ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦਾ ਫ਼ਰਾਂਸ ਅਤੇ ਸਲੋਵਾਕੀਆ ਦੀ ਯਾਤਰਾ ਤੋਂ ਪਹਿਲਾਂ ਰਵਾਨਗੀ ਬਿਆਨ
प्रविष्टि तिथि:
13 JUN 2026 10:05AM by PIB Chandigarh
ਫ਼ਰਾਂਸ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੂਅਲ ਮੈਕਰੌਂ ਅਤੇ ਸਲੋਵਾਕ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਰੌਬਰਟ ਫਿਕੋ ਦੇ ਸੱਦੇ ’ਤੇ, ਮੈਂ 13 ਤੋਂ 18 ਜੂਨ, 2026 ਤੱਕ ਫ਼ਰਾਂਸ ਅਤੇ ਸਲੋਵਾਕ ਗਣਰਾਜ ਦੀ ਯਾਤਰਾ ਕਰਾਂਗਾ।
ਭਾਰਤ ਦੇ ਰਣਨੀਤਕ ਦ੍ਰਿਸ਼ਟੀਕੋਣ ਵਿੱਚ ਫ਼ਰਾਂਸ ਦਾ ਇੱਕ ਵਿਸ਼ੇਸ਼ ਸਥਾਨ ਹੈ। ਇਸੇ ਸਾਲ ਦੀ ਸ਼ੁਰੂਆਤ ਵਿੱਚ ਰਾਸ਼ਟਰਪਤੀ ਮੈਕਰੌਂ ਦੀ ਭਾਰਤ ਯਾਤਰਾ ਦੌਰਾਨ ਅਸੀਂ ਆਪਣੇ ਸਬੰਧਾਂ ਨੂੰ ‘ਵਿਸ਼ੇਸ਼ ਗਲੋਬਲ ਰਣਨੀਤਕ ਭਾਈਵਾਲੀ’ ਦੇ ਪੱਧਰ ਤੱਕ ਵਧਾਇਆ। ਨੀਸ ਵਿੱਚ ਰਾਸ਼ਟਰਪਤੀ ਮੈਕਰੌਂ ਨਾਲ ਮੇਰੀ ਮੁਲਾਕਾਤ ਦੌਰਾਨ, ਅਸੀਂ ਫਰਵਰੀ ਤੋਂ ਹੁਣ ਤੱਕ ਹੋਈ ਪ੍ਰਗਤੀ ਦੀ ਸਮੀਖਿਆ ਕਰਾਂਗੇ ਅਤੇ ਸਹਿਯੋਗ ਦੇ ਅਗਲੇ ਪੜਾਵਾਂ ਦੀ ਯੋਜਨਾ ਬਣਾਵਾਂਗੇ। ਮੈਂ ਆਪਸੀ ਹਿੱਤਾਂ ਨਾਲ ਜੁੜੇ ਮਹੱਤਵਪੂਰਨ ਗਲੋਬਲ ਮੁੱਦਿਆਂ ’ਤੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਉਤਸੁਕ ਹਾਂ।
ਨੀਸ ਵਿੱਚ, ਮੈਂ 14 ਜੂਨ 2026 ਨੂੰ ਰਾਸ਼ਟਰਪਤੀ ਮੈਕਰੌਂ ਦੇ ਨਾਲ 'ਭਾਰਤ ਇਨੋਵੇਟਸ' ਦਾ ਉਦਘਾਟਨ ਕਰਨ ਲਈ ਵੀ ਉਤਸੁਕ ਹਾਂ। ਭਾਰਤ-ਫ਼ਰਾਂਸ ਨਵੀਨਤਾ ਵਰ੍ਹੇ ਦੇ ਪਿਛੋਕੜ ਵਿੱਚ ਆਯੋਜਿਤ ਹੋਣ ਵਾਲਾ ਇਹ ਇਤਿਹਾਸਕ ਪ੍ਰੋਗਰਾਮ, ਭਾਰਤ ਦੇ ਸਭ ਤੋਂ ਹੋਣਹਾਰ ਸਟਾਰਟ-ਅੱਪਸ ਨੂੰ ਵਿਸ਼ਵ-ਵਿਆਪੀ ਨਿਵੇਸ਼ ਨਾਲ ਜੋੜੇਗਾ ਅਤੇ ਭਾਰਤ ਦੇ ਉੱਚ ਸਿੱਖਿਆ ਪ੍ਰਣਾਲੀ ਤੋਂ ਉੱਭਰਨ ਵਾਲੀਆਂ ਨਵੀਨਤਾਵਾਂ ਲਈ ਇੱਕ ਪ੍ਰਮੁੱਖ ਉਤਪ੍ਰੇਰਕ ਵਜੋਂ ਕੰਮ ਕਰੇਗਾ।
ਨੀਸ ਤੋਂ, ਮੈਂ 14-15 ਜੂਨ 2026 ਨੂੰ ਸਲੋਵਾਕੀਆ ਗਣਰਾਜ ਦੀ ਸਰਕਾਰੀ ਯਾਤਰਾ ’ਤੇ ਜਾ ਰਿਹਾ ਹਾਂ। 1993 ਵਿੱਚ ਸਲੋਵਾਕੀਆ ਦੀ ਆਜ਼ਾਦੀ ਤੋਂ ਬਾਅਦ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੋਵੇਗੀ। ਇਹ ਇਤਿਹਾਸਕ ਯਾਤਰਾ ਸਾਡੇ ਦੁਵੱਲੇ ਸਬੰਧਾਂ ਵਿੱਚ ਮਜ਼ਬੂਤ ਗਤੀ ਨੂੰ ਹੋਰ ਅੱਗੇ ਵਧਾਏਗੀ। ਮੈਂ ਬ੍ਰਾਤੀਸਲਾਵਾ ਵਿੱਚ ਰਾਸ਼ਟਰਪਤੀ ਪੇਲੇਗ੍ਰਿਨੀ ਅਤੇ ਪ੍ਰਧਾਨ ਮੰਤਰੀ ਫਿਕੋ ਨਾਲ ਚਰਚਾ ਕਰਨ ਲਈ ਉਤਸੁਕ ਹਾਂ। ਮੈਨੂੰ ਸਲੋਵਾਕੀਆ ਦੇ ਕਾਰੋਬਾਰੀ ਆਗੂਆਂ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਮਿਲੇਗਾ। ਭਾਰਤ-ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਦੀ ਗਤੀ ਨੂੰ ਅੱਗੇ ਵਧਾਉਂਦੇ ਹੋਏ, ਇਹ ਯਾਤਰਾ ਯੂਰਪੀਅਨ ਯੂਨੀਅਨ ਨਾਲ ਸਾਡੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰੇਗੀ, ਜਿਸਦਾ ਸਲੋਵਾਕੀਆ ਇੱਕ ਮਹੱਤਵਪੂਰਨ ਅਤੇ ਸਨਮਾਨਿਤ ਮੈਂਬਰ ਹੈ।
ਸਲੋਵਾਕੀਆ ਤੋਂ ਮੈਂ ਈਵੀਅਨ ਦੀ ਯਾਤਰਾ ਕਰਾਂਗਾ, ਜਿੱਥੇ ਮੈਂ 16 ਅਤੇ 17 ਜੂਨ, 2026 ਨੂੰ ਆਯੋਜਿਤ ਜੀ-7 ਸਿਖਰ ਸੰਮੇਲਨ ਵਿੱਚ ਹਿੱਸਾ ਲਵਾਂਗਾ। ਜੀ-7 ਵਿੱਚ ਭਾਰਤ ਦੀ ਮੌਜੂਦਗੀ ਸਾਡੇ ਭਾਈਵਾਲ ਦੇਸ਼ਾਂ ਵੱਲੋਂ ਸਾਡੇ ’ਤੇ ਪ੍ਰਗਟਾਏ ਗਏ ਵਿਸ਼ਵਾਸ ਅਤੇ ਗਲੋਬਲ ਪੱਧਰ ’ਤੇ ਭਾਰਤ ਦੀ ਵਧਦੀ ਸਾਖ ਦਾ ਪ੍ਰਤੀਕ ਹੈ। ਇਹ ਲਗਾਤਾਰ ਅੱਠਵਾਂ ਜੀ-7 ਸਿਖਰ ਸੰਮੇਲਨ ਹੈ, ਜਿਸ ਵਿੱਚ ਭਾਰਤ ਨੂੰ ਸੱਦਾ ਦਿੱਤਾ ਗਿਆ ਹੈ। ਜੀ-7 ਵਿੱਚ ਭਾਰਤ ਨਾ ਸਿਰਫ਼ ਆਪਣੇ ਵਿਚਾਰ ਰੱਖੇਗਾ, ਸਗੋਂ ਗਲੋਬਲ ਸਾਊਥ (ਵੈਸ਼ਵਿਕ ਦੱਖਣ) ਦੀਆਂ ਇੱਛਾਵਾਂ ਅਤੇ ਉਮੀਦਾਂ ਨੂੰ ਵੀ ਇੱਕ ਮਜ਼ਬੂਤ ਆਵਾਜ਼ ਪ੍ਰਦਾਨ ਕਰੇਗਾ।
ਮੈਂ 18 ਜੂਨ, 2026 ਨੂੰ ਪੈਰਿਸ ਵਿੱਚ ਆਪਣੀ ਫ਼ਰਾਂਸ ਯਾਤਰਾ ਨੂੰ ਪੂਰਾ ਕਰਾਂਗਾ, ਜਿੱਥੇ ਮੈਂ ਰਾਸ਼ਟਰਪਤੀ ਮੈਕਰੌਂ ਦੇ ਨਾਲ ਵੀਵਾਟੈਕ 2026 (VivaTech 2026) ਵਿੱਚ ਹਿੱਸਾ ਲਵਾਂਗਾ। ਵੀਵਾਟੈਕ ਯੂਰਪ ਦਾ ਤਕਨਾਲੋਜੀ ਅਤੇ ਨਵੀਨਤਾ ਦਾ ਸਭ ਤੋਂ ਵੱਡਾ ਸੰਮੇਲਨ ਹੈ ਅਤੇ ਇਸ ਐਡੀਸ਼ਨ ਵਿੱਚ ਭਾਰਤ ਦਾ ਸਭ ਤੋਂ ਵੱਡਾ ਰਾਸ਼ਟਰੀ ਮੰਡਪ ਹੋਵੇਗਾ, ਜੋ ਭਾਰਤੀ ਅਤੇ ਯੂਰਪੀਅਨ ਨਵੀਨਤਾ ਈਕੋਸਿਸਟਮ ਵਿਚਕਾਰ ਸਾਂਝੇਦਾਰੀ ਦੀਆਂ ਅਥਾਹ ਸੰਭਾਵਨਾਵਾਂ ਦਾ ਇੱਕ ਢੁਕਵਾਂ ਪ੍ਰਤੀਕ ਹੈ। ਮੈਂ ਪੈਰਿਸ ਵਿੱਚ ਜੀਵੰਤ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਮਿਲਣ ਲਈ ਵੀ ਉਤਸੁਕ ਹਾਂ, ਜੋ ਸਾਡੇ ਦੋਵਾਂ ਦੇਸ਼ਾਂ ਵਿਚਕਾਰ ਇੱਕ ਜੀਵੰਤ ਪੁਲ ਰਹੇ ਹਨ।
ਮੈਨੂੰ ਵਿਸ਼ਵਾਸ ਹੈ ਕਿ ਫ਼ਰਾਂਸ ਅਤੇ ਸਲੋਵਾਕ ਗਣਰਾਜ ਦੀਆਂ ਮੇਰੀਆਂ ਯਾਤਰਾਵਾਂ ਯੂਰਪ ਅਤੇ ਜੀ-7 ਦੇ ਨਾਲ ਭਾਰਤ ਦੀ ਡੂੰਘੀ ਹੁੰਦੀ ਭਾਈਵਾਲੀ ਨੂੰ ਨਵੀਂ ਗਤੀ ਪ੍ਰਦਾਨ ਕਰਨਗੀਆਂ ਅਤੇ ਮਹਾਂਦੀਪ ਦੇ ਦੇਸ਼ਾਂ ਅਤੇ ਉਸ ਤੋਂ ਪਾਰ ਆਪਣੇ ਭਾਈਵਾਲਾਂ ਨਾਲ ਸਹਿਯੋਗ ਦੇ ਦਿਸਹੱਦਿਆਂ ਦਾ ਵਿਸਤਾਰ ਕਰਨ ਪ੍ਰਤੀ ਸਾਡੀ ਦ੍ਰਿੜ੍ਹ ਵਚਨਬੱਧਤਾ ਨੂੰ ਉਜਾਗਰ ਕਰਨਗੀਆਂ।
*****
ਐੱਮਜੇਪੀਐੱਸ/ਐੱਸਐੱਸ/ਐੱਸਟੀ
(रिलीज़ आईडी: 2272853)
आगंतुक पटल : 8
इस विज्ञप्ति को इन भाषाओं में पढ़ें:
Malayalam
,
English
,
Urdu
,
हिन्दी
,
Marathi
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada