ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਜਨਸੰਖਿਅਕ ਤਾਕਤ ਬ੍ਰਿਕਸ ਦੇਸ਼ਾਂ ਨੂੰ ਭਵਿੱਖ ਦੇ ਕਾਰਜਾਂ ਨੂੰ ਰੂਪ ਦੇਣ ਦਾ ਮੌਕਾ ਪ੍ਰਦਾਨ ਕਰਦੀ ਹੈ: ਡਾ. ਮਨਸੁਖ ਮਾਂਡਵੀਆ
ਜਦੋਂ ਬ੍ਰਿਕਸ ਦੇਸ਼ ਇਕੱਠੇ ਮਿਲ ਕੇ ਕੰਮ ਕਰਦੇ ਹਨ ਅਤੇ ਇੱਕ ਦੂਜੇ ਤੋਂ ਸਿੱਖਦੇ ਹਨ ਤਾਂ ਸਥਾਨਕ ਨਵੀਨਤਾਵਾਂ ਆਲਮੀ ਪ੍ਰਭਾਵ ਪੈਦਾ ਕਰ ਸਕਦੀਆਂ ਹਨ: ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਖੜਸੇ
ਭਾਰਤ ਦੀ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਯੁਵਾ ਪ੍ਰੀਸ਼ਦ ਉੱਦਮਤਾ ਕਾਰਜ ਸਮੂਹ ਦੀ ਬੈਠਕ ਜਾਰੀ
Posted On:
20 MAY 2026 6:57PM by PIB Chandigarh
ਭਾਰਤ ਦੀ ਬ੍ਰਿਕਸ (BRICS) ਪ੍ਰਧਾਨਗੀ 2026 ਦੇ ਤਹਿਤ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਬ੍ਰਿਕਸ ਯੁਵਾ ਪ੍ਰੀਸ਼ਦ ਉੱਦਮਤਾ ਕਾਰਜ ਸਮੂਹ ਦੀ ਬੈਠਕ ਜਾਰੀ ਹੈ। ਇਸ ਬੈਠਕ ਵਿੱਚ ਬ੍ਰਿਕਸ ਦੇਸ਼ਾਂ ਦੇ ਨੌਜਵਾਨ ਉੱਦਮੀ, ਨੁਮਾਇੰਦੇ, ਨੀਤੀ ਘੜਨ ਵਾਲੇ ਅਤੇ ਹਿਤਧਾਰਕ ਉੱਦਮਤਾ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਨਵਾਚਾਰ-ਅਧਾਰਿਤ ਨਿਰੰਤਰ ਵਿਕਾਸ ਨੂੰ ਉਤਸ਼ਾਹਿਤ ਕਰਨ 'ਤੇ ਵਿਚਾਰ-ਵਟਾਂਦਰਾ ਕਰਨ ਲਈ ਇਕੱਠੇ ਹੋਏ ਹਨ।

ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਯੁਵਾ ਮਾਮਲੇ ਵਿਭਾਗ ਵੱਲੋਂ ਆਯੋਜਿਤ ਇਹ ਬੈਠਕ “ਲਚਕੀਲਾਪਨ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ” ਥੀਮ ਦੇ ਤਹਿਤ ਆਯੋਜਿਤ ਕੀਤੀ ਜਾ ਰਹੀ ਹੈ।
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਹਿੱਸਾ ਲੈਣ ਵਾਲਿਆਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਬ੍ਰਿਕਸ ਦੇਸ਼ਾਂ ਦੀ ਜਨਸੰਖਿਅਕ ਤਾਕਤ 'ਤੇ ਜ਼ੋਰ ਦਿੱਤਾ, ਜੋ ਉਨ੍ਹਾਂ ਨੂੰ ਭਵਿੱਖ ਦੇ ਰੁਜ਼ਗਾਰ ਨੂੰ ਰੂਪ ਦੇਣ ਦਾ ਮੌਕਾ ਪ੍ਰਦਾਨ ਕਰਦੀ ਹੈ।
ਉਨ੍ਹਾਂ ਨੇ ਕਿਹਾ, “ਸਾਡੇ ਦੇਸ਼ ਮਿਲ ਕੇ ਵਿਸ਼ਵ ਦੀ ਲਗਭਗ ਅੱਧੀ ਆਬਾਦੀ ਦੀ ਅਗਵਾਈ ਕਰਦੇ ਹਨ। ਕਈ ਬ੍ਰਿਕਸ ਦੇਸ਼ਾਂ ਦੀਆਂ ਅਰਥ-ਵਿਵਸਥਾਵਾਂ ਵਿੱਚ 50 ਪ੍ਰਤੀਸ਼ਤ ਤੋਂ ਵੱਧ ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ। ਇਕੱਲੇ ਭਾਰਤ ਵਿੱਚ ਹੀ ਲਗਭਗ 65 ਪ੍ਰਤੀਸ਼ਤ ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ। ਇਹ ਜਨਸੰਖਿਅਕ ਤਾਕਤ ਬ੍ਰਿਕਸ ਦੇਸ਼ਾਂ ਨੂੰ ਭਵਿੱਖ ਦੇ ਕਾਰਜਾਂ ਨੂੰ ਰੂਪ ਦੇਣ ਦਾ ਮੌਕਾ ਪ੍ਰਦਾਨ ਕਰਦੀ ਹੈ। ਬ੍ਰਿਕਸ ਦੇਸ਼ਾਂ ਵਿੱਚ ਨੌਜਵਾਨ ਪਹਿਲਾਂ ਹੀ ਪਰਿਵਰਤਨਕਾਰੀ ਬਦਲਾਅ ਲਿਆ ਰਹੇ ਹਨ।”

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਹੁਨਰ ਵਿਕਾਸ, ਡਿਜੀਟਲ ਸਮਾਵੇਸ਼ ਅਤੇ ਉੱਦਮ-ਅਧਾਰਿਤ ਵਿਕਾਸ 'ਤੇ ਕੇਂਦਰਿਤ ਯਤਨਾਂ ਰਾਹੀਂ ਸਤਿਕਾਰਯੋਗ ਰੁਜ਼ਗਾਰ ਦੇ ਮੌਕਿਆਂ ਦਾ ਵਿਸਤਾਰ ਕਰਨ ਅਤੇ ਦੁਨੀਆ ਦੇ ਸਭ ਤੋਂ ਜੀਵੰਤ ਸਟਾਰਟ-ਅੱਪ ਈਕੋਸਿਸਟਮ ਵਿੱਚੋਂ ਇੱਕ ਦਾ ਨਿਰਮਾਣ ਕਰਨ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ।
ਸਥਾਨਕ ਨਵੀਨਤਾ ਤੋਂ ਆਲਮੀ ਪ੍ਰਭਾਵ ਤੱਕ: ਨੌਜਵਾਨਾਂ ਦੀ ਅਗਵਾਈ ਵਾਲੇ ਸਟਾਰਟਅੱਪ ਈਕੋਸਿਸਟਮ ਲਈ ਬ੍ਰਿਕਸ ਸਹਿਯੋਗ” ਵਿਸ਼ੇ 'ਤੇ ਆਯੋਜਿਤ ਇੱਕ ਵਿਸ਼ੇਸ਼ ਸੈਸ਼ਨ ਵਿੱਚ ਬ੍ਰਿਕਸ ਦੇਸ਼ਾਂ ਦੇ ਭਾਗੀਦਾਰਾਂ ਨੇ ਉੱਦਮਤਾ ਦੇ ਖੇਤਰ ਵਿੱਚ ਆਪਣੇ ਤਜਰਬੇ, ਪਹਿਲਕਦਮੀਆਂ ਅਤੇ ਸਰਵੋਤਮ ਅਭਿਆਸਾਂ ਨੂੰ ਸਾਂਝਾ ਕੀਤਾ। ਇਸ ਸੈਸ਼ਨ ਨੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਬ੍ਰਿਕਸ ਦੇਸ਼ਾਂ ਵਿਚਕਾਰ ਸਹਿਯੋਗ ਵਧਾਉਣ ਲਈ ਵਿਚਾਰਾਂ ਦੇ ਆਦਾਨ-ਪ੍ਰਦਾਨ ਅਤੇ ਚਰਚਾਵਾਂ ਦਾ ਇੱਕ ਮੰਚ ਪ੍ਰਦਾਨ ਕੀਤਾ।
ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਨਿਖਿਲ ਖੜਸੇ ਨੇ ਕਿਹਾ, "ਜਦੋਂ ਬ੍ਰਿਕਸ ਦੇਸ਼ ਇਕੱਠੇ ਮਿਲ ਕੇ ਕੰਮ ਕਰਦੇ ਹਨ ਅਤੇ ਇੱਕ ਦੂਜੇ ਤੋਂ ਸਿੱਖਦੇ ਹਨ ਤਾਂ ਸਥਾਨਕ ਨਵਾਚਾਰ ਆਲਮੀ ਪ੍ਰਭਾਵ ਪੈਦਾ ਕਰ ਸਕਦੇ ਹਨ।"

ਉਨ੍ਹਾਂ ਨੇ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਸਟਾਰਟਅੱਪ ਈਕੋਸਿਸਟਮ 'ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਛੋਟੇ ਸ਼ਹਿਰਾਂ ਅਤੇ ਟੀਅਰ-2 ਤੇ ਟੀਅਰ-3 ਸ਼ਹਿਰਾਂ ਦੇ ਨੌਜਵਾਨ ਤੇਜ਼ੀ ਨਾਲ ਸਫ਼ਲ ਕਾਰੋਬਾਰਾਂ ਦਾ ਨਿਰਮਾਣ ਕਰ ਰਹੇ ਹਨ, ਜੋ ਸਮਾਵੇਸ਼ੀ ਅਤੇ ਨੌਜਵਾਨਾਂ ਦੀ ਅਗਵਾਈ ਵਾਲੀ ਨਵੀਨਤਾ ਪ੍ਰਤੀ ਦੇਸ਼ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਪੂਰੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਯੁਵਾ ਮਾਮਲਿਆਂ ਦੇ ਵਿਭਾਗ ਦੀ ਸਕੱਤਰ ਡਾ. ਪੱਲਵੀ ਜੈਨ ਗੋਵਿਲ ਨੇ ਨਵੀਨਤਾ ਅਤੇ ਸਮਾਵੇਸ਼ੀ ਵਿਕਾਸ ਨੂੰ ਗਤੀ ਦੇਣ ਵਿੱਚ ਨੌਜਵਾਨ ਉੱਦਮਤਾ ਦੇ ਵਧਦੇ ਮਹੱਤਵ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ, “ਨੌਜਵਾਨਾਂ ਦੀ ਅਗਵਾਈ ਵਾਲੀ ਉੱਦਮਤਾ ਨੂੰ ਨਵੀਨਤਾ, ਰੁਜ਼ਗਾਰ ਅਤੇ ਸਮਾਵੇਸ਼ੀ ਵਿਕਾਸ ਦੇ ਇੱਕ ਮੁੱਖ ਚਾਲਕ ਵਜੋਂ ਤੇਜ਼ੀ ਨਾਲ ਮਾਨਤਾ ਮਿਲ ਰਹੀ ਹੈ। ਜਿਵੇਂ-ਜਿਵੇਂ ਸਾਡੀਆਂ ਅਰਥ-ਵਿਵਸਥਾਵਾਂ ਵਿਕਸਿਤ ਹੋ ਰਹੀਆਂ ਹਨ, ਨੌਜਵਾਨ ਉੱਦਮੀ ਅਜਿਹੇ ਹੱਲ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ, ਜੋ ਸਥਾਨਕ ਪੱਧਰ 'ਤੇ ਢੁਕਵੇਂ ਹੋਣ ਦੇ ਨਾਲ-ਨਾਲ ਵਿਸ਼ਵ ਪੱਧਰ 'ਤੇ ਵੀ ਅਪਣਾਉਣ ਯੋਗ ਹਨ।”
ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਬ੍ਰਿਕਸ ਉੱਦਮਤਾ ਕਾਰਜ ਸਮੂਹ ਮੈਂਬਰ ਦੇਸ਼ਾਂ ਨੂੰ ਵਿਕਾਸ ਸਬੰਧੀ ਤਜਰਬਿਆਂ ਦਾ ਆਦਾਨ-ਪ੍ਰਦਾਨ ਕਰਨ ਅਤੇ ਵੱਖ-ਵੱਖ ਆਰਥਿਕ ਸੰਦਰਭਾਂ ਵਿੱਚ ਲਚਕੀਲੇ ਤੇ ਭਵਿੱਖ ਲਈ ਤਿਆਰ ਉੱਦਮੀ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਵਿਹਾਰਕ ਅਤੇ ਵਿਸਤਾਰਯੋਗ ਪਹੁੰਚਾਂ ਦੀ ਪਛਾਣ ਕਰਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰਦਾ ਹੈ। ਉਦਘਾਟਨੀ ਸੈਸ਼ਨ ਵਿੱਚ ਮੱਧ ਪ੍ਰਦੇਸ਼ ਸਰਕਾਰ ਦੇ ਖੇਡ ਅਤੇ ਯੁਵਾ ਭਲਾਈ ਮੰਤਰੀ ਸ਼੍ਰੀ ਵਿਸ਼ਵਾਸ ਕੈਲਾਸ਼ ਸਾਰੰਗ, ਭਾਰਤ ਸਰਕਾਰ ਦੇ ਯੁਵਾ ਮਾਮਲਿਆਂ ਦੇ ਵਿਭਾਗ ਦੇ ਵਧੀਕ ਸਕੱਤਰ ਸ਼੍ਰੀ ਨਿਤੇਸ਼ ਕੁਮਾਰ ਮਿਸ਼ਰਾ, ਬ੍ਰਿਕਸ ਮੈਂਬਰ ਦੇਸ਼ਾਂ ਦੇ ਨੁਮਾਇੰਦੇ, ਸੀਨੀਅਰ ਸਰਕਾਰੀ ਅਧਿਕਾਰੀ, ਨੌਜਵਾਨ ਉੱਦਮੀ ਅਤੇ ਉੱਦਮਤਾ ਤੇ ਨਵੀਨਤਾ ਈਕੋਸਿਸਟਮ ਦੇ ਹਿਤਧਾਰਕ ਹਾਜ਼ਰ ਸਨ।

ਪ੍ਰੋਗਰਾਮ ਦੀ ਸ਼ੁਰੂਆਤ ਤਕਨਾਲੋਜੀ , ਸਥਿਰਤਾ ਅਤੇ ਸਮਾਜਿਕ ਉੱਦਮ ਸਮੇਤ ਵੱਖ-ਵੱਖ ਖੇਤਰਾਂ ਵਿੱਚ ਨਵੀਨਤਾਵਾਂ ਅਤੇ ਉੱਦਮਤਾ ਸੰਬੰਧੀ ਪਹਿਲਕਦਮੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਦੇ ਉਦਘਾਟਨ ਨਾਲ ਹੋਈ। ਪ੍ਰੋਗਰਾਮ ਵਿੱਚ ਬ੍ਰਿਕਸ ਦੇਸ਼ਾਂ ਵਿੱਚ ਨੌਜਵਾਨਾਂ ਦੀ ਅਗਵਾਈ ਵਾਲੇ ਉੱਦਮੀ ਈਕੋਸਿਸਟਮ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਪੂਰੇ ਸੈਸ਼ਨ ਅਤੇ ਆਪਸੀ ਗੱਲਬਾਤ ਵਾਲੀਆਂ ਗਤੀਵਿਧੀਆਂ ਵੀ ਸ਼ਾਮਲ ਸਨ।
ਇਸ ਬੈਠਕ ਵਿੱਚ ਡਿਜੀਟਲ ਨਵੀਨਤਾ ਅਤੇ ਤਕਨਾਲੋਜੀ-ਅਧਾਰਿਤ ਉੱਦਮਤਾ, ਸਮਾਜਿਕ ਤੇ ਸਮਾਵੇਸ਼ੀ ਉੱਦਮਤਾ ਅਤੇ ਹਰਿਤ ਉੱਦਮਤਾ ਤੇ ਜਲਵਾਯੂ-ਅਨੁਕੂਲ ਕਾਰੋਬਾਰੀ ਮਾਡਲਾਂ 'ਤੇ ਕੇਂਦਰਿਤ ਵਿਸ਼ਾ-ਅਧਾਰਿਤ ਪੈਨਲ ਚਰਚਾਵਾਂ ਵੀ ਹੋਈਆਂ। ਇਹਨਾਂ ਚਰਚਾਵਾਂ ਵਿੱਚ (ਆਰਟੀਫੀਸ਼ੀਅਲ ਇੰਟੈਲੀਜੈਂਸ), ਫਿਨਟੈਕ, ਐਗਰੀਟੈਕ, ਸਥਿਰਤਾ ਅਤੇ ਸਵੱਛ ਊਰਜਾ ਵਰਗੇ ਖੇਤਰਾਂ ਵਿੱਚ ਨੌਜਵਾਨ ਉੱਦਮੀਆਂ ਲਈ ਉੱਭਰ ਰਹੇ ਮੌਕਿਆਂ ਦੀ ਤਲਾਸ਼ ਕੀਤੀ ਗਈ, ਨਾਲ ਹੀ ਸਮਾਵੇਸ਼ੀ ਵਿਕਾਸ ਅਤੇ ਭਾਈਚਾਰੇ ਵੱਲੋਂ ਚਲਾਏ ਜਾਣ ਵਾਲੇ ਕਾਰੋਬਾਰਾਂ ਦੇ ਮਹੱਤਵ 'ਤੇ ਵੀ ਚਾਨਣਾ ਪਾਇਆ ਗਿਆ।

ਪੈਨਲ ਚਰਚਾਵਾਂ ਤੋਂ ਇਲਾਵਾ ਪ੍ਰੋਗਰਾਮ ਵਿੱਚ ਆਪਸੀ ਗੱਲਬਾਤ ਵਾਲੇ ਨੈੱਟਵਰਕਿੰਗ ਸੈਸ਼ਨ ਅਤੇ ਨੌਜਵਾਨ ਉੱਦਮੀਆਂ ਨਾਲ ਗੈਰ-ਰਸਮੀ ਗੱਲਬਾਤ ਸ਼ਾਮਲ ਸੀ, ਜਿਸਦਾ ਉਦੇਸ਼ ਭਾਗੀਦਾਰਾਂ ਵਿਚਕਾਰ ਸੰਵਾਦ, ਸਹਿਯੋਗ ਅਤੇ ਵੱਖ-ਵੱਖ ਦੇਸ਼ਾਂ ਵਿਚਕਾਰ ਗਿਆਨ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਸੀ।
ਇਸ ਬੈਠਕ ਨੇ ਨੁਮਾਇੰਦਿਆਂ ਨੂੰ ਆਪਣੇ ਤਜਰਬੇ ਸਾਂਝੇ ਕਰਨ, ਸਰਬੋਤਮ ਅਭਿਆਸਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਬ੍ਰਿਕਸ ਦੇਸ਼ਾਂ ਵਿੱਚ ਉੱਦਮਤਾ ਤੇ ਨਵੀਨਤਾ ਦੇ ਖੇਤਰ ਵਿੱਚ ਗੂੜ੍ਹੇ ਸਹਿਯੋਗ ਦੇ ਰਾਹ ਤਲਾਸ਼ਣ ਦਾ ਮੌਕਾ ਪ੍ਰਦਾਨ ਕੀਤਾ ਹੈ।
ਇਹ ਪ੍ਰੋਗਰਾਮ ਵਰਕਸ਼ਾਪਾਂ, ਚਰਚਾਵਾਂ ਅਤੇ ਆਪਸੀ ਗੱਲਬਾਤ ਵਾਲੇ ਸੈਸ਼ਨਾਂ ਦੇ ਨਾਲ ਜਾਰੀ ਰਹੇਗਾ, ਜਿਸਦਾ ਉਦੇਸ਼ ਬ੍ਰਿਕਸ ਦੇਸ਼ਾਂ ਦੇ ਨੌਜਵਾਨ ਉੱਦਮੀਆਂ ਵਿਚਕਾਰ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ ਅਤੇ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ।
ਬ੍ਰਿਕਸ ਯੁਵਾ ਪ੍ਰੀਸ਼ਦ ਉੱਦਮਤਾ ਕਾਰਜ ਸਮੂਹ ਦੀ ਬੈਠਕ ਬ੍ਰਿਕਸ ਦੀ ਪ੍ਰਧਾਨਗੀ ਦੌਰਾਨ ਨੌਜਵਾਨਾਂ ਦੀ ਅਗਵਾਈ ਵਾਲੀ ਨਵੀਨਤਾ , ਉੱਦਮਤਾ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ।
************
ਪਵਨ ਸਿੰਘ ਫੌਜਦਾਰ
(Release ID: 2263718)
ਵਿਜ਼ੀਟਰ ਕਾਊਂਟਰ : 7