇ ਲਈ ਖਪਣਾ ਪੈਂਦਾ ਹੈ। ਅਤੇ ਇਸ ਲਈ ਮੈਂ ਦੱਸਣਾ ਚਾਹੁੰਦਾ ਹਾਂ ਅਤੇ ਅੱਜ-ਕੱਲ੍ਹ ਜੋ ਲੋਕ, ਕੁਝ ਲੋਕ ਸੰਵਿਧਾਨ ਦਿਖਾਉਂਦੇ ਰਹਿੰਦੇ ਹਨ, ਪਰ ਜਦੋਂ ਇਹ ਲੋਕ ਸਰਕਾਰ ਵਿੱਚ ਸਨ ਅਤੇ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਸੰਵਿਧਾਨ ਦਾ ਨਾਮ ਲੈਣ ’ਤੇ ਗੋਲ਼ੀ ਮਾਰ ਦਿੱਤੀ ਜਾਂਦੀ ਸੀ ਅਤੇ ਓਦੋਂ ਇਹ ਲੋਕ ਚੁੱਪ ਬੈਠੇ ਸਨ, ਉਦੋਂ ਉਨ੍ਹਾਂ ਦੇ ਹੱਥਾਂ ਵਿੱਚ ਸੰਵਿਧਾਨ ਨਹੀਂ ਦਿਖਦਾ ਸੀ, ਕੰਬ ਰਹੇ ਸਨ ਉਨ੍ਹਾਂ ਦੇ ਹੱਥ। ਉਸ ਦਰਦਨਾਕ ਸਥਿਤੀ ਨਾਲ ਕਾਂਗਰਸ ਨੂੰ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ ਸੀ।
ਸਾਥੀਓ,
2014 ਤੋਂ ਬਾਅਦ, ਹਾਲਾਤ ਨੂੰ ਬਦਲਣ ਲਈ ਅਸੀਂ 'ਰਾਸ਼ਟਰ ਪ੍ਰਥਮ' ਦੀ ਭਾਵਨਾ ਨਾਲ ਅੱਗੇ ਵਧੇ, ਅਸੀਂ ਨਿਕਲ ਪਏ। ਬੋਲਦੇ ਨਹੀਂ ਸੀ, ਦੱਸਦੇ ਵੀ ਨਹੀਂ ਸੀ, ਕਰਦੇ ਜ਼ਰੂਰ ਸੀ। ਅਸੀਂ ਸੰਕਲਪ ਲਿਆ ਕਿ ਨਕਸਲਵਾਦ-ਮਾਓਵਾਦ ਨੂੰ ਜੜ੍ਹ ਤੋਂ ਪੁੱਟ ਸੁੱਟਾਂਗੇ ਅਤੇ ਅੱਜ ਪੂਰਾ ਦੇਸ਼ ਨਤੀਜਾ ਦੇਖ ਰਿਹਾ ਹੈ, ਅੱਜ ਦੇਸ਼ ਵਿੱਚ ਮਾਓਵਾਦੀ ਅੱਤਵਾਦ, ਆਪਣੇ ਆਖਰੀ ਸਾਹ ਗਿਣ ਰਿਹਾ ਹੈ।
ਅਤੇ ਸਾਥੀਓ,
ਕਈ ਵਾਰ ਆਖਰੀ ਨਤੀਜਾ ਇੰਨਾ ਵੱਡਾ ਅਤੇ ਵਿਆਪਕ ਹੁੰਦਾ ਹੈ ਕਿ ਉਸਦੇ ਪਿੱਛੇ ਦੀ ਮਿਹਨਤ ਵੱਲ ਧਿਆਨ ਨਹੀਂ ਜਾਂਦਾ। ਰਿਪਬਲਿਕ ਟੀਵੀ ਦੇ ਦਰਸ਼ਕਾਂ ਨੂੰ ਮੈਂ ਖ਼ਾਸ ਤੌਰ ’ਤੇ ਇਸ ਬਾਰੇ ਦੱਸਣਾ ਚਾਹੁੰਦਾ ਹਾਂ।
ਸਾਥੀਓ,
ਜਿਨ੍ਹਾਂ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਦਿਨ ਵੇਲੇ ਜਾਣ ਤੋਂ ਵੀ, ਭਾਵ ਆਮ ਮਨੁੱਖ ਡਰਦਾ ਰਹਿੰਦਾ ਸੀ, ਉਸ ਨੂੰ ਲੱਗਦਾ ਸੀ ਕਿ ਕਿਤੇ ਉਹ ਅਗਵਾ ਹੋ ਜਾਵੇਗਾ ਤਾਂ ਕਦੇ ਉਗਰਾਹੀ ਦਾ ਡਰ ਰਹਿੰਦਾ ਸੀ, ਕਦੇ ਨਾਲ ਜੋ ਕੁਝ ਵੀ ਹੈ ਉਹ ਲੁੱਟ ਲੈ ਜਾਣ ਦਾ ਡਰ ਰਹਿੰਦਾ ਸੀ। ਅਤੇ ਜਿੱਥੇ ਵਿਕਾਸ ਦੀ ਗੱਲ ਬੋਲ ਤੱਕ ਨਹੀਂ ਸਕਦੇ ਸੀ ਤੁਸੀਂ, ਲੈ ਕੇ ਜਾ ਨਹੀਂ ਸਕਦੇ ਸੀ, ਸਭ ਅਸੰਭਵ ਸੀ, ਅਜਿਹੇ ਖੇਤਰਾਂ ਵਿੱਚ ਅਸੀਂ ਵਿਕਾਸ ਦਾ ਸੰਕਲਪ ਲੈ ਕੇ ਅੱਗੇ ਵਧੇ। ਉੱਥੇ ਬੀਤੇ 12 ਸਾਲਾਂ ਵਿੱਚ ਸਾਡੀ ਸਰਕਾਰ ਨੇ 12 ਹਜ਼ਾਰ ਕਿਲੋਮੀਟਰ ਤੋਂ ਵੱਧ ਸੜਕਾਂ ਬਣਾਈਆਂ। ਅਤੇ ਕਈ ਵਾਰ ਤਾਂ ਅਸੀਂ ਦੇਖਿਆ, ਕਈ ਵਾਰ ਤਾਂ ਅਸੀਂ ਦੇਖਿਆ ਕਿ ਸੜਕ ਬਣਾਉਣ ਦਾ ਜੋ ਸਾਡਾ ਸਾਜ਼ੋ-ਸਾਮਾਨ ਹੁੰਦਾ ਹੈ, ਉਸ ਨੂੰ ਸਾੜ ਦਿੱਤਾ ਜਾਂਦਾ ਸੀ। ਠੇਕੇਦਾਰ ਨੂੰ ਭਜਾ ਦਿੱਤਾ ਜਾਂਦਾ ਸੀ। ਜੇਕਰ 25 ਲੋਕ ਸੜਕ ’ਤੇ ਕੰਮ ਕਰਦੇ ਸੀ ਤਾਂ 200 ਪੁਲਿਸ ਦੇ ਕਰਮਚਾਰੀ ਸੁਰੱਖਿਆ ਰੱਖਦੇ ਸੀ ਤਾਂ ਜੋ ਕੰਮ ਚੱਲੇ। ਇਹ ਸਭ ਇਸ ਲਈ ਕਰਦੇ ਸੀ- ਤੈਅ ਕੀਤਾ ਸੀ।
ਸਾਥੀਓ,
ਸਾਢੇ 9 ਹਜ਼ਾਰ ਤੋਂ ਵੱਧ ਮੋਬਾਈਲ ਟਾਵਰ ਬਣਾਏ। ਇੱਕ ਟਾਵਰ ਨਹੀਂ ਲੱਗਣ ਦਿੰਦੇ ਸੀ ਅਤੇ ਲੱਗਿਆ ਹੋਇਆ ਟਾਵਰ ਤੋੜ ਦਿੰਦੇ ਸਨ। ਕਿਉਂਕਿ ਉਹ ਹਮੇਸ਼ਾ ਉੱਥੇ ਗੁੱਸਾ ਦਿਖਾਉਂਦੇ ਸੀ। ਕਰੀਬ 45,000 ਪਿੰਡਾਂ ਵਿੱਚ ਮੋਬਾਈਲ ਕਨੈਕਟੀਵਿਟੀ ਪਹੁੰਚਾਈ। ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ 1800 ਤੋਂ ਵੱਧ ਬੈਂਕਾਂ ਦੀਆਂ ਸ਼ਾਖਾਵਾਂ ਖੋਲ੍ਹੀਆਂ ਗਈਆਂ। ਕਰੀਬ 75,000 ਬੈਂਕਿੰਗ ਕਾਰਸਪੋਂਡੈਂਟ ਅਤੇ 6000 ਤੋਂ ਵੱਧ ਨਵੇਂ ਡਾਕਘਰ ਬਣਾਏ ਗਏ। ਸਿਰਫ਼ ਬੰਬ, ਬੰਦੂਕ ਅਤੇ ਗੋਲ਼ੀ ਦੇ ਸਹਾਰੇ ਕੰਮ ਨਹੀਂ ਕੀਤਾ ਹੈ ਸਾਥੀਓ, ਅਸੀਂ ਦਿਲਾਂ ਨੂੰ ਜਿੱਤਣ ਲਈ, ਪਰਮਾਤਮਾ ਨੇ ਜੋ ਵੀ ਸ਼ਕਤੀ ਦਿੱਤੀ ਸੀ ਉਸ ਨੂੰ ਲਗਾਇਆ ਸੀ।
ਸਾਥੀਓ,
ਅਸੀਂ ਬੁਲੰਦ ਇਰਾਦਿਆਂ ਦੇ ਨਾਲ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਆਮ ਜਨਤਾ ਦੀਆਂ ਆਸਾਂ, ਉਮੀਦਾਂ ਨੂੰ ਪੂਰਾ ਕਰਨ ਦੇ ਲਈ ਜਾ ਰਹੇ ਸੀ। ਤੁਸੀਂ ਹੈਰਾਨ ਹੋ ਜਾਵੋਗੇ ਇੱਕ ਮਸ਼ਹੂਰ ਨਕਸਲੀ, ਕਰੋੜਾਂ ਰੁਪਏ ਦਾ ਇਨਾਮ ਸੀ ਉਸ ’ਤੇ, ਉਸ ਦੀ ਮਾਂ ਦੇ ਕੋਲ ਅਸੀਂ ਪਹਿਲੀ ਵਾਰ ਰਾਸ਼ਨ ਕਾਰਡ ਲੈ ਕੇ ਗਏ। ਪੁੱਤ ਆਪਣੀ ਮਾਂ ਨੂੰ ਰਾਸ਼ਨ ਕਾਰਡ ਨਹੀਂ ਲੈਣ ਦਿੰਦਾ ਸੀ, ਆਪਣਾ ਅੱਤਵਾਦ ਚਲਾਉਣ ਦੇ ਲਈ। ਇੰਨੀਆਂ ਘਟਨਾਵਾਂ ਹਨ, ਮੈਂ ਹੈਰਾਨ ਸੀ। ਅਤੇ ਸਰਕਾਰ ਚੁੱਪ ਬੈਠੀ ਸੀ, ਉਨ੍ਹਾਂ ਨੂੰ ਸੰਵਿਧਾਨ ਉਸ ਸਮੇਂ ਤਾਂ ਦਿਖਦਾ ਨਹੀਂ ਸੀ। ਪਰ ਇਨ੍ਹਾਂ ਸਾਰੇ ਯਤਨਾਂ ਦਾ ਨਤੀਜਾ ਇਹ ਆਇਆ ਕਿ ਆਮ ਜਨਤਾ ਵਿੱਚ ਵਿਸ਼ਵਾਸ ਦਾ ਇੱਕ ਨਵਾਂ ਦੌਰ ਆਇਆ। ਅੱਜ ਤੁਸੀਂ ਦੇਖੋ ਬਸਤਰ ਵਰਗੇ ਇਲਾਕਿਆਂ ਵਿੱਚ ਬੰਬ-ਬੰਦੂਕ ਨਹੀਂ, ਬਸਤਰ ਓਲੰਪਿਕਸ ਦੀ ਧੂਮ ਹੈ। ਅਤੇ ਹੁਣ ਤੱਕ ਇਸ ਓਲੰਪਿਕ ਦੇ ਦੋ ਐਡੀਸ਼ਨ ਹੋ ਚੁੱਕੇ ਹਨ। ਪਹਿਲੀ ਵਾਰ ਡੇਢ ਲੱਖ ਤੋਂ ਵੱਧ ਨੌਜਵਾਨਾਂ ਨੇ ਅਤੇ ਦੂਜੀ ਵਾਰ ਕਰੀਬ 4 ਲੱਖ ਨੌਜਵਾਨਾਂ ਨੇ ਬਸਤਰ ਓਲੰਪਿਕਸ ਵਿੱਚ ਹਿੱਸਾ ਲਿਆ। ਭਾਵ ਜਿੱਥੇ ਕਦੇ ਦਹਿਸ਼ਤ ਸੀ, ਉੱਥੇ ਹੁਨਰ ਨੂੰ ਮੌਕਾ ਮਿਲ ਰਿਹਾ ਹੈ, ਉੱਥੇ ਖੇਡਾਂ ਫਲ-ਫੁੱਲ ਰਹੀਆਂ ਹਨ।
ਸਾਥੀਓ,
12 ਸਾਲਾਂ ਦੇ ਇਸ ਸੇਵਾਕਾਲ ਦੀ ਇੱਕ ਹੋਰ ਵੱਡੀ ਪ੍ਰਾਪਤੀ ਰਹੀ ਹੈ, ਇਹ ਪ੍ਰਾਪਤੀ ਹੈ, ਨਿਰਾਸ਼ਾ ਵਿੱਚੋਂ ਨਿਕਲ ਕੇ ਉਮੀਦਾਂ-ਇੱਛਾਵਾਂ ਨਾਲ ਭਰੇ ਭਾਰਤ ਦਾ ਨਿਰਮਾਣ।
ਸਾਥੀਓ,
ਨਕਸਲ ਕਿਤੇ ਹੋਰ ਹੋਵੇਗਾ ਪਰ ਘਟਨਾਵਾਂ ਦੀ ਪੀੜ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਹੁੰਦੀ ਸੀ ਅਤੇ ਜਿਸ ਸਮੇਂ ਨਕਸਲ ਖ਼ਤਮ ਹੋਣ ਦੀਆਂ ਗੱਲਾਂ ਆਉਣ ਲੱਗੀਆਂ ਤਾਂ ਵਿਸ਼ਵਾਸ ਸਿਰਫ਼ ਨਕਸਲੀ ਇਲਾਕੇ ਦਾ ਨਹੀਂ, ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਜਗਣ ਲੱਗਿਆ। 2014 ਤੋਂ ਪਹਿਲਾਂ ਦੇ 10 ਸਾਲਾਂ ਵਿੱਚ ਜੋ ਕਾਂਗਰਸ ਸਰਕਾਰ ਚੱਲੀ, ਉਸ ਤੋਂ ਨਾਰਾਜ਼ਗੀ ਕੇਵਲ ਸ਼ਾਸਨ ਦੀ ਨਹੀਂ ਸੀ। ਓਦੋਂ ਦੇਸ਼ ਦੀ ਨਿਰਾਸ਼ਾ ਇਸ ਤੋਂ ਕਿਤੇ ਵੱਧ ਸੀ, ਦੇਸ਼ ਉਮੀਦ ਖੋ ਚੁੱਕਿਆ ਸੀ, ਲੋਕਾਂ ਨੂੰ ਲੱਗਦਾ ਸੀ ਕਿ ਕੁਝ ਹੋ ਹੀ ਨਹੀਂ ਸਕਦਾ, ਕੁਝ ਬਦਲ ਹੀ ਨਹੀਂ ਸਕਦਾ।
ਸਾਥੀਓ,
ਪਿਛਲੇ 12 ਸਾਲਾਂ ਵਿੱਚ ਭਾਰਤ ਨੇ ਉਸੇ ਨਿਰਾਸ਼ਾ ਨੂੰ ਉਮੀਦ ਵਿੱਚ ਬਦਲਿਆ ਹੈ ਅਤੇ ਮੈਨੂੰ ਇਸ ਗੱਲ ਦੀ ਸਭ ਤੋਂ ਵੱਧ ਸੰਤੁਸ਼ਟੀ ਹੈ। ਅੱਜ ਹਰ ਕਿਸੇ ਨੂੰ ਇਹ ਲੱਗਦਾ ਹੈ ਕਿ ਜੇ ਥੋੜ੍ਹੀ ਹੋਰ ਮਿਹਨਤ ਕਰਾਂਗੇ, ਤਾਂ ਇਹ ਹੋ ਸਕਦਾ ਹੈ। ਉਹ ਦਿਨ ਚਲੇ ਗਏ ਜਦੋਂ ਇੱਕੋ ਗੱਲ ਸੁਣਾਈ ਦਿੰਦੀ ਸੀ, ਬਿਲਕੁਲ ਨਹੀਂ ਹੋ ਸਕਦਾ, ਬਿਲਕੁਲ ਨਹੀਂ ਹੋ ਸਕਦਾ, ਉਹ ਜ਼ਮਾਨਾ ਚਲਾ ਗਿਆ, ਅੱਜ ਇਹ ਹੋ ਕੇ ਰਹੇਗਾ'। ਇਹ ਜੋ ਭਾਵਨਾ ਆਈ ਹੈ, ਇਹੀ ਭਾਰਤ ਦੀ ਅਸਲੀ ਪ੍ਰਾਪਤੀ ਹੈ, ਅਤੇ ਇਹੀ ਅਸਲ ਸ਼ਕਤੀ ਹੈ। ਚੁਣੌਤੀਆਂ ਤਾਂ ਅੱਜ ਵੀ ਬਹੁਤ ਹਨ ਅਤੇ ਹਮੇਸ਼ਾ ਰਹਿਣਗੀਆਂ, ਅਤੇ ਚੁਣੌਤੀਆਂ ਬਹੁਰੂਪੀਆ ਹੁੰਦੀਆਂ ਹਨ, ਉਹ ਨਵੇਂ-ਨਵੇਂ ਰੂਪਾਂ ਵਿੱਚ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਆਉਣਗੀਆਂ, ਜਿਸ ਰੂਪ ਵਿੱਚ ਆਉਣਗੀਆਂ, ਜੰਗ ਉਸ ਨਾਲ ਵੀ ਲੜ ਲਵਾਂਗੇ ਜੀ ਅਤੇ ਜਿੱਤ ਵੀ ਲਵਾਂਗੇ। ਪਰ 'ਇਹ ਹੋ ਸਕਦਾ ਹੈ' ਅਤੇ 'ਅਸੀਂ ਇਹ ਕਰਕੇ ਰਹਾਂਗੇ', ਜਦੋਂ ਇਸ ਭਾਵਨਾ ਨਾਲ ਦੇਸ਼ ਅੱਗੇ ਵਧਦਾ ਹੈ, ਓਦੋਂ ਸੁਪਨੇ ਪੂਰੇ ਹੁੰਦੇ ਹਨ।
ਸਾਥੀਓ,
ਮੈਂ ਇੱਥੇ ਭਾਰਤ ਦੇ 100 ਤੋਂ ਵੱਧ ਜ਼ਿਲ੍ਹਿਆਂ ਅਤੇ 500 ਤੋਂ ਵੱਧ ਬਲਾਕਾਂ ਦੀ ਚਰਚਾ ਕਰਨਾ ਚਾਹਾਂਗਾ। ਇਹ ਵਿਕਾਸ ਦੇ ਹਰ ਪੈਮਾਨੇ ’ਤੇ ਪਿੱਛੇ ਰਹਿ ਗਏ ਸਨ ਅਤੇ ਪਹਿਲਾਂ ਦੀ ਸਰਕਾਰ ਨੇ ਇਨ੍ਹਾਂ ’ਤੇ ਪਛੜੇ ਹੋਣ ਦਾ ਠੱਪਾ ਲਗਾ ਦਿੱਤਾ ਸੀ, ਇਹ ਤਾਂ ਪਛੜਿਆ ਜ਼ਿਲ੍ਹਾ ਹੈ, ਇਹ ਤਾਂ ਪਛੜਿਆ ਇਲਾਕਾ ਹੈ। ਅਸੀਂ ਦੇਸ਼ ਦੇ ਇਸ ਬਹੁਤ ਵੱਡੇ ਖੇਤਰ ਨੂੰ ਪਛੜੇਪਣ ਦੀ ਨਿਰਾਸ਼ਾ ਵਿੱਚੋਂ ਬਾਹਰ ਕੱਢ ਕੇ ਵਿਕਾਸ ਦੀ ਉਮੀਦ ਜਗਾਈ। ਸਭ ਤੋਂ ਪਹਿਲਾਂ ਤਾਂ ਅਸੀਂ ਪਛਾਣ ਹੀ ਬਦਲ ਦਿੱਤੀ, ਅਸੀਂ ਕਿਹਾ ਇਹ ਅਭਿਲਾਸ਼ੀ ਜ਼ਿਲ੍ਹਾ ਹੈ, ਇਹ ਅਭਿਲਾਸ਼ੀ ਬਲਾਕ ਹੈ, ਅਸੀਂ ਅਭਿਲਾਸ਼ੀ ਜ਼ਿਲ੍ਹਿਆਂ ਦਾ ਪ੍ਰੋਗਰਾਮ ਬਣਾਇਆ, ਅਭਿਲਾਸ਼ੀ ਬਲਾਕ ਦਾ ਪ੍ਰੋਗਰਾਮ ਬਣਾਇਆ ਅਤੇ ਸਰਕਾਰ ਨੇ ਵਿਕਾਸ ਦੇ ਹਰ ਪੈਮਾਨੇ ’ਤੇ ਬਹੁਤ ਬਾਰੀਕੀ ਨਾਲ ਕੰਮ ਸ਼ੁਰੂ ਕੀਤਾ। ਇਸ ਜ਼ਿਲ੍ਹੇ ਵਿੱਚ ਇਹ ਤਿੰਨ ਪਹਿਲੂ ਹਨ, ਪਹਿਲਾਂ ਉਸ ਵਿੱਚੋਂ ਬਾਹਰ ਨਿਕਲੋ। ਇੱਥੇ ਛੇ ਪਹਿਲੂ ਹਨ, ਪਹਿਲਾਂ ਇਸ ਵਿੱਚੋਂ ਬਾਹਰ ਨਿਕਲੋ। ਬਹੁਤ ਹੀ ਜ਼ਿਆਦਾ ਧਿਆਨ ਕੇਂਦ੍ਰਿਤ ਕਰਕੇ ਕੰਮ ਸ਼ੁਰੂ ਕੀਤਾ। ਅੱਜ ਇਹ ਅਭਿਲਾਸ਼ੀ ਜ਼ਿਲ੍ਹੇ ਅਤੇ ਬਲਾਕ ਸੂਬੇ ਦੇ ਸਮੁੱਚੇ ਵਿਕਾਸ ਨੂੰ ਅੱਗੇ ਵਧਾਉਣ ਦਾ ਕੰਮ ਕਰਨ ਲੱਗੇ ਹਨ। ਜੋ ਪਹਿਲਾਂ ਵਿਕਾਸ ਨੂੰ ਪਿੱਛੇ ਖਿੱਚਦੇ ਸਨ, ਇਨ੍ਹਾਂ ਅਭਿਲਾਸ਼ੀ ਜ਼ਿਲ੍ਹਿਆਂ ਵਿੱਚ ਬਹੁਤ ਵੱਡੀ ਆਬਾਦੀ ਗ਼ਰੀਬ ਸੀ, ਤੰਗੀ ਵਿੱਚ ਸੀ। ਬੀਤੇ ਸਾਲਾਂ ਵਿੱਚ 25 ਕਰੋੜ ਗ਼ਰੀਬਾਂ ਨੇ ਗ਼ਰੀਬੀ ਨੂੰ ਹਰਾਇਆ ਹੈ। ਤਾਂ ਇਸ ਵਿੱਚ ਇਨ੍ਹਾਂ ਅਭਿਲਾਸ਼ੀ ਜ਼ਿਲ੍ਹਿਆਂ ਦੀ ਇੱਕ ਬਹੁਤ ਵੱਡੀ ਭੂਮਿਕਾ ਹੈ।
ਸਾਥੀਓ,
ਅਸੀਂ ਦੇਖਦੇ ਹਾਂ ਕਿ ਜਦੋਂ ਇੱਕ ਵਿਅਕਤੀ ਬੀਮਾਰੀ ਤੋਂ ਮੁਕਤ ਹੁੰਦਾ ਹੈ, ਤਾਂ ਸਿਰਫ਼ ਘਰ ਦਾ ਉਹ ਵਿਅਕਤੀ ਠੀਕ ਹੁੰਦਾ ਹੈ ਅਜਿਹਾ ਨਹੀਂ ਹੈ। ਜਦੋਂ ਇੱਕ ਵਿਅਕਤੀ ਬੀਮਾਰੀ ਤੋਂ ਮੁਕਤ ਹੁੰਦਾ ਹੈ, ਤਾਂ ਪੂਰਾ ਪਰਿਵਾਰ ਠੀਕ ਹੋ ਜਾਂਦਾ ਹੈ। ਇਵੇਂ ਹੀ, ਜਦੋਂ ਘਰ ਦਾ ਕੋਈ ਇੱਕ ਬੇਟਾ-ਬੇਟੀ ਕੁਝ ਹਾਸਲ ਕਰਦਾ ਹੈ, ਤਾਂ ਸਿਰਫ਼ ਉਹ ਵਿਅਕਤੀ ਹਾਸਲ ਕਰਕੇ ਨਹੀਂ ਆਉਂਦਾ, ਉਹ ਪੂਰਾ ਪਰਿਵਾਰ, ਪੂਰਾ ਪਰਿਵਾਰ ਪ੍ਰਾਪਤੀ ਨਾਲ ਭਰ ਜਾਂਦਾ ਹੈ, ਵਿਸ਼ਵਾਸ ਬਦਲ ਜਾਂਦਾ ਹੈ। ਇਵੇਂ ਹੀ, ਜਦੋਂ ਕੋਈ ਗ਼ਰੀਬੀ ਤੋਂ ਬਾਹਰ ਆਉਂਦਾ ਹੈ, ਤਾਂ ਸੰਪੂਰਨ ਸਮਾਜ ਦਾ ਫਾਇਦਾ ਹੁੰਦਾ ਹੈ, ਦੇਸ਼ ਦਾ ਫਾਇਦਾ ਹੁੰਦਾ ਹੈ। 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ, ਨਵੇਂ ਮੱਧ ਵਰਗ ਵਿੱਚ ਆਏ ਹਨ, ਤਾਂ ਇਸ ਦਾ ਫਾਇਦਾ ਸਿਰਫ ਉਨ੍ਹਾਂ ਪਰਿਵਾਰਾਂ ਤੱਕ ਨਹੀਂ ਰਹਿੰਦਾ, ਸਗੋਂ ਮੱਧ ਵਰਗ ਦਾ ਵੀ ਇਸ ਵਿੱਚ ਫਾਇਦਾ ਹੋ ਰਿਹਾ ਹੈ। ਕਿਉਂਕਿ ਇਹ ਨਵਾਂ ਉਪਭੋਗਤਾ ਹੈ, ਜੋ ਅਰਥਵਿਵਸਥਾ ਨੂੰ ਚਲਾਉਂਦਾ ਹੈ, ਉਸ ਨਾਲ ਅੰਤ ਵਿੱਚ ਮੱਧ ਵਰਗ ਦੇ ਲਈ ਮੌਕੇ ਬਣਦੇ ਹਨ। ਭਾਵ ਗ਼ਰੀਬੀ ਘੱਟ ਹੋਣਾ ਸਿਰਫ ਲੋਕ ਭਲਾਈ ਦਾ ਹੀ ਵਿਸ਼ਾ ਨਹੀਂ ਹੈ, ਇਹ ਮੌਕਿਆਂ ਦੇ ਵਿਸਥਾਰ ਦੀ ਗਾਥਾ ਹੈ, ਨਵੀਆਂ ਉਮੀਦਾਂ ਦੀ ਪ੍ਰੇਰਣਾ ਹੈ।
ਸਾਥੀਓ,
ਪਿਛਲੇ 12 ਸਾਲਾਂ ਵਿੱਚ ਜੋ ਇੰਨਾ ਵੱਡਾ ਮੱਧ ਵਰਗ ਦੇਸ਼ ਵਿੱਚ ਤਿਆਰ ਹੋਇਆ ਹੈ, ਉਹ ਸਰਕਾਰ ਦੀ ਬਹੁਤ ਵੱਡੀ ਤਰਜੀਹ ਰਿਹਾ ਹੈ। ਮੱਧ ਵਰਗ ਦੀ ਜੀਵਨ ਦੀ ਸੌਖ ਦੇ ਲਈ ਸਰਕਾਰ ਨੇ ਹਰ ਪੱਧਰ ’ਤੇ ਕੰਮ ਕੀਤਾ ਹੈ। ਹੁਣ ਜਿਵੇਂ ਆਪਣੇ ਘਰ ਦਾ ਸੁਪਨਾ ਹੈ। ਹਰ ਮੱਧ ਵਰਗ ਪਰਿਵਾਰ ਦੀ ਇੱਕ ਇੱਛਾ ਰਹਿੰਦੀ ਹੈ ਕਿ ਖ਼ੁਦ ਦਾ ਘਰ ਹੋਵੇ, ਹਰ ਕਿਸੇ ਨੂੰ ਪੁੱਛੋਗੇ ਤਾਂ ਇੱਕ ਮਨ ਵਿੱਚ ਰਹਿੰਦਾ ਹੈ ਕਿ ਮੇਰਾ ਆਪਣਾ ਘਰ ਹੋਵੇ। 2014 ਵਿੱਚ ਜੇਕਰ ਕਿਸੇ ਪਰਿਵਾਰ ਨੂੰ ਆਪਣਾ ਘਰ ਖਰੀਦਣਾ ਹੁੰਦਾ ਸੀ, ਤਾਂ ਹੋਮ ਲੋਨ ਦੋਹਰੇ ਅੰਕਾਂ ਦੀ ਵਿਆਜ ਦਰ ’ਤੇ ਮਿਲਦਾ ਸੀ। ਪਰ ਅੱਜ ਕਿਸੇ ਵੀ ਬੈਂਕ ਤੋਂ ਹੋਮ ਲੋਨ 7-8 ਪ੍ਰਤੀਸ਼ਤ ਦੇ ਰੇਟ ’ਤੇ ਮਿਲ ਜਾਂਦਾ ਹੈ। ਪਹਿਲਾਂ ਲੋਨ ਲੈਣਾ ਵੀ ਕੋਈ ਯੁੱਧ ਜਿੱਤਣ ਵਰਗਾ ਸੀ, ਯੁੱਧ ਜਿੱਤਣ ਵਿੱਚ ਜਿੰਨੀ ਤਾਕਤ ਲੱਗਦੀ ਸੀ, ਓਨੀ ਲੋਨ ਲੈਣ ਵਿੱਚ ਲੱਗਦੀ ਸੀ। ਅੱਜ ਇਹ ਘਰ ਬੈਠੇ ਹੀ ਸੰਭਵ ਹੋ ਪਾ ਰਿਹਾ ਹੈ। ਮੈਂ ਇੱਥੋਂ ਦੀ ਹੀ ਗੱਲ ਦੱਸਦਾ ਹਾਂ, ਇਹ ਦਿੱਲੀ-ਐੱਨਸੀਆਰ ਵਿੱਚ ਰਹਿਣ ਵਾਲੇ ਲੋਕ ਜਾਣਦੇ ਹਨ ਕਿ ਕਿਵੇਂ ਸ਼ਹਿਰੀ ਮੱਧ ਵਰਗ ਦੇ ਹਜ਼ਾਰਾਂ ਘਰ ਅਧੂਰੇ ਲਟਕੇ ਹੋਏ ਸਨ। ਪੈਸੇ ਦੇ ਦਿੱਤੇ ਸਨ, ਪੂਰੀ ਜ਼ਿੰਦਗੀ ਭਰ ਦੀ ਕਮਾਈ ਬਿਲਡਰ ਨੂੰ ਦੇ ਦਿੱਤੀ ਸੀ। ਉਸ ਨੇ ਵੀ ਵਧੀਆ-ਵਧੀਆ ਪੈਂਫਲੇਟ ਦਿਖਾਏ, ਸੁਪਨੇ ਦਿਖਾਏ। ਹੁਣ ਕਿਰਾਏ ਦੇ ਘਰ ਵਿੱਚ ਰਹਿੰਦੇ ਹਨ, ਤਾਂ ਕਿਰਾਇਆ ਵੀ ਦੇਣਾ ਹੈ, ਘਰ ਜਲਦੀ ਮਿਲੇਗਾ। ਉੱਧਰ ਕਿਰਾਇਆ ਰਹਿੰਦਾ ਹੈ, ਘਰ ਮਿਲ ਨਹੀਂ ਰਿਹਾ, ਘਰ ਬਣ ਨਹੀਂ ਰਿਹਾ, ਇਹ ਬਹੁਤ ਬੁਰਾ ਹਾਲ ਸੀ। ਇਨ੍ਹਾਂ ਅਧੂਰੇ ਘਰਾਂ ਨੂੰ ਪੂਰਾ ਕਰਨ ਦੇ ਲਈ ਅਸੀਂ 25 ਹਜ਼ਾਰ ਕਰੋੜ ਰੁਪਏ ਦਾ ਖ਼ਾਸ ਫੰਡ ਬਣਾਇਆ। ਅਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਦੇਸ਼ ਵਿੱਚ ਵਰ੍ਹਿਆਂ ਤੋਂ ਲਟਕੇ ਕਰੀਬ 60 ਹਜ਼ਾਰ ਘਰਾਂ ਦੀ ਡਿਲੀਵਰੀ ਕੀਤੀ ਜਾ ਚੁੱਕੀ ਹੈ।
ਸਾਥੀਓ,
ਇੱਕ ਹੋਰ ਚੀਜ਼ ਹੈ, ਜੋ ਰੋਜ਼ਾਨਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ। ਇਹ ਜ਼ਰੂਰਤ ਹੈ, ਕਨੈਕਟੀਵਿਟੀ ਦੀ, ਆਵਾਜਾਈ ਦੀ। ਅੱਜ ਤੁਸੀਂ ਸੋਸ਼ਲ ਮੀਡੀਆ ਵਿੱਚ ਦੇਖੋ, ਦੁਨੀਆ ਭਰ ਤੋਂ ਜੋ ਵੀ ਸੈਲਾਨੀ ਆਉਂਦਾ ਹੈ, ਭਾਰਤ ਆਉਂਦਾ ਹੈ, ਉਹ ਸਾਡੇ ਮੈਟਰੋ ਸਿਸਟਮ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ।
ਸਾਥੀਓ,
ਸਾਲ 2014 ਵਿੱਚ ਕਰੀਬ 28 ਲੱਖ ਲੋਕ, ਹਰ ਰੋਜ਼ ਮੈਟਰੋ ਨਾਲ ਸਫ਼ਰ ਕਰਦੇ ਸਨ। ਅੱਜ ਕਰੀਬ ਇੱਕ ਕਰੋੜ ਅਠਾਈ ਲੱਖ ਲੋਕ ਹਰ ਰੋਜ਼ ਮੈਟਰੋ ਨਾਲ ਸਫ਼ਰ ਕਰ ਰਹੇ ਹਨ। ਹੁਣ ਵੰਦੇ ਭਾਰਤ, ਨਮੋ ਭਾਰਤ ਅਤੇ ਅੰਮ੍ਰਿਤ ਭਾਰਤ ਵਰਗੀਆਂ ਹਾਈ ਸਪੀਡ ਟ੍ਰੇਨਾਂ ਦੇਸ਼ ਨੂੰ ਜੋੜ ਰਹੀਆਂ ਹਨ। ਚੰਗੀਆਂ ਸੜਕਾਂ, ਚੰਗੇ ਹਾਈਵੇਜ਼ ਨਾਲ, ਸਮਾਂ ਤਾਂ ਬਚ ਹੀ ਰਿਹਾ ਹੈ, ਗੱਡੀਆਂ ਦੇ ਰੱਖ-ਰਖਾਅ ’ਤੇ ਹੋਣ ਵਾਲਾ ਖ਼ਰਚਾ ਵੀ ਘੱਟ ਹੋਇਆ ਹੈ। ਬੀਤੇ ਸਾਲਾਂ ਵਿੱਚ ਹਵਾਈ ਅੱਡਿਆਂ ਦੀ ਸੰਖਿਆ ਦੁੱਗਣੀ ਹੋਈ ਹੈ। ਇਸ ਨਾਲ ਕਈ ਛੋਟੇ-ਛੋਟੇ ਸ਼ਹਿਰਾਂ ਵਿੱਚ ਵੀ ਮੱਧ ਵਰਗ ਨੂੰ ਹਵਾਈ ਯਾਤਰਾ ਦੀ ਸਹੂਲਤ ਪਹਿਲੀ ਵਾਰ ਮਿਲੀ ਹੈ।
ਸਾਥੀਓ,
ਪਿਛਲੇ 12 ਸਾਲ, ਮੱਧ ਵਰਗ ਦੇ ਲਈ ਕਮਾਈ ਦੇ ਨਾਲ-ਨਾਲ ਬੱਚਤ ਦੇ ਵੀ ਰਹੇ ਹਨ। 2013-14 ਵਿੱਚ, ਲਗਭਗ 2 ਲੱਖ ਰੁਪਏ ਤੱਕ ਦੀ ਆਮਦਨ ਹੋਣ ’ਤੇ ਟੈਕਸ ਲੱਗਦਾ ਸੀ, ਤੁਸੀਂ ਸਭ ਨੇ ਉਹ ਦੌਰ ਹੰਢਾਇਆ ਹੋਵੇਗਾ। ਅਤੇ ਇਹ ਟੈਕਸ ਮੱਧ ਵਰਗ ਦਿੰਦਾ ਰਹਿੰਦਾ ਸੀ। ਅੱਜ 12 ਲੱਖ ਰੁਪਏ ਤੱਕ ਦੀ ਆਮਦਨ ’ਤੇ ਕੋਈ ਟੈਕਸ ਨਹੀਂ ਹੈ। ਭਾਵ ਟੈਕਸ ਫ੍ਰੀ ਆਮਦਨ ਕਈ ਗੁਣਾ ਵਧ ਗਈ ਹੈ।
ਸਾਥੀਓ,
ਜੀਐੱਸਟੀ ਸੁਧਾਰਾਂ ਦੇ ਕਾਰਨ ਵੀ ਮੱਧ ਵਰਗ ਨੂੰ ਬਹੁਤ ਸਹੂਲਤ ਹੋਈ ਹੈ। ਟੈਕਸ ਫਾਈਲਿੰਗ ਦਾ ਸਮਾਂ ਅਤੇ ਖ਼ਰਚਾ ਵੀ ਬਚ ਗਿਆ ਹੈ। ਕਿਉਂਕਿ ਇਹ ਬਹੁਤ ਹੀ ਆਸਾਨ ਹੋ ਗਿਆ ਹੈ। ਘਰ ਬੈਠੇ ਹੀ ਆਈਟੀਆਰ ਫਾਈਲ ਹੋ ਰਹੇ ਹਨ, ਜੇਕਰ ਕੋਈ ਸੈਟਲਮੈਂਟ ਦਾ ਮਸਲਾ ਹੈ, ਤਾਂ ਉਹ ਫੇਸਲੈੱਸ ਹੋ ਰਿਹਾ ਹੈ।
ਸਾਥੀਓ,
ਮੱਧ ਵਰਗ ਪਰਿਵਾਰਾਂ ਵਿੱਚ ਇੱਕ ਵੱਡਾ ਖ਼ਰਚਾ ਸ਼ੂਗਰ ਜਾਂ ਅਜਿਹੀ ਜੀਵਨ ਸ਼ੈਲੀ ਨਾਲ ਜੁੜੇ ਇਲਾਜ ਦਾ ਵੀ ਰਹਿੰਦਾ ਹੈ। ਜਨ ਔਸ਼ਧੀ ਕੇਂਦਰਾਂ ’ਤੇ 80 ਪ੍ਰਤੀਸ਼ਤ ਛੋਟ ’ਤੇ ਅਜਿਹੀਆਂ ਦਵਾਈਆਂ ਮਿਲ ਰਹੀਆਂ ਹਨ। ਜੇਕਰ ਤੁਹਾਡਾ ਪਹਿਲਾਂ ਹਜ਼ਾਰ ਰੁਪਏ ਖ਼ਰਚਾ ਹੁੰਦਾ ਸੀ, ਤਾਂ ਅੱਜ 200 ਰੁਪਏ ਵਿੱਚ ਕੰਮ ਹੋ ਜਾਂਦਾ ਹੈ, 800 ਰੁਪਏ ਬਚ ਰਹੇ ਹਨ ਅਤੇ ਇਸ ਨਾਲ ਬੀਤੇ ਸਾਲਾਂ ਵਿੱਚ ਕਰੀਬ 40 ਹਜ਼ਾਰ ਕਰੋੜ ਰੁਪਏ ਦੀ ਬੱਚਤ ਦੇਸ਼ ਦੇ ਕਈ ਪਰਿਵਾਰਾਂ ਦੀ ਹੋਈ ਹੈ। ਮੱਧ ਵਰਗ ਦੇ ਬਜਟ ਦਾ ਇੱਕ ਵੱਡਾ ਹਿੱਸਾ ਬਜ਼ੁਰਗਾਂ ਦੇ ਇਲਾਜ ’ਤੇ ਵੀ ਜਾਂਦਾ ਹੈ। ਅੱਜ 70 ਸਾਲ ਤੋਂ ਉੱਪਰ ਦੇ ਹਰ ਨਾਗਰਿਕ ਦੇ ਲਈ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਉਪਲਬਧ ਹੈ।
ਸਾਥੀਓ,
ਇੱਕ ਆਮ ਸੁਭਾਅ ਹੈ ਕਿ ਜਦੋਂ ਕੋਈ ਸਹੂਲਤ ਲਗਾਤਾਰ ਮਿਲਦੀ ਹੈ, ਤਾਂ ਇਨਸਾਨ ਪਹਿਲਾਂ ਦੀ ਪਰੇਸ਼ਾਨੀ ਭੁੱਲ ਜਾਂਦਾ ਹੈ। ਹੁਣ 2 ਲੱਖ ਰੁਪਏ ’ਤੇ ਤੁਸੀਂ ਟੈਕਸ ਦਿੰਦੇ ਸੀ, ਹੁਣ 12 ਲੱਖ ਤੱਕ ਨਹੀਂ ਦੇਣਾ ਪੈ ਰਿਹਾ, ਪਰ ਜਦੋਂ ਮੈਂ ਕਹਾਂ, ਓਦੋਂ ਤਾੜੀ ਵੱਜਦੀ ਹੈ। ਅਤੇ ਬੱਸ ਵਿੱਚ, ਟ੍ਰੇਨ ਵਿੱਚ ਥੋੜ੍ਹੀ ਦੇਰ ਵੀ ਜੇਕਰ ਕੋਈ ਮੁਸੀਬਤ ਆ ਗਈ, ਤਾਂ ਬਹੁਤ ਸਾਰੀਆਂ ਗਾਲ੍ਹਾਂ ਦੇਣੀਆਂ ਸ਼ੁਰੂ ਹੋ ਜਾਂਦੇ ਹਨ ਅਤੇ ਇਹੀ ਵਰਗ ਸਭ ਤੋਂ ਵੱਧ ਬੋਲਦਾ ਹੈ।
ਸਾਥੀਓ,
ਮੈਂ ਜਿਵੇਂ ਕਿਹਾ ਨਾ ਕਿ ਪੁਰਾਣੀਆਂ ਤਕਲੀਫਾਂ ਭੁੱਲ ਜਾਂਦਾ ਹੈ ਆਦਮੀ। ਤੁਸੀਂ ਲੋਕਾਂ ਨੂੰ ਅੱਜ ਡ੍ਰਾਈਵਿੰਗ ਲਾਇਸੈਂਸ ਅਤੇ ਪਾਸਪੋਰਟ ਨਾਲ ਜੁੜੀਆਂ ਪਰੇਸ਼ਾਨੀਆਂ ਬਿਲਕੁਲ ਯਾਦ ਨਹੀਂ ਹੋਣਗੀਆਂ। ਪਹਿਲਾਂ ਡ੍ਰਾਈਵਿੰਗ ਲਾਇਸੈਂਸ ਲੈਣਾ ਹੁੰਦਾ ਸੀ, ਤਾਂ ਕਿੰਨੀ ਦਿੱਕਤ ਹੁੰਦੀ ਸੀ, ਪਾਸਪੋਰਟ ਲੈਣਾ ਹੁੰਦਾ ਸੀ, ਤਾਂ ਕੀ-ਕੀ ਕੁਝ ਨਹੀਂ ਕਰਨਾ ਪੈਂਦਾ ਸੀ, ਕਿੰਨੇ ਪਾਪੜ ਵੇਲਣੇ ਪੈਂਦੇ ਸਨ। ਅੱਜ ਡ੍ਰਾਈਵਿੰਗ ਲਾਇਸੈਂਸ ਲੈਣਾ ਵੀ ਆਸਾਨ ਹੋਇਆ ਹੈ ਅਤੇ ਤਤਕਾਲ ਪਾਸਪੋਰਟ ਵੀ ਔਸਤਨ 3 ਦਿਨਾਂ ਵਿੱਚ ਹੀ ਮਿਲ ਜਾਂਦਾ ਹੈ।
ਸਾਥੀਓ,
ਮੈਂ ਜਾਣਦਾ ਹਾਂ, ਸਾਡੀ ਸਰਕਾਰ ਜਿਸ ਤਰ੍ਹਾਂ ਕੰਮ ਕਰ ਰਹੀ ਹੈ, ਉਸ ਨੇ ਦੇਸ਼ ਦੇ ਲੋਕਾਂ ਦੀ ਉਮੀਦ ਬਹੁਤ ਵਧਾ ਦਿੱਤੀ ਹੈ। ਇੱਕ ਕੰਮ ਹੋਇਆ, ਤਾਂ ਲੋਕਾਂ ਦੀ ਮੰਗ ਉੱਥੇ ਹੀ ਖ਼ਤਮ ਨਹੀਂ ਹੋ ਜਾਂਦੀ ਹੈ। ਉਹ ਉਸ ਤੋਂ ਵੀ ਬਿਹਤਰ ਕੰਮ ਚਾਹੁੰਦੇ ਹਨ, ਉਸ ਤੋਂ ਵੀ ਵਧੀਆ ਸਹੂਲਤ ਚਾਹੁੰਦੇ ਹਨ। ਜੇਕਰ ਪਹਿਲਾਂ ਡਿਮਾਂਡ ਨਵੀਂ ਸੜਕ ਦੀ ਸੀ, ਤਾਂ ਸੜਕ ਬਣਨ ਤੋਂ ਬਾਅਦ ਲੋਕ ਪੁੱਛਦੇ ਹਨ, ਮੈਟਰੋ ਕਦੋਂ ਆਵੇਗੀ? ਪਹਿਲਾਂ ਉਮੀਦ ਹੁੰਦੀ ਸੀ ਕਿ ਟ੍ਰੇਨ ਸਮੇਂ ਸਿਰ ਪਹੁੰਚ ਜਾਵੇ, ਟ੍ਰੇਨ ਵਿੱਚ ਬੈਠਣ ਦੀ ਸਾਫ਼-ਸੁਥਰੀ ਜਗ੍ਹਾ ਮਿਲ ਜਾਵੇ। ਅੱਜ ਮੰਗ ਹੈ ਕਿ ਸਾਡੇ ਰੂਟ ’ਤੇ ਵੰਦੇ ਭਾਰਤ ਕਿਉਂ ਨਹੀਂ ਚੱਲ ਰਹੀ ਹੈ?
ਸਾਥੀਓ,
ਕੁਝ ਲੋਕਾਂ ਨੂੰ ਇਹ ਅਸੰਤੁਸ਼ਟੀ ਲੱਗਦੀ ਹੈ, ਇਹ ਉਮੀਦ ਹੈ, ਸਾਡੇ ਦੇਸ਼ ਵਿੱਚ ਇੱਕ ਫ਼ੌਜ ਅਜਿਹੀ ਹੈ, ਉਸ ਨੂੰ ਲੱਗਦਾ ਹੈ ਕਿ ਇਹ ਸਭ ਮਾਮਲਾ ਕੁਝ ਗੜਬੜ ਹੈ। ਪਰ ਲੋਕ ਆਖ਼ਰਕਾਰ ਇਹ ਉਮੀਦਾਂ ਕਿਸ ਦੇ ਕੋਲੋਂ ਕਰਨਗੇ, ਜੋ ਕਰਦਾ ਹੈ, ਉਸ ਤੋਂ ਹੀ ਕਰਨਗੇ! ਆਮ ਲੋਕ ਹੀ ਨਹੀਂ, ਪੂਰੀ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਮੋਦੀ ਜੀ, ਇਹ ਹੋ ਜਾਣਾ ਚਾਹੀਦਾ ਹੈ, ਇਹ ਹੋਣਾ ਚਾਹੀਦਾ ਹੈ, ਕਹਿੰਦੇ ਰਹਿੰਦੇ ਹਨ! ਉਨ੍ਹਾਂ ਨੂੰ ਭਰੋਸਾ ਹੈ, ਕਰੇਗਾ ਤਾਂ ਇਹ ਹੀ ਕਰੇਗਾ!
ਸਾਥੀਓ,
ਉਮੀਦਾਂ ਉੱਥੇ ਹੀ ਹੁੰਦੀਆਂ ਹਨ, ਜਿੱਥੇ ਲੋਕਾਂ ਨੂੰ ਲੱਗਦਾ ਹੈ ਕਿ ਸੁਪਨੇ ਪੂਰੇ ਹੋ ਸਕਦੇ ਹਨ। ਅਤੇ ਭਾਰਤ ਦੇ ਨੌਜਵਾਨਾਂ ਦੀ, ਭਾਰਤ ਦੇ ਗ਼ਰੀਬ ਅਤੇ ਮੱਧ ਵਰਗ ਦੀ ਇਹੀ ਉਮੀਦ ਹੈ। ਅੱਜ ਭਾਜਪਾ-ਐਨਡੀਏ ਸਰਕਾਰਾਂ ਦੀ ਊਰਜਾ ਬਣੀ ਹੋਈ ਹੈ।
ਸਾਥੀਓ,
ਇੱਕ ਪਾਸੇ, ਦੇਸ਼ ਦਾ ਬਹੁਤ ਵੱਡਾ ਵਰਗ ਉਮੀਦਾਂ ਨਾਲ ਭਰਿਆ ਹੈ, ਤਾਂ ਦੂਜੇ ਪਾਸੇ, ਰਾਜਨੀਤੀ ਦੀ ਇੱਕ ਟੋਲੀ ਹੈ, ਜਿਸ ਦਾ ਜੀਵਨ ਮੰਤਰ ਬਣ ਗਿਆ ਹੈ- ਹਮੇਸ਼ਾ ਖ਼ਿਲਾਫ਼! ਇਹ ਟੋਲੀ, ਕ੍ਰੌਨਿਕ ਡਿਸਸੈਟਿਸਫੈਕਸ਼ਨ ਭਾਵ ਸਥਾਈ ਅਸੰਤੁਸ਼ਟੀ ਨਾਲ ਭਰੀ ਹੋਈ ਹੈ। ਅੱਜ ਮੈਂ ਰਿਪਬਲਿਕ ਟੀਵੀ ਦੇ ਦਰਸ਼ਕਾਂ ਨੂੰ ਜਰਾ ਇਸ ਟੋਲੀ ਦੇ ਲੱਛਣ ਦੱਸਣ ਜਾ ਰਿਹਾ ਹਾਂ। ਲੱਛਣ ਪਤਾ ਚੱਲਣਗੇ, ਤਾਂ ਤੁਹਾਨੂੰ ਸਮਝ ਆ ਜਾਵੇਗਾ ਕਿ ਮੈਂ ਕੀ ਕਹਿ ਰਿਹਾ ਹਾਂ। ਤੁਸੀਂ ਆਸਾਨੀ ਨਾਲ ਪਛਾਣ ਲਵੋਗੇ। ਜਿਵੇਂ ਮੈਂ ਉਦਾਹਰਨ ਦਿੰਦਾ ਹਾਂ, ਤੁਸੀਂ ਸਮਝ ਜਾਵੋਗੇ। ਇਨ੍ਹਾਂ ਨੂੰ ਤੁਸੀਂ ਅਕਸਰ ਕਹਿੰਦੇ ਸੁਣੋਗੇ, ਅਰੇ ਫਲਾਣੀ ਜਗ੍ਹਾ ਤਾਂ ਚੌਵੀ ਘੰਟੇ ਬਿਜਲੀ ਆਉਂਦੀ ਹੈ, ਇੱਥੇ ਕਿਉਂ ਨਹੀਂ? ਅਤੇ ਅਗਲੇ ਹੀ ਦਿਨ ਇਹ ਲੋਕ ਡੈਮਾਂ ਦਾ, ਸੋਲਰ ਪਾਰਕ ਦਾ, ਥਰਮਲ ਦਾ, ਨਿਊਕਲੀਅਰ ਪਲਾਂਟ ਦਾ ਵਿਰੋਧ ਕਰਨ ਦੇ ਲਈ ਡੱਫਲੀ ਲੈ ਕੇ ਆ ਜਾਣਗੇ। ਭਾਵ ਪਹਿਲੇ ਦਿਨ ਬਿਜਲੀ ਕਿਉਂ ਨਹੀਂ ਅਤੇ ਦੂਜੇ ਦਿਨ ਤੁਸੀਂ ਹਾਈਡਰੋ ਪਾਵਰ ਦਾ ਡੈਮ ਕਿਉਂ ਬਣਾ ਰਹੇ ਹੋ, ਇਹ ਜਮਾਤ ਅਜਿਹੀ ਹੈ। ਇਹ ਉਹ ਲੋਕ ਹਨ, ਜੋ ਖਣਿਜਾਂ ਦੀ ਖੁਦਾਈ ਦਾ ਵਿਰੋਧ ਕਰਦੇ ਸਨ, ਪਰ ਅੱਜ ਪੁੱਛਦੇ ਹਨ ਕਿ ਭਾਰਤ ਦਾ ਰੇਅਰ ਅਰਥ ਮਿਨਰਲਜ਼ ਭੰਡਾਰ ਕਿੱਥੇ ਹੈ, ਸਪਲਾਈ ਲਈ ਕਿੱਥੇ ਹੈ? ਅਤੇ ਭਾਰਤ ਵਿੱਚ ਫਲਾਣੇ ਦੇਸ਼ ਦੀ ਤਰ੍ਹਾਂ, ਇਲੈਕਟ੍ਰਿਕ ਵਹੀਕਲ ਦਾ ਈਕੋਸਿਸਟਮ ਕਿਉਂ ਨਹੀਂ ਹੈ? ਇਹ ਉਹੀ ਲੋਕ ਹਨ, ਜੋ ਕਦੇ ਡੇਟਾ ਜਾਂ ਆਟਾ, ਇਸ ਦੀ ਡਿਬੇਟ ਚਲਾਉਂਦੇ ਸਨ। ਪਹਿਲਾਂ ਡੇਟਾ ਕਿ ਆਟਾ, ਡੇਟਾ ਕਿ ਆਟਾ, ਬਹੁਤ ਮਜ਼ਾ ਆਉਂਦਾ ਸੀ। ਅੱਜ ਇਹੀ ਲੋਕ ਪੁੱਛਦੇ ਹਨ ਕਿ ਦੱਸੋ ਮੋਦੀ ਜੀ, ਏਆਈ ਵਿੱਚ ਕੀ ਕੰਮ ਹੋਇਆ? ਹੱਦ ਦੇਖੋ, ਇੱਕੋ ਸਾਹ ਵਿੱਚ ਕਹਿੰਦੇ ਹਨ, ਇੱਕੋ ਸਾਹ ਵਿੱਚ ਕਹਿੰਦੇ ਹਨ ਕਿ ਏਆਈ ਵਿੱਚ ਇਹ ਹੋਣਾ ਚਾਹੀਦਾ ਸੀ, ਉਹ ਹੋਣਾ ਚਾਹੀਦਾ ਸੀ, ਹੋਇਆ ਕਿਉਂ ਨਹੀਂ? ਪਰ ਦੂਜੇ ਸਾਹ ਵਿੱਚ ਉਹੀ ਲੋਕ ਕਹਿੰਦੇ ਮਿਲਣਗੇ, ਇਹ ਡੇਟਾ ਸੈਂਟਰ ਕਿਉਂ ਬਣਾ ਰਹੇ ਹੋ? ਇਹ ਸੈਮੀਕੰਡਕਟਰ ਪਲਾਂਟ ਕਿਉਂ ਲਗਾ ਰਹੇ ਹੋ? ਅਤੇ ਫਿਰ ਇਹ ਲੋਕ ਉਸ ਦੇ 100 ਨੁਕਸਾਨ ਗਿਣਾਉਣ ਦੇ ਲਈ ਘੰਟੇ-ਘੰਟੇ ਭਰ ਸੋਸ਼ਲ ਮੀਡੀਆ ਦੀ ਸਕ੍ਰੀਨ ’ਤੇ ਦਿਖਣਗੇ, ਟੀਵੀ ਬਹਿਸ ’ਤੇ ਦਿਖਣਗੇ, ਅਖ਼ਬਾਰਾਂ ਵਿੱਚ ਭਰੇ ਰਹਿਣਗੇ।
ਸਾਥੀਓ,
ਇਹ ਲੋਕ ਭ੍ਰਿਸ਼ਟਾਚਾਰ ਨੂੰ ਲੈ ਕੇ ਦੁਨੀਆ ਭਰ ਦੇ ਸੂਚਕਾਂਕ ਚੁੱਕ ਕੇ ਲਿਆਉਂਦੇ ਹਨ, ਭਾਰਤ ਨੂੰ ਕਟਹਿਰੇ ਵਿੱਚ ਖੜ੍ਹਾ ਕਰਦੇ ਹਨ, ਇਨ੍ਹਾਂ ਦੇ ਈਕੋਸਿਸਟਮ ਦਾ ਮੀਡੀਆ ਵੀ 24-24 ਘੰਟੇ ਉਛਾਲਦਾ ਰਹਿੰਦਾ ਹੈ, ਪਰ ਜਦੋਂ ਭ੍ਰਿਸ਼ਟਾਚਾਰ ਦੇ ਵਿਰੁੱਧ ਕਾਰਵਾਈ ਹੁੰਦੀ ਹੈ, ਜਦੋਂ ਕਾਰਵਾਈ ਹੁੰਦੀ ਹੈ, ਤਾਂ ਇਹੀ ਲੋਕ ਚੀਕਾਂ ਮਾਰਦੇ ਹਨ, ਸਭ ਤੋਂ ਪਹਿਲਾਂ ਹੱਲਾ ਮਚਾਉਣ ਦਾ ਕੰਮ ਕੌਣ ਕਰਦੇ ਹਨ, ਇਹ ਗ਼ਲਤ ਹੋ ਰਿਹਾ ਹੈ, ਫਲਾਣਾ ਗਿਆ ਢੀਂਕਣਾ ਗਿਆ, ਰੇਡ ਕਰ ਦਿੱਤੀ, ਜਾਂਚ ਕਰ ਦਿੱਤੀ, ਪਰੇਸ਼ਾਨ ਕਰ ਦਿੱਤਾ। ਸਵਾਲ ਚੁੱਕੇ ਜਾਂਦੇ ਹਨ, ਕਾਰਵਾਈ ਅਜਿਹੀ ਕਿਉਂ ਹੋ ਰਹੀ ਹੈ, ਅਜਿਹੀ ਕਿਉਂ ਨਹੀਂ, ਹੁਣ ਕਿਉਂ ਹੋ ਰਹੀ ਹੈ, ਓਦੋਂ ਕਿਉਂ ਨਹੀਂ, ਇਸ ’ਤੇ ਕਿਉਂ ਹੋ ਰਹੀ ਹੈ, ਉਸ ’ਤੇ ਕਿਉਂ ਨਹੀਂ ਹੋ ਰਹੀ ਹੈ, ਇਹੀ ਉਨ੍ਹਾਂ ਦੀ ਖੇਡ ਹੈ।
ਸਾਥੀਓ,
ਇਨ੍ਹਾਂ ਲੋਕਾਂ ਦਾ ਕਿਰਦਾਰ ਸਮਝਣਾ ਦੇਸ਼ ਦੇ ਲਈ ਬਹੁਤ ਜ਼ਰੂਰੀ ਹੈ। ਖ਼ਾਸ ਤੌਰ ’ਤੇ ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਇਨ੍ਹਾਂ ਨੂੰ ਪਛਾਣਨ ਦੀ ਜ਼ਰੂਰਤ ਹੈ ਅਤੇ ਸਾਡੀ ਜੇਨ-ਜ਼ੀ ਨੂੰ ਤਾਂ ਬਹੁਤ ਜਲਦੀ ਸਮਝਣਾ ਚਾਹੀਦਾ ਹੈ, ਜਲਦੀ ਸਮਝੋ ਨਹੀਂ ਹੁਣ ਸੂਰਿਆਵੰਸ਼ੀ ਆਇਆ ਹੈ, ਉਹ ਤੇਜ਼ ਗਤੀ ਨਾਲ ਸਮਝਾਉਂਦਾ ਹੈ।
ਸਾਥੀਓ,
ਇਹ ਲੋਕ ਇੱਕ ਪਾਸੇ ਕਹਿਣਗੇ ਕਿ ਦੇਸ਼ ਦੀਆਂ ਸੈਨਾਵਾਂ ਨੂੰ ਛੋਟ ਨਹੀਂ ਹੈ, ਹਥਿਆਰ ਨਹੀਂ ਮਿਲ ਰਹੇ ਹਨ, ਪਰ ਜਦੋਂ ਸਰਕਾਰ ਕੋਈ ਰੱਖਿਆ ਸੌਦਾ ਕਰੇਗੀ, ਕੋਈ ਆਧੁਨਿਕ ਹਥਿਆਰ ਖਰੀਦਦੀ ਹੈ, ਤਾਂ ਸਭ ਤੋਂ ਪਹਿਲਾਂ ਆ ਕੇ ਕਹਿੰਦੇ ਹਨ ਕਿ ਇਹ ਕਿਉਂ ਖਰੀਦਿਆ? ਇਹ ਦੁਨੀਆ ਭਰ ਵਿੱਚ ਭਾਰਤ ਦੀ ਕੂਟਨੀਤੀ ’ਤੇ ਸਵਾਲ ਕਰਨਗੇ, ਪਰ ਜਦੋਂ ਭਾਰਤ ਕੂਟਨੀਤੀ ਦੇ ਲਈ, ਸੁਰੱਖਿਆ ਦੇ ਲਈ ਕਿਤੇ ਕੋਈ ਢਾਂਚਾਗਤ ਪ੍ਰੋਜੈਕਟ ਬਣਾਉਣ ਲੱਗੇਗਾ, ਤਾਂ ਇਹ ਲੋਕ ਢੋਲ-ਡੱਫਲੀ ਲੈ ਕੇ ਹੱਲਾ ਮਚਾਉਣਾ ਸ਼ੁਰੂ ਕਰ ਦਿੰਦੇ ਹਨ।
ਸਾਥੀਓ,
ਅੱਜ ਭਾਰਤ ਜਿਸ ਮਹੱਤਵਪੂਰਨ ਸਮੇਂ ਵਿੱਚ ਹੈ, ਇਸ ਵਿੱਚ ਅਜਿਹੇ ਲੋਕਾਂ ਨੂੰ ਪਛਾਣਨਾ ਹੋਵੇਗਾ, ਉਨ੍ਹਾਂ ਦੀਆਂ ਗ਼ਲਤ ਦਲੀਲਾਂ ਨੂੰ ਸਮਝਣਾ ਹੋਵੇਗਾ ਅਤੇ ਉਨ੍ਹਾਂ ਤੋਂ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੋਵੇਗਾ। ਅਤੇ ਅੱਜ ਬਦਕਿਸਮਤੀ ਨਾਲ, ਅੱਜ ਦੇਸ਼ ਦੀ ਮੁੱਖ ਵਿਰੋਧੀ ਪਾਰਟੀ, ਕਾਂਗਰਸ ’ਤੇ, ਅਜਿਹੇ ਹੀ ਲੋਕਾਂ ਦਾ ਕਬਜ਼ਾ ਹੋ ਗਿਆ ਹੈ। ਕਾਂਗਰਸ ਕਦੇ ਨੇਸ਼ਨ ਫਸਟ ਦੀ ਗੱਲ ਕਰੇਗਾ, ਇਹ ਸੋਚਣਾ ਵੀ ਹੁਣ ਝੂਠੇ ਸੁਪਨੇ ਵਰਗਾ ਹੋ ਗਿਆ ਹੈ। ਕਲਪਨਾ ਹੀ ਨਹੀਂ ਕਰ ਸਕਦੇ ਕਿ ਕੀ ਕਦੇ ਕਾਂਗਰਸ ਵਿੱਚ ਇਹ ਗੱਲ ਫਿਰ ਤੋਂ ਆਵੇਗੀ, ਜੋ ਗਾਂਧੀ ਜੀ ਦੇ ਜ਼ਮਾਨੇ ਵਿੱਚ ਸੀ।
ਸਾਥੀਓ,
ਅੱਜ ਦੁਨੀਆ ਪੁਰਾਣੀਆਂ ਧਾਰਾਵਾਂ ਨੂੰ ਚੁਣੌਤੀ ਦੇ ਰਹੀ ਹੈ, ਉਥਲ-ਪੁਥਲ ਦਾ ਪੈਮਾਨਾ ਬਹੁਤ ਵੱਡਾ ਹੋ ਗਿਆ ਹੈ, ਪਰ ਇਸ ਦਾ ਇੱਕ ਹੋਰ ਪੱਖ ਹੈ। ਇਹ ਚੁਣੌਤੀਆਂ, ਨਵੇਂ ਮੌਕੇ ਵੀ ਲਿਆ ਰਹੀਆਂ ਹਨ। ਭਾਰਤ ਦੇ ਹਰ ਨੌਜਵਾਨ, ਹਰ ਉੱਦਮੀ, ਹਰ ਇਨੋਵੇਟਰ, ਹਰ ਸਟਾਰਟਅੱਪ ਨੂੰ, ਇਨ੍ਹਾਂ ਹੀ ਮੌਕਿਆਂ ’ਤੇ ਧਿਆਨ ਕੇਂਦ੍ਰਿਤ ਕਰਨਾ ਹੈ ਅਤੇ ਇਸ ਵਿੱਚ ਸਰਕਾਰ, ਨੇਸ਼ਨ ਫਸਟ ਦੀ ਭਾਵਨਾ ਦੇ ਨਾਲ ਪੂਰੀ ਤਰ੍ਹਾਂ ਦੇਸ਼ ਦੇ ਲੋਕਾਂ ਦੇ ਨਾਲ ਹੈ। ਭਾਰਤ ਅੱਜ ਸੁਧਾਰ ਐਕਸਪ੍ਰੈੱਸ ’ਤੇ ਸਵਾਰ ਹੋ ਚੁੱਕਿਆ ਹੈ। ਇਹ ਗਤੀ ਅੱਗੇ ਹੋਰ ਤੇਜ਼ ਹੋਵੇਗੀ, ਮੈਂ ਰਿਪਬਲਿਕ ਟੀਵੀ ਦੇ ਇਸ ਮੰਚ ਤੋਂ ਦੇਸ਼ ਵਾਸੀਆਂ ਨੂੰ ਫਿਰ ਕਹਾਂਗਾ ਕਿ ਸਾਡਾ ਸੁਪਨਾ ਜਿੰਨਾ ਵੱਡਾ ਹੈ, ਸਾਡੇ ਯਤਨ ਵੀ ਓਨੇ ਹੀ ਵੱਡੇ ਹੋਣਗੇ ਅਤੇ 140 ਕਰੋੜ ਦੇਸ਼ ਵਾਸੀਆਂ ਦਾ ਇਹੀ ਸਾਂਝਾ ਯਤਨ, ਵਿਕਸਿਤ ਭਾਰਤ ਬਣਾ ਕੇ ਰਹੇਗਾ। ਅਤੇ ਤੁਸੀਂ ਸਾਰੇ ਲੋਕ, ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ, ਆਪਣੀਆਂ ਅੱਖਾਂ ਨਾਲ ਵਿਕਸਿਤ ਭਾਰਤ ਦੇਖਣ ਵਾਲੇ ਹੋ। ਆਉਣ ਵਾਲੀਆਂ ਪੀੜ੍ਹੀਆਂ ਤੱਕ ਇੰਤਜ਼ਾਰ ਕਰਨਾ ਪਵੇ, ਇਸ ਤਰ੍ਹਾਂ ਮੈਂ ਕੰਮ ਨਹੀਂ ਕਰਦਾ, ਤੁਸੀਂ ਖ਼ੁਦ ਆਪਣੀਆਂ ਅੱਖਾਂ ਨਾਲ ਦੇਖ ਕੇ ਜਾਵੋਗੇ। ਇਸੇ ਵਿਸ਼ਵਾਸ ਦੇ ਨਾਲ, ਮੈਂ ਫਿਰ ਇੱਕ ਵਾਰ ਰਿਪਬਲਿਕ ਟੀਵੀ ਨੂੰ, ਉਸ ਦੇ ਦਰਸ਼ਕਾਂ ਨੂੰ ਅਤੇ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ! ਬਹੁਤ-ਬਹੁਤ ਧੰਨਵਾਦ!
************
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
(रिलीज़ आईडी: 2276915)
आगंतुक पटल : 9