ਪ੍ਰਧਾਨ ਮੰਤਰੀ ਦਫਤਰ
azadi ka amrit mahotsav

'ਮਨ ਕੀ ਬਾਤ' ਦੇ 133ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

Posted On: 26 APR 2026 12:12PM by PIB Chandigarh

ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ।

 

‘ਮਨ ਕੀ ਬਾਤ’ ਦੇ ਇੱਕ ਹੋਰ ਐਪੀਸੋਡ ਵਿੱਚ ਤੁਹਾਡੇ ਸਾਰਿਆਂ ਨਾਲ ਜੁੜ ਕੇ ਖ਼ੁਸ਼ੀ ਹੋ ਰਹੀ ਹੈ। ਇਧਰ, ਵਿਚਕਾਰ, ਚੋਣਾਂ ਦੀ ਭੱਜ-ਦੌੜ ਰਹੀ ਹੈ, ਪਰ ਤੁਹਾਡੀਆਂ ਚਿੱਠੀਆਂ ਅਤੇ ਸੁਨੇਹਿਆਂ ਰਾਹੀਂ ਅਸੀਂ ਦੇਸ਼ ਅਤੇ ਦੇਸ਼ ਵਾਸੀਆਂ ਦੀਆਂ ਪ੍ਰਾਪਤੀਆਂ 'ਤੇ ਇੱਕ-ਦੂਜੇ ਨਾਲ ਆਪਣੀਆਂ ਖ਼ੁਸ਼ੀਆਂ ਸਾਂਝੀਆਂ ਵੀ ਕੀਤੀਆਂ ਹਨ। ਇਸ ਵਾਰ ‘ਮਨ ਕੀ ਬਾਤ’ ਦੀ ਸ਼ੁਰੂਆਤ ਦੇਸ਼ ਦੀ ਅਜਿਹੀ ਹੀ ਬਹੁਤ ਵੱਡੀ ਪ੍ਰਾਪਤੀ ਨਾਲ ਕਰਦੇ ਹਾਂ।

 

ਸਾਥੀਓ, ਭਾਰਤ ਨੇ ਵਿਗਿਆਨ ਨੂੰ ਹਮੇਸ਼ਾ ਦੇਸ਼ ਦੀ ਤਰੱਕੀ ਨਾਲ ਜੋੜ ਕੇ ਵੇਖਿਆ ਹੈ। ਇਸੇ ਸੋਚ ਨਾਲ ਸਾਡੇ ਵਿਗਿਆਨੀ ਸਿਵਲ ਨਿਊਕਲੀਅਰ ਪ੍ਰੋਗਰਾਮ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਦੇ ਯਤਨਾਂ ਨਾਲ ਇਹ ਪ੍ਰੋਗਰਾਮ ਰਾਸ਼ਟਰ ਨਿਰਮਾਣ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ। ਇਸ ਨਾਲ ਸਾਡੇ ਸਨਅਤੀ ਵਿਕਾਸ ਨੂੰ, ਊਰਜਾ ਖੇਤਰ ਨੂੰ, ਸਿਹਤ ਸੰਭਾਲ ਖੇਤਰ ਨੂੰ ਬਹੁਤ ਲਾਭ ਹੋਇਆ ਹੈ। ਖੇਤੀਬਾੜੀ ਤੋਂ ਲੈ ਕੇ ਆਧੁਨਿਕ ਖੋਜਕਾਰਾਂ ਦੀ ਵੀ ਭਾਰਤ ਦੇ 'ਸਿਵਲ ਨਿਊਕਲੀਅਰ ਪ੍ਰੋਗਰਾਮ' ਨੇ ਬਹੁਤ ਮਦਦ ਕੀਤੀ ਹੈ। ਸਾਥੀਓ, ਕੁਝ ਹੀ ਦਿਨ ਪਹਿਲਾਂ, ਸਾਡੇ ਪ੍ਰਮਾਣੂ ਵਿਗਿਆਨੀਆਂ ਨੇ ਇੱਕ ਹੋਰ ਵੱਡੀ ਪ੍ਰਾਪਤੀ ਨਾਲ ਭਾਰਤ ਦਾ ਮਾਣ ਵਧਾਇਆ ਹੈ। ਤਮਿਲਨਾਡੂ ਦੇ ਕਲਪੱਕਮ ਵਿੱਚ ਫਾਸਟ ਬ੍ਰੀਡਰ ਰਿਐਕਟਰ ਨੇ ਕ੍ਰਿਟੀਕੈਲਿਟੀ ਹਾਸਲ ਕਰ ਲਈ ਹੈ। ਦਰਅਸਲ, ਕ੍ਰਿਟੀਕੈਲਿਟੀ ਉਹ ਪੜਾਅ ਹੈ, ਜਿਸ ਵਿੱਚ ਰਿਐਕਟਰ ਪਹਿਲੀ ਵਾਰ ਖ਼ੁਦ ਚੱਲਣ ਵਾਲੀ ਪ੍ਰਮਾਣੂ ਲੜੀ ਪ੍ਰਤੀਕਿਰਿਆ ਵਿੱਚ ਸਫਲਤਾ ਹਾਸਲ ਕਰਦਾ ਹੈ। ਇਸ ਪੜਾਅ ਦਾ ਮਤਲਬ ਹੈ ਰਿਐਕਟਰ ਦਾ ਚਾਲੂ ਹੋਣ ਦੇ ਪੜਾਅ ਵਿੱਚ ਪਹੁੰਚਣਾ। ਭਾਰਤ ਦੀ ਪ੍ਰਮਾਣੂ ਊਰਜਾ ਯਾਤਰਾ ਵਿੱਚ ਇਹ ਇਤਿਹਾਸਕ ਮੀਲ ਪੱਥਰ ਹੈ। ਅਤੇ ਵੱਡੀ ਗੱਲ ਇਹ ਵੀ ਹੈ ਕਿ ਇਹ ਪ੍ਰਮਾਣੂ ਰਿਐਕਟਰ ਪੂਰੀ ਤਰ੍ਹਾਂ ਸਵਦੇਸ਼ੀ ਤਕਨੀਕ ਨਾਲ ਬਣਿਆ ਹੈ।

 

ਸਾਥੀਓ, ਇਸ ਨੂੰ 'ਬ੍ਰੀਡਰ ਰਿਐਕਟਰ' ਕਿਉਂ ਕਹਿੰਦੇ ਹਨ? ਇਸਦੇ ਪਿੱਛੇ ਵੀ ਕਾਰਨ ਹੈ। ਇਹ ਅਜਿਹਾ ਸਿਸਟਮ ਹੈ, ਜੋ ਊਰਜਾ ਦੇ ਉਤਪਾਦਨ ਦੇ ਨਾਲ-ਨਾਲ ਭਵਿੱਖ ਲਈ ਨਵਾਂ ਬਾਲਣ ਵੀ ਖ਼ੁਦ ਹੀ ਤਿਆਰ ਕਰਦਾ ਹੈ। ਸਾਥੀਓ, ਮੈਨੂੰ ਮਾਰਚ, 2024 ਦਾ ਉਹ ਸਮਾਂ ਵੀ ਯਾਦ ਹੈ, ਜਦੋਂ ਮੈਂ ਕਲਪੱਕਮ ਵਿੱਚ ਰਿਐਕਟਰ ਦੀ 'ਕੋਰ ਲੋਡਿੰਗ' ਦਾ ਗਵਾਹ ਬਣਿਆ ਸੀ। ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਭਾਰਤ ਦੇ ਪ੍ਰਮਾਣੂ ਪ੍ਰੋਗਰਾਮ ਵਿੱਚ ਆਪਣਾ ਅਣਮੁੱਲਾ ਯੋਗਦਾਨ ਪਾਇਆ ਹੈ। ਦੇਸ਼ ਵਾਸੀਆਂ ਦਾ ਜੀਵਨ ਬਿਹਤਰ ਅਤੇ ਸੌਖਾ ਬਣਾਉਣ ਲਈ ਉਨ੍ਹਾਂ ਦਾ ਇਹ ਯਤਨ ਬਹੁਤ ਹੀ ਸ਼ਲਾਘਾਯੋਗ ਹੈ। ਇਸ ਨਾਲ ਵਿਕਸਿਤ ਭਾਰਤ ਦੇ ਸਾਡੇ ਸੰਕਲਪ ਨੂੰ ਵੀ ਨਵੀਂ ਊਰਜਾ ਮਿਲੇਗੀ।

 

ਮੇਰੇ ਪਿਆਰੇ ਦੇਸ਼ ਵਾਸੀਓ, ‘ਮਨ ਕੀ ਬਾਤ’ ਵਿੱਚ ਅੱਜ ਮੈਂ ਅਜਿਹੀ ਸ਼ਕਤੀ ਦੀ ਗੱਲ ਕਰਨੀ ਚਾਹੁੰਦਾ ਹਾਂ, ਜੋ ਅਦਿੱਖ ਹੈ, ਪਰ, ਜਿਸ ਦੇ ਬਿਨਾਂ ਸਾਡਾ ਜੀਵਨ ਇੱਕ ਪਲ ਵੀ ਨਾ ਚੱਲੇ। ਇਹੀ ਤਾਕਤ ਭਾਰਤ ਨੂੰ ਅੱਗੇ ਵਧਾ ਰਹੀ ਹੈ। ਇਹ ਸਾਡੀ ਪੌਣ-ਸ਼ਕਤੀ ਹੈ। ਸਾਡੇ ਪ੍ਰਾਚੀਨ ਗ੍ਰੰਥਾਂ ਵਿੱਚ ਕਿਹਾ ਗਿਆ ਹੈ –

‘वायुर्वा इति व्यष्टि:, वायुरवै समष्टि:।’  

ਭਾਵ, ਹਵਾ ਸਿਰਫ਼ ਇੱਕ ਤੱਤ ਨਹੀਂ ਹੈ, ਇਹ ਜੀਵਨ ਦੀ ਊਰਜਾ ਹੈ, ਇਹ ਸ੍ਰਿਸ਼ਟੀ ਦੀ ਸ਼ਕਤੀ ਹੈ।

 

ਸਾਥੀਓ, ਅੱਜ ਇਹੀ ਪੌਣ-ਸ਼ਕਤੀ ਭਾਰਤ ਦੇ ਵਿਕਾਸ ਦੀ ਨਵੀਂ ਕਹਾਣੀ ਲਿਖ ਰਹੀ ਹੈ। ਭਾਰਤ ਨੇ ਹਾਲ ਹੀ ਵਿੱਚ ਪੌਣ-ਊਰਜਾ ਭਾਵ 'ਵਿੰਡ ਐਨਰਜੀ' ਵਿੱਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਹੁਣ ਭਾਰਤ ਦੀ ਪੌਣ-ਊਰਜਾ ਉਤਪਾਦਨ ਸਮਰੱਥਾ 56 ਗੀਗਾਵਾਟ ਤੋਂ ਵੱਧ ਹੋ ਚੁੱਕੀ ਹੈ। ਪਿਛਲੇ ਇੱਕ ਸਾਲ ਵਿੱਚ ਹੀ ਕਰੀਬ 6 ਗੀਗਾਵਾਟ ਨਵੀਂ ਸਮਰੱਥਾ ਜੁੜੀ ਹੈ। 'ਵਿੰਡ ਐਨਰਜੀ' ਵਿੱਚ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਦੁਨੀਆ ਵੀ ਸਾਡੇ ਵੱਲ ਵੇਖ ਰਹੀ ਹੈ। ਸਾਥੀਓ, ਅੱਜ ਭਾਰਤ, ਪੌਣ-ਊਰਜਾ ਸਮਰੱਥਾ ਵਿੱਚ ਦੁਨੀਆ ਵਿੱਚ ਚੌਥੇ ਸਥਾਨ 'ਤੇ ਹੈ। ਇਹ ਸਾਡੇ ਇੰਜੀਨੀਅਰਾਂ ਦੀ ਮਿਹਨਤ ਹੈ, ਇਹ ਸਾਡੇ ਨੌਜਵਾਨਾਂ ਦੀ ਸਖ਼ਤ ਮਿਹਨਤ ਹੈ, ਇਹ ਦੇਸ਼ ਦੀ ਸਮੂਹਿਕ ਇੱਛਾ-ਸ਼ਕਤੀ ਦਾ ਪ੍ਰਤੀਕ ਹੈ।

 

ਸਾਥੀਓ, ਗੁਜਰਾਤ, ਤਮਿਲਨਾਡੂ, ਮਹਾਰਾਸ਼ਟਰ, ਰਾਜਸਥਾਨ, ਦੇਸ਼ ਦੇ ਕਈ ਸੂਬੇ ਇਸ ਖੇਤਰ ਵਿੱਚ ਆਪਣਾ ਝੰਡਾ ਲਹਿਰਾ ਰਹੇ ਹਨ। ਗੁਜਰਾਤ ਦੇ ਕੱਛ, ਪਾਟਨ, ਬਨਾਸਕਾਂਠਾ ਵਰਗੇ ਖੇਤਰ ਜਿੱਥੇ ਪਹਿਲਾਂ ਸਿਰਫ਼ ਰੇਗਿਸਤਾਨ ਨਜ਼ਰ ਆਉਂਦਾ ਸੀ, ਅੱਜ ਉੱਥੇ, ਵੱਡੇ-ਵੱਡੇ ਨਵਿਆਉਣਯੋਗ ਊਰਜਾ ਪਾਰਕ ਬਣ ਰਹੇ ਹਨ। ਇਸ ਦਾ ਲਾਭ ਨੌਜਵਾਨਾਂ ਨੂੰ ਮਿਲ ਰਿਹਾ ਹੈ, ਨਵੇਂ ਮੌਕੇ ਬਣ ਰਹੇ ਹਨ, ਨਵੇਂ ਹੁਨਰ ਵਿਕਸਿਤ ਹੋ ਰਹੇ ਹਨ, ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹ ਰਹੇ ਹਨ।

 

ਸਾਥੀਓ, ਭਾਰਤ ਦੇ ਵਿਕਾਸ ਲਈ ਸੂਰਜੀ ਅਤੇ ਪੌਣ ਊਰਜਾ ਜ਼ਰੂਰੀ ਹਨ। ਇਹ ਸਿਰਫ਼ ਵਾਤਾਵਰਨ ਦੀ ਗੱਲ ਨਹੀਂ ਹੈ - ਇਹ ਸਾਡੇ ਭਵਿੱਖ ਦੀ ਸੁਰੱਖਿਆ ਹੈ। ਇਸ ਵਿੱਚ ਸਾਡੇ ਸਾਰਿਆਂ ਦੀ ਭੂਮਿਕਾ ਹੈ। ਅਸੀਂ ਬਿਜਲੀ ਬਚਾਉਣੀ ਹੈ, ਅਸੀਂ ਸਾਫ਼ ਊਰਜਾ ਅਪਣਾਉਣੀ ਹੈ। ਦੇਸ਼ ਵਿੱਚ ਹਰ ਪੱਧਰ 'ਤੇ ਅਜਿਹੇ ਯਤਨ ਜ਼ਰੂਰੀ ਹਨ। ਕਿਉਂਕਿ ਇਨ੍ਹਾਂ ਨਾਲ ਹੀ ਵੱਡਾ ਬਦਲਾਅ ਆਉਂਦਾ ਹੈ।

 

ਸਾਥੀਓ, ਮਈ ਮਹੀਨੇ ਦੀ ਸ਼ੁਰੂਆਤ ਪਵਿੱਤਰ ਮੌਕੇ ਨਾਲ ਹੋਣ ਜਾ ਰਹੀ ਹੈ। ਕੁਝ ਹੀ ਦਿਨਾਂ ਵਿੱਚ ਅਸੀਂ ਬੁੱਧ ਪੂਰਨਿਮਾ ਮਨਾਵਾਂਗੇ। ਮੈਂ ਤੁਹਾਡੇ ਸਾਰਿਆਂ ਦੇਸ਼ ਵਾਸੀਆਂ ਨੂੰ ਆਪਣੀਆਂ ਅਗਾਊਂ ਸ਼ੁਭਕਾਮਨਾਵਾਂ ਦਿੰਦਾ ਹਾਂ। ਭਗਵਾਨ ਗੌਤਮ ਬੁੱਧ ਦਾ ਜੀਵਨ-ਸੁਨੇਹਾ ਅੱਜ ਵੀ ਓਨਾ ਹੀ ਪ੍ਰਸੰਗਿਕ ਹੈ। ਉਨ੍ਹਾਂ ਨੇ ਸਾਨੂੰ ਸਿਖਾਇਆ ਹੈ ਕਿ ਸ਼ਾਂਤੀ ਸਾਡੇ ਅੰਦਰੋਂ ਸ਼ੁਰੂ ਹੁੰਦੀ ਹੈ, ਉਨ੍ਹਾਂ ਨੇ ਦੱਸਿਆ ਹੈ ਕਿ ਖੁਦ 'ਤੇ ਜਿੱਤ ਸਭ ਤੋਂ ਵੱਡੀ ਜਿੱਤ ਹੁੰਦੀ ਹੈ। ਅੱਜ ਦੁਨੀਆ ਜਿਸ ਤਰ੍ਹਾਂ ਦੇ ਤਣਾਅ ਅਤੇ ਸੰਘਰਸ਼ਾਂ ਵਿੱਚੋਂ ਲੰਘ ਰਹੀ ਹੈ। ਅਜਿਹੇ ਸਮੇਂ ਵਿੱਚ ਬੁੱਧ ਦੇ ਵਿਚਾਰ ਹੋਰ ਵੀ ਅਹਿਮ ਹੋ ਗਏ ਹਨ।

 

ਸਾਥੀਓ, ਦੱਖਣੀ ਅਮਰੀਕਾ ਦੇ ਚਿਲੀ ਵਿੱਚ ਇੱਕ ਸੰਸਥਾ ਭਗਵਾਨ ਬੁੱਧ ਦੇ ਵਿਚਾਰਾਂ ਨੂੰ ਅੱਗੇ ਵਧਾ ਰਹੀ ਹੈ। ਲੱਦਾਖ ਵਿੱਚ ਜਨਮੇ ਡਰੱਬਪੋਨ ਓਤਜ਼ਰ ਰਿਨਪੋਚੇ (Drubpon Otzer Rinpoche) ਦੀ ਅਗਵਾਈ ਹੇਠ ਕੰਮ ਹੋ ਰਿਹਾ ਹੈ। ਇਹ ਸੰਸਥਾ ਧਿਆਨ ਅਤੇ ਕਰੁਣਾ ਨੂੰ ਲੋਕਾਂ ਦੇ ਜੀਵਨ ਨਾਲ ਜੋੜ ਰਹੀ ਹੈ। ਕੋਚੀਗੁਆਜ਼ ਘਾਟੀ ਵਿੱਚ ਬਣਿਆ ਸਤੂਪ ਲੋਕਾਂ ਨੂੰ ਸ਼ਾਂਤੀ ਦਾ ਅਹਿਸਾਸ ਕਰਵਾਉਂਦਾ ਹੈ। ਵਾਕਈ, ਇਹ ਵੇਖ ਕੇ ਮਾਣ ਹੁੰਦਾ ਹੈ। ਭਾਰਤ ਦੀ ਪ੍ਰਾਚੀਨ ਧਾਰਾ ਦੁਨੀਆ ਤੱਕ ਪਹੁੰਚ ਰਹੀ ਹੈ। ਦੂਰ-ਦੁਰਾਡੇ ਦੇ ਲੋਕ ਵੀ ਇਸ ਨਾਲ ਜੁੜ ਰਹੇ ਹਨ।

 

ਸਾਥੀਓ, ਬੁੱਧ ਪਰੰਪਰਾ ਸਾਨੂੰ ਕੁਦਰਤ ਨਾਲ ਜੁੜਨਾ ਵੀ ਸਿਖਾਉਂਦੀ ਹੈ। ਭਗਵਾਨ ਬੁੱਧ ਨੂੰ ਗਿਆਨ ਇੱਕ ਰੁੱਖ ਦੇ ਹੇਠਾਂ ਮਿਲਿਆ ਸੀ। ਕੁਦਰਤ ਸਾਡੇ ਜੀਵਨ ਦਾ ਅਟੁੱਟ ਹਿੱਸਾ ਹੈ। ਦੇਸ਼ ਵਿੱਚ ਵੀ ਅਜਿਹੇ ਯਤਨ ਹੋ ਰਹੇ ਹਨ। ਕਰਨਾਟਕ ਵਿੱਚ 'ਕਰਮਾ ਮੋਨੈਸਟਰੀ' ਇਸ ਦੀ ਚੰਗੀ ਮਿਸਾਲ ਹੈ। ਇਹ ਮੱਠ ਇੱਕ ਜੀਵੰਤ ਜੰਗਲੀ ਖੇਤਰ ਹੈ, ਜੋ, 100 ਏਕੜ ਵਿੱਚ ਫੈਲਿਆ ਹੈ। ਇਸ ਜੰਗਲ ਵਿੱਚ 700 ਤੋਂ ਵੱਧ ਦੇਸੀ ਰੁੱਖ ਸੰਭਾਲੇ ਗਏ ਹਨ। ਸਾਥੀਓ, ਬੁੱਧ ਦਾ ਸੁਨੇਹਾ ਸਿਰਫ਼ ਬੀਤਿਆ ਕੱਲ੍ਹ ਨਹੀਂ ਹੈ। ਇਹ ਅੱਜ ਵੀ ਪ੍ਰਸੰਗਿਕ ਹੈ ਅਤੇ ਭਵਿੱਖ ਲਈ ਵੀ ਜ਼ਰੂਰੀ ਹੈ। ਬੁੱਧ ਪੂਰਨਿਮਾ ਦਾ ਇਹ ਮੌਕਾ ਪ੍ਰੇਰਣਾ ਦਿੰਦਾ ਹੈ। ਅਸੀਂ ਆਪਣੇ ਜੀਵਨ ਵਿੱਚ ਸ਼ਾਂਤੀ ਵਧਾਈਏ, ਕਰੁਣਾ ਅਪਣਾਈਏ ਅਤੇ ਸੰਤੁਲਨ ਨਾਲ ਅੱਗੇ ਵਧੀਏ।

 

ਮੇਰੇ ਪਿਆਰੇ ਦੇਸ਼ ਵਾਸੀਓ, ਤੁਸੀਂ ਸਾਰੇ ਜਾਣਦੇ ਹੋ, ਸਾਡੇ ਦੇਸ਼ ਵਿੱਚ ਹੁਣ 23 ਜਨਵਰੀ, ਭਾਵ, ਨੇਤਾਜੀ ਸੁਭਾਸ਼ ਦੀ ਜਯੰਤੀ ਤੋਂ ਲੈ ਕੇ 30 ਜਨਵਰੀ, ਭਾਵ, ਗਾਂਧੀ ਜੀ ਦੀ ਬਰਸੀ ਤੱਕ ਗਣਤੰਤਰ ਦਾ ਮਹੋਤਸਵ ਮਨਾਇਆ ਜਾਂਦਾ ਹੈ। ਇਸੇ ਮਹੋਤਸਵ ਦਾ ਅਹਿਮ ਹਿੱਸਾ ਹੁੰਦਾ ਹੈ – ਬੀਟਿੰਗ ਰੀਟਰੀਟ। ਅੱਜ ਮੈਂ ਤੁਹਾਡੇ ਨਾਲ 'ਬੀਟਿੰਗ ਰੀਟਰੀਟ' ਦੀ ਚਰਚਾ ਕਰ ਰਿਹਾ ਹਾਂ, ਕਿਉਂਕਿ, ਇਸਦੇ ਪਿੱਛੇ ਇੱਕ ਖਾਸ ਵਜ੍ਹਾ ਹੈ।

 

ਸਾਥੀਓ, ਤੁਸੀਂ ਵੇਖਿਆ ਹੋਵੇਗਾ, ਇਹ ਸਮਾਰੋਹ ਵੱਖ-ਵੱਖ ਬੈਂਡਾਂ ਦੀਆਂ ਵੰਨ-ਸੁਵੰਨੀਆਂ ਸੰਗੀਤਕ ਪਰੰਪਰਾਵਾਂ ਨੂੰ ਦਰਸਾਉਂਦਾ ਹੈ। ਬੀਤੇ ਕੁਝ ਸਾਲਾਂ ਤੋਂ ਇਸ ਵਿੱਚ ਭਾਰਤੀ ਸੰਗੀਤ ਦੀ ਸ਼ਮੂਲੀਅਤ ਵਧੀ ਹੈ ਅਤੇ ਇਹ ਦੇਸ਼ ਦੇ ਲੋਕਾਂ ਨੂੰ ਵੀ ਬਹੁਤ ਪਸੰਦ ਆ ਰਿਹਾ ਹੈ। ਇਸ ਸਾਲ ਦੀ 'ਬੀਟਿੰਗ ਰੀਟਰੀਟ' ਸੈਰੇਮਨੀ ਵੀ ਬਹੁਤ ਯਾਦਗਾਰੀ ਰਹੀ ਸੀ। ਏਅਰ ਫੋਰਸ, ਆਰਮੀ, ਨੇਵੀ ਅਤੇ ਸੀ.ਏ.ਪੀ.ਐੱਫ. ਦੇ ਬੈਂਡਾਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਸੀ।

 

ਸਾਥੀਓ, ਸ਼ਾਨਦਾਰ ਸੰਗੀਤ ਦੇ ਨਾਲ-ਨਾਲ ਜਾਨਦਾਰ 'ਫਾਰਮੇਸ਼ਨਜ਼' ਦਾ ਇਹ ਪ੍ਰੋਗਰਾਮ, ਸਭ ਦਾ ਧਿਆਨ ਖਿੱਚਦਾ ਹੈ। ਏਅਰ ਫੋਰਸ ਬੈਂਡ ਨੇ 'ਸਿੰਦੂਰ ਫਾਰਮੇਸ਼ਨ' ਬਣਾਇਆ। ਨੇਵਲ ਬੈਂਡ ਨੇ 'ਮਤਸਯ ਯੰਤਰ ਫਾਰਮੇਸ਼ਨ' ਬਣਾਇਆ। ਉੱਥੇ ਹੀ, ਆਰਮੀ ਬੈਂਡ ਦੇ ਪ੍ਰਦਰਸ਼ਨ ਵਿੱਚ 'ਵੰਦੇ-ਮਾਤਰਮ' ਦੇ 150 ਸਾਲ ਅਤੇ ਕ੍ਰਿਕਟ ਵਿੱਚ ਭਾਰਤ ਦੀ ਸਫਲਤਾ ਨੂੰ ਵੀ ਦਰਸਾਇਆ ਗਿਆ।

 

ਸਾਥੀਓ, 'ਬੀਟਿੰਗ ਰੀਟਰੀਟ' ਦੇ ਬੀਤ ਜਾਣ ਤੋਂ ਬਾਅਦ, ਇਹ ਸਾਰੀ ਮਿਹਨਤ, ਇਹ ਪ੍ਰਾਪਤੀ ਹੌਲੀ-ਹੌਲੀ ਅੱਖੋਂ ਓਹਲੇ ਹੋ ਜਾਂਦੀ ਸੀ, ਪਰ, ਹੁਣ ਇਸ ਨੂੰ ਲੈ ਕੇ ਬਹੁਤ ਹੀ ਵਧੀਆ ਯਤਨ ਹੋਇਆ ਹੈ। 'ਬੀਟਿੰਗ ਰੀਟਰੀਟ' ਦਾ ਸੰਗੀਤ ਪਹਿਲੀ ਵਾਰ 'ਵੇਵਜ਼ ਓਟੀਟੀ' 'ਤੇ ਵੀ ਉਪਲਬਧ ਹੈ। ਆਉਣ ਵਾਲੇ ਸਮੇਂ ਵਿੱਚ ਇਹ ਦੂਜੇ ਪਲੇਟਫਾਰਮਾਂ 'ਤੇ ਵੀ ਮੌਜੂਦ ਹੋਵੇਗਾ - ਤੁਸੀਂ ਇਸ ਨੂੰ ਜ਼ਰੂਰ ਸੁਣੋ। ਤੁਹਾਨੂੰ ਆਪਣੀਆਂ ਆਰਮਡ ਫੋਰਸਿਜ਼ ਅਤੇ ਉਨ੍ਹਾਂ ਦੀਆਂ ਪਰੰਪਰਾਵਾਂ 'ਤੇ ਬਹੁਤ ਮਾਣ ਹੋਵੇਗਾ।

 

ਸਾਥੀਓ, ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕੁਦਰਤ ਦੀ ਸਾਂਭ-ਸੰਭਾਲ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਸਾਹਮਣੇ ਆਈਆਂ ਹਨ। ਇਹ ਕਹਾਣੀਆਂ ਸਾਨੂੰ ਉਮੀਦ ਦਿੰਦੀਆਂ ਹਨ ਅਤੇ ਮਾਣ ਨਾਲ ਭਰ ਦਿੰਦੀਆਂ ਹਨ। ਮੈਂ ‘ਮਨ ਕੀ ਬਾਤ’ ਦੇ ਸਰੋਤਿਆਂ ਨਾਲ ਕੁਝ ਮਿਸਾਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਇਨ੍ਹਾਂ ਨੂੰ ਸੁਣ ਕੇ ਤੁਹਾਡਾ ਮਨ ਖੁਸ਼ ਹੋ ਜਾਵੇਗਾ। ਪਹਿਲਾਂ, ਗੱਲ ਕੱਛ ਦੇ ਰਣ ਦੀ। ਮੀਂਹ ਖਤਮ ਹੁੰਦਿਆਂ ਹੀ ਇੱਥੋਂ ਦੀ ਧਰਤੀ ਜੀਵੰਤ ਹੋ ਜਾਂਦੀ ਹੈ। ਹਰ ਸਾਲ ਲੱਖਾਂ ਫਲੇਮਿੰਗੋ ਇੱਥੇ ਆਉਂਦੇ ਹਨ। ਪੂਰਾ ਇਲਾਕਾ ਗੁਲਾਬੀ ਰੰਗ ਨਾਲ ਰੰਗਿਆ ਜਾਂਦਾ ਹੈ, ਇਸ ਲਈ ਇਸਨੂੰ ‘ਫਲੇਮਿੰਗੋ ਸਿਟੀ’ ਕਿਹਾ ਜਾਂਦਾ ਹੈ। ਇਹ ਪੰਛੀ ਇੱਥੇ ਹੀ ਆਲ੍ਹਣੇ ਬਣਾਉਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਪਾਲਦੇ-ਪੋਸਦੇ ਹਨ। ਕੱਛ ਦੇ ਲੋਕ ਇਨ੍ਹਾਂ ਨੂੰ ‘ਲਾਖਾ ਜੀ ਦੇ ਬਾਰਾਤੀ’ ਕਹਿੰਦੇ ਹਨ। ਹੁਣ ਲਾਖਾ ਜੀ ਦੇ ਇਹ ਬਾਰਾਤੀ ਕੱਛ ਵਿੱਚ ਵਾਤਾਵਰਣ ਦੀ ਸਾਂਭ-ਸੰਭਾਲ ਦੇ ਬੜੇ ਸੁੰਦਰ ਪ੍ਰਤੀਕ ਬਣ ਗਏ ਹਨ।

 

ਸਾਥੀਓ, ਦੂਜਾ ਕਿੱਸਾ ਇਨਸਾਨ ਅਤੇ ਜੰਗਲੀ-ਜੀਵਾਂ ਦੇ ਸਹਿਯੋਗ ਦਾ ਹੈ। ਅਤੇ ਇਹ ਉੱਤਰ ਪ੍ਰਦੇਸ਼ ਤੋਂ ਹੈ। ਇੱਥੋਂ ਦੇ ਤਰਾਈ ਇਲਾਕਿਆਂ ਵਿੱਚ ਫਸਲ ਵੇਲੇ ਹਾਥੀਆਂ ਦੇ ਝੁੰਡ ਪਿੰਡ ਵੱਲ ਆਉਂਦੇ ਹਨ। ਇਸ ਨਾਲ ਟਕਰਾਅ ਦਾ ਖਦਸ਼ਾ ਵਧਦਾ ਹੈ। ਪਰ, ਹੁਣ ਯੂ.ਪੀ. ਵਿੱਚ ਵੀ ‘ਗਜ ਮਿੱਤਰ’ ਵਰਗੇ ਯਤਨ ਸ਼ੁਰੂ ਹੋਏ ਹਨ। ਪਿੰਡ ਦੇ ਲੋਕ ਹੀ ਟੀਮ ਬਣਾ ਕੇ ਹਾਥੀਆਂ 'ਤੇ ਨਜ਼ਰ ਰੱਖਦੇ ਹਨ। ਉਹ ਸਮੇਂ ਸਿਰ ਲੋਕਾਂ ਨੂੰ ਸੁਚੇਤ ਕਰਦੇ ਹਨ। ਇਸ ਨਾਲ ਟਕਰਾਅ ਘੱਟ ਹੋ ਰਿਹਾ ਹੈ ਅਤੇ ਲੋਕਾਂ ਵਿੱਚ ਭਰੋਸਾ ਵਧ ਰਿਹਾ ਹੈ।

 

ਸਾਥੀਓ, ਮੱਧ ਭਾਰਤ ਤੋਂ ਵੀ ਇੱਕ ਚੰਗੀ ਖ਼ਬਰ ਆਈ ਹੈ। ਛੱਤੀਸਗੜ੍ਹ ਵਿੱਚ 'ਬਲੈਕਬੱਕ', ਭਾਵ, ਕਾਲੇ ਹਿਰਨ ਫਿਰ ਤੋਂ ਦਿਖਾਈ ਦੇਣ ਲੱਗੇ ਹਨ। ਇੱਕ ਵੇਲੇ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੋ ਗਈ ਸੀ, ਪਰ ਲਗਾਤਾਰ ਯਤਨ ਹੋਏ, ਅਤੇ ਸੁਰੱਖਿਆ ਵਧਾਈ ਗਈ। ਅੱਜ ਇਹ ਫਿਰ ਤੋਂ ਖੁੱਲ੍ਹੇ ਮੈਦਾਨਾਂ ਵਿੱਚ ਦੌੜਦੇ ਨਜ਼ਰ ਆਉਂਦੇ ਹਨ। ਇਹ ਸਾਡੀ ਗੁਆਚ ਰਹੀ ਵਿਰਾਸਤ ਦੀ ਵਾਪਸੀ ਹੈ। ਅਜਿਹੀ ਹੀ ਉਮੀਦ 'ਗ੍ਰੇਟ ਇੰਡੀਅਨ ਬਸਟਰਡ' ਭਾਵ ਗੋਡਾਵਣ ਦੀ ਸੰਭਾਲ ਵਿੱਚ ਵੀ ਦਿਖਾਈ ਦੇ ਰਹੀ ਹੈ। ਇਹ ਪੰਛੀ ਸਾਡੇ ਰੇਗਿਸਤਾਨੀ ਇਲਾਕਿਆਂ ਦੀ ਪਛਾਣ ਹੁੰਦਾ ਸੀ। ਪਰ, ਇੱਕ ਸਮੇਂ ਇਸ ਦੀ ਗਿਣਤੀ ਬਹੁਤ ਘੱਟ ਰਹਿ ਗਈ ਸੀ। ਹਾਲਤ ਇਹ ਸੀ ਕਿ ਇਹ ਪੰਛੀ ਅਲੋਪ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਸੀ। ਪਰ ਹੁਣ ਇਸ ਦੀ ਸਾਂਭ-ਸੰਭਾਲ ਲਈ ਵੱਡੀ ਮੁਹਿੰਮ ਚੱਲ ਰਹੀ ਹੈ। ਵਿਗਿਆਨਕ ਤਰੀਕੇ ਅਪਣਾਏ ਜਾ ਰਹੇ ਹਨ। ਪ੍ਰਜਨਨ ਕੇਂਦਰ ਬਣਾਏ ਗਏ ਹਨ ਅਤੇ ਹੁਣ ਨਵੇਂ ਜੀਵਨ ਦੀ ਸ਼ੁਰੂਆਤ ਦਿਖਾਈ ਦੇ ਰਹੀ ਹੈ।

 

ਸਾਥੀਓ, ਕੁਦਰਤ ਅਤੇ ਮਨੁੱਖ ਵੱਖ-ਵੱਖ ਨਹੀਂ ਹਨ। ਅਸੀਂ ਇੱਕ-ਦੂਜੇ ਦੇ ਸਾਥੀ ਹਾਂ। ਜਦੋਂ ਅਸੀਂ ਕੁਦਰਤ ਨੂੰ ਸਮਝਦੇ ਹਾਂ, ਉਸ ਦਾ ਸਤਿਕਾਰ ਕਰਦੇ ਹਾਂ ਅਤੇ ਉਸ ਨਾਲ ਮਿਲ ਕੇ ਚੱਲਦੇ ਹਾਂ, ਤਾਂ ਬਦਲਾਅ ਸਾਫ਼ ਦਿਖਾਈ ਦਿੰਦਾ ਹੈ। ਅੱਜ ਇਹੀ ਬਦਲਾਅ ਦੇਸ਼ ਦੇ ਕੋਨੇ-ਕੋਨੇ ਤੋਂ ਨਵੀਂ ਉਮੀਦ ਬਣ ਕੇ ਸਾਹਮਣੇ ਆ ਰਿਹਾ ਹੈ।

 

ਮੇਰੇ ਪਿਆਰੇ ਦੇਸ਼ ਵਾਸੀਓ, ਨੌਰਥ-ਈਸਟ (ਉੱਤਰ-ਪੂਰਬ) ਸਾਡੇ ਸਾਰਿਆਂ ਲਈ ਅਸ਼ਟਲਕਸ਼ਮੀ ਹੈ। ਇੱਥੇ ਭਰਪੂਰ ਪ੍ਰਤਿਭਾ ਹੈ ਅਤੇ ਨੌਰਥ-ਈਸਟ ਦੀ ਕੁਦਰਤੀ ਸੁੰਦਰਤਾ ਵੀ ਸਭ ਦਾ ਧਿਆਨ ਖਿੱਚਦੀ ਹੈ। ‘ਮਨ ਕੀ ਬਾਤ’ ਵਿੱਚ ਵੀ ਅਸੀਂ ਅਕਸਰ ਨੌਰਥ-ਈਸਟ ਦੇ ਲੋਕਾਂ ਦੀਆਂ ਪ੍ਰਾਪਤੀਆਂ 'ਤੇ ਚਰਚਾ ਕਰਦੇ ਆਏ ਹਾਂ। ਅੱਜ ਅਜਿਹੀ ਹੀ ਇੱਕ ਹੋਰ ਪ੍ਰਾਪਤੀ ਦੀ ਮੈਂ ਤੁਹਾਡੇ ਨਾਲ ਚਰਚਾ ਕਰਾਂਗਾ ਅਤੇ ਉਹ ਹੈ - ਬਾਂਸ ਖੇਤਰ ਵਿੱਚ ਨੌਰਥ-ਈਸਟ ਦੀ ਸਫਲਤਾ। ਸਾਥੀਓ, ਜਿਸ ਚੀਜ਼ ਨੂੰ ਕਦੇ ਬੋਝ ਵਜੋਂ ਵੇਖਿਆ ਜਾਂਦਾ ਸੀ, ਉਹ ਅੱਜ ਰੁਜ਼ਗਾਰ, ਕਾਰੋਬਾਰ ਅਤੇ ਨਵੀਨਤਾ ਨੂੰ ਨਵੀਂ ਗਤੀ ਦੇ ਰਹੀ ਹੈ। ਸਾਡੀਆਂ ਮਾਵਾਂ-ਭੈਣਾਂ ਇਸ ਦੀਆਂ ਸਭ ਤੋਂ ਵੱਡੀਆਂ ਲਾਭਪਾਤਰੀ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਾਂਸ ਦੀ ਪਰਿਭਾਸ਼ਾ ਬਦਲ ਦੇਣ ਨਾਲ ਕਿੰਨਾ ਵੱਡਾ ਪਰਿਵਰਤਨ ਆਇਆ ਹੈ। ਸਾਥੀਓ, ਅੰਗਰੇਜ਼ਾਂ ਦੇ ਬਣਾਏ ਕਾਨੂੰਨ ਦੇ ਹਿਸਾਬ ਨਾਲ ਬਾਂਸ ਨੂੰ ਰੁੱਖ ਵਜੋਂ ਪ੍ਰਭਾਸ਼ਿਤ ਕੀਤਾ ਗਿਆ ਸੀ ਅਤੇ ਇਸ ਨਾਲ ਜੁੜੇ ਨਿਯਮ ਬਹੁਤ ਸਖ਼ਤ ਸਨ। ਕਿਤੇ ਵੀ ਬਾਂਸ ਨੂੰ ਲੈ ਜਾਣਾ ਬਹੁਤ ਮੁਸ਼ਕਲ ਸੀ। ਅਜਿਹੇ ਵਿੱਚ ਇੱਥੋਂ ਦੇ ਲੋਕ ਬਾਂਸ ਨਾਲ ਜੁੜੇ ਕੰਮ-ਧੰਦਿਆਂ ਤੋਂ ਦੂਰ ਹੁੰਦੇ ਗਏ। ਸਾਥੀਓ, ਸਾਲ 2017 ਵਿੱਚ ਕਾਨੂੰਨ ਵਿੱਚ ਬਦਲਾਅ ਕਰਕੇ ਅਸੀਂ ਬਾਂਸ ਨੂੰ ਰੁੱਖ ਦੀ ਸ਼੍ਰੇਣੀ ਤੋਂ ਬਾਹਰ ਕੀਤਾ। ਜਿਸ ਦੇ ਨਤੀਜੇ ਸਭ ਦੇ ਸਾਹਮਣੇ ਹਨ। ਅੱਜ ਪੂਰੇ ਨੌਰਥ-ਈਸਟ ਵਿੱਚ ਬਾਂਸ ਖੇਤਰ ਫਲ-ਫੁੱਲ ਰਿਹਾ ਹੈ। ਲੋਕ ਲਗਾਤਾਰ ਨਵੀਆਂ ਖੋਜਾਂ ਕਰਕੇ ਇਸ ਵਿੱਚ ਮੁੱਲ-ਵਾਧਾ ਕਰ ਰਹੇ ਹਨ।

 

ਸਾਥੀਓ, ਤ੍ਰਿਪੁਰਾ ਦੇ ਗੋਮਤੀ ਜ਼ਿਲ੍ਹੇ ਦੇ ਬਿਜੋਏ ਸੂਤਰਧਾਰ ਅਤੇ ਦੱਖਣੀ ਤ੍ਰਿਪੁਰਾ ਦੇ ਪ੍ਰਦੀਪ ਚੱਕਰਵਰਤੀ ਦੀ ਹੀ ਗੱਲ ਕਰੀਏ। ਉਨ੍ਹਾਂ ਨੇ ਨਵੇਂ ਕਾਨੂੰਨਾਂ ਨੂੰ ਆਪਣੇ ਲਈ ਇੱਕ ਵੱਡੇ ਮੌਕੇ ਵਜੋਂ ਵੇਖਿਆ। ਫਿਰ ਉਨ੍ਹਾਂ ਨੇ ਆਪਣੇ ਕੰਮ ਨੂੰ ਤਕਨਾਲੋਜੀ ਨਾਲ ਜੋੜਿਆ। ਅੱਜ ਉਹ ਪਹਿਲਾਂ ਨਾਲੋਂ ਕਿਤੇ ਬਿਹਤਰ ਅਤੇ ਕਿਤੇ ਵੱਧ ਬਾਂਸ ਦੇ ਉਤਪਾਦ ਬਣਾ ਰਹੇ ਹਨ।

 

ਨਾਗਾਲੈਂਡ ਦੇ ਦੀਮਾਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਈ ਅਜਿਹੇ 'ਸਵੈ-ਸਹਾਇਤਾ ਗਰੁੱਪ' ਹਨ ਜਿਨ੍ਹਾਂ ਨੇ ਬਾਂਸ ਨਾਲ ਜੁੜੇ ਖਾਣ-ਪੀਣ ਵਾਲੇ ਉਤਪਾਦਾਂ ਵਿੱਚ ਮੁੱਲ-ਵਾਧਾ ਕੀਤਾ ਹੈ। ਉੱਥੇ 'ਖੋਰੋਲੋ ਕ੍ਰਿਏਟਿਵ ਕ੍ਰਾਫਟ' ਵਰਗੀਆਂ ਟੀਮਾਂ ਵੀ ਹਨ, ਜੋ, ਬਾਂਸ ਦੇ ਫਰਨੀਚਰ ਅਤੇ ਹੱਥ-ਕਲਾਵਾਂ 'ਤੇ ਕੰਮ ਕਰ ਰਹੀਆਂ ਹਨ।

 

ਸਾਥੀਓ, ਮਿਜ਼ੋਰਮ ਦੇ ਮਾਮਿਤ ਜ਼ਿਲ੍ਹੇ ਵਿੱਚ ਅਜਿਹੀਆਂ ਟੀਮਾਂ ਹਨ, ਜੋ, ਬਾਂਸ ਦੇ 'ਟਿਸ਼ੂ ਕਲਚਰ' ਅਤੇ 'ਪੌਲੀ-ਹਾਊਸ ਪ੍ਰਬੰਧਨ' 'ਤੇ ਕੰਮ ਕਰ ਰਹੀਆਂ ਹਨ। ਮੈਨੂੰ ਸਿੱਕਮ ਵਿੱਚ ਗੰਗਟੋਕ ਦੇ ਨੇੜੇ 'ਲਾਗਾਸਤਲ ਬੈਂਬੂ ਐਂਟਰਪ੍ਰਾਈਜ਼ ਟੀਮ' ਬਾਰੇ ਵੀ ਪਤਾ ਲੱਗਾ ਹੈ। ਇਹ ਬਾਂਸ ਤੋਂ ਹੱਥ-ਕਲਾਵਾਂ, ਅਗਰਬੱਤੀ ਦੀਆਂ ਤੀਲੀਆਂ, ਫਰਨੀਚਰ ਅਤੇ ਅੰਦਰੂਨੀ ਸਜਾਵਟ ਦੀਆਂ ਚੀਜ਼ਾਂ ਬਣਾਉਂਦੀ ਹੈ।

 

ਸਾਥੀਓ, ਮੈਂ ਇੱਥੇ ਕੁਝ ਹੀ ਮਿਸਾਲਾਂ ਦਿੱਤੀਆਂ ਹਨ। ਦੇਸ਼ ਵਿੱਚ ਬਾਂਸ ਖੇਤਰ ਦੀ ਸਫਲਤਾ ਦੀ ਇਹ ਸੂਚੀ ਕਾਫ਼ੀ ਲੰਬੀ ਹੈ। ਮੈਂ ਤੁਹਾਡੇ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਨੌਰਥ-ਈਸਟ ਦਾ ਕੋਈ-ਨਾ-ਕੋਈ ਬਾਂਸ ਦਾ ਉਤਪਾਦ ਜ਼ਰੂਰ ਖਰੀਦੋ। ਤੁਸੀਂ ਇਸ ਨੂੰ ਤੋਹਫ਼ੇ ਵਜੋਂ ਵੀ ਦੇ ਸਕਦੇ ਹੋ। ਤੁਹਾਡੇ ਇਸ ਯਤਨ ਨਾਲ ਉਨ੍ਹਾਂ ਲੋਕਾਂ ਦਾ ਹੌਸਲਾ ਵਧੇਗਾ, ਜੋ ਬਾਂਸ ਦੇ ਉਤਪਾਦ ਬਣਾਉਣ ਵਿੱਚ ਆਪਣਾ ਪਸੀਨਾ ਵਹਾਉਂਦੇ ਹਨ।

 

ਮੇਰੇ ਪਿਆਰੇ ਦੇਸ਼ ਵਾਸੀਓ, ਤੇਜ਼ੀ ਨਾਲ ਬਦਲਦੇ ਹੋਏ ਇਸ ਸਮੇਂ ਵਿੱਚ ਤਕਨਾਲੋਜੀ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਬਣ ਗਈ ਹੈ। ਅੱਜ ਅਸੀਂ ਆਪਣੇ ਬੀਤੇ ਕੱਲ੍ਹ ਨੂੰ ਵਰਤਮਾਨ ਨਾਲ ਜੋੜਨ ਵਿੱਚ ਵੀ ਤਕਨਾਲੋਜੀ ਦਾ ਕਮਾਲ ਵੇਖ ਰਹੇ ਹਾਂ। ਇਸ ਦਿਸ਼ਾ ਵਿੱਚ ਹਾਲ ਹੀ ਵਿੱਚ ਇੱਕ ਅਜਿਹਾ ਵਿਕਾਸ ਹੋਇਆ ਹੈ ਜਿਸ ਨਾਲ ਸਿੱਖਿਆ ਨਾਲ ਜੁੜੇ ਲੋਕ ਅਤੇ ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਬਹੁਤ ਖੁਸ਼ ਹੋਏ ਹਨ। ਸਾਥੀਓ, ਕੁਝ ਦਿਨ ਪਹਿਲਾਂ ਹੀ 'ਨੈਸ਼ਨਲ ਆਰਕਾਈਵਜ਼ ਆਫ ਇੰਡੀਆ' ਨੇ ਇੱਕ ਵਿਸ਼ੇਸ਼ ਪੋਰਟਲ 'ਤੇ ਇੱਕ ਅਨੋਖਾ 'ਡਾਟਾਬੇਸ' ਸਾਂਝਾ ਕੀਤਾ ਹੈ। ਇਸ ਸੰਸਥਾ ਨੇ 20 ਕਰੋੜ ਤੋਂ ਵੀ ਵੱਧ ਅਣਮੁੱਲੇ ਦਸਤਾਵੇਜ਼ਾਂ ਨੂੰ ਡਿਜੀਟਾਈਜ਼ ਕਰਕੇ ਜਨਤਕ ਕੀਤਾ ਹੈ। ਇਨ੍ਹਾਂ ਵਿੱਚੋਂ ਕੁਝ ਤਾਂ ਬਹੁਤ ਹੀ ਦਿਲਚਸਪ ਹਨ - 7ਵੀਂ ਸਦੀ ਦੀਆਂ ਗਿਲਗਿਤ ਪਾਂਡੂਲਿਪੀਆਂ ਭੋਜਪੱਤਰ 'ਤੇ ਲਿਖੀਆਂ ਹੋਈਆਂ ਹਨ। ਇੱਥੇ ਤੁਹਾਨੂੰ 8ਵੀਂ ਸਦੀ ਦਾ ਇੱਕ ਰੌਚਕ ਗ੍ਰੰਥ 'ਸ੍ਰੀ ਭੁਵਾਲਯ' ਵੀ ਵੇਖਣ ਨੂੰ ਮਿਲੇਗਾ। ਅੰਕਾਂ 'ਤੇ ਅਧਾਰਿਤ ਇਹ ਗ੍ਰੰਥ ਇੱਕ ਗ੍ਰਿਡ ਦੇ ਰੂਪ ਵਿੱਚ ਹੈ। ਰਾਣੀ ਲਕਸ਼ਮੀਬਾਈ ਨਾਲ ਜੁੜੀਆਂ ਕੁਝ ਅਹਿਮ ਚਿੱਠੀਆਂ ਵੀ ਤੁਸੀਂ ਇੱਥੇ ਵੇਖ ਸਕਦੇ ਹੋ। ਇਨ੍ਹਾਂ ਤੋਂ 1857 ਵਿੱਚ ਉਨ੍ਹਾਂ ਵੱਲੋਂ ਲਏ ਗਏ ਕੁਝ ਫ਼ੈਸਲਿਆਂ ਦਾ ਪਤਾ ਲੱਗਦਾ ਹੈ; ਜੋ ਉਨ੍ਹਾਂ ਦੀ ਬਹਾਦਰੀ ਨੂੰ ਦਰਸਾਉਂਦੇ ਹਨ। ਜੋ ਲੋਕ ਨੇਤਾਜੀ ਸੁਭਾਸ਼ ਦੇ ਵੱਡੇ ਪ੍ਰਸ਼ੰਸਕ ਹਨ, ਉਨ੍ਹਾਂ ਲਈ ਇੱਥੇ ਨੇਤਾਜੀ ਦੇ ਜੀਵਨ, ਆਜ਼ਾਦ ਹਿੰਦ ਫੌਜ ਅਤੇ ਉਨ੍ਹਾਂ ਦੇ ਭਾਸ਼ਣਾਂ ਨਾਲ ਜੁੜੇ ਕਈ ਦਸਤਾਵੇਜ਼ ਹਨ। ਤੁਹਾਨੂੰ ਪੰਡਿਤ ਮਦਨ ਮੋਹਨ ਮਾਲਵੀਆ ਜੀ, ਉਨ੍ਹਾਂ ਨਾਲ ਜੁੜੇ ਕਈ ਦਸਤਾਵੇਜ਼ ਵੀ ਮਿਲਣਗੇ। ਇਨ੍ਹਾਂ ਵਿੱਚ ਬੀਐੱਚਯੂ ਦੀ ਸਥਾਪਨਾ ਅਤੇ ਹਿੰਦੀ ਸਾਹਿਤ ਸੰਮੇਲਨ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਹਨ। ਇੱਥੇ ਸਾਡੀ ਸੰਵਿਧਾਨ ਸਭਾ ਨਾਲ ਜੁੜੇ ਕਈ ਅਨੋਖੇ ਦਸਤਾਵੇਜ਼ ਵੀ ਉਪਲਬਧ ਹਨ। ਮੈਂ ਤੁਹਾਡੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ www.abhilekh-patal.in 'ਤੇ ਜ਼ਰੂਰ ਜਾਓ। ਇਹ ਤੁਹਾਨੂੰ ਆਪਣੇ ਇਤਿਹਾਸ ਦਾ ਸ਼ਾਨਦਾਰ ਅਨੁਭਵ ਦੇਵੇਗਾ।

 

ਸਾਥੀਓ, ਜ਼ਰਾ ਕਲਪਨਾ ਕਰੋ, ਤੁਸੀਂ ਦੁਨੀਆ-ਭਰ ਦੇ ਸਭ ਤੋਂ ਪ੍ਰਤਿਭਾਸ਼ਾਲੀ ਲੋਕਾਂ ਵਿਚਕਾਰ ਹੋ, ਤੁਹਾਡੇ ਕੋਲ ਗਣਿਤ ਦੇ ਬਹੁਤ ਹੀ ਔਖੇ ਸਵਾਲ ਹਨ। ਇਨ੍ਹਾਂ ਨੂੰ ਸੁਲਝਾਉਣ ਲਈ ਸਮਾਂ ਹੈ – ਸਿਰਫ਼ ਸਾਢੇ ਚਾਰ ਘੰਟੇ। ਭਾਵ ਸਮਾਂ ਬਹੁਤ ਘੱਟ ਹੈ ਅਤੇ ਮੁਕਾਬਲਾ ਅੰਤਰਰਾਸ਼ਟਰੀ ਹੈ, ਬਹੁਤ ਸਖ਼ਤ ਹੈ। ਅਜਿਹੀ ਸਥਿਤੀ ਵਿੱਚ ਘਬਰਾ ਜਾਣਾ ਬਹੁਤ ਸੁਭਾਵਿਕ ਹੈ। ਪਰ ਇਨ੍ਹਾਂ ਹਾਲਾਤਾਂ ਵਿੱਚ ਸਾਡੀਆਂ ਧੀਆਂ ਨੇ ਕਮਾਲ ਕਰ ਦਿੱਤਾ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਫਰਾਂਸ ਦੇ ਬੋਰਦੋ (Bordeaux) ਵਿੱਚ 'ਯੂਰਪੀਅਨ ਗਰਲਜ਼ ਮੈਥੇਮੈਟੀਕਲ ਓਲੰਪੀਆਡ' ਹੋਇਆ ਸੀ। ਗਣਿਤ ਵਿੱਚ ਡੂੰਘੀ ਦਿਲਚਸਪੀ ਰੱਖਣ ਵਾਲੀਆਂ ਸਕੂਲੀ ਵਿਦਿਆਰਥਣਾਂ ਲਈ ਇਹ ਇੱਕ ਵੱਡਾ ਮੁਕਾਬਲਾ ਸੀ। ਇਹ ਦੁਨੀਆ ਦੇ ਸਭ ਤੋਂ ਸਤਿਕਾਰਤ ਮੁਕਾਬਲਿਆਂ ਵਿੱਚੋਂ ਇੱਕ ਹੈ। ਇਸ ਓਲੰਪੀਆਡ ਵਿੱਚ ਸਾਡੀਆਂ ਧੀਆਂ ਨੇ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕੀਤਾ। ਮੈਨੂੰ ਇਸ ਪ੍ਰਤਿਭਾਸ਼ਾਲੀ ਟੀਮ 'ਤੇ ਬਹੁਤ ਮਾਣ ਹੈ। ਇਸ ਵਿੱਚ ਮੁੰਬਈ ਦੀ ਸ਼੍ਰੇਯਾ ਮੁੰਧੜਾ, ਤਿਰੂਵਨੰਤਪੁਰਮ ਦੀ ਸੰਜਨਾ ਚਾਕੋ, ਚੇਨੱਈ ਦੀ ਸ਼ਿਵਾਨੀ ਭਰਤ ਕੁਮਾਰ ਅਤੇ ਕੋਲਕਾਤਾ ਦੀ ਸ਼੍ਰਿਮੋਈ ਬੇਰਾ ਸ਼ਾਮਲ ਸਨ। ਇਸ ਵਿੱਚ ਸਾਡੀ ਟੀਮ ਵਿਸ਼ਵ ਵਿੱਚ ਛੇਵੇਂ ਸਥਾਨ 'ਤੇ ਰਹੀ। ਸ਼੍ਰੇਯਾ ਨੇ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ, ਸੰਜਨਾ ਨੇ ਚਾਂਦੀ ਦਾ ਤਗ਼ਮਾ, ਤਾਂ ਸ਼ਿਵਾਨੀ ਨੇ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ।

 

ਸਾਥੀਓ, ਇਸ ਓਲੰਪੀਆਡ ਲਈ ਭਾਰਤ ਵਿੱਚ ਜੋ ਚੋਣ ਦੀ ਪ੍ਰਕਿਰਿਆ ਹੈ, ਉਹ ਆਪਣੇ-ਆਪ ਵਿੱਚ ਬਹੁਤ ਔਖੀ ਹੈ। ਇਹ ਇੱਕ ਕਈ ਪੜਾਵਾਂ ਵਾਲੀ ਚੋਣ ਪ੍ਰਕਿਰਿਆ ਹੈ। ਇਸ ਵਿੱਚ ਖੇਤਰੀ, ਸੂਬਾਈ ਅਤੇ ਰਾਸ਼ਟਰੀ ਪੱਧਰ 'ਤੇ ਸਖ਼ਤ ਚੁਣੌਤੀਆਂ ਨੂੰ ਪਾਰ ਕਰਨਾ ਹੁੰਦਾ ਹੈ। ਇਸ ਤੋਂ ਬਾਅਦ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਇੱਕ ਮਹੀਨੇ ਦੇ 'ਗਣਿਤ ਸਿਖਲਾਈ ਕੈਂਪ' ਵਿੱਚ ਸ਼ਾਮਲ ਹੁੰਦੀਆਂ ਹਨ। ਇਹ ਕੈਂਪ, 'ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ' ਦੇ 'ਹੋਮੀ ਭਾਭਾ ਸੈਂਟਰ ਫਾਰ ਸਾਇੰਸ ਐਜੂਕੇਸ਼ਨ' ਵਿੱਚ ਹੁੰਦਾ ਹੈ। ਇਸ ਕੈਂਪ ਦੇ ਅਖੀਰ ਵਿੱਚ ਟੀਮ ਚੋਣ ਟੈਸਟ ਹੁੰਦਾ ਹੈ। ਇਸ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਹੀ ਭਾਰਤ ਦੀ ਟੀਮ ਚੁਣੀ ਜਾਂਦੀ ਹੈ।

 

ਸਾਥੀਓ, ਹਰ ਸਾਲ ਦੇਸ਼-ਭਰ ਦੀਆਂ ਕਰੀਬ 6 ਲੱਖ ਵਿਦਿਆਰਥਣਾਂ ਇਸ 'ਮੈਥੇਮੈਟੀਕਲ ਓਲੰਪੀਆਡ ਪ੍ਰੋਗਰਾਮ' ਵਿੱਚ ਹਿੱਸਾ ਲੈਂਦੀਆਂ ਹਨ। ਸਮੇਂ ਦੇ ਨਾਲ ਇਹ ਗਿਣਤੀ ਲਗਾਤਾਰ ਵਧ ਰਹੀ ਹੈ, ਭਾਵ, ਦੇਸ਼ ਦੀਆਂ ਧੀਆਂ ਵਿਚਕਾਰ ਓਲੰਪੀਆਡ ਦਾ ਇਹ ਸੱਭਿਆਚਾਰ ਤੇਜ਼ੀ ਨਾਲ ਹਰਮਨ-ਪਿਆਰਾ ਹੋ ਰਿਹਾ ਹੈ। ਇਨ੍ਹਾਂ ਹੋਣਹਾਰ ਧੀਆਂ ਦਾ ਸਾਥ ਦੇਣ ਲਈ ਮੈਂ ਉਨ੍ਹਾਂ ਦੇ ਮਾਪਿਆਂ ਦੀ ਵੀ ਸ਼ਲਾਘਾ ਕਰਦਾ ਹਾਂ।

 

ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਦੇਸ਼ ਵਿੱਚ ਇਸ ਸਮੇਂ ਇੱਕ ਬਹੁਤ ਅਹਿਮ ਮੁਹਿੰਮ ਚੱਲ ਰਹੀ ਹੈ, ਜਿਸ ਬਾਰੇ ਹਰ ਭਾਰਤੀ ਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ। ਇਹ ਹੈ ਜਨਗਣਨਾ ਦੀ ਮੁਹਿੰਮ, ਇਹ ਦੁਨੀਆ ਦੀ ਸਭ ਤੋਂ ਵੱਡੀ ਜਨਗਣਨਾ ਹੈ। ਸਾਥੀਓ, ਜੋ ਸਾਥੀ ਪਹਿਲਾਂ ਤੋਂ ਇਸ ਤਰ੍ਹਾਂ ਦੀ ਪ੍ਰਕਿਰਿਆ ਵਿੱਚੋਂ ਲੰਘੇ ਹਨ, ਇਸ ਵਾਰ ਜਨਗਣਨਾ ਦਾ ਉਨ੍ਹਾਂ ਦਾ ਤਜਰਬਾ, ਵੱਖਰਾ ਹੋਣ ਵਾਲਾ ਹੈ। ਜਨਗਣਨਾ 2027 ਨੂੰ 'ਡਿਜੀਟਲ' ਬਣਾਇਆ ਗਿਆ ਹੈ। ਸਾਰੀ ਜਾਣਕਾਰੀ ਸਿੱਧੇ 'ਡਿਜੀਟਲ' ਮਾਧਿਅਮ ਵਿੱਚ ਦਰਜ ਹੋ ਰਹੀ ਹੈ। ਘਰ-ਘਰ ਜਾਣ ਵਾਲੇ ਕਰਮਚਾਰੀਆਂ ਕੋਲ ਮੋਬਾਈਲ ਐਪ ਹੈ। ਉਹ ਤੁਹਾਡੇ ਨਾਲ ਗੱਲ ਕਰਕੇ ਉਸੇ ਵਿੱਚ ਜਾਣਕਾਰੀ ਦਰਜ ਕਰਨਗੇ। ਸਾਥੀਓ, ਇਸ ਵਾਰ ਜਨਗਣਨਾ ਵਿੱਚ ਤੁਹਾਡੀ ਭਾਗੀਦਾਰੀ ਵੀ ਆਸਾਨ ਬਣਾਈ ਗਈ ਹੈ, ਤੁਸੀਂ ਖ਼ੁਦ ਵੀ ਆਪਣੀ ਜਾਣਕਾਰੀ ਦਰਜ ਕਰ ਸਕਦੇ ਹੋ। ਕਰਮਚਾਰੀ ਦੇ ਆਉਣ ਤੋਂ 15 ਦਿਨ ਪਹਿਲਾਂ ਤੁਹਾਡੇ ਲਈ ਸਹੂਲਤ ਸ਼ੁਰੂ ਹੋਵੇਗੀ। ਤੁਸੀਂ ਆਪਣੇ ਸਮੇਂ ਅਨੁਸਾਰ ਜਾਣਕਾਰੀ ਭਰ ਸਕਦੇ ਹੋ। ਜਦੋਂ ਤੁਸੀਂ ਪ੍ਰਕਿਰਿਆ ਪੂਰੀ ਕਰਦੇ ਹੋ, ਤਾਂ ਤੁਹਾਨੂੰ ਇੱਕ ਵਿਸ਼ੇਸ਼ ਆਈਡੀ ਮਿਲਦੀ ਹੈ। ਇਹ ਆਈਡੀ ਤੁਹਾਡੇ ਮੋਬਾਈਲ ਜਾਂ ਈ-ਮੇਲ 'ਤੇ ਆਉਂਦੀ ਹੈ। ਬਾਅਦ ਵਿੱਚ ਜਦੋਂ ਕਰਮਚਾਰੀ ਤੁਹਾਡੇ ਘਰ ਆਉਂਦਾ ਹੈ, ਤਾਂ ਤੁਸੀਂ ਇਹੀ ਆਈਡੀ ਦਿਖਾ ਕੇ ਜਾਣਕਾਰੀ ਦੀ ਪੁਸ਼ਟੀ ਕਰ ਸਕਦੇ ਹੋ। ਇਸ ਨਾਲ ਦੁਬਾਰਾ ਜਾਣਕਾਰੀ ਦੇਣ ਦੀ ਲੋੜ ਨਹੀਂ ਪੈਂਦੀ। ਸਮਾਂ ਵੀ ਬਚਦਾ ਹੈ ਅਤੇ ਪ੍ਰਕਿਰਿਆ ਆਸਾਨ ਹੋ ਜਾਂਦੀ ਹੈ। ਸਾਥੀਓ, ਜਿਨ੍ਹਾਂ ਸੂਬਿਆਂ ਵਿੱਚ ਸਵੈ-ਗਣਨਾ ਦਾ ਕੰਮ ਪੂਰਾ ਹੋ ਗਿਆ ਹੈ, ਉੱਥੇ, ਗਣਨਾ ਕਰਮਚਾਰੀ ਦੁਆਰਾ ਘਰਾਂ ਦੀ ਸੂਚੀ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਤੱਕ ਤਕਰੀਬਨ 1 ਕਰੋੜ 20 ਲੱਖ ਪਰਿਵਾਰਾਂ ਦੇ ਮਕਾਨ-ਸੂਚੀਕਰਨ ਦਾ ਕੰਮ ਪੂਰਾ ਵੀ ਹੋ ਚੁੱਕਾ ਹੈ। ਸਾਥੀਓ, ਦੇਸ਼ ਦੀ ਜਨਗਣਨਾ ਸਿਰਫ਼ ਸਰਕਾਰੀ ਕੰਮ ਨਹੀਂ ਹੈ। ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਤੁਹਾਡੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਤੁਹਾਡੀ ਦਿੱਤੀ ਗਈ ਜਾਣਕਾਰੀ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦੀ ਹੈ, ਇਹ ਗੁਪਤ ਰੱਖੀ ਜਾਂਦੀ ਹੈ, 'ਡਿਜੀਟਲ' ਸੁਰੱਖਿਆ ਨਾਲ ਇਸਨੂੰ ਸੁਰੱਖਿਅਤ ਕੀਤਾ ਜਾਂਦਾ ਹੈ। ਆਓ, ਅਸੀਂ ਸਾਰੇ ਮਿਲ ਕੇ ਇਸ ਪ੍ਰਕਿਰਿਆ ਵਿੱਚ ਹਿੱਸਾ ਲਈਏ। ਜਨਗਣਨਾ 2027 ਨੂੰ ਸਫਲ ਬਣਾਈਏ।

 

ਸਾਥੀਓ, ਸਾਡੇ ਦੇਸ਼ ਵਿੱਚ ਖਾਣ-ਪੀਣ ਦੀ ਪਰੰਪਰਾ ਸਿਰਫ਼ ਸੁਆਦ ਤੱਕ ਸੀਮਤ ਨਹੀਂ ਰਹੀ ਹੈ। ਇਸੇ ਪਰੰਪਰਾ ਦਾ ਇੱਕ ਦਿਲਚਸਪ ਹਿੱਸਾ ਹੈ ਭਾਰਤ ਦੀ 'ਚੀਜ਼' । ਕੁਝ ਦਿਨ ਪਹਿਲਾਂ ਮੈਂ ਟਵੀਟ ਰਾਹੀਂ ਇੱਕ ਜਾਣਕਾਰੀ ਸਾਂਝੀ ਕੀਤੀ ਸੀ। ਬ੍ਰਾਜ਼ੀਲ ਵਿੱਚ ਇੱਕ ਅੰਤਰਰਾਸ਼ਟਰੀ 'ਚੀਜ਼' ਮੁਕਾਬਲੇ ਵਿੱਚ ਭਾਰਤੀ 'ਚੀਜ਼' ਦੇ ਦੋ ਬ੍ਰਾਂਡਾਂ ਨੂੰ ਵੱਕਾਰੀ ਪੁਰਸਕਾਰ ਮਿਲੇ ਹਨ। ਇਸ ਪ੍ਰਾਪਤੀ ਦੀ ਚਰਚਾ ਸੋਸ਼ਲ ਮੀਡੀਆ 'ਤੇ ਵੀ ਖੂਬ ਹੋਈ। ਕਈ ਲੋਕਾਂ ਨੇ ਮੈਨੂੰ ਕਿਹਾ ਕਿ ਭਾਰਤ ਵਿੱਚ 'ਚੀਜ਼' ਦੀ ਜੋ ਵੰਨ-ਸੁਵੰਨਤਾ ਹੈ ਉਸ 'ਤੇ ਵੀ ਗੱਲ ਹੋਣੀ ਚਾਹੀਦੀ ਹੈ।

 

ਸਾਥੀਓ, ਭਾਰਤ ਦੇ ਡੇਅਰੀ ਖੇਤਰ ਵਿੱਚ ਬਹੁਤ ਵੱਡਾ ਬਦਲਾਅ ਆ ਰਿਹਾ ਹੈ। ਇਸ ਖੇਤਰ ਵਿੱਚ ਮੁੱਲ-ਵਾਧੇ ਨੇ ਸਾਡੇ ਰਵਾਇਤੀ ਸੁਆਦ ਨੂੰ ਇੱਕ ਨਵੀਂ ਪਛਾਣ ਦਿੱਤੀ ਹੈ। ਅੱਜ ਭਾਰਤੀ 'ਚੀਜ਼' ਦੁਨੀਆ-ਭਰ ਵਿੱਚ ਆਪਣੀ ਥਾਂ ਬਣਾ ਰਹੀ ਹੈ। ਨਾਸ਼ਤਾ ਹੋਵੇ, ਦੁਪਹਿਰ ਦਾ ਖਾਣਾ ਹੋਵੇ, ਜਾਂ ਰਾਤ ਦਾ ਖਾਣਾ, ਦੁਨੀਆ ਦੀਆਂ ਪਲੇਟਾਂ ਵਿੱਚ ਭਾਰਤ ਦਾ ਸੁਆਦ ਪਹੁੰਚ ਰਿਹਾ ਹੈ। ਜੰਮੂ-ਕਸ਼ਮੀਰ ਦੀ 'ਕਲਾਰੀ ਚੀਜ਼' ਨੂੰ ਹੀ ਲੈ ਲਵੋ - ਇਸਨੂੰ ‘ਕਸ਼ਮੀਰ ਦਾ ਮੋਜ਼ੇਰੇਲਾ’ ਕਿਹਾ ਜਾਂਦਾ ਹੈ। ਗੁੱਜਰ-ਬਕਰਵਾਲ ਭਾਈਚਾਰੇ ਦੇ ਲੋਕ, ਪੀੜ੍ਹੀਆਂ ਤੋਂ ਇਸ ਨੂੰ ਬਣਾਉਂਦੇ ਅਤੇ ਖਾਂਦੇ ਆਏ ਹਨ। ਉੱਥੇ ਹੀ ਸਿੱਕਮ, ਅਰੁਣਾਚਲ ਪ੍ਰਦੇਸ਼ ਅਤੇ ਲੱਦਾਖ ਵਿੱਚ ‘ਛੁਰਪੀ’ ਬਹੁਤ ਮਸ਼ਹੂਰ ਹੈ। ਪਹਾੜਾਂ ਦੀ ਸਾਦਗੀ ਅਤੇ ਨਰਮੀ ਇਸ ਦੇ ਸੁਆਦ ਵਿੱਚ ਵੀ ਮਹਿਸੂਸ ਹੁੰਦੀ ਹੈ। ਇਸ 'ਚੀਜ਼' ਦੀ ਖਾਸ ਗੱਲ ਇਹ ਹੈ ਕਿ ਇਸਨੂੰ ਯਾਕ ਦੇ ਦੁੱਧ ਤੋਂ ਬਣਾਇਆ ਜਾਂਦਾ ਹੈ।

 

ਸਾਥੀਓ, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ‘ਟੋਪਲੀ ਨੂ ਪਨੀਰ’ ਜਿਸ ਨੂੰ ‘ਸੁਰਤੀ ਚੀਜ਼’ ਵੀ ਕਿਹਾ ਜਾਂਦਾ ਹੈ, ਉਹ ਵੀ ਆਪਣੀ ਵੱਖਰੀ ਪਛਾਣ ਰੱਖਦਾ ਹੈ। ਮੈਂ ਇੱਥੇ ਸਿਰਫ਼ ਕੁਝ ਨਾਮ ਲਏ ਹਨ ਪਰ ਸਾਡੇ ਦੇਸ਼ ਵਿੱਚ ਸੁਆਦ ਦੀ ਇਹ ਦੁਨੀਆ ਬਹੁਤ ਵਿਸ਼ਾਲ ਹੈ। ਅੱਜ ਇਸ ਪਰੰਪਰਾ ਨੂੰ ਨਵੀਂ ਤਾਕਤ ਮਿਲ ਰਹੀ ਹੈ। ਕਈ ਭਾਰਤੀ ਕੰਪਨੀਆਂ ਇਸ ਖੇਤਰ ਵਿੱਚ ਨਿਵੇਸ਼ ਕਰ ਰਹੀਆਂ ਹਨ। ਆਧੁਨਿਕ ਤਕਨੀਕ ਆ ਰਹੀ ਹੈ, ਬਿਹਤਰ ਪੈਕੇਜਿੰਗ ਹੋ ਰਹੀ ਹੈ ਅਤੇ ਸਾਡੇ ਉਤਪਾਦ ਵਿਸ਼ਵ-ਪੱਧਰੀ ਮਿਆਰਾਂ ਨਾਲ ਅੱਗੇ ਵਧ ਰਹੇ ਹਨ। ਇਸੇ ਦਾ ਨਤੀਜਾ ਹੈ ਕਿ ਭਾਰਤੀ 'ਚੀਜ਼' ਹੁਣ ਦੇਸ਼ ਦੀਆਂ ਸਰਹੱਦਾਂ ਤੋਂ ਨਿਕਲ ਕੇ ਦੁਨੀਆ ਦੇ ਬਾਜ਼ਾਰਾਂ ਅਤੇ ਰੈਸਟੋਰੈਂਟਾਂ ਤੱਕ ਪਹੁੰਚ ਰਹੀ ਹੈ। ਅੱਜ ਅਸੀਂ 'ਲੋਕਲ ਤੋਂ ਗਲੋਬਲ' ਦੀ ਗੱਲ ਕਰਦੇ ਹਾਂ, ਉਸ ਵਿੱਚ ਭਾਰਤੀ 'ਚੀਜ਼' ਦੀ ਮਿਸਾਲ, ਸਾਨੂੰ, ਅੱਗੇ ਦੀ ਦਿਸ਼ਾ ਦਿਖਾਉਂਦੀ ਹੈ। ਮੈਨੂੰ ਵਿਸ਼ਵਾਸ ਹੈ ਭਾਰਤ ਦਾ ਸੁਆਦ, ਭਾਰਤ ਦੀ ਪਰੰਪਰਾ ਅਤੇ ਭਾਰਤ ਦੀ ਗੁਣਵੱਤਾ ਦੁਨੀਆ ਦੇ ਲੋਕਾਂ ਨੂੰ ਇੱਕ ਨਵਾਂ ਤਜਰਬਾ ਦੇਵੇਗੀ ਅਤੇ ਭਾਰਤ ਨਾਲ ਇੱਕ ਨਵਾਂ ਜੁੜਾਅ ਵੀ ਬਣਾਏਗੀ।

 

ਮੇਰੇ ਪਿਆਰੇ ਦੇਸ਼ ਵਾਸੀਓ, ਇਸ ਮਹੀਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਨਵੇਂ ਸਾਲ ਸਣੇ ਅਨੇਕਾਂ ਪੁਰਬ-ਤਿਉਹਾਰ ਮਨਾਏ ਗਏ। ਕੁਝ ਹੀ ਦਿਨ ਬਾਅਦ 9 ਮਈ ਨੂੰ ‘ਪੋਚੀਸ਼ੇ ਬੋਇਸ਼ਾਖ’ ਮੌਕੇ ਅਸੀਂ ਗੁਰੂਦੇਵ ਟੈਗੋਰ ਦੀ ਜਨਮ-ਜਯੰਤੀ ਮਨਾਵਾਂਗੇ। ਗੁਰੂਦੇਵ ਬਹੁ-ਪੱਖੀ ਸ਼ਖ਼ਸੀਅਤ ਦੇ ਧਨੀ ਸਨ। ਉਹ ਮਹਾਨ ਲੇਖਕ ਅਤੇ ਵਿਚਾਰਕ ਤਾਂ ਸਨ ਹੀ, ਉਨ੍ਹਾਂ ਨੇ ਕਈ ਪ੍ਰਸਿੱਧ ਸੰਸਥਾਵਾਂ ਨੂੰ ਵੀ ਆਕਾਰ ਦਿੱਤਾ। ਗੁਰੂਦੇਵ ਟੈਗੋਰ ਲੋਕਾਂ ਲਈ ਅਜਿਹੇ ਉਦਯੋਗਾਂ ਦੇ ਪੱਖ ਵਿੱਚ ਸਨ, ਜਿਨ੍ਹਾਂ ਵਿੱਚ ਪੱਕਾ ਰੁਜ਼ਗਾਰ ਮਿਲਣ ਦੇ ਨਾਲ ਹੀ ਪਿੰਡਾਂ ਦਾ ਵੀ ਭਲਾ ਹੋਵੇ। ਉਨ੍ਹਾਂ ਦੇ 'ਰਬਿੰਦਰ ਸੰਗੀਤ' ਦਾ ਪ੍ਰਭਾਵ ਅੱਜ ਵੀ ਦੁਨੀਆ-ਭਰ ਵਿੱਚ ਬਣਿਆ ਹੋਇਆ ਹੈ। ਮੇਰੇ ਲਈ ਸ਼ਾਂਤੀ ਨਿਕੇਤਨ ਦੀਆਂ ਯਾਤਰਾਵਾਂ ਅਭੁੱਲ ਰਹੀਆਂ। ਇਹ ਉਹੀ ਸੰਸਥਾ ਹੈ, ਜਿਸ ਨੂੰ ਉਨ੍ਹਾਂ ਨੇ ਪੂਰੇ ਸਮਰਪਣ ਭਾਵ ਨਾਲ ਸਿੰਜਿਆ ਅਤੇ ਸੰਵਾਰਿਆ ਸੀ। ਉਨ੍ਹਾਂ ਨੂੰ ਇੱਕ ਵਾਰ ਫਿਰ ਮੇਰੀ ਨਿਮਰ ਸ਼ਰਧਾਂਜਲੀ।

 

ਸਾਥੀਓ, ਮਈ ਦਾ ਮਹੀਨਾ 1857 ਦੇ ਪਹਿਲੇ ਸੁਤੰਤਰਤਾ ਸੰਗਰਾਮ ਦੀ ਯਾਦ ਵੀ ਦਿਵਾਉਂਦਾ ਹੈ। ਮੈਂ ਮਾਂ ਭਾਰਤੀ ਦੀਆਂ ਸਾਰੀਆਂ ਵੀਰ ਸੰਤਾਨਾਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਲੋਕਾਂ ਵਿੱਚ ਦੇਸ਼-ਭਗਤੀ ਦੀ ਭਾਵਨਾ ਜਗਾਈ ਸੀ। ਇਹ ਸਮਾਂ ਸਕੂਲੀ ਬੱਚਿਆਂ ਦੀਆਂ ਛੁੱਟੀਆਂ ਦਾ ਵੀ ਹੁੰਦਾ ਹੈ। ਮੇਰੀ ਬੇਨਤੀ ਹੈ ਕਿ ਉਹ ਆਪਣੀਆਂ ਛੁੱਟੀਆਂ ਦਾ ਭਰਪੂਰ ਆਨੰਦ ਲੈਣ ਅਤੇ ਕੁਝ ਨਵਾਂ ਸਿੱਖਣ ਦਾ ਯਤਨ ਕਰਨ। ਗਰਮੀਆਂ ਦੇ ਇਸ ਮੌਸਮ ਵਿੱਚ ਤੁਸੀਂ ਸਾਰੇ ਆਪਣੀ ਸਿਹਤ ਦਾ ਵੀ ਪੂਰਾ ਧਿਆਨ ਰੱਖੋ। ਅਗਲੇ ਮਹੀਨੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਕੁਝ ਨਵੇਂ ਵਿਸ਼ਿਆਂ ਨਾਲ, ਦੇਸ਼ ਵਾਸੀਆਂ ਦੀਆਂ ਕੁਝ ਨਵੀਆਂ ਪ੍ਰਾਪਤੀਆਂ ਨਾਲ। ਬਹੁਤ-ਬਹੁਤ ਧੰਨਵਾਦ।

 

***

ਐੱਮਜੇਪੀਐੱਸ/ਪੀਆਰਕੇ/ਆਰਟੀ


(Release ID: 2255651) ਵਿਜ਼ੀਟਰ ਕਾਊਂਟਰ : 9