ਪ੍ਰਧਾਨ ਮੰਤਰੀ ਦਫਤਰ
ਪੱਛਮੀ ਬੰਗਾਲ ਦੇ ਤਾਰਕੇਸ਼ਵਰ ਵਿਖੇ ਪੱਛਮਬੰਗਾ ਦਿਵਸ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
प्रविष्टि तिथि:
20 JUN 2026 7:47PM by PIB Chandigarh
ਜੈ ਬਾਬਾ ਤਾਰਕਨਾਥ!
ਹਰ-ਹਰ ਮਹਾਦੇਵ!
ਮੰਚ ’ਤੇ ਬੈਠੇ ਰਾਜਪਾਲ ਆਰ.ਐੱਨ. ਰਵੀ ਜੀ, ਇੱਥੋਂ ਦੇ ਲੋਕ ਪ੍ਰਸਿੱਧ ਅਤੇ ਊਰਜਾਵਾਨ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਜੀ, ਹੋਰ ਸਾਰੇ ਪਤਵੰਤੇ ਅਤੇ ਬੰਗਾਲ ਦੇ ਮੇਰੇ ਭਾਈਓ ਅਤੇ ਭੈਣੋ।
ਬਾਬਾ ਤਾਰਕਨਾਥ ਅਤੇ ਬੰਗਾਲ ਦੀ ਇਹ ਪਵਿੱਤਰ ਧਰਤੀ ਪੱਛਮਬੰਗਾ ਦਿਵਸ ਦੀ ਇਹ ਇਤਿਹਾਸਿਕ ਤਾਰੀਖ਼ ਅਤੇ ਇੰਨੀ ਵੱਡੀ ਗਿਣਤੀ ਵਿੱਚ ਤੁਹਾਡੇ ਸਾਰਿਆਂ ਦੀ ਮੌਜੂਦਗੀ ਅੱਜ ਚੋਣਾਂ ਅਤੇ ਸਹੁੰ ਚੁੱਕਣ ਤੋਂ ਬਾਅਦ ਮੈਨੂੰ ਪਹਿਲੀ ਵਾਰ ਤੁਹਾਡੇ ਵਿੱਚ ਆਉਣ ਦਾ ਸੁਭਾਗ ਮਿਲਿਆ ਹੈ। ਬੰਗਾਲ ਦੀ ਹਵਾ ਵਿੱਚ ਹੁਣ ਇੱਕ ਨਵੀਂ ਤਾਜ਼ਗੀ ਹੈ, ਇੱਥੋਂ ਦੇ ਕਣ-ਕਣ ਤੋਂ ਇੱਕ ਨਵੀਂ ਖ਼ੁਸ਼ਬੂ ਆ ਰਹੀ ਹੈ, ਅਜਿਹਾ ਲੱਗ ਰਿਹਾ ਹੈ, ਜਿਵੇਂ ਬੰਗਾਲ ਹੁਣ ਜ਼ੰਜੀਰਾਂ ਤੋਂ ਆਜ਼ਾਦ ਹੋ ਗਿਆ ਹੈ। ਜਿਵੇਂ ਬੰਗਾਲ ਦਾ ਮਾਣ ਵਾਪਸ ਆਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਅੱਜ ਦਾ ਇਹ ਸਮਾਗਮ ਗਵਾਹ ਹੈ, ਇਨ੍ਹਾਂ ਪ੍ਰਾਜੈਕਟਾਂ ਦੀ ਸ਼ੁਰੂਆਤ ਗਵਾਹ ਹੈ ਕਿ ਸਾਡਾ ਬੰਗਾਲ ਆਪਣੇ ਨਵੇਂ ਭਵਿੱਖ ਦੇ ਨਿਰਮਾਣ ਵਿੱਚ ਲੱਗ ਗਿਆ ਹੈ। ਬੰਗਾਲ ਦੇ ਲੋਕਾਂ ਦੇ ਚਿਹਰਿਆਂ ਦੀ ਇਹ ਚਮਕ ਪਿੰਡ-ਪਿੰਡ ਵਿੱਚ ਖ਼ੁਸ਼ੀ ਅਤੇ ਵਿਸ਼ਵਾਸ ਦੀ ਭਾਵਨਾ, ਮੈਂ ਤੁਹਾਡੇ ਇਸ ਆਨੰਦ ਵਿੱਚ ਭਾਗੀਦਾਰ ਬਣਨ ਲਈ ਆਇਆ ਹਾਂ। ਤੁਹਾਡੀ ਇੱਕ ਵੋਟ, ਇੱਕ ਚੋਣ ਕਿੰਨੀ ਵੱਡੀ ਤਬਦੀਲੀ ਲਿਆ ਸਕਦੀ ਹੈ, ਇਹ ਬੰਗਾਲ ਵਿੱਚ ਸਾਫ਼ ਨਜ਼ਰ ਆ ਰਿਹਾ ਹੈ।
ਪੋਰੀਬੋਰਤੋਨ ਭਾਲੋ ਲਾਗਛੇ ਤੋ?
ਮੈਂ ਇਸ ਮੌਕੇ ’ਤੇ ਬੰਗਾਲ ਦੇ ਲੋਕਾਂ ਨੂੰ ਅਤੇ ਸਾਰੇ ਦੇਸ਼-ਵਾਸੀਆਂ ਨੂੰ ਇਸ ਆਯੋਜਨ ਦੀ, ਪੱਛਮਬੰਗਾ ਦਿਵਸ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਤੁਹਾਡੇ ਸਾਰਿਆਂ ਦੀ ਮੈਂ ਸਵੱਛਤਾ ਸੇ ਸਵਾਗਤ ਪਹਿਲਕਦਮੀ ਦੇ ਲਈ ਵੀ ਸ਼ਲਾਘਾ ਕਰਨਾ ਚਾਹੁੰਦਾ ਹਾਂ, ਨਿੱਘੀ ਸ਼ਲਾਘਾ ਕਰਦਾ ਹਾਂ। ਸਫ਼ਾਈ ਸਾਡੇ ਰੋਜ਼ਾਨਾ ਜੀਵਨ ਦਾ ਅਟੁੱਟ ਹਿੱਸਾ ਹੋਣੀ ਚਾਹੀਦੀ ਹੈ। ਜਿੱਥੇ ਸਫ਼ਾਈ ਹੋਵੇਗੀ, ਉੱਥੇ ਵਿਕਾਸ ਵੀ ਉਨਾ ਹੀ ਸੁੰਦਰ ਦਿਖੇਗਾ। ਮੈਂ ਤੁਹਾਨੂੰ ਸਵੱਛਤਾ ਸੇ ਸਵਾਗਤ ਲਈ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਇਸ ਵਾਰ ਪੱਛਮਬੰਗਾ ਦਿਵਸ ਦੀ ਇਹ ਤਾਰੀਖ਼ ਹੋਰ ਵੀ ਖ਼ਾਸ ਹੈ। ਆਜ਼ਾਦੀ ਤੋਂ ਬਾਅਦ ਬੰਗਾਲ ਦੇ ਰੋਸ਼ਨ ਭਵਿੱਖ ਲਈ ਜੋ ਸੁਪਨਾ ਦੇਖਿਆ ਗਿਆ ਸੀ, ਬੰਗਾਲ ਦੀਆਂ ਮਹਾਨ ਸ਼ਖ਼ਸੀਅਤਾਂ ਨੇ ਜੋ ਕਲਪਨਾ ਕੀਤੀ ਸੀ, ਅੱਜ ਇੱਕ ਤਰ੍ਹਾਂ ਨਾਲ ਪਹਿਲੀ ਵਾਰ ਅਸੀਂ ਪੱਛਮਬੰਗਾ ਦਿਵਸ ’ਤੇ ਉਨ੍ਹਾਂ ਸੁਪਨਿਆਂ ਨੂੰ ਸਚਾਈ ਵਿੱਚ ਬਦਲਦੇ ਦੇਖ ਰਹੇ ਹਾਂ। ਇਹ ਇਤਿਹਾਸਿਕ ਤਾਰੀਖ਼ ਪੱਛਮੀ ਬੰਗਾਲ ਦੇ ਵਿਕਾਸ ਦੀ ਪ੍ਰੇਰਨਾ ਬਣੇ, ਅਸੀਂ ਇੱਕ ਨਵਾਂ ਅਤੇ ਮਾਣਮੱਤਾ ਇਤਿਹਾਸ ਰਚੀਏ, ਅੱਜ ਬੀਜੇਪੀ-ਐੱਨਡੀਏ ਸਰਕਾਰ ਵਿੱਚ ਇਸਦੇ ਲਈ ਵਿਕਾਸ ਦੀ ਵੱਡੀ ਮੁਹਿੰਮ ਦੀ ਸ਼ੁਰੂਆਤ ਹੋ ਰਹੀ ਹੈ।
ਸਾਥੀਓ,
ਬੰਗਾਲ ਵਿੱਚ ਦਹਾਕਿਆਂ ਤੱਕ ਪਹਿਲਾਂ ਖੱਬੇ-ਪੱਖੀ ਅਤੇ ਫਿਰ ਟੀਐੱਮਸੀ ਨੇ ਜੋ ਟੋਏ ਬਣਾਏ, ਉਨ੍ਹਾਂ ਨੂੰ ਭਰਨ ਲਈ ਡਬਲ ਇੰਜਣ ਸਰਕਾਰ ਨੇ ਸੁਪਰ-ਫਾਸਟ ਸਪੀਡ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਬਿਜਲੀ ਦੀ ਰਫ਼ਤਾਰ ਨਾਲ ਫ਼ੈਸਲੇ ਹੋ ਰਹੇ ਹਨ, ਰੁਕੀਆਂ ਹੋਈਆਂ ਯੋਜਨਾਵਾਂ ’ਤੇ ਕੰਮ ਅੱਗੇ ਵਧਣ ਲੱਗਿਆ ਹੈ। ਇਸ ਲੜੀ ਵਿੱਚ, ਅੱਜ ਇੱਥੇ ਸੈਂਕੜੇ ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਹੋਇਆ ਹੈ ਅਤੇ ਨੀਂਹ ਪੱਥਰ ਰੱਖੇ ਗਏ ਹਨ। ਰੇਲ, ਸੜਕ, ਖੇਤੀਬਾੜੀ, ਮੱਛੀ ਪਾਲਣ, ਇਸ ਨਾਲ ਜੁੜੇ ਇਹ ਪ੍ਰਾਜੈਕਟ ਬੰਗਾਲ ਦੇ ਵਿਕਾਸ ਨੂੰ ਨਵੀਂ ਗਤੀ ਦੇਣਗੇ। ਇਨ੍ਹਾਂ ਪ੍ਰਾਜੈਕਟਾਂ ਨਾਲ ਇੱਥੋਂ ਦੀ ਪੇਂਡੂ ਅਰਥ-ਵਿਵਸਥਾ ਨੂੰ ਮਜ਼ਬੂਤੀ ਮਿਲੇਗੀ। ਮੈਂ ਬੰਗਾਲ ਦੇ ਲੋਕਾਂ ਨੂੰ ਇਨ੍ਹਾਂ ਵਿਕਾਸ ਪ੍ਰਾਜੈਕਟਾਂ ਦੀ ਵਧਾਈ ਦਿੰਦਾ ਹਾਂ। ਅੱਜ ਪੀਐੱਮ ਕਿਸਾਨ ਸਨਮਾਨ ਨਿਧੀ ਦੀ 23ਵੀਂ ਕਿਸ਼ਤ ਵੀ ਜਾਰੀ ਕੀਤੀ ਗਈ ਹੈ। ਦੇਸ਼ ਭਰ ਦੇ 9 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਲਗਭਗ 19 ਹਜ਼ਾਰ ਕਰੋੜ ਰੁਪਏ ਸਿੱਧੇ ਭੇਜੇ ਗਏ ਹਨ। ਮੈਂ ਦੇਸ਼ ਦੇ ਸਾਰੇ ਲਾਭਪਾਤਰੀਆਂ, ਮੇਰੇ ਕਿਸਾਨ ਪਰਿਵਾਰਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਗ਼ੁਲਾਮੀ ਦੇ ਦੌਰ ਵਿੱਚ ਸਾਡੇ ਬੰਗਾਲ ਨੇ ਕੀ-ਕੁਝ ਨਹੀਂ ਸਹਿਆ, ਕਿੰਨੇ ਤਿਆਗ ਦਿੱਤੇ। 1946 ਵਿੱਚ ਕੋਲਕਾਤਾ ਵਿੱਚ ਹੋਈ ਹਿੰਸਾ, ਨੋਆਖਲੀ ਦੇ ਦੰਗੇ, ਕਿੰਨੇ ਬੇਦੋਸ਼ੇ ਬੰਗਾਲੀ ਮਨੁੱਖ, ਬੰਗਾਲ ਦੇ ਲੋਕ ਉਸਦੀ ਭੇਂਟ ਚੜ੍ਹ ਗਏ।
ਭਾਈਓ-ਭੈਣੋ,
ਬੰਗਾਲ ਨੇ ਖ਼ੂਨ-ਖ਼ਰਾਬਾ ਝੱਲਿਆ, ਬੰਗਾਲ ਨੇ ਆਪਣਿਆਂ ਨੂੰ ਖੋਇਆ, ਆਪਣੀ ਮਾਤ-ਭੂਮੀ ਦੇ ਟੁਕੜੇ ਹੁੰਦੇ ਦੇਖੇ, ਪਰ ਬੰਗਾਲ ਨੇ ਆਪਣੀ ਪਛਾਣ ਅਤੇ ਸਵੈ-ਮਾਣ ਨੂੰ ਤਬਾਹ ਨਹੀਂ ਹੋਣ ਦਿੱਤਾ। ਇਸੇ ਦਾ ਨਤੀਜਾ ਸੀ, ਜਦੋਂ ਪੂਰੇ ਬੰਗਾਲ ਨੂੰ ਭਾਰਤ ਤੋਂ ਵੱਖ ਕਰਨ ਦੀ ਸਾਜ਼ਿਸ਼ ਹੋ ਰਹੀ ਸੀ, ਓਦੋਂ ਵੱਖਰਾ ਪੱਛਮੀ ਬੰਗਾਲ ਬਣਾ ਕੇ ਉਨ੍ਹਾਂ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਗਿਆ। ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਅਤੇ ਸੱਭਿਆਚਾਰ, ਇੱਥੋਂ ਦੀ ਮੂਲ ਆਸਥਾ ਅਤੇ ਰਵਾਇਤ, ਓਦੋਂ ਅਨੇਕਾਂ ਸੰਘਰਸ਼ਾਂ ਤੋਂ ਬਾਅਦ ਬਚ ਗਏ ਸੀ। ਅਤੇ ਅੱਜ ਵੀ ਉਹ ਕਦਰਾਂ-ਕੀਮਤਾਂ, ਇਸ ਧਰਤੀ ਦੇ ਸੰਸਕਾਰ, ਅੱਜ ਪੱਛਮੀ ਬੰਗਾਲ ਦੇ ਰੂਪ ਵਿੱਚ ਨਾ ਸਿਰਫ਼ ਸੁਰੱਖਿਅਤ ਹਨ, ਬਲਕਿ ਜੀਵੰਤ ਵੀ ਹਨ। ਇਸ ਲਈ, ਪੱਛਮਬੰਗਾ ਦਿਵਸ ਦੇ ਰੂਪ ਵਿੱਚ ਅਸੀਂ ਸਿਰਫ਼ ਇੱਕ ਤਾਰੀਖ਼ ਨੂੰ ਯਾਦ ਨਹੀਂ ਕਰ ਰਹੇ ਹਾਂ, ਅਸੀਂ ਪੂਰੇ ਇਤਿਹਾਸ ਨੂੰ ਯਾਦ ਕਰ ਰਹੇ ਹਾਂ। ਅਸੀਂ ਹਜ਼ਾਰਾਂ ਸਾਲ ਪੁਰਾਣੀ ਬੰਗਾਲ ਦੀ ਵਿਰਾਸਤ ਨੂੰ ਨਮਨ ਕਰ ਰਹੇ ਹਾਂ।
ਸਾਥੀਓ,
ਅੱਜ ਦੀ ਪੀੜ੍ਹੀ ਨੂੰ ਸਾਨੂੰ ਵਾਰ-ਵਾਰ ਪੱਛਮਬੰਗਾ ਦਿਵਸ ਦੀ ਅਹਿਮੀਅਤ ਦੱਸਣ ਦੀ ਜ਼ਰੂਰਤ ਹੈ। ਉਸ ਦੌਰਾਨ ਕੀ ਹੋ ਰਿਹਾ ਸੀ, ਇਹ ਨੌਜਵਾਨ ਪੀੜ੍ਹੀ ਨੂੰ ਜਾਣਨਾ ਜ਼ਰੂਰੀ ਹੈ। ਜਦੋਂ ਪੂਰੇ ਬੰਗਾਲ ਨੂੰ ਪਾਕਿਸਤਾਨ ਦਾ ਹਿੱਸਾ ਬਣਾਏ ਜਾਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸੀ, ਤਾਂ ਕਾਂਗਰਸ ਉਨ੍ਹਾਂ ਸਾਜ਼ਿਸ਼-ਘਾੜਿਆਂ ਦੇ ਸਾਹਮਣੇ ਗੋਡੇ ਟੇਕ ਚੁੱਕੀ ਸੀ। ਅਤੇ ਇਹੀ ਉਹ ਸਮਾਂ ਸੀ, ਜਦੋਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਉਸਦੇ ਖ਼ਿਲਾਫ਼ ਆਵਾਜ਼ ਚੁੱਕੀ। ਅਪ੍ਰੈਲ, 1947 ਵਿੱਚ ਉਨ੍ਹਾਂ ਨੇ ਇਤਿਹਾਸਿਕ ਮਤਾ ਪਾਸ ਕਰਵਾਇਆ। ਉਨ੍ਹਾਂ ਨੇ ਐਲਾਨ ਕੀਤਾ, ਪੂਰਾ ਬੰਗਾਲ ਪਾਕਿਸਤਾਨ ਦਾ ਹਿੱਸਾ ਨਹੀਂ ਬਣੇਗਾ। ਇਸਦੇ ਲਈ ਬੰਗਾਲੀ ਹਿੰਦੂ ਹੋਮਲੈਂਡ ਮੂਵਮੈਂਟ ਸ਼ੁਰੂ ਕੀਤੀ ਗਈ। ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਉਸਦੀ ਅਗਵਾਈ ਕਰ ਰਹੇ ਸੀ। ਪ੍ਰਸਿੱਧ ਵਿਗਿਆਨੀ ਮੇਘਨਾਦ ਸਾਹਾ, ਇਤਿਹਾਸਕਾਰ ਆਰ.ਸੀ. ਮਾਜੂਮਦਾਰ, ਇਤਿਹਾਸਕਾਰ ਜਦੁਨਾਥ ਸਰਕਾਰ, ਸੁਨੀਤੀ ਕੁਮਾਰ ਚੱਟੋਪਾਧਿਆਏ, ਬੰਗਾਲ ਦੇ ਅਜਿਹੇ ਕਿੰਨੇ ਗਿਆਨਵਾਨ ਅਤੇ ਪ੍ਰਸਿੱਧ ਲੋਕ ਇਸ ਲਹਿਰ ਦਾ ਹਿੱਸਾ ਬਣੇ। ਜੀ-ਡੀ ਬਿਰਲਾ ਜਿਹੇ ਉੱਦਮੀਆਂ ਨੇ ਇਸਨੂੰ ਅੱਗੇ ਵਧਾਇਆ। ਮਤੁਆ ਲੀਡਰ ਪੀ-ਆਰ ਠਾਕੁਰ ਨੇ ਅੱਗੇ ਆ ਕੇ ਇਸ ਲਹਿਰ ਨੂੰ ਸਮਰਥਨ ਦਿੱਤਾ। ਅਖ਼ਬਾਰਾਂ ਵਿੱਚ ਲੇਖ ਲਿਖੇ ਗਏ, ਕਿੱਸੇ-ਕਹਾਣੀਆਂ ਲਿਖੀਆਂ ਗਈਆਂ। ਵੰਦੇ ਮਾਤਰਮ ਦੀ ਭਾਵਨਾ ਇੱਕ ਵਾਰ ਫਿਰ ਜਾਗ ਪਈ। ਬੰਗਾਲ ਦੀ ਜਿਸ ਆਵਾਜ਼ ਨੂੰ ਮਜ਼੍ਹਹਬੀ ਏਜੰਡਿਆਂ ਨਾਲ ਦਬਾਇਆ ਜਾ ਰਿਹਾ ਸੀ, ਇਸ ਜਨ-ਅੰਦੋਲਨ ਨਾਲ ਉਹ ਆਵਾਜ਼ ਫਿਰ ਤੋਂ ਬੁਲੰਦ ਹੋ ਗਈ। ਇਸੇ ਦਾ ਨਤੀਜਾ ਸੀ, ਭਾਰਤ ਵਿਰੋਧੀ ਲੋਕਾਂ ਨੂੰ ਇਹ ਪਤਾ ਲੱਗ ਗਿਆ, ਪੂਰੇ ਬੰਗਾਲ ਨੂੰ ਭਾਰਤ ਨਾਲੋਂ ਤੋੜਨਾ ਅਸੰਭਵ ਹੋ ਗਿਆ। ਅਤੇ ਪੱਛਮੀ ਬੰਗਾਲ ਦੇ ਰੂਪ ਵਿੱਚ ਇਹ ਹਿੱਸਾ ਮਾਂ ਭਾਰਤੀ ਦੇ ਨਾਲ ਰਹਿ ਗਿਆ।
ਸਾਥੀਓ,
ਜਿਸ ਭਾਵਨਾ ਨਾਲ ਪੱਛਮੀ ਬੰਗਾਲ ਨੂੰ ਬਚਾਇਆ ਗਿਆ ਸੀ, ਆਜ਼ਾਦੀ ਤੋਂ ਬਾਅਦ ਉਸੇ ਭਾਵਨਾ ’ਤੇ ਇਸਨੂੰ ਅੱਗੇ ਵਧਾਉਣ ਦੀ ਜ਼ਰੂਰਤ ਸੀ, ਕਿਉਂਕਿ ਬਦਕਿਸਮਤੀ ਨਾਲ ਠੀਕ ਇਸਦੇ ਉਲਟ ਕੰਮ ਹੋਇਆ। ਪੱਛਮਬੰਗਾ ਦਿਵਸ ਅਤੇ ਇਸਦੀ ਭਾਵਨਾ ਨੂੰ ਭੁਲਾਉਣ ਦੀ ਕੋਸ਼ਿਸ਼ ਹੋਈ। ਸਿਆਸੀ ਏਜੰਡਿਆਂ ਦੇ ਕਾਰਨ ਇਤਿਹਾਸ ਦਾ ‘ਵ੍ਹਾਈਟ ਵਾਸ਼’ ਕੀਤਾ ਗਿਆ।
ਭਾਈਓ-ਭੈਣੋ,
ਵੰਡ ਦੇ ਸਮੇਂ ਜੋ ਕਾਂਗਰਸ ਬੰਗਾਲ ਨੂੰ ਲਾਵਾਰਿਸ ਛੱਡਣਾ ਚਾਹੁੰਦੀ ਸੀ, ਵੰਡ ਤੋਂ ਬਾਅਦ ਉਸਨੇ ਬਚੇ ਹੋਏ ਪੱਛਮੀ ਬੰਗਾਲ ਵਿੱਚ ਵੀ ਤੁਸ਼ਟੀਕਰਨ ਦੇ ਖੇਡ ਖੇਡਣੇ ਸ਼ੁਰੂ ਕਰ ਦਿੱਤੇ। ਪੱਛਮੀ ਬੰਗਾਲ ਦੇ ਇਸ ਇਤਿਹਾਸ ਨੂੰ ਦਬਾਇਆ ਗਿਆ। ਸ਼ਿਆਮਾ ਪ੍ਰਸਾਦ ਮੁਖਰਜੀ ਜਨ ਸੰਘ ਦੇ ਸੰਸਥਾਪਕ ਬਣੇ, ਇਸ ਲਈ ਉਨ੍ਹਾਂ ਦੇ ਯੋਗਦਾਨ ਨੂੰ ਨਕਾਰਿਆ ਗਿਆ। ਜਿਸ ਭਾਵਨਾ ਨੂੰ ਲੈ ਕੇ ਉਨ੍ਹਾਂ ਨੇ ਬੰਗਾਲ ਲਈ ਲੜਾਈ ਲੜੀ ਸੀ, ਉਸ ਵਿਚਾਰ ਨੂੰ ਵੀ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਗੁਰੂਦੇਵ ਰਬਿੰਦਰਨਾਥ ਠਾਕੁਰ, ਬੰਕਿਮਚੰਦਰ ਚਟੋਪਾਧਿਆਏ, ਸਵਾਮੀ ਵਿਵੇਕਾਨੰਦ, ਨੇਤਾਜੀ ਸੁਭਾਸ਼ਚੰਦਰ ਬੋਸ ਅਤੇ ਈਸ਼ਵਰਚੰਦਰ ਵਿਦਿਆਸਾਗਰ ਜਿਹੇ, ਜਿਸ ਧਰਤੀ ਦਾ ਅਜਿਹੀਆਂ ਮਹਾਨ ਔਲਾਦਾਂ ਨਾਲ ਰਿਸ਼ਤਾ ਰਿਹਾ ਹੋਵੇ, ਉਸ ‘ਤੇ ਵਿਦੇਸ਼ੀ ਵਿਚਾਰਧਾਰਾ ਥੋਪੀ ਗਈ। ਪਹਿਲਾਂ ਕਾਂਗਰਸ, ਫਿਰ ਖੱਬੇ-ਪੱਖੀ, ਫਿਰ ਟੀਐੱਮਸੀ, ਦਹਾਕਿਆਂ ਤੱਕ ਪੱਛਮੀ ਬੰਗਾਲ ਨੂੰ ਪਾਲਣ-ਪੋਸਣ ਅਤੇ ਮਜ਼ਬੂਤ ਕਰਨ ਦੀ ਬਜਾਏ, ਇਸ ਨੂੰ ਨਾਜਾਇਜ਼ ਪ੍ਰਵਾਸੀਆਂ ਦਾ ਅੱਡਾ ਬਣਨ ਦਿੱਤਾ ਗਿਆ। ਜੋ ਬੰਗਾਲ ਭਾਰਤ ਦੇ ਵਿਕਾਸ ਦੀ ਅਗਵਾਈ ਕਰ ਸਕਦਾ ਸੀ, ਉਹ ਅੱਗੇ ਵਧਣ ਦੀ ਬਜਾਏ ਪਛੜਦਾ ਚਲਾ ਗਿਆ।
ਸਾਥੀਓ,
ਅੱਜ ਪੱਛਮਬੰਗਾ ਦਿਵਸ ’ਤੇ ਸਾਡਾ ਫ਼ਰਜ਼ ਹੈ, ਅਸੀਂ ਸੰਕਲਪ ਲਈਏ, ਹੁਣ ਇਤਿਹਾਸ ਦੀਆਂ ਉਹ ਗ਼ਲਤੀਆਂ ਦੁਹਰਾਈਆਂ ਨਹੀਂ ਜਾਣਗੀਆਂ। ਹੁਣ ਪੱਛਮਬੰਗਾ ਦਿਵਸ ਤੋਂ ਪ੍ਰੇਰਨਾ ਲੈ ਕੇ ਨਵਾਂ ਇਤਿਹਾਸ ਰਚਿਆ ਜਾਵੇਗਾ।
ਸਾਥੀਓ,
ਦਹਾਕਿਆਂ ਦੇ ਮਾੜੇ ਸ਼ਾਸਨ ਨੇ ਪੱਛਮੀ ਬੰਗਾਲ ਨੂੰ ਮੀਲਾਂ ਪਿੱਛੇ ਪਹੁੰਚਾ ਦਿੱਤਾ ਹੈ। ਤੁਸੀਂ ਸਾਰਿਆਂ ਨੇ ਦੇਖਿਆ ਹੈ, ਪੁਰਾਣੀਆਂ ਸਰਕਾਰਾਂ ਦੇ ਸਮੇਂ ਵਿੱਚ ਕਿਵੇਂ ਹਾਲਾਤ ਹੋ ਗਏ ਸੀ? ਇੱਥੋਂ ਵੱਡੇ-ਵੱਡੇ ਉਦਯੋਗ ਚਲੇ ਗਏ, ਛੋਟੇ ਉਦਯੋਗ ਧੰਦੇ ਠੱਪ ਹੁੰਦੇ ਚਲੇ ਗਏ, ਨੌਜਵਾਨਾਂ ਦਾ ਰੁਜ਼ਗਾਰ ਖੁੱਸ ਗਿਆ, ਸਰੋਤਾਂ ‘ਤੇ ਪ੍ਰਵਾਸੀਆਂ ਦਾ ਕਬਜ਼ਾ ਹੁੰਦਾ ਚਲਾ ਗਿਆ। ਜੋ ਪੱਛਮੀ ਬੰਗਾਲ ਕਦੇ ਮੌਕਿਆਂ ਦੀ ਧਰਤੀ ਹੁੰਦੀ ਸੀ, ਉਹ ਨਿਕਾਲੇ ਦਾ ਕੇਂਦਰ ਬਣਦੀ ਚਲੀ ਗਈ। ਇਸੇ ਮਾਹੌਲ ਵਿੱਚ ਤੁਸੀਂ ਇੱਕ ਸੰਕਲਪ ਲਿਆ, ਟੀਐੱਮਸੀ ਸਰਕਾਰ ਨੂੰ ਪਲਟਣ ਦਾ, ਉਸਨੂੰ ਹਟਾਉਣ ਦਾ। ਤੁਸੀਂ ਬੀਜੇਪੀ ਨੂੰ ਆਸ਼ੀਰਵਾਦ ਦਿੱਤਾ, ਰਿਕਾਰਡ ਸੀਟਾਂ ਦੇ ਨਾਲ ਸਾਨੂੰ ਜੇਤੂ ਬਣਾਇਆ ਅਤੇ ਅੱਜ ਪੂਰਾ ਦੇਸ਼ ਦੇਖ ਰਿਹਾ ਹੈ, ਕਿਵੇਂ ਤੁਰੰਤ ਹੀ ਇਸਦਾ ਨਤੀਜਾ ਵੀ ਬੰਗਾਲ ਨੂੰ ਮਿਲਣ ਲੱਗਿਆ ਹੈ। ਜਿਸ ਹੱਕ ਤੋਂ ਤੁਹਾਨੂੰ ਸਾਲਾਂ-ਬੱਧੀ ਦੂਰ ਰੱਖਿਆ ਗਿਆ, ਅੱਜ ਉਹ ਹੱਕ ਤੁਹਾਡੇ ਦਰਵਾਜ਼ੇ ਤੱਕ ਪਹੁੰਚ ਰਿਹਾ ਹੈ। ਮੈਂ ਚੋਣਾਂ ਦੇ ਸਮੇਂ ਤੁਹਾਨੂੰ ਆਯੁਸ਼ਮਾਨ ਭਾਰਤ ਯੋਜਨਾ ਦੀ ਗਰੰਟੀ ਦਿੱਤੀ ਸੀ, ਹੁਣ ਬੰਗਾਲ ਦੇ ਹਰ ਗ਼ਰੀਬ ਨੂੰ ਆਯੁਸ਼ਮਾਨ ਭਾਰਤ ਦਾ ਲਾਭ ਮਿਲਣਾ ਤੈਅ ਹੋ ਗਿਆ ਹੈ। ਮਾਵਾਂ-ਭੈਣਾਂ ਨੂੰ ਅੰਨਪੂਰਣਾ ਯੋਜਨਾ ਦਾ ਸਿੱਧਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ। ਹਰ ਘਰ ਸਾਫ਼ ਪਾਣੀ ਪਹੁੰਚੇ, ਇਸਦੇ ਲਈ ਵੀ ਪੱਛਮੀ ਬੰਗਾਲ ਸਰਕਾਰ ਅਤੇ ਕੇਂਦਰ ਸਰਕਾਰ ਵਿਚਕਾਰ ਜਲ ਜੀਵਨ ਮਿਸ਼ਨ ਨੂੰ ਲੈ ਕੇ ਸਹਿਮਤੀ ਪੱਤਰ ਸਾਈਨ ਹੋ ਗਿਆ ਹੈ। ਅਸੀਂ ਚੋਣਾਂ ਦੇ ਸਮੇਂ ਬੰਗਾਲ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ, ਉਹ ਵਾਅਦਾ ਪੂਰਾ ਕਰਦੇ ਹੋਏ, ਨੌਕਰੀਆਂ ਵਿੱਚ ਉਮਰ ਦੀ ਹੱਦ ਵਿੱਚ ਢਿੱਲ ਦਿੱਤੀ ਗਈ ਹੈ। ਮਹਿਲਾਵਾਂ ਨੂੰ ਫ੍ਰੀ ਬੱਸ ਸਫ਼ਰ ਦਾ ਵਾਅਦਾ ਵੀ ਪੂਰਾ ਹੋ ਚੁੱਕਿਆ ਹੈ।
ਸਾਥੀਓ,
ਸਾਲਾਂ-ਬੱਧੀ ਸਿਆਸੀ ਦੁਸ਼ਮਣੀ ਵਿੱਚ ਜਿਨ੍ਹਾਂ ਯੋਜਨਾਵਾਂ ਨੂੰ ਰਸਤੇ ਵਿੱਚ ਹੀ ਰੋਕਿਆ ਗਿਆ, ਲਟਕਾਇਆ ਗਿਆ, ਅੱਜ ਉਨ੍ਹਾਂ ਸਾਰੀਆਂ ਰੁਕਾਵਟਾਂ ਨੂੰ ਤੋੜ ਕੇ ਜਨ-ਕਲਿਆਣ ਸ਼ਿਵਿਰਾਂ ਜ਼ਰੀਏ ਹਰ ਸਰਕਾਰੀ ਯੋਜਨਾ ਦਾ ਲਾਭ ਸਿੱਧੇ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਹੁਣ ਕੋਈ ਵਿਚੋਲਾ ਨਹੀਂ, ਕੋਈ ਰੁਕਾਵਟ ਨਹੀਂ, ਸਿਰਫ਼ ਤੁਹਾਡੇ ਹੱਕਾਂ ’ਤੇ ਫੋਕਸ ਹੈ, ਬੰਗਾਲ ਦੇ ਵਿਕਾਸ ’ਤੇ ਫੋਕਸ ਹੈ, ਬੰਗਾਲ ਅਤੇ ਦੇਸ਼ ਦੀ ਸੁਰੱਖਿਆ ’ਤੇ ਫੋਕਸ ਹੈ। ਤੁਸੀਂ ਦੇਖਿਆ ਹੋਵੇਗਾ, ਸਰਹੱਦ ’ਤੇ ਕੰਡਿਆਲੀ ਤਾਰ ਲਈ ਪਿਛਲੀਆਂ ਸਰਕਾਰਾਂ ਨੇ ਜ਼ਮੀਨ ਟ੍ਰਾਂਸਫਰ ਦਾ ਜੋ ਕੰਮ ਦਹਾਕਿਆਂ ਤੋਂ ਰੋਕ ਰੱਖਿਆ ਸੀ, ਨਵੀਂ ਸਰਕਾਰ ਬਣਦੇ ਹੀ ਉਹ ਕੰਮ ਵੀ ਪੂਰਾ ਕਰਨ ਦਾ ਕੰਮ ਸ਼ੁਰੂ ਹੋਇਆ ਹੈ।
ਭਾਈਓ-ਭੈਣੋ,
ਮੈਨੂੰ ਖ਼ੁਸ਼ੀ ਹੈ ਕਿ ਪੱਛਮੀ ਬੰਗਾਲ ਵਿੱਚ ਉਦਯੋਗਿਕ ਤਰੱਕੀ ਦੀ ਨੀਂਹ ਫਿਰ ਤੋਂ ਬਣਨੀ ਸ਼ੁਰੂ ਹੋ ਗਈ ਹੈ। ਇਸ ਨੀਂਹ ਦੇ ਦੋ ਅਟੁੱਟ ਅੰਗ ਹਨ - ਇਮਾਨਦਾਰ ਅਤੇ ਪਾਰਦਰਸ਼ੀ ਸ਼ਾਸਨ! ਅਤੇ ਦੂਸਰਾ - ਕਾਨੂੰਨ ਦਾ ਰਾਜ! ਪੱਛਮੀ ਬੰਗਾਲ ਹੀ ਨਹੀਂ, ਪੂਰਾ ਦੇਸ਼ ਅੱਜ ਬਦਲਾਅ ਨੂੰ ਦੇਖ ਰਿਹਾ ਹੈ। ਜਿਨ੍ਹਾਂ ਨੇ ਤੁਹਾਨੂੰ ਲੁੱਟਿਆ, ਉਹ ਖ਼ੁਦ ਆ ਕੇ ਲੁੱਟ ਦੇ ਪੈਸੇ ਵਾਪਸ ਕਰ ਰਹੇ ਹਨ। ਵੱਡੇ-ਵੱਡੇ ਲੁਟੇਰਿਆਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਸਿੰਡੀਕੇਟ ਵਾਲੇ ਜਨਤਾ ਤੋਂ ਮੁਆਫ਼ੀ ਮੰਗ ਰਹੇ ਹਨ। ਟੋਲ ਨਾਕਿਆਂ ’ਤੇ ਨਾਜਾਇਜ਼ ਵਸੂਲੀ ਕਰਨ ਵਾਲੇ ਗੁੰਡੇ ਨਾਕੇ ਛੱਡ ਕੇ ਭੱਜ ਗਏ ਹਨ। ਬੰਗਾਲ ਦੇ ਲੋਕ ਬਿਨਾਂ ਰੋਕ-ਟੋਕ ਦੇ ਆ-ਜਾ ਰਹੇ ਹਨ। ਏਖੋਨ ਕਾਟਮਾਨੀ ਸ਼ੇਸ਼, ਕਾਜ ਸ਼ੁਰੂ ਹੋਏ ਗੇਛੇ।
ਸਾਥੀਓ,
ਜੋ ਬੰਗਾਲ ਹਾਲੇ ਤੱਕ ਖ਼ਰਾਬ ਸੜਕਾਂ ਅਤੇ ਖਸਤਾ ਹਾਲਤ ਬੁਨਿਆਦੀ ਢਾਂਚੇ ਨਾਲ ਜੂਝ ਰਿਹਾ ਸੀ, ਉੱਥੇ ਹੁਣ ਸਾਲਾਂ ਤੋਂ ਲਟਕੇ-ਰੁਕੇ ਪ੍ਰਾਜੈਕਟ ਤੇਜ਼ੀ ਨਾਲ ਅੱਗੇ ਵਧਣ ਲੱਗੇ ਹਨ। ਤੁਸੀਂ ਦੇਖੋ, ਚਿੰਗਰੀਘਾਟਾ ਕ੍ਰੋਸਿੰਗ ‘ਤੇ ਕੋਲਕਾਤਾ ਮੈਟਰੋ ਦੀ ਔਰੇਂਜ ਲਾਈਨ ਦਾ ਰੁਕਿਆ ਹੋਇਆ ਕੰਮ ਵੀ ਪੂਰਾ ਹੋ ਗਿਆ ਹੈ। ਹਾਵੜਾ ਵਿੱਚ ਲਗਭਗ 100 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਡਿਵੀਜ਼ਨਲ ਰੇਲਵੇ ਹਸਪਤਾਲ ਦੀ ਨੀਂਹ ਵੀ ਰੱਖੀ ਗਈ ਹੈ। ਇੱਥੇ ਐਮਰਜੈਂਸੀ ਸੇਵਾਵਾਂ ਹੋਣਗੀਆਂ ਅਤੇ ਗੰਭੀਰ ਬਿਮਾਰੀਆਂ ਦੇ ਇਲਾਜ ਦਾ ਪ੍ਰਬੰਧ ਹੋਵੇਗਾ। ਪੂਰਬੀ ਮੇਦਿਨੀਪੁਰ ਵਿੱਚ ਹੌਰ ਅਤੇ ਰਾਧਾਮੋਹਨਪੁਰ ਦੇ ਵਿੱਚ ਰੋਡ ਓਵਰ ਬ੍ਰਿਜ, ਸੰਕਰੈਲ-ਸੰਤਰਾਗਾਛੀ ਲਿੰਕ ਲਾਈਨ, ਅਜਿਹੇ ਪ੍ਰਾਜੈਕਟਾਂ ਨਾਲ ਇੱਥੋਂ ਦੇ ਲੋਕਾਂ ਨੂੰ ਸਹੂਲਤ ਹੋਣ ਵਾਲੀ ਹੈ।
ਸਾਥੀਓ,
ਅੱਜ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਦੇਸ਼ ਭਰ ਦੇ 9 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਭੇਜੇ ਗਏ ਹਨ, ਅਤੇ ਪੱਛਮੀ ਬੰਗਾਲ ਦੇ ਕਿਸਾਨਾਂ ਲਈ ਇੱਕ ਹੋਰ ਖ਼ੁਸ਼ੀ ਦੀ ਖ਼ਬਰ ਹੈ। ਅੱਜ ਤੋਂ ਸੂਬੇ ਵਿੱਚ ਪੀਐੱਮ ਫ਼ਸਲ ਬੀਮਾ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਫ਼ਸਲ ਬੀਮਾ ਯੋਜਨਾ ਮੁਸ਼ਕਿਲ ਸਮੇਂ ਵਿੱਚ ਕਿਸਾਨ ਦੇ ਪਰਿਵਾਰ ਨੂੰ ਸਹਾਰਾ ਦੇਵੇਗੀ। ਫ਼ਸਲ ਨੂੰ ਨੁਕਸਾਨ ਹੋਣ ‘ਤੇ ਕਿਸਾਨ ’ਤੇ ਬੋਝ ਨਹੀਂ ਪਵੇਗਾ।
ਸਾਥੀਓ,
ਹੁਣ ਪੱਛਮੀ ਬੰਗਾਲ ਡਿਜੀਟਲ ਐਗਰੀਕਲਚਰ ਮਿਸ਼ਨ ਨਾਲ ਵੀ ਜੁੜ ਰਿਹਾ ਹੈ। ਐਗਰੀ-ਸਟੈਕ ਜ਼ਰੀਏ ਕਿਸਾਨ ਰਜਿਸਟਰੀ ਬਣੇਗੀ। ਪਿੰਡਾਂ ਦੇ ਨਕਸ਼ੇ ਅਤੇ ਬੀਜੀ ਗਈ ਫ਼ਸਲ ਦੀ ਜਾਣਕਾਰੀ ਡਿਜੀਟਲ ਤੌਰ ’ਤੇ ਉਪਲਬਧ ਹੋਵੇਗੀ। ਖਾਦ ਦੀ ਖ਼ਰੀਦ, ਕਿਸਾਨ ਕ੍ਰੈਡਿਟ ਕਾਰਡ, ਡੀਬੀਟੀ ਅਤੇ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦ ਜਿਹੀਆਂ ਸੇਵਾਵਾਂ ਵਿੱਚ ਇਸ ਨਾਲ ਆਸਾਨੀ ਹੋਵੇਗੀ।
ਸਾਥੀਓ,
ਖੇਤੀਬਾੜੀ ਖੇਤਰ ਵਿੱਚ ਜੋ ਸਭ ਤੋਂ ਪਛੜੇ ਜ਼ਿਲ੍ਹੇ ਹਨ, ਉਨ੍ਹਾਂ ਨੂੰ ਅੱਗੇ ਲਿਆਉਣ ਲਈ ਸਰਕਾਰ ਨੇ ਪੀਐੱਮ ਧੰਨ- ਧਾਨਯ ਕ੍ਰਿਸ਼ੀ ਯੋਜਨਾ ਸ਼ੁਰੂ ਕੀਤੀ ਹੈ। ਇਸ ਵਿੱਚ ਪੱਛਮੀ ਬੰਗਾਲ ਦੇ ਚਾਰ ਜ਼ਿਲ੍ਹੇ ਪੁਰੂਲੀਆ, ਦਾਰਜੀਲਿੰਗ, ਅਲੀਪੁਰਦੁਆਰ ਅਤੇ ਝਾੜਗ੍ਰਾਮ ਸ਼ਾਮਿਲ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਖੇਤੀ ਦੀ ਉਤਪਾਦਕਤਾ ਵਧਾਉਣ, ਸਟੋਰੇਜ ਦੀ ਸਹੂਲਤ ਬਣਾਉਣ ਅਤੇ ਕਿਸਾਨਾਂ ਲਈ ਲੋਨ ਆਸਾਨ ਕਰਨ ‘ਤੇ ਕੰਮ ਹੋਵੇਗਾ। ਬੰਗਾਲ ਵਿੱਚ ਮੱਛੀ ਪਾਲਣ ਨਾਲ ਕਿਸਾਨ, ਮਛੇਰੇ, ਵਪਾਰੀ ਸਭ ਜੁੜੇ ਹਨ। ਇਸ ਲਈ, ਦੱਖਣੀ 24 ਪਰਗਨਾਂ ਦੇ ਫ੍ਰੇਸਰਗੰਜ ਫਿਸ਼ਿੰਗ ਹਾਰਬਰ ਦੀ ਸਮਰੱਥਾ ਵਧਾਈ ਗਈ ਹੈ। ਬੀਰਭੂਮ ਵਿੱਚ ਆਧੁਨਿਕ ਮੱਛੀ ਬਜ਼ਾਰ ਬਣਾਉਣ ਦਾ ਵੀ ਕੰਮ ਹੋਇਆ ਹੈ। ਹੁਣ ਬੰਗਾਲ ਰੁਕੇਗਾ ਨਹੀਂ, ਬੰਗਾਲ ਹੁਣ ਇਤਿਹਾਸ ਰਚੇਗਾ, ਏਬਾਰ ਬਾਂਗਲਾ ਥਾਮਬੇ ਨਾ ਏਖੋਨ ਇਤਿਹਾਸ ਗੋਰਬੇ।
ਸਾਥੀਓ,
ਅੱਜ ਇਸ ਸਮਾਗਮ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੱਖਾਂ ਕਿਸਾਨ ਸਾਥੀ ਵੀ ਜੁੜੇ ਹੋਏ ਹਨ, ਉੱਥੋਂ ਦੇ ਮੁੱਖ ਮੰਤਰੀ, ਰਾਜਪਾਲ ਵੀ ਜੁੜੇ ਹੋਏ ਹਨ, ਦੇਸ਼ ਭਰ ਦੀਆਂ ਸਰਕਾਰਾਂ ਦੇ ਮੰਤਰੀ ਵੀ ਜੁੜੇ ਹੋਏ ਹਨ। ਇਸਦੇ ਨਾਲ-ਨਾਲ ਲੱਖਾਂ ਕਿਸਾਨ ਵੀ ਅੱਜ ਸਾਡੇ ਇਸ ਦਿਵਸ ਨੂੰ ਮਨਾਉਣ ਵਿੱਚ, ਉਹ ਉੱਥੇ ਵੀ ਭਾਗੀਦਾਰ ਬਣੇ ਹਨ। ਇਹ ਸਾਰੇ ਕਿਸਾਨ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਲਾਭਪਾਤਰੀ ਹਨ। ਅੱਜ ਆਪਣੇ ਇਨ੍ਹਾਂ ਸਾਰੇ ਕਿਸਾਨ ਭਾਈ-ਭੈਣਾਂ ਨੂੰ ਮੈਂ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਹਾਂ ਅਤੇ ਮੇਰੇ ਕਿਸਾਨ ਭਾਈ-ਭੈਣ ਮੇਰੀ ਗੱਲ ਨੂੰ ਥੋੜ੍ਹਾ ਗੌਰ ਨਾਲ ਸੁਣਿਓ, ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ, ਕਿਉਂਕਿ ਅਸੀਂ ਬੱਚਿਆਂ ਨੂੰ ਬਰਬਾਦ ਹੁੰਦੇ ਖੇਤ ਨਹੀਂ ਦੇਣੇ ਹਨ, ਅਸੀਂ ਆਪਣੇ ਬੱਚਿਆਂ ਨੂੰ ਉਪਜਾਊ ਖੇਤ ਦੇਣੇ ਹਨ, ਅਸੀਂ, ਸਾਡੀ ਇਸ ਧਰਤੀ ਮਾਤਾ ਨੂੰ ਬਚਾਉਣਾ ਹੈ। ਇਸ ਸਮੇਂ ਭਾਰਤ ਸਰਕਾਰ ਖੇਤ ਬਚਾਓ ਮੁਹਿੰਮ ਚਲਾ ਰਹੀ ਹੈ, ਇਸ ਦੇ ਤਹਿਤ ਮਿੱਟੀ ਦੀ ਸਿਹਤ ਬਚਾਉਣ, ਕੈਮੀਕਲ ਖਾਦ ਦੀ ਵਰਤੋਂ ਘੱਟ ਕਰਨ ਅਤੇ ਕੁਦਰਤੀ ਖੇਤੀ ਅਪਣਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਤੁਸੀਂ ਵੀ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਖੇਤ ਬਚਾਓ ਮੁਹਿੰਮ ਨਾਲ ਜੁੜੋ, ਖ਼ੁਦ ਦਾ ਖੇਤ ਬਚਾਉਣ ਦਾ ਸੰਕਲਪ ਕਰੋ। ਨੇੜੇ-ਤੇੜੇ ਦੇ ਕਿਸਾਨਾਂ ਨੂੰ ਖੇਤ ਬਚਾਉਣ ਲਈ ਪ੍ਰੇਰਿਤ ਕਰੋ ਅਤੇ ਅਸੀਂ ਸਾਰੇ ਮਿਲ ਕੇ ਸਾਡੀ ਇਸ ਧਰਤੀ ਮਾਂ ਦੀ ਰੱਖਿਆ ਕਰੀਏ, ਉਹ ਸਾਡੀ ਮਾਂ ਹੈ, ਅਸੀਂ ਕੈਮੀਕਲ ਨਾਲ ਸਾਡੀ ਮਾਂ ਨੂੰ ਮਾਰਨ ਦਾ ਪਾਪ ਨਹੀਂ ਕਰ ਸਕਦੇ ਹਾਂ। ਸਾਨੂੰ, ਸਾਡੀ ਇਸ ਧਰਤੀ ਮਾਂ ਨੂੰ ਬਚਾਉਣਾ ਹੋਵੇਗਾ।
ਸਾਥੀਓ,
ਭਾਰਤ 2047 ਤੱਕ ਵਿਕਸਿਤ ਦੇਸ਼ ਬਣਨ ਦੇ ਟੀਚੇ ’ਤੇ ਕੰਮ ਕਰ ਰਿਹਾ ਹੈ। ਵਿਕਸਿਤ ਭਾਰਤ ਦੇ ਇਸ ਸੰਕਲਪ ਦਾ ਸਭ ਤੋਂ ਵੱਡਾ ਆਧਾਰ ਹੈ – ਪੂਰਬੀ ਭਾਰਤ ਦਾ ਵਿਕਾਸ! ਇਸਦੇ ਲਈ ਅਸੀਂ ਮਿਸ਼ਨ ਪੂਰਵੋਦਯਾ ’ਤੇ ਕੰਮ ਕਰ ਰਹੇ ਹਾਂ। ਇਸ ਵਿੱਚ ਬੰਗਾਲ ਦੀ ਭੂਮਿਕਾ ਬਹੁਤ ਵੱਡੀ ਹੈ। ਬੰਗਾਲ ਦੀ ਤਰੱਕੀ ਨਾਲ ਪੂਰਬੀ ਭਾਰਤ ਦੀ ਗਤੀ ਵਧੇਗੀ।
ਭਾਈਓ-ਭੈਣੋ,
ਵਿਕਾਸ ਦੀ ਇਸ ਮੁਹਿੰਮ ਵਿੱਚ ਅਸੀਂ ਇੱਕ ਹੋਰ ਗੱਲ ਦਾ ਧਿਆਨ ਰੱਖਣਾ ਹੈ, ਵਿਕਾਸ ਦੀ ਪਹਿਲੀ ਸ਼ਰਤ ਹੈ, ਜਿਸਨੂੰ ਅਸੀਂ ਕਦੇ ਭੁੱਲਣਾ ਨਹੀਂ ਹੈ, ਅਤੇ ਉਹ ਹੈ – ਸ਼ਾਂਤੀ, ਇਕਸਾਰਤਾ ਅਤੇ ਸਮਾਜਿਕ ਸਥਿਰਤਾ! ਅਸੀਂ ਬੰਗਾਲ ਦੀ ਸਭਿਆਚਾਰਕ ਪਹਿਚਾਣ ਅਤੇ ਸਮਾਜਿਕ ਤਾਣੇ-ਬਾਣੇ ਨੂੰ ਹੋਰ ਮਜ਼ਬੂਤੀ ਦੇਣੀ ਹੈ। ਅਸੀਂ ਸਭ ਨੂੰ ਨਾਲ ਲੈ ਕੇ ਚੱਲਣਾ ਹੈ।
ਸਾਥੀਓ,
ਕੱਲ੍ਹ ਦੇਸ਼ ਅਤੇ ਦੁਨੀਆਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਵੀ ਮਨਾਇਆ ਜਾਣਾ ਹੈ। ਇਸ ਵਾਰ ਮੈਂ ਬੰਗਾਲ ਵਿੱਚ ਹੀ ਯੋਗ ਦਿਵਸ ਦਾ ਹਿੱਸਾ ਬਣੂੰਗਾ। ਸਵਾਮੀ ਵਿਵੇਕਾਨੰਦ ਅਤੇ ਮਹਾਰਸ਼ੀ ਅਰਵਿੰਦ ਜਿਹੇ ਯੋਗੀਆਂ ਦੀ ਇਹ ਧਰਤੀ, ਇੱਥੇ ਜੋ ਸੁਨੇਹਾ ਜਾਵੇਗਾ, ਉਸ ਨਾਲ ਪੂਰੀ ਦੁਨੀਆ ਦਾ ਮਾਰਗ-ਦਰਸ਼ਨ ਹੋਵੇਗਾ। ਮੈਂ ਚਾਹੂੰਗਾ, ਇਸ ਵਾਰ ਬੰਗਾਲ ਅਤੇ ਕੋਨੇ-ਕੋਨੇ ਵਿੱਚ ਯੋਗ ਦਿਵਸ ਦੇ ਆਯੋਜਨ ਹੋਣ। ਤੁਸੀਂ ਸਾਰੇ ਯੋਗ ਕਰੋ, ਯੋਗ ਦਿਵਸ ਦਾ ਹਿੱਸਾ ਬਣੋ, ਇਸੇ ਬੇਨਤੀ ਦੇ ਨਾਲ ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਵਿਕਾਸ ਪ੍ਰਾਜੈਕਟਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅੱਜ ਜਦੋਂ ਅਸੀਂ ਉਤਸ਼ਾਹ ਅਤੇ ਉਮੰਗ ਦੇ ਨਾਲ ਪੱਛਮੀ ਬੰਗਾਲ ਦਿਵਸ ਮਨਾ ਰਹੇ ਹਾਂ, ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਆਪਣਾ ਮੋਬਾਈਲ ਫੋਨ ਕੱਢੋ, ਆਪਣੇ ਮੋਬਾਈਲ ਫੋਨ ਦੀ ਫਲੈਸ਼ ਲਾਈਟ ਚਾਲੂ ਕਰੋ ਅਤੇ ਅਸੀਂ ਸਾਰੇ ਮਿਲ ਕੇ ਅੱਜ ਇਹ ਬੰਗਾ ਦਿਵਸ ਮਨਾਈਏ, ਸਭ ਦੇ ਮੋਬਾਈਲ ਫੋਨ ਦੀ ਲਾਈਟ ਚਾਲੂ ਹੋਵੇ, ਮੇਰੇ ਨਾਲ ਬੋਲੋ - ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ।
ਵੰਦੇ ਮਾਤਰਮ। ਵੰਦੇ ਮਾਤਰਮ। ਵੰਦੇ ਮਾਤਰਮ।
ਵੰਦੇ ਮਾਤਰਮ। ਵੰਦੇ ਮਾਤਰਮ। ਵੰਦੇ ਮਾਤਰਮ।
ਵੰਦੇ ਮਾਤਰਮ।
ਬਹੁਤ-ਬਹੁਤ ਧੰਨਵਾਦ।
*****
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
(रिलीज़ आईडी: 2276619)
आगंतुक पटल : 3