ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਨੇ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼ - ਏਮਸ ਨਵੀਂ ਦਿੱਲੀ ਦੇ 51ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ
ਉਪ-ਰਾਸ਼ਟਰਪਤੀ ਨੇ ਕਿਹਾ ਕਿ ਏਮਸ ਨਾ ਸਿਰਫ਼ ਅੰਤਰਰਾਸ਼ਟਰੀ ਮਾਪਦੰਡਾਂ ਦੀ ਪਾਲਣਾ ਕਰ ਰਿਹਾ ਹੈ ਬਲਕਿ ਹੁਣ ਉਨ੍ਹਾਂ ਨੂੰ ਸਥਾਪਿਤ ਕਰ ਰਿਹਾ ਹੈ
ਉਪ ਰਾਸ਼ਟਰਪਤੀ ਨੇ ਕਿਹਾ ਕਿ ਕੋਈ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨਾਲੋਜੀ ਮਰੀਜ਼ ਦੇ ਬਿਸਤਰ ਕੋਲ ਡਾਕਟਰ ਦੀ ਮੌਜੂਦਗੀ ਦੀ ਥਾਂ ਨਹੀਂ ਲੈ ਸਕਦੀ
ਉਪ ਰਾਸ਼ਟਰਪਤੀ ਨੇ ਕਿਫਾਇਤੀ ਫੀਸਾਂ 'ਤੇ ਸ਼ਾਨਦਾਰ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਏਮਸ ਦੀ ਸ਼ਲਾਘਾ ਕੀਤੀ
ਉਪ ਰਾਸ਼ਟਰਪਤੀ ਨੇ ਏਮਸ ਦੇ ਗ੍ਰੈਜੂਏਟਾਂ ਨੂੰ ਹਮਦਰਦੀ ਅਤੇ ਇਮਾਨਦਾਰੀ ਨਾਲ ਸਿਹਤ ਸੰਭਾਲ ਪ੍ਰਦਾਨ ਕਰਨ ਦਾ ਸੱਦਾ ਦਿੱਤਾ
Posted On:
12 MAY 2026 6:18PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ.ਰਾਧਾਕ੍ਰਿਸ਼ਣਨ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼-ਏਮਸ, ਨਵੀਂ ਦਿੱਲੀ ਦੇ 51ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ।
ਸਿਹਤ ਸੰਭਾਲ ਵਿੱਚ ਏਮਸ ਦੇ ਯੋਗਦਾਨ ਦਾ ਜ਼ਿਕਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਸੰਸਥਾਨ ਦੇਸ਼ ਦੇ ਚਿਕਿਤਸਾ ਨਵੀਨਤਾ ਅਤੇ ਸਿਹਤ ਸੰਭਾਲ ਉੱਤਮਤਾ ਦੇ ਪ੍ਰਮੁੱਖ ਕੇਂਦਰ ਵਜੋਂ ਉੱਭਰੀ ਹੈ, ਜਿਸਨੇ ਆਮ ਆਦਮੀ ਨੂੰ ਬਹੁਤ ਹੀ ਕਿਫਾਇਤੀ ਕੀਮਤ 'ਤੇ ਇਲਾਜ ਪ੍ਰਦਾਨ ਕਰਦੇ ਹੋਏ ਮਰੀਜ਼ਾਂ ਦੀ ਦੇਖਭਾਲ ਅਤੇ ਆਧੁਨਿਕ ਦਵਾਈ ਦੇ ਉੱਚਤਮ ਮਿਆਰ ਸਥਾਪਿਤ ਕੀਤੇ ਹਨ। ਉਨ੍ਹਾਂ ਕਿਹਾ ਕਿ ਮਹਾਮਾਰੀ ਨਾਲ ਨਜਿੱਠਣ ਦੀ ਆਪਣੀ ਯੋਗਤਾ ਤੋਂ ਲੈ ਕੇ ਪੇਂਡੂ ਖੇਤਰਾਂ ਵਿੱਚ ਸਿਹਤ ਸੰਭਾਲ ਸੇਵਾਵਾਂ ਤੱਕ ਪਹੁੰਚਣ ਤੱਕ, "ਏਮਸ ਬ੍ਰਾਂਡ" ਪੂਰੇ ਭਾਰਤ ਅਤੇ ਦੱਖਣ-ਪੂਰਬੀ ਏਸ਼ਿਆਈ ਖੇਤਰ ਵਿੱਚ ਵਿਸ਼ਵਾਸ ਅਤੇ ਇਮਾਨਦਾਰੀ ਦਾ ਸਮਾਨਾਰਥੀ ਬਣ ਗਿਆ ਹੈ।
ਉਪ ਰਾਸ਼ਟਰਪਤੀ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਏਮਸ ਦੇ ਚੇਅਰਮੈਨ ਸ਼੍ਰੀ ਜਗਤ ਪ੍ਰਕਾਸ਼ ਨੱਡਾ ਅਤੇ ਸੰਸਥਾਨ ਦੇ ਡਾਇਰੈਕਟਰ, ਫੈਕਲਟੀ ਮੈਂਬਰਾਂ ਦੀ ਅਕਾਦਮਿਕ ਮਿਆਰਾਂ ਨਾਲ ਸਮਝੌਤਾ ਕੀਤੇ ਬਿਨਾ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੇ ਕੁਸ਼ਲ ਡਾਕਟਰੀ ਪ੍ਰਬੰਧਨ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ, ਏਮਸ ਅਜਿਹੇ ਮਾਹਿਰ ਪੈਦਾ ਕਰ ਰਿਹਾ ਹੈ ਜਿਨ੍ਹਾਂ ਕੋਲ ਚਿਕਿਤਸਾ ਉੱਤਮਤਾ ਦੇ ਨਾਲ-ਨਾਲ ਨੈਤਿਕਤਾ ਅਤੇ ਹਮਦਰਦੀ ਦੀ ਮਜ਼ਬੂਤ ਭਾਵਨਾ ਹੈ। ਇਹ ਭਾਵਨਾ ਸੰਸਥਾਨ ਦੇ ਸਾਬਕਾ ਵਿਦਿਆਰਥੀਆਂ ਦੁਆਰਾ ਦੁਨੀਆ ਭਰ ਦੀਆਂ ਵੱਕਾਰੀ ਸੰਸਥਾਵਾਂ ਵਿੱਚ ਮੋਹਰੀ ਅਹੁਦਿਆਂ 'ਤੇ ਬਿਰਾਜਮਾਨ ਹਨ।
ਇਸ ਸਾਲ ਦੇ ਸ਼ੁਰੂ ਵਿੱਚ ਅੰਟਾਰਕਟਿਕਾ ਵਿੱਚ ਰਿਮੋਟ ਰੋਬੋਟਿਕ ਅਲਟ੍ਰਾਸਾਊਂਡ ਕਰਵਾਉਣ ਵਿੱਚ ਏਮਸ ਦੀ ਪ੍ਰਾਪਤੀ ਦਾ ਜ਼ਿਕਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਨੇ ਸਾਬਤ ਕਰ ਦਿੱਤਾ ਹੈ ਕਿ ਭੂਗੋਲਿਕ ਸਥਿਤੀ ਹੁਣ ਭਾਰਤੀ ਚਿਕਿਤਸਾ ਉੱਤਮਤਾ ਵਿੱਚ ਰੁਕਾਵਟ ਨਹੀਂ ਹੈ। ਉਨ੍ਹਾਂ ਨੇ ਸੰਸਥਾਨ ਦੇ ਵਧ ਰਹੇ ਅੰਤਰਰਾਸ਼ਟਰੀ ਸਹਿਯੋਗ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਇੰਡੋ-ਫ੍ਰੈਂਚ ਸੈਂਟਰ ਫਾਰ ਦ ਐਪਲੀਕੇਸ਼ਨ ਆਫ਼ ਆਰਟੀਫਿਸ਼ੀਅਲ ਇੰਟੈਲੀਜੈਂਸ ਇਨ ਹੈਲਥ ਸ਼ਾਮਲ ਹੈ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਏਮਸ ਹੁਣ ਸਿਹਤ ਸੰਭਾਲ ਅਤੇ ਮੈਡੀਕਲ ਸਿੱਖਿਆ ਦੋਵਾਂ ਵਿੱਚ ਵਿਸ਼ਵ ਪੱਧਰੀ ਮਿਆਰ ਸਥਾਪਿਤ ਕਰ ਰਿਹਾ ਹੈ। ਕਿਊਐੱਸ ਵਿਸ਼ਵ ਦਰਜਾਬੰਦੀ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ ਨੇ ਕਿਹਾ ਕਿ ਏਮਸ ਸਿਰਫ ਦੋ ਵਰ੍ਹਿਆਂ ਵਿੱਚ 40 ਸਥਾਨ ਉੱਪਰ ਚੜ੍ਹ ਕੇ ਵਿਸ਼ਵ ਪੱਧਰ 'ਤੇ 105ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਉਪ ਰਾਸ਼ਟਰਪਤੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸੰਸਥਾਨ ਜਲਦੀ ਹੀ ਇਸ ਦਰਜਾਬੰਦੀ ਵਿੱਚ ਚੋਟੀ ਦੇ 100 ਸੰਸਥਾਨ ਵਿੱਚੋਂ ਸ਼ਾਮਲ ਹੋ ਜਾਣਗੇ ਅਤੇ ਇੱਕ ਦਿਨ ਦੁਨੀਆ ਦਾ ਇੱਕ ਮੋਹਰੀ ਸੰਸਥਾਨ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਏਮਸ ਨੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੁਆਰਾ ਜਾਰੀ ਰਾਸ਼ਟਰੀ ਸੰਸਥਾਗਤ ਦਰਜਾਬੰਦੀ ਢਾਂਚੇ ਦੇ ਤਹਿਤ ਮੈਡੀਕਲ ਕਾਲਜਾਂ ਦੀ ਸਲਾਨਾ ਦਰਜਾਬੰਦੀ ਵਿੱਚ 2018 ਤੋਂ 2025 ਤੱਕ ਲਗਾਤਾਰ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ।
ਉਪ ਰਾਸ਼ਟਰਪਤੀ ਨੇ ਸੰਸਥਾਨ ਦੇ ਫੈਕਲਟੀ ਮੈਂਬਰਾਂ ਅਤੇ ਖੋਜਕਰਤਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਏਮਸ ਦੀ ਉੱਤਮਤਾ ਇਸ ਦੇ ਫੈਕਲਟੀ ਮੈਂਬਰਾਂ ਦੁਆਰਾ ਵਰ੍ਹਿਆਂ ਦੌਰਾਨ ਪ੍ਰਾਪਤ ਕੀਤੇ ਗਏ ਕਈ ਪਦਮ ਪੁਰਸਕਾਰਾਂ ਤੋਂ ਝਲਕਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਸੂਚੀ ਵਿੱਚ 2 ਪਦਮ ਵਿਭੂਸ਼ਣ, 15 ਪਦਮ ਭੂਸ਼ਣ ਅਤੇ 51 ਪਦਮਸ਼੍ਰੀ ਪੁਰਸਕਾਰ ਪ੍ਰਾਪਤਕਰਤਾ ਸ਼ਾਮਲ ਹਨ, ਜਦਕਿ 57 ਫੈਕਲਟੀ ਮੈਂਬਰ ਵਿਸ਼ਵ ਪੱਧਰ 'ਤੇ ਸਟੈਨਫੋਰਡ ਯੂਨੀਵਰਸਿਟੀ ਦੇ ਚੋਟੀ ਦੇ 2 ਪ੍ਰਤੀਸ਼ਤ ਵਿਗਿਆਨੀਆਂ ਵਿੱਚੋਂ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਏਮਸ ਸੰਸਥਾਨਾਂ ਦੇ ਵਿਸਥਾਰ ਦਾ ਹਵਾਲਾ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਨਾਲ ਪਛੜੇ ਖੇਤਰਾਂ ਵਿੱਚ ਸਿਹਤ ਸੰਭਾਲ ਨੂੰ ਕਾਫ਼ੀ ਮਜ਼ਬੂਤੀ ਮਿਲੀ ਹੈ। ਉਨ੍ਹਾਂ ਨੇ ਸਿਹਤ ਸਿੱਖਿਆ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ ਦੇਸ਼ ਭਰ ਵਿੱਚ ਹੋਰ ਮੈਡੀਕਲ ਅਤੇ ਨਰਸਿੰਗ ਕਾਲਜ ਸਥਾਪਿਤ ਕਰਨ ਦੇ ਸਿਹਤ ਮੰਤਰਾਲੇ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਭਾਰਤੀ ਸਿਹਤ ਸੰਭਾਲ ਦੇ ਇੱਕ ਮਹੱਤਵਪੂਰਨ ਮੋੜ 'ਤੇ ਇਸ ਪੇਸ਼ੇ ਵਿੱਚ ਪ੍ਰਵੇਸ਼ ਕਰ ਰਹੇ ਹਨ, ਜਦੋਂ "ਇੱਕ ਰਾਸ਼ਟਰ, ਇੱਕ ਸਿਹਤ" ਦਾ ਦ੍ਰਿਸ਼ਟੀਕੋਣ ਇੱਕ ਵਧੇਰੇ ਏਕੀਕ੍ਰਿਤ, ਬਰਾਬਰੀ ਵਾਲਾ ਅਤੇ ਅਗਾਂਹਵਧੂ ਸਿਹਤ ਸੰਭਾਲ ਪ੍ਰਣਾਲੀ ਨੂੰ ਆਕਾਰ ਦੇ ਰਿਹਾ ਹੈ। ਉਨ੍ਹਾਂ ਨੇ ਨੌਜਵਾਨ ਡਾਕਟਰਾਂ, ਵਿਗਿਆਨੀਆਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਹਮਦਰਦੀ, ਨਵੀਨਤਾ ਦਾ ਪ੍ਰਦਰਸ਼ਨ ਕਰਨ ਅਤੇ ਸਿਹਤ ਸੰਭਾਲ ਵਿੱਚ ਜਨਤਕ ਵਿਸ਼ਵਾਸ ਵਧਾਉਣ ਦਾ ਸੱਦਾ ਦਿੱਤਾ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ-ਸੰਚਾਲਿਤ ਤਕਨਾਲੋਜੀਆਂ, ਦਵਾਈਆਂ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਡੂੰਘੇ ਬਦਲਾਅ ਲਿਆ ਰਹੀਆਂ ਹਨ, ਕੋਈ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਮਰੀਜ਼ ਨਾਲ ਡਾਕਟਰ ਦੀ ਮੌਜੂਦਗੀ ਦੇ ਨੈਤਿਕ ਮਹੱਤਵ ਦੀ ਥਾਂ ਨਹੀਂ ਲੈ ਸਕਦੀ। ਉਨ੍ਹਾਂ ਨੇ ਗ੍ਰੈਜੂਏਟ ਹੋਣ ਵਾਲੇ ਡਾਕਟਰਾਂ ਨੂੰ ਆਪਣੇ ਪੇਸ਼ੇ ਵਿੱਚ ਹਮੇਸ਼ਾ ਹਮਦਰਦੀ, ਇਮਾਨਦਾਰੀ ਅਤੇ ਮਨੁੱਖਤਾ ਦੀ ਭਾਵਨਾ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ।
ਗ੍ਰੈਜੂਏਟ ਹੋਣ ਵਾਲੇ ਡਾਕਟਰਾਂ ਨੂੰ ਵਧਾਈ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੁਆਰਾ ਪਹਿਨਿਆ ਗਿਆ ਵ੍ਹਾਈਟ ਕੋਟ ਨਿਜੀ ਸਫਲਤਾ ਤੋਂ ਕਿਤੇ ਵੱਧ ਉਮੀਦਾਂ ਰੱਖਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਿਮਰਤਾ, ਉੱਤਮਤਾ ਅਤੇ ਹਮਦਰਦੀ ਨਾਲ ਸਮਾਜ ਦੀ ਸੇਵਾ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਨ੍ਹਾਂ ਦਾ ਕੰਮ ਪੇਸ਼ੇਵਰ ਹੁਨਰ ਅਤੇ ਵਿਆਪਕ ਭਲਾਈ ਦੀ ਵਚਨਬੱਧਤਾ ਦੋਵਾਂ ਨੂੰ ਦਰਸਾਉਂਦਾ ਹੈ।
ਇਸ ਮੌਕੇ ‘ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਏਮਸ ਨਵੀਂ ਦਿੱਲੀ ਦੇ ਚੇਅਰਮੈਨ, ਸ਼੍ਰੀ ਜਗਤ ਪ੍ਰਕਾਸ਼ ਨੱਡਾ; ਏਮਸ ਨਵੀਂ ਦਿੱਲੀ ਦੇ ਡਾਇਰੈਕਟਰ, ਪ੍ਰੋਫੈਸਰ ਨਿਖਿਲ ਟੰਡਨ; ਸੰਸਥਾਨ ਦੇ ਡੀਨ, ਪ੍ਰੋਫੈਸਰ ਰਾਧਿਕਾ ਟੰਡਨ; ਸੰਸਥਾਨ ਦੇ ਰਜਿਸਟਰਾਰ, ਪ੍ਰੋਫੈਸਰ ਗਿਰੀਜਾ ਪ੍ਰਸਾਦ ਰਥ; ਫੈਕਲਟੀ ਮੈਂਬਰ, ਸਿਹਤ ਸੰਭਾਲ ਮਾਹਿਰ, ਮੈਡੀਕਲ ਵਿਦਿਆਰਥੀ ਅਤੇ ਹੋਰ ਪਤਵੰਤੇ ਮੌਜੂਦ ਸਨ।
************
ਪੀਆਰ/ਏਐੱਸਐੱਮ/ਵੀਐੱਮ/ਏਕੇ
(Release ID: 2260538)
ਵਿਜ਼ੀਟਰ ਕਾਊਂਟਰ : 6