ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 20 MAY 2026 7:21PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 20 ਮਈ, 2026 ਨੂੰ ਰੋਮ ਵਿੱਚ ਇਟਲੀ ਗਣਰਾਜ ਦੀ ਪ੍ਰਧਾਨ ਮੰਤਰੀ ਸੁਸ਼੍ਰੀ ਜੌਰਜੀਆ ਮੈਲੋਨੀ ਨਾਲ ਰਸਮੀ ਗੱਲਬਾਤ ਕੀਤੀ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਉੱਚ-ਪੱਧਰੀ ਅਦਾਨ-ਪ੍ਰਦਾਨ ਦੀ ਮਜ਼ਬੂਤ ਗਤੀ ਅਤੇ ਦੁਵੱਲੇ ਸਹਿਯੋਗ ਵਿੱਚ ਮਜ਼ਬੂਤ ਵਾਧਾ ਅਤੇ ਵਿਭਿੰਨਤਾ ਦਾ ਸਵਾਗਤ ਕੀਤਾ। ਉਨ੍ਹਾਂ ਨੇ ਭਾਰਤ-ਇਟਲੀ ਰਣਨੀਤਕ ਸਾਂਝੇਦਾਰੀ ਨੂੰ ਖ਼ਾਸ ਰਣਨੀਤਕ ਸਾਂਝੇਦਾਰੀ ਦੇ ਪੱਧਰ ਤੱਕ ਵਧਾਉਣ ਦਾ ਫ਼ੈਸਲਾ ਲਿਆ। ਦੋਵੇਂ ਆਗੂਆਂ ਨੇ ਬਹੁ-ਪੱਖੀ ਆਯੋਜਨਾਂ ਦੌਰਾਨ ਹੋਣ ਵਾਲੀਆਂ ਬੈਠਕਾਂ ਸਮੇਤ ਆਗੂਆਂ ਦੀਆਂ ਸਲਾਨਾ ਬੈਠਕਾਂ ਦੇ ਨਾਲ-ਨਾਲ ਨਿਯਮਿਤ ਮੰਤਰੀ ਪੱਧਰੀ ਅਤੇ ਸੰਸਥਾਗਤ ਪੱਧਰ ਦੀਆਂ ਬੈਠਕਾਂ ਦੇ ਆਯੋਜਨ 'ਤੇ ਵੀ ਸਹਿਮਤੀ ਪ੍ਰਗਟ ਕੀਤੀ।

ਦੋਵਾਂ ਆਗੂਆਂ ਨੇ ਭਾਰਤ-ਇਟਲੀ ਸਾਂਝੇਦਾਰੀ ਦੇ ਸਮੁੱਚੇ ਪਹਿਲੂਆਂ 'ਤੇ ਵਿਆਪਕ ਚਰਚਾ ਕੀਤੀ। ਦੋਵਾਂ ਪ੍ਰਧਾਨ ਮੰਤਰੀਆਂ ਨੇ ਸੰਯੁਕਤ ਰਣਨੀਤਕ ਕਾਰਜ ਯੋਜਨਾ 2025-2029 ਦੇ ਸਾਰੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਦੋਵੇਂ ਆਗੂਆਂ ਨੇ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਵਿਗਿਆਨ ਅਤੇ ਟੈਕਨੋਲੋਜੀ, ਖੋਜ ਅਤੇ ਨਵੀਨਤਾ, ਪੁਲਾੜ, ਊਰਜਾ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਅਹਿਮ ਟੈਕਨੋਲੋਜੀਆਂ, ਸਿੱਖਿਆ, ਸਭਿਆਚਾਰ ਅਤੇ ਲੋਕਾਂ ਦੇ ਆਪਸੀ ਸਬੰਧਾਂ ਵਿੱਚ ਸਹਿਯੋਗ ਨੂੰ ਹੋਰ ਵਧਾਉਣ 'ਤੇ ਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਨੇ ਸੰਯੁਕਤ ਰਣਨੀਤਕ ਕਾਰਜ ਯੋਜਨਾ ਦੀ ਨਿਯਮਿਤ ਸਮੀਖਿਆ ਕਰਨ ਲਈ ਵਿਦੇਸ਼ ਮੰਤਰੀ ਪੱਧਰ 'ਤੇ ਇੱਕ ਵਿਵਸਥਾ ਸਥਾਪਤ ਕਰਨ ਦਾ ਵੀ ਫ਼ੈਸਲਾ ਲਿਆ।

ਦੋਵਾਂ ਆਗੂਆਂ ਨੇ ਦੁਵੱਲੇ ਆਰਥਿਕ ਅਤੇ ਵਪਾਰਕ ਸਬੰਧਾਂ ਵਿੱਚ ਆਈ ਨਵੀਂ ਗਤੀ, ਵਧਦੇ ਨਿਵੇਸ਼ ਅਤੇ ਲੰਬੇ ਸਮੇਂ ਦੇ ਸਹਿਯੋਗ ਨੂੰ ਸਥਾਪਤ ਕਰਨ ਦੇ ਯਤਨਾਂ 'ਤੇ ਚਰਚਾ ਕੀਤੀ। ਇਸ ਸੰਦਰਭ ਵਿੱਚ ਉਨ੍ਹਾਂ ਨੇ ਪਿਛਲੇ ਸਾਲ ਆਯੋਜਿਤ ਤਿੰਨ ਵਪਾਰਕ ਮੰਚਾਂ ਦੇ ਅਦਾਨ-ਪ੍ਰਦਾਨ ਦਾ ਸਵਾਗਤ ਕੀਤਾ। ਦੋਵਾਂ ਪ੍ਰਧਾਨ ਮੰਤਰੀਆਂ ਨੇ ਰੱਖਿਆ, ਡਿਜੀਟਲ, ਊਰਜਾ ਵਰਤੋਂ ਵਿੱਚ ਤਬਦੀਲੀ, ਬੁਨਿਆਦੀ ਢਾਂਚਾ ਅਤੇ ਲੌਜਿਸਟਿਕਸ ਜਿਹੇ ਖੇਤਰਾਂ ਦੀ ਨੁਮਾਇੰਦਗੀ ਕਰਨ ਵਾਲੇ ਚੁਣੇ ਹੋਏ ਇਤਾਲਵੀ ਅਤੇ ਭਾਰਤੀ ਸੀਈਓਜ਼ ਨਾਲ ਵੀ ਮੁਲਾਕਾਤ ਕੀਤੀ। ਦੋਵੇਂ ਆਗੂਆਂ ਨੇ ਸਾਲ 2029 ਤੱਕ ਦੁਵੱਲੇ ਵਪਾਰ ਨੂੰ 20 ਅਰਬ ਯੂਰੋ ਤੱਕ ਵਧਾਉਣ ਦੇ ਸਾਂਝੇ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਜ਼ਰੀਏ ਮਿਲਣ ਵਾਲੇ ਮੌਕਿਆਂ ਦਾ ਲਾਭ ਲੈਣ ’ਤੇ ਸਹਿਮਤੀ ਪ੍ਰਗਟ ਕੀਤੀ ਅਤੇ ਇਸਦੇ ਜਲਦੀ ਲਾਗੂ ਕਰਨ ਦੀ ਮੰਗ ਕੀਤੀ।

ਦੋਵਾਂ ਆਗੂਆਂ ਨੇ ਮੰਤਰੀ ਪੱਧਰੀ ਅਤੇ ਅਧਿਕਾਰਤ ਗੱਲਬਾਤ, ਬੰਦਰਗਾਹ ਦੌਰਿਆਂ ਦੇ ਅਦਾਨ-ਪ੍ਰਦਾਨ ਅਤੇ ਰੱਖਿਆ ਬਲਾਂ ਦੀ ਨਿਯਮਿਤ ਭਾਗੀਦਾਰੀ ਜ਼ਰੀਏ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਨੇ ਰੱਖਿਆ ਉਤਪਾਦਾਂ ਦੇ ਸਹਿ-ਡਿਜ਼ਾਇਨ, ਸਹਿ-ਵਿਕਾਸ ਅਤੇ ਸਹਿ-ਉਤਪਾਦਨ ਵਿੱਚ ਸਹਿਯੋਗ ਲਈ ਉਦਯੋਗਿਕ ਰੂਪ-ਰੇਖਾ, ਸਾਂਝੇ ਇਰਾਦੇ ਦੇ ਐਲਾਨਨਾਮੇ 'ਤੇ ਦਸਤਖ਼ਤ ਦਾ ਸਵਾਗਤ ਕੀਤਾ।

ਦੋਵਾਂ ਆਗੂਆਂ ਨੇ ਦੋਵਾਂ ਦੇਸ਼ਾਂ ਦੇ ਖੋਜਾਰਥੀਆਂ ਅਤੇ ਵਿਗਿਆਨਕ ਸੰਸਥਾਵਾਂ ਵਿਚਕਾਰ ਵਧਦੇ ਸੰਪਰਕ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਨੇ ਇਤਾਲਵੀ ਪੁਲਾੜ ਏਜੰਸੀ ਅਤੇ ਭਾਰਤੀ ਪੁਲਾੜ ਖੋਜ ਸੰਗਠਨ ਵਿਚਕਾਰ ਚੱਲ ਰਹੇ ਸਹਿਯੋਗ ਅਤੇ ਵਪਾਰਕ ਪੁਲਾੜ ਸਹਿਯੋਗ ਨੂੰ ਮਜ਼ਬੂਤ ​​ਕਰਨ ਦੇ ਯਤਨਾਂ ਦਾ ਸਵਾਗਤ ਕੀਤਾ। ਦੋਵਾਂ ਪ੍ਰਧਾਨ ਮੰਤਰੀਆਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ, ਸੈਮੀਕੰਡਕਟਰਾਂ, ਅਹਿਮ ਖਣਿਜਾਂ ਅਤੇ ਹੋਰ ਅਤਿ-ਆਧੁਨਿਕ ਟੈਕਨੋਲੋਜੀਆਂ ਦੇ ਖੇਤਰਾਂ ਵਿੱਚ ਵਧੇਰੇ ਸਹਿਯੋਗ ਦਾ ਸੱਦਾ ਦਿੱਤਾ, ਜਿਸ ਵਿੱਚ ਭਾਰਤ ਦੇ ਪ੍ਰਤਿਭਾਸ਼ਾਲੀ ਕਾਰਜਬਲ ਅਤੇ ਇਟਲੀ ਦੀ ਤਕਨੀਕੀ ਸਮਰੱਥਾ ਦਾ ਤਾਲਮੇਲ ਕੀਤਾ ਜਾ ਸਕੇ।

ਦੋਵਾਂ ਆਗੂਆਂ ਨੇ ਅੱਤਵਾਦ ਦੇ ਖ਼ਤਰੇ ਨਾਲ ਨਜਿੱਠਣ ਲਈ ਆਪਣੀ ਦ੍ਰਿੜ੍ਹ ​​ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਦੁਵੱਲੇ ਅਤੇ ਬਹੁ-ਪੱਖੀ ਪੱਧਰਾਂ 'ਤੇ ਸਹਿਯੋਗ ਜਾਰੀ ਰੱਖਣ 'ਤੇ ਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਨੇ ਨਵੰਬਰ, 2025 ਵਿੱਚ ਅਪਣਾਈ ਗਈ ਅੱਤਵਾਦ ਦੀ ਫਾਇਨਾਂਸਿੰਗ ਦਾ ਮੁਕਾਬਲਾ ਕਰਨ ਦੀ ਸਾਂਝੀ ਪਹਿਲਕਦਮੀ ਦੇ ਲਾਗੂਕਰਨ 'ਤੇ ਸੰਤੁਸ਼ਟੀ ਪ੍ਰਗਟ ਕੀਤੀ।

ਦੋਵਾਂ ਆਗੂਆਂ ਨੇ ਇਟਲੀ ਵਿੱਚ ਭਾਰਤੀ ਪ੍ਰਵਾਸੀਆਂ ਦੇ ਕੀਮਤੀ ਯੋਗਦਾਨ ਨੂੰ ਮਾਨਤਾ ਪ੍ਰਦਾਨ ਕੀਤੀ ਅਤੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਸਿੱਖਿਆ ਸ਼ਾਸਤਰੀਆਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ’ਤੇ ਸਹਿਮਤੀ ਪ੍ਰਗਟ ਕੀਤੀ। ਦੋਵਾਂ ਆਗੂਆਂ ਨੇ ਸਾਲ 2027 ਨੂੰ "ਭਾਰਤ ਅਤੇ ਇਟਲੀ ਵਿਚਕਾਰ ਸਭਿਆਚਾਰ ਅਤੇ ਸੈਰ-ਸਪਾਟੇ ਦਾ ਸਾਲ" ਵਜੋਂ ਮਨਾਉਣ ’ਤੇ ਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਨੇ ਗੁਜਰਾਤ ਦੇ ਲੋਥਲ ਵਿਖੇ ਰਾਸ਼ਟਰੀ ਸਮੁੰਦਰੀ ਵਿਰਾਸਤ ਕੰਪਲੈਕਸ ਦੇ ਵਿਕਾਸ ਅਤੇ ਭਾਰਤ ਤੋਂ ਨਰਸਾਂ ਦੀ ਭਰਤੀ ’ਤੇ ਸਹਿਯੋਗ ਲਈ ਭਾਰਤ ਅਤੇ ਇਟਲੀ ਵਿਚਕਾਰ ਦਸਤਖ਼ਤ ਕੀਤੇ ਗਏ ਸਹਿਮਤੀ ਪੱਤਰਾਂ ਦਾ ਸਵਾਗਤ ਕੀਤਾ।

ਦੋਵਾਂ ਆਗੂਆਂ ਨੇ ਠੋਸ ਪ੍ਰਾਜੈਕਟਾਂ ਜ਼ਰੀਏ ਕਨੈਕਟੀਵਿਟੀ ਬੁਨਿਆਦੀ ਢਾਂਚੇ ਦੇ ਨਿਰਮਾਣ ਦੀ ਮਜ਼ਬੂਤ ਇੱਛਾ ਪ੍ਰਗਟ ਕੀਤੀ ਅਤੇ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ (ਆਈਐੱਮਈਸੀ) ਦੇ ਲਾਗੂਕਰਨ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ।

ਦੋਵਾਂ ਆਗੂਆਂ ਨੇ ਆਪਸੀ ਹਿਤ ਦੇ ਵਿਸ਼ਵ-ਵਿਆਪੀ ਅਤੇ ਖੇਤਰੀ ਮੁੱਦਿਆਂ 'ਤੇ ਵੀ ਵਿਚਾਰ-ਚਰਚਾ ਕੀਤੀ, ਜਿਨ੍ਹਾਂ ਵਿੱਚ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਘਟਨਾਕ੍ਰਮ, ਭਾਰਤ-ਯੂਰਪੀਅਨ ਯੂਨੀਅਨ ਸਬੰਧ ਅਤੇ ਪੱਛਮੀ ਏਸ਼ੀਆ ਅਤੇ ਯੂਰਪ ਵਿੱਚ ਚੱਲ ਰਹੇ ਟਕਰਾਅ ਸ਼ਾਮਲ ਹਨ। ਪ੍ਰਧਾਨ ਮੰਤਰੀ ਮੋਦੀ ਨੇ ਮੌਜੂਦਾ ਟਕਰਾਵਾਂ ਦੇ ਸ਼ਾਂਤੀਪੂਰਨ ਹੱਲ ਲਈ ਗੱਲਬਾਤ ਅਤੇ ਕੂਟਨੀਤੀ ਦੇ ਮਹੱਤਵ 'ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਮੋਦੀ ਨੇ ਇਟਲੀ ਗਣਰਾਜ ਦੀ ਸਰਕਾਰ ਅਤੇ ਲੋਕਾਂ ਦੀ ਨਿੱਘੀ ਮਹਿਮਾਨ-ਨਿਵਾਜ਼ੀ ਲਈ ਪ੍ਰਧਾਨ ਮੰਤਰੀ ਮੈਲੋਨੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਆਪਸੀ ਤੌਰ ’ਤੇ ਸੁਵਿਧਾਜਨਕ ਸਮੇਂ 'ਤੇ ਭਾਰਤ ਆਉਣ ਦਾ ਸੱਦਾ ਦਿੱਤਾ।

*********

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2263795) ਵਿਜ਼ੀਟਰ ਕਾਊਂਟਰ : 7