ਵਣਜ ਤੇ ਉਦਯੋਗ ਮੰਤਰਾਲਾ
ਭਾਰਤ ਦੀ ਪ੍ਰਧਾਨਗੀ ਹੇਠ ਮੁੰਬਈ ਵਿਖੇ ਆਯੋਜਿਤ ਕਿਮਬਰਲੀ ਪ੍ਰੋਸੈੱਸ ਇੰਟਰਸੈਸ਼ਨਲ 2026 (Kimberley Process Intersessional) ਦਾ ਨੈਚੂਰਲ ਡਾਇਮੰਡ ਸੈਕਟਰ ਦੇ ਭਵਿੱਖ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਸਮਾਪਤੀ
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਨੈਚੂਰਲ ਡਾਇਮੰਡ ਸੈਕਟਰ ਵਿੱਚ ਭਰੋਸੇਯੋਗਤਾ, ਅਨੁਪਾਲਣ ਅਤੇ ਉਪਭੋਗਤਾ ਭਰੋਸੇ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ
ਇੰਟਰਨੈਸ਼ਨਲ ਮੀਟਿੰਗ ਵਿੱਚ ਨੈਚੂਰਲ ਡਾਇਮੰਡ ਟ੍ਰੇਡ ਵਿੱਚ ਪਾਰਦਰਸ਼ਿਤਾ, ਸ਼ਾਸਨ ਅਤੇ ਸੰਚਾਲਨ ਸੁਧਾਰਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ
Posted On:
15 MAY 2026 11:53AM by PIB Chandigarh
ਭਾਰਤ ਦੀ ਪ੍ਰਧਾਨਗੀ ਹੇਠ ਮੁੰਬਈ ਵਿਖੇ ਆਯੋਜਿਤ ਕਿਮਬਰਲੀ ਪ੍ਰੋਸੈੱਸ (ਕੇਪੀ) ਇੰਟਰਸੈਸ਼ਨਲ ਮੀਟਿੰਗ 2026 ਦੀ ਸਮਾਪਤੀ ਹੋਈ। ਇਸ ਮੀਟਿੰਗ ਵਿੱਚ ਨੈਚੂਰਲ ਡਾਇਮੰਡ ਸੈਕਟਰ ਦੇ ਭਵਿੱਖ ਨਾਲ ਜੁੜੇ ਵਿਸ਼ਿਆਂ ‘ਤੇ ਕੇਪੀ ਭਾਗੀਦਾਰਾਂ , ਸੁਪਰਵਾਈਜ਼ਰਾਂ, ਉਦਯੋਗ ਭਾਈਵਾਲਾਂ ਅਤੇ ਨਾਗਰਿਕ ਸਮਾਜ ਸੰਗਠਨਾਂ ਦੇ ਵਫਦਾਂ ਨੇ ਚਾਰ ਦਿਨਾਂ ਤੱਕ ਇੱਕ ਮੰਚ ‘ਤੇ ਵਿਚਾਰ-ਵਟਾਂਦਰਾ ਕੀਤਾ।
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਇੰਟਰਸੈਸ਼ਨਲ ਮੀਟਿੰਗ ਦੀ ਸਮਾਪਤੀ ਦੇ ਮੌਕੇ ‘ਤੇ ਕਿਹਾ ਕਿ ਭਾਰਤ, ਹੀਰਾ ਤਰਾਸ਼ਣ ਅਤੇ ਪੌਲਿਸ਼ ਕਰਨ ਦੇ ਮਾਮਲੇ ਵਿੱਚ ਵਿਸ਼ਵ ਦੇ ਮੋਹਰੀ ਕੇਂਦਰ ਦੇ ਨਾਲ-ਨਾਲ ਕੁਦਰਤੀ ਹੀਰਿਆਂ ਨੂੰ ਭਰੋਸੇ, ਜ਼ਿੰਮੇਵਾਰੀ ਅਤੇ ਸਾਂਝੀ ਸਮ੍ਰਿੱਧੀ ਦਾ ਪ੍ਰਤੀਕ ਬਣਾਈ ਰੱਖਣ ਵਿੱਚ ਕੇਪੀ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਪ੍ਰਧਾਨਗੀ ਹੇਠ, ਦੇਸ਼ ਭਰੋਸੇਯੋਗਤਾ, ਅਨੁਪਾਲਨਾ ਅਤੇ ਉਪਭੋਗਤਾ ਵਿਸ਼ਵਾਸ (3ਸੀ) ਨੂੰ ਉਤਸ਼ਾਹਿਤ ਕਰਨ ਅਤੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਆਲਮੀ ਬਜ਼ਾਰ ਵਿੱਚ ਕੇਪੀ ਦੀ ਪ੍ਰਾਸੰਗਿਕਤਾ ਨੂੰ ਮਜ਼ਬੂਤ ਕਰਨ ਲਈ ਸਾਰੇ ਭਾਗੀਦਾਰਾਂ ਅਤੇ ਹਿਤਧਾਰਕਾਂ ਦੇ ਨਾਲ ਮਿਲ ਕੇ ਕੰਮ ਕਰਨ ਲਈ ਦ੍ਰਿੜ੍ਹ ਸੰਕਲਪਿਤ ਹੈ।
ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਨੈਚੂਰਲ ਡਾਇਮੰਡ ਸੈਕਟਰ ਉਤਪਾਦਕ, ਪ੍ਰੋਸੈੱਸਿੰਗ ਅਤੇ ਉਪਭੋਗਤਾ ਦੇਸ਼ਾਂ ਵਿੱਚ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਦਾ ਅਧਾਰ ਹੈ ਅਤੇ ਭਾਰਤ ਇੱਕ ਅਜਿਹੇ ਕੇਪੀ ਦਾ ਸਮਰਥਨ ਕਰਨਾ ਜਾਰੀ ਰੱਖੇਗਾ ਜੋ ਕਿ ਮਜ਼ਬੂਤ, ਪਾਰਦਰਸ਼ੀ ਅਤੇ ਉਦਯੋਗ ਅਤੇ ਉਪਭੋਗਤਾ ਦੋਵਾਂ ਦੀਆਂ ਇੱਛਾਵਾਂ ਪ੍ਰਤੀ ਜਵਾਬਦੇਹੀ ਹੋਵੇ।
ਭਾਰਤ ਦੀ ਪ੍ਰਧਾਨਗੀ ਹੇਠ ਆਯੋਜਿਤ ਤਿੰਨ ਸੀ (ਭਰੋਸੇਯੋਗਤਾ, ਅਨੁਪਾਲਨ ਅਤੇ ਉਪਭੋਗਤਾ ਵਿਸ਼ਵਾਸ) ਦੇ ਵਿਸ਼ੇ ਅਧੀਨ ਆਯੋਜਿਤ ਇਸ ਇੰਟਰਸੈਸ਼ਨਲ ਸੰਮੇਲਨ ਵਿੱਚ ਕਿਮਬਰਲੀ ਪ੍ਰੋਸੈੱਸ ਫ੍ਰੇਮਵਰਕ ਅੰਦਰ ਭਰੋਸਾ, ਪਾਰਦਰਸ਼ਿਤਾ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਅੱਗੇ ਚਰਚਾ ਹੋਈ।
ਇੰਟਰਸੈਸ਼ਨਲ ਮੀਟਿੰਗ ਦੌਰਾਨ, ਵਰਕਿੰਗ ਗਰੁੱਪਾਂ ਅਤੇ ਕਮੇਟੀਆਂ ਨੇ ਨਿਗਰਾਨੀ, ਤਕਨੀਕੀ ਪ੍ਰਕਿਰਿਆਵਾਂ, ਸ਼ਾਸਨ, ਸਟੈਟਿਕਸ ਅਤੇ ਦਸਤਕਾਰੀ ਉਤਪਾਦਨ, ਬਾਰੇ ਵਿਸਤ੍ਰਿਤ ਚਰਚਾ ਕੀਤੀ, ਜਿਸ ਵਿੱਚ ਪਾਰਦਰਸ਼ਿਤਾ ਨੂੰ ਮਜ਼ਬੂਤ ਕਰਨ, ਓਪ੍ਰੇਸ਼ਨਲ ਮਕੈਨੀਜ਼ਮ ਵਿੱਚ ਸੁਧਾਰ ਕਰਨ ਅਤੇ ਨੈਚੂਰਲ ਡਾਇਮੰਡ ਦੀ ਵੈਲਿਊ ਚੇਨ ਵਿੱਚ ਭਰੋਸੇ ਨੂੰ ਮਜ਼ਬੂਤ ਕਰਨ ‘ਤੇ ਨਿਰੰਤਰ ਧਿਆਨ ਕੇਂਦ੍ਰਿਤ ਕੀਤਾ ਗਿਆ।
ਕੇਪੀ ਚੇਅਰਪਰਸਨ 2026 ਸ਼੍ਰੀ ਸੁਚਿੰਦਰ ਮਿਸ਼ਰਾ ਨੇ ਕਿਹਾ ਕਿ ਮੁੰਬਈ ਇੰਟਰਸੈਸ਼ਨਲ ਸੰਮੇਲਨ ਦੌਰਾਨ ਹਾਸਲ ਕੀਤੀ ਗਈ ਪ੍ਰਗਤੀ ਭਾਗੀਦਾਰਾਂ ਅਤੇ ਨਿਰੀਖਕਾਂ ਦੀ ਕਿਮਬਰਲੀ ਪ੍ਰੋਸੈੱਸ ਨੂੰ ਭਰੋਸੇਯੋਗ, ਪ੍ਰਾਸੰਗਿਕ ਅਤੇ ਗਲੋਬਲ ਡਾਇਮੰਡ ਟ੍ਰੇਡ ਅਤੇ ਉਪਭੋਗਤਾ ਇੱਛਾਵਾਂ ਦੀ ਬਦਲਦੀ ਗਤੀਸ਼ੀਲਤਾ ਪ੍ਰਤੀ ਜਵਾਬਦੇਹੀ ਬਣਾਈ ਰੱਖਣ ਦੀ ਸਾਂਝੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਭਰੋਸਾ ਨੈਚੂਰਲ ਡਾਇਮੰਡ ਟ੍ਰੇਡ ਦੀ ਨੀਂਹ ਹੈ। ਉਨ੍ਹਾਂ ਨੇ ਡਾਇਮੰਡ ਵੈਲਿਊ ਚੇਨ ਵਿੱਚ ਜ਼ਿੰਮੇਵਾਰ ਸਰੋਤ, ਪਾਰਦਰਸ਼ਿਤਾ ਅਤੇ ਭਰੋਸੇ ਦੇ ਥੰਮ੍ਹ ਵਜੋਂ ਕਿਮਬਰਲੀ ਪ੍ਰੋਸੈੱਸ ਨੂੰ ਮਜ਼ਬੂਤੀ ਦੇਣ ਦੀ ਮਹੱਤਤਾ ‘ਤੇ ਚਾਨਣਾ ਪਾਇਆ।
ਇੰਟਰਸੈਸ਼ਨਲ ਸੰਮੇਲਨ ਵਿੱਚ ਕਿਮਬਰਲੀ ਪ੍ਰੋਸੈੱਸ ਦੇ ਸਕਾਰਾਤਮਕ ਪ੍ਰਭਾਵ ਨੂੰ ਅੰਤਿਮ ਉਪਭੋਗਤਾਵਾਂ ਤੱਕ ਬਿਹਤਰ ਢੰਗ ਨਾਲ ਪਹੁੰਚਾਉਣ ਲਈ ਸੰਚਾਰ ਅਤੇ ਜਾਗਰੂਕਤਾ ਯਤਨਾਂ ਨੂੰ ਵਧਾਉਣ ਦੇ ਮਹੱਤਵ ਦੀ ਵੀ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਜ਼ਿੰਮੇਵਾਰ ਸਰੋਤ ਅਭਿਆਸਾਂ, ਵਿਕਾਸ ਨਤੀਜਿਆਂ ਅਤੇ ਉਤਪਾਦਕ ਦੇਸ਼ਾਂ ਅਤੇ ਭਾਈਚਾਰਿਆਂ ਵਿੱਚ ਰੋਜ਼ੀ-ਰੋਟੀ ਸਬੰਧੀ ਸਹਾਇਤਾ ਸ਼ਾਮਲ ਹੈ।
ਇੰਟਰਸੈਸ਼ਨਲ ਮੀਟਿੰਗ ਦੌਰਾਨ ਹੋਈਆਂ ਚਰਚਾਵਾਂ ਨੂੰ ਇਸ ਵਰ੍ਹੇ ਦੇ ਅੰਤ ਵਿੱਚ ਨਵੀਂ ਦਿੱਲੀ ਵਿਖੇ ਆਯੋਜਿਤ ਹੋਣ ਵਾਲੇ ਕੇ ਪੀ ਪਲੈਨਰੀ ਸੈਸ਼ਨ ਵਿੱਚ ਅੱਗੇ ਵਧਾਇਆ ਜਾਵੇਗਾ, ਜਿਸ ਵਿੱਚ ਵਰ੍ਹੇ 2026 ਤੱਕ ਭਾਰਤ ਦੀ ਪ੍ਰਧਾਨਗੀ ਹੇਠ ਭਰੋਸੇਯੋਗਤਾ, ਅਨੁਪਾਲਨ, ਅਤੇ ਉਪਭੋਗਤਾ ਵਿਸ਼ਵਾਸ ‘ਤੇ ਨਿਰੰਤਰ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।
ਇਸ ਮੀਟਿੰਗ ਵਿੱਚ ਕੇਪੀ ਭਾਗੀਦਾਰਾਂ, ਵਰਲਡ ਡਾਇਮੰਡ ਕੌਂਸਲ, ਨਾਗਰਿਕ ਸਮਾਜ ਗਠਬੰਧਨ ਦੇ ਮੈਂਬਰਾਂ, ਉਦਯੋਗ ਸੰਸਥਾਵਾਂ ਅਤੇ ਹੋਰ ਹਿਤਧਾਰਕਾਂ ਨੇ ਹਿੱਸਾ ਲਿਆ। ਚੇਅਰਪਰਸਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਮਬਰਲੀ ਪ੍ਰੋਸੈੱਸ ਦਾ ਵਿਲੱਖਣ ਤ੍ਰਿਪੱਖੀ ਢਾਂਚਾ ਅਤੇ ਸਹਿਮਤੀ-ਅਧਾਰਿਤ ਦ੍ਰਿਸ਼ਟੀਕੋਣ- ਜੋ ਸਰਕਾਰਾਂ, ਉਦਯੋਗ ਅਤੇ ਸਿਵਿਲ ਸਮਾਜ ਨੂੰ ਇਕੱਠਾ ਕਰਦਾ ਹੈ –ਇਸ ਦੀਆਂ ਮੁੱਖ ਸ਼ਕਤੀਆਂ ਵਿੱਚੋਂ ਇੱਕ ਹੈ।
ਕਿਮਬਰਲੀ ਪ੍ਰੋਸੈੱਸ ਸਰਟੀਫਿਕੇਸ਼ਨ ਸਕੀਮ, ਜਿਸ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਸੰਕਲਪ 55/56, 2000 ਅਧੀਨ ਸਥਾਪਿਤ ਕੀਤਾ ਗਿਆ ਹੈ, ਇੱਕ ਆਲਮੀ ਪਹਿਲ ਹੈ ਜਿਸ ਦਾ ਉਦੇਸ਼ ਸੰਘਰਸ਼ ਖੇਤਰਾਂ ਵਾਲੇ ਹੀਰਿਆਂ ਨੂੰ ਵੈਧ ਵਪਾਰ ਵਿੱਚ ਪ੍ਰਵੇਸ਼ ਕਰਨ ਤੋਂ ਰੋਕਣਾ ਅਤੇ ਨੈਚੂਰਲ ਡਾਇਮੰਡ ਦੀ ਸਪਲਾਈ ਚੇਨ ਵਿੱਚ ਜ਼ਿੰਮੇਵਾਰ ਸਰੋਤਾਂ ਨੂੰ ਉਤਸ਼ਾਹਿਤ ਕਰਨਾ ਹੈ।
ਡਾਇਮੰਡ ਕਟਿੰਗ ਅਤੇ ਪੌਲਿਸ਼ ਕਰਨ ਦੇ ਇੱਕ ਪ੍ਰਮੁੱਖ ਆਲਮੀ ਕੇਂਦਰ ਵਜੋਂ, ਭਾਰਤ ਨੇ ਕਿਮਬਰਲੀ ਪ੍ਰੋਸੈੱਸ ਦੇ ਉਦੇਸ਼ਾਂ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਨੈਚੂਰਲ ਡਾਇਮੰਡ ਸੈਕਟਰ ਵਿੱਚ ਪਾਰਦਰਸ਼ਿਤਾ, ਸਥਿਰਤਾ ਅਤੇ ਜ਼ਿੰਮੇਵਾਰ ਅਭਿਆਸਾਂ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ।
************
ਅਭਿਸ਼ੇਕ ਦਿਆਲ/ ਗਰਿਮਾ ਸਿੰਘ/ ਇਸ਼ਿਤਾ ਬਿਸਵਾਸ/ਏਕੇ
(Release ID: 2261490)
ਵਿਜ਼ੀਟਰ ਕਾਊਂਟਰ : 7