ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪੈਰਿਸ ਵਿੱਚ ਭਾਰਤੀ ਭਾਈਚਾਰੇ ਦੇ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦਾ ਸੰਬੋਧਨ


प्रविष्टि तिथि: 18 JUN 2026 11:47PM by PIB Chandigarh

ਨਮਸਤੇ!

ਬੋਂ ਜੂ!

ਐਵੇਂ ਲੱਗ ਰਿਹਾ ਹੈ, ਤੁਸੀਂ ਸਾਰੇ ਛੁੱਟੀ ਦੇ ਮੂਡ ਵਿੱਚ ਹੋ।

ਸਾਥੀਓ,

ਇਹ ਪੈਰਿਸ ਸ਼ਹਿਰ, ਲਾਈਟਾਂ ਦਾ ਸ਼ਹਿਰ ਹੈ, ਰੰਗਾ ਦਾ ਸ਼ਹਿਰ ਹੈ, ਇੱਥੇ ਕਲਾ ਹੈ, ਵਿਚਾਰ ਹਨ, ਅਤੇ ਇਨੋਵੇਸ਼ਨ ਦੀ ਪ੍ਰੇਰਨਾ ਵੀ ਹੈ। ਇਸ ਸ਼ਹਿਰ ਨੂੰ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਤੁਸੀਂ ਸਾਰੇ ਲੋਕ ਹੋਰ ਵੀ ਖ਼ੂਬਸੂਰਤ ਬਣਾ ਦਿੰਦੇ ਹੋ। ਨਵੇਂ-ਨਵੇਂ ਰੰਗਾਂ ਨਾਲ ਭਰ ਦਿੰਦੇ ਹੋ।

ਕੋਈ ਤਾਮਿਲ ਹੈ, ਕੋਈ ਪੰਜਾਬੀ ਹੈ, ਕੋਈ ਗੁਜਰਾਤੀ ਹੈ, ਤਾਂ ਕੋਈ ਮਰਾਠੀ ਹੈ ਅਤੇ ਕੋਈ ਬੰਗਾਲੀ ਹੈ। ਭਾਰਤ ਦੇ ਹਰ ਕੋਨੇ ਦੀ ਨੁਮਾਇੰਦਗੀ ਇੱਥੇ ਦਿਖਾਈ ਦਿੰਦੀ ਹੈ।

ਸਾਥੀਓ,

ਮੈਂ ਜਦੋਂ 14 ਜੂਨ ਨੂੰ ਨੀਸ ਪਹੁੰਚਿਆ ਸੀ ਤਾਂ ਸਭ ਤੋਂ ਪਹਿਲਾਂ ਭਾਰਤ ਇਨੋਵੇਟਸ ਸਮਾਗਮ ਵਿੱਚ ਸ਼ਾਮਿਲ ਹੋਇਆ ਸੀ। ਅੱਜ ਜਦੋਂ ਮੈਂ ਫ਼ਰਾਂਸ ਤੋਂ ਵਾਪਸੀ ਦੀ ਤਿਆਰੀ ਵਿੱਚ ਹਾਂ ਤਾਂ ਲੱਗ ਰਿਹਾ ਹੈ ਜਿਵੇਂ ਭਾਰਤ ਕਨੈਕਟਸ ਸਮਾਗਮ ਵਿੱਚ ਆ ਗਿਆ ਹਾਂ।

ਫ਼ਰਾਂਸ ਵਿੱਚ ਰਹਿਣ ਵਾਲੇ ਤੁਸੀਂ ਲੋਕਾਂ ਨੇ 21ਵੀਂ ਸਦੀ ਦੇ ਭਾਰਤ-ਫ਼ਰਾਂਸ ਰਿਸ਼ਤਿਆਂ ਨੂੰ ਜਿਸ ਤਰ੍ਹਾਂ ਕਨੈਕਟ ਕੀਤਾ ਹੈ, ਉਹ ਸਾਡੀ ਰਣਨੀਤੀਕ ਸਾਂਝੇਦਾਰੀ ਦੀ ਬਹੁਤ ਵੱਡੀ ਤਾਕਤ ਬਣ ਰਿਹਾ ਹੈ। ਮੈਂ ਤੁਹਾਡੇ ਸਾਰਿਆਂ ਲਈ ਭਾਰਤ ਤੋਂ 140 ਕਰੋੜ ਦੇਸ਼-ਵਾਸੀਆਂ ਦੀਆਂ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ। ਇਸ ਆਤਮਿਕ ਸਵਾਗਤ ਲਈ, ਮੈਂ ਤੁਹਾਡੇ ਸਾਰਿਆਂ ਦਾ ਦਿਲ ਤੋਂ ਧੰਨਵਾਦ ਪ੍ਰਗਟ ਕਰਦਾ ਹਾਂ।

ਸਾਥੀਓ,

ਅੱਜ ਮੈਂ ਅਜਿਹੇ ਸਮੇਂ ਵਿੱਚ ਫ਼ਰਾਂਸ ਆਇਆ ਹਾਂ ਜਦੋਂ ਕੁਝ ਹੀ ਦਿਨ ਪਹਿਲਾਂ ਸਾਡੀ ਸਰਕਾਰ ਦੇ 12 ਸਾਲ ਪੂਰੇ ਹੋਏ ਹਨ। ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਲਗਾਤਾਰ 12 ਸਾਲ ਤੱਕ ਦੇਸ਼ ਦੀ ਸੇਵਾ ਕਰਨਾ ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਖ਼ੁਸ਼ਕਿਸਮਤੀ ਰਹੀ ਹੈ। ਇਹ ਭਾਰਤ ਦੇ ਲੋਕਤੰਤਰ ਦੀ ਤਾਕਤ ਹੈ, ਜਿਸਨੇ ਇੱਕ ਚਾਹ ਵਾਲੇ ਨੂੰ ਇੱਥੇ ਤੱਕ ਪਹੁੰਚਾ ਦਿੱਤਾ।

ਸਾਥੀਓ,

ਬੀਤੇ 12 ਸਾਲ, 140 ਕਰੋੜ ਭਾਰਤੀਆਂ ਦੇ ਅਨੋਖੀ ਸਮਰੱਥਾ ਦੇ ਰਹੇ ਹਨ। 12 ਸਾਲ ਦੇ ਇਸ ਕਾਲਖੰਡ ਵਿੱਚ ਭਾਰਤ ਦੀ ਜੀਡੀਪੀ ਦੁੱਗਣੀ ਹੋਈ ਹੈ। ਹਵਾਈ ਅੱਡਿਆਂ ਦੀ ਗਿਣਤੀ ਦੁੱਗਣੀ ਹੋਈ ਹੈ। ਯੂਨੀਵਰਸਿਟੀਆਂ ਦੀ ਗਿਣਤੀ ਵੀ ਦੁੱਗਣੀ ਹੋ ਗਈ ਹੈ। ਰਾਜਮਾਰਗਾਂ ਦੀ ਉਸਾਰੀ ਦੀ ਸਪੀਡ ਤਿੰਨ ਗੁਣਾ ਵਧ ਗਈ। ਅਤੇ ਮੈਟਰੋ ਨੈੱਟਵਰਕ ਚਾਰ ਗੁਣਾ ਵੱਡਾ ਹੋ ਗਿਆ ਹੈ।

ਮੈਂ ਤੁਹਾਨੂੰ ਕੁਝ ਹੋਰ ਤੱਥ ਦੇਵਾਂਗਾ, ਉਸ ਨਾਲ ਤੁਸੀਂ ਖ਼ੁਦ ਅੰਦਾਜ਼ਾ ਲਗਾ ਸਕੋਗੇ ਕਿ ਭਾਰਤ ਕਿਸ ਸਪੀਡ ਅਤੇ ਕਿੰਨੇ ਵੱਡੇ ਪੱਧਰ ‘ਤੇ ਕੰਮ ਕਰ ਰਿਹਾ ਹੈ। ਪਿਛਲੇ 12 ਸਾਲਾਂ ਵਿੱਚ ਭਾਰਤ ਦਾ ਰੱਖਿਆ ਨਿਰਯਾਤ 35 ਗੁਣਾ ਵਧ ਗਿਆ ਹੈ।

ਅਤੇ ਇੱਕ ਤੱਥ ਸੁਣੋ ਭਾਰਤ ਵਿੱਚ ਮੋਬਾਇਲ ਮੈਨੁਫੈਕਚਰਿੰਗ ਇਕਾਈਆਂ ਵਿੱਚ, 100 ਗੁਣਾ ਦਾ ਵਾਧਾ ਹੋਇਆ ਹੈ। 100 ਗੁਣਾ। ਭਾਰਤ ਹੁਣ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਮੋਬਾਈਲ ਫੋਨ ਮੈਨੁਫੈਕਚਰਰ ਹੈ। ਇਸ ਗਤੀ, ਇਸ ਰਫ਼ਤਾਰ ਦਾ ਨਤੀਜਾ ਹੈ ਕਿ ਅੱਜ ਭਾਰਤ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਹੈ।

ਸਾਥੀਓ,

ਅੱਜ ਭਾਰਤ ਦੀ ਕਹਾਣੀ ਸਿਰਫ਼ ਆਰਥਿਕ ਤਰੱਕੀ ਦੀ ਕਹਾਣੀ ਨਹੀਂ ਹੈ। ਸਿਰਫ਼ ਇੱਥੇ ਹੀ ਰੁਕ ਨਹੀਂ ਜਾਂਦੀ ਹੈ। ਇਹ ਸਮਾਜਿਕ ਤਬਦੀਲੀ ਦੀ ਵੀ ਕਹਾਣੀ ਹੈ।

ਪਿਛਲੇ 12 ਸਾਲਾਂ ਵਿੱਚ ਦੇਸ਼ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਯਾਨੀ ਇੱਕ ਅਜਿਹੀ ਤਰੱਕੀ ਜਿਸਦਾ ਲਾਭ ਸਮਾਜ ਦੇ ਆਖਰੀ ਵਿਅਕਤੀ ਤੱਕ ਪਹੁੰਚ ਰਿਹਾ ਹੈ। ਫ਼ਰਾਂਸ ਵਿੱਚ ਜਿੰਨੇ ਘਰ ਹਨ, ਉਸ ਤੋਂ ਵੀ ਜ਼ਿਆਦਾ ਪੱਕੇ ਘਰ ਬੀਤੇ 12 ਸਾਲਾਂ ਵਿੱਚ ਅਸੀਂ ਲੋੜਵੰਦਾਂ ਲਈ ਬਣਾਏ ਹਨ।

ਹੁਣ ਹਰ ਪਰਿਵਾਰ ਕੋਲ, ਗ਼ਰੀਬ ਤੋਂ ਗ਼ਰੀਬ ਕਿਉਂ ਨਾ ਹੋਵੇ, ਬੈਂਕ ਖਾਤਾ ਹੈ। ਵਿੱਤੀ ਸਮਾਵੇਸ਼ ਇੱਕ ਸਰਕਾਰੀ ਪ੍ਰੋਗਰਾਮ ਨਹੀਂ, ਬਲਕਿ ਸਮਾਜਿਕ ਪਰਿਵਰਤਨ ਦੀ ਮੁਹਿੰਮ ਬਣਿਆ ਹੈ।

ਸਾਥੀਓ,

ਇਨ੍ਹਾਂ 12 ਸਾਲਾਂ ਦੀਆਂ ਉਪਲਬਧੀਆਂ ਵਿੱਚ, ਇੱਕ ਉਪਲਬਧੀ ਅਜਿਹੀ ਵੀ ਹੈ, ਜਿਸ ਨੂੰ ਕਿਸੇ ਅੰਕੜੇ ਨਾਲ ਜਾਂ ਅੰਕਾਂ ਨਾਲ ਨਹੀਂ ਮਾਪਿਆ ਜਾ ਸਕਦਾ। ਉਹ ਹੈ 140 ਕਰੋੜ ਭਾਰਤੀਆਂ ਦਾ ਆਤਮ ਵਿਸ਼ਵਾਸ।

ਅੱਜ ਦਾ ਭਾਰਤ ਅਤੇ ਅੱਜ ਦੇ ਭਾਰਤ ਦਾ ਨੌਜਵਾਨ ਬਹੁਤ ਵੱਡੇ ਸੁਪਨੇ ਦੇਖ ਰਿਹਾ ਹੈ। ਭਾਰਤ ਦਾ ਕਿਸਾਨ ਨਵੀਆਂ ਸੰਭਾਵਨਾਵਾਂ ਦੇ ਨਾਲ ਅੱਗੇ ਵਧ ਰਿਹਾ ਹੈ। ਭਾਰਤ ਦੀਆਂ ਮਹਿਲਾਵਾਂ ਨਵੀਂ ਅਗਵਾਈ ਨਾਲ ਜਾਣੂ ਕਰਵਾ ਰਹੀਆਂ ਹਨ। ਇਸ ਲਈ ਇਹ ਸਿਰਫ਼ ਉਪਲਬਧੀਆਂ ਦੇ 12 ਸਾਲ ਨਹੀਂ ਹਨ, ਇਹ ਭਾਰਤ ਦੀ ਉਮੀਦਾਂ ਨੂੰ ਨਵੀਂਆਂ ਬੁਲੰਦੀਆਂ ਦੇਣ ਦਾ ਕਾਲਖੰਡ ਰਿਹਾ ਹੈ।

ਸਾਥੀਓ,

ਇੱਕ ਸਮਾਂ ਸੀ ਜਦੋਂ ਦੂਰ-ਦੁਰਾਡੇ ਦੇ ਪਿੰਡਾਂ ਤੱਕ ਆਧੁਨਿਕ ਸਹੂਲਤਾਂ ਪਹੁੰਚਾਉਣਾ ਵਾਕਈ ਬਹੁਤ ਮੁਸ਼ਕਿਲ ਭਰਿਆ ਸੀ। ਅੱਜ ਉਨ੍ਹਾਂ ਪਿੰਡਾਂ ਵਿੱਚ ਬਿਜਲੀ ਵੀ ਹੈ, ਇੰਟਰਨੈੱਟ ਵੀ ਹੈ, ਅਤੇ ਡਿਜੀਟਲ ਸੇਵਾਵਾਂ ਦੀ ਪੂਰੀ ਦੁਨੀਆ ਵੀ ਹੈ। ਅੱਜ ਇੱਕ ਕਲਿੱਕ ’ਤੇ, ਕਦੇ ਵੀ, ਕਿਤੇ ਵੀ ਬੈਂਕਿੰਗ ਸੇਵਾਵਾਂ ਉਪਲਬਧ ਹਨ।

ਅੱਜ ਮੋਬਾਇਲ ਫੋਨ, ਭਾਰਤ ਦੇ ਨਾਗਰਿਕਾਂ ਨੂੰ ਅਨੇਕਾਂ ਸਹੂਲਤਾਂ ਨਾਲ ਕਨੈਕਟ ਕਰ ਰਿਹਾ ਹੈ। ਸਾਡੇ ਕਿਸਾਨ, ਸਾਡੇ ਮਛੇਰੇ, ਸਾਡੇ ਡੇਅਰੀ ਫਾਰਮਰ, ਸਾਡੀਆਂ ਮਹਿਲਾਵਾਂ, ਸਾਡੇ ਵਿਦਿਆਰਥੀ, ਸਾਡੇ ਟੈਕਨੋਲੋਜੀ ਦੇ ਜ਼ਰੀਏ ਨਾਲ ਸਸ਼ਕਤ ਹੋ ਰਹੇ ਹਨ, ਅਤੇ ਆਪਣੇ ਲਈ ਨਵੇਂ ਮੌਕੇ ਬਣਾ ਰਹੇ ਹਨ।

ਸਾਥੀਓ,

ਤੁਸੀਂ 125 ਕਰੋੜ ਤੋਂ ਵੱਧ ਆਧਾਰ ਆਈਡੀ ਬਾਰੇ ਸੁਣਿਆ ਹੈ। ਪਰ ਅੱਜ ਭਾਰਤ ਸਿਰਫ਼ ਪਹਿਚਾਣ ਨੂੰ ਡਿਜੀਟਲ ਨਹੀਂ ਬਣਾ ਰਿਹਾ। ਅੱਜ ਤਕਰੀਬਨ 90 ਕਰੋੜ ਭਾਰਤੀਆਂ ਦੀ ਯੂਨੀਕ ਡਿਜੀਟਲ ਹੈਲਥ ਆਈਡੀ ਬਣਾਈ ਜਾ ਚੁੱਕੀ ਹੈ। ਜਿਸ ਨਾਲ ਮੈਡੀਕਲ ਰਿਕਾਰਡ ਸੁਰੱਖਿਅਤ ਅਤੇ ਪਹੁੰਚਯੋਗ ਬਣ ਗਏ ਹਨ। ਇਸ ਨਾਲ ਹੈਲਥਕੇਅਰ ਡਿਲੀਵਰੀ ਹੋਰ ਵਧੇਰੇ ਆਸਾਨ ਅਤੇ ਗੁਣਕਾਰੀ ਹੋ ਰਹੀ ਹੈ।

ਸਾਥੀਓ,

ਇਨ੍ਹਾਂ ਉਪਲਬਧੀਆਂ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਚੀਜ਼ਾਂ ਕੁਝ ਸਾਲ ਪਹਿਲਾਂ ਤੱਕ ਕਲਪਨਾ ਜਿਹੀਆਂ ਲਗਦੀਆਂ ਸੀ। ਕੌਣ ਸੋਚ ਸਕਦਾ ਸੀ ਕਿ ਪਿੰਡ-ਪਿੰਡ ਤੱਕ ਹਾਈ-ਸਪੀਡ ਇੰਟਰਨੈੱਟ ਪਹੁੰਚੇਗਾ? ਕੌਣ ਸੋਚ ਸਕਦਾ ਸੀ ਕਿ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਵੀ ਕਿਊਆਰ ਕੋਡ ਜ਼ਿੰਦਗੀ ਦਾ ਹਿੱਸਾ ਬਣ ਜਾਣਗੇ? ਪਿੰਡ ਵਿੱਚ ਕੋਈ ਭੈਣ, ਡ੍ਰੋਨ ਨਾਲ ਖੇਤੀ ਕਰਨ ਵਿੱਚ ਮਦਦ ਕਰੇਗੀ, ਇਹ ਵੀ ਅਸੰਭਵ ਲਗਦਾ ਸੀ।

ਪਰ ਅੱਜ ਇਹ ਸਭ, ਭਾਰਤ ਦੇ ਕਰੋੜਾਂ ਲੋਕਾਂ ਦੇ ਜੀਵਨ ਦਾ ਆਮ ਹਿੱਸਾ ਬਣਦਾ ਜਾ ਰਿਹਾ ਹੈ। ਅਤੇ ਤੁਹਾਨੂੰ ਮਾਣ ਹੋਵੇਗਾ ਸਾਥੀਓ, ਇਹੀ ਨਵੇਂ ਭਾਰਤ ਦੀ ਪਹਿਚਾਣ ਹੈ।

ਜੋ ਕਦੇ ਸੁਪਨਾ ਸੀ, ਉਹ ਅੱਜ ਸੱਚਾਈ ਹੈ। ਜੋ ਕਦੇ ਅਸੰਭਵ ਲਗਦਾ ਸੀ, ਉਹ ਅੱਜ ਸੰਭਵ ਹੋਇਆ ਹੈ, ਅਤੇ ਇਹ ਕਰਨ ਦੇ ਪਿੱਛੇ ਸਭ ਤੋਂ ਵੱਡੀ ਤਾਕਤ ਕੀ ਹੈ? ਕਿਸ ਦੀ ਵਜ੍ਹਾ ਨਾਲ ਇਹ ਸਭ ਸੰਭਵ ਹੋਇਆ ਹੈ? ਇਹ ਮੋਦੀ ਦੇ ਕਾਰਨ ਨਹੀਂ, ਉਹ ਤਾਕਤ ਹੈ - ਭਾਰਤ ਦਾ ਲੋਕਤੰਤਰ, ਭਾਰਤ ਦੀ ਡੈਮੋਕ੍ਰੇਸੀ। ਇਸ ਡੈਮੋਕ੍ਰੇਸੀ ਵਿੱਚ ਸਭ ਦਾ ਸਾਥ ਹੈ, ਸਭ ਦਾ ਵਿਕਾਸ ਹੈ।

ਸਾਥੀਓ,

ਅੱਜ ਤੋਂ 50 ਜਾਂ 100 ਸਾਲ ਬਾਅਦ ਜਦੋਂ ਭਾਰਤ ਦੇ ਇਸ ਕਾਲਖੰਡ ਦੀ ਸਮੀਖਿਆ ਹੋਵੇਗੀ, ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਵੇਗੀ ਕਿ ਇਸ ਕਾਲਖੰਡ ਨੂੰ ਭਾਰਤ ਦੀਆਂ ਉਮੀਦਾਂ ਨੇ ਡ੍ਰਾਈਵ ਕੀਤਾ। ਇਹ ਭਾਰਤ ਦੀਆਂ ਉਮੀਦਾਂ ਦਾ ਨਵਾਂ ਯੁੱਗ ਹੈ।

ਜਿੱਥੇ ਬਿਜਲੀ ਪਹੁੰਚੀ ਹੈ, ਉੱਥੇ ਲੋਕ ਸਿਰਫ਼ ਬਿਜਲੀ ਨਹੀਂ ਚਾਹੁੰਦੇ, ਉਹ ਸਮਾਰਟ ਲਿਵਿੰਗ ਚਾਹੁੰਦੇ ਹਨ। ਜਿੱਥੇ ਟ੍ਰੇਨ ਪਹੁੰਚੀ ਹੈ, ਉੱਥੇ ਲੋਕ ਹਾਈ-ਸਪੀਡ ਕਨੈਕਟੀਵਿਟੀ ਚਾਹੁੰਦੇ ਹਨ। ਜਿੱਥੇ ਹਾਈਵੇ ਬਣੇ ਹਨ, ਉੱਥੇ ਲੋਕ ਵਰਲਡ-ਕਲਾਸ ਐਕਸਪ੍ਰੈੱਸਵੇ ਚਾਹੁੰਦੇ ਹਨ। ਜਿੱਥੇ ਇੰਟਰਨੈੱਟ ਪਹੁੰਚਿਆ ਹੈ, ਉੱਥੇ ਲੋਕ ਏਆਈ ਅਤੇ ਡਿਜੀਟਲ ਇਨੋਵੇਸ਼ਨ ਵਿੱਚ ਅਗਵਾਈ ਚਾਹੁੰਦੇ ਹਨ।

ਯਾਨੀ ਅੱਜ ਭਾਰਤ ਦੇ ਲੋਕ ਆਪਣੇ ਜੀਵਨ ਨੂੰ ਵੀ ਅਗਲੇ ਪੱਧਰ ’ਤੇ ਲਿਜਾਣਾ ਚਾਹੁੰਦੇ ਹਨ, ਅਤੇ ਭਾਰਤ ਨੂੰ ਵੀ ਅਗਲੇ ਪੱਧਰ ‘ਤੇ ਲਿਜਾਣਾ ਉਨ੍ਹਾਂ ਦਾ ਮਕਸਦ ਹੈ, ਉਨ੍ਹਾਂ ਦਾ ਸੰਕਲਪ ਹੈ, ਉਨ੍ਹਾਂ ਦੇ ਸੁਪਨੇ ਹਨ।

ਅਤੇ ਸਾਥੀਓ,

ਇਹੀ ਉਮੀਦਾਂ ਅੱਜ ਭਾਰਤ ਦੀ ਵਿਕਾਸ ਯਾਤਰਾ ਦੀ ਸਭ ਤੋਂ ਵੱਡੀ ਤਾਕਤ ਹਨ। ਮੈਂ ਤੁਹਾਨੂੰ ਭਾਰਤ ਦੀ ਪੁਲਾੜ ਯਾਤਰਾ ਦਾ ਉਦਾਹਰਣ ਦੇਵਾਂਗਾ।

ਭਾਰਤ ਨੇ ਚੰਦ੍ਰਯਾਨ ਨੂੰ ਚੰਦਰਮਾ ਦੇ ਦੱਖਣੀ ਧੁਰੇ ’ਤੇ ਉਤਾਰਿਆ। ਦੁਨੀਆਂ ਨੇ ਇਸਨੂੰ ਇੱਕ ਬਹੁਤ ਵੱਡੀ ਉਪਲਬਧੀ ਮੰਨਿਆ। ਪਰ ਭਾਰਤ ਇਸਨੂੰ ਆਪਣੀ ਮੰਜ਼ਿਲ ਮੰਨ ਕੇ ਰੁਕਿਆ ਨਹੀਂ। ਅੱਜ ਦੇਸ਼ ਗਗਨਯਾਨ ਦੀ ਤਿਆਰੀ ਕਰ ਰਿਹਾ ਹੈ। ਭਾਰਤ ਪੁਲਾੜ ਵਿੱਚ ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।

ਸਾਡੇ ਪੁਲਾੜ ਸਟਾਰਟਅੱਪਸ ਗਲੋਬਲ ਪੁਲਾੜ ਅਰਥਵਿਵਸਥਾ ਵਿੱਚ ਆਪਣੀ ਜਗ੍ਹਾ ਬਣਾਉਣ ਲਈ ਪੂਰੇ ਜੋਸ਼ ਨਾਲ ਕੰਮ ਕਰ ਰਹੇ ਹਨ, ਅੱਗੇ ਵਧ ਰਹੇ ਹਨ।

ਸਾਥੀਓ,

ਗ੍ਰੀਨ ਐਨਰਜੀ ਦੇ ਖੇਤਰ ਵਿੱਚ ਵੀ ਭਾਰਤ ਦੀ ਇਹੀ ਇੱਛਾ ਦਿਖਾਈ ਦਿੰਦੀ ਹੈ। ਸੋਲਰ ਪਾਵਰ ਵਿੱਚ ਭਾਰਤ ਦੀਆਂ ਉਪਲਬਧੀਆਂ ਦੀ ਦੁਨੀਆ ਭਰ ਵਿੱਚ ਲਗਾਤਾਰ ਚਰਚਾ ਹੋ ਰਹੀ ਹੈ। ਪਰ ਭਾਰਤ ਅਗਲੀ ਛਲਾਂਗ ਦੀ ਤਿਆਰੀ ਕਰ ਰਿਹਾ ਹੈ।

ਗ੍ਰੀਨ ਹਾਈਡਰੋਜਨ ਵਿੱਚ ਵੱਡੇ ਨਿਵੇਸ਼ ਹੋ ਰਹੇ ਹਨ। ਅਡਵਾਂਸ ਨਿਊਕਲੀਅਰ ਐਨਰਜੀ ’ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਤੁਸੀਂ ਭਾਰਤ ਦੇ ਫਾਸਟ ਬਰੀਡਰ ਨਿਊਕਲੀਅਰ ਰਿਐਕਟਰ ਨਾਲ ਜੁੜੀ ਤਰੱਕੀ ਬਾਰੇ ਵੀ ਜ਼ਰੂਰ ਸੁਣਿਆ ਹੋਵੇਗਾ। ਇਹ ਭਾਰਤ ਦੇ ਨਿਊਕਲੀਅਰ ਐਨਰਜੀ ਲੈਂਡਸਕੇਪ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਕਰਨ ਦੀ ਬਹੁਤ ਵੱਡੀ ਉਪਲਬਧੀ ਸਾਡੇ ਵਿਗਿਆਨੀਆਂ ਨੇ ਕੀਤੀ ਹੈ।

ਸਾਥੀਓ,

ਅੱਜ ਦਾ ਭਾਰਤ ਭਵਿੱਖ ਦਾ ਪੂਰਾ ਈਕੋਸਿਸਟਮ ਬਣਾ ਰਿਹਾ ਹੈ। ਭਾਰਤ ਇੱਕੋ ਸਮੇਂ ਹਰ ਉਸ ਖੇਤਰ ਵਿੱਚ ਨਿਵੇਸ਼ ਕਰ ਰਿਹਾ ਹੈ, ਜੋ ਆਉਣ ਵਾਲੇ ਦਹਾਕਿਆਂ ਦੀ ਦਿਸ਼ਾ ਤੈਅ ਕਰੇਗਾ।

ਹਾਲੇ ਤੁਸੀਂ ਕੁਝ ਦਿਨ ਪਹਿਲਾਂ ਹੀ ਦੇਖਿਆ ਹੈ ਨੀਸ ਵਿੱਚ ਭਾਰਤ ਇਨੋਵੇਟਸ ਦਾ ਇੱਕ ਆਯੋਜਨ ਕੀਤਾ। ਇਹ ਇਵੈਂਟ ਭਾਰਤ ਦੀ ਡੀਪ-ਟੈੱਕ ਸਮਰੱਥਾ ਨੂੰ ਦੁਨੀਆਂ ਤੱਕ ਪਹੁੰਚਾਉਣ ਦਾ ਇੱਕ ਹੋਰ ਜ਼ਰੀਆ ਸੀ। ਇਸ ਵਿੱਚ ਭਾਰਤ ਦੇ 120 ਡੀਪ-ਟੈੱਕ ਸਟਾਰਟਅੱਪਸ ਮੌਜੂਦ ਸੀ। ਭਾਰਤ ਇਨੋਵੇਟਸ ਵਿੱਚ ਤਕਰੀਬਨ 400 ਬੀ2ਬੀ ਬੈਠਕਾਂ ਹੋਈਆਂ ਹਨ। ਕਈ ਸਟਾਰਟਅੱਪਸ ਲਈ ਇਨਵੈਸਟਮੈਂਟ ਕਮਿਟਮੈਂਟਾਂ ਅੱਗੇ ਵਧੀਆਂ, ਵਪਾਰਕ ਆਦੇਸ਼ਾਂ ਲਈ ਰਸਤੇ ਖੁੱਲ੍ਹੇ। ਫ਼ਰੈਂਚ ਅਤੇ ਯੂਰਪੀ ਯੂਨੀਵਰਸਿਟੀਆਂ ਅਤੇ ਇਨਕਿਊਬੇਟਰਾਂ ਦੇ ਨਾਲ ਇਕਰਾਰ ਵਧ ਰਹੇ ਹਨ।

ਵਿਦਿਆਰਥੀ ਅਦਾਨ-ਪ੍ਰਦਾਨ, ਸਾਂਝੀ ਖੋਜ ਅਤੇ ਇਨੋਵੇਸ਼ਨ ਸਮਰਥਨ ਦੇ ਨਵੇਂ ਰਸਤੇ ਬਣੇ। ਇਸ ਲਈ ਭਾਰਤ ਇਨੋਵੇਟਸ ਸਿਰਫ਼ ਇੱਕ ਸੰਮੇਲਨ ਨਹੀਂ ਰਿਹਾ। ਇਹ ਇਨੋਵੇਸ਼ਨ ਡਿਪਲੋਮੇਸੀ ਦਾ ਇੱਕ ਨਵਾਂ ਮਾਡਲ ਬਣਿਆ ਹੈ।

ਅਤੇ ਅੱਜ ਹੀ ਪੈਰਿਸ ਵਿੱਚ ਵੀ ਵਿਵਾਟੈੱਕ ਇਵੈਂਟ ਦੇ ਜ਼ਰੀਏ, ਇਸ ਯਾਤਰਾ ਨੂੰ ਅਸੀਂ ਹੋਰ ਅੱਗੇ ਵਧਾਇਆ। ਨੀਸ ਵਿੱਚ ਅਸੀਂ ਵਿਚਾਰਾਂ ਨੂੰ ਪੂੰਜੀ ਨਾਲ ਜੋੜਿਆ ਅਤੇ ਪੈਰਿਸ ਵਿੱਚ ਇੰਡੀਅਨ ਇਨੋਵੇਸ਼ਨ ਨੂੰ ਗਲੋਬਲ ਸਕੇਲ ਨਾਲ ਜੋੜਿਆ। ਅੱਜ ਦੁਨੀਆ ਦੇਖ ਰਹੀ ਹੈ ਭਾਰਤ ਸਿਰਫ਼ ਭਵਿੱਖ ਲਈ ਤਿਆਰ ਨਹੀਂ ਹੋ ਰਿਹਾ ਹੈ। ਭਾਰਤ ਭਵਿੱਖ ਨੂੰ ਆਕਾਰ ਦੇ ਰਿਹਾ ਹੈ।

ਸਾਥੀਓ,

ਇੱਕ ਸਮਾਂ ਸੀ, ਜਦੋਂ ਦੇਸ਼ਾਂ ਦੇ ਵਿੱਚ ਰਿਸ਼ਤੇ ਸਿਰਫ਼ ਵਪਾਰ ਨਾਲ ਤੈਅ ਹੁੰਦੇ ਸੀ। ਅੱਜ ਵਪਾਰ ਦੇ ਨਾਲ-ਨਾਲ ਭਰੋਸਾ ਵੀ ਓਨਾਂ ਹੀ ਅਹਿਮ ਹੋ ਗਿਆ ਹੈ।

ਹਰ ਦੇਸ਼ ਭਰੋਸੇਮੰਦ ਸਪਲਾਈ ਚੇਨ ਚਾਹੁੰਦਾ ਹੈ। ਹਰ ਦੇਸ਼ ਟਿਕਾਊ ਸਾਂਝੇਦਾਰੀਆਂ ਚਾਹੁੰਦਾ ਹੈ। ਹਰ ਦੇਸ਼ ਅਜਿਹੇ ਸਾਥੀਆਂ ਦੀ ਭਾਲ ਵਿੱਚ ਹੈ, ਜਿਨ੍ਹਾਂ ’ਤੇ ਲੰਬੇ ਸਮੇਂ ਤੱਕ ਭਰੋਸਾ ਕੀਤਾ ਜਾ ਸਕੇ। ਅਤੇ ਅਜਿਹੇ ਸਮੇਂ ਵਿੱਚ, ਭਾਰਤ ਦੁਨੀਆਂ ਵਿੱਚ ਇੱਕ ਭਰੋਸੇਮੰਦ ਸਾਂਝੇਦਾਰ ਵਜੋਂ ਉੱਭਰ ਰਿਹਾ ਹੈ।

ਏਵੀਆਂ ਵਿੱਚ ਜੀ7 ਬੈਠਕ ਦੇ ਦੌਰਾਨ ਮੈਂ ਭਰੋਸੇ ਅਧਾਰਿਤ ਸਾਂਝੇਦਾਰੀਆਂ ਬਣਾਉਣ ’ਤੇ ਜ਼ੋਰ ਦਿੱਤਾ। ਗਲੋਬਲ ਸਾਊਥ ਦੇ ਦੇਸ਼ਾਂ ਨਾਲ ਬਰਾਬਰ ਸਾਂਝੇਦਾਰ ਵਜੋਂ ਅੱਗੇ ਵਧਣ ਦਾ ਸੱਦਾ ਦਿੱਤਾ। ਭਾਰਤ ਦਾ ਜੀ7 ਸੰਮੇਲਨ ਵਿੱਚ ਸੰਦੇਸ਼ ਸੀ ਗਲੋਬਲ ਗਵਰਨੈਂਸ ਓਦੋਂ ਹੀ ਪ੍ਰਭਾਵਸ਼ਾਲੀ ਹੋਵੇਗੀ ਜਦੋਂ ਉਹ ਸਮਾਵੇਸ਼ੀ ਹੋਵੇਗੀ। ਗਲੋਬਲ ਗ੍ਰੋਥ ਓਦੋਂ ਹੀ ਟਿਕਾਊ ਹੋਵੇਗੀ ਜਦੋਂ ਉਹ ਸਾਂਝੀ ਹੋਵੇਗੀ। ਅਤੇ ਗਲੋਬਲ ਟੈਕਨੋਲੋਜੀ ਓਦੋਂ ਹੀ ਮਨੁੱਖਤਾ ਲਈ ਉਪਯੋਗੀ ਹੋਵੇਗੀ ਜਦੋਂ ਉਹ ਭਰੋਸੇਯੋਗ ਹੋਵੇਗੀ।

ਸਾਥੀਓ,

ਭਾਰਤ ਅਤੇ ਦੁਨੀਆਂ ਦੇ ਵਿੱਚ ਵਪਾਰਕ ਰਿਸ਼ਤਿਆਂ ਵਿੱਚ ਨਵੀਂ ਊਰਜਾ ਨਜ਼ਰ ਆ ਰਹੀ ਹੈ। ਫ਼ਰਾਂਸ ਦੇ ਨਾਲ ਭਾਰਤ ਦਾ ਟ੍ਰੇਡ ਲਗਾਤਾਰ ਵਧ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਨੇ ਦੁਨੀਆਂ ਦੇ ਅਨੇਕਾਂ ਦੇਸ਼ਾਂ ਦੇ ਨਾਲ ਫ੍ਰੀ ਟ੍ਰੇਡ ਸਮਝੌਤੇ ਕੀਤੇ ਹਨ। ਯੂਰਪੀ ਯੂਨੀਅਨ ਹੋਵੇ, ਯੂਨਾਈਟਿਡ ਕਿੰਗਡਮ ਹੋਵੇ, ਦੁਨੀਆਂ ਦੇ ਹਰ ਦੇਸ਼, ਹਰ ਖੇਤਰ ਦੇ ਨਾਲ ਭਾਰਤ ਸਮਝੌਤੇ ਕਰ ਰਿਹਾ ਹੈ।

ਅਗਲੇ ਮਹੀਨੇ ਤੋਂ ਭਾਰਤ ਅਤੇ ਯੂਕੇ ਦੇ ਵਿੱਚ ਟ੍ਰੇਡ ਸਮਝੌਤੇ ਵੀ ਲਾਗੂ ਹੋ ਜਾਣਗੇ। ਇਹ ਸਮਝੌਤਾ ਭਾਰਤ ਦੇ ਕਿਸਾਨਾਂ, ਮਜ਼ਦੂਰਾਂ ਅਤੇ ਇਨੋਵੇਟਰਾਂ ਨੂੰ ਅਨੇਕਾਂ ਨਵੇਂ ਮੌਕੇ ਪ੍ਰਦਾਨ ਕਰੇਗਾ।

ਸਾਥੀਓ,

ਅੱਜ ਦੁਨੀਆ ਅਨਿਸ਼ਚਿਤਤਾ ਅਤੇ ਗੜਬੜ ਦੇ ਦੌਰ ਤੋਂ ਗੁਜ਼ਰ ਰਹੀ ਹੈ। ਅਜਿਹੇ ਸਮੇਂ ਵਿੱਚ ਭਾਰਤ ਅਤੇ ਫ਼ਰਾਂਸ ਦੀ ਸਾਂਝੇਦਾਰੀ ਭਰੋਸਾ, ਸਥਿਰਤਾ ਅਤੇ ਸਹਿਯੋਗ ਦਾ ਇੱਕ ਮਜ਼ਬੂਤ ਥੰਮ੍ਹ ਬਣ ਰਹੀ ਹੈ।

ਇਸ ਸਾਲ ਅਸੀਂ ਭਾਰਤ ਅਤੇ ਫ਼ਰਾਂਸ ਦੇ ਸਬੰਧਾਂ ਨੂੰ ਖ਼ਾਸ ਗਲੋਬਲ ਰਣਨੀਤਿਕ ਸਾਂਝੇਦਾਰੀ ਦਾ ਦਰਜਾ ਦਿੱਤਾ ਸੀ। ਨੀਸ ਵਿੱਚ ਮੇਰੇ ਮਿੱਤਰ ਰਾਸ਼ਟਰਪਤੀ ਮੈਕਰੌਂ ਅਤੇ ਮੈਂ ਸਾਡੇ ਸਬੰਧਾਂ ਨੂੰ ਫੋਰਸ ਫਾਰ ਗਲੋਬਲ ਗੁੱਡ ਬਣਾਉਣ ’ਤੇ ਚਰਚਾ ਕੀਤੀ। ਡਿਫੈਂਸ ਤੋਂ ਲੈ ਕੇ ਪੁਲਾੜ ਅਤੇ ਨਿਊਕਲੀਅਰ ਤੱਕ ਏਆਈ ਅਤੇ ਕ੍ਰਿਟੀਕਲ ਮਿਨਰਲਸ ਤੋਂ ਲੈ ਕੇ ਹਾਈ ਸਪੀਡ ਰੇਲਵੇ ਤੱਕ, ਹਰ ਖੇਤਰ ਵਿੱਚ ਅਸੀਂ ਮਿਲ ਕੇ ਅੱਗੇ ਵਧਾਂਗੇ।

ਸਾਥੀਓ,

ਸੋਲਰ ਐਨਰਜੀ ਹੋਵੇ, ਜਾਂ ਏਆਈ ਦੇ ਖੇਤਰ ਵਿੱਚ ਸਹਿਯੋਗ ਹੋਵੇ, ਭਾਰਤ ਅਤੇ ਫ਼ਰਾਂਸ ਮਿਲ ਕੇ ਅਜਿਹੇ ਹੱਲ ਵਿਕਸਿਤ ਕਰ ਰਹੇ ਹਨ ਜੋ ਪੂਰੀ ਮਨੁੱਖਤਾ ਦੇ ਹਿੱਤ ਵਿੱਚ ਹਨ। ਪਿਛਲੇ ਸਾਲ ਪੈਰਿਸ ਵਿੱਚ ਅਤੇ ਇਸ ਸਾਲ ਦਿੱਲੀ ਵਿੱਚ ਅਸੀਂ ਏਆਈ ਸੰਮੇਲਨ ਨੂੰ ਕੋ-ਚੇਅਰ ਕੀਤਾ।

ਹੁਣ ਅਸੀਂ ਇਕੱਠੇ ਮਿਲ ਕੇ ਅਗਲੇ ਸਾਲ “ਤ੍ਰਿਸ਼ਣਾ” ਸੈਟਲਾਈਟ ਨੂੰ ਲਾਂਚ ਕਰਨ ਜਾ ਰਹੇ ਹਾਂ। ਇਹ “ਤ੍ਰਿਸ਼ਣਾ” ਸੈਟਲਾਈਟ ਜੋ ਵਿਸ਼ਵ ਵਿੱਚ ਭੋਜਨ ਅਤੇ ਪਾਣੀ ਸਕਿਊਰਿਟੀ ਯਕੀਨੀ ਬਣਾਉਣ ਵਿੱਚ ਯੋਗਦਾਨ ਦੇਵੇਗਾ।

ਅਤੇ ਸਾਥੀਓ,

ਇਹ ਸਾਰੇ ਗਵਰਮੈਂਟ ਟੂ ਗਵਰਮੈਂਟ ਪਹਿਲਕਦਮੀਆਂ ਵਿੱਚ ਤੁਹਾਡੇ ਸਾਰਿਆਂ ਦਾ ਯੋਗਦਾਨ ਬਹੁਤ ਅਹਿਮ ਹੈ। ਇਹ ਤੁਸੀਂ ਹੋ ਜੋ ਭਾਰਤ ਅਤੇ ਯੂਰਪ ਦੇ ਵਿਚਕਾਰ ਸਭ ਤੋਂ ਮਜ਼ਬੂਤ ਪੁਲ਼ ਹੋ। ਤੁਸੀਂ ਦੋਵੇਂ ਸਮਾਜਾਂ ਨੂੰ ਸਮਝਦੇ ਹੋ। ਦੋਵੇਂ ਬਜ਼ਾਰਾਂ ਨੂੰ ਸਮਝਦੇ ਹੋ। ਆਉਣ ਵਾਲੇ ਸਮੇਂ ਵਿੱਚ ਟੇਲੈਂਟ, ਟ੍ਰੇਡ, ਟੈਕਨੋਲੋਜੀ, ਟੂਰਿਜ਼ਮ ਅਤੇ ਇਨਵੈਸਟਮੈਂਟ ਦੇ ਨਵੇਂ ਮੌਕਿਆਂ ਨੂੰ ਅੱਗੇ ਵਧਾਉਣ ਵਿੱਚ ਤੁਹਾਡੀ ਭੂਮਿਕਾ ਲਗਾਤਾਰ ਵਧਣ ਵਾਲੀ ਹੈ।

ਸਾਥੀਓ,

ਭਾਰਤ ਅਤੇ ਫ਼ਰਾਂਸ ਦੇ ਰਿਸ਼ਤਿਆਂ ਨੂੰ ਸਾਂਝਾ ਇਤਿਹਾਸ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਸਾਂਝੇ ਭਰੋਸੇ ਨੇ ਅੱਗੇ ਵਧਾਇਆ ਹੈ। ਵਿਸ਼ਵ ਜੰਗਾਂ ਦੇ ਦੌਰਾਨ ਫ਼ਰਾਂਸ ਦੀ ਧਰਤੀ ’ਤੇ ਤਿਆਗ ਦੇਣ ਵਾਲੇ ਭਾਰਤੀ ਫੌਜੀਆਂ ਦੀਆਂ ਯਾਦਗਾਰਾਂ ਅੱਜ ਵੀ ਸਾਨੂੰ ਜੋੜਦੀਆਂ ਹਨ।

ਮੈਨੂੰ ਪਹਿਲਾਂ ਨਵ ਸ਼ਾਪੇਲ ਵਿੱਚ ਸ਼ਰਧਾਂਜਲੀ ਦੇਣ ਦਾ ਮੌਕਾ ਮਿਲਿਆ, ਪਿਛਲੇ ਸਾਲ ਪ੍ਰੈਜੀਡੈਂਟ ਮੈਕਰੌਂ ਦੇ ਨਾਲ ਮਾਰਸੇਯ ਦੇ ਵਾਰ ਮੈਮੋਰੀਅਲ ਜਾਣ ਦਾ ਮੌਕਾ ਵੀ ਮਿਲਿਆ। ਇਹ ਸਾਡੀ ਸਾਂਝੀ ਵਿਰਾਸਤ ਹੈ।

ਫ਼ਰਾਂਸ, ਭਾਰਤੀਆਂ ਦੇ ਯੋਗਦਾਨ ਦੀ ਕਦਰ ਵੀ ਕਰਦਾ ਹੈ ਅਤੇ ਸ਼ਲਾਘਾ ਵੀ ਕਰਦਾ ਹੈ। ਭਾਰਤੀ ਮੂਲ ਦੀ ਨੂਰ ਇਨਾਯਤ ਖਾਨ ਹੋਵੇ, ਜਿਨ੍ਹਾਂ ਨੇ ਫ਼ਰਾਂਸ ਦੀ ਰਜਿਸਟੈਂਸ ਲਈ ਆਪਣਾ ਜੀਵਨ ਤਿਆਗ ਦਿੱਤਾ, ਜਾਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕੰਮ ਕਰਨ ਵਾਲੇ ਜਨਰਲ ਜਾਂ ਫ੍ਰਾਂਸਵਾ ਅਲਾਰ ਹੋਵੇ ਇਹ ਸਾਰੇ ਭਾਰਤ ਅਤੇ ਫ਼ਰਾਂਸ ਦੀ ਸਾਂਝੀ ਵਿਰਾਸਤ ਦੇ ਪ੍ਰਤੀਕ ਹਨ।

ਭਾਰਤ ਦੇ ਪੁਡੁਚੇਰੀ ਵਿੱਚ ਵੀ ਫ਼ਰੈਂਚ ਵਿਰਾਸਤ ਦੀ ਝਲਕ ਦਿਖਾਈ ਦਿੰਦੀ ਹੈ। ਉੱਥੋਂ ਦਾ ਆਰਕੀਟੈਕਚਰ, ਉੱਥੋਂ ਦੀ ਕਲਾ-ਸੱਭਿਆਚਾਰ ਅਤੇ ਖਾਣ-ਪੀਣ ਸਾਰਿਆਂ ਵਿੱਚ ਸਾਡੇ ਸਬੰਧਾਂ ਦੀ ਮਹਿਕ ਹੈ।

ਸਾਥੀਓ,

ਇਸ ਸਮੇਂ ਫ਼ਰਾਂਸ ਸਮੇਤ ਪੂਰੀ ਦੁਨੀਆ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਦੀ ਤਿਆਰੀ ਵੀ ਚੱਲ ਰਹੀ ਹੈ। ਇਸ ਮੌਕੇ ’ਤੇ ਮੈਂ, ਫ਼ਰਾਂਸ ਵਿੱਚ ਯੋਗ ਨੂੰ ਅੱਗੇ ਵਧਾਉਣ ਵਾਲੇ ਸ਼੍ਰੀਮਾਨ ਮਹੇਸ਼ ਘਾਟ੍ਰਾਡਯਾਲ ਜੀ ਨੂੰ ਵੀ ਸਤਿਕਾਰ ਸਹਿਤ ਸ਼ਰਧਾਂਜਲੀ ਦਿੰਦਾ ਹਾਂ। ਮੈਂ ਪਦਮ ਪੁਰਸਕਾਰ ਨਾਲ ਸਨਮਾਨਿਤ, ਸ਼ਾਰਲੋਤ ਸੋਪਾਂ ਜੀ ਨੂੰ ਵੀ ਪ੍ਰਣਾਮ ਕਰਦਾ ਹਾਂ। ਜਿਨ੍ਹਾਂ ਨੇ 100 ਸਾਲ ਦੀ ਉਮਰ ਵਿੱਚ ਵੀ, ਯੋਗ ਦੇ ਜ਼ਰੀਏ ਫ਼ਰਾਂਸ ਨੂੰ ਭਾਰਤ ਦੀ ਵਿਰਾਸਤ ਨਾਲ ਜੋੜਿਆ ਹੈ। ਉਨ੍ਹਾਂ ਦਾ ਜੀਵਨ ਇਹ ਸਿੱਧ ਕਰਦਾ ਹੈ: ਯੋਗਾ ਜ਼ਿੰਦਗੀ ਵਿੱਚ ਸਾਲ ਨਹੀਂ ਜੋੜਦਾ, ਇਹ ਸਾਲਾਂ ਵਿੱਚ ਜ਼ਿੰਦਗੀ ਜੋੜਦਾ ਹੈ।

ਸਾਥੀਓ,

ਮੈਂ ਫ੍ਰੇਦ ਨੇਗ੍ਰੀ ਜੀ ਨੂੰ ਵੀ ਸਤਿਕਾਰ ਸਹਿਤ ਯਾਦ ਕਰਦਾ ਹਾਂ। ਭਾਰਤੀ ਵਿਰਾਸਤ ਨੂੰ ਸੰਭਾਲਣ ਵਿੱਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਰਿਹਾ ਹੈ।

ਸਾਥੀਓ,

ਭਾਰਤ ਅਤੇ ਫ਼ਰਾਂਸ ਨੂੰ ਕਨੈਕਟ ਕਰਨ ਵਾਲੀ ਇੱਕ ਹੋਰ ਚੀਜ਼ ਹੈ ਅਤੇ ਉਹ ਹੈ ਫੁੱਟਬਾਲ। ਇਸ ਵਕਤ ਫੁੱਟਵਾਲ ਫੀਵਰ ਪੂਰੇ ਜ਼ੋਰ ’ਤੇ ਹੈ। ਫ਼ਰਾਂਸ ਵਿੱਚ ਇਸਦੀ ਦੀਵਾਨਗੀ, ਚੱਪੇ-ਚੱਪੇ ’ਤੇ ਦਿਖਦੀ ਹੈ। ਪਰ ਭਾਰਤ ਵਿੱਚ ਵੀ ਫੁੱਟਬਾਲ ਦਾ ਕ੍ਰੇਜ ਸਿਰ-ਚੜ੍ਹ ਕੇ ਬੋਲਦਾ ਹੈ।

ਖ਼ਾਸ ਤੌਰ ’ਤੇ ਫ਼ਰਾਂਸ ਦੀ ਟੀਮ ਦੇ ਫੈਨਸ ਭਾਰਤ ਵਿੱਚ ਬਹੁਤ ਜ਼ਿਆਦਾ ਹਨ। ਫ਼ਰਾਂਸ ਨੇ ਇਸ ਵਰਲਡ ਕੱਪ ਦੀ ਸ਼ੁਰੂਆਤ ਇੱਕ ਜ਼ੋਰਦਾਰ ਜਿੱਤ ਨਾਲ ਸ਼ੁਰੂ ਕੀਤੀ ਹੈ। ਮੈਂ ਫ਼ਰਾਂਸ ਦੀ ਟੀਮ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਜਾਣ ਤੋਂ ਪਹਿਲਾਂ, ਤੁਹਾਡੇ ਸਾਰਿਆਂ ਲਈ ਕੁਝ ਹੋਰ ਚੰਗੀਆਂ ਖ਼ਬਰਾਂ ਵੀ ਲੈ ਕੇ ਆਇਆ ਹਾਂ। ਉਹ ਤੁਹਾਡੇ ਲਈ ਹਨ। ਪਿਛਲੇ ਸਾਲ, ਮਾਰਸੇਯ ਵਿੱਚ ਕਾਂਸੁਲੇਟ ਖੋਲ੍ਹਿਆ ਗਿਆ, ਇਸ ਨਾਲ ਕਾਫੀ ਵਧੇਰੇ ਸਹੂਲਤ ਮਿਲ ਰਹੀ ਹੈ। ਕੁਝ ਹਫ਼ਤੇ ਪਹਿਲਾਂ, ਇੰਡੀਅਨ ਨੈਸ਼ਨਲ ਦੇ ਲਈ ਫ਼ਰੈਂਚ ਹਵਾਈ ਅੱਡਿਆਂ ‘ਤੇ ਵੀਜ਼ਾ-ਫ੍ਰੀ ਟ੍ਰਾਂਜਿਟ ਦੀ ਵਿਵਸਥਾ ਸ਼ੁਰੂ ਹੋ ਗਈ ਹੈ।

ਵਿਦਿਆਰਥੀਆਂ ਅਤੇ ਪੇਸ਼ਾਵਰਾਂ ਦੀ ਗਤੀਸ਼ੀਲਤਾ ਵਧਾਉਣੀ ਹੋਵੇ ਜਾਂ ਵਿੱਦਿਅਕ ਯੋਗਤਾਵਾਂ ਦੀ ਆਪਸੀ ਮਾਨਤਾ ਦੀ ਗੱਲ ਹੋਵੇ ਜਾਂ ਫਿਰ ਫ਼ਰੈਂਚ ਯੂਨੀਵਰਸਿਟੀਆਂ ਦੇ ਭਾਰਤ ਵਿੱਚ ਕੈਂਪਸ ਖੋਲ੍ਹਣਾ ਹੋਵੇ, ਇਨ੍ਹਾਂ ਸਾਰਿਆਂ ’ਤੇ ਅਸੀਂ ਮਿਲ ਕੇ ਅੱਗੇ ਵਧ ਰਹੇ ਹਾਂ।

ਹੁਣ ਫ਼ਰਾਂਸ ਵਿੱਚ ਯੂਪੀਆਈ ਦੀ ਵਰਤੋਂ ਦਾ ਦਾਇਰਾ ਵੀ ਹੋਰ ਵਧਣ ਜਾ ਰਿਹਾ ਹੈ। ਯਾਨੀ ਭਾਰਤ-ਫ਼ਰਾਂਸ ਕਨੈਕਟ ਵੀ ਤੁਰੰਤ ਅਤੇ ਆਪਸੀ ਭੁਗਤਾਨ ਵੀ ਤੁਰੰਤ!

ਸਾਥੀਓ,

ਇਨ੍ਹਾਂ ਸਾਰੀਆਂ ਪਹਿਲਕਦਮੀਆਂ ਨਾਲ, ਅਸੀਂ ਭਾਰਤ ਅਤੇ ਫ਼ਰਾਂਸ ਨੂੰ ਹੋਰ ਨੇੜੇ ਲਿਆ ਰਹੇ ਹਾਂ। ਅਤੇ ਮੈਂ ਫਿਰ ਕਹਾਂਗਾ ਇਸ ਸਾਂਝੇਦਾਰੀ ਦੀ ਬੁਨਿਆਦ, ਇਸ ਰਿਸ਼ਤੇ ਦੀ ਅਸਲੀ ਤਾਕਤ ਤੁਸੀਂ ਸਾਰੇ ਹੋ। ਤੁਸੀਂ ਸਾਰੇ ਮੇਰੇ ਦੇਸ਼ਵਾਸੀ ਹੋ।

ਅੱਜ ਜਦੋਂ ਭਾਰਤ ਤੇਜ਼ੀ ਨਾਲ ਵਿਕਸਿਤ ਭਾਰਤ ਦੇ ਟੀਚੇ ਵੱਲ ਵਧ ਰਿਹਾ ਹੈ, ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਭਾਰਤ ਦੇ ਨਾਲ ਹੋਰ ਡੂੰਘਾਈ ਨਾਲ ਜੁੜਨ ਦੀ ਤਾਕੀਦ ਕਰਾਂਗਾ। ਇਸ ਨਾਲ ਭਾਰਤ ਦੀ ਵਿਕਾਸ ਯਾਤਰਾ ਨੂੰ ਨਵੀਂ ਤਾਕਤ ਮਿਲੇਗੀ ਅਤੇ ਤੁਹਾਨੂੰ ਆਪਣੀ ਪੁਰਖਿਆਂ ਦੀ ਧਰਤੀ ਦੀ ਸੇਵਾ ਕਰਨ ਦਾ ਮੌਕਾ ਵੀ ਮਿਲੇਗਾ।

ਇਨ੍ਹਾਂ ਸ਼ਬਦਾਂ ਦੇ ਨਾਲ ਤੁਹਾਡੇ ਸਾਰਿਆਂ ਦੇ ਪਿਆਰ ਤੁਹਾਡੇ ਉਤਸ਼ਾਹ ਅਤੇ ਇਸ ਆਤਮਿਕ ਸਵਾਗਤ ਲਈ ਮੈਂ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ ਪ੍ਰਗਟ ਕਰਦਾ ਹਾਂ।

ਭਾਰਤ ਮਾਤਾ ਦੀ ਜੈ!

ਬਹੁਤ-ਬਹੁਤ ਧੰਨਵਾਦ।

************

ਐੱਮਜੇਪੀਐੱਸ/ਐੱਸਐੱਸ/ਐੱਸਟੀ


(रिलीज़ आईडी: 2275206) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी , Bengali , Assamese , Gujarati , Odia