ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਜਿਨੇਵਾ ਵਿੱਚ ਆਯੋਜਿਤ 79ਵੀਂ ਵਰਲਡ ਹੈਲਥ ਅਸੈਂਬਲੀ ਵਿੱਚ "ਸਿਹਤ ਵਿੱਚ ਏਆਈ: ਕਾਨੂੰਨ, ਨੈਤਿਕ ਨਿਗਰਾਨੀ, ਖੋਜ ਅਤੇ ਇਕੁਇਟੀ" ਵਿਸ਼ੇ 'ਤੇ ਆਯੋਜਿਤ ਸਮਾਨਾਂਤਰ ਪ੍ਰੋਗਰਾਮ ਨੂੰ ਸੰਬੋਧਨ ਕੀਤਾ
"ਏਆਈ ਸਿਹਤ ਸੰਭਾਲ ਵੰਡ ਨੂੰ ਅੱਗੇ ਵਧਾਉਣ ਲਈ ਬਹੁਤ ਸਾਰੇ ਮੌਕੇ ਪ੍ਰਦਾਨ ਕਰਦਾ ਹੈ, ਪਰ ਇਸ ਨੂੰ ਮਜ਼ਬੂਤ ਨਿਯਮ, ਡੂੰਘੀ ਖੋਜ, ਨੈਤਿਕ ਨਿਗਰਾਨੀ ਅਤੇ ਇਕੁਇਟੀ ਪ੍ਰਤੀ ਡੂੰਘੀ ਵਚਨਬੱਧਤਾ ਦੁਆਰਾ ਆਕਾਰ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਇਸ ਦੇ ਲਾਭ ਹਰੇਕ ਨਾਗਰਿਕ ਤੱਕ ਪਹੁੰਚਣ": ਸ਼੍ਰੀ ਜੇਪੀ ਨੱਡਾ
"ਐੱਸਏਐੱਚਆਈ ਗਲੋਬਲ ਸਾਊਥ ਤੋਂ ਉੱਭਰਨ ਵਾਲੀ ਪਹਿਲੀ ਵਿਆਪਕ ਰਣਨੀਤੀ ਹੈ, ਜੋ ਭਾਰਤ ਦੀ ਸਿਹਤ ਸੰਭਾਲ ਯਾਤਰਾ ਨੂੰ ਨੈਤਿਕ, ਪਾਰਦਰਸ਼ੀ ਅਤੇ ਲੋਕ-ਕੇਂਦ੍ਰਿਤ ਢੰਗ ਨਾਲ ਮਾਰਗਦਰਸ਼ਨ ਕਰਦੀ ਹੈ"
ਉਨ੍ਹਾਂ ਨੇ ਇੱਕ ਭਰੋਸੇਮੰਦ ਅਤੇ ਅੰਤਰ-ਸੰਚਾਲਿਤ ਸਿਹਤ ਡੇਟਾ ਈਕੋਸਿਸਟਮ ਨੂੰ ਮਜ਼ਬੂਤ ਕਰਨ, ਸਹਿਯੋਗੀ ਖੋਜ ਨੂੰ ਉਤਸ਼ਾਹਿਤ ਕਰਨ, ਨੈਤਿਕ AI ਵਿਕਾਸ ਨੂੰ ਅੱਗੇ ਵਧਾਉਣ ਅਤੇ ਸਾਂਝੀਆਂ ਸਿਹਤ ਸੰਭਾਲ ਚੁਣੌਤੀਆਂ ਨੂੰ ਸਮੂਹਿਕ ਤੌਰ 'ਤੇ ਹੱਲ ਕਰਨ ਲਈ ਵਿਸ਼ਵਵਿਆਪੀ ਭਾਈਵਾਲਾਂ ਨਾਲ ਕੰਮ ਕਰਨ ਦੀ ਭਾਰਤ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ
"ਸਿਹਤ ਸੰਭਾਲ ਵਿੱਚ ਏਆਈ ਦਾ ਭਵਿੱਖ ਸਿਰਫ਼ ਐਲਗੋਰਿਦਮ ਦੁਆਰਾ ਨਹੀਂ ਸਗੋਂ ਸਮੂਹਿਕ ਮਨੁੱਖੀ ਵਿਕਲਪਾਂ ਦੁਆਰਾ ਪਰਿਭਾਸ਼ਿਤ ਕੀਤਾ ਜਾਵੇਗਾ"
Posted On:
21 MAY 2026 9:16AM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਜਿਨੇਵਾ ਵਿੱਚ ਆਯੋਜਿਤ 79ਵੀਂ ਵਿਸ਼ਵ ਸਿਹਤ ਅਸੈਂਬਲੀ ਦੌਰਾਨ "ਸਿਹਤ ਵਿੱਚ ਏਆਈ: ਕਾਨੂੰਨ, ਨੈਤਿਕ ਨਿਗਰਾਨੀ, ਖੋਜ ਅਤੇ ਇਕੁਇਟੀ" ਵਿਸ਼ੇ 'ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ

ਸ਼੍ਰੀ ਨੱਡਾ ਨੇ ਆਲਮੀ ਨੇਤਾਵਾਂ, ਡੈਲੀਗੇਟਾਂ, ਮਾਹਰਾਂ ਅਤੇ ਨੀਤੀ ਨਿਰਮਾਤਾਵਾਂ ਦੇ ਵਿਸ਼ੇਸ਼ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਿਹਤ ਸੰਭਾਲ ਪ੍ਰਣਾਲੀਆਂ, ਸ਼ਾਸਨ ਢਾਂਚਿਆਂ, ਅਰਥਵਿਵਸਥਾਵਾਂ ਅਤੇ ਵਿਸ਼ਵ ਭਰ ਦੇ ਨਾਗਰਿਕਾਂ ਦੇ ਜੀਵਨ ਨੂੰ ਨਵਾਂ ਰੂਪ ਦੇਣ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਪਰਿਵਰਤਨਸ਼ੀਲ ਸਮਰੱਥਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਏਆਈ ਸਿਹਤ ਸੰਭਾਲ ਵੰਡ ਨੂੰ ਅੱਪਗ੍ਰੇਡ ਕਰਨ ਦੇ ਬੇਅੰਤ ਮੌਕੇ ਪ੍ਰਦਾਨ ਕਰਦਾ ਹੈ, ਪਰ ਇਸ ਨੂੰ “ਢੁਕਵੇਂ ਨਿਯਮ, ਡੂੰਘੀ ਖੋਜ, ਨੈਤਿਕ ਨਿਗਰਾਨੀ ਅਤੇ ਸਮਾਨਤਾ ਪ੍ਰਤੀ ਡੂੰਘੀ ਵਚਨਬੱਧਤਾ ਦੁਆਰਾ ਨਿਰਦੇਸ਼ਿਤ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਇਸ ਦਾ ਲਾਭ ਹਰੇਕ ਨਾਗਰਿਕ ਤੱਕ ਪੁੱਜੇ।"
ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਸਾਲ 2015 ਵਿੱਚ ਡਿਜੀਟਲ ਇੰਡੀਆ ਪਹਿਲਕਦਮੀ ਦੀ ਸ਼ੁਰੂਆਤ ਰਾਹੀਂ ਭਾਰਤ ਨੇ ਇੱਕ ਦਹਾਕੇ ਪਹਿਲਾਂ ਹੀ ਮਜ਼ਬੂਤ ਡਿਜੀਟਲ ਨੀਂਹ ਰੱਖੀ ਸੀ। ਇਸ ਪਹਿਲਕਦਮੀ ਦਾ ਉਦੇਸ਼ "ਭਾਰਤ ਨੂੰ ਇੱਕ ਡਿਜੀਟਲ ਤੌਰ 'ਤੇ ਸਸ਼ਕਤ ਸਮਾਜ ਅਤੇ ਗਿਆਨ ਅਰਥਵਿਵਸਥਾ ਵਿੱਚ ਬਦਲਣਾ ਹੈ, ਜਿਸ ਨਾਲ ਭਾਰਤ ਨੂੰ ਏਆਈ ਸਮੇਤ ਭਵਿੱਖ ਦੀਆਂ ਤਕਨਾਲੋਜੀਆਂ ਲਈ ਤਿਆਰ ਕੀਤਾ ਜਾ ਸਕੇ।"

ਸ਼੍ਰੀ ਨੱਡਾ ਨੇ ਕਿਹਾ ਕਿ ਭਾਰਤ ਦੀ ਰਾਸ਼ਟਰੀ ਸਿਹਤ ਨੀਤੀ 2017 ਵਿੱਚ ਇੱਕ ਏਕੀਕ੍ਰਿਤ, ਅੰਤਰ-ਸੰਚਾਲਿਤ, ਸਮਾਵੇਸ਼ੀ ਅਤੇ ਸਕੇਲੇਬਲ ਡਿਜੀਟਲ ਹੈਲਥ ਈਕੋਸਿਸਟਮ ਦੀ ਕਲਪਨਾ ਕੀਤੀ ਗਈ ਸੀ। ਇਸੇ ਕਲਪਨਾ ਨੂੰ ਅੱਗੇ ਵਧਾਉਂਦੇ ਹੋਏ, ਸਰਕਾਰ ਨੇ ਸਾਲ 2021 ਵਿੱਚ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਨਾਲ-ਨਾਲ ਸਹਿਮਤੀ-ਅਧਾਰਿਤ ਡਿਜੀਟਲ ਸਿਹਤ ਡੇਟਾ ਫਰੇਮਵਰਕ ਵੀ ਸ਼ੁਰੂ ਕੀਤੇ, ਜਿਸ ਨਾਲ ਗੁਣਵੱਤਾ ਵਾਲੇ ਸਿਹਤ ਡੇਟਾ ਦਾ ਨਿਰਮਾਣ ਸੰਭਵ ਹੋ ਸਕਿਆ।
ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਬਿਹਤਰ ਸਿਹਤ ਨਤੀਜੇ ਪ੍ਰਾਪਤ ਕਰਨ ਲਈ ਸਿਰਫ਼ ਡਿਜੀਟਾਈਜ਼ੇਸ਼ਨ ਅਤੇ ਡੇਟਾ ਹੀ ਕਾਫ਼ੀ ਨਹੀਂ ਹੈ ਅਤੇ ਏਆਈ ਦੀ ਸੁਰੱਖਿਅਤ ਅਤੇ ਜ਼ਿੰਮੇਵਾਰ ਵਰਤੋਂ ਲਈ ਸੈਕਟਰ-ਵਿਸ਼ੇਸ਼ ਸ਼ਾਸਨ ਢਾਂਚੇ ਜ਼ਰੂਰੀ ਹਨ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਫਰਵਰੀ 2026 ਵਿੱਚ ਆਯੋਜਿਤ ਇੰਡੀਆ ਏਆਈ ਇਮਪੈਕਟ ਸਮਿਟ ਦੌਰਾਨ ਭਾਰਤ ਲਈ ਸਿਹਤ ਸੰਭਾਲ ਵਿੱਚ ਏਆਈ ਰਣਨੀਤੀ' (ਐੱਸਏਐੱਚਆਈ) ਦੀ ਸ਼ੁਰੂਆਤ ਦਾ ਜ਼ਿਕਰ ਕੀਤਾ।
ਉਨ੍ਹਾਂ ਨੇ ਐੱਸਏਐੱਚਆਈ ਨੂੰ "ਗਲੋਬਲ ਸਾਊਥ ਤੋਂ ਉੱਭਰਨ ਵਾਲੀ ਪਹਿਲੀ ਵਿਆਪਕ ਰਣਨੀਤੀ" ਵਜੋਂ ਦਰਸਾਇਆ, ਜੋ ਨੈਤਿਕ, ਪਾਰਦਰਸ਼ੀ ਅਤੇ ਲੋਕ-ਕੇਂਦ੍ਰਿਤ ਢੰਗ ਨਾਲ ਭਾਰਤ ਦੀ ਸਿਹਤ ਸੰਭਾਲ ਯਾਤਰਾ ਦਾ ਮਾਰਗਦਰਸ਼ਨ ਕਰਦੀ ਹੈ।

ਕੇਂਦਰੀ ਮੰਤਰੀ ਨੇ ਭਾਰਤ ਦੇ ਵਿਲੱਖਣ ਪੈਮਾਨੇ ਅਤੇ ਵਿਭਿੰਨਤਾ 'ਤੇ ਕਿਹਾ ਕਿ ਦੇਸ਼ 22 ਸਰਕਾਰੀ ਭਾਸ਼ਾਵਾਂ ਅਤੇ ਸਿਹਤ ਸੰਭਾਲ ਸੇਵਾਵਾਂ ਤੱਕ ਪਹੁੰਚ ਦੇ ਵੱਖ-ਵੱਖ ਪੱਧਰਾਂ ਵਾਲੇ 1.4 ਅਰਬ ਨਾਗਰਿਕਾਂ ਲਈ ਏਆਈ ਸੰਚਾਲਨ ਕਰ ਰਿਹਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਹਾਲਾਂਕਿ ਏਆਈ ਵਿੱਚ ਸਿਹਤ ਸੰਭਾਲ ਵਿੱਚ ਮੌਜੂਦਾ ਕਮੀਆਂ ਨੂੰ ਦੂਰ ਕਰਨ ਦੀ ਸਮਰੱਥਾ ਹੈ, ਪਰ ਜੇਕਰ ਇਸ ਨੂੰ ਜ਼ਿੰਮੇਵਾਰੀ ਨਾਲ ਡਿਜ਼ਾਈਨ ਨਹੀਂ ਕੀਤਾ ਗਿਆ ਤਾਂ ਇਹ ਅਸਮਾਨਤਾਵਾਂ ਨੂੰ ਹੋਰ ਵੀ ਡੂੰਘਾ ਕਰ ਸਕਦੀ ਹੈ। ਸ਼੍ਰੀ ਨੱਡਾ ਨੇ ਇਸ ਚੁਣੌਤੀ ਨਾਲ ਨਜਿੱਠਣ ਲਈ ਬੀਓਡੀਐੱਚ (ਬੈਂਚਮਾਰਕਿੰਗ ਓਪਨ ਡੇਟਾ ਪਲੈਟਫਾਰਮ ਫਾਰ ਹੈਲਥ ਏਆਈ) ਦੀ ਸਿਰਜਣਾ 'ਤੇ ਚਰਚਾ ਕੀਤੀ, ਜੋ ਇਹ ਯਕੀਨੀ ਬਣਾਉਂਦੇ ਹੋਏ ਕਿ ਭਾਰਤ ਵਿੱਚ ਤਾਇਨਾਤ ਏਆਈ ਸਮਾਧਾਨਾਂ ਦਾ ਅਸਲ ਦੁਨੀਆਂ ਦੇ ਡੇਟਾਸੈਟਾਂ ਨਾਲ ਬੈਂਚਮਾਰਕਿੰਗ ਕੀਤਾ ਜਾਵੇ ਤਾਂ ਜੋ ਉਹ ਹਰ ਭਾਰਤੀ ਲਈ ਹਰ ਜਗ੍ਹਾਂ ਸੁਰੱਖਿਅਤ ਅਤੇ ਸਮਾਨ ਤੌਰ ‘ਤੇ ਕੰਮ ਕਰ ਸਕੇ।
ਕੇਂਦਰੀ ਸਿਹਤ ਮੰਤਰੀ ਨੇ ਅੰਤਰਰਾਸ਼ਟਰੀ ਸਹਿਯੋਗ ਵਧਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਕੋਈ ਵੀ ਦੇਸ਼ ਇੱਕਲਾ ਏਆਈ ਦੀਆਂ ਚੁਣੌਤੀਆਂ ਅਤੇ ਮੌਕਿਆਂ ਦਾ ਸਾਹਮਣਾ ਨਹੀਂ ਕਰ ਸਕਦਾ। ਉਨ੍ਹਾਂ ਨੇ ਭਰੋਸੇਮੰਦ ਅਤੇ ਅੰਤਰ-ਸੰਚਾਲਿਤ ਸਿਹਤ ਡੇਟਾ ਈਕੋਸਿਸਟਮ ਨੂੰ ਮਜ਼ਬੂਤ ਕਰਨ, ਸਹਿਯੋਗੀ ਖੋਜ ਨੂੰ ਉਤਸ਼ਾਹਿਤ ਕਰਨ, ਨੈਤਿਕ ਏਆਈ ਵਿਕਾਸ ਨੂੰ ਅੱਗੇ ਵਧਾਉਣ ਅਤੇ ਸਿਹਤ ਸੰਭਾਲ ਵਿੱਚ ਸਾਂਝੀਆਂ ਚੁਣੌਤੀਆਂ ਨੂੰ ਸਮੂਹਿਕ ਤੌਰ 'ਤੇ ਸਮਾਧਾਨ ਕਰਨ ਲਈ ਵਿਸ਼ਵਵਿਆਪੀ ਭਾਈਵਾਲਾਂ ਨਾਲ ਕੰਮ ਕਰਨ ਦੀ ਭਾਰਤ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ।
ਸ਼੍ਰੀ ਨੱਡਾ ਨੇ ਕਿਹਾ ਕਿ ਨਵੀਨਤਾ ਨੂੰ ਨਿਯਮਾਂ ਦੁਆਰਾ ਨਿਰਦੇਸ਼ਿਤ ਕੀਤਾ ਜਾਣਾ ਚਾਹੀਦਾ ਹੈ, ਪੈਮਾਨੇ ਨੂੰ ਭਰੋਸੇ ਦੁਆਰਾ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ ਅਤੇ ਤਕਨੀਕੀ ਤਰੱਕੀ ਇਕੁਇਟੀ, ਨੈਤਿਕਤਾ ਅਤੇ ਜਨਤਕ ਹਿੱਤ ਵਿੱਚ ਜੁੜੀ ਰਹਿਣੀ ਚਾਹੀਦੀ ਹੈ।

ਕੇਂਦਰੀ ਸਿਹਤ ਮੰਤਰੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਵਿੱਚ ਕਿਹਾ ਕਿ ਸਿਹਤ ਸੰਭਾਲ ਵਿੱਚ ਏਆਈ ਦਾ ਭਵਿੱਖ ਸਿਰਫ਼ ਐਲਗੋਰਿਦਮ ਦੁਆਰਾ ਹੀ ਨਹੀਂ ਸਗੋਂ ਸਰਕਾਰਾਂ, ਸੰਸਥਾਵਾਂ ਅਤੇ ਸਮਾਜਾਂ ਦੇ ਸਮੂਹਿਕ ਫੈਸਲਿਆਂ ਦੁਆਰਾ ਨਿਰਧਾਰਿਤ ਹੋਵੇਗਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਸਿਰਫ਼ "ਏਆਈ" ਵਿੱਚ ਹੀ ਨਹੀਂ, ਸਗੋਂ "ਸਰਬ-ਸਮਾਵੇਸ਼ੀ ਬੁੱਧੀ" ਵਿੱਚ ਭਰੋਸਾ ਰੱਖਦਾ ਹੈ ਅਤੇ ਆਲਮੀ ਭਾਈਚਾਰੇ ਨਾਲ ਇਹ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਕਿ ਏਆਈ ਵਿਸ਼ਵ ਭਲਾਈ ਦੀ ਸ਼ਕਤੀ ਬਣੇ।
*****
ਐੱਸਆਰ/ਏਕੇ
(Release ID: 2264005)
ਵਿਜ਼ੀਟਰ ਕਾਊਂਟਰ : 13