ਪ੍ਰਧਾਨ ਮੰਤਰੀ ਦਫਤਰ
ਜੀ7 ਸਮਿਟ ਦੇ ਆਊਟਰੀਚ ਸੈਸ਼ਨ ਦੌਰਾਨ ‘ਰਿਵਾਈਵਿੰਗ ਏ ਬੈਲੈਂਸਡ, ਸ਼ੇਅਰਡ ਐਂਡ ਸਸਟੇਨੇਬਲ ਇਕਨੌਮਿਕ ਗ੍ਰੋਥ ਫਾਰ ਆਲ’ ਵਿਸ਼ੇ ਉੱਤੇ ਪ੍ਰਧਾਨ ਮੰਤਰੀ ਦਾ ਬਿਆਨ
प्रविष्टि तिथि:
17 JUN 2026 6:07PM by PIB Chandigarh
ਰਾਸ਼ਟਰਪਤੀ ਮੈਕਰੌਂ,
ਮਹਾਮਹਿਮ,
ਮੈਨੂੰ ਖ਼ੁਸ਼ੀ ਹੈ ਕਿ ਫ਼ਰਾਂਸ ਦੀ ਜੀ7 ਪ੍ਰਧਾਨਗੀ ਵਿੱਚ ਸਾਂਝੇ ਅਤੇ ਟਿਕਾਊ ਵਿਕਾਸ ਉੱਤੇ ਖਾਸ ਜ਼ੋਰ ਦਿੱਤਾ ਗਿਆ ਹੈ। ਅਜਿਹੇ ਸਮੇਂ ਵਿੱਚ ਜਦੋਂ ਦੁਨੀਆ ਕਈ ਬੇਯਕੀਨੀਆਂ ਵਿੱਚੋਂ ਲੰਘ ਰਹੀ ਹੈ, ਇਸ ਮੰਚ ਤੋਂ ਨਿਕਲਣ ਵਾਲਾ ਸੁਨੇਹਾ ਪੂਰੀ ਮਨੁੱਖਤਾ ਲਈ ਬਹੁਤ ਅਹਿਮੀਅਤ ਰੱਖਦਾ ਹੈ।
ਅੱਜ ਵਿਕਾਸ ਦਾ ਸਵਾਲ ਸਿਰਫ਼ ਜੀਡੀਪੀ ਜਾਂ ਵਪਾਰਕ ਅੰਕੜਿਆਂ ਦਾ ਸਵਾਲ ਨਹੀਂ ਹੈ। ਅਸਲ ਸਵਾਲ ਇਹ ਹੈ ਕਿ ਵਿਕਾਸ ਕਿਸ ਦੇ ਲਈ ਹੈ, ਕਿਸ ਦੇ ਨਾਲ ਹੈ ਅਤੇ ਕਿਸ ਦਿਸ਼ਾ ਵੱਲ ਹੈ।
ਦੋਸਤੋ,
ਭਾਰਤ ਦਾ ਤਜਰਬਾ ਦਰਸਾਉਂਦਾ ਹੈ ਕਿ ਸਾਂਝੇ ਵਿਕਾਸ ਨੂੰ ਇੱਛਾ ਤੋਂ ਹਕੀਕਤ ਵਿੱਚ ਬਦਲਿਆ ਜਾ ਸਕਦਾ ਹੈ। ਜਦੋਂ ਭਾਰਤ ਅੱਗੇ ਵਧਦਾ ਹੈ, ਤਾਂ ਮਨੁੱਖਤਾ ਦਾ ਛੇਵਾਂ ਹਿੱਸਾ ਅੱਗੇ ਵਧਦਾ ਹੈ।
ਇਸ ਲਈ ਭਾਰਤ ਦੀ ਵਿਕਾਸ ਕਹਾਣੀ ਪੂਰੀ ਮਨੁੱਖਤਾ ਲਈ ਸ਼ਮੂਲੀਅਤ, ਵੱਡੇ ਪੈਮਾਨੇ ਅਤੇ ਜਮਹੂਰੀ ਸ਼ਕਤੀਕਰਨ ਦੀ ਕਹਾਣੀ ਹੈ।
ਪਿਛਲੇ 12 ਸਾਲਾਂ ਵਿੱਚ ਭਾਰਤ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ” ਦੇ ਮੂਲ ਮੰਤਰ ਉੱਤੇ ਅੱਗੇ ਵਧਿਆ ਹੈ। ਇਹ ਸਾਡੀ ਆਲਮੀ ਸ਼ਮੂਲੀਅਤ ਦਾ ਵੀ ਮਾਰਗਦਰਸ਼ਕ ਸਿਧਾਂਤ ਹੈ।
ਭਾਰਤ ਦੀ ਜੀ20 ਪ੍ਰਧਾਨਗੀ ਦੌਰਾਨ ਅਸੀਂ ‘ਵਨ ਅਰਥ, ਵਨ ਫੈਮਿਲੀ, ਵਨ ਫਿਊਚਰ’ ਦਾ ਸੁਨੇਹਾ ਪੂਰੀ ਦੁਨੀਆ ਨੂੰ ਦਿੱਤਾ। ਇਹ ਸਿਰਫ਼ ਇੱਕ ਨਾਅਰਾ ਨਹੀਂ ਸੀ। ਇਹ ਸਾਡੀ ਸੱਭਿਅਤਾ ਦੀ ਉਸ ਭਾਵਨਾ ਦਾ ਵਿਸਥਾਰ ਸੀ, ਜੋ ਦੁਨੀਆ ਨੂੰ ਇੱਕ ਪਰਿਵਾਰ ਮੰਨਦੀ ਹੈ।
ਇਸੇ ਭਾਵਨਾ ਨਾਲ ਅਸੀਂ ‘ਇੰਡੀਆ-ਮਿਡਲ ਈਸਟ-ਯੂਰਪ ਇਕਨੌਮਿਕ ਕੌਰੀਡੋਰ’, ਭਾਵ ਆਈਮੈਕ, ਵਰਗੀ ਇਤਿਹਾਸਕ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਇਹ ਏਸ਼ੀਆ, ਮਿਡਲ ਈਸਟ ਅਤੇ ਯੂਰਪ ਨੂੰ ਜੋੜਨ ਵਾਲਾ ਰਣਨੀਤਕ ਕੌਰੀਡੋਰ ਹੈ, ਜੋ ਵਪਾਰ ਨੂੰ ਰਫ਼ਤਾਰ ਦੇਵੇਗਾ, ਸਪਲਾਈ ਚੇਨਾਂ ਨੂੰ ਮਜ਼ਬੂਤ ਬਣਾਏਗਾ, ਅਤੇ ਭਾਈਵਾਲ ਦੇਸ਼ਾਂ ਵਿੱਚ ਨਿਵੇਸ਼, ਰੁਜ਼ਗਾਰ ਅਤੇ ਇਨੋਵੇਸ਼ਨ ਦੇ ਨਵੇਂ ਮੌਕੇ ਪੈਦਾ ਕਰੇਗਾ। ਅੱਜ ਲੋੜ ਹੈ ਕਿ ਅਸੀਂ ਅਜਿਹੇ ਉਪਰਾਲਿਆਂ ਨੂੰ ਹੋਰ ਰਫ਼ਤਾਰ ਦੇਈਏ, ਜਿਨ੍ਹਾਂ ਵਿੱਚ ਸਥਾਨਕ ਮਾਲਕੀ ਹੋਵੇ, ਪਾਰਦਰਸ਼ੀ ਫਾਇਨਾਂਸਿੰਗ ਹੋਵੇ, ਅਤੇ ਲੰਮੇ ਸਮੇਂ ਦੇ ਟਿਕਾਊਪਣ ਦਾ ਸਪੱਸ਼ਟ ਵਿਜ਼ਨ ਹੋਵੇ।
ਦੋਸਤੋ,
ਪੱਛਮੀ ਏਸ਼ੀਆ ਵਿੱਚ ਪੈਦਾ ਹੋਏ ਸੰਕਟ ਕਾਰਨ ਈਂਧਨ, ਖਾਦ ਅਤੇ ਖੁਰਾਕ ਦੀਆਂ ਸਪਲਾਈ ਚੇਨਾਂ ਉੱਤੇ ਜੋ ਅਸਰ ਪਿਆ ਹੈ, ਉਸ ਦਾ ਪ੍ਰਭਾਵ ਗਲੋਬਲ ਸਾਊਥ ਉੱਤੇ ਕਾਫ਼ੀ ਸਮੇਂ ਤੱਕ ਰਹੇਗਾ। ਜੇ ਅਸੀਂ ਸੱਚਮੁੱਚ ਕੌਮਾਂਤਰੀ ਏਕਤਾ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ, ਤਾਂ ਸਭ ਤੋਂ ਕਮਜ਼ੋਰ ਦੇਸ਼ਾਂ ਨੂੰ ਇਨ੍ਹਾਂ ਸੰਕਟਾਂ ਦਾ ਬੋਝ ਇਕੱਲਿਆਂ ਨਹੀਂ ਚੁੱਕਣਾ ਚਾਹੀਦਾ।
ਸਾਡੀਆਂ ਕੌਮਾਂਤਰੀ ਵਿੱਤੀ ਸੰਸਥਾਵਾਂ ਨੂੰ ਅਜਿਹੇ ਸਪੋਰਟ ਮਕੈਨਿਜ਼ਮ ਤਿਆਰ ਕਰਨੇ ਚਾਹੀਦੇ ਹਨ, ਜੋ ਵਿਕਾਸਸ਼ੀਲ ਦੇਸ਼ਾਂ ਨੂੰ ਇਨ੍ਹਾਂ ਝਟਕਿਆਂ ਨੂੰ ਸਹਿਣ ਕਰਨ ਅਤੇ ਉਨ੍ਹਾਂ ਦੀ ਆਰਥਿਕ ਮਜ਼ਬੂਤੀ ਨੂੰ ਬਣਾਈ ਰੱਖਣ ਵਿੱਚ ਮਦਦ ਕਰਨ।
ਦੋਸਤੋ,
ਆਈਮੈਕ ਵਿਜ਼ਨ ਤੋਂ ਪ੍ਰੇਰਨਾ ਲੈਂਦਿਆਂ ਅਸੀਂ ਅਫ਼ਰੀਕਾ, ਲਾਤੀਨੀ ਅਮਰੀਕਾ ਅਤੇ ਪੈਸੇਫਿਕ ਆਈਲੈਂਡ ਦੇਸ਼ਾਂ ਨਾਲ ਕਨੈਕਟੀਵਿਟੀ ਪ੍ਰੋਜੈਕਟਾਂ ਉੱਤੇ ਕੰਮ ਕਰ ਸਕਦੇ ਹਾਂ।
ਜੀ7 ਦੀ ਪੂੰਜੀ, ਭਾਰਤ ਦੇ ਹੁਨਰ, ਅਤੇ ਗਲੋਬਲ ਸਾਊਥ ਦੇ ਦੇਸ਼ਾਂ ਦੀ ਮਾਲਕੀ ਨੂੰ ਜੋੜਦਿਆਂ ਅਸੀਂ ਇੰਟਰਨੈਸ਼ਨਲ ਮੋਬੀਲਾਈਜ਼ੇਸ਼ਨ ਪਾਰਟਨਰਸ਼ਿਪ ਫਾਰ ਐਕਸਲਰੇਟਿੰਗ ਕਨੈਕਟੀਵਿਟੀ ਐਂਡ ਟ੍ਰੇਡ, ਭਾਵ IMPACT, ਬਣਾਉਣ ਉੱਤੇ ਵਿਚਾਰ ਕਰ ਸਕਦੇ ਹਾਂ। ਇਸ ਦਾ ਮਕਸਦ ਅਜਿਹੇ ਕੌਰੀਡੋਰ ਬਣਾਉਣਾ ਹੋਣਾ ਚਾਹੀਦਾ ਹੈ, ਜੋ ਵਪਾਰ, ਤਕਨਾਲੋਜੀ, ਊਰਜਾ ਅਤੇ ਮੌਕਿਆਂ ਨੂੰ ਆਪਸ ਵਿੱਚ ਜੋੜਨ।
ਦੋਸਤੋ,
ਅੱਜ ਇੱਕ ਪਾਸੇ, ਵਿਕਸਿਤ ਦੇਸ਼ਾਂ ਵਿੱਚ ਲੋਕਾਂ ਦੀ ਵਧਦੀ ਉਮਰ ਦੀ ਚੁਣੌਤੀ ਹੈ, ਤਾਂ ਦੂਜੇ ਪਾਸੇ, ਭਾਰਤ ਅਤੇ ਗਲੋਬਲ ਸਾਊਥ ਦੇ ਹੋਰ ਦੇਸ਼ਾਂ ਵਿੱਚ ਨੌਜਵਾਨ ਹੁਨਰ, ਉੱਦਮ ਅਤੇ ਮੁਹਾਰਤ ਦੀ ਅਥਾਹ ਸਮਰੱਥਾ ਹੈ।
ਇਸ ਕੁਦਰਤੀ ਤਾਲਮੇਲ ਦਾ ਲਾਹਾ ਲੈਣ ਲਈ ਅਸੀਂ ਗਲੋਬਲ ਸਕਿਲਜ਼ ਪਾਰਟਨਰਸ਼ਿਪ ਬਣਾਉਣ ਉੱਤੇ ਵਿਚਾਰ ਕਰ ਸਕਦੇ ਹਾਂ। ਇਸ ਤਹਿਤ ਸਕਿਲ ਮੈਪਿੰਗ ਅਤੇ ਭਰੋਸੇਮੰਦ ਹੁਨਰਮੰਦ ਆਵਾਜਾਈ ਨੂੰ ਵਧਾਉਣ ਉੱਤੇ ਮਿਲ ਕੇ ਕੰਮ ਕੀਤਾ ਜਾ ਸਕਦਾ ਹੈ।
ਦੋਸਤੋ,
ਭਾਰਤ ਦਾ ਸਾਂਝੀ ਆਲਮੀ ਖ਼ੁਸ਼ਹਾਲੀ ਵਿੱਚ ਵਿਸ਼ਵਾਸ ਸਿਰਫ਼ ਸ਼ਬਦਾਂ ਤੱਕ ਸੀਮਿਤ ਨਹੀਂ ਹੈ; ਇਹ ਸਾਡੇ ਕੰਮਾਂ ਵਿੱਚ ਵੀ ਦਿਖਾਈ ਦਿੰਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਨੇ ਇਸ ਮੀਟਿੰਗ ਵਿੱਚ ਮੌਜੂਦ ਜ਼ਿਆਦਾਤਰ ਦੇਸ਼ਾਂ ਨਾਲ ਵਪਾਰਕ ਸਮਝੌਤੇ ਕੀਤੇ ਹਨ।
ਇਹ ਦਰਸਾਉਂਦਾ ਹੈ ਕਿ ਭਾਰਤ ਵੰਡ ਵਿੱਚ ਨਹੀਂ, ਸਗੋਂ ਏਕੀਕਰਨ ਵਿੱਚ; ਸੁਰੱਖਿਆਵਾਦ ਵਿੱਚ ਨਹੀਂ, ਸਗੋਂ ਭਾਈਵਾਲੀ ਵਿੱਚ; ਅਤੇ ਬੇਯਕੀਨੀ ਵਿੱਚ ਨਹੀਂ, ਸਗੋਂ ਸਾਂਝੀ ਖ਼ੁਸ਼ਹਾਲੀ ਵਿੱਚ ਵਿਸ਼ਵਾਸ ਰੱਖਦਾ ਹੈ।
ਆਉਣ ਵਾਲੇ ਸਮੇਂ ਵਿੱਚ ਵੀ ਭਾਰਤ ਤੁਹਾਡੇ ਸਾਰਿਆਂ ਨਾਲ ਮਿਲ ਕੇ ਸਾਂਝੀ ਆਰਥਿਕ ਮਜ਼ਬੂਤੀ ਨੂੰ ਹੋਰ ਪੱਕਾ ਕਰਨ ਅਤੇ ਇੱਕ ਵਧੇਰੇ ਸਥਿਰ, ਭਰੋਸੇਮੰਦ ਅਤੇ ਖ਼ੁਸ਼ਹਾਲ ਆਲਮੀ ਅਰਥ-ਵਿਵਸਥਾ ਦੀ ਸਿਰਜਣਾ ਲਈ ਕੰਮ ਕਰਦਾ ਰਹੇਗਾ।
ਧੰਨਵਾਦ।
ਡਿਸਕਲੇਮਰ - ਇਹ ਪ੍ਰਧਾਨ ਮੰਤਰੀ ਦੇ ਬਿਆਨ ਦਾ ਅਨੁਮਾਨਿਤ ਅਨੁਵਾਦ ਹੈ। ਅਸਲ ਬਿਆਨ ਹਿੰਦੀ ਵਿੱਚ ਦਿੱਤਾ ਗਿਆ ਸੀ।
***************
ਐੱਮਜੇਪੀਐੱਸ/ਐੱਸਐੱਸ/ਐੱਸਟੀ
(रिलीज़ आईडी: 2274435)
आगंतुक पटल : 4
इस विज्ञप्ति को इन भाषाओं में पढ़ें:
English
,
हिन्दी
,
Manipuri
,
Urdu
,
Bengali
,
Assamese
,
Gujarati
,
Odia
,
Telugu
,
Kannada
,
Malayalam