ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਸਿੱਕਮ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਰੋਹ ਵਿੱਚ ਸ਼ਾਮਲ ਹੋਏ
ਸਿੱਕਮ ਯੂਨੀਵਰਸਿਟੀ ’ਤੇ ਇਸ ਖੇਤਰ ਦੀ ਭਾਸ਼ਾ, ਸੱਭਿਆਚਾਰ ਅਤੇ ਵਾਤਾਵਰਨ ਦੀ ਸੰਭਾਲ ਕਰਨ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ: ਰਾਸ਼ਟਰਪਤੀ ਦ੍ਰੌਪਦੀ ਮੁਰਮੂ
ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਾਹੀਂ ਆਪਣੇ ਆਪ ਨੂੰ ਮਜ਼ਬੂਤ ਬਣਾਉਣ ਅਤੇ ਸਮਾਜ ਤੇ ਦੇਸ਼ ਦੀ ਭਲਾਈ ਲਈ ਕੰਮ ਕਰਨ ਦਾ ਸੱਦਾ ਦਿੱਤਾ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਿੱਕਮ ਦੇ ਪੂਰੀ ਤਰ੍ਹਾਂ ਪੜ੍ਹਿਆ-ਲਿਖਿਆ ਰਾਜ ਐਲਾਨੇ ਜਾਣ ’ਤੇ ਸਿੱਕਮ ਸਰਕਾਰ ਅਤੇ ਉੱਥੋਂ ਦੇ ਲੋਕਾਂ ਨੂੰ ਵਧਾਈ ਦਿੱਤੀ
Posted On:
27 MAY 2026 6:34PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਅੱਜ (27 ਮਈ, 2026) ਗੰਗਟੋਕ ਵਿੱਚ ਸਿੱਕਮ ਯੂਨੀਵਰਸਿਟੀ ਦੇ ਸੱਤਵੇਂ ਡਿਗਰੀ ਵੰਡ ਸਮਾਰੋਹ ਵਿੱਚ ਸ਼ਾਮਲ ਹੋਏ।

ਇਸ ਮੌਕੇ ’ਤੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਿੱਕਮ ਆਪਣੀ ਕੁਦਰਤੀ ਸੁੰਦਰਤਾ, ਸੱਭਿਆਚਾਰ ਅਤੇ ਜੈਵ-ਵਿਭਿੰਨਤਾ ਦੇ ਕਾਰਨ ਇੱਕ ਵਿਲੱਖਣ ਪਛਾਣ ਰੱਖਦਾ ਹੈ। ਹਿਮਾਲਿਆ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਵਿੱਚ ਸ਼ਾਮਲ, ਕੰਚਨਜੰਗਾ, ਸਿੱਕਮ ਲਈ ਕੁਦਰਤ ਦਾ ਇੱਕ ਅਣਮੁੱਲਾ ਤੋਹਫ਼ਾ ਹੈ। ਸਿੱਕਮ ਦੇ ਲੋਕ ਇਸ ਚੋਟੀ ਨੂੰ ਆਪਣੀ ਰੱਖਿਆ ਕਰਨ ਵਾਲੀ ਦੇਵੀ ਦੇ ਰੂਪ ਵਿੱਚ ਪੂਜਦੇ ਹਨ। ਉਨ੍ਹਾਂ ਵਿੱਚ ਕੁਦਰਤ ਦੀ ਸੰਭਾਲ ਅਤੇ ਵਿਕਾਸ ਪ੍ਰਤੀ ਜ਼ਿੰਮੇਵਾਰੀ ਦੀ ਡੂੰਘੀ ਭਾਵਨਾ ਸਪਸ਼ਟ ਰੂਪ ਵਿੱਚ ਦਿਖਾਈ ਦਿੰਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਿੱਕਮ ਦੇ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਸਾਲ 2016 ਵਿੱਚ ਇਹ ਭਾਰਤ ਦਾ ਪਹਿਲਾ ਪੂਰਨ ਜੈਵਿਕ ਰਾਜ ਬਣਿਆ। ਉਨ੍ਹਾਂ ਨੂੰ ਇਹ ਦੇਖ ਕੇ ਖ਼ੁਸ਼ੀ ਹੋਈ ਕਿ ਸਿੱਕਮ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਵਿਕਾਸ ਅਤੇ ਕੁਦਰਤ ਦੀ ਸੰਭਾਲ ਸੱਚਮੁੱਚ ਨਾਲ-ਨਾਲ ਚੱਲ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪਲਾਸਟਿਕ ਦੀ ਵਰਤੋਂ ’ਤੇ ਰੋਕ ਲਗਾਉਣ, ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਵਾਤਾਵਰਨ ਦੀ ਰੱਖਿਆ ਕਰਨ ਵਰਗੇ ਕਦਮਾਂ ਤੋਂ ਪੂਰੇ ਦੇਸ਼ ਨੂੰ ਪ੍ਰੇਰਨਾ ਮਿਲਦੀ ਹੈ। ਜੇਕਰ ਹਰ ਵਿਅਕਤੀ ਆਪਣੇ ਆਲੇ-ਦੁਆਲੇ ਦੀ ਸਫ਼ਾਈ ਦੇ ਨਾਲ-ਨਾਲ ਕੁਦਰਤ ਅਤੇ ਸਮਾਜ ਪ੍ਰਤੀ ਵੀ ਆਪਣੀ ਜ਼ਿੰਮੇਵਾਰੀ ਨਿਭਾਏ ਤਾਂ ਦੇਸ਼ ਤੇਜ਼ੀ ਨਾਲ ਤਰੱਕੀ ਕਰ ਸਕਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਇਹ ਸਾਰੇ ਦੇਸ਼ ਵਾਸੀਆਂ, ਵਿਸ਼ੇਸ਼ ਤੌਰ ’ਤੇ ਸਿੱਕਮ ਦੇ ਲੋਕਾਂ ਲਈ ਮਾਣ ਦੀ ਗੱਲ ਹੈ ਕਿ ਸਿੱਕਮ ਹੁਣ ਪੂਰੀ ਤਰ੍ਹਾਂ ਪੜ੍ਹਿਆ-ਲਿਖਿਆ ਰਾਜ ਬਣ ਗਿਆ ਹੈ। ਉਨ੍ਹਾਂ ਨੇ ਇਸ ਇਤਿਹਾਸਕ ਪ੍ਰਾਪਤੀ ਲਈ ਸਿੱਕਮ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਨੂੰ ਵਧਾਈ ਦਿੱਤੀ।

ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੀ ਸਰਬਪੱਖੀ ਤਰੱਕੀ ਲਈ ਉੱਤਰ-ਪੂਰਬੀ ਖੇਤਰ ਦਾ ਵਿਕਾਸ ਬਹੁਤ ਜ਼ਰੂਰੀ ਹੈ। ਇਸ ਖੇਤਰ ਦੇ ਨੌਜਵਾਨਾਂ ਵਿੱਚ ਬੇਅੰਤ ਪ੍ਰਤਿਭਾ ਹੈ। ਉਨ੍ਹਾਂ ਨੇ ਸਿੱਕਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ—ਜੋ ਸਿੱਕਮ ਦੇ ਨਾਲ-ਨਾਲ ਹੋਰਨਾਂ ਰਾਜਾਂ ਤੋਂ ਵੀ ਆਉਂਦੇ ਹਨ—ਅਪੀਲ ਕੀਤੀ ਕਿ ਉਹ ਇੱਕ-ਦੂਜੇ ਦੇ ਸੰਪਰਕ ਵਿੱਚ ਰਹਿਣ ਅਤੇ ਰਾਸ਼ਟਰੀ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਸਮੂਹਿਕ ਭਾਵਨਾ ਨਾਲ ਅੱਗੇ ਵਧਣ। ਉਨ੍ਹਾਂ ਨੇ ਕਿਹਾ ਕਿ ਆਪਣੀ ਯੋਗਤਾ ਅਤੇ ਸਮਰਪਣ ਸਦਕਾ ਉਹ ਸਮਾਜ ਦੇ ਵਾਂਝੇ (ਪਛੜੇ) ਵਰਗਾਂ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾ ਸਕਦੇ ਹਨ। ਅਜਿਹਾ ਕਰਕੇ, ਉਹ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਸਿੱਕਮ ਯੂਨੀਵਰਸਿਟੀ ’ਤੇ ਸਿੱਖਿਆ ਅਤੇ ਖੋਜ ਦਾ ਕੇਂਦਰ ਹੋਣ ਦੇ ਨਾਲ-ਨਾਲ, ਇਸ ਖੇਤਰ ਦੀ ਭਾਸ਼ਾ, ਸਭਿਆਚਾਰ ਅਤੇ ਵਾਤਾਵਰਨ ਨੂੰ ਸੰਭਾਲਣ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਕਿ ਇਸ ਯੂਨੀਵਰਸਿਟੀ ਨੇ ਆਧੁਨਿਕ ਸਿੱਖਿਆ ਨੂੰ ਸਥਾਨਕ ਪਰੰਪਰਾਵਾਂ, ਵਾਤਾਵਰਨ ਪ੍ਰਤੀ ਜਾਗਰੂਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੋੜਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਦਾ ਇਹੀ ਸਹੀ ਰਸਤਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਆਤਮ-ਨਿਰਭਰਤਾ ਦੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਸਾਧਨ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਿੱਖਿਆ ਦੇ ਰਾਹੀਂ ਆਪਣੇ ਆਪ ਨੂੰ ਮਜ਼ਬੂਤ ਬਣਾਉਣ ਅਤੇ ਦੇਸ਼ ਤੇ ਸਮਾਜ ਦੀ ਭਲਾਈ ਲਈ ਕੰਮ ਕਰਨ। ਉਨ੍ਹਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀਆਂ ਖ਼ੁਦ ਦੀਆਂ ਸਮਰੱਥਾਵਾਂ ’ਤੇ ਪੂਰਾ ਭਰੋਸਾ ਰੱਖਣ; ਦੂਜਿਆਂ ਦੇ ਤਜਰਬਿਆਂ ਅਤੇ ਗਿਆਨ ਤੋਂ ਸਿੱਖਣ; ਇਕੱਲੇ ਰਹਿ ਕੇ ਨਹੀਂ, ਬਲਕਿ ਸਹਿਯੋਗ ਦੇ ਰਾਹੀਂ ਤਰੱਕੀ ਹਾਸਲ ਕਰਨ ਅਤੇ ਆਪਣੇ ਥੋੜ੍ਹੇ ਸਮੇਂ ਦੇ ਅਤੇ ਲੰਮੇ ਸਮੇਂ ਦੇ, ਦੋਵੇਂ ਤਰ੍ਹਾਂ ਦੇ ਟੀਚਿਆਂ ਨੂੰ ਨਿਰਧਾਰਿਤ ਕਰਨ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਇੱਕ ਰਣਨੀਤੀ ਬਣਾਉਣ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਲ 2047 ਤੱਕ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾਉਣ ਦੇ ਟੀਚੇ ਵੱਲ ਅੱਗੇ ਵਧ ਰਹੇ ਹਾਂ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਵਿਦਿਆਰਥੀ ਕੁਸ਼ਲਤਾ , ਸਮਾਨਤਾ ਅਤੇ ਨਿਰੰਤਰਤਾ ਦੇ ਮੁੱਲਾਂ ਨੂੰ ਅਪਣਾਉਂਦੇ ਹੋਏ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਅੱਗੇ ਵਧਣਗੇ।
ਇਸ ਤੋਂ ਪਹਿਲਾਂ, ਰਾਸ਼ਟਰਪਤੀ ਨੇ ਗੰਗਟੋਕ, ਸਿੱਕਮ ਵਿੱਚ ‘ਅਮਾ ਦੀਦੀ ਬਹਿਨੀ ਬੱਸ ਸੇਵਾ’ - ਔਰਤਾਂ ਲਈ ਪਿੰਕ (ਗੁਲਾਬੀ) ਬੱਸਾਂ, ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਲਈ ਸਰੋਤ ਮੁੜ-ਪ੍ਰਾਪਤੀ ਵਾਹਨਾਂ ਨੂੰ ਹਰੀ ਝੰਡੀ ਦਿਖਾਈ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
*****
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2266532)
ਵਿਜ਼ੀਟਰ ਕਾਊਂਟਰ : 5