ਪ੍ਰਧਾਨ ਮੰਤਰੀ ਦਫਤਰ
ਭਾਰਤ ਦੇ ਪ੍ਰਧਾਨ ਮੰਤਰੀ ਦੀ ਨੀਦਰਲੈਂਡਜ਼ ਯਾਤਰਾ ’ਤੇ ਭਾਰਤ-ਨੀਦਰਲੈਂਡਜ਼ ਸੰਯੁਕਤ ਬਿਆਨ
Posted On:
17 MAY 2026 3:45AM by PIB Chandigarh
ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਸ਼੍ਰੀ ਰੌਬ ਜੈਟਨ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 16-17 ਮਈ, 2026 ਨੂੰ ਨੀਦਰਲੈਂਡਜ਼ ਦੀ ਅਧਿਕਾਰਤ ਯਾਤਰਾ ਕੀਤੀ। ਇਹ ਪ੍ਰਧਾਨ ਮੰਤਰੀ ਮੋਦੀ ਦੀ ਨੀਦਰਲੈਂਡਜ਼ ਦੀ ਦੂਜੀ ਯਾਤਰਾ ਸੀ।
16 ਮਈ ਦੀ ਸਵੇਰ ਨੂੰ, ਨੀਦਰਲੈਂਡਜ਼ ਦੇ ਮਹਾਮਹਿਮ ਰਾਜਾ ਵਿਲੇਮ ਅਲੈਗਜ਼ੈਂਡਰ ਅਤੇ ਮਹਾਰਾਣੀ ਮੈਕਸੀਮਾ ਨੇ ਹੇਗ ਸਥਿਤ ਰੌਇਲ ਪੈਲੇਸ ਹੁਇਸ ਟੈਨ ਬੌਸ਼ ਵਿੱਚ ਦੁਪੱਖੀ ਬੈਠਕ ਲਈ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਮਹਾਮਹਿਮ ਨੇ ਪ੍ਰਧਾਨ ਮੰਤਰੀ ਮੋਦੀ ਲਈ ਦੁਪਹਿਰ ਦੇ ਖਾਣੇ ਦਾ ਵੀ ਆਯੋਜਨ ਕੀਤਾ।
ਪ੍ਰਧਾਨ ਮੰਤਰੀ ਜੈਟਨ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਵਫ਼ਦ ਪੱਧਰ ਦੀ ਵਾਰਤਾ ਕੀਤੀ, ਜਿਸ ਤੋਂ ਬਾਅਦ 16 ਮਈ ਦੀ ਸ਼ਾਮ ਨੂੰ ਰਾਤ ਦੇ ਖਾਣੇ ਦਾ ਆਯੋਜਨ ਕੀਤਾ ਗਿਆ। ਦੋਵਾਂ ਪ੍ਰਧਾਨ ਮੰਤਰੀਆਂ ਨੇ ਦੋਵਾਂ ਦੇਸ਼ਾਂ ਦਰਮਿਆਨ ਲੰਬੇ ਸਮੇਂ ਦੇ ਅਤੇ ਇਤਿਹਾਸਕ ਵਪਾਰਕ ਸਬੰਧਾਂ, ਗੂੜ੍ਹੇ ਲੋਕ-ਸੰਪਰਕਾਂ ਅਤੇ ਮਜ਼ਬੂਤ ਦੁਪੱਖੀ ਸਬੰਧਾਂ ਨੂੰ ਯਾਦ ਕੀਤਾ ਅਤੇ ਇਨ੍ਹਾਂ ਬਹੁ-ਪੱਖੀ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਦੀ ਇੱਛਾ ਪ੍ਰਗਟਾਈ। ਇਸ ਸਬੰਧ ਵਿੱਚ, ਦੋਵਾਂ ਆਗੂਆਂ ਨੇ ਨਿਯਮਿਤ ਗੱਲਬਾਤ ਦੇ ਜ਼ਰੀਏ, ਜਿਸ ਵਿੱਚ ਉੱਚਤਮ ਸਿਆਸੀ ਪੱਧਰ ’ਤੇ ਹੋਈ ਗੱਲਬਾਤ ਅਤੇ 2023 ਵਿੱਚ ਭਾਰਤ ਦੀ ਜੀ-20 ਦੀ ਪ੍ਰਧਾਨਗੀ ਅਤੇ ਫਰਵਰੀ, 2026 ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ ਏਆਈ ਇੰਪੈਕਟ ਸਮਿਟ ਦੌਰਾਨ ਹੋਏ ਸਾਰਥਕ ਸਹਿਯੋਗ ਦੇ ਜ਼ਰੀਏ ਵੱਖ-ਵੱਖ ਸਹਿਯੋਗ ਪ੍ਰੋਗਰਾਮਾਂ ਵਿੱਚ ਹਾਲ ਦੇ ਸਾਲਾਂ ਵਿੱਚ ਹਾਸਲ ਕੀਤੀ ਗਈ ਤਰੱਕੀ ’ਤੇ ਸੰਤੁਸ਼ਟੀ ਪ੍ਰਗਟਾਈ।
ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਸਬੰਧਾਂ ਅਤੇ ਵਧਦੀਆਂ ਸਮਾਨਤਾਵਾਂ ਨੂੰ ਦੇਖਦੇ ਹੋਏ, ਦੋਵਾਂ ਆਗੂਆਂ ਨੇ ਭਾਰਤ ਅਤੇ ਨੀਦਰਲੈਂਡਜ਼ ਦੇ ਸਬੰਧਾਂ ਨੂੰ ‘ਰਣਨੀਤਕ ਭਾਈਵਾਲੀ’ ਦੇ ਪੱਧਰ ਤੱਕ ਵਧਾਉਣ ਦਾ ਫੈਸਲਾ ਕੀਤਾ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਇੱਕ ਰਣਨੀਤਕ ਭਾਈਵਾਲੀ ਰੋਡਮੈਪ ਨੂੰ ਅਪਣਾਉਣ ਦਾ ਸਵਾਗਤ ਕੀਤਾ, ਜਿਸ ਦੇ ਤਹਿਤ ਦੋਵੇਂ ਧਿਰ ਸਿਆਸੀ, ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ ਸਹਿਯੋਗ, ਸਾਈਬਰ ਸੁਰੱਖਿਆ, ਸੈਮੀਕੰਡਕਟਰ, ਪੁਲਾੜ, ਏਆਈ ਅਤੇ ਕੁਆਂਟਮ ਸਿਸਟਮ ਸਮੇਤ ਮਹੱਤਵਪੂਰਨ ਅਤੇ ਉੱਭਰ ਰਹੀਆਂ ਤਕਨਾਲੋਜੀਆਂ, ਵਿਗਿਆਨ ਅਤੇ ਨਵੀਨਤਾ, ਸਥਿਰਤਾ, ਸਿਹਤ, ਟਿਕਾਊ ਖੇਤੀਬਾੜੀ ਅਤੇ ਭੋਜਨ ਪ੍ਰਣਾਲੀਆਂ, ਜਲ ਪ੍ਰਬੰਧਨ, ਜਲਵਾਯੂ ਪਰਿਵਰਤਨ ਅਤੇ ਊਰਜਾ ਤਬਦੀਲੀ, ਟਿਕਾਊ ਆਵਾਜਾਈ, ਸਮੁੰਦਰੀ ਵਿਕਾਸ, ਸਿੱਖਿਆ, ਸੱਭਿਆਚਾਰ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਸਬੰਧਾਂ ਸਮੇਤ ਸਾਰੇ ਖੇਤਰਾਂ ਵਿੱਚ ਨਿਯਮਿਤ ਅਤੇ ਯੋਜਨਾਬੱਧ ਸਹਿਯੋਗ ਦੇ ਜ਼ਰੀਏ ਕਾਰਜ ਕਰਨ ’ਤੇ ਸਹਿਮਤ ਹੋਏ। ਦੋਵਾਂ ਧਿਰਾਂ ਨੇ ਨੀਤੀ ਨਿਯੋਜਨ ਦੇ ਖੇਤਰ ਵਿੱਚ ਆਦਾਨ-ਪ੍ਰਦਾਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ’ਤੇ ਵੀ ਸਹਿਮਤੀ ਪ੍ਰਗਟਾਈ।
ਦੋਵਾਂ ਆਗੂਆਂ ਨੇ ਇਸ ਸਬੰਧ ਵਿੱਚ ਦਸੰਬਰ, 2025 ਵਿੱਚ ਵੱਖ-ਵੱਖ ਤਰਜੀਹੀ ਖੇਤਰਾਂ ਜਿਵੇਂ ਕਿ ਰੱਖਿਆ, ਸੈਮੀਕੰਡਕਟਰ ਅਤੇ ਸਬੰਧਤ ਉੱਭਰ ਰਹੀਆਂ ਤਕਨਾਲੋਜੀਆਂ, ਡਿਜੀਟਲ ਅਤੇ ਸਾਈਬਰਸਪੇਸ ਵਿੱਚ ਸਹਿਯੋਗ ਵਧਾਉਣ, ਦਵਾਈਆਂ ਅਤੇ ਮੈਡੀਕਲ ਉਪਕਰਨਾਂ ਵਿੱਚ ਸਹਿਯੋਗ, ਸੰਯੁਕਤ ਵਪਾਰ ਅਤੇ ਨਿਵੇਸ਼ ਕਮੇਟੀ ਦੀ ਸਥਾਪਨਾ ਦੇ ਨਾਲ-ਨਾਲ ਲੋਥਲ ਅਤੇ ਐਮਸਟਰਡਮ ਦੇ ਸਮੁੰਦਰੀ ਅਜਾਇਬ ਘਰਾਂ (ਮਿਊਜ਼ੀਅਮਾਂ) ਦਰਮਿਆਨ ਸਹਿਯੋਗ ’ਤੇ ਹੋਏ ਸਮਝੌਤਿਆਂ ਦਾ ਸਵਾਗਤ ਕੀਤਾ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਭਵਿੱਖ ਲਈ ਸਮਝੌਤੇ ਦਾ ਜ਼ਿਕਰ ਕੀਤਾ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਦੇ ਅਨੁਕੂਲ ਲੋਕਤੰਤਰ, ਮਨੁੱਖੀ ਅਧਿਕਾਰ, ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਅਤੇ ਨਿਯਮ-ਅਧਾਰਤ ਅੰਤਰਰਾਸ਼ਟਰੀ ਵਿਵਸਥਾ ਸਮੇਤ ਸਾਂਝੀਆਂ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਨੂੰ ਬਣਾਈ ਰੱਖਣ ਦੀ ਆਪਣੀ ਵਚਨਬੱਧਤਾ ਪ੍ਰਗਟਾਈ। ਦੋਵਾਂ ਸਰਕਾਰਾਂ ਨੇ ਸਮਕਾਲੀ ਹਕੀਕਤਾਂ ਨੂੰ ਦਰਸਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਅਤੇ ਅਸਥਾਈ ਮੈਂਬਰਸ਼ਿਪ ਸ਼੍ਰੇਣੀਆਂ ਦੇ ਵਿਸਤਾਰ ਸਮੇਤ ਬਹੁ-ਪੱਖੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਸੁਧਾਰਨ ਦੀ ਆਪਣੀ ਵਚਨਬੱਧਤਾ ’ਤੇ ਵੀ ਜ਼ੋਰ ਦਿੱਤਾ ਅਤੇ ਇੱਕ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਲਿਖਤੀ ਵਾਰਤਾ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਇੱਕ ਸੁਧਾਰੀ ਅਤੇ ਵਿਸਤਾਰਿਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਨਿਰੰਤਰ ਮਿਲੇ ਡੱਚ ਸਮਰਥਨ ਲਈ ਪ੍ਰਧਾਨ ਮੰਤਰੀ ਜੈਟਨ ਦਾ ਧੰਨਵਾਦ ਕੀਤਾ।
ਦੋਵਾਂ ਆਗੂਆਂ ਨੇ ਭਾਰਤ-ਯੂਰਪੀ ਸੰਘ ਰਣਨੀਤਕ ਭਾਈਵਾਲੀ ਨੂੰ ਹੋਰ ਗੂੜ੍ਹਾ ਕਰਨ ਦੀ ਆਪਣੀ ਵਚਨਬੱਧਤਾ ਪ੍ਰਗਟਾਈ ਅਤੇ ਇਸ ਸਬੰਧ ਵਿੱਚ ਇਸ ਸਾਲ ਜਨਵਰੀ ਵਿੱਚ ਆਪਸੀ ਲਾਭਦਾਇਕ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਲਈ ਵਾਰਤਾ ਦੇ ਸਫਲਤਾਪੂਰਵਕ ਸਮਾਪਨ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸਹਿਮਤੀ ਜਤਾਈ ਕਿ ਇਹ ਮੁਕਤ ਵਪਾਰ ਸਮਝੌਤਾ, ਭੂ-ਰਾਜਨੀਤਕ ਤਣਾਅ ਅਤੇ ਗਲੋਬਲ ਆਰਥਿਕ ਚੁਣੌਤੀਆਂ ਦੇ ਦੌਰ ਵਿੱਚ ਦੁਨੀਆ ਦੀ ਦੂਜੀ ਅਤੇ ਚੌਥੀ ਸਭ ਤੋਂ ਵੱਡੀ ਅਰਥ-ਵਿਵਸਥਾ ਦਰਮਿਆਨ ਸਿਆਸੀ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰੇਗਾ ਅਤੇ ਆਰਥਿਕ ਖੁੱਲ੍ਹੇਪਣ ਅਤੇ ਨਿਯਮ-ਅਧਾਰਤ ਵਪਾਰ ਪ੍ਰਤੀ ਸਾਂਝੀ ਵਚਨਬੱਧਤਾ ਨੂੰ ਉਜਾਗਰ ਕਰੇਗਾ। ਦੋਵਾਂ ਆਗੂਆਂ ਨੇ ਸੁਰੱਖਿਆ ਅਤੇ ਰੱਖਿਆ ਭਾਈਵਾਲੀ ’ਤੇ ਇੱਕੋ ਸਮੇਂ ਹਸਤਾਖ਼ਰ ਕੀਤੇ ਜਾਣ ਦਾ ਵੀ ਸਵਾਗਤ ਕੀਤਾ, ਜੋ ਸੁਰੱਖਿਆ ਅਤੇ ਰੱਖਿਆ ’ਤੇ ਯੂਰਪੀ ਸੰਘ ਅਤੇ ਭਾਰਤ ਦੇ ਸੰਵਾਦ ਅਤੇ ਸਹਿਯੋਗ ਨੂੰ ਮਜ਼ਬੂਤ ਕਰੇਗਾ ਅਤੇ ਸਮੁੰਦਰੀ ਸੁਰੱਖਿਆ, ਸਾਈਬਰ, ਅੱਤਵਾਦ-ਵਿਰੋਧੀ ਅਤੇ ਰੱਖਿਆ ਉਦਯੋਗਿਕ ਸਹਿਯੋਗ ਵਰਗੇ ਖੇਤਰਾਂ ਵਿੱਚ ਠੋਸ ਨਤੀਜੇ ਦੇਵੇਗਾ।
ਦੋਵਾਂ ਆਗੂਆਂ ਨੇ ਅੰਤਰਰਾਸ਼ਟਰੀ ਕਾਨੂੰਨ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਸਤਿਕਾਰ, ਸਮੁੰਦਰੀ ਆਵਾਜਾਈ ਦੀ ਸੁਤੰਤਰਤਾ ਅਤੇ ਦਬਾਅ ਤੇ ਟਕਰਾਵਾਂ ਤੋਂ ਮੁਕਤ ਇੱਕ ਸੁਤੰਤਰ, ਖੁੱਲ੍ਹੇ, ਸੁਰੱਖਿਅਤ ਅਤੇ ਸ਼ਾਂਤੀਪੂਰਨ ਹਿੰਦ-ਪ੍ਰਸ਼ਾਂਤ ਖੇਤਰ ਦੇ ਮਹੱਤਵ ’ਤੇ ਸਹਿਮਤੀ ਪ੍ਰਗਟਾਈ। ਹਿੰਦ-ਪ੍ਰਸ਼ਾਂਤ ’ਤੇ ਯੂਰਪੀ ਸੰਘ ਦੀ ਰਣਨੀਤੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਜੈਟਨ ਨੇ ਇੰਡੋ-ਪੈਸੀਫਿਕ ਓਸ਼ੰਜ਼ ਇਨੀਸ਼ੀਏਟਿਵ (ਆਈਪੀਓਆਈ) ਵਿੱਚ ਨੀਦਰਲੈਂਡਜ਼ ਦੇ ਸ਼ਾਮਲ ਹੋਣ ਅਤੇ ਜਰਮਨੀ ਤੇ ਯੂਰਪੀ ਸੰਘ ਦੇ ਨਾਲ ਸਮਰੱਥਾ ਨਿਰਮਾਣ ਅਤੇ ਸਰੋਤਾਂ ਦੀ ਸਾਂਝੇਦਾਰੀ ਦਾ ਸਹਿ-ਅਗਵਾਈ ਕਰਨ ਦੇ ਫੈਸਲੇ ਦੀ ਘੋਸ਼ਣਾ ਕੀਤੀ।
ਯੂਕ੍ਰੇਨ ਦੇ ਮੁੱਦੇ ’ਤੇ, ਦੋਵਾਂ ਧਿਰਾਂ ਨੇ ਜਾਰੀ ਜੰਗ ’ਤੇ ਚਿੰਤਾ ਜਤਾਈ, ਜਿਸ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਨੂੰ ਕਸ਼ਟ ਝੱਲਣੇ ਪੈ ਰਹੇ ਹਨ ਅਤੇ ਜਿਸ ਦੇ ਗਲੋਬਲ ਨਤੀਜੇ ਵੀ ਸਾਹਮਣੇ ਆ ਰਹੇ ਹਨ। ਦੋਵਾਂ ਆਗੂਆਂ ਨੇ ਸੰਯੁਕਤ ਰਾਸ਼ਟਰ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ’ਤੇ ਅਧਾਰਤ ਸੰਵਾਦ ਅਤੇ ਕੂਟਨੀਤੀ ਦੇ ਮਾਧਿਅਮ ਰਾਹੀਂ ਯੂਕ੍ਰੇਨ ਵਿੱਚ ਇੱਕ ਵਿਆਪਕ, ਨਿਆਂਪੂਰਨ ਅਤੇ ਸਥਾਈ ਸ਼ਾਂਤੀ ਪ੍ਰਾਪਤ ਕਰਨ ਦੇ ਯਤਨਾਂ ਦਾ ਸਮਰਥਨ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ।
ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ/ਮੱਧ ਪੂਰਬ ਦੀ ਸਥਿਤੀ ’ਤੇ ਵੀ ਡੂੰਘੀ ਚਿੰਤਾ ਜਤਾਈ ਅਤੇ ਖੇਤਰ ਤੇ ਵਿਆਪਕ ਵਿਸ਼ਵ ’ਤੇ ਇਸ ਦੇ ਗੰਭੀਰ ਪ੍ਰਭਾਵਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਭਾਰੀ ਮਨੁੱਖੀ ਪੀੜਾ ਅਤੇ ਗਲੋਬਲ ਊਰਜਾ ਸਪਲਾਈ ਤੇ ਵਪਾਰਕ ਨੈੱਟਵਰਕ ਵਿੱਚ ਵਿਘਨ ਸ਼ਾਮਲ ਹਨ। ਦੋਵਾਂ ਆਗੂਆਂ ਨੇ 8 ਅਪ੍ਰੈਲ, 2026 ਨੂੰ ਘੋਸ਼ਿਤ ਜੰਗਬੰਦੀ ਦਾ ਸਵਾਗਤ ਕੀਤਾ। ਉਨ੍ਹਾਂ ਨੇ ਤਣਾਅ ਘੱਟ ਕਰਨ, ਸੰਵਾਦ ਅਤੇ ਕੂਟਨੀਤੀ ਦੇ ਮਹੱਤਵ ’ਤੇ ਜ਼ੋਰ ਦਿੱਤਾ ਅਤੇ ਪੱਛਮੀ ਏਸ਼ੀਆ/ਮੱਧ ਪੂਰਬ ਵਿੱਚ ਸਥਾਈ ਸ਼ਾਂਤੀ ਦੀ ਉਮੀਦ ਜਤਾਈ। ਉਨ੍ਹਾਂ ਨੇ ਹੋਰਮੁਜ਼ ਜਲਡਮਰੂਮੱਧ ਦੇ ਜ਼ਰੀਏ ਰਾਹੀਂ ਨਿਰਵਿਘਨ ਨੌਵਹਨ ਅਤੇ ਗਲੋਬਲ ਵਪਾਰ ਪ੍ਰਵਾਹ ਦਾ ਸੱਦਾ ਦਿੱਤਾ ਅਤੇ ਕਿਸੇ ਵੀ ਪਾਬੰਦੀਸ਼ੁਦਾ ਉਪਾਅ ਦਾ ਵਿਰੋਧ ਕਰਦਿਆਂ ਇਸ ਸਬੰਧ ਵਿੱਚ ਚੱਲ ਰਹੇ ਯਤਨਾਂ ਅਤੇ ਪਹਿਲਕਦਮੀਆਂ ਪ੍ਰਤੀ ਆਪਣਾ ਸਮਰਥਨ ਦੁਹਰਾਇਆ।
ਆਰਥਿਕ ਸਹਿਯੋਗ, ਵਪਾਰ ਅਤੇ ਨਿਵੇਸ਼
ਦੋਵਾਂ ਆਗੂਆਂ ਨੇ ਕਿਹਾ ਕਿ ਨੀਦਰਲੈਂਡਜ਼-ਭਾਰਤ ਆਰਥਿਕ ਭਾਈਵਾਲੀ, ਸਹਿਯੋਗ ਦੀ ਇੱਕ ਆਦਰਸ਼ ਮਿਸਾਲ ਹੈ, ਜੋ ਸਥਿਰਤਾ, ਨਵੀਨਤਾ ਅਤੇ ਲੰਬੇ ਸਮੇਂ ਦੇ ਵਿਕਾਸ ਵਰਗੀਆਂ ਸਾਂਝੀਆਂ ਤਰਜੀਹਾਂ ਤੋਂ ਪ੍ਰੇਰਿਤ ਹੈ ਅਤੇ ਦੋਵਾਂ ਦੇਸ਼ਾਂ ਲਈ ਆਪਸੀ ਖੁਸ਼ਹਾਲੀ ਪੈਦਾ ਕਰਦੀ ਹੈ। ਉਨ੍ਹਾਂ ਨੇ ਕੁਸ਼ਲ ਸਪਲਾਈ ਚੇਨਾਂ ਅਤੇ ਖੁੱਲ੍ਹੇ ਬਾਜ਼ਾਰਾਂ ਪ੍ਰਤੀ ਸਾਂਝੀ ਵਚਨਬੱਧਤਾ ਵੱਲੋਂ ਸਮਰਥਿਤ ਦੋਵਾਂ ਦੇਸ਼ਾਂ ਦਰਮਿਆਨ ਦੁਪੱਖੀ ਵਪਾਰ ਵਿੱਚ ਵਾਧੇ ਦਾ ਸਵਾਗਤ ਕੀਤਾ। ਵਿਸ਼ਵ ਪੱਧਰੀ ਲੌਜਿਸਟਿਕਸ ਨੈੱਟਵਰਕ ਵਾਲਾ ਨੀਦਰਲੈਂਡਜ਼, ਰੌਟਰਡੈਮ ਬੰਦਰਗਾਹ ਸਮੇਤ ਹੋਰ ਰੂਟਾਂ ਰਾਹੀਂ, ਭਾਰਤੀ ਨਿਰਯਾਤਕਾਂ ਲਈ ਯੂਰਪ ਦਾ ਇੱਕ ਰਣਨੀਤਕ ਪ੍ਰਵੇਸ਼ ਦੁਆਰ ਹੈ। ਦੂਜੇ ਪਾਸੇ, ਭਾਰਤ ਡੱਚ ਕੰਪਨੀਆਂ ਲਈ ਇੱਕ ਵਿਸ਼ਾਲ ਅਤੇ ਗਤੀਸ਼ੀਲ ਬਾਜ਼ਾਰ ਪ੍ਰਦਾਨ ਕਰਦਾ ਹੈ, ਜਿਨ੍ਹਾਂ ਨੂੰ ਵਿਸਤਾਰ ਦੇ ਮੌਕਿਆਂ, ਵਪਾਰ ਪੱਖੀ ਮਾਹੌਲ ਅਤੇ ਭਾਰਤ ਵਿੱਚ ਉਪਲਬਧ ਕੁਸ਼ਲ ਪ੍ਰਤਿਭਾ ਦੇ ਵਿਸ਼ਾਲ ਭੰਡਾਰ ਤੋਂ ਕਾਫ਼ੀ ਲਾਭ ਮਿਲੇਗਾ। ਇਸ ਦੇ ਨਾਲ ਹੀ, ਭਾਰਤੀ ਕਾਰੋਬਾਰ ਜਲ ਪ੍ਰਬੰਧਨ, ਟਿਕਾਊ ਖੇਤੀਬਾੜੀ ਅਤੇ ਸਮਾਰਟ ਸਿਟੀਜ਼ ਦੇ ਖੇਤਰ ਵਿੱਚ ਡੱਚ ਮੁਹਾਰਤ ਦਾ ਲਾਭ ਉਠਾ ਸਕਦੇ ਹਨ।
ਦੋਵਾਂ ਦੇਸ਼ਾਂ ਦਰਮਿਆਨ ਮੌਜੂਦਾ ਆਰਥਿਕ ਸਹਿਯੋਗ ’ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ, ਆਗੂਆਂ ਨੇ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਤੋਂ ਪੈਦਾ ਹੋਣ ਵਾਲੇ ਮੌਕਿਆਂ ਨੂੰ ਲੈ ਕੇ, ਵਿਸ਼ੇਸ਼ ਤੌਰ ’ਤੇ ਅੱਗੇ ਦੇ ਵਾਧੇ ਦੀਆਂ ਅਪਾਰ ਸੰਭਾਵਨਾਵਾਂ ’ਤੇ ਜ਼ੋਰ ਦਿੱਤਾ। ਨੀਦਰਲੈਂਡਜ਼ ਭਾਰਤ ਦੇ ਪ੍ਰਮੁੱਖ ਵਪਾਰ ਅਤੇ ਨਿਵੇਸ਼ ਭਾਈਵਾਲਾਂ ਵਿੱਚੋਂ ਇੱਕ ਬਣਿਆ ਹੋਇਆ ਹੈ, ਜੋ ਦੁਪੱਖੀ ਆਰਥਿਕ ਸਬੰਧਾਂ ਦੀ ਡੂੰਘਾਈ ਅਤੇ ਮਜ਼ਬੂਤੀ ਨੂੰ ਦਰਸਾਉਂਦਾ ਹੈ।
ਵਪਾਰ ਅਤੇ ਨਿਵੇਸ਼ ਨੂੰ ਹੋਰ ਸੁਖਾਲਾ ਬਣਾਉਣ ਲਈ, ਪ੍ਰਧਾਨ ਮੰਤਰੀਆਂ ਨੇ ਸੀਮਾ ਸ਼ੁਲਕ ਦੇ ਮਾਮਲਿਆਂ ਵਿੱਚ ਆਪਸੀ ਪ੍ਰਸ਼ਾਸਨਿਕ ਸਹਾਇਤਾ ਸਮਝੌਤੇ ’ਤੇ ਹਸਤਾਖ਼ਰ ਕੀਤੇ ਜਾਣ ਦਾ ਸਵਾਗਤ ਕੀਤਾ, ਜਿਸ ਨਾਲ ਦੋਵਾਂ ਦੇਸ਼ਾਂ ਦੇ ਸੀਮਾ ਸ਼ੁਲਕ ਅਧਿਕਾਰੀਆਂ ਦਰਮਿਆਨ ਜਾਣਕਾਰੀ ਦਾ ਆਦਾਨ-ਪ੍ਰਦਾਨ ਸੰਭਵ ਹੋ ਸਕੇਗਾ ਅਤੇ ਇਸ ਤਰ੍ਹਾਂ ਸੀਮਾ ਸ਼ੁਲਕ ਲਾਗੂਕਰਨ ਨੂੰ ਉਤਸ਼ਾਹ ਮਿਲੇਗਾ ਅਤੇ ਭਾਰਤ ਤੇ ਨੀਦਰਲੈਂਡਜ਼ ਦਰਮਿਆਨ ਕਾਨੂੰਨੀ ਵਪਾਰ ਨੂੰ ਸੁਖਾਲਾ ਬਣਾਇਆ ਜਾ ਸਕੇਗਾ।
ਦੋਵਾਂ ਆਗੂਆਂ ਨੇ ਭਾਰਤ-ਨੀਦਰਲੈਂਡਜ਼ ਸੰਯੁਕਤ ਵਪਾਰ ਅਤੇ ਨਿਵੇਸ਼ ਕਮੇਟੀ ਅਤੇ ਫਾਸਟ ਟ੍ਰੈਕ ਵਿਧੀ ਵਰਗੇ ਹੋਰ ਸਾਧਨਾਂ ਰਾਹੀਂ ਦੁਪੱਖੀ ਵਪਾਰ ਅਤੇ ਨਿਵੇਸ਼ ਨੂੰ ਹੋਰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਟਿਕਾਊ ਵਿਕਾਸ, ਰੁਜ਼ਗਾਰ ਪੈਦਾ ਕਰਨ ਅਤੇ ਮਜ਼ਬੂਤ ਵੈਲਿਊ ਲੜੀਆਂ ਨੂੰ ਸਮਰਥਨ ਦੇਣ ਲਈ ਨਿਵੇਸ਼ ਦੀ ਸੁਖਾਲਤਾ ਵਧਾਉਣ ਅਤੇ ਨਵੀਨਤਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ’ਤੇ ਧਿਆਨ ਕੇਂਦ੍ਰਿਤ ਕਰਨ ’ਤੇ ਸਹਿਮਤੀ ਪ੍ਰਗਟਾਈ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਸਟਾਰਟਅੱਪ ਅਤੇ ਨਵੀਨਤਾ ਵਿੱਚ ਸਹਿਯੋਗ ਦੀਆਂ ਪ੍ਰਬਲ ਸੰਭਾਵਨਾਵਾਂ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਅਤੇ ਨੀਦਰਲੈਂਡਜ਼ ਵਿੱਚ ਵਿਕਸਿਤ ਹੱਲਾਂ ਨੂੰ ਗਲੋਬਲ ਪੱਧਰ ’ਤੇ, ਜਿਨ੍ਹਾਂ ਵਿੱਚ ਭਾਰਤੀ ਅਤੇ ਯੂਰਪੀ ਸੰਘ ਦੇ ਬਾਜ਼ਾਰ ਵੀ ਸ਼ਾਮਲ ਹਨ, ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੀਆਂ ਸਟਾਰਟਅੱਪ ਪ੍ਰਣਾਲੀਆਂ ਨੂੰ ਹੋਰ ਵਧੇਰੇ ਜੋੜਨ, ਆਦਾਨ-ਪ੍ਰਦਾਨ ਨੂੰ ਸੁਖਾਲਾ ਬਣਾਉਣ ਅਤੇ ਡਿਜੀਟਲ ਸੌਫਟ-ਲੈਂਡਿੰਗ ਪ੍ਰੋਗਰਾਮਾਂ ਦੇ ਨਾਲ-ਨਾਲ ਵਪਾਰਕ ਮਿਸ਼ਨਾਂ, ਨਵੀਨਤਾ ਮਿਸ਼ਨਾਂ ਅਤੇ ਤਕਨਾਲੋਜੀ ਸ਼ਿਖਰ ਸੰਮੇਲਨਾਂ ਵਿੱਚ ਭਾਗੀਦਾਰੀ ਵਧਾਉਣ ’ਤੇ ਸਹਿਮਤੀ ਪ੍ਰਗਟਾਈ।
ਰੱਖਿਆ ਅਤੇ ਸੁਰੱਖਿਆ ਸਹਿਯੋਗ
ਦੋਵਾਂ ਆਗੂਆਂ ਨੇ ਰੱਖਿਆ ਸਹਿਯੋਗ ਨੂੰ ਲੈ ਕੇ ਲੈਟਰ ਆਫ਼ ਇੰਟੈਂਟ ’ਤੇ ਹਸਤਾਖ਼ਰ ਕੀਤੇ ਜਾਣ ਦਾ ਸਵਾਗਤ ਕੀਤਾ ਅਤੇ ਸਬੰਧਤ ਰੱਖਿਆ ਮੰਤਰਾਲਿਆਂ ਦਰਮਿਆਨ ਨਿਯਮਿਤ ਗੱਲਬਾਤ ਅਤੇ ਸਟਾਫ਼ ਪੱਧਰ ਦੀਆਂ ਵਾਰਤਾਵਾਂ ਦੇ ਜ਼ਰੀਏ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਸਹਿਯੋਗ ਨੂੰ ਗੂੜ੍ਹਾ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ, ਤਾਂ ਜੋ ਸੂਚਨਾਵਾਂ ਦੇ ਆਦਾਨ-ਪ੍ਰਦਾਨ, ਯਾਤਰਾਵਾਂ, ਖੋਜ, ਨਵੀਨਤਾ ਅਤੇ ਸਿਖਲਾਈ ਗਤੀਵਿਧੀਆਂ ਦਾ ਬਿਹਤਰ ਢੰਗ ਨਾਲ ਤਾਲਮੇਲ ਕੀਤਾ ਜਾ ਸਕੇ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਉਦਯੋਗਿਕ ਸਹਿਯੋਗ ਦੇ ਦਾਇਰੇ ਨੂੰ ਹੋਰ ਵਧੇਰੇ ਵਿਸਤਾਰਿਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਣ ’ਤੇ ਵੀ ਸਹਿਮਤੀ ਪ੍ਰਗਟਾਈ।
ਦੋਵੇਂ ਆਗੂ ਯੂਰਪੀ ਸੰਘ ਦੀਆਂ ਪ੍ਰਣਾਲੀਆਂ ਅਤੇ ਹੋਰ ਭਾਈਵਾਲਾਂ ਦੇ ਨਾਲ ਰੱਖਿਆ ਖੇਤਰ ਵਿੱਚ ਸਹਿਯੋਗ ਵਧਾਉਣ ’ਤੇ ਵੀ ਇੱਕਮਤ ਹੋਏ ਅਤੇ ਨਾਲ ਹੀ ਉਨ੍ਹਾਂ ਨੇ ਇੱਕ ਰੱਖਿਆ ਉਦਯੋਗਿਕ ਰੋਡਮੈਪ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ’ਤੇ ਵੀ ਸਹਿਮਤੀ ਜਤਾਈ, ਜਿਸ ਵਿੱਚ ਦੋਵਾਂ ਦੇਸ਼ਾਂ ਦੇ ਹਥਿਆਰਬੰਦ ਬਲਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਹਿ-ਵਿਕਾਸ, ਤਕਨਾਲੋਜੀ ਤਬਾਦਲਾ ਅਤੇ ਸਹਿ-ਉਤਪਾਦਨ ਲਈ ਸੰਯੁਕਤ ਉੱਦਮਾਂ ਦੀ ਸਥਾਪਨਾ ਦੇ ਜ਼ਰੀਏ ਰੱਖਿਆ ਉਪਕਰਨਾਂ, ਪ੍ਰਣਾਲੀਆਂ, ਪੁਰਜ਼ਿਆਂ ਅਤੇ ਹੋਰ ਪ੍ਰਮੁੱਖ ਸਮਰੱਥਾਵਾਂ ਦੇ ਨਿਰਮਾਣ ਲਈ ਰੱਖਿਆ ਉਦਯੋਗਿਕ ਸਹਿਯੋਗ ਨੂੰ ਨਿਰਧਾਰਿਤ ਕੀਤਾ ਗਿਆ ਹੈ।
ਦੋਵਾਂ ਆਗੂਆਂ ਨੇ ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟਾਈ, ਜਿਸ ਵਿੱਚ ਰੱਖਿਆ, ਸਮੁੰਦਰੀ ਸੁਰੱਖਿਆ, ਆਰਥਿਕ ਸੁਰੱਖਿਆ, ਮਹੱਤਵਪੂਰਨ ਅਤੇ ਉੱਭਰ ਰਹੀਆਂ ਤਕਨਾਲੋਜੀਆਂ, ਸਾਈਬਰ ਸੁਰੱਖਿਆ, ਅੱਤਵਾਦ ਵਿਰੋਧੀ ਉਪਾਵਾਂ ਅਤੇ ਅੰਤਰਰਾਸ਼ਟਰੀ ਸੁਰੱਖਿਆ ਦੇ ਹੋਰ ਆਪਸੀ ਸਹਿਮਤੀ ਵਾਲੇ ਮਾਮਲਿਆਂ ਸਮੇਤ ਰਵਾਇਤੀ ਅਤੇ ਗੈਰ-ਰਵਾਇਤੀ ਸੁਰੱਖਿਆ ਮੁੱਦਿਆਂ ’ਤੇ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਪ੍ਰਣਾਲੀਆਂ ਦਰਮਿਆਨ ਨਿਯਮਿਤ ਆਦਾਨ-ਪ੍ਰਦਾਨ ਸ਼ਾਮਲ ਹੈ।
ਦੋਵਾਂ ਆਗੂਆਂ ਨੇ ਸਾਲਾਨਾ ਦੁਪੱਖੀ ਸਾਈਬਰ ਸਲਾਹ-ਮਸ਼ਵਰੇ ’ਤੇ ਸੰਤੁਸ਼ਟੀ ਪ੍ਰਗਟਾਈ ਅਤੇ ਨਾਲ ਹੀ ਔਨਲਾਈਨ ਸਾਈਬਰ ਸਕੂਲ ਦੇ 8ਵੇਂ ਸੈਸ਼ਨ ਦੇ ਆਯੋਜਨ ਨੂੰ ਇੱਕ ਖੁੱਲ੍ਹੇ, ਸੁਤੰਤਰ ਅਤੇ ਸੁਰੱਖਿਅਤ ਸਾਈਬਰਸਪੇਸ ਨੂੰ ਯਕੀਨੀ ਬਣਾਉਣ ਲਈ, ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਸਾਧਨ ਦੱਸਿਆ। ਇਸ ਸੰਦਰਭ ਵਿੱਚ, ਆਗੂਆਂ ਨੇ ਸਾਈਬਰਸਪੇਸ ਵਿੱਚ ਸਹਿਯੋਗ ਵਧਾਉਣ ਲਈ ਲੈਟਰ ਆਫ਼ ਇੰਟੈਂਟ ’ਤੇ ਹਸਤਾਖ਼ਰ ਕੀਤੇ ਜਾਣ ਦਾ ਸਵਾਗਤ ਕੀਤਾ, ਜਿਸ ਵਿੱਚ ਬਹੁ-ਪੱਖੀ ਮੰਚਾਂ ਵਿੱਚ ਨਜ਼ਦੀਕੀ ਤਾਲਮੇਲ ਅਤੇ ਸਮਰੱਥਾ ਨਿਰਮਾਣ ਤੇ ਗਿਆਨ ਦੇ ਆਦਾਨ-ਪ੍ਰਦਾਨ ਦੇ ਜ਼ਰੀਏ ਸਾਈਬਰ ਖ਼ਤਰਿਆਂ ਅਤੇ ਸਾਈਬਰ ਅਪਰਾਧ ਦਾ ਮੁਕਾਬਲਾ ਕਰਨ ਲਈ ਸੰਯੁਕਤ ਯਤਨ ਸ਼ਾਮਲ ਹਨ।
ਦੋਵਾਂ ਆਗੂਆਂ ਨੇ ਇੱਕ ਖੁੱਲ੍ਹੇ, ਸੁਤੰਤਰ, ਸੁਰੱਖਿਅਤ, ਸਥਿਰ, ਸੁਲਭ ਅਤੇ ਸ਼ਾਂਤੀਪੂਰਨ ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈਸੀਟੀ) ਮਾਹੌਲ ਦੇ ਮਹੱਤਵ ’ਤੇ ਜ਼ੋਰ ਦਿੱਤਾ, ਜਿਸ ਨੂੰ ਨਵੀਨਤਾ ਅਤੇ ਆਰਥਿਕ ਵਿਕਾਸ ਦਾ ਪ੍ਰੇਰਕ ਮੰਨਿਆ ਜਾਂਦਾ ਹੈ। ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ 19 ਫਰਵਰੀ, 2026 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਏਆਈ ਇੰਪੈਕਟ ਸਮਿਟ ਵਿੱਚ ਨੀਦਰਲੈਂਡਜ਼ ਦੀ ਰਚਨਾਤਮਕ ਭਾਗੀਦਾਰੀ ਲਈ ਉਸ ਦਾ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਜੈਟਨ ਨੇ ਅਪ੍ਰੈਲ, 2025 ਵਿੱਚ ਭਾਰਤ ਦੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਨਾਗਰਿਕਾਂ ’ਤੇ ਹੋਏ ਘਿਨਾਉਣੇ ਅਤੇ ਨਫ਼ਰਤ ਭਰੇ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਅੱਤਵਾਦ, ਜਿਸ ਵਿੱਚ ਸਰਹੱਦ ਪਾਰ ਅੱਤਵਾਦ ਵੀ ਸ਼ਾਮਲ ਹੈ, ਦੇ ਖਿਲਾਫ ਲੜਾਈ ਵਿੱਚ ਭਾਰਤ ਪ੍ਰਤੀ ਨੀਦਰਲੈਂਡਜ਼ ਦੀ ਇਕਜੁੱਟਤਾ ਅਤੇ ਅਟੁੱਟ ਸਮਰਥਨ ਪ੍ਰਗਟਾਇਆ। ਦੋਵਾਂ ਆਗੂਆਂ ਨੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਉਣ ਦਾ ਸੱਦਾ ਦਿੱਤਾ। ਦੋਵਾਂ ਪ੍ਰਧਾਨ ਮੰਤਰੀਆਂ ਨੇ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦੀ ਸਾਫ਼ ਤੌਰ ’ਤੇ ਨਿੰਦਾ ਕੀਤੀ। ਉਨ੍ਹਾਂ ਨੇ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਦਾ ਦ੍ਰਿਸ਼ਟੀਕੋਣ ਅਪਣਾਉਣ ਦਾ ਸੱਦਾ ਦਿੱਤਾ ਅਤੇ ਅੱਤਵਾਦ ਦਾ ਮੁਕਾਬਲਾ ਕਰਨ ਵਿੱਚ ਦੋਹਰੇ ਮਾਪਦੰਡਾਂ ਨੂੰ ਵੀ ਰੱਦ ਕੀਤਾ।
ਦੋਵਾਂ ਆਗੂਆਂ ਨੇ ਸੰਯੁਕਤ ਰਾਸ਼ਟਰ ਅਤੇ ਐੱਫਏਟੀਐੱਫ ਸਮੇਤ ਦੁਪੱਖੀ ਅਤੇ ਬਹੁ-ਪੱਖੀ ਪ੍ਰਣਾਲੀਆਂ ਦੇ ਜ਼ਰੀਏ ਵਿਆਪਕ ਅਤੇ ਟਿਕਾਊ ਤਰੀਕੇ ਨਾਲ ਅੱਤਵਾਦ ਦਾ ਮੁਕਾਬਲਾ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਦੀ 1267 ਪਾਬੰਦੀ ਕਮੇਟੀ ਵੱਲੋਂ ਪਾਬੰਦੀਸ਼ੁਦਾ ਸਮੂਹਾਂ ਅਤੇ ਉਨ੍ਹਾਂ ਦੇ ਪ੍ਰਤੀਨਿਧਾਂ, ਸਹਿਯੋਗੀਆਂ, ਪ੍ਰਾਯੋਜਕਾਂ, ਸਮਰਥਕਾਂ ਅਤੇ ਵਿੱਤਪੋਸ਼ਕਾਂ ਸਮੇਤ ਸਾਰੇ ਅੱਤਵਾਦੀਆਂ ਅਤੇ ਅੱਤਵਾਦੀ ਸਮੂਹਾਂ ਖਿਲਾਫ ਤਾਲਮੇਲਵੀਂ ਕਾਰਵਾਈ ਦਾ ਸੱਦਾ ਦਿੱਤਾ। ਦੋਵਾਂ ਧਿਰਾਂ ਨੇ ਸਾਰੇ ਦੇਸ਼ਾਂ ਨੂੰ ਅੱਤਵਾਦੀਆਂ ਦੇ ਸੁਰੱਖਿਅਤ ਟਿਕਾਣਿਆਂ ਅਤੇ ਬੁਨਿਆਦੀ ਢਾਂਚੇ ਨੂੰ ਖ਼ਤਮ ਕਰਨ, ਅੱਤਵਾਦੀ ਨੈੱਟਵਰਕਾਂ ਅਤੇ ਉਨ੍ਹਾਂ ਦੇ ਵਿੱਤਪੋਸ਼ਣ ਨੂੰ ਠੱਲ੍ਹ ਪਾਉਣ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਅੱਤਵਾਦ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਇਨਸਾਫ਼ ਦੇ ਕਟਹਿਰੇ ਵਿੱਚ ਲਿਆਉਣ ਦੀ ਦਿਸ਼ਾ ਵਿੱਚ ਕੰਮ ਜਾਰੀ ਰੱਖਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਜੈਟਨ ਨੇ ਅੰਤਰਰਾਸ਼ਟਰੀ ਅੱਤਵਾਦ ’ਤੇ ਸੰਯੁਕਤ ਰਾਸ਼ਟਰ ਵਿਆਪਕ ਸੰਮੇਲਨ (ਸੀਸੀਆਈਟੀ) ਸਥਾਪਿਤ ਕਰਨ ਦੇ ਭਾਰਤ ਦੇ ਯਤਨਾਂ ਪ੍ਰਤੀ ਸਮਰਥਨ ਪ੍ਰਗਟਾਇਆ।
ਦੋਵਾਂ ਆਗੂਆਂ ਨੇ ਮਾਨਵ-ਰਹਿਤ ਹਵਾਈ ਵਾਹਨ ਪ੍ਰਣਾਲੀਆਂ, ਅੱਤਵਾਦੀਆਂ ਵੱਲੋਂ ਅਭਾਸੀ ਸੰਪਤੀਆਂ ਦੀ ਵਰਤੋਂ, ਅੱਤਵਾਦੀ ਸੰਗਠਨਾਂ ਅਤੇ ਸੂਚਨਾ ਤੇ ਸੰਚਾਰ ਤਕਨਾਲੋਜੀਆਂ ਦੀ ਦੁਰਵਰਤੋਂ ਤੋਂ ਵਧਦੇ ਖ਼ਤਰਿਆਂ ’ਤੇ ਵੀ ਚਿੰਤਾ ਜਤਾਈ।
ਅੱਤਵਾਦ ਨਾਲ ਨਜਿੱਠਣ ਅਤੇ ਇਸ ਸਬੰਧ ਵਿੱਚ ਗਲੋਬਲ ਸਹਿਯੋਗ ਦੇ ਢਾਂਚੇ ਨੂੰ ਮਜ਼ਬੂਤ ਕਰਨ ਦੀ ਸਾਂਝੀ ਵਚਨਬੱਧਤਾ ਨੂੰ ਪ੍ਰਵਾਨ ਕਰਦੇ ਹੋਏ, ਦੋਵਾਂ ਆਗੂਆਂ ਨੇ ਸਾਰੇ ਦੇਸ਼ਾਂ ਵੱਲੋਂ ਮਨੀ ਲਾਂਡਰਿੰਗ ਵਿਰੋਧੀ ਅਤੇ ਅੱਤਵਾਦ ਦੇ ਵਿੱਤਪੋਸ਼ਣ ਦਾ ਮੁਕਾਬਲਾ ਕਰਨ ਲਈ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਬਣਾਈ ਰੱਖਣ ਦੇ ਮਹੱਤਵ ’ਤੇ ਜ਼ੋਰ ਦਿੱਤਾ।
ਉੱਭਰ ਰਹੀਆਂ ਤਕਨਾਲੋਜੀਆਂ, ਨਵੀਨਤਾ, ਵਿਗਿਆਨ ਅਤੇ ਸਿੱਖਿਆ
ਦੋਵਾਂ ਆਗੂਆਂ ਨੇ ਸੈਮੀਕੰਡਕਟਰ ਅਤੇ ਸਬੰਧਤ ਉੱਭਰ ਰਹੀਆਂ ਤਕਨਾਲੋਜੀਆਂ ’ਤੇ ਭਾਈਵਾਲੀ ਲਈ ਸਮਝੌਤਾ ਪੱਤਰ ’ਤੇ ਹਸਤਾਖ਼ਰ ਕੀਤੇ ਜਾਣ ਦਾ ਸਵਾਗਤ ਕੀਤਾ, ਜੋ ਨਿਵੇਸ਼, ਖੋਜ ਅਤੇ ਪ੍ਰਤਿਭਾ ਦੇ ਆਦਾਨ-ਪ੍ਰਦਾਨ ਸਮੇਤ ਸੈਮੀਕੰਡਕਟਰ ਖੇਤਰ ਵਿੱਚ ਗੂੜ੍ਹੇ ਸਹਿਯੋਗ ਲਈ ਇੱਕ ਢਾਂਚਾ ਪ੍ਰਦਾਨ ਕਰਦਾ ਹੈ।
ਦੋਵਾਂ ਆਗੂਆਂ ਨੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰ ਵਿੱਚ ਜਾਰੀ ਸਹਿਯੋਗ ਦਾ ਵੀ ਸਵਾਗਤ ਕੀਤਾ, ਜਿਸ ਵਿੱਚ ਜਨਤਕ-ਨਿੱਜੀ ਭਾਈਵਾਲੀ ਸ਼ੁਰੂ ਕਰਨ ਅਤੇ ਸਰਕਾਰਾਂ, ਕਾਰੋਬਾਰਾਂ ਅਤੇ ਗਿਆਨ ਸੰਸਥਾਵਾਂ ਦੀ ਮੁਹਾਰਤ ਨੂੰ ਜੋੜਨ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਹ ਸਹਿਯੋਗ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ’ਤੇ ਪਹਿਲਾਂ ਤੋਂ ਸਰਗਰਮ ਸੰਯੁਕਤ ਕਾਰਜ ਸਮੂਹ ਦੇ ਜ਼ਰੀਏ ਸੰਯੁਕਤ ਖੋਜ ਅਤੇ ਵਿਕਾਸ ਪ੍ਰੋਜੈਕਟਾਂ, ਪ੍ਰਤਿਭਾ ਗਤੀਸ਼ੀਲਤਾ ਅਤੇ ਤਕਨਾਲੋਜੀ ਤਬਾਦਲੇ ਨੂੰ ਸੁਖਾਲਾ ਬਣਾਉਂਦਾ ਹੈ। ਦੋਵਾਂ ਆਗੂਆਂ ਨੇ ਪਿਛਲੇ ਸਾਲਾਂ ਵਿੱਚ ਸੰਯੁਕਤ ਰੂਪ ਵਿੱਚ ਸ਼ੁਰੂ ਕੀਤੇ ਗਏ ਲਗਭਗ ਪੰਜਾਹ ਵੱਡੇ ਖੋਜ ਅਤੇ ਨਵੀਨਤਾ ਪ੍ਰੋਗਰਾਮਾਂ ’ਤੇ ਵਿਚਾਰ ਕੀਤਾ ਅਤੇ ਸਾਂਝੇ ਹੱਲਾਂ ਦੇ ਨਾਲ ਆਮ ਸਮਾਜਿਕ ਚੁਣੌਤੀਆਂ ਦਾ ਹੱਲ ਕਰਨ ਦੇ ਮਕਸਦ ਨਾਲ ਪ੍ਰਮੁੱਖ ਸਹਾਇਕ ਤਕਨਾਲੋਜੀਆਂ ਦੇ ਖੇਤਰ ਵਿੱਚ ਨਿਰੰਤਰ ਸਹਿਯੋਗ ਦੇ ਵਧਦੇ ਮਹੱਤਵ ਨੂੰ ਰੇਖਾਂਕਿਤ ਕੀਤਾ।
ਦੋਵਾਂ ਆਗੂਆਂ ਨੇ ਡੱਚ ਸੈਮੀਕੰਡਕਟਰ ਕੰਪੀਟੈਂਸ ਸੈਂਟਰ ਨੂੰ ਭਾਰਤੀ ਸੈਮੀਕੰਡਕਟਰ ਮਿਸ਼ਨ (ਆਈਐੱਸਐੱਮ) ਨਾਲ ਜੋੜਨ ਦੀ ਪਹਿਲ ਦਾ ਵੀ ਸਵਾਗਤ ਕੀਤਾ, ਜਿਸ ਦਾ ਮਕਸਦ ਸਹਿਯੋਗ, ਤਕਨਾਲੋਜੀ ਅਤੇ ਪ੍ਰਤਿਭਾ ਵਿਕਾਸ ਦੇ ਜ਼ਰੀਏ ਸੈਮੀਕੰਡਕਟਰ ਖੇਤਰ, ਖਾਸ ਤੌਰ ’ਤੇ ਉਦਯੋਗਾਂ, ਸਟਾਰਟਅੱਪਸ, ਸਕੇਲ-ਅੱਪਸ, ਐੱਸਐੱਮਈ ਅਤੇ ਉਨ੍ਹਾਂ ਦੇ ਸਪਲਾਇਰਾਂ ਨੂੰ ਸਮਰਥਨ ਦੇਣਾ ਅਤੇ ਮਜ਼ਬੂਤ ਕਰਨਾ ਹੈ। ਇਸ ਤੋਂ ਇਲਾਵਾ, ਦੋਵਾਂ ਪ੍ਰਧਾਨ ਮੰਤਰੀਆਂ ਨੇ ਭਾਰਤ-ਡੱਚ ਸੈਮੀਕੰਡਕਟਰ ਔਨਲਾਈਨ ਸਕੂਲ ਅਤੇ ਇਸ ਦੇ ਅਗਲੇ ਪੜਾਅ ਦੀ ਸ਼ਲਾਘਾ ਕੀਤੀ।
ਦੋਵਾਂ ਆਗੂਆਂ ਨੇ ਆਇੰਡਹੋਵਨ ਯੂਨੀਵਰਸਿਟੀ ਆਫ਼ ਟੈਕਨਾਲੋਜੀ ਅਤੇ ਯੂਨੀਵਰਸਿਟੀ ਆਫ਼ ਟਵੈਂਟੇ ਅਤੇ ਛੇ ਪ੍ਰਮੁੱਖ ਭਾਰਤੀ ਤਕਨੀਕੀ ਸੰਸਥਾਵਾਂ (ਆਈਆਈਐੱਸਸੀ ਬੈਂਗਲੁਰੂ, ਆਈਆਈਟੀ ਬੰਬੇ, ਆਈਆਈਟੀ ਦਿੱਲੀ, ਆਈਆਈਟੀ ਗਾਂਧੀਨਗਰ, ਆਈਆਈਟੀ ਗੁਹਾਟੀ ਅਤੇ ਆਈਆਈਟੀ ਮਦਰਾਸ) ਦਰਮਿਆਨ ਸੈਮੀਕੰਡਕਟਰ ਅਤੇ ਸਬੰਧਤ ਤਕਨਾਲੋਜੀਆਂ ਵਿੱਚ ‘ਬ੍ਰੇਨ ਬ੍ਰਿਜ’ ਲਈ ਸਹਿਯੋਗ ਪੱਤਰ ਨੂੰ ਅਪਣਾਉਣ ਦਾ ਸਵਾਗਤ ਕੀਤਾ, ਜਿਸ ਵਿੱਚ ਐੱਨਐੱਕਸਪੀ, ਏਐੱਸਐੱਮਐੱਲ, ਟਾਟਾ ਅਤੇ ਸੀਜੀ ਸੈਮੀ ਦੀ ਉਦਯੋਗਿਕ ਭਾਗੀਦਾਰੀ ਹੈ। ਇਸ ਨਾਲ ਦੋਵਾਂ ਧਿਰਾਂ ਦੀ ਅਕਾਦਮਿਕ ਅਤੇ ਉਦਯੋਗਿਕ ਭਾਗੀਦਾਰੀ ਦੇ ਨਾਲ ਖੋਜ ਵਿਕਾਸ ਅਤੇ ਪ੍ਰਤਿਭਾ ਵਿਕਾਸ ਨੂੰ ਗਤੀ ਮਿਲੇਗੀ।
ਟਿਕਾਊ ਨਵੀਨਤਾ ਲਈ ਮਹੱਤਵਪੂਰਨ ਖਣਿਜਾਂ ਦੇ ਰਣਨੀਤਕ ਮਹੱਤਵ ਅਤੇ ਮਜ਼ਬੂਤ ਤੇ ਟਿਕਾਊ ਸਪਲਾਈ ਚੇਨਾਂ ਦੇ ਨਿਰਮਾਣ ਲਈ ਗਲੋਬਲ ਸਹਿਯੋਗ ਦੀ ਜ਼ਰੂਰਤ ਨੂੰ ਪਛਾਣਦੇ ਹੋਏ, ਦੋਵਾਂ ਆਗੂਆਂ ਨੇ ਪੜਚੋਲ, ਖੋਜ ਅਤੇ ਨਵੀਨਤਾ, ਵੈਲਿਊ ਲੜੀਆਂ ਦੇ ਏਕੀਕਰਨ, ਸਪਲਾਈ ਚੇਨ ਦੀ ਮਜ਼ਬੂਤੀ, ਚੱਕਰੀ ਪ੍ਰਕਿਰਿਆ (ਸਰਕੂਲੈਰਿਟੀ) ਅਤੇ ਈਐੱਸਜੀ ਮਾਪਦੰਡਾਂ ਤੇ ਸਬੰਧਤ ਮੁਲਾਂਕਣ ਸਮੇਤ ਮਹੱਤਵਪੂਰਨ ਖਣਿਜਾਂ ਦੀ ਵੈਲਿਊ ਲੜੀ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵਿੱਚ ਆਪਣੀ ਆਪਸੀ ਦਿਲਚਸਪੀ ਪ੍ਰਗਟਾਈ। ਇਸ ਸੰਦਰਭ ਵਿੱਚ, ਆਗੂਆਂ ਨੇ ਮਹੱਤਵਪੂਰਨ ਖਣਿਜਾਂ ’ਤੇ ਸਮਝੌਤਾ ਪੱਤਰ ’ਤੇ ਹਸਤਾਖ਼ਰ ਕੀਤੇ ਜਾਣ ਦਾ ਵੀ ਸਵਾਗਤ ਕੀਤਾ।
ਦੋਵਾਂ ਆਗੂਆਂ ਨੇ ਭਾਰਤ ਦੇ ਸਿੱਖਿਆ ਮੰਤਰਾਲੇ ਅਤੇ ਨੀਦਰਲੈਂਡਜ਼ ਦੇ ਸਿੱਖਿਆ, ਸਭਿਆਚਾਰ ਅਤੇ ਵਿਗਿਆਨ ਮੰਤਰਾਲੇ ਦਰਮਿਆਨ ਉੱਚ ਸਿੱਖਿਆ ’ਤੇ ਇੱਕ ਸਮਝੌਤਾ ਪੱਤਰ ’ਤੇ ਹਸਤਾਖ਼ਰ ਕੀਤੇ ਜਾਣ ਦਾ ਸਵਾਗਤ ਕੀਤਾ। ਇਸ ਸਮਝੌਤਾ ਪੱਤਰ ਦਾ ਮਕਸਦ ਦੋਵਾਂ ਦੇਸ਼ਾਂ ਦੇ ਉੱਚ ਸਿੱਖਿਆ ਸੰਸਥਾਵਾਂ ਦਰਮਿਆਨ ਉਨ੍ਹਾਂ ਦੀਆਂ ਸਬੰਧਤ ਅਕਾਦਮਿਕ ਤਰਜੀਹਾਂ ਅਤੇ ਜ਼ਰੂਰਤਾਂ ਮੁਤਾਬਕ ਸਹਿਯੋਗ ਨੂੰ ਉਤਸ਼ਾਹ ਦੇਣਾ ਹੈ।
ਦੋਵਾਂ ਆਗੂਆਂ ਨੇ ਡੱਚ ਅਤੇ ਭਾਰਤੀ ਯੂਨੀਵਰਸਿਟੀਆਂ ਦਰਮਿਆਨ ਚੱਲ ਰਹੇ ਸੰਸਥਾਗਤ ਸਹਿਯੋਗ ’ਤੇ ਵੀ ਸੰਤੁਸ਼ਟੀ ਪ੍ਰਗਟਾਈ, ਜਿਸ ਵਿੱਚ ਹਾਲ ਹੀ ਵਿੱਚ ਹੋਏ ਸਹਿਯੋਗ ਸ਼ਾਮਲ ਹਨ, ਜਿਵੇਂ ਕਿ ਗ੍ਰੋਨਿੰਗਨ ਯੂਨੀਵਰਸਿਟੀ ਅਤੇ ਨਾਲੰਦਾ ਯੂਨੀਵਰਸਿਟੀ; ਡੇਲਫਟ ਯੂਨੀਵਰਸਿਟੀ ਆਫ ਟੈਕਨਾਲੋਜੀ ਅਤੇ ਮੁੰਬਈ ਮੈਟਰੋਪੋਲੀਟਨ ਰੀਜਨਲ ਡਿਵੈਲਪਮੈਂਟ ਅਥਾਰਿਟੀ; ਸਰਵੇ ਆਫ ਇੰਡੀਆ ਅਤੇ ਆਈਟੀਸੀ, ਟਵੈਂਟੇ ਯੂਨੀਵਰਸਿਟੀ; ਵਰੀਜੇ ਯੂਨੀਵਰਸਿਟੇਟ ਐਮਸਟਰਡਮ ਅਤੇ ਭਾਰਤੀ ਤਕਨਾਲੋਜੀ ਸੰਸਥਾ (ਆਈਆਈਟੀ) ਰੁੜਕੀ ਅਤੇ ਕਈ ਹੋਰ। ਦੋਵਾਂ ਆਗੂਆਂ ਨੇ ਮੰਨਿਆ ਕਿ ਭਾਰਤ-ਡੱਚ ਸਿੱਖਿਆ ਅਤੇ ਅਕਾਦਮਿਕ ਨੈੱਟਵਰਕ ਵਰਗੇ ਮੰਚ ਵਿੱਦਿਅਕ ਅਤੇ ਵਿਗਿਆਨਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਦੋਵਾਂ ਆਗੂਆਂ ਨੇ ਭਾਰਤ ਅਤੇ ਨੀਦਰਲੈਂਡਜ਼ ਦਰਮਿਆਨ ਖਾਸ ਤੌਰ ’ਤੇ ਜਲਵਾਯੂ ਪਰਿਵਰਤਨ, ਜਲ ਸਮੱਸਿਆ, ਖੁਰਾਕ ਸੁਰੱਖਿਆ ਅਤੇ ਹਵਾ ਦੀ ਗੁਣਵੱਤਾ ਵਰਗੀਆਂ ਸਮਾਜਿਕ ਚੁਣੌਤੀਆਂ ਦੇ ਹੱਲ ਵਿੱਚ ਪੁਲਾੜ-ਅਧਾਰਤ ਐਪਲੀਕੇਸ਼ਨਾਂ ਦੀ ਵਰਤੋਂ ’ਤੇ ਜਾਰੀ ਪੁਲਾੜ ਭਾਈਵਾਲੀ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਦੀ ਸੰਭਾਵਨਾ ਨੂੰ ਪ੍ਰਵਾਨ ਕੀਤਾ।
ਊਰਜਾ ਸੁਰੱਖਿਆ ਅਤੇ ਪਰਿਵਰਤਨ/ਚੱਕਰੀ ਆਰਥਿਕਤਾ
ਜੈਵਿਕ ਈਂਧਣ ਅਤੇ ਜੈਵਿਕ ਰਸਾਇਣ ਦੇ ਖੇਤਰ ਵਿੱਚ ਸਰਗਰਮ ਦੁਪੱਖੀ ਸਹਿਯੋਗ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਜੀ20 ਦੀ ਭਾਰਤ ਦੀ ਪ੍ਰਧਾਨਗੀ ਦੌਰਾਨ ਸ਼ੁਰੂ ਕੀਤੇ ਗਏ ਗਲੋਬਲ ਬਾਇਓਫਿਊਲ ਅਲਾਇੰਸ ਵਿੱਚ ਨੀਦਰਲੈਂਡਜ਼ ਦੇ ਸ਼ਾਮਲ ਹੋਣ ਦਾ ਸਵਾਗਤ ਕੀਤਾ। ਦੋਵਾਂ ਪ੍ਰਧਾਨ ਮੰਤਰੀਆਂ ਨੇ ਜੈਵਿਕ ਆਰਥਿਕਤਾ ’ਤੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਭਾਰਤ ਤੇ ਨੀਦਰਲੈਂਡਜ਼ ਵੱਲੋਂ ਸਹਿ-ਪ੍ਰਧਾਨਗੀ ਵਿੱਚ ਚਲਾਏ ਗਏ ਬਾਇਓਰਿਫਾਇਨਰੀ ਮਿਸ਼ਨ ਇਨੋਵੇਸ਼ਨ ਪ੍ਰੋਗਰਾਮ ਦੀ ਸਫ਼ਲਤਾ ’ਤੇ ਵਿਚਾਰ-ਵਟਾਂਦਰਾ ਕੀਤਾ।
‘ਵੇਸਟ ਟੂ ਵੈਲਯੂ’ ’ਤੇ ਜਾਰੀ ਸਹਿਯੋਗ ਨੂੰ ਪ੍ਰਵਾਨ ਕਰਦੇ ਹੋਏ, ਦੋਵਾਂ ਆਗੂਆਂ ਨੇ ਕਿਹਾ ਕਿ ਡੱਚ ਰਾਸ਼ਟਰੀ ਚੱਕਰੀ ਆਰਥਿਕਤਾ ਪ੍ਰੋਗਰਾਮ 2023-2030 ਦਾ 2025 ਦਾ ਅੱਪਡੇਟ ਅਤੇ ਵਿਸ਼ਵ ਚੱਕਰੀ ਆਰਥਿਕਤਾ ਮੰਚ (ਡਬਲਿਊਸੀਈਐੱਫ) 2026 ਦੀ ਭਾਰਤੀ ਪ੍ਰਧਾਨਗੀ, ਨਵੇਂ ਖੇਤਰਾਂ ਵਿੱਚ ਭਾਈਵਾਲੀ ਦੇ ਵਿਸਤਾਰ ਦਾ ਮੌਕਾ ਪ੍ਰਦਾਨ ਕਰੇਗੀ। ਇਸ ਵਿੱਚ ਉਦਯੋਗਿਕ ਚੱਕਰੀਤਾ, ਟਿਕਾਊ ਅਤੇ ਜਲਵਾਯੂ-ਪਰਿਵਰਤਨਸ਼ੀਲ ਸ਼ਹਿਰੀ ਪ੍ਰਣਾਲੀਆਂ ਲਈ ਠੋਸ ਅਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ, ਪਾਇਲਟ ਅਤੇ ਸਕੇਲੇਬਲ ਪ੍ਰੋਜੈਕਟਾਂ ਵਿੱਚ ਤਕਨਾਲੋਜੀ ਦੀ ਤਾਇਨਾਤੀ, ਨਵੀਨਤਾ ਦੀ ਸ਼ੁਰੂਆਤ ਅਤੇ ਵਪਾਰ ਤੇ ਨਿਵੇਸ਼ ਪ੍ਰੋਤਸਾਹਨ ਦੇ ਮੌਕੇ ਸ਼ਾਮਲ ਹਨ, ਜਿਵੇਂ ਕਿ ਬੀ2ਬੀ ਭਾਈਵਾਲੀ ਦੇ ਮਾਧਿਅਮ ਰਾਹੀਂ, ਜਿਸ ਦੇ ਲਈ ਡੱਚ ਕੰਪਨੀਆਂ ਨੂੰ ਸਰੋਤ ਕੁਸ਼ਲਤਾ ਅਤੇ ਚੱਕਰੀ ਆਰਥਿਕਤਾ ਉਦਯੋਗ ਗਠਜੋੜ (ਆਰਈਸੀਈਆਈਸੀ) ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਟਿਕਾਊ ਗਤੀਸ਼ੀਲਤਾ ਦੇ ਖੇਤਰ ਵਿੱਚ, ਸਮਾਰਟ ਅਤੇ ਅੰਤਰ-ਸੰਚਾਲਨਯੋਗ ਚਾਰਜਿੰਗ ਬੁਨਿਆਦੀ ਢਾਂਚਾ, ਬੈਟਰੀ ਤਕਨਾਲੋਜੀ ਅਤੇ ਸਿਸਟਮ ਏਕੀਕਰਨ, ਮਾਨਕੀਕਰਨ ਅਤੇ ਖੁੱਲ੍ਹੇ ਪ੍ਰੋਟੋਕੋਲ, ਭਾਰੀ ਅਤੇ ਮੱਧਮ-ਭਾਰੀ ਜ਼ੀਰੋ-ਨਿਕਾਸ ਵਾਹਨ, ਸਮਾਰਟ ਸ਼ਹਿਰੀ ਗਤੀਸ਼ੀਲਤਾ ਪ੍ਰਣਾਲੀਆਂ ਤੇ ਮਲਟੀਮੋਡਲ ਏਕੀਕਰਨ ਅਤੇ ਬਦਲਵੇਂ ਈਂਧਣ ਤੇ ਸਰਗਰਮ ਗਤੀਸ਼ੀਲਤਾ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਗੂੜ੍ਹਾ ਕੀਤਾ ਜਾ ਸਕਦਾ ਹੈ।
ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਭਾਰਤ ਅਤੇ ਨੀਦਰਲੈਂਡਜ਼ ਦਰਮਿਆਨ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ, ਦੋਵਾਂ ਆਗੂਆਂ ਨੇ ਨਵਿਆਉਣਯੋਗ ਊਰਜਾ ’ਤੇ ਸਮਝੌਤਾ ਪੱਤਰ ਦੇ ਤਹਿਤ ਇੱਕ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਦਾ ਸਵਾਗਤ ਕੀਤਾ। ਇਹ ਸਮਝੌਤਾ ਪੱਤਰ ਨਵਿਆਉਣਯੋਗ ਊਰਜਾ ਵਿੱਚ ਸਹਿਯੋਗ ਦੇ ਵਿਭਿੰਨ ਏਜੰਡੇ ਲਈ ਲੋੜੀਂਦੇ ਮੌਕੇ ਪ੍ਰਦਾਨ ਕਰਦਾ ਹੈ, ਜਿਸ ਵਿੱਚ ਨਵੀਨਤਾਕਾਰੀ ਸੂਰਜੀ ਊਰਜਾ, ਗ੍ਰੀਨ ਹਾਈਡ੍ਰੋਜਨ, ਸਟੋਰੇਜ ਅਤੇ ਊਰਜਾ ਪਰਿਵਰਤਨ ਨੂੰ ਸੁਖਾਲਾ ਬਣਾਉਣ ਲਈ ਨਵਿਆਉਣਯੋਗ ਊਰਜਾ ਖੇਤਰ ਵਿੱਚ ਨਿਵੇਸ਼ ਸ਼ਾਮਲ ਹਨ।
ਨਵਿਆਉਣਯੋਗ ਊਰਜਾ ’ਤੇ ਸਹਿਯੋਗ ਅਤੇ ਦੁਪੱਖੀ ਨਿਵੇਸ਼ ਨੂੰ ਹੋਰ ਮਜ਼ਬੂਤ ਕਰਨ ਲਈ, ਦੋਵਾਂ ਆਗੂਆਂ ਨੇ ਗ੍ਰੀਨ ਹਾਈਡ੍ਰੋਜਨ ਵਿਕਾਸ ’ਤੇ ਮਹੱਤਵਪੂਰਨ ਭਾਰਤ-ਨੀਦਰਲੈਂਡਜ਼ ਰੋਡਮੈਪ ਦੀ ਸ਼ੁਰੂਆਤ ਕੀਤੀ। ਆਗੂਆਂ ਨੇ ਸਹਿਮਤੀ ਪ੍ਰਗਟਾਈ ਕਿ ਇਹ ਰੋਡਮੈਪ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ, ਉਪਯੋਗ ਅਤੇ ਨਿਰਯਾਤ ਲਈ ਭਾਰਤ ਦੀ ਮਹੱਤਵਪੂਰਨ, ਵਿਸ਼ਾਲ ਸਮਰੱਥਾ ਅਤੇ ਮੁਕਾਬਲੇਬਾਜ਼ੀ ਲਾਭਾਂ ਦਾ ਸਮਰਥਨ ਕਰਨ ਵਿੱਚ ਸਹਾਇਕ ਹੋਵੇਗਾ, ਨਾਲ ਹੀ ਦੋਵਾਂ ਦੇਸ਼ਾਂ ਵਿੱਚ ਊਰਜਾ ਦੇ ਇੱਕ ਟਿਕਾਊ ਸਰੋਤ ਵਜੋਂ ਗ੍ਰੀਨ ਹਾਈਡ੍ਰੋਜਨ ਨੂੰ ਤੇਜ਼ੀ ਨਾਲ ਅਪਣਾਉਣ ਵਿੱਚ ਯੋਗਦਾਨ ਪਾਵੇਗਾ।
ਇਸ ਤੋਂ ਇਲਾਵਾ, ਨੀਤੀ ਆਯੋਗ ਅਤੇ ਨੀਦਰਲੈਂਡਜ਼ ਦਰਮਿਆਨ ਊਰਜਾ ਪਰਿਵਰਤਨ ਲਈ ਸਮਰੱਥਾ ਨਿਰਮਾਣ ’ਤੇ ਜੁਆਇੰਟ ਸਟੇਟਮੈਂਟ ਆਫ਼ ਇੰਟੈਂਟ ਦਾ ਨਵੀਨੀਕਰਨ ਊਰਜਾ ਸੁਰੱਖਿਆ ਅਤੇ ਪਰਿਵਰਤਨ ਖੇਤਰਾਂ ਵਿੱਚ ਨਿਰੰਤਰ ਸਹਿਯੋਗ ਨੂੰ ਯਕੀਨੀ ਬਣਾਏਗਾ।
ਦੋਵਾਂ ਆਗੂਆਂ ਨੇ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਗ੍ਰੋਨਿੰਗਨ ਯੂਨੀਵਰਸਿਟੀ (ਆਰਯੂਜੀ) ਅਤੇ 19 ਭਾਰਤੀ ਤਕਨਾਲੋਜੀ ਸੰਸਥਾਵਾਂ (ਆਈਆਈਟੀ) ਦਰਮਿਆਨ ਹਸਤਾਖ਼ਰ ਕੀਤੇ ਗਏ ਸਮਝੌਤਾ ਪੱਤਰ ਦਾ ਸਵਾਗਤ ਕੀਤਾ। ਉਨ੍ਹਾਂ ਨੇ ਭਾਰਤ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਤੇ ਆਰਯੂਜੀ ਦਰਮਿਆਨ ਹਾਈਡ੍ਰੋਜਨ ’ਤੇ ਪੀਐੱਚਡੀ ਫੈਲੋਸ਼ਿਪ ਪ੍ਰੋਗਰਾਮ ਦੀ ਸਥਾਪਨਾ ਦਾ ਵੀ ਸਵਾਗਤ ਕੀਤਾ।
ਜਲ ਪ੍ਰਬੰਧਨ
ਦੋਵਾਂ ਆਗੂਆਂ ਨੇ ਭਾਰਤ ਦੀਆਂ ਜਲ ਸਬੰਧੀ ਜ਼ਰੂਰਤਾਂ ਅਤੇ ਨੀਦਰਲੈਂਡਜ਼ ਦੀ ਮੁਹਾਰਤ ਤੇ ਅਨੁਭਵ ਦਰਮਿਆਨ ਤਾਲਮੇਲ ਨੂੰ ਹੋਰ ਬਿਹਤਰ ਕਰਨ ਲਈ ਜਲ ਸਬੰਧੀ ਰਣਨੀਤਕ ਭਾਈਵਾਲੀ ਦੇ ਤਹਿਤ ਹੋਈ ਪ੍ਰਗਤੀ ਦਾ ਵੀ ਜ਼ਿਕਰ ਕੀਤਾ। ਦੋਵਾਂ ਪ੍ਰਧਾਨ ਮੰਤਰੀਆਂ ਨੇ ਜਲ ਅਤੇ ਨਦੀ ਪ੍ਰਬੰਧਨ ਦੇ ਖੇਤਰ ਵਿੱਚ ਕੀਤੇ ਜਾ ਰਹੇ ਸੰਯੁਕਤ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਵਿੱਚ ਨਮਾਮਿ ਗੰਗੇ ਮਿਸ਼ਨ ਵਿੱਚ ਭਾਈਵਾਲੀ, ਜਲਵਾਯੂ ਪਰਿਵਰਤਨ ਦੌਰਾਨ ਸ਼ਹਿਰੀ ਨਦੀ ਪ੍ਰਬੰਧਨ ਯੋਜਨਾਵਾਂ ਦੇ ਜ਼ਰੀਏ ‘ਜਲ ਦਾ ਲਾਭ ਉਠਾਉਣਾ’, ਡੈਲਟਾ ਪ੍ਰਬੰਧਨ, ਜਲ ਗੁਣਵੱਤਾ ਪ੍ਰਬੰਧਨ, ਰਹਿੰਦ-ਖੂੰਹਦ ਵਾਲੇ ਪਾਣੀ ਦਾ ਮੁੜ-ਉਪਯੋਗ ਅਤੇ ਨਵੀਆਂ ਜਲ ਤਕਨਾਲੋਜੀਆਂ ਦੀ ਸ਼ੁਰੂਆਤ ਸ਼ਾਮਲ ਹੈ। ਦੋਵਾਂ ਆਗੂਆਂ ਨੇ ਸੁਰੱਖਿਅਤ ਸਫ਼ਾਈ ਪ੍ਰਬੰਧਨ ਅਤੇ ਸਾਫ਼ ਪਾਣੀ ਤੱਕ ਸਮਾਵੇਸ਼ੀ ਪਹੁੰਚ ਦੇ ਮਹੱਤਵ ’ਤੇ ਜ਼ੋਰ ਦਿੱਤਾ ਅਤੇ ਸਵੱਛ ਭਾਰਤ ਮਿਸ਼ਨ ਦੇ ਟੀਚਿਆਂ ਦੇ ਅਨੁਰੂਪ, ਅੰਤਰਰਾਸ਼ਟਰੀ ਪੱਧਰ ’ਤੇ ਜਲ ਸੰਭਾਲ ਅਤੇ ਸਵੱਛਤਾ ਸਬੰਧੀ ਵਿਕਾਸ ਪ੍ਰੋਜੈਕਟਾਂ ਦੇ ਟਿਕਾਊ ਵਿੱਤਪੋਸ਼ਣ (ਫੰਡਿੰਗ) ਵਿੱਚ ਨੀਦਰਲੈਂਡਜ਼ ਦੇ ਯੋਗਦਾਨ ਨੂੰ ਪ੍ਰਵਾਨ ਕੀਤਾ।
ਦੋਵਾਂ ਆਗੂਆਂ ਨੇ ਭਾਰਤੀ ਤਕਨਾਲੋਜੀ ਸੰਸਥਾ (ਆਈਆਈਟੀ) ਦਿੱਲੀ ਵਿੱਚ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਅਤੇ ਨੀਦਰਲੈਂਡਜ਼ ਸਰਕਾਰ ਦੇ ਬੁਨਿਆਦੀ ਢਾਂਚਾ ਅਤੇ ਜਲ ਪ੍ਰਬੰਧਨ ਮੰਤਰਾਲੇ ਦੇ ਸਹਿਯੋਗ ਨਾਲ ਸੈਂਟਰ ਆਫ਼ ਐਕਸੀਲੈਂਸ ਫਾਰ ਵਾਟਰ ਦੀ ਸਥਾਪਨਾ ਦਾ ਸਵਾਗਤ ਕੀਤਾ। ਆਗੂਆਂ ਨੇ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ, ਤਾਮਿਲਨਾਡੂ ਅਤੇ ਕੇਰਲ ਰਾਜਾਂ ਵਿੱਚ ਚੱਲ ਰਹੇ ਵੱਖ-ਵੱਖ ਸੰਯੁਕਤ ਪ੍ਰੋਗਰਾਮਾਂ ਦੇ ਤਹਿਤ ਹੋਈ ਤਰੱਕੀ ’ਤੇ ਵੀ ਧਿਆਨ ਦਿੱਤਾ।
ਦੋਵਾਂ ਆਗੂਆਂ ਨੇ ਗੁਜਰਾਤ ਦੇ ਕਲਪਸਰ ਪ੍ਰੋਜੈਕਟ ’ਤੇ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ, ਜਿੱਥੇ ਪ੍ਰੋਜੈਕਟ ਵਿੱਚ ਡੱਚ ਮੁਹਾਰਤ ਅਤੇ ਤਕਨੀਕੀ ਸਹਾਇਤਾ ਜਲ ’ਤੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਕ ਹੋ ਸਕਦੀ ਹੈ।
ਦੋਵਾਂ ਆਗੂਆਂ ਨੇ ਭਾਰਤ ਦੀ ਅਗਵਾਈ ਵਾਲੇ ਗਲੋਬਲ ਆਫ਼ਤ ਰੋਧਕ ਬੁਨਿਆਦੀ ਢਾਂਚਾ ਗਠਜੋੜ (ਸੀਡੀਆਰਆਈ) ਦੇ ਸ਼ਹਿਰੀ ਜਲ ਬੁਨਿਆਦੀ ਢਾਂਚਾ ਸਸ਼ਕਤੀਕਰਨ ਪ੍ਰੋਗਰਾਮ ਵਿੱਚ ਹੁਣ ਤੱਕ ਹੋਈ ਤਰੱਕੀ ’ਤੇ ਵੀ ਧਿਆਨ ਕੀਤਾ, ਜਿਸ ਦੇ ਜ਼ਰੀਏ ਨੀਦਰਲੈਂਡਜ਼ ਆਪਣੀ ਮੈਂਬਰਸ਼ਿਪ ਦੇ ਤਹਿਤ ਆਪਣੀ ਮੁਹਾਰਤ ਸਾਂਝੀ ਕਰਦਾ ਹੈ। ਦੋਵੇਂ ਆਗੂ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨਡੀਐੱਮਏ) ਦੇ ਨਾਲ ਭਾਰਤੀ ਸ਼ਹਿਰਾਂ ਵਿੱਚ ਅਤੇ ਗਲੋਬਲ ਪੱਧਰ ’ਤੇ 50 ਤੋਂ ਵੱਧ ਸੀਡੀਆਰਆਈ ਮੈਂਬਰ ਦੇਸ਼ਾਂ ਵਿੱਚ ਵਿਕਸਿਤ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਦੀ ਉਡੀਕ ਕਰ ਰਹੇ ਹਨ।
ਸਮੁੰਦਰੀ ਵਿਕਾਸ
ਦੋਵਾਂ ਪ੍ਰਧਾਨ ਮੰਤਰੀਆਂ ਨੇ ਸਮੁੰਦਰੀ ਸਹਿਯੋਗ ’ਤੇ ਹਾਲ ਹੀ ਵਿੱਚ ਨਵੀਨੀਕਰਨ ਕੀਤੇ ਗਏ ਸਮਝੌਤਾ ਪੱਤਰ ਦਾ ਜ਼ਿਕਰ ਕੀਤਾ ਅਤੇ ਭਾਰਤ ਅਤੇ ਨੀਦਰਲੈਂਡਜ਼ ਦਰਮਿਆਨ ਅਕਤੂਬਰ, 2025 ਵਿੱਚ ਹਸਤਾਖ਼ਰ ਕੀਤੇ ਗਏ ਲੈਟਰ ਆਫ਼ ਇੰਟੈਂਟ ਵਿੱਚ ਉਲਿਖਿਤ ਰਣਨੀਤਕ ‘ਗ੍ਰੀਨ ਅਤੇ ਡਿਜੀਟਲ ਸਮੁੰਦਰੀ ਗਲਿਆਰੇ’ ਦੇ ਵਿਕਾਸ ਵਿੱਚ ਸਹਿਯੋਗ ਕਰਦੇ ਹੋਏ, ਸੁਰੱਖਿਅਤ, ਸੰਭਾਲੇ ਹੋਏ ਅਤੇ ਟਿਕਾਊ ਸਮੁੰਦਰੀ ਖੇਤਰ ਦੀ ਦਿਸ਼ਾ ਵਿੱਚ ਨਿਰੰਤਰ ਸਹਿਯੋਗ ਦੇ ਮਹੱਤਵ ’ਤੇ ਜ਼ੋਰ ਦਿੱਤਾ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਬੰਦਰਗਾਹਾਂ ਅਤੇ ਅੰਤਰਦੇਸ਼ੀ ਜਲਮਾਰਗਾਂ ਦੇ ਸਮਾਰਟ ਅਤੇ ਟਿਕਾਊ ਵਿਕਾਸ, ਸਪਲਾਈ ਚੇਨ ਅਨੁਕੂਲਨ ਅਤੇ ਹਰੇ ਬੰਦਰਗਾਹਾਂ ਤੇ ਜਹਾਜ਼ਰਾਨੀ ਦੇ ਖੇਤਰਾਂ ਵਿੱਚ ਆਪਣੀ ਭਾਈਵਾਲੀ ਨੂੰ ਹੋਰ ਗੂੜ੍ਹਾ ਅਤੇ ਵਿਆਪਕ ਬਣਾਉਣ ’ਤੇ ਸਹਿਮਤੀ ਜਤਾਈ। ਅਗਲੇ ਕਦਮ ਵਜੋਂ, ਦੋਵਾਂ ਪ੍ਰਧਾਨ ਮੰਤਰੀਆਂ ਨੇ ਇੱਕ ਵਿਆਪਕ ‘ਗ੍ਰੀਨ ਅਤੇ ਡਿਜੀਟਲ ਸਮੁੰਦਰੀ ਗਲਿਆਰੇ ’ਤੇ ਰਣਨੀਤਕ ਰੋਡਮੈਪ’ ਵਿਕਸਿਤ ਕਰਨ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕਰਨ ’ਤੇ ਸਹਿਮਤੀ ਪ੍ਰਗਟਾਈ, ਜਿਸ ਦਾ ਮਕਸਦ ਭਾਰਤ ਅਤੇ ਨੀਦਰਲੈਂਡਜ਼ ਦਰਮਿਆਨ ਵਾਤਾਵਰਣ ਪੱਖੋਂ ਟਿਕਾਊ, ਡਿਜੀਟਲ ਰੂਪ ਵਿੱਚ ਏਕੀਕ੍ਰਿਤ ਅਤੇ ਆਰਥਿਕ ਰੂਪ ਵਿੱਚ ਕੁਸ਼ਲ ਭਵਿੱਖ ਲਈ ਤਿਆਰ ਸਮੁੰਦਰੀ ਗਲਿਆਰੇ ਦੀ ਦਿਸ਼ਾ ਵਿੱਚ ਕੰਮ ਕਰਨਾ ਹੈ।
ਗਲੋਬਲ ਅਤੇ ਖੇਤਰੀ ਸਮੁੰਦਰੀ ਸੁਰੱਖਿਆ, ਵਿਸ਼ੇਸ਼ ਤੌਰ ’ਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ, ਸਾਂਝੇ ਹਿੱਤਾਂ ਨੂੰ ਦੇਖਦੇ ਹੋਏ, ਦੋਵਾਂ ਪ੍ਰਧਾਨ ਮੰਤਰੀਆਂ ਨੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਸੁਰੱਖਿਆ, ਜਿਸ ਵਿੱਚ ਬੰਦਰਗਾਹਾਂ ਅਤੇ ਅੰਤਰਦੇਸ਼ੀ ਜਲਮਾਰਗਾਂ ਵਿੱਚ ਸਾਈਬਰ ਸੁਰੱਖਿਆ ਅਤੇ ਵਿਭਿੰਨ ਤੇ ਮਜ਼ਬੂਤ ਸਪਲਾਈ ਚੇਨਾਂ (ਮਹੱਤਵਪੂਰਨ ਕੱਚੇ ਮਾਲ, ਦਵਾਈਆਂ ਅਤੇ ਖੁਰਾਕੀ ਪਦਾਰਥਾਂ ਸਮੇਤ) ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ, ਦੇ ਖੇਤਰ ਵਿੱਚ ਸਬੰਧਤ ਸਰਕਾਰੀ ਸੰਸਥਾਵਾਂ, ਕਾਰੋਬਾਰਾਂ ਅਤੇ ਗਿਆਨ ਸੰਸਥਾਵਾਂ ਦਰਮਿਆਨ ਸਰਵੋਤਮ ਅਭਿਆਸਾਂ ਦੇ ਆਦਾਨ-ਪ੍ਰਦਾਨ ’ਤੇ ਸਹਿਮਤੀ ਪ੍ਰਗਟਾਈ।
ਸਿਹਤ ਖੇਤਰ
ਦੋਵਾਂ ਆਗੂਆਂ ਨੇ ਸਿਹਤ ਦੇ ਖੇਤਰ ਵਿੱਚ ਦੁਪੱਖੀ ਸਹਿਯੋਗ ਵਧਾਉਣ ਦੇ ਮਹੱਤਵ ’ਤੇ ਜ਼ੋਰ ਦਿੱਤਾ, ਵਿਸ਼ੇਸ਼ ਤੌਰ ’ਤੇ ਛੂਤ ਦੀਆਂ ਬਿਮਾਰੀਆਂ ਅਤੇ ਰੋਗਾਣੂਨਾਸ਼ਕ ਪ੍ਰਤੀਰੋਧ ਵਰਗੇ ਗਲੋਬਲ ਜਨਤਕ ਸਿਹਤ ਖ਼ਤਰਿਆਂ ਦੇ ਨਾਲ-ਨਾਲ ਗ਼ੈਰ-ਛੂਤ ਦੀਆਂ ਬਿਮਾਰੀਆਂ ਦੇ ਵਧਦੇ ਪ੍ਰਭਾਵ ਨਾਲ ਨਜਿੱਠਣ ਲਈ। ਦੋਵਾਂ ਆਗੂਆਂ ਨੇ ਡਿਜੀਟਲ ਸਿਹਤ (ਏਆਈ ਅਤੇ ਸਾਈਬਰ ਸੁਰੱਖਿਆ ਸਮੇਤ) ਅਤੇ ਸਮਰੱਥਾ ਨਿਰਮਾਣ ਵਿੱਚ ਹੋਰ ਵਧੇਰੇ ਸਹਿਯੋਗ ਨੂੰ ਉਤਸ਼ਾਹਿਤ ਕਰਨ ’ਤੇ ਵੀ ਸਹਿਮਤੀ ਜਤਾਈ। ਉਨ੍ਹਾਂ ਨੇ ਸਿਹਤ ਸੰਭਾਲ ਅਤੇ ਜਨਤਕ ਸਿਹਤ ’ਤੇ ਸਮਝੌਤਾ ਪੱਤਰ ਦੇ ਨਵੀਨੀਕਰਨ ਅਤੇ ਮਹਿਲਾ ਸਿਹਤ, ਜਲਵਾਯੂ ਤੇ ਸਿਹਤ ਤਿਆਰੀਆਂ ਲਈ ਸਮਰੱਥਾ ਵਿਕਾਸ ਅਤੇ ਦੋਵਾਂ ਦੇਸ਼ਾਂ ਵਿੱਚ ਟਿਕਾਊ ਸਿਹਤ ਪ੍ਰਣਾਲੀਆਂ ’ਤੇ ਗਿਆਨ ਦੇ ਆਦਾਨ-ਪ੍ਰਦਾਨ ਵਰਗੇ ਖੇਤਰਾਂ ਵਿੱਚ ਨਵੀਆਂ ਸਹਿਯੋਗ ਪਹਿਲਾਂ ’ਤੇ ਵਿਚਾਰ ਕਰਨ ਦਾ ਸਵਾਗਤ ਕੀਤਾ। ਇਸ ਨਵੀਨੀਕਰਨ ਕੀਤੇ ਗਏ ਸਮਝੌਤਾ ਪੱਤਰ ਦੇ ਮੱਦੇਨਜ਼ਰ ਦੋਵਾਂ ਆਗੂਆਂ ਨੇ ਡੱਚ ਰਾਸ਼ਟਰੀ ਜਨ ਸਿਹਤ ਅਤੇ ਵਾਤਾਵਰਣ ਸੰਸਥਾ (ਆਰਆਈਵੀਐੱਮ) ਅਤੇ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐੱਮਆਰ) ਦਰਮਿਆਨ ਹਾਲ ਹੀ ਵਿੱਚ ਹਸਤਾਖ਼ਰ ਕੀਤੇ ਗਏ ਲੈਟਰ ਆਫ਼ ਇੰਟੈਂਟ ਦਾ ਵੀ ਸਵਾਗਤ ਕੀਤਾ, ਜਿਸ ਵਿੱਚ ਛੂਤ ਦੀਆਂ ਬਿਮਾਰੀਆਂ, ਵੈਕਟਰ-ਬੌਰਨ ਬਿਮਾਰੀਆਂ, ਇੱਕ ਸਿਹਤ ਅਤੇ ਬਿਮਾਰੀਆਂ ਦੀ ਨਿਗਰਾਨੀ ਵਰਗੇ ਖੇਤਰਾਂ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
ਦੋਵਾਂ ਆਗੂਆਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਭਾਰਤ-ਨੀਦਰਲੈਂਡਜ਼ ਰਣਨੀਤਕ ਭਾਈਵਾਲੀ ਦੇ ਢਾਂਚੇ ਦੇ ਤਹਿਤ ਉੱਚ ਗੁਣਵੱਤਾ ਵਾਲੀ, ਸੁਲਭ, ਸੁਰੱਖਿਅਤ ਅਤੇ ਟਿਕਾਊ ਸਿਹਤ ਸੰਭਾਲ (ਹੈਲਥਕੇਅਰ) ਯਕੀਨੀ ਬਣਾਉਣ ਲਈ ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੇ ਖੇਤਰ ਵਿੱਚ ਸਹਿਯੋਗ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। 2026 ਵਿੱਚ, ਨਵੇਂ ਹਸਤਾਖ਼ਰ ਕੀਤੇ ਗਏ ਸਮਝੌਤਾ ਪੱਤਰ ਦੇ ਤਹਿਤ ਪਹਿਲੇ ਜੁਆਇੰਟ ਵਰਕਿੰਗ ਗਰੁੱਪ ਦੀ ਬੈਠਕ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਸਮਝੌਤਾ ਪੱਤਰ ਅਤੇ ਇਸ ਦੀ ਕਾਰਜ ਯੋਜਨਾ ਦੇ ਲਾਗੂਕਰਨ ਤੇ ਅਗਲੇ ਵਿਕਾਸ ’ਤੇ ਚਰਚਾ ਕੀਤੀ ਜਾਵੇਗੀ ਅਤੇ ਅਕਾਦਮਿਕ ਸਹਿਯੋਗ, ਨਿਯਾਮਕ ਸਹਿਯੋਗ, ਵਪਾਰਕ ਜੁੜਾਵ ਅਤੇ ਮਾਰਕੀਟ ਪਹੁੰਚ ’ਤੇ ਗਿਆਨ ਦੇ ਆਦਾਨ-ਪ੍ਰਦਾਨ ਸਮੇਤ ਸਹਿਯੋਗ ਦੇ ਪ੍ਰਮੁੱਖ ਮੌਕਿਆਂ ਦੀ ਪਛਾਣ ਕੀਤੀ ਜਾਵੇਗੀ।
ਖੇਤੀਬਾੜੀ ਅਤੇ ਖੁਰਾਕ ਪ੍ਰਣਾਲੀਆਂ
ਦੋਵਾਂ ਆਗੂਆਂ ਨੇ ਖੇਤੀਬਾੜੀ, ਖੁਰਾਕ ਪ੍ਰਣਾਲੀਆਂ ਅਤੇ ਜ਼ਿੰਮੇਵਾਰ ਵੈਲਿਊ ਲੜੀਆਂ ਦੇ ਖੇਤਰ ਵਿੱਚ ਭਾਰਤ-ਨੀਦਰਲੈਂਡਜ਼ ਦੇ ਨਿਰੰਤਰ ਸਹਿਯੋਗ ’ਤੇ ਸੰਤੁਸ਼ਟੀ ਪ੍ਰਗਟਾਈ, ਜਿਸ ਵਿੱਚ ਖੇਤੀਬਾੜੀ ’ਤੇ ਜੁਆਇੰਟ ਵਰਕਿੰਗ ਗਰੁੱਪ ਦੇ ਜ਼ਰੀਏ ਗਿਆਨ ਦਾ ਆਦਾਨ-ਪ੍ਰਦਾਨ ਅਤੇ ਅਨੁਭਵ ਸਾਂਝੇ ਕਰਨਾ ਸ਼ਾਮਲ ਹੈ। ਆਗੂਆਂ ਨੇ ਸੁਰੱਖਿਅਤ ਖੇਤੀ, ਫੂਡ ਪ੍ਰੋਸੈਸਿੰਗ, ਡੇਅਰੀ ਅਤੇ ਮੁਰਗੀ ਪਾਲਣ (ਪੋਲਟਰੀ) ਦੇ ਖੇਤਰ ਵਿੱਚ ਭਾਰਤ ਵਿੱਚ ਡੱਚ ਕੰਪਨੀਆਂ ਦੀ ਵਧਦੀ ਮੌਜੂਦਗੀ ਦਾ ਸਵਾਗਤ ਕੀਤਾ। ਆਗੂਆਂ ਨੇ ਖੇਤੀਬਾੜੀ ਖੇਤਰ, ਜਿਸ ਵਿੱਚ ਐਗਰੀ-ਟੈੱਕ (ਖੇਤੀ-ਤਕਨੀਕ) ਵੀ ਸ਼ਾਮਲ ਹੈ, ਨਾਲ ਸਬੰਧਤ ਭਾਰਤੀ ਅਤੇ ਡੱਚ ਕੰਪਨੀਆਂ ਦਰਮਿਆਨ ਸਹਿਯੋਗ ਦੇ ਮੌਕਿਆਂ ਦਾ ਲਾਭ ਉਠਾਉਣ ਦੇ ਮਹੱਤਵ ’ਤੇ ਜ਼ੋਰ ਦਿੱਤਾ।
ਦੋਵਾਂ ਆਗੂਆਂ ਨੇ ਡੱਚ ਮੁਹਾਰਤ ਦੇ ਨਾਲ ਭਾਰਤ ਵਿੱਚ ਖੇਤੀਬਾੜੀ ਨਾਲ ਸਬੰਧਤ ਖੇਤਰਾਂ ਵਿੱਚ ‘ਉੱਤਮਤਾ ਕੇਂਦਰਾਂ’ (ਸੈਂਟਰਜ਼ ਆਫ਼ ਐਕਸੀਲੈਂਸ) ਦੀ ਸਥਾਪਨਾ ਵਿੱਚ ਹੋਈ ਤਰੱਕੀ ਦੀ ਸਮੀਖਿਆ ਕੀਤੀ। ਇਹ ਕੇਂਦਰ ਉੱਚ-ਤਕਨੀਕੀ ਗ੍ਰੀਨਹਾਊਸ ਖੇਤੀਬਾੜੀ ਉਤਪਾਦਨ ਵਿੱਚ ਤਕਨਾਲੋਜੀ ਨੂੰ ਉਤਸ਼ਾਹਿਤ ਕਰ ਰਹੇ ਹਨ, ਨਾਲ ਹੀ ਛੋਟੇ ਕਿਸਾਨਾਂ ਲਈ ਬਿਹਤਰ ਖੇਤੀ ਉਪਜ ਅਤੇ ਸਮਰੱਥਾ ਨਿਰਮਾਣ ਕਰ ਰਹੇ ਹਨ, ਜਿਸ ਨਾਲ ਵਧੇਰੇ ਟਿਕਾਊ ਅਤੇ ਉੱਚ ਗੁਣਵੱਤਾ/ਉਤਪਾਦਕਤਾ ਪ੍ਰਾਪਤ ਹੋ ਰਹੀ ਹੈ ਅਤੇ ਪਾਣੀ ਤੇ ਖੇਤੀ ਰਸਾਇਣਾਂ ਦੀ ਵਰਤੋਂ ਘਟ ਰਹੀ ਹੈ।
ਦੋਵਾਂ ਆਗੂਆਂ ਨੇ ਨਿਰੰਤਰ ਸਹਿਯੋਗ ਅਤੇ ਗਿਆਨ ਦੇ ਆਦਾਨ-ਪ੍ਰਦਾਨ ਦੇ ਜ਼ਰੀਏ ਕੇਂਦਰਾਂ ਦੇ ਪ੍ਰਭਾਵ ਅਤੇ ਪ੍ਰਭਾਵਸ਼ੀਲਤਾ ਨੂੰ ਹੋਰ ਵਧਾਉਣ ਦੀ ਆਪਣੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖੁਰਾਕ ਪ੍ਰਣਾਲੀਆਂ ਦੇ ਵਿਭਿੰਨ ਪਹਿਲੂਆਂ ਵਿੱਚ ਪੇਸ਼ਾਵਰ ਸਿੱਖਿਆ ਵਿੱਚ ਵਿਸਤਾਰਿਤ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਵੀ ਸਹਿਮਤੀ ਪ੍ਰਗਟਾਈ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਅਤੇ ਨੀਦਰਲੈਂਡਜ਼ ਦੇ ਖੇਤੀਬਾੜੀ, ਮੱਛੀ ਪਾਲਣ, ਖੁਰਾਕ ਸੁਰੱਖਿਆ ਅਤੇ ਕੁਦਰਤ ਮੰਤਰਾਲੇ ਦਰਮਿਆਨ ਜੁਆਇੰਟ ਡੈਕਲਾਰੇਸ਼ਨ ’ਤੇ ਹਸਤਾਖ਼ਰ ਕੀਤੇ ਜਾਣ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ, ਬੈਂਗਲੁਰੂ ਸਥਿਤ ਪਸ਼ੂ ਪਾਲਣ ਉੱਤਮਤਾ ਕੇਂਦਰ (ਸੀਈਏਐੱਚ) ਵਿੱਚ ਦੁੱਧ ਉਤਪਾਦਨ ਸਿਖਲਾਈ ਲਈ ਇੱਕ ਭਾਰਤ-ਡੱਚ ਉੱਤਮਤਾ ਕੇਂਦਰ (ਸੈਂਟਰ ਆਫ਼ ਐਕਸੀਲੈਂਸ) ਦੀ ਸਥਾਪਨਾ ਦਾ ਵੀ ਸਵਾਗਤ ਕੀਤਾ ਗਿਆ। ਦੋਵਾਂ ਧਿਰਾਂ ਨੇ ਫੂਡ ਪ੍ਰੋਸੈਸਿੰਗ ਸਮੇਤ ਦੁੱਧ ਉਤਪਾਦਨ ਅਤੇ ਹੋਰ ਸਬੰਧਤ ਖੇਤੀਬਾੜੀ ਖੇਤਰਾਂ ਵਿੱਚ ਸਹਿਯੋਗ ਜਾਰੀ ਰੱਖਣ ’ਤੇ ਸਹਿਮਤੀ ਜਤਾਈ।
ਦੋਵਾਂ ਆਗੂਆਂ ਨੇ ਭਾਰਤ ਵਿੱਚ ਜਾਰੀ ‘ਸਵੱਛ ਪੌਦਾ ਪ੍ਰੋਗਰਾਮ’ ਦੇ ਤਹਿਤ ਸਵੱਛ ਪੌਦਾ ਕੇਂਦਰਾਂ (ਸੀਪੀਸੀ) ਦੀ ਸਥਾਪਨਾ ਲਈ ਬਾਗਬਾਨੀ ਖੇਤਰ ਵਿੱਚ ਭਾਰਤ-ਡੱਚ ਸਹਿਯੋਗ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਦਾ ਮਕਸਦ ਉੱਚ ਮੁੱਲ ਵਾਲੀ ਬਾਗਬਾਨੀ ਅਤੇ ਫਲਾਂ ਦੀਆਂ ਫ਼ਸਲਾਂ ਦੀ ਰੋਗ-ਮੁਕਤ, ਗੁਣਵੱਤਾ ਭਰਪੂਰ ਪੌਦ ਸਮੱਗਰੀ ਦੀ ਉਪਲਬਧਤਾ ਨੂੰ ਉਤਸ਼ਾਹਿਤ ਕਰਨਾ ਹੈ, ਤਾਂ ਜੋ ਭਾਰਤੀ ਬਾਗਬਾਨੀ ਖੇਤਰ ਦੀ ਗਲੋਬਲ ਮੁਕਾਬਲੇਬਾਜ਼ੀ ਹੋਰ ਬਿਹਤਰ ਹੋ ਸਕੇ। ਇਸ ਸੰਦਰਭ ਵਿੱਚ, ਆਗੂਆਂ ਨੇ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਰਾਸ਼ਟਰੀ ਬਾਗਬਾਨੀ ਬੋਰਡ ਅਤੇ ਨਕਤੁਇਨਬਾਉ (Naktuinbouw) ਦਰਮਿਆਨ ਸਮਰੱਥਾ ਨਿਰਮਾਣ ਅਤੇ ਸਮਰਥਨ ’ਤੇ ਹੋਏ ਸਮਝੌਤਾ ਪੱਤਰ ਦਾ ਸਵਾਗਤ ਕੀਤਾ।
ਖੁਰਾਕ ਸੁਰੱਖਿਆ ਅਤੇ ਸੰਭਾਲ (ਫੂਡ ਸੇਫਟੀ ਐਂਡ ਸਕਿਓਰਿਟੀ) ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਦੋਵਾਂ ਆਗੂਆਂ ਨੇ ਨੀਦਰਲੈਂਡਜ਼ ਖੁਰਾਕ ਅਤੇ ਖਪਤਕਾਰ ਉਤਪਾਦ ਸੁਰੱਖਿਆ ਅਥਾਰਟੀ (ਐੱਨਵੀਡਬਲਿਊਏ) ਅਤੇ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫਐੱਸਐੱਸਏਆਈ) ਦਰਮਿਆਨ ਹੋਏ ਸਮਝੌਤਾ ਪੱਤਰ ਦਾ ਸਵਾਗਤ ਕੀਤਾ।
ਜਨਸੰਪਰਕ ਅਤੇ ਸੱਭਿਆਚਾਰ
ਦੋਵਾਂ ਪ੍ਰਧਾਨ ਮੰਤਰੀਆਂ ਨੇ ਭਾਰਤ-ਨੀਦਰਲੈਂਡਜ਼ ਸਬੰਧਾਂ ਦਾ ਮਜ਼ਬੂਤ ਥੰਮ੍ਹ ਮੰਨੇ ਜਾਣ ਵਾਲੇ ਆਪਸੀ ਸਬੰਧਾਂ ਦੀ ਗੂੜ੍ਹਤਾ ਨੂੰ ਵੀ ਪ੍ਰਵਾਨ ਕੀਤਾ। ਪ੍ਰਧਾਨ ਮੰਤਰੀ ਜੈਟਨ ਨੇ ਨੀਦਰਲੈਂਡਜ਼ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਵੱਲੋਂ ਡੱਚ ਸਮਾਜ ਵਿੱਚ ਪਾਏ ਗਏ ਯੋਗਦਾਨ ਲਈ ਧੰਨਵਾਦ ਪ੍ਰਗਟਾਇਆ। ਦੋਵਾਂ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਨੌਜਵਾਨਾਂ, ਅਕਾਦਮਿਕ ਮਾਹਿਰਾਂ, ਪੇਸ਼ਾਵਰ ਕਾਰਜਬਲ, ਖੇਡਾਂ ਅਤੇ ਸਭਿਆਚਾਰਕ ਆਦਾਨ-ਪ੍ਰਦਾਨ ਦੇ ਜ਼ਰੀਏ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਸੰਪਰਕ ਨੂੰ ਹੋਰ ਹੁਲਾਰਾ ਦੇਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ।
ਦੋਵਾਂ ਦੇਸ਼ਾਂ ਦਰਮਿਆਨ ਨਿਰਪੱਖ ਪ੍ਰਵਾਸ ਅਤੇ ਆਵਾਜਾਈ ਨੂੰ ਸੁਖਾਲਾ ਬਣਾਉਣ ਦੇ ਮਹੱਤਵ ਨੂੰ ਦੇਖਦੇ ਹੋਏ, ਦੋਵਾਂ ਆਗੂਆਂ ਨੇ ਪ੍ਰਵਾਸ ਅਤੇ ਆਵਾਜਾਈ ’ਤੇ ਸਮਝੌਤਾ ਪੱਤਰ’ਤੇ ਹਸਤਾਖ਼ਰ ਕੀਤੇ ਜਾਣ ਦਾ ਸਵਾਗਤ ਕੀਤਾ।
ਦੋਵਾਂ ਧਿਰਾਂ ਨੇ ਗੈਰ-ਕਾਨੂੰਨੀ ਪ੍ਰਵਾਸ ਅਤੇ ਮਾਨਵ ਤਸਕਰੀ ਨੂੰ ਰੋਕਣ ਤੇ ਉਸ ਨਾਲ ਨਜਿੱਠਣ ਅਤੇ ਉੱਚ ਕੁਸ਼ਲ ਪੇਸ਼ੇਵਰਾਂ ਦੀ ਨਿਰਪੱਖ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ’ਤੇ ਵੀ ਸਹਿਮਤੀ ਪ੍ਰਗਟਾਈ। ਇਹ ਦ੍ਰਿਸ਼ਟੀਕੋਣ ਅੰਤਰਰਾਸ਼ਟਰੀ ਮਿਆਰਾਂ ਵੱਲੋਂ ਨਿਰਦੇਸ਼ਿਤ ਹੈ, ਜੋ ਇਹ ਯਕੀਨੀ ਬਣਾਉਂਦੇ ਹਨ ਕਿ ਪ੍ਰਵਾਸੀ ਮਜ਼ਦੂਰਾਂ ਨਾਲ ਮਾਣ-ਸਤਿਕਾਰ ਅਤੇ ਆਦਰ ਨਾਲ ਵਿਵਹਾਰ ਕੀਤਾ ਜਾਵੇ, ਜਿਸ ਵਿੱਚ ਨਿਰਪੱਖ ਆਵਾਜਾਈ, ਪਾਰਦਰਸ਼ੀ ਵੀਜ਼ਾ ਪ੍ਰਕਿਰਿਆ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਦੀ ਸੁਰੱਖਿਆ ਸ਼ਾਮਲ ਹੈ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਡਿਜ਼ਾਈਨ, ਪ੍ਰਦਰਸ਼ਨ ਕਲਾ, ਵਿਜ਼ੂਅਲ ਆਰਟਸ, ਅਜਾਇਬ ਘਰ (ਮਿਊਜ਼ੀਅਮ) ਅਤੇ ਵਿਰਾਸਤੀ ਸਹਿਯੋਗ ਵਰਗੇ ਖੇਤਰਾਂ ਵਿੱਚ ਆਪਸੀ ਗਿਆਨ ਨੂੰ ਵਧਾਉਣ ਲਈ ਪ੍ਰਦਰਸ਼ਨੀਆਂ ਅਤੇ ਸਭਿਆਚਾਰਕ ਪਹਿਲਾਂ ਨੂੰ ਉਤਸ਼ਾਹਿਤ ਕਰਨ ਸਮੇਤ, ਉੱਨਤ ਸਭਿਆਚਾਰਕ ਸਹਿਯੋਗ ਦੇ ਜ਼ਰੀਏ ਦੋਵਾਂ ਦੇਸ਼ਾਂ ਦਰਮਿਆਨ ਸਭਿਆਚਾਰਕ ਸਬੰਧਾਂ ਨੂੰ ਗੂੜ੍ਹਾ ਕਰਨ ’ਤੇ ਸਹਿਮਤੀ ਪ੍ਰਗਟਾਈ ਅਤੇ ਸਭਿਆਚਾਰਕ ਸਹਿਯੋਗ ’ਤੇ ਇੱਕ ਜੁਆਇੰਟ ਵਰਕਿੰਗ ਗਰੁੱਪ ਦੀ ਸੰਭਾਵਿਤ ਸਥਾਪਨਾ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
ਆਪਸੀ ਸਭਿਆਚਾਰਕ ਸਨਮਾਨ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ, ਦੋਵਾਂ ਆਗੂਆਂ ਨੇ ਡ੍ਰੈਂਟਸ ਅਜਾਇਬ ਘਰ ਅਤੇ ਰਾਸ਼ਟਰੀ ਆਧੁਨਿਕ ਕਲਾ ਗੈਲਰੀ ਦਰਮਿਆਨ ਹੋਏ ਸਮਝੌਤਾ ਪੱਤਰ ਦੇ ਤਹਿਤ ਡ੍ਰੈਂਟਸ ਅਜਾਇਬ ਘਰ ਵਿੱਚ ਅੰਮ੍ਰਿਤਾ ਸ਼ੇਰਗਿੱਲ ਦੀਆਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਰਾਸ਼ਟਰੀ ਆਧੁਨਿਕ ਕਲਾ ਗੈਲਰੀ ਵਿੱਚ ਵੈਨ ਗੌਗ ਦੀ ਇੱਕ ਕਲਾਕ੍ਰਿਤੀ ਅਤੇ ਹੋਰ ਡੱਚ ਕਲਾਕ੍ਰਿਤੀਆਂ ਦੀ ਵਾਪਸੀ ਪ੍ਰਦਰਸ਼ਨੀ ਦੀ ਵੀ ਉਮੀਦ ਜਤਾਈ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਸਭਿਆਚਾਰਕ ਕਲਾਕ੍ਰਿਤੀਆਂ ਦੀ ਵਾਪਸੀ ਅਤੇ ਮੁੜ-ਸਥਾਪਨਾ ਵਿੱਚ ਸਹਿਯੋਗ ਦੇ ਮਹੱਤਵ ’ਤੇ ਜ਼ੋਰ ਦਿੱਤਾ ਅਤੇ ਇਸ ਸਬੰਧ ਵਿੱਚ ਲੀਡੇਨ ਯੂਨੀਵਰਸਿਟੀ ਤੋਂ ਚੋਲ ਕਾਲ ਦੀਆਂ ਤਾਂਬੇ ਦੀਆਂ ਪਲੇਟਾਂ ਦੀ ਭਾਰਤੀ ਅਧਿਕਾਰੀਆਂ ਨੂੰ ਵਾਪਸੀ ਦਾ ਸਵਾਗਤ ਕੀਤਾ।
ਭਾਰਤ ਅਤੇ ਨੀਦਰਲੈਂਡਜ਼ ਦਰਮਿਆਨ ਸਦੀਆਂ ਪੁਰਾਣੇ ਦੁਪੱਖੀ ਸਮੁੰਦਰੀ ਇਤਿਹਾਸ ਨੂੰ ਯਾਦ ਕਰਦੇ ਹੋਏ, ਦੋਵਾਂ ਆਗੂਆਂ ਨੇ ਐਮਸਟਰਡਮ ਦੇ ਰਾਸ਼ਟਰੀ ਸਮੁੰਦਰੀ ਅਜਾਇਬ ਘਰ ਅਤੇ ਭਾਰਤ ਦੇ ਬੰਦਰਗਾਹ, ਜਾਹਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਦਰਮਿਆਨ ਲੋਥਲ (ਗੁਜਰਾਤ) ਵਿੱਚ ‘ਰਾਸ਼ਟਰੀ ਸਮੁੰਦਰੀ ਵਿਰਾਸਤ ਕੰਪਲੈਕਸ’ (ਐੱਨਐੱਮਐੱਚਸੀ) ਦੇ ਵਿਕਾਸ ਵਿੱਚ ਸਹਿਯੋਗ ਲਈ ਸਮਝੌਤਾ ਪੱਤਰ’ਤੇ ਹਸਤਾਖ਼ਰ ਕੀਤੇ ਜਾਣ ਦਾ ਸਵਾਗਤ ਕੀਤਾ।
ਗੱਲਬਾਤ ਸੁਖਾਵੇਂ ਅਤੇ ਦੋਸਤਾਨਾ ਮਾਹੌਲ ਵਿੱਚ ਸੰਪੰਨ ਹੋਈ ਅਤੇ ਇਸ ਦੌਰਾਨ ਦੋਵਾਂ ਆਗੂਆਂ ਨੇ ਦੁਪੱਖੀ ਸਬੰਧਾਂ ਦੇ ਹੋਰ ਵਿਕਾਸ ਅਤੇ ਭਾਰਤ-ਨੀਦਰਲੈਂਡਜ਼ ਰਣਨੀਤਕ ਭਾਈਵਾਲੀ ਰੋਡਮੈਪ ਦੇ ਤਹਿਤ ਵੱਖ-ਵੱਖ ਖੇਤਰਾਂ ਵਿੱਚ ਬਹੁ-ਪੱਖੀ ਸਹਿਯੋਗ ਦੀਆਂ ਅਪਾਰ ਸੰਭਾਵਨਾਵਾਂ ’ਤੇ ਵਿਸ਼ਵਾਸ ਪ੍ਰਗਟਾਇਆ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਜੈਟਨ ਨੂੰ ਉਨ੍ਹਾਂ ਦੀ ਨਿੱਘੀ ਪਰਾਹੁਣਚਾਰੀ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਭਾਰਤ ਆਉਣ ਦਾ ਸੱਦਾ ਦਿੱਤਾ।
************
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2262149)
ਵਿਜ਼ੀਟਰ ਕਾਊਂਟਰ : 5
Read this release in:
English
,
Urdu
,
हिन्दी
,
Bengali
,
Bengali-TR
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam