ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਗੰਗਟੋਕ ਵਿੱਚ ਸਿੱਕਮ ਦੇ 51ਵੇਂ ਰਾਜ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ


ਸਿੱਕਮ ਸਿਰਫ਼ ਖੇਤੀਬਾੜੀ ਦੇ ਖੇਤਰ ਵਿੱਚ ਹੀ ਜੈਵਿਕ ਨਹੀਂ ਹੈ, ਸਗੋਂ ਚਰਿੱਤਰ ਪੱਖੋਂ ਵੀ ਜੈਵਿਕ ਹੈ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਕਿਹਾ ਕਿ ਸਿੱਕਮ ਕੁਦਰਤ, ਸਭਿਆਚਾਰ ਅਤੇ ਸ਼ਾਸਨ ਦੇ ਵਿਚਕਾਰ ਤਾਲਮੇਲ ਦੀ ਇੱਕ ਸ਼ਾਨਦਾਰ ਮਿਸਾਲ ਹੈ

ਪ੍ਰਧਾਨ ਮੰਤਰੀ ਦਾ “ਐਕਟ ਈਸਟ, ਐਕਟ ਫਾਸਟ” ਵਿਜ਼ਨ ਅਸ਼ਟਲਕਸ਼ਮੀ ਰਾਜਾਂ ਵਿੱਚ ਵਿਕਾਸ ਨੂੰ ਤੇਜ਼ੀ ਨਾਲ ਅੱਗੇ ਵਧਾ ਰਿਹਾ ਹੈ: ਉਪ ਰਾਸ਼ਟਰਪਤੀ

ਰਾਜ ਦਿਵਸ ਸਮਾਰੋਹ ਦੇ ਦੌਰਾਨ ਉਪ ਰਾਸ਼ਟਰਪਤੀ ਨੇ ਸਿੱਕਮ ਦੀ ਖ਼ੁਸ਼ਹਾਲ ਸਭਿਆਚਾਰਕ ਵਿਰਾਸਤ ਦੀ ਸ਼ਲਾਘਾ ਕੀਤੀ

ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਗੰਗਟੋਕ ਵਿੱਚ ਸਿੱਕਮ ਦੇ 51ਵੇਂ ਰਾਜ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ

Posted On: 16 MAY 2026 7:08PM by PIB Chandigarh

ਸਿੱਕਮ ਦੇ ਸਥਾਪਨਾ ਦਿਵਸ ਸਮਾਰੋਹ ਦੇ ਮੌਕੇ ’ਤੇ ਰਾਜ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਉਪ-ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ 50 ਸਾਲਾਂ ਵਿੱਚ ਇਸ ਹਿਮਾਲੀਅਨ ਰਾਜ ਦੀ ਯਾਤਰਾ ਬਹੁਤ ਹੀ ਅਸਧਾਰਨ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਦੌਰਾਨ ਉਨ੍ਹਾਂ ਨੇ ਸਿੱਕਮ ਦੇ ਭਾਰਤ ਵਿੱਚ ਰਲੇਵੇਂ ਨਾਲ ਸਬੰਧਤ ਘਟਨਾਕ੍ਰਮ ਨੂੰ ਬਹੁਤ ਨੇੜਿਓਂ ਦੇਖਿਆ ਸੀ। ਉਨ੍ਹਾਂ ਨੇ ਸਿੱਕਮ ਦੇ 51ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਹਾਜ਼ਰ ਹੋਣ ’ਤੇ ਖੁਸ਼ੀ ਪ੍ਰਗਟਾਈ।

ਸਿੱਕਮ ਨੂੰ “ਹਰਾ-ਭਰਾ, ਆਰਗੈਨਿਕ ਅਤੇ ਸਵੱਛ” ਦੱਸਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਸਿੱਕਮ ਕੇਵਲ ਖੇਤੀਬਾੜੀ ਦੇ ਖੇਤਰ ਵਿੱਚ ਹੀ ਆਰਗੈਨਿਕ ਨਹੀਂ ਹੈ, ਬਲਕਿ ਉਸਦਾ ਚਰਿੱਤਰ ਵੀ “ਆਰਗੈਨਿਕ” ਹੈ। ਰਾਜ ਵਿੱਚ ਆਪਣੀ ਸੜਕ ਯਾਤਰਾ ਦਾ ਜ਼ਿਕਰ ਕਰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਸਿੱਕਮ ਦੇ ਲੋਕਾਂ ਦਾ ਅਨੁਸ਼ਾਸਿਤ ਅਤੇ ਦਿਆਲੂ ਸੁਭਾਅ ਦੇਖਿਆ ਹੈ। ਉਨ੍ਹਾਂ ਕਿਹਾ ਕਿ ਚੰਗੇ ਵਿਚਾਰ ਅਤੇ ਸੁਖਾਵੇਂ ਜੀਵਨ ਦੀ ਸ਼ੈਲੀ ਵਿਅਕਤੀ ਅਤੇ ਸਮਾਜ—ਦੋਵਾਂ ਨੂੰ ਮਜ਼ਬੂਤ ਬਣਾਉਂਦੇ ਹਨ।

ਉਪ-ਰਾਸ਼ਟਰਪਤੀ ਨੇ ਕਿਹਾ ਕਿ ਸਿੱਕਮ ਇਸ ਗੱਲ ਦੀ ਸ਼ਾਨਦਾਰ ਮਿਸਾਲ ਹੈ ਕਿ ਕੁਦਰਤ, ਸਭਿਆਚਾਰ ਅਤੇ ਸ਼ਾਸਨ ਵਿਚਾਲੇ ਤਾਲਮੇਲ ਨਾਲ ਕੀ-ਕੀ ਪ੍ਰਾਪਤੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਰਾਜ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜ ਦੀ ਸਥਾਪਨਾ ਦਾ 51ਵਾਂ ਵਰ੍ਹਾ ਵਿਕਾਸ, ਤਬਦੀਲੀ ਅਤੇ ਸਮਾਵੇਸ਼ੀ ਵਿਕਾਸ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਕਰੇਗਾ।

ਸਿੱਕਮ ਦੇ ਪਹਿਲੇ ਮੁੱਖ ਮੰਤਰੀ ਸ਼੍ਰੀ ਕਾਜ਼ੀ ਲੈਂਡੁਪ ਦੋਰਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਇੱਕ ਦੂਰਅੰਦੇਸ਼ੀ ਆਗੂ ਵਜੋਂ ਯਾਦ ਕੀਤਾ ਜਾਵੇਗਾ, ਜਿਨ੍ਹਾਂ ਨੇ ਸਿਆਣਪ, ਦਲੇਰੀ ਅਤੇ ਵਚਨਬੱਧਤਾ ਨਾਲ ਸਿੱਕਮ ਦੇ ਇਤਿਹਾਸਕ ਜਮਹੂਰੀ ਪਰਿਵਰਤਨ ਰਾਹੀਂ ਮਾਰਗ-ਦਰਸ਼ਨ ਕੀਤਾ।

ਰਾਜ ਦੀ ਸਥਾਪਨਾ ਦੇ 50ਵੇਂ ਵਰ੍ਹੇ ਦੇ ਸਮਾਪਤੀ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਹਾਲੀਆ ਸਿੱਕਮ ਯਾਤਰਾ ਦਾ ਜ਼ਿਕਰ ਕਰਦੇ ਹੋਏ ਉਪ-ਰਾਸ਼ਟਰਪਤੀ ਨੇ ਕਿਹਾ ਕਿ 4,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਅਤੇ ਉਨ੍ਹਾਂ ਨੂੰ ਜਨਤਾ ਨੂੰ ਸਮਰਪਿਤ ਕੀਤਾ ਗਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ “ਐਕਟ ਈਸਟ, ਐਕਟ ਫਾਸਟ” ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੇ ਹੋਏ ਸਿੱਕਮ ਨੂੰ ਉੱਤਰ-ਪੂਰਬ ਦੀ “ਅਸ਼ਟਲਕਸ਼ਮੀ” ਦਾ ਇੱਕ ਅਨਿੱਖੜਵਾਂ ਅੰਗ ਦੱਸਿਆ।

ਉਪ-ਰਾਸ਼ਟਰਪਤੀ ਨੇ ਕਿਹਾ ਕਿ “ਵਿਕਸਿਤ ਭਾਰਤ @2047” ਦਾ ਦ੍ਰਿਸ਼ਟੀਕੋਣ ਸਮਾਵੇਸ਼ੀ ਵਿਕਾਸ ’ਤੇ ਅਧਾਰਿਤ ਹੈ, ਜਿਸ ਵਿੱਚ ਕਿਸੇ ਵੀ ਖੇਤਰ ਨੂੰ ਪਿੱਛੇ ਨਹੀਂ ਛੱਡਿਆ ਜਾਵੇਗਾ। ਉੱਤਰ-ਪੂਰਬ ਵਿੱਚ ਬੁਨਿਆਦੀ ਢਾਂਚੇ ਅਤੇ ਸੰਪਰਕ ਵਿਵਸਥਾ  ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਉੱਤਰ-ਪੂਰਬੀ ਖੇਤਰ ਦੇ ਵਿਕਾਸ ਮੰਤਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਖੇਤਰ ਵਿੱਚ ਰੇਲਵੇ ਅਤੇ ਹੈਲੀਪੋਰਟ ਸਹੂਲਤਾਂ ਦੇ ਵਿਸਥਾਰ ਨੂੰ ਉਜਾਗਰ ਕੀਤਾ।ਆਪਣੀ ਹਾਲੀਆ ਮਿਜ਼ੋਰਮ ਯਾਤਰਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬਿਹਤਰ ਰੇਲ ਸੰਪਰਕ ਨਾਲ ਉੱਤਰ-ਪੂਰਬ ਵਿੱਚ ਵਪਾਰ, ਸੈਰ-ਸਪਾਟਾ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲਿਆ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸਿੱਕਮ ਨੂੰ ਵੀ ਜਲਦੀ ਹੀ ਸਿੱਧਾ ਰੇਲ ਸੰਪਰਕ ਮਿਲ ਜਾਵੇਗਾ, ਜਿਸ ਨਾਲ ਰਾਜ ਦੇ ਆਰਗੈਨਿਕ ਉਤਪਾਦਾਂ ਨੂੰ ਪੂਰੇ ਭਾਰਤ ਦੇ ਬਾਜ਼ਾਰਾਂ ਤੱਕ ਪਹੁੰਚਣ ਵਿੱਚ ਮਦਦ ਮਿਲੇਗੀ ਅਤੇ “ਵਿਕਸਿਤ ਭਾਰਤ @2047” ਵਿੱਚ ਉਸਦਾ ਯੋਗਦਾਨ ਹੋਰ ਵੀ ਮਜ਼ਬੂਤ ਹੋਵੇਗਾ।

ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮਾਂਗ ਦੀ ਅਗਵਾਈ ਵਿੱਚ ਸਿੱਕਮ ਸਰਕਾਰ ਦੀ ਸ਼ਲਾਘਾ ਕਰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਰਾਜ ਟਿਕਾਊ ਵਿਕਾਸ  ਦੇ ਇੱਕ ਵਿਸ਼ਵ ਮਾਡਲ ਵਜੋਂ ਉੱਭਰਿਆ ਹੈ। ਉਨ੍ਹਾਂ ਨੇ ਯਾਦ ਕਰਵਾਇਆ ਕਿ ਸਾਲ 2016 ਵਿੱਚ ਸਿੱਕਮ ਦੁਨੀਆ ਦਾ ਪਹਿਲਾ 100 ਫੀਸਦੀ ਜੈਵਿਕ (ਆਰਗੈਨਿਕ) ਰਾਜ ਬਣਿਆ ਸੀ। ਉਨ੍ਹਾਂ ਨੇ 76,000 ਹੈਕਟੇਅਰ ਤੋਂ ਵੱਧ ਖੇਤੀਬਾੜੀ ਯੋਗ ਜ਼ਮੀਨ ਨੂੰ ਰਸਾਇਣ -ਮੁਕਤ ਵਾਤਾਵਰਨ ਪ੍ਰਣਾਲੀ ਵਿੱਚ ਤਬਦੀਲ ਕੀਤੇ ਜਾਣ ਨੂੰ ਕੇਵਲ ਖੇਤੀਬਾੜੀ ਸੁਧਾਰ ਨਹੀਂ, ਬਲਕਿ ਇੱਕ “ਸਭਿਆਚਾਰਕ ਕ੍ਰਾਂਤੀ” ਦੱਸਿਆ।

ਉਪ-ਰਾਸ਼ਟਰਪਤੀ ਨੇ “ਮੇਰੋ ਰੁਖ ਮੇਰੋ ਸੰਤਤੀ” ਵਰਗੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ, ਜਿਸ ਦੇ ਤਹਿਤ ਹਰੇਕ ਨਵਜੰਮੇ ਬੱਚੇ ਦੇ ਜਨਮ ’ਤੇ 108 ਰੁੱਖ ਲਗਾਏ ਜਾਂਦੇ ਹਨ ਅਤੇ “ਸ਼ਿਸ਼ੂ ਸਮ੍ਰਿਧੀ ਯੋਜਨਾ” ਦੀ ਵੀ ਪ੍ਰਸ਼ੰਸਾ ਕੀਤੀ, ਜੋ ਬੱਚਿਆਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਅਧਿਆਤਮਿਕਤਾ ਨੂੰ ਸਥਿਰਤਾ ਨਾਲ ਅਤੇ ਵਾਤਾਵਰਨ ਸੰਭਾਲ ਨੂੰ ਸਮਾਜਿਕ ਸੁਰੱਖਿਆ ਨਾਲ ਜੋੜਨ ਦੀ ਰਾਜ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।

ਸਿੱਕਮ ਦੀ ਰਣਨੀਤਕ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਉਪ-ਰਾਸ਼ਟਰਪਤੀ ਨੇ ਰਾਜ ਨੂੰ ਰਾਸ਼ਟਰ ਦਾ ਪਹਿਰੇਦਾਰ ਦੱਸਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਭਾਈਚਾਰਿਆਂ ਵਿਚਾਲੇ ਏਕਤਾ, ਸਹਿਯੋਗ ਦੀ ਭਾਵਨਾ ਅਤੇ ਲੋਕਾਂ ਵਿੱਚ ਡੂੰਘੀ ਦੇਸ਼-ਭਗਤੀ ਦੀ ਭਾਵਨਾ ਸਿੱਕਮ ਨੂੰ ਭਾਰਤ ਦੀ ਅਖੰਡਤਾ ਦਾ ਇੱਕ ਮਜ਼ਬੂਤ ਥੰਮ੍ਹ ਬਣਾਉਂਦੀ ਹੈ। ਉਨ੍ਹਾਂ ਨੇ ਸਰਹੱਦੀ ਅਤੇ ਵਾਈਬ੍ਰੈਂਟ ਪਿੰਡਾਂ ਦਾ ਦੌਰਾ ਕਰਨ ਅਤੇ ਵਿਕਾਸ ਦੇ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਰਾਜਪਾਲ ਸ਼੍ਰੀ ਓਮ ਪ੍ਰਕਾਸ਼ ਮਾਥੁਰ ਦੀ ਵੀ ਸ਼ਲਾਘਾ ਕੀਤੀ।

ਉਪ-ਰਾਸ਼ਟਰਪਤੀ ਨੇ ਕਿਹਾ ਕਿ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੇ ਤਹਿਤ ਸਿੱਕਮ ਦੇ 58 ਪਿੰਡਾਂ ਨੂੰ ਪੜਾਅਵਾਰ ਢੰਗ ਨਾਲ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡ ਹੁਣ “ਦੇਸ਼ ਦੇ ਆਖਰੀ ਪਿੰਡ” ਨਹੀਂ, ਬਲਕਿ “ਭਾਰਤ ਦੇ ਪਹਿਲੇ ਪਿੰਡ” ਹਨ।

ਸਮਾਰੋਹ ਦੌਰਾਨ ਉਪ-ਰਾਸ਼ਟਰਪਤੀ ਨੇ ਸੰਪਰਕ, ਬੁਨਿਆਦੀ ਢਾਂਚੇ, ਸਿੱਖਿਆ ਅਤੇ ਸ਼ਾਸਨ ਨਾਲ ਸਬੰਧਤ ਕਈ ਵਿਕਾਸ ਪ੍ਰੋਜੈਕਟਾਂ ਦਾ ਵਰਚੁਅਲ ਮਾਧਿਅਮ ਰਾਹੀਂ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਨ੍ਹਾਂ ਵਿੱਚ ਰਿੰਬੀ–ਯੁਕਸਮ ਸੜਕ ਦਾ ਸੁਧਾਰ, ਰਾਸ਼ਟਰੀ ਰਾਜਮਾਰਗ-10 ’ਤੇ ਸੁਰੱਖਿਆ ਕਾਰਜ ਅਤੇ ਪੁਲ ਦਾ ਨਿਰਮਾਣ, ਰੰਗਪੋ ਖੋਲਾ ’ਤੇ ਸਟੀਲ ਬ੍ਰਿਜ ਦਾ ਨਿਰਮਾਣ, ਬੁਰਟੁਕ ਹੈਲੀਪੋਰਟ ਦਾ ਪੁਨਰ-ਨਿਰਮਾਣ ਅਤੇ ਸੁਧਾਰ, ਨਾਮਚੀ ਵਿਖੇ ਕਾਮਰਾਂਗ ਗਵਰਨਮੈਂਟ ਡਿਗਰੀ ਕਾਲਜ ਵਿੱਚ ਨਵਾਂ ਵਿਗਿਆਨ ਬਲਾਕ ਅਤੇ ਪਾਕਯੋਂਗ ਦੇ ਅਰੀਤਾਰ ਵਿੱਚ ਇੱਕ ਉਦਯੋਗਿਕ ਸਿਖਲਾਈ ਸੰਸਥਾ ਸ਼ਾਮਲ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਸ਼ਾਸਨ ਅਤੇ ਕੁਸ਼ਲਤਾ ਵਧਾਉਣ ਦੇ ਉਦੇਸ਼ ਨਾਲ ਸਿੱਕਮ ਐਕਸਾਈਜ਼ ਮੈਨੇਜਮੈਂਟ ਸਿਸਟਮ ਦੀ ਵੀ ਸ਼ੁਰੂਆਤ ਕੀਤੀ।

ਇਸ ਮੌਕੇ ’ਤੇ ਉਪ-ਰਾਸ਼ਟਰਪਤੀ ਨੇ “ਸਿੱਕਮ ਰਾਈਜ਼” ਨਾਮਕ ਇੱਕ ਸਰਕਾਰ ਵੱਲੋਂ ਸਪਾਂਸਰ ਕੀਤੇ ਸਮਰਥਿਤ ਉੱਦਮਤਾ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਮਾਰਗਦਰਸ਼ਨ, ਇਨਕਿਊਬੇਸ਼ਨ, ਵਿੱਤੀ ਸਹਾਇਤਾ ਅਤੇ ਬੁਨਿਆਦੀ ਢਾਂਚੇ ਦੇ ਸਹਿਯੋਗ ਰਾਹੀਂ ਨਵੀਨਤਾਕਾਰੀ ਵਿਚਾਰਾਂ ਨੂੰ ਵੱਡੇ ਅਤੇ ਸਮਰੱਥ ਕਾਰੋਬਾਰਾਂ ਵਿੱਚ ਤਬਦੀਲ ਕਰਨਾ ਹੈ। ਉਨ੍ਹਾਂ ਨੇ “ਮਿਸ਼ਨ ਸਿੱਕਮ ਆਰਗੈਨਿਕਸ” ਵੀ ਲਾਂਚ ਕੀਤਾ, ਜਿਸ ਦਾ ਉਦੇਸ਼ ਜੈਵਿਕ ਅਤੇ ਟਿਕਾਊ ਵਿਕਾਸ ਦੇ ਖੇਤਰ ਵਿੱਚ ਰਾਜ ਦੀ ਮੋਹਰੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨਾ ਹੈ।

ਉਪ ਰਾਸ਼ਟਰਪਤੀ ਨੇ ਇੱਕ ਸਭਿਆਚਾਰਕ ਪ੍ਰੋਗਰਾਮ ਵੀ ਦੇਖਿਆ, ਜਿਸ ਵਿੱਚ ਲੇਪਚਾ, ਭੂਟੀਆ ਅਤੇ ਨੇਪਾਲੀ ਵਰਗੇ ਵੱਖ-ਵੱਖ ਭਾਈਚਾਰਿਆਂ ਦੇ ਰਵਾਇਤੀ ਪਹਿਰਾਵੇ ਅਤੇ ਅਮੀਰ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਸਿੱਕਮ ਦੀ ਸਭਿਆਚਾਰਕ ਵਿਭਿੰਨਤਾ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਰਾਸ਼ਟਰਵਾਦ ਦੀ ਭਾਵਨਾ ਵਿੱਚ ਵਿਭਿੰਨ ਪਰੰਪਰਾਵਾਂ ਦਾ ਇਕੱਠੇ ਹੋਣਾ ਸੱਚਮੁੱਚ "ਏਕ ਭਾਰਤ, ਸ੍ਰੇਸ਼ਠ ਭਾਰਤ" ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।

ਇਸ ਮੌਕੇ 'ਤੇ ਮੌਜੂਦ ਪਤਵੰਤਿਆਂ ਵਿੱਚ ਸਿੱਕਮ ਦੇ ਰਾਜਪਾਲ ਸ਼੍ਰੀ ਓਮ ਪ੍ਰਕਾਸ਼ ਮਾਥੁਰ, ਸਿੱਕਮ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮਾਂਗ, ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ, ਸਿੱਕਮ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਮਿੰਗਮਾ ਨੋਰਬੂ ਸ਼ੇਰਪਾ, ਸਿੱਕਮ ਸਰਕਾਰ ਦੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ਼੍ਰੀ ਸੋਨਮ ਲਾਮਾ, ਸੀਨੀਅਰ ਅਧਿਕਾਰੀ ਅਤੇ ਹੋਰ ਵਿਸ਼ੇਸ਼ ਮਹਿਮਾਨ ਸ਼ਾਮਲ ਸਨ।

*****

ਪੀਆਰ/ਏਐਸਐਮ/ਵੀਐਮਜੇ


(Release ID: 2262351) ਵਿਜ਼ੀਟਰ ਕਾਊਂਟਰ : 73