ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਪ੍ਰਮੁੱਖ ਕੋਇਲਾ ਗਲਿਆਰੇ ਦੀ ਸਮਰੱਥਾ ਵਧਾਉਣ ਲਈ 755 ਕਰੋੜ ਰੁਪਏ ਦੀ ਚੰਪਾ-ਕੋਰਬਾ ਤੀਜੇ ਰੇਲ ਲਾਈਨ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ
ਕੋਇਲੇ ਦੀ ਵਧਦੀ ਆਵਾਜਾਈ, ਵਾਧੂ ਮਾਲ ਭਾੜਾ ਆਵਾਜਾਈ ਅਤੇ ਨੈੱਟਵਰਕ ਸਮਰੱਥਾ ਨੂੰ ਵਧਾਉਣ ਲਈ ਉੱਚ-ਘਣਤਾ ਵਾਲੇ ਰੇਲ ਕੌਰੀਡੋਰ ਦਾ ਆਧੁਨਿਕੀਕਰਨ
प्रविष्टि तिथि:
16 JUN 2026 7:32PM by PIB Chandigarh
ਕੋਇਲੇ ਦੀ ਵਧਦੀ ਆਵਾਜਾਈ, ਵਾਧੂ ਮਾਲ ਢੋਆ-ਢੁਆਈ ਅਤੇ ਨੈੱਟਵਰਕ ਸਮਰੱਥਾ ਵਿੱਚ ਵਾਧੇ ਲਈ ਬਹੁਤ ਜ਼ਿਆਦਾ ਵਰਤੋਂ ਵਿੱਚ ਆਉਣ ਵਾਲੇ ਰੇਲ ਗਲਿਆਰੇ ਦਾ ਆਧੁਨਿਕੀਕਰਨ ਅਤੇ ਉਸ ਦੀ ਸਮਰੱਥਾ ਦਾ ਵਿਸਤਾਰ ਕੀਤਾ ਜਾ ਰਿਹਾ ਹੈ।
ਭਾਰਤ ਦੇ ਕੋਇਲਾ ਭਰਪੂਰ ਖੇਤਰਾਂ ਵਿੱਚ ਰੇਲਵੇ ਦੀ ਸਮਰੱਥਾ ਵਿੱਚ ਸੁਧਾਰ ਕਰਦੇ ਹੋਏ, ਭਾਰਤੀ ਰੇਲਵੇ ਨੇ ਦੱਖਣ ਪੂਰਬ ਮੱਧ ਰੇਲਵੇ (ਐੱਸਈਸੀਆਰ) ਦੀ 42 ਕਿੱਲੋਮੀਟਰ ਲੰਬੀ ਚੰਪਾ-ਕੋਰਬਾ ਤੀਜੇ ਰੇਲ ਲਾਈਨ ਪ੍ਰੋਜੈਕਟ ਨੂੰ ਲਗਭਗ 755 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਮਨਜ਼ੂਰੀ ਦਿੱਤੀ ਹੈ।
ਇਸ ਪ੍ਰੋਜੈਕਟ ਦੇ ਅਧੀਨ ਚੰਪਾ ਅਤੇ ਕੋਰਬਾ ਵਿਚਕਾਰ ਤੀਜੀ ਰੇਲਵੇ ਲਾਈਨ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਵਿੱਚ ਪਹਿਲਾਂ ਤੋਂ ਮਨਜ਼ੂਰਸ਼ੁਦਾ ਮੜਵਾਰਾਨੀ-ਸਰਗਬੁੰਦੀਆ ਖੰਡ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਰੇਲ ਗਲਿਆਰੇ ਦੀ ਪਛਾਣ ਭਾਰਤੀ ਰੇਲਵੇ ਦੇ ‘ਮਿਸ਼ਨ 3000 ਐਮਟੀ’ ਅਤੇ ‘ਉੱਚ-ਘਣਤਾ ਨੈੱਟਵਰਕ (ਐੱਚਡੀਐੱਨ) ਕੌਰੀਡੋਰ’ ਪਹਿਲ ਦੇ ਤਹਿਤ ਕੀਤੀ ਗਈ ਹੈ, ਜਿਨ੍ਹਾਂ ਦਾ ਉਦੇਸ਼ ਮਾਲ ਢੁਆਈ ਨੂੰ ਮਜ਼ਬੂਤ ਕਰਨਾ ਅਤੇ ਦੇਸ਼ ਦੀਆਂ ਵਧਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਦੇਣਾ ਹੈ।
ਕੋਰਬਾ, ਜਿਸ ਨੂੰ ਵਿਆਪਕ ਤੌਰ ’ਤੇ “ਭਾਰਤ ਦੀ ਊਰਜਾ ਰਾਜਧਾਨੀ” ਵਜੋਂ ਜਾਣਿਆ ਜਾਂਦਾ ਹੈ, ਕਈ ਥਰਮਲ ਪਾਵਰ ਪਲਾਂਟਾਂ ਦਾ ਘਰ ਹੈ ਅਤੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਕੋਲਾ ਆਵਾਜਾਈ ਕੇਂਦਰਾਂ ਵਿੱਚੋਂ ਇੱਕ ਹੈ। ਚੰਪਾ-ਕੋਰਬਾ ਰੇਲ ਖੰਡ, ਸਾਊਥ ਈਸਟਰਨ ਕੋਲਫੀਲਡਜ਼ ਲਿਮਟਿਡ (ਐੱਸਈਸੀਐੱਲ) ਅਤੇ ਮਹਾਨਦੀ ਕੋਲਫੀਲਡਜ਼ ਲਿਮਟਿਡ (ਐੱਮਸੀਐੱਲ) ਦੀਆਂ ਕੋਲਾ ਖਾਣਾਂ ਨੂੰ ਰਾਸ਼ਟਰੀ ਰੇਲ ਨੈੱਟਵਰਕ ਅਤੇ ਮੁੰਬਈ-ਹਾਵੜਾ ਉੱਚ ਘਣਤਾ ਵਾਲੇ ਗਲਿਆਰੇ ਨਾਲ ਜੋੜਨ ਵਾਲੀ ਇੱਕ ਮਹੱਤਵਪੂਰਨ ਰੇਲ ਲਿੰਕ ਵਜੋਂ ਕੰਮ ਕਰਦਾ ਹੈ।
ਮੌਜੂਦਾ ਸਮੇਂ ਵਿੱਚ ਇਸ ਰੇਲ ਖੰਡ ’ਤੇ ਰੋਜ਼ਾਨਾ ਲਗਭਗ 10 ਜੋੜੀ ਯਾਤਰੀ ਰੇਲਗੱਡੀਆਂ ਅਤੇ ਲਗਭਗ 55 ਜੋੜੀ ਮਾਲਗੱਡੀਆਂ ਚੱਲਦੀਆਂ ਹਨ। ਐੱਸਈਸੀਐੱਲ ਅਤੇ ਐੱਮਸੀਐੱਲ ਦੀ ਸੰਯੁਕਤ ਕੋਇਲਾ ਉਤਪਾਦਨ ਸਮਰੱਥਾ ਲਗਭਗ 247 ਮਿਲੀਅਨ ਟਨ ਪ੍ਰਤੀ ਸਾਲ (ਐੱਮਟੀਪੀਏ) ਹੈ, ਜਿਸ ਦਾ ਲਗਭਗ 450 ਐੱਮਟੀਪੀਏ ਤੱਕ ਵਧਣ ਦਾ ਅਨੁਮਾਨ ਹੈ। ਇਸ ਦੇ ਸਿੱਟੇ ਵਜੋਂ ਆਉਣ ਵਾਲੇ ਸਾਲਾਂ ਵਿੱਚ ਲਗਭਗ 200 ਐੱਮਟੀਪੀਏ ਵਾਧੂ ਕੋਇਲਾ ਆਵਾਜਾਈ ਵਧਣ ਦੀ ਸੰਭਾਵਨਾ ਹੈ।
ਤੀਜੇ ਰੇਲ ਲਾਈਨ ਪ੍ਰੋਜੈਕਟ ਨਾਲ ਆਵਾਜਾਈ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ, ਸੰਚਾਲਨ ਵਿੱਚ ਵਧੇਰੇ ਲਚਕਤਾ ਆਵੇਗੀ ਅਤੇ ਮਾਲਗੱਡੀਆਂ ਤੇ ਯਾਤਰੀ ਰੇਲਗੱਡੀਆਂ ਦੀ ਆਵਾਜਾਈ ਤੇਜ਼ ਅਤੇ ਸੁਚਾਰੂ ਹੋਵੇਗੀ।
ਪ੍ਰੋਜੈਕਟ ਦੇ ਪੂਰਾ ਹੋਣ ’ਤੇ, ਰੋਜ਼ਾਨਾ ਹਰੇਕ ਦਿਸ਼ਾ ਵਿੱਚ ਦੋ ਵਾਧੂ ਯਾਤਰੀ ਰੇਲਗੱਡੀਆਂ ਚੱਲਣ ਦੀ ਸਹੂਲਤ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ, ਇਹ ਪ੍ਰੋਜੈਕਟ 5.95 ਮਿਲੀਅਨ ਟਨ ਪ੍ਰਤੀ ਸਾਲ (ਐੱਮਟੀਪੀਏ ) ਵਾਧੂ ਮਾਲ ਢੁਆਈ ਵਿੱਚ ਵੀ ਸਹਿਯੋਗ ਪ੍ਰਦਾਨ ਕਰੇਗਾ। ਇਸ ਪ੍ਰੋਜੈਕਟ ਤੋਂ ਹਰ ਸਾਲ ਲਗਭਗ 85 ਕਰੋੜ ਰੁਪਏ ਦੀ ਵਾਧੂ ਸ਼ੁੱਧ ਕਮਾਈ ਹੋਣ ਦਾ ਅਨੁਮਾਨ ਹੈ, ਜਿਸ ਵਿੱਚ 82 ਕਰੋੜ ਰੁਪਏ ਮਾਲ ਭਾੜੇ ਤੋਂ ਅਤੇ 3 ਕਰੋੜ ਰੁਪਏ ਕੋਚਿੰਗ ਸੇਵਾਵਾਂ (ਯਾਤਰੀ ਸੇਵਾਵਾਂ) ਤੋਂ ਪ੍ਰਾਪਤ ਹੋਣਗੇ।
ਤੀਜੀ ਰੇਲ ਲਾਈਨ ਨਾਲ ਮਾਲਗੱਡੀਆਂ ਦੇ ਰੁਕਣ ਅਤੇ ਦੇਰੀ ਵਿੱਚ ਵੀ ਕਮੀ ਆਵੇਗੀ। ਮੌਜੂਦਾ ਸਮੇਂ ਵਿੱਚ ਮਾਲਗੱਡੀਆਂ ਨੂੰ ਹਰੇਕ ਦਿਸ਼ਾ ਵਿੱਚ ਲਗਭਗ ਪੰਜ ਮਿੰਟ ਦੀ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇਰੀ ਵਿੱਚ ਕਮੀ ਆਉਣ ਨਾਲ ਹਰ ਸਾਲ ਲਗਭਗ 1.30 ਕਰੋੜ ਰੁਪਏ ਦੀ ਸੰਚਾਲਨ ਬੱਚਤ ਹੋਣ ਦਾ ਅਨੁਮਾਨ ਹੈ।
ਚੰਪਾ-ਕੋਰਬਾ ਤੀਜਾ ਰੇਲ ਲਾਈਨ ਪ੍ਰੋਜੈਕਟ ਭਾਰਤੀ ਰੇਲਵੇ ਦੇ ਨੈੱਟਵਰਕ ਸਮਰੱਥਾ ਨੂੰ ਵਧਾਉਣ, ਮਾਲ ਢੋਆ-ਢੁਆਈ ਕੁਸ਼ਲਤਾ ਵਿੱਚ ਸੁਧਾਰ, ਯਾਤਰੀ ਸੇਵਾਵਾਂ ਵਿੱਚ ਸੁਧਾਰ ਅਤੇ ਦੇਸ਼ ਦੇ ਬੁਨਿਆਦੀ ਢਾਂਚੇ ਤੇ ਊਰਜਾ ਵਿਕਾਸ ਟੀਚਿਆਂ ਨੂੰ ਸਹਿਯੋਗ ਦੇਣ ਦੇ ਨਿਰੰਤਰ ਯਤਨਾਂ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ।
*****
ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ
(रिलीज़ आईडी: 2274650)
आगंतुक पटल : 2