ਆਯੂਸ਼
azadi ka amrit mahotsav

ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਮੁੱਖ ਸਮਾਗਮ ਕੋਲਕਾਤਾ ਵਿੱਚ ਆਯੋਜਿਤ ਹੋਵੇਗਾ; ਸਮਾਗਮ ਦਾ ਵਿਸ਼ਾ "ਸਿਹਤਮੰਦ ਬੁਢਾਪੇ ਲਈ ਯੋਗ" ਹੈ


ਅੰਤਰਰਾਸ਼ਟਰੀ ਯੋਗ ਦਿਵਸ 2026 ਦੀ 25 ਦਿਨਾਂ ਦੇ ਕਾਊਂਟਡਾਊਨ ਦੌਰਾਨ ਖਜੁਰਾਹੋ ਵਿੱਚ ਆਯੋਜਿਤ ਇੱਕ ਸਮੂਹਿਕ ਯੋਗ ਪ੍ਰੋਟੋਕੋਲ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ

ਯੋਗ ਸੰਗਮ ਪੋਰਟਲ, ਯੋਗ ਪਾਰਕ ਪੋਰਟਲ ਅਤੇ ਨਵੀਂਆਂ ਯੋਗ ਟੀ-ਸ਼ਰਟਾਂ ਦਾ ਅਨਾਵਰਣ ਕੀਤਾ ਗਿਆ।

ਖਜੁਰਾਹੋ ਵਿੱਚ ਯੋਗ ਅਤੇ ਤੰਦਰੁਸਤੀ ਲਈ ਇੱਕ ਗਲੋਬਲ ਹੱਬ ਬਣਨ ਦੀ ਸਮਰੱਥਾ: ਸ਼੍ਰੀ ਪ੍ਰਤਾਪਰਾਵ ਜਾਧਵ

ਯੋਗ ਅਤੇ ਖਜੁਰਾਹੋ ਦੇਸ਼ ਦੀ ਸੱਭਿਆਚਾਰਕ ਵਿਰਾਸਤ ਦੇ ਅਨਿੱਖੜਵੇ ਪ੍ਰਤੀਕ ਹਨ: ਮੁੱਖ ਮੰਤਰੀ ਡਾ. ਮੋਹਨ ਯਾਦਵ

Posted On: 27 MAY 2026 11:25AM by PIB Chandigarh

ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਐਲਾਨ ਕੀਤਾ ਕਿ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) 2026 ਦਾ ਮੁੱਖ ਆਯੋਜਨ 21 ਜੂਨ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਲ ਦੇ ਸਮਾਗਮ ਦਾ ਵਿਸ਼ਾ "ਸਿਹਤਮੰਦ ਬੁਢਾਪੇ ਲਈ ਯੋਗ" ਹੈ, ਜੋ ਸਰੀਰਕ ਸਿਹਤ, ਮਾਨਸਿਕ ਤੰਦਰੁਸਤੀ ਅਤੇ ਸਿਹਤਮੰਦ ਬੁਢਾਪੇ ਨੂੰ ਉਤਸ਼ਾਹਿਤ ਕਰਨ ਵਿੱਚ ਯੋਗ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ।

ਇਹ ਐਲਾਨ ਯੂਨੈਸਕੋ ਵਿਸ਼ਵ ਵਿਰਾਸਤ ਸਾਈਟ, ਖਜੁਰਾਹੋ ਵਿੱਚ ਪੱਛਮੀ ਮੰਦਿਰ ਸਮੂਹ ਵਿਖੇ ਆਯੋਜਿਤ ਯੋਗ ਮਹੋਤਸਵ 2026 ਦੌਰਾਨ ਕੀਤਾ ਗਿਆ, ਜੋ ਅੰਤਰਰਾਸ਼ਟਰੀ ਯੋਗ ਦਿਵਸ 2026 ਦੇ ਲਈ 25 ਦਿਨਾਂ ਦੀ ਕਾਊਂਟਡਾਊਨ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਆਯੁਸ਼ ਮੰਤਰਾਲੇ ਦੇ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਟਿਊਟ ਆਫ਼ ਯੋਗਾ (ਐੱਮਡੀਐੱਨਆਈਵਾਈ) ਦੁਆਰਾ ਆਯੋਜਿਤ ਇਸ ਸਮਾਗਮ ਵਿੱਚ ਹਜ਼ਾਰਾਂ ਯੋਗ ਪ੍ਰੇਮੀਆਂ ਨੇ ਕੌਮਨ ਯੋਗ ਪ੍ਰੋਟੋਕੋਲ ਦੇ ਇੱਕ ਸਮੂਹਿਕ ਪ੍ਰਦਰਸ਼ਨ ਵਿੱਚ ਹਿੱਸਾ ਲਿਆ।

ਸ਼੍ਰੀ ਪ੍ਰਤਾਪਰਾਵ ਜਾਧਵ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਕਿਹਾ ਕਿ ਭਾਰਤ ਦੀ ਰਵਾਇਤੀ ਵਿਰਾਸਤ ਅਤੇ ਅਧਿਆਤਮਿਕ ਚੇਤਨਾ ਨਾਲ ਸਮਾਇਆ ਹੋਇਆ ਕੋਲਕਾਤਾ, ਅੰਤਰਰਾਸ਼ਟਰੀ ਯੋਗ ਦਿਵਸ 2026 ਦੇ ਮੁੱਖ ਸਮਾਗਮ ਦੀ ਮੇਜ਼ਬਾਨੀ ਕਰੇਗਾ। ਉਨ੍ਹਾਂ ਕਿਹਾ ਕਿ "ਸਿਹਤਮੰਦ ਬੁਢਾਪੇ ਲਈ ਯੋਗ" ਥੀਮ ਬੁਢਾਪੇ ਵਿੱਚ ਸੰਪੂਰਨ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿੱਚ ਯੋਗ ਦੇ ਵਧ ਰਹੇ ਮਹੱਤਵ ਨੂੰ ਦਰਸਾਉਂਦੀ ਹੈ। ਯੋਗ ਭਾਰਤ ਦੇ ਪ੍ਰਾਚੀਨ ਗਿਆਨ ਦਾ ਪ੍ਰਤੀਕ ਹੈ ਅਤੇ ਨਿਵਾਰਕ ਸਿਹਤ ਸੰਭਾਲ ਅਤੇ ਸੰਤੁਲਿਤ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਸ਼੍ਰੀ ਜਾਧਵ ਨੇ ਇਹ ਵੀ ਕਿਹਾ ਕਿ ਖਜੁਰਾਹੋ, ਆਪਣੀ ਸਮ੍ਰਿੱਧ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਦੇ ਨਾਲ, ਭਾਰਤ ਦੀਆਂ ਪ੍ਰਾਚੀਨ ਪਰੰਪਰਾਵਾਂ ਅਤੇ ਸਿਹਤ ਸਬੰਧੀ ਪ੍ਰਥਾਵਾਂ ਦੇ ਵਿਚਕਾਰ ਸਦਭਾਵਨਾ ਦਾ ਪ੍ਰਤੀਕ ਹੈ। ਇਸ ਸ਼ਹਿਰ ਵਿੱਚ ਯੋਗ ਅਤੇ ਤੰਦਰੁਸਤੀ ਲਈ ਇੱਕ ਵਿਸ਼ਵਵਿਆਪੀ ਕੇਂਦਰ ਵਜੋਂ ਉਭਰਨ ਦੀ ਸਮਰੱਥਾ ਹੈ।

ਮੰਤਰੀ ਮਹੋਦਯ ਨੇ ਯੋਗ ਨੂੰ ਰੋਜ਼ਾਨਾ ਜੀਵਨ ਦਾ ਅਨਿਖੜਵਾਂ ਅੰਗ ਬਣਾਉਣ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਹੇਠ, ਆਯੁਸ਼ ਮੰਤਰਾਲਾ ਨਿਰੰਤਰ ਜਨਤਕ ਭਾਗੀਦਾਰੀ ਅਤੇ ਯਤਨਾਂ ਰਾਹੀਂ ਯੋਗ ਨੂੰ ਹਰ ਪਿੰਡ, ਘਰ, ਸਕੂਲ, ਦਫਤਰ ਅਤੇ ਭਾਈਚਾਰੇ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੈ। ਨਿਵਾਰਕ ਸਿਹਤ ਸੰਭਾਲ ਦੀ ਮਹੱਤਤਾ 'ਤੇ, ਸ਼੍ਰੀ ਜਾਧਵ ਨੇ ਕਿਹਾ ਕਿ ਯੋਗ ਅਤੇ ਆਯੁਸ਼ ਆਹਾਰ ਵਰਗੀਆਂ ਪਹਿਲਕਦਮੀਆਂ ਸੰਤੁਲਿਤ ਪੋਸ਼ਣ, ਅਨੁਸ਼ਾਸਿਤ ਜੀਵਨ ਸ਼ੈਲੀ ਅਤੇ ਸੰਪੂਰਨ ਸਿਹਤ ਨੂੰ ਉਤਸ਼ਾਹਿਤ ਕਰਦੀਆਂ ਹਨ।

ਕੇਂਦਰੀ ਮੰਤਰੀ ਨੇ ਇਸ ਮੌਕੇ 'ਤੇ ਔਨਲਾਈਨ ਰਜਿਸਟ੍ਰੇਸ਼ਨ ਨੂੰ ਸੁਗਮ ਬਨਾਉਣ ਅਤੇ ਸਾਲ 2026 ਲਈ ਜਨ ਭਾਗੀਦਾਰੀ ਨੂੰ ਮਜ਼ਬੂਤ ​​ਕਰਨ ਲਈ ਯੋਗ ਸੰਗਮ ਪੋਰਟਲ ਦੀ ਮੁੜ ਸ਼ੁਰੂਆਤ ਕੀਤੀ ਅਤੇ ਰਾਜਾਂ ਅਤੇ ਸੰਸਥਾਵਾਂ ਵਿੱਚ ਯੋਗ ਲਈ ਸਮਰਪਿਤ ਸਥਾਨ ਵਿਕਸਿਤ ਕਰਨ ਲਈ ਯੋਗਾ ਪਾਰਕ ਪੋਰਟਲ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਯੋਗ, ਸਿਹਤ ਅਤੇ ਤੰਦਰੁਸਤੀ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨ ਵਾਲੀ ਇੱਕ ਨਵੀਂ ਡਿਜ਼ਾਈਨ ਕੀਤੀ ਯੋਗ ਟੀ-ਸ਼ਰਟ ਦਾ ਵੀ ਅਨਾਵਰਣ ਕੀਤਾ ਅਤੇ ਦੱਸਿਆ ਕਿ ਯੋਗ 365 ਮੁਹਿੰਮ ਦੇ ਤਹਿਤ 100 ਦਿਨਾਂ ਦੇ ਮੁਫ਼ਤ ਯੋਗ ਸਿਖਲਾਈ ਪ੍ਰੋਗਰਾਮ ਵਿੱਚ ਦੋ ਲੱਖ ਤੋਂ ਵੱਧ ਵਿਅਕਤੀਆਂ ਨੇ ਹਿੱਸਾ ਲਿਆ ਹੈ ਅਤੇ ਯੋਗ ਮਿੱਤਰ ਸਰਟੀਫਿਕੇਟ ਪ੍ਰਾਪਤ ਕੀਤਾ ਹੈ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਇਸ ਸਮਾਗਮ ਵਿੱਚ ਵਰਚੁਅਲ ਮਾਧਿਅਮ ਨਾਲ ਸ਼ਾਮਲ ਹੋਏ ਅਤੇ ਆਪਣੇ ਵੀਡੀਓ ਸੰਦੇਸ਼ ਵਿੱਚ, ਉਨ੍ਹਾਂ ਨੇ ਕਿਹਾ ਕਿ ਯੋਗ ਅਤੇ ਖਜੁਰਾਹੋ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੇ ਅਨਿੱਖੜਵੇਂ ਅੰਗ ਹਨ। ਉਨ੍ਹਾਂ ਅੱਗੇ ਕਿਹਾ ਕਿ ਯੁਵਾ ਪੀੜ੍ਹੀ ਯੋਗਾ ਨੂੰ ਰੋਜ਼ਾਨਾ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਮੰਨ ਕੇ ਅਪਣਾ ਰਹੀ ਹੈ, ਜਿਸ ਨਾਲ ਇੱਕ ਸਿਹਤਮੰਦ ਅਤੇ ਜਾਗਰੂਕ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਮਿਲ ਰਿਹਾ ਹੈ।

ਮੱਧ ਪ੍ਰਦੇਸ਼ ਸਰਕਾਰ ਦੇ ਉੱਚ ਸਿੱਖਿਆ, ਤਕਨੀਕੀ ਅਤੇ ਆਯੁਸ਼ ਮੰਤਰਾਲੇ ਦੇ ਕੈਬਨਿਟ ਮੰਤਰੀ ਸ਼੍ਰੀ ਇੰਦਰ ਸਿੰਘ ਪਰਮਾਰ ਨੇ ਕਿਹਾ ਕਿ ਯੋਗ ਅਤੇ ਆਯੁਰਵੇਦ ਕੇਵਲ ਅਭਿਆਸ ਨਹੀਂ ਹਨ, ਸਗੋਂ ਭਾਰਤ ਦੀਆਂ ਸਮ੍ਰਿੱਧ ਪਰੰਪਰਾਵਾਂ ਵਿੱਚ ਨਿਹਿਤ ਜੀਵਨਸ਼ੈਲੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਅਤੇ ਯੋਗ ਮਿਲ ਕੇ ਇੱਕ ਸਿਹਤਮੰਦ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਦੇ ਸਕਦੇ ਹਨ।

ਮੱਧ ਪ੍ਰਦੇਸ਼ ਸਰਕਾਰ ਵਿੱਚ ਸੱਭਿਆਚਾਰਕ, ਟੂਰਿਜ਼ਮ ਅਤੇ ਧਾਰਮਿਕ ਟਰੱਸਟ ਅਤੇ ਐਂਡੋਮੈਂਟਸ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਧਰਮੇਂਦਰ ਭਾਵ ਸਿੰਘ ਲੋਧੀ ਨੇ ਕਿਹਾ ਕਿ ਇਹ ਪ੍ਰੋਗਰਾਮ ਦੇਸ਼ ਦੀ ਸੱਭਿਆਚਾਰਕ ਚੇਤਨਾ ਅਤੇ ਸੱਭਿਅਤਾਗਤ ਮੁੱਲਾਂ ਨੂੰ ਦਰਸਾਉਂਦਾ ਹੈ, ਨਾਲ ਹੀ ਲੋਕਾਂ ਵਿੱਚ ਸਮੁੱਚੀ ਭਲਾਈ ਨੂੰ ਉਤਸ਼ਾਹਿਤ ਕਰਦਾ ਹੈ।

ਖਜੁਰਾਹੋ ਲੋਕ ਸਭਾ ਹਲਕੇ ਦੇ ਸਾਂਸਦ ਸ਼੍ਰੀ ਵਿਸ਼ਨੂੰ ਦੱਤ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ, ਯੋਗ ਸਿਹਤ ਅਤੇ ਕਲਿਆਣ ਲਈ ਇੱਕ ਵਿਸ਼ਵਵਿਆਪੀ ਅੰਦੋਲਨ ਦੇ ਰੂਪ ਵਿੱਚ ਉਭਰਿਆ ਹੈ ਅਤੇ ਹੁਣ ਦੁਨੀਆ ਭਰ ਦੇ ਲਗਭਗ 190 ਦੇਸ਼ਾਂ ਵਿੱਚ ਇਸਦਾ ਅਭਿਆਸ ਕੀਤਾ ਜਾਂਦਾ ਹੈ।

ਆਯੁਸ਼ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਸ਼੍ਰੀ ਮੋਨਾਲਿਸਾ ਦਾਸ ਨੇ ਕਿਹਾ ਕਿ ਅੱਜ ਦੀ ਤਣਾਅਪੂਰਨ ਜੀਵਨ ਸ਼ੈਲੀ ਵਿੱਚ, ਯੋਗ ਸਮੱਗਰ ਤੰਦਰੁਸਤੀ ਲਈ ਇੱਕ ਸਰਲ ਅਤੇ ਟਿਕਾਊ ਮਾਰਗ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ "ਯੋਗ ਮਿੱਤਰ" ਬਣਨ ਦਾ ਸੱਦਾ ਦਿੱਤਾ ਅਤੇ ਯੋਗ ਦੇ ਮਾਧਿਅਮ ਨਾਲ ਵਿਸ਼ਵ ਨੂੰ ਇਕਜੁੱਟ ਕਰਨ ਦੇ ਲਈ  14 ਜੂਨ 2026 ਨੂੰ ਗਿਨੀਜ਼ ਵਰਲਡ ਰਿਕਾਰਡ ਬਨਾਉਣ ਦੇ ਯਤਨ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ।

ਇਸ ਸਮਾਗਮ ਵਿੱਚ ਰਾਜਨਗਰ ਵਿਧਾਨ ਸਭਾ ਦੇ ਵਿਧਾਇਕ ਸ਼੍ਰੀ ਅਰਵਿੰਦ ਪਟੈਰੀਆ; ਵਿਧਾਇਕ ਬਿਜਾਵਰ ਸ਼੍ਰੀ ਰਾਜੇਸ਼ ਸ਼ੁਕਲਾ; ਵਿਧਾਇਕ ਛਤਰਪੁਰ ਸ਼੍ਰੀਮਤੀ ਲਲਿਤਾ ਯਾਦਵ; ਪ੍ਰਮੁੱਖ ਸਕੱਤਰ ਆਯੁਸ਼, ਮੱਧ ਪ੍ਰਦੇਸ਼, ਸ਼੍ਰੀ ਸ਼ੋਭਿਤ ਜੈਨ; ਜ਼ਿਲ੍ਹਾ ਮੈਜਿਸਟ੍ਰੇਟ ਅਤੇ ਕਲੈਕਟਰ, ਛਤਰਪੁਰ ਸ਼੍ਰੀ ਪਾਰਥ ਜੈਸਵਾਲ (ਆਈਏਐੱਸ); ਪੁਲਿਸ ਸੁਪਰਡੈਂਟ, ਛਤਰਪੁਰ ਸ਼੍ਰੀ ਰਜਤ ਸਕਲੇਚਾ ਆਈਪੀਐੱਸ, ਆਯੁਸ਼ ਮੰਤਰਾਲੇ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਸਮੇਤ ਹੋਰ ਪਤਵੰਤੇ ਮੌਜੂਦ ਸਨ।

ਪ੍ਰੋਗਰਾਮ ਦਾ ਇੱਕ ਪ੍ਰਮੁੱਖ ਆਕਰਸ਼ਣ ਐੱਮਡੀਐੱਨਆਈਵਾਈ ਦੇ ਡਾਇਰੈਕਟਰ ਪ੍ਰੋਫੈਸਰ (ਡਾ.) ਕਾਸ਼ੀਨਾਥ ਸਮਾਗੰਡੀ ਅਤੇ ਐੱਮਡੀਐੱਨਆਈਵਾਈ ਦੇ ਯੋਗ ਇੰਸਟ੍ਰਕਟਰਾਂ ਦੀ ਅਗਵਾਈ ਹੇਠ ਕੌਮਨ ਯੋਗ ਪ੍ਰੋਟੋਕੋਲ ਦਾ ਇੱਕ ਵਿਆਪਕ ਪ੍ਰਦਰਸ਼ਨ ਸੀ। ਇਸ ਪ੍ਰਦਰਸ਼ਨ ਵਿੱਚ ਖੇਤਰ ਭਰ ਦੇ ਹਜ਼ਾਰਾਂ ਯੋਗ ਪ੍ਰੇਮੀਆਂ ਨੇ ਹਿੱਸਾ ਲਿਆ, ਜੋ ਯੋਗ-ਅਧਾਰਿਤ ਤੰਦਰੁਸਤੀ ਅਤੇ ਨਿਵਾਰਕ ਸਿਹਤ ਸੰਭਾਲ ਦੀ ਦਿਸ਼ਾ ਵੱਲ ਵਧ ਰਹੇ ਰਾਸ਼ਟਰਵਿਆਪੀ ਅੰਦੋਲਨ ਨੂੰ ਦਰਸਾਉਂਦਾ ਹੈ।

ਆਯੁਸ਼ ਮੰਤਰਾਲੇ ਦੁਆਰਾ ਵਿਕਸਿਤ ਕੌਮਨ ਯੋਗ ਪ੍ਰੋਟੋਕੋਲ, ਯੋਗ ਅਭਿਆਸਾਂ ਦਾ ਇੱਕ ਪ੍ਰਮਾਣਿਤ ਕ੍ਰਮ ਹੈ ਜਿਸਦਾ ਉਦੇਸ਼ ਸਾਰੇ ਉਮਰ ਵਰਗ ਦੇ ਲੋਕਾਂ ਦੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਕਲਿਆਣ ਨੂੰ ਉਤਸ਼ਾਹਿਤ ਕਰਨਾ ਹੈ।

ਇਹ ਆਯੋਜਨ ਅੰਤਰਰਾਸ਼ਟਰੀ ਯੋਗ ਦਿਵਸ-2026 ਦੀਆਂ ਰਾਸ਼ਟਰਵਿਆਪੀ ਤਿਆਰੀਆਂ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਇਆ ਅਤੇ ਯੋਗ ਦੇ ਮਾਧਿਅਮ ਨਾਲ ਸਮੁੱਚੀ ਸਿਹਤ ਅਤੇ ਕਲਿਆਣ ਨੂੰ ਉਤਸ਼ਾਹਿਤ ਕਰਨ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।

 

************

ਐੱਸਆਰ/ਐੱਸਵੀ/ਐੱਸਜੀ/ਏਕੇ


(Release ID: 2266449) ਵਿਜ਼ੀਟਰ ਕਾਊਂਟਰ : 4