ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਜੀ ਨੇ ਸ਼੍ਰੀ ਪੀ. ਐੱਨ. ਪਣੀਕਰ ’ਤੇ ਕਿਤਾਬ ਰਿਲੀਜ਼ ਕੀਤੀ, ਪੜ੍ਹਨ ਦੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦਾ ਸੱਦਾ ਦਿੱਤਾ


“ਜਿਹੜਾ ਸਮਾਜ ਪੜ੍ਹਨਾ ਛੱਡ ਦਿੰਦਾ ਹੈ, ਉਹ ਹੌਲ਼ੀ-ਹੌਲ਼ੀ ਡੂੰਘੀ ਸੋਚ ਦੀ ਸਮਰੱਥਾ ਗੁਆ ਲੈਂਦਾ ਹੈ”: ਉਪ-ਰਾਸ਼ਟਰਪਤੀ ਜੀ

ਸ਼੍ਰੀ ਪੀ. ਐੱਨ. ਪਣੀਕਰ ਨੇ ਲਾਇਬ੍ਰੇਰੀਆਂ ਦੇ ਜ਼ਰੀਏ ਉਮੀਦ ਅਤੇ ਜਾਗਰੂਕਤਾ ਦਾ ਸੰਚਾਰ ਕੀਤਾ: ਉਪ-ਰਾਸ਼ਟਰਪਤੀ ਜੀ

ਉਪ-ਰਾਸ਼ਟਰਪਤੀ ਨੇ ਨੌਜਵਾਨਾਂ ਵਿੱਚ ਪੜ੍ਹਨ ਦੀ ਘੱਟ ਰਹੀ ਆਦਤ ’ਤੇ ਚਿੰਤਾ ਪ੍ਰਗਟਾਈ

ਲਾਇਬ੍ਰੇਰੀਆਂ ਨੂੰ ਜਾਣਕਾਰੀ ਅਤੇ ਸਿਰਜਣਾਤਮਕਤਾ ਦੇ ਕੇਂਦਰਾਂ ਵਜੋਂ ਮੁੜ ਉੱਭਰਨਾ ਚਾਹੀਦਾ ਹੈ: ਉਪ-ਰਾਸ਼ਟਰਪਤੀ

प्रविष्टि तिथि: 22 MAY 2026 6:19PM by PIB Chandigarh

ਭਾਰਤ ਦੇ ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਉਪ-ਰਾਸ਼ਟਰਪਤੀ ਭਵਨ ਵਿੱਚ ਪੀ. ਪੀ. ਸਤਿਅਨ ਵੱਲੋਂ ਲਿਖੀ ਪੁਸਤਕ ’ਦਿ ਲਾਇਬ੍ਰੇਰੀ ਮੈਨ ਆਫ਼ ਇੰਡੀਆ: ਦਿ ਸਟੋਰੀ ਆਫ਼ ਪੀ. ਐੱਨ. ਪਣੀਕਰ’ ਰਿਲੀਜ਼ ਕੀਤੀ ।

ਸਮਾਗਮ ਨੂੰ ਸੰਬੋਧਨ ਕਰਦਿਆਂ ਉਪ-ਰਾਸ਼ਟਰਪਤੀ ਜੀ ਨੇ ਸ਼੍ਰੀ ਪੀ. ਐੱਨ. ਪਣੀਕਰ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਨੂੰ ਇੱਕ ਦੂਰ-ਅੰਦੇਸ਼ੀ ਸ਼ਖ਼ਸੀਅਤ ਦੱਸਿਆ, ਜਿਨ੍ਹਾਂ ਨੇ ਕਿਤਾਬਾਂ ਅਤੇ ਗਿਆਨ ਦੀ ਖ਼ਾਮੋਸ਼ ਸ਼ਕਤੀ ਦੇ ਜ਼ਰੀਏ ਲੱਖਾਂ ਲੋਕਾਂ ਦੀ ਤਕਦੀਰ ਬਦਲ ਦਿੱਤੀ। ਲੇਖਕ ਸ਼੍ਰੀ ਪੀ. ਪੀ. ਸਤਿਅਨ ਨੂੰ ਵਧਾਈ ਦਿੰਦਿਆਂ ਉਪ-ਰਾਸ਼ਟਰਪਤੀ ਜੀ ਨੇ ਕਿਹਾ ਕਿ ਇਹ ਪ੍ਰਕਾਸ਼ਨ ਸ਼੍ਰੀ ਪਣੀਕਰ ਦੀ ਬੇਮਿਸਾਲ ਦੂਰ-ਅੰਦੇਸ਼ੀ ਅਤੇ ਅਮਿੱਟ ਵਿਰਾਸਤ ਦਾ ਪ੍ਰਮਾਣ ਹੈ। 

ਉਪ-ਰਾਸ਼ਟਰਪਤੀ ਜੀ ਨੇ ਕਿਹਾ ਕਿ ਸ਼੍ਰੀ ਪਣੀਕਰ ਨੇ ਸਾਦਗੀ ਭਰਿਆ ਜੀਵਨ ਬਤੀਤ ਕਰਦਿਆਂ ਵੀ ਇੱਕ ਅਸਾਧਾਰਨ ਸੁਪਨਾ ਦੇਖਿਆ ਸੀ ਕਿ ਜਾਤ, ਵਰਗ, ਗ਼ਰੀਬੀ ਜਾਂ ਭੂਗੋਲਿਕ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਹਰ ਵਿਅਕਤੀ ਨੂੰ ਗਿਆਨ ਹਾਸਲ ਹੋਣਾ ਚਾਹੀਦਾ ਹੈ। ਕੇਰਲ ਦੇ ਕੁੱਟਾਨਾਡ ਵਿੱਚ ਸ਼੍ਰੀ ਪਣੀਕਰ ਦੀ ਸਾਧਾਰਨ ਸ਼ੁਰੂਆਤ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸ਼੍ਰੀ ਪਣੀਕਰ ਨੇ ਜੀਵਨ ਦੇ ਸ਼ੁਰੂਆਤੀ ਦੌਰ ਵਿੱਚ ਹੀ ਇਹ ਜਾਣ ਲਿਆ ਸੀ ਕਿ ਅਨਪੜ੍ਹਤਾ ਸਿਰਫ਼ ਪੜ੍ਹਨ ਵਿੱਚ ਅਸਮਰੱਥਾ ਨਹੀਂ ਹੈ, ਬਲਕਿ ਇਹ ਮਾਣ-ਸਨਮਾਨ, ਮੌਕੇ ਅਤੇ ਮਨੁੱਖ ਦੀ ਤਰੱਕੀ ਵਿੱਚ ਰੁਕਾਵਟ ਹੈ।

ਕੇਰਲ ਵਿੱਚ ਲਾਇਬ੍ਰੇਰੀ ਅਤੇ ਸਾਖਰਤਾ ਅੰਦੋਲਨ ਦੀ ਸ਼ੁਰੂਆਤ ਵਿੱਚ ਸ਼੍ਰੀ ਪਣੀਕਰ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਉਪ-ਰਾਸ਼ਟਰਪਤੀ ਜੀ ਨੇ ਕਿਹਾ ਕਿ ਸਨਾਤਨ ਧਰਮ ਲਾਇਬ੍ਰੇਰੀ ਨਾਮਕ ਇੱਕ ਸਾਧਾਰਨ ਰੀਡਿੰਗ ਰੂਮ ਤੋਂ ਸ਼ੁਰੂ ਹੋਈ ਇਹ ਕੋਸ਼ਿਸ਼ ਆਖਰਕਾਰ ਕੇਰਲ ਦੇ ਸਮਾਜਿਕ ਅਤੇ ਬੌਧਿਕ ਦ੍ਰਿਸ਼ (ਮਾਹੌਲ) ਵਿੱਚ ਬਦਲਾਅ ਲਿਆਉਣ ਵਿੱਚ ਸਹਾਇਕ ਰਹੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸ਼੍ਰੀ ਪਣੀਕਰ ਨੇ ਪਿੰਡਾਂ ਅਤੇ ਦੂਰ-ਦੁਰਾਡੇ ਦੇ ਆਦਿਵਾਸੀ ਇਲਾਕਿਆਂ ਵਿੱਚ ਅਣਥੱਕ ਯਾਤਰਾਵਾਂ ਕੀਤੀਆਂ ਅਤੇ “ਪੜ੍ਹੋ ਅਤੇ ਅੱਗੇ ਵਧੋ” ਦੇ ਸਰਲ ਪਰ ਸ਼ਕਤੀਸ਼ਾਲੀ ਸੰਦੇਸ਼ ਰਾਹੀਂ ਆਮ ਲੋਕਾਂ ਅਤੇ ਵਲੰਟੀਅਰਾਂ ਨੂੰ ਪ੍ਰੇਰਿਤ ਕੀਤਾ।

ਸ਼੍ਰੀ ਪਣੀਕਰ ਨੂੰ ਕੇਰਲ ਦੇ ਸੱਭਿਆਚਾਰਕ ਪੁਨਰ-ਜਾਗਰਣ ਦਾ ਪਿਤਾਮਾ ਦੱਸਦਿਆਂ ਉਪ-ਰਾਸ਼ਟਰਪਤੀ ਜੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਸੀ ਕਿ ਗਿਆਨ ਕਦੇ ਵੀ ਕੁਝ ਲੋਕਾਂ ਦਾ ਵਿਸ਼ੇਸ਼ ਅਧਿਕਾਰ ਨਹੀਂ ਹੋਣਾ ਚਾਹੀਦਾ, ਬਲਕਿ ਮਨੁੱਖਤਾ ਦੀ ਵਿਸ਼ਵ-ਵਿਆਪੀ ਸੇਵਾ ਕਰਨੀ ਚਾਹੀਦੀ ਹੈ ਅਤੇ ਸਮਾਜਿਕ ਜਾਗ੍ਰਿਤੀ ਦੀ ਸ਼ਕਤੀ ਬਣਨਾ ਚਾਹੀਦਾ ਹੈ।

ਲਾਇਬ੍ਰੇਰੀਆਂ ਦੇ ਵਿਕਾਸ ’ਤੇ ਬੋਲਦਿਆਂ ਉਪ-ਰਾਸ਼ਟਰਪਤੀ ਜੀ ਨੇ ਨਾਲੰਦਾ ਅਤੇ ਤਕਸ਼ਸ਼ਿਲਾ ਵਰਗੇ ਭਾਰਤ ਦੇ ਮਾਣਮੱਤੇ ਸਿੱਖਿਆ ਕੇਂਦਰਾਂ ਦੀ ਪਰੰਪਰਾ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਦੁਨੀਆ ਭਰ ਦੇ ਵਿਦਵਾਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਨ੍ਹਾਂ ਨੇ ਕਿਹਾ ਕਿ ਭਾਵੇਂ ਲਾਇਬ੍ਰੇਰੀਆਂ ਈ-ਕਿਤਾਬਾਂ, ਡਿਜੀਟਲ ਪੁਰਾਲੇਖਾਂ ਅਤੇ ਆਨਲਾਈਨ ਸਰੋਤਾਂ ਦੇ ਜ਼ਰੀਏ ਡਿਜੀਟਲ ਯੁੱਗ ਵਿੱਚ ਪ੍ਰਵੇਸ਼ ਕਰ ਚੁੱਕੀਆਂ ਹਨ, ਫਿਰ ਵੀ ਨੌਜਵਾਨਾਂ ਵਿੱਚ ਪੜ੍ਹਨ ਦੀਆਂ ਆਦਤਾਂ ਵਿੱਚ ਲਗਾਤਾਰ ਹੋ ਰਹੀ ਗਿਰਾਵਟ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।

ਮੋਬਾਈਲ ਫ਼ੋਨ, ਸੋਸ਼ਲ ਮੀਡੀਆ ਅਤੇ ਸੰਖੇਪ ਮਨੋਰੰਜਨ ’ਤੇ ਬਹੁਤ ਜ਼ਿਆਦਾ ਨਿਰਭਰਤਾ ’ਤੇ ਚਿੰਤਾ ਪ੍ਰਗਟ ਕਰਦਿਆਂ ਉਪ-ਰਾਸ਼ਟਰਪਤੀ ਜੀ ਨੇ ਕਿਹਾ ਕਿ ਡੂੰਘਾ ਅਧਿਐਨ , ਚਿੰਤਨ ਅਤੇ ਸੋਚ-ਸਮਝ ਕੇ ਸਿੱਖਣਾ ਹੌਲ਼ੀ-ਹੌਲ਼ੀ ਖ਼ਤਮ ਹੋ ਰਿਹਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਤਕਨਾਲੋਜੀ ਨੇ ਸਹੂਲਤ ਤਾਂ ਦਿੱਤੀ ਹੈ, ਪਰ ਇਸਦੇ ਨਾਲ ਹੀ ਸਬਰ , ਇਕਾਗਰਤਾ ਅਤੇ ਸਾਹਿਤ ਤੇ ਗਿਆਨ ਦੇ ਨਾਲ ਸਾਰਥਕ ਸਬੰਧ ਨੂੰ ਵੀ ਘੱਟ ਕਰ ਦਿੱਤਾ ਹੈ।

ਉਪ-ਰਾਸ਼ਟਰਪਤੀ ਜੀ ਨੇ ਕਿਹਾ ਕਿ ਜਿਹੜਾ ਸਮਾਜ ਪੜ੍ਹਨਾ ਛੱਡ ਦਿੰਦਾ ਹੈ, ਉਹ ਹੌਲ਼ੀ-ਹੌਲ਼ੀ ਆਲੋਚਨਾਤਮਕ ਸੋਚ , ਰਚਨਾਤਮਕ ਕਲਪਨਾ ਅਤੇ ਡੂੰਘੀ ਸਮਝ ਦੀ ਸਮਰੱਥਾ ਗੁਆ ਲੈਂਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ‘ਦਿ ਲਾਇਬ੍ਰੇਰੀ ਮੈਨ ਆਫ਼ ਇੰਡੀਆ’ ਵਰਗੀਆਂ ਕਿਤਾਬਾਂ ਨਵੀਂ ਪੀੜ੍ਹੀ ਵਿੱਚ ਪੜ੍ਹਨ ਅਤੇ ਚਿੰਤਨ ਦੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।

ਸ਼੍ਰੀ ਐੱਨ. ਬਾਲਗੋਪਾਲ ਦੀ ਅਗਵਾਈ ਵਿੱਚ ਪੀ. ਐੱਨ. ਪਣੀਕਰ ਫਾਊਂਡੇਸ਼ਨ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਪ-ਰਾਸ਼ਟਰਪਤੀ ਜੀ ਨੇ ਕਿਹਾ ਕਿ ਇਹ ਸੰਸਥਾ ਪੜ੍ਹਨ-ਲਿਖਣ ਅਤੇ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਬੇਮਿਸਾਲ ਯਤਨਾਂ ਦੇ ਜ਼ਰੀਏ ਸ਼੍ਰੀ ਪਣੀਕਰ ਦੀ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ।

ਉਪ-ਰਾਸ਼ਟਰਪਤੀ ਜੀ ਨੇ ਭਾਰਤ ਦੀ ਸੂਚਨਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਰਕਾਰ ਦੀਆਂ ਕਈ ਪਹਿਲਕਦਮੀਆਂ ’ਤੇ ਵੀ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ‘ਮਨ ਕੀ ਬਾਤ’ ਵਿੱਚ ਸਾਂਝੇ ਕੀਤੇ ਗਏ ਦ੍ਰਿਸ਼ਟੀਕੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਲਾਇਬ੍ਰੇਰੀਆਂ ਨੂੰ ਰਚਨਾਤਮਕਤਾ ਦੇ ਗਤੀਸ਼ੀਲ ਕੇਂਦਰਾਂ ਵਜੋਂ ਵਿਕਸਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਦੇਸ਼ ਭਰ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਅੰਤਰਰਾਸ਼ਟਰੀ ਖੋਜ ਅਤੇ ਰਸਾਲਿਆਂ ਤੱਕ ਪਹੁੰਚ ਵਧਾਉਣ ਦੇ ਉਦੇਸ਼ ਨਾਲ ਸਰਕਾਰ ਦੀ “ਇੱਕ ਰਾਸ਼ਟਰ, ਇੱਕ ਮੈਂਬਰਸ਼ਿਪ” ਪਹਿਲ ਦੀ ਵੀ ਸ਼ਲਾਘਾ ਕੀਤੀ।

ਉਨ੍ਹਾਂ ਨੇ ਤਕਨਾਲੋਜੀ ਅਤੇ ਨਵੀਨਤਾ ਦੇ ਜ਼ਰੀਏ ਭਾਰਤ ਦੀ ਅਣਮੁੱਲੀ ਹੱਥ-ਲਿਖਤ ਵਿਰਾਸਤ ਨੂੰ ਸੰਭਾਲਣ, ਡਿਜੀਟਾਈਜ਼ ਕਰਨ ਅਤੇ ਪ੍ਰਸਾਰਿਤ ਕਰਨ ਦੇ ਯਤਨਾਂ ਲਈ ‘ਗਿਆਨ ਭਾਰਤਮ ਮਿਸ਼ਨ’ ਦੀ ਸ਼ਲਾਘਾ ਕੀਤੀ।

ਆਪਣੇ ਸੰਬੋਧਨ ਦੇ ਅਖੀਰ ਵਿੱਚ ਉਪ-ਰਾਸ਼ਟਰਪਤੀ ਜੀ ਨੇ ਕਿਹਾ ਕਿ ਸ਼੍ਰੀ ਪਣੀਕਰ ਦੀ ਮਹਾਨਤਾ ਸਿਰਫ਼ ਲਾਇਬ੍ਰੇਰੀਆਂ ਦੇ ਨਿਰਮਾਣ ਵਿੱਚ ਹੀ ਨਹੀਂ, ਬਲਕਿ ਆਮ ਨਾਗਰਿਕਾਂ ਵਿੱਚ ਉਮੀਦ, ਜਾਗਰੂਕਤਾ ਅਤੇ ਆਤਮ-ਵਿਸ਼ਵਾਸ ਪੈਦਾ ਕਰਨ ਵਿੱਚ ਵੀ ਸਮਾਈ ਹੈ। ਉਨ੍ਹਾਂ ਨੇ ਕਿਹਾ, “ਇੱਕ ਲਾਇਬ੍ਰੇਰੀ ਇੱਕ ਬੱਚੇ ਦਾ ਭਵਿੱਖ ਬਦਲ ਸਕਦੀ ਹੈ। ਇੱਕ ਕਿਤਾਬ ਜੀਵਨ ਨੂੰ ਬਦਲ ਸਕਦੀ ਹੈ ਅਤੇ ਇੱਕ ਦ੍ਰਿੜ੍ਹ ਇਰਾਦੇ ਵਾਲਾ ਵਿਅਕਤੀ ਪੂਰੇ ਸਮਾਜ ਨੂੰ ਬਦਲ ਸਕਦਾ ਹੈ।”

ਉਪ-ਰਾਸ਼ਟਰਪਤੀ ਜੀ ਨੇ ਸਮਾਜ ਨੂੰ ਪੜ੍ਹਨ, ਸਿੱਖਣ ਅਤੇ ਗਿਆਨ ਦੇ ਪ੍ਰਸਾਰ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੜ ਸੁਰਜੀਤ ਕਰਨ ਦਾ ਸੱਦਾ ਦਿੱਤਾ ਅਤੇ ਮਾਤਾ-ਪਿਤਾ, ਅਧਿਆਪਕਾਂ ਤੇ ਸੰਸਥਾਵਾਂ ਨੂੰ ਬੱਚਿਆਂ ਵਿੱਚ ਪੜ੍ਹਨ ਦੀ ਆਦਤ ਵਿਕਸਤ ਕਰਨ ਲਈ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸੈਰ-ਸਪਾਟਾ ਰਾਜ ਮੰਤਰੀ, ਸ਼੍ਰੀ ਸੁਰੇਸ਼ ਗੋਪੀ; ਰਾਜ ਸਭਾ ਦੇ ਸਾਬਕਾ ਡਿਪਟੀ ਚੇਅਰਮੈਨ, ਸ਼੍ਰੀ ਪੀ.ਜੇ. ਕੁਰੀਅਨ; ਪੀ.ਐੱਨ. ਪਣੀਕਰ ਫਾਊਂਡੇਸ਼ਨ ਦੇ ਉਪ ਪ੍ਰਧਾਨ, ਸ਼੍ਰੀ ਐੱਨ. ਬਾਲਗੋਪਾਲ ਅਤੇ ਕਈ ਹੋਰ ਪਤਵੰਤੇ ਹਾਜ਼ਰ ਸਨ।

*****

ਪੀਆਰ/ਏਐਸਐਮ/ਵੀਐਮਜੇ


(रिलीज़ आईडी: 2265437) आगंतुक पटल : 31
इस विज्ञप्ति को इन भाषाओं में पढ़ें: English , Urdu , हिन्दी , Gujarati , Tamil , Telugu , Malayalam