"ਕੀ ਏਆਈ ਰਚਨਾਤਮਕਤਾ ਦਾ ਭਵਿੱਖ ਹੈ?" — 19ਵੇਂ ਮੁੰਬਈ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ ਓਪਨ ਫੋਰਮ ਵਿਖੇ ਸਿਨੇਮਾ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜ਼ਿੰਮੇਵਾਰ ਵਰਤੋਂ 'ਤੇ ਜ਼ੋਰ
19ਵੇਂ ਐੱਮਆਈਐੱਫਐੱਫ ਦੇ ਓਪਨ ਫੋਰਮ ਚਰਚਾ ਵਿੱਚ ਮਾਹਰਾਂ ਦੇ ਵਿਚਾਰ: ਏਆਈ ਰਚਨਾਤਮਕਤਾ ਵਧਾਉਣ ਦਾ ਸਾਧਨ ਹੈ, ਉਸ ਦਾ ਵਿਕਲਪ ਨਹੀਂ
19ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ) ਦੌਰਾਨ ਇੰਡੀਅਨ ਡਾਕੂਮੈਂਟਰੀ ਪ੍ਰੋਡਿਊਸਰਜ਼ ਐਸੋਸੀਏਸ਼ਨ ਨੇ "ਕੀ AI ਰਚਨਾਤਮਕਤਾ ਦਾ ਭਵਿੱਖ ਹੈ?" ਵਿਸ਼ੇ 'ਤੇ ਇੱਕ ਓਪਨ ਫੋਰਮ ਚਰਚਾ ਦਾ ਆਯੋਜਨ ਕੀਤਾ। ਇਸ ਸੈਸ਼ਨ ਵਿੱਚ ਫਾਇਰਫਲਾਈ ਕ੍ਰਿਏਟਿਵ ਸਟੂਡੀਓ ਪ੍ਰਾਈਵੇਟ ਲਿਮਿਟੇਡ ਦੇ ਸਹਿ- ਸੰਸਥਾਪਕ ਸਨਤ ਪੀਸੀ, ਸੋਸਾਇਟੀ ਆਫ਼ ਮੋਸ਼ਨ ਪਿਕਚਰ ਐਂਡ ਟੈਲੀਵਿਜ਼ਨ ਇੰਜੀਨੀਅਰਜ਼ – ਐੱਸਐੱਮਪੀਟੀਈ ਦੇ ਚੇਅਰਮੈਨ ਉਜਵਲ ਨਿਰਗੁਡਕਰ, ਐਡਵੋਕੇਟ ਹੇਤਲ ਦੇਸਾਈ ਸੋਲੀਆ ਅਤੇ ਫਿਲਮ ਨਿਰਮਾਤਾ ਸੁਬੋਧ ਮੈਨਨ (ਨਿਰਦੇਸ਼ਕ, ਫੈਨਬੁਆਏ ਪਿਕਚਰਜ਼) ਨੇ ਫਿਲਮ ਨਿਰਮਾਣ ਅਤੇ ਕੰਟੈਂਟ ਕ੍ਰਿਏਸ਼ਨ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਮੌਕਿਆਂ, ਚੁਣੌਤੀਆਂ ਅਤੇ ਪ੍ਰਭਾਵਾਂ ਬਾਰੇ ਚਰਚਾ ਕੀਤੀ।
ਚਰਚਾ ਵਿੱਚ ਕ੍ਰਿਏਟਿਵ ਈਕੋਸਿਸਟਮ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਧਦੀ ਭੂਮਿਕਾ ‘ਤੇ ਵਿਚਾਰ ਕੀਤਾ ਗਿਆ। ਭਾਗੀਦਾਰਾਂ ਨੇ ਸਟੋਰੀਟੈਲਿੰਗ ਦੀ ਕਲਾ, ਫਿਲਮ ਨਿਰਮਾਣ ਪ੍ਰਕਿਰਿਆਵਾਂ ਅਤੇ ਫਿਲਮ ਉਦਯੋਗ ਦੇ ਭਵਿੱਖ 'ਤੇ ਇਸ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ। ਭਾਗੀਦਾਰਾਂ ਨੇ ਏਆਈ ਦੀ ਪਰਿਵਰਤਨਸ਼ੀਲ ਸਮਰਥਾ ਸਵੀਕਾਰ ਕਰਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਟੋਰੀਟੈਲਿੰਗ ਦੀ ਕਲਾ ਦੇ ਮੂਲ ਵਿੱਚ ਮਨੁੱਖੀ ਰਚਨਾਤਮਕਤਾ ਅਤੇ ਭਾਵਨਾਤਮਕ ਬੁੱਧੀ ਦੀ ਭੂਮਿਕਾ ਅੱਜ ਵੀ ਸਭ ਤੋਂ ਮਹੱਤਵਪੂਰਨ ਹੈ।

ਸਿਨੇਮਾ ਦੇ ਤਕਨੀਕੀ ਵਿਕਾਸ ਬਾਰੇ ਚਰਚਾ ਕਰਦੇ ਹੋਏ, ਉਜਵਲ ਨਿਰਗੁਡਕਰ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਫਿਲਮ ਨਿਰਮਾਣ ਦਾ ਅਗਲਾ ਕੁਦਰਤੀ ਪੜਾਅ ਦੱਸਿਆ। ਉਨ੍ਹਾਂ ਨੇ ਪੋਸਟ-ਪ੍ਰੋਡਕਸ਼ਨ ਵਿੱਚ ਇਸ ਦੀ ਵਧਦੀ ਭੂਮਿਕਾ ਨੂੰ ਉਜਾਗਰ ਕੀਤਾ, ਜਿਸ ਵਿੱਚ ਸਾਊਂਡ ਦੀ ਗੁਣਵੱਤਾ ਵਿੱਚ ਸੁਧਾਰ, ਕਲਰ ਕਰੈਕਸ਼ਨ, ਵਿਜ਼ੁਅਲ ਗੁਣਵੱਤਾ ਨੂੰ ਬਿਹਤਰ ਬਣਾਉਣ ਅਤੇ ਫਿਲਮ ਰੋਸਟੋਰੇਸ਼ਨ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਏਆਈ ਟੂਲ ਤੇਜ਼ੀ ਨਾਲ ਵਿਕਸਿਤ ਹੋ ਰਹੇ ਹਨ, ਫਿਰ ਵੀ ਉਦਯੋਗ ਨੂੰ ਇਨ੍ਹਾਂ ਦੇ ਮਿਆਰੀ ਅਤੇ ਵਿਆਪਕ ਤੌਰ 'ਤੇ ਅਪਣਾਉਣ ਵਿੱਚ ਸਮਾਂ ਲੱਗੇਗਾ।
ਫੈਨਬੁਆਏ ਪਿਕਚਰਜ਼ ਦੇ ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਸੁਬੋਧ ਮੈਨਨ ਨੇ ਜ਼ੋਰ ਦੇ ਕੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਟੈਂਟ ਤਿਆਰ ਕਰ ਸਕਦਾ ਹੈ ਅਤੇ ਬ੍ਰੇਨਸਟੌਰਮਿੰਗ ਵਿੱਚ ਸਹਾਇਤਾ ਕਰ ਸਕਦਾ ਹੈ, ਪਰ ਸਟੋਰੀਟੈਲਿੰਗ ਦੀ ਕਲਾ ਬੁਨਿਆਦੀ ਤੌਰ 'ਤੇ ਮਨੁੱਖੀ ਹੀ ਰਹਿੰਦੀ ਹੈ। ਉਨ੍ਹਾਂ ਨੇ ਏਆਈ ਨੂੰ ਨਵੇਂ ਵਿਚਾਰ ਪੈਦਾ ਕਰਨ ਅਤੇ ਉਨ੍ਹਾਂ ਦੀ ਪੁਸ਼ਟੀ ਕਰਨ ਦਾ ਇੱਕ ਕੀਮਤੀ ਸਾਧਨ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਇਹ ਤਕਨਾਲੋਜੀ ਵਿਆਪਕ ਤੌਰ 'ਤੇ ਅਪਣਾਈ ਜਾਵੇਗੀ, ਫਿਲਮ ਨਿਰਮਾਤਾਵਾਂ ਲਈ ਏਆਈ ਦੀ ਸਮਝ ਹੋਰ ਮਹੱਤਵਪੂਰਨ ਹੋਵੇਗੀ।

ਫਾਇਰਫਲਾਈ ਕ੍ਰਿਏਟਿਵ ਸਟੂਡੀਓ ਪ੍ਰਾਈਵੇਟ ਲਿਮਿਟੇਡ ਦੇ ਸਹਿ-ਸੰਸਥਾਪਕ ਸਨਤ ਪੀਸੀ ਨੇ ਕਿਹਾ ਕਿ ਏਆਈ ਸਟੋਰੀਟੈਲਿੰਗ ਦੀ ਪ੍ਰਕਿਰਿਆ ਬਿਹਤਰ ਬਣਾ ਸਕਦਾ ਹੈ, ਕਿਉਂਕਿ ਇਹ ਚਿੱਤਰਾਂ ਦੀ ਗੁਣਵੱਤਾ, ਆਵਾਜ਼ ਅਤੇ ਦਰਸ਼ਕਾਂ ਦੇ ਅਨੁਭਵ ਵਿੱਚ ਸੁਧਾਰ ਲਿਆਉਣ ਵਿੱਚ ਸਮਰਥ ਹੈ। ਉਨ੍ਹਾਂ ਨੇ ਮੌਜੂਦਾ ਸਮੇਂ ਨੂੰ ਪ੍ਰਯੋਗਾਤਮਕ ਪੜਾਅ ਦੱਸਦਿਆਂ ਕਿ ਰਚਨਾਕਾਰਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣਾ ਚਾਹੀਦਾ ਹੈ, ਪਰ ਇਸ 'ਤੇ ਪੂਰੀ ਤਰ੍ਹਾਂ ਨਿਰਭਰ ਹੋਣ ਦੀ ਬਜਾਏ ਇਸ ਨੂੰ ਇੱਕ ਸਹਾਇਕ ਸਾਧਨ ਵਜੋਂ ਵਰਤਣਾ ਚਾਹੀਦਾ ਹੈ।
ਏਆਈ-ਅਧਾਰਿਤ ਸਮੱਗਰੀ ਦੇ ਕਾਨੂੰਨੀ ਪਹਿਲੂਆਂ 'ਤੇ ਚਰਚਾ ਕਰਦੇ ਹੋਏ ਐਡਵੋਕੇਟ ਹੇਤਲ ਦੇਸਾਈ ਸੋਲੀਆ ਨੇ ਲਾਇਸੰਸਸ਼ੁਦਾ ਡੇਟਾ ਦੀ ਵਰਤੋਂ ਅਤੇ ਰਚਨਾਤਮਕ ਕੰਮਾਂ ਵਿੱਚ ਢੁਕਵੀਂ ਮਨੁੱਖੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਾਪੀਰਾਈਟ ਮਾਲਕੀ ਮਨੁੱਖੀ ਰਚਨਾਕਾਰਾਂ ਕੋਲ ਹੀ ਰਹਿੰਦੀ ਹੈ। ਉਨ੍ਹਾਂ ਨੇ ਫਿਲਮ ਨਿਰਮਾਤਾਵਾਂ ਨੂੰ ਸਲਾਹ ਦਿੱਤੀ ਕਿ ਏਆਈ ਦੀ ਵਰਤੋਂ ਮੌਲਿਕ ਸਮੱਗਰੀ ਪ੍ਰਤੀ ਸਥਾਪਿਤ ਕਰਨ ਦੀ ਬਜਾਏ ਉਸ ਨੂੰ ਬਿਹਤਰ ਬਣਾਉਣ ਲਈ ਕਰਨ।
ਪੈਨਲ ਚਰਚਾ ਵਿੱਚ ਸਾਰੇ ਭਾਗੀਦਾਰਾਂ ਨੇ ਇਸ ਗੱਲ 'ਤੇ ਸਹਿਮਤ ਵਿਅਕਤ ਕੀਤੀ ਕਿ ਏਆਈ ਨੂੰ ਮਨੁੱਖੀ ਰਚਨਾਤਮਕਤਾ ਦਾ ਵਿਕਲਪ ਨਹੀਂ, ਸਗੋਂ ਉਸ ਦਾ ਪੂਰਕ ਅਤੇ ਇੱਕ ਸ਼ਕਤੀਸ਼ਾਲੀ ਸਹਿਯੋਗੀ ਮੰਨਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਏਆਈ ਨਿਰਮਾਣ ਪ੍ਰਕਿਰਿਆਵਾਂ ਨੂੰ ਸਰਲ ਬਣਾ ਸਕਦਾ ਹੈ, ਕੁਸ਼ਲਤਾ ਵਧਾ ਸਕਦਾ ਹੈ ਅਤੇ ਰਚਨਾਤਮਕ ਸੰਭਾਵਨਾਵਾਂ ਦਾ ਵਿਸਤਾਰ ਕਰ ਸਕਦਾ ਹੈ, ਪਰ ਸਟੋਰੀਟੈਲਿੰਗ ਦਾ ਅਸਲ ਸਾਰ ਮਨੁੱਖੀ ਕਲਪਨਾ, ਭਾਵਨਾਵਾਂ ਅਤੇ ਕਲਾਤਮਕ ਦ੍ਰਿਸ਼ਟੀਕੋਣ ਵਿੱਚ ਹੀ ਸ਼ਾਮਲ ਹੈ।
ਪੈਨਲ ਚਰਚਾ ਤੋਂ ਬਾਅਦ, ਭਾਗੀਦਾਰਾਂ ਨੇ ਦਰਸ਼ਕਾਂ ਨਾਲ ਇੱਕ ਦਿਲਚਸਪ ਇੰਟਰਐਕਟਿਵ ਸੈਸ਼ਨ ਵਿੱਚ ਹਿੱਸਾ ਲਿਆ, ਜਿਸ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਅਪਣਾਉਣ, ਇਸ ਨਾਲ ਸਬੰਧਿਤ ਨੈਤਿਕ ਚਿੰਤਾਵਾਂ, ਕਾਪੀਰਾਈਟ ਸੁਰੱਖਿਆ ਅਤੇ ਰਚਨਾਤਮਕ ਪੇਸ਼ਿਆਂ ਦੇ ਭਵਿੱਖ ਸਬੰਧੀ ਵੱਖ-ਵੱਖ ਸਵਾਲਾਂ 'ਤੇ ਵਿਚਾਰ-ਵਟਾਂਦਰਾ ਕੀਤਾ। ਸੈਸ਼ਨ ਦੀ ਸਮਾਪਤੀ ਸਭ ਦੀ ਸਹਿਮਤੀ ਨਾਲ ਹੋਈ ਕਿ ਫਿਲਮ ਨਿਰਮਾਤਾਵਾਂ ਨੂੰ ਤਕਨੀਕੀ ਬਦਲਾਅ ਜ਼ਰੂਰ ਅਪਣਾਉਣੇ ਚਾਹੀਦੇ, ਪਰ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਸਟੋਰੀਟੈਲਿੰਗ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਮਨੁੱਖੀ ਰਚਨਾਤਮਕਤਾ ਬਣੀ ਰਹੇ।
* * *
ਪੀਆਈਬੀ ਟੀਮ ਐੱਮਆਈਐੱਫਐੱਫ| ਮਹੇਸ਼ ਕੁਮਾਰ/ਐਡਗਰ ਕੋਲਹੋ/ਦਰਸ਼ਨਾ ਰਾਣੇ/ਬਲਜੀਤ ਸਿੰਘ
रिलीज़ आईडी:
2273905
| Visitor Counter:
3