ਰੱਖਿਆ ਮੰਤਰਾਲਾ
ਰਕਸ਼ਾ ਰਾਜ ਮੰਤਰੀ ਨਵੀਂ ਦਿੱਲੀ ਵਿੱਚ ਦੇਸ਼ ਦੇ ਪਹਿਲੇ ਅੰਤਰਰਾਸ਼ਟਰੀ ਨੇਤ੍ਰ ਵਿਗਿਆਨ ਖੋਜ ਸੰਮੇਲਨ ਦਾ ਉਦਘਾਟਨ ਕਰਨਗੇ
Posted On:
08 MAY 2026 1:46PM by PIB Chandigarh
ਨਵੀਂ ਦਿੱਲੀ ਵਿਖੇ, ਆਰਮੀ ਹਸਪਤਾਲ (ਰਿਸਰਚ ਐਂਡ ਰੈਫਰਲ) ਦਾ ਨੇਤ੍ਰ ਵਿਗਿਆਨ ਵਿਭਾਗ, ਆਲ ਇੰਡੀਆ ਨੇਤ੍ਰ ਵਿਗਿਆਨ ਸੋਸਾਇਟੀ ਦੇ ਸਹਿਯੋਗ ਨਾਲ 9 ਅਤੇ 10 ਮਈ, 2026 ਨੂੰ ਦਿੱਲੀ ਕੈਂਟ ਦੇ ਮਾਨੇਕਸ਼ੌਅ ਸੈਂਟਰ ਵਿਖੇ ਦੇਸ਼ ਦੇ ਪਹਿਲੇ ਅੰਤਰਰਾਸ਼ਟਰੀ ਨੇਤ੍ਰ ਵਿਗਿਆਨ ਖੋਜ ਸੰਮੇਲਨ ਦਾ ਆਯੋਜਨ ਕਰਨ ਜਾ ਰਿਹਾ ਹੈ। 'ਆਲ ਇੰਡੀਆ ਨੇਤ੍ਰ ਵਿਗਿਆਨ ਸੋਸਾਇਟੀ – ਹਥਿਆਰਬੰਦ ਬਲ ਨੇਤ੍ਰ ਵਿਗਿਆਨ ਅੱਪਡੇਟ (AIOS-AFOU 2026)' ਸਿਰਲੇਖ ਵਾਲੇ ਇਸ ਦੋ-ਦਿਨਾਂ ਅਕਾਦਮਿਕ ਪ੍ਰੋਗਰਾਮ ਦਾ ਉਦਘਾਟਨ ਰਕਸ਼ਾ ਰਾਜ ਮੰਤਰੀ, ਸ਼੍ਰੀ ਸੰਜੈ ਸੇਠ ਕਰਨਗੇ। ਇਸ ਸਮਾਗਮ ਵਿੱਚ ਚੀਫ ਆਫ ਡਿਫੈਂਸ, ਤਿੰਨੋਂ ਸੇਵਾਵਾਂ ਦੇ ਪ੍ਰਮੁੱਖ ਅਤੇ ਰੱਖਿਆ ਸਕੱਤਰ ਸ਼ਾਮਲ ਹੋਣਗੇ, ਜੋ ਇਸ ਸਮਾਗਮ ਦੀ ਰਾਸ਼ਟਰੀ ਮਹੱਤਤਾ ਅਤੇ ਤਿੰਨ-ਸੇਵਾ ਸਰੂਪ ਨੂੰ ਉਜਾਗਰ ਕਰਨਗੇ।
ਇਸ ਸਮਾਗਮ ਵਿੱਚ ਦੇਸ਼ ਭਰ ਦੇ ਲਗਭਗ 200 ਪ੍ਰਸਿੱਧ ਨੇਤ੍ਰ ਵਿਗਿਆਨੀਆਂ ਅਤੇ ਫੌਜੀ ਖੇਤਰ ਦੇ ਸਭ ਤੋਂ ਵਧੀਆ ਨੇਤ੍ਰ ਵਿਗਿਆਨ ਮਾਹਿਰ ਇਕੱਠੇ ਆਉਣਗੇ। ਇਸ ਵਿੱਚ ਨੇਤ੍ਰ ਵਿਗਿਆਨ ਦੇ ਵਿਸ਼ੇ ਨੂੰ ਵਿਆਪਕ ਤੌਰ 'ਤੇ ਕਵਰ ਕੀਤਾ ਜਾਵੇਗਾ, ਜਿਸ ਵਿੱਚ ਸਾਰੀਆਂ ਪ੍ਰਮੁੱਖ ਉਪ-ਵਿਸ਼ੇਸ਼ਤਾਵਾਂ ਵਿੱਚ ਨਵੀਆਂ ਤਰੱਕੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਏਮਸ (ਨਵੀਂ ਦਿੱਲੀ), ਪੀਜੀਆਈ (ਚੰਡੀਗੜ੍ਹ), ਐੱਲਵੀ ਪ੍ਰਸਾਦ ਆਈ ਇੰਸਟੀਟਿਊਟ (ਹੈਦਰਾਬਾਦ), ਸੰਕਰਾ ਨੇਤ੍ਰਾਲਯ (Sankara Netralaya -ਚੇੱਨਈ), ਅਰਵਿੰਦ ਆਈ ਕੇਅਰ ਸਿਸਟਮ, ਅਤੇ ਹੋਰ ਸੰਸਥਾਵਾਂ ਦੇ 100 ਤੋਂ ਵੱਧ ਪ੍ਰਸਿੱਧ ਫੈਕਲਟੀ ਮੈਂਬਰ ਇਸ ਸਮਾਗਮ ਵਿੱਚ ਹਿੱਸਾ ਲੈਣਗੇ।
ਇਸ ਪ੍ਰੋਗਰਾਮ ਵਿੱਚ ਦੋ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਪ੍ਰਾਪਤ ਨੇਤ੍ਰ ਵਿਗਿਆਨੀ ਵੀ ਸ਼ਾਮਲ ਹੋਣਗੇ: ਬ੍ਰਿਟੇਨ ਦੇ ਨੌਟਿੰਘਮ ਯੂਨੀਵਰਸਿਟੀ (ਯੂਕੇ) ਵਿੱਚ ਨੇਤ੍ਰ ਵਿਗਿਆਨ ਦੇ ਚੇਅਰਮੈਨ ਅਤੇ ਪ੍ਰੋਫੈਸਰ; ਪ੍ਰੋ. ਹਰਮਿੰਦਰ ਸਿੰਘ ਦੁਆ ਅਤੇ ਸਿੰਗਾਪੁਰ ਦੇ ਟੈਨ ਟੌਕ ਸੇਂਗ ਹਸਪਤਾਲ ਵਿੱਚ ਸੀਨੀਅਰ ਸਲਾਹਕਾਰ ਨੇਤ੍ਰ ਰੋਗ ਮਾਹਿਰ ਅਤੇ ਕਲਿਨੀਸ਼ੀਅਨ ਰਿਸਰਚਰ ਡਾ. ਕੌਲਿਨ ਸਿਆਂਗ ਹੂਈ ਟੈਨ। ਪ੍ਰੋ. ਹਰਮਿੰਦਰ ਸਿੰਘ ਦੁਆ ਰਸਾਇਣਿਕ ਅੱਖਾਂ ਦੀਆਂ ਸੱਟਾਂ ਬਾਰੇ ਆਪਣੀ ਮੋਹਰੀ ਖੋਜ ਅਤੇ ਕੌਰਨੀਅਲ ਢਾਂਚੇ ਵਿੱਚ ਇੱਕ ਕ੍ਰਾਂਤੀਕਾਰੀ ਯੋਗਦਾਨ ਦੇਣ ਵਾਲੀ 'ਦੁਆ' ਲੇਅਰ ਦੀ ਖੋਜ ਲਈ ਵਿਸ਼ਵ ਪੱਧਰ 'ਤੇ ਪ੍ਰਸਿੱਧ ਹਨ। ਡਾ. ਕੌਲਿਨ ਸਿਆਂਗ ਹੂਈ ਟੈਨ ਨੈਸ਼ਨਲ ਹੈਲਥਕੇਅਰ ਗਰੁੱਪ ਆਈ ਇੰਸਟੀਟਿਊਟ ਵਿਖੇ ਫੰਡਸ ਇਮੇਜ ਰੀਡਿੰਗ ਸੈਂਟਰ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਰੈਟਿਨਲ ਇਮੇਜ਼ਿੰਗ, ਡਾਇਬੀਟਿਕ ਰੈਟੀਨੋਪੈਥੀ ਅਤੇ ਏਆਈ-ਅਧਾਰਿਤ ਨੇਤ੍ਰ ਵਿਗਿਆਨ ਡਾਇਗਨੌਸਟਿਕਸ ਵਿੱਚ ਆਪਣੀ ਮੁਹਾਰਤ ਲਈ ਜਾਣੇ ਜਾਂਦੇ ਹਨ।
ਇਹ ਸਮਾਗਮ ਦੇਸ਼ ਭਰ ਦੇ ਨੌਜਵਾਨ ਨੇਤ੍ਰ ਵਿਗਿਆਨੀਆਂ ਲਈ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਨਾਲ ਹੀ, ਇਸ ਖੇਤਰ ਦੇ ਮਾਹਿਰਾਂ ਤੋਂ ਸਿੱਖਣ ਲਈ ਇੱਕ ਪ੍ਰੇਰਨਾਦਾਇਕ ਪਲੈਟਫਾਰਮ ਵਜੋਂ ਕੰਮ ਕਰੇਗਾ। ਇਸ ਦਾ ਉਦੇਸ਼ ਨੇਤ੍ਰ ਵਿਗਿਆਨ ਵਿੱਚ ਸਾਰਥਕ ਸਿਵਿਲ-ਫੌਜੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ।
*****
ਵੀਕੇ/ਸੇਵੀ/ਏਕੇ
(Release ID: 2259240)
ਵਿਜ਼ੀਟਰ ਕਾਊਂਟਰ : 31