ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤ–ਕੋਰੀਆ ਗਣਰਾਜ ਵਿਸ਼ੇਸ਼ ਰਣਨੀਤਕ ਭਾਈਵਾਲੀ ਲਈ ਸਾਂਝਾ ਰਣਨੀਤਕ ਵਿਜ਼ਨ

Posted On: 20 APR 2026 10:53PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ’ਤੇ ਕੋਰੀਆ ਗਣਰਾਜ (ਆਰਓਕੇ) ਦੇ ਰਾਸ਼ਟਰਪਤੀ ਮਹਾਮਹਿਮ ਲੀ ਜੇ ਮਿਯੁੰਗ ਨੇ 19 ਤੋਂ 21 ਅਪ੍ਰੈਲ, 2026 ਤੱਕ ਭਾਰਤ ਦਾ ਸਰਕਾਰੀ ਦੌਰਾ ਕੀਤਾ, ਜੋ ਕਿਸੇ ਕੋਰੀਆਈ ਰਾਸ਼ਟਰਪਤੀ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਭਾਰਤ ਦਾ ਸਭ ਤੋਂ ਜਲਦੀ ਕੀਤਾ ਗਿਆ ਦੌਰਾ ਹੈ। ਰਾਸ਼ਟਰਪਤੀ ਲੀ ਜੇ ਮਿਯੁੰਗ ਦੇ ਨਾਲ ਮੰਤਰੀਆਂ, ਸੀਨੀਅਰ ਅਧਿਕਾਰੀਆਂ ਅਤੇ ਕੋਰੀਆਈ ਕੰਪਨੀਆਂ ਦੇ ਪ੍ਰਮੁੱਖ ਮੁੱਖ ਕਾਰਜਕਾਰੀ ਅਧਿਕਾਰੀਆਂ  ਸਮੇਤ ਇੱਕ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਵੀ ਸੀ।

2. ਦੋਵਾਂ ਨੇਤਾਵਾਂ ਨੇ 20 ਅਪ੍ਰੈਲ, 2026 ਨੂੰ ਨਵੀਂ ਦਿੱਲੀ ਵਿੱਚ ਇੱਕ ਦੋਸਤਾਨਾ, ਫਲਦਾਇਕ ਅਤੇ ਦੂਰਦਰਸ਼ੀ ਦੁਵੱਲੀ ਮੀਟਿੰਗ ਕੀਤੀ। ਉਨ੍ਹਾਂ ਨੇ ਆਪਣੇ-ਆਪਣੇ ਦੇਸ਼ਾਂ ਦੀਆਂ ਸਰਕਾਰਾਂ ਦੀ ਇਸ ਵਚਨਬੱਧਤਾ ਨੂੰ ਉਜਾਗਰ ਕੀਤਾ ਕਿ ਉਹ ਬਹੁ-ਪੱਖੀ ਖੇਤਰਾਂ ਵਿੱਚ ਠੋਸ ਤਰੀਕੇ ਨਾਲ ਮਿਲ ਕੇ ਕੰਮ ਕਰਨਗੇ, ਜਿਸ ਨਾਲ ਆਪਣੇ-ਆਪਣੇ ਨਾਗਰਿਕਾਂ ਲਈ ਸਥਾਈ ਖੁਸ਼ਹਾਲੀ, ਸ਼ਾਂਤੀ ਅਤੇ ਤਰੱਕੀ ਯਕੀਨੀ ਬਣਾਈ ਜਾ ਸਕੇ ਅਤੇ ਇੱਕ ਅਸ਼ਾਂਤ ਅਤੇ ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ਆਪਸੀ ਸਾਰਥਕ ਸਹਿਯੋਗ ਨੂੰ ਹੁਲਾਰਾ ਦਿੱਤਾ ਜਾ ਸਕੇ। ਉਨ੍ਹਾਂ ਨੇ ਆਉਣ ਵਾਲੇ ਪੰਜ ਸਾਲਾਂ (2026-2030) ਵਿੱਚ ਭਾਰਤ-ਆਰਓਕੇ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਲਾਗੂ ਕਰਨ ਅਤੇ ਉਸ ਵਿੱਚ ਹੋਰ ਸਮਗਰੀ ਜੋੜਨ ਲਈ ਹੇਠ ਲਿਖੇ ਸਾਂਝੇ ਰਣਨੀਤਕ ਵਿਜ਼ਨ ਦੀ ਘੋਸ਼ਣਾ ਕੀਤੀ।

3. ਭਾਰਤ ਅਤੇ ਕੋਰੀਆ ਗਣਰਾਜ (ਆਰਓਕੇ), ਏਸ਼ੀਆ ਦੇ ਦੋ ਸ਼ਕਤੀਸ਼ਾਲੀ ਅਤੇ ਲਚਕਦਾਰ ਲੋਕਤੰਤਰ ਅਤੇ ਵਿਸ਼ਵ ਦੀਆਂ ਮੋਹਰੀ ਅਰਥਵਿਵਸਥਾਵਾਂ, ਆਪਣੇ ਲੋਕਾਂ ਦਰਮਿਆਨ ਡੂੰਘੇ ਇਤਿਹਾਸਕ ਸਬੰਧਾਂ ਅਤੇ ਆਪਸੀ ਸਦਭਾਵਨਾ ਨਾਲ ਜੁੜੇ ਹੋਏ ਹਨ। ਦੋਵੇਂ ਦੇਸ਼ ਲੋਕਤੰਤਰੀ ਅਤੇ ਸੱਭਿਅਤਾਗਤ ਕਦਰਾਂ-ਕੀਮਤਾਂ ਸਾਂਝੀਆਂ ਕਰਦੇ ਹਨ ਅਤੇ ਖੇਤਰੀ ਅਤੇ ਵਿਸ਼ਵ ਪੱਧਰੀ ਮੁੱਦਿਆਂ ’ਤੇ ਉਨ੍ਹਾਂ ਦੇ ਹਿੱਤ ਸਮਾਨ ਹਨ। ਭਾਰਤ ਆਪਣੀ "ਐਕਟ ਈਸਟ" ਨੀਤੀ ਵਿੱਚ ਆਰਓਕੇ ਨੂੰ ਇੱਕ ਲਾਜ਼ਮੀ ਭਾਈਵਾਲ ਵਜੋਂ ਦੇਖਦਾ ਹੈ। ਇਸੇ ਤਰ੍ਹਾਂ, ਆਰਓਕੇ ਭਾਰਤ ਨੂੰ ਆਪਣੀ ਵਿਵਹਾਰਿਕ ਕੂਟਨੀਤੀ ਦਾ ਇੱਕ ਕੇਂਦਰੀ ਥੰਮ੍ਹ ਮੰਨਦਾ ਹੈ ਅਤੇ ਨਿਊ ਸਦਰਨ ਪਾਲਿਸੀ ਦੀਆਂ ਪ੍ਰਾਪਤੀਆਂ ਨੂੰ ਅੱਗੇ ਵਧਾਉਣ ਅਤੇ ਵਿਕਸਿਤ ਕਰਨ ਵਿੱਚ ਉਸ ਨੂੰ ਮਹੱਤਵਪੂਰਨ ਭਾਈਵਾਲ ਵਜੋਂ ਦੇਖਦਾ ਹੈ। ਭਾਰਤ ਅਤੇ ਆਰਓਕੇ ਇਹ ਵੀ ਸਵੀਕਾਰ ਕਰਦੇ ਹਨ ਕਿ ਉਨ੍ਹਾਂ ਦੀ ਭਾਈਵਾਲੀ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

 

ਉੱਚ-ਪੱਧਰੀ ਆਦਾਨ-ਪ੍ਰਦਾਨ ਰਾਹੀਂ ਰਾਜਨੀਤਿਕ ਬੁਨਿਆਦਾਂ ਨੂੰ ਮਜ਼ਬੂਤ ਕਰਨਾ 

4. ਜੂਨ 2025 ਵਿੱਚ ਕਾਨਾਨਾਸਕਿਸ ਵਿੱਚ ਆਯੋਜਿਤ ਜੀ7 ਸਮਿਟ ਅਤੇ ਨਵੰਬਰ 2025 ਵਿੱਚ ਜੋਹਾਨਸਬਰਗ ਵਿੱਚ ਆਯੋਜਿਤ ਜੀ20 ਸਮਿਟ ਦੌਰਾਨ ਹੋਈਆਂ ਆਪਣੀਆਂ ਦੋ ਪੁਰਾਣੀਆਂ ਮੀਟਿੰਗਾਂ ਦੀ ਸਕਾਰਾਤਮਿਕ ਭਾਵਨਾ ਨੂੰ ਯਾਦ ਕਰਦੇ ਹੋਏ, ਦੋਵਾਂ ਨੇਤਾਵਾਂ ਨੇ ਭਾਰਤ-ਆਰਓਕੇ ਵਿਸ਼ੇਸ਼ ਰਣਨੀਤਕ ਭਾਈਵਾਲੀ ਦੀ ਪੂਰੀ ਸਮਰੱਥਾ ਨੂੰ ਸਾਕਾਰ ਕਰਨ ਅਤੇ ਭਵਿੱਖ ਵਿੱਚ ਇਸ ਸਹਿਯੋਗ ਨੂੰ ਨਿਰੰਤਰ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਹਰ ਸਾਲ, ਦੋਵਾਂ ਦੇਸ਼ਾਂ ਵਿੱਚੋਂ ਕਿਸੇ ਇੱਕ ਵਿੱਚ ਜਾਂ ਅੰਤਰਰਾਸ਼ਟਰੀ ਸਮਾਗਮਾਂ ਦੇ ਮੌਕੇ ’ਤੇ, ਨੇਤਾ-ਪੱਧਰੀ ਮੀਟਿੰਗਾਂ ਦਾ ਆਯੋਜਨ ਕਰਨ ’ਤੇ ਸਹਿਮਤੀ ਪ੍ਰਗਟਾਈ।

 

5.  ਉੱਚ-ਪੱਧਰੀ ਆਦਾਨ-ਪ੍ਰਦਾਨ ਦੀ ਬਾਰੰਬਾਰਤਾ ’ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ, ਜਿਸ ਨੇ ਦੁਵੱਲੇ ਸਹਿਯੋਗ ਨੂੰ ਨਵੀਂ ਗਤੀ ਪ੍ਰਦਾਨ ਕੀਤੀ ਹੈ, ਦੋਵਾਂ ਨੇਤਾਵਾਂ ਨੇ ਦੁਵੱਲੇ ਰਾਜਨੀਤਿਕ ਆਦਾਨ-ਪ੍ਰਦਾਨ ਅਤੇ ਮੰਤਰੀ ਪੱਧਰੀ ਗੱਲਬਾਤ ਨੂੰ ਹੋਰ ਮਜ਼ਬੂਤ ਕਰਨ ’ਤੇ ਸਹਿਮਤੀ ਜਤਾਈ। ਇਸ ਉਦੇਸ਼ ਲਈ ਨੇਤਾਵਾਂ ਨੇ ਫ਼ੈਸਲਾ ਲਿਆ ਕਿ ਭਾਰਤ-ਆਰਓਕੇ ਸਾਂਝੇ ਕਮਿਸ਼ਨ ਦੀ ਮੀਟਿੰਗ, ਜਿਸ ਦੀ ਅਗਵਾਈ ਵਿਦੇਸ਼ ਮੰਤਰੀ ਕਰਨਗੇ, ਵਿੱਤ ਮੰਤਰੀਆਂ ਦੀ ਮੀਟਿੰਗ ਅਤੇ ਵਿਗਿਆਨ ਅਤੇ ਤਕਨਾਲੋਜੀ ਮੰਤਰੀਆਂ ਦੀ ਸਾਂਝੀ ਕਮੇਟੀ ਦੀ ਮੀਟਿੰਗ ਇਸ ਸਾਲ ਆਯੋਜਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਇਹ ਵੀ ਸਹਿਮਤੀ ਬਣੀ ਕਿ ਭਾਰਤ ਦੇ ਰੱਖਿਆ ਮੰਤਰੀ ਮਈ 2026 ਵਿੱਚ ਆਰਓਕੇ ਦਾ ਦੌਰਾ ਕਰਨਗੇ, ਜਿੱਥੇ ਕੋਰੀਆਈ ਜੰਗ ਵਿੱਚ ਭਾਰਤ ਦੀ ਭਾਗੀਦਾਰੀ ਦੀ ਯਾਦ ਵਿੱਚ ਬਣਾਏ ਜਾ ਰਹੇ ਜੰਗੀ ਯਾਦਗਾਰ ਦਾ ਸਾਂਝੇ ਤੌਰ ’ਤੇ ਉਦਘਾਟਨ ਕੀਤਾ ਜਾਵੇਗਾ। ਦੋਵਾਂ ਨੇਤਾਵਾਂ ਨੇ ਇਹ ਵੀ ਸਹਿਮਤੀ ਪ੍ਰਗਟਾਈ ਕਿ ਦੋਵਾਂ ਦੇਸ਼ਾਂ ਦੇ ਉਦਯੋਗ ਮੰਤਰੀਆਂ ਲਈ ਇੱਕ ਨਵੇਂ ਸੰਵਾਦ ਤੰਤਰ ਵਜੋਂ ਭਾਰਤ-ਆਰਓਕੇ ਉਦਯੋਗਿਕ ਸਹਿਯੋਗ ਕਮੇਟੀ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਇਸ ਦੀ ਪਹਿਲੀ ਮੀਟਿੰਗ ਵੀ ਇਸੇ ਸਾਲ ਆਯੋਜਿਤ ਕੀਤੀ ਜਾਵੇਗੀ।

6.  ਜਨਵਰੀ 2026 ਵਿੱਚ ਆਰਓਕੇ ਦੇ ਉਪ-ਰਾਸ਼ਟਰਪਤੀ ਦੇ ਭਾਰਤ ਦੌਰੇ ਦਾ ਨੋਟਿਸ ਲੈਂਦੇ ਹੋਏ, ਦੋਵਾਂ ਨੇਤਾਵਾਂ ਨੇ ਭਾਰਤ ਦੀ ਸੰਸਦ ਅਤੇ ਆਰਓਕੇ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰਾਂ ਅਤੇ ਮੈਂਬਰਾਂ ਦਰਮਿਆਨ ਨਿਯਮਤ ਆਦਾਨ-ਪ੍ਰਦਾਨ ਦਾ ਸਮਰਥਨ ਕੀਤਾ। ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿੱਚ ਭਾਰਤ-ਆਰਓਕੇ ਸੰਸਦੀ ਮਿੱਤਰਤਾ ਸਮੂਹਾਂ ਦੀ ਸਥਾਪਨਾ ’ਤੇ ਸੰਤੁਸ਼ਟੀ ਪ੍ਰਗਟ ਕੀਤੀ।
 

7.  ਭਾਰਤ ਅਤੇ ਆਰਓਕੇ ਦੇ ਭਵਿੱਖ ਦੇ ਪ੍ਰਬੁੱਧ ਵਿਚਾਰਕਾਂ ਨੂੰ ਹੋਰ ਨੇੜੇ ਲਿਆਉਣ ਲਈ, ਦੋਵਾਂ ਨੇਤਾਵਾਂ ਨੇ ਇਸ ਸਾਲ ਤੋਂ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਵੱਲੋਂ ਸ਼ੁਰੂ ਕੀਤੇ ਜਾ ਰਹੇ ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ਦਾ ਸਵਾਗਤ ਕੀਤਾ, ਜਿਨ੍ਹਾਂ ਰਾਹੀਂ ਨੌਜਵਾਨ ਵਿਧਾਇਕਾਂ, ਡਿਪਲੋਮੈਟਾਂ, ਉੱਘੀਆਂ ਸ਼ਖ਼ਸੀਅਤਾਂ, ਮੀਡੀਆ ਪ੍ਰਤੀਨਿਧਾਂ ਅਤੇ ਅਧਿਕਾਰੀਆਂ ਦਰਮਿਆਨ ਆਪਸੀ ਯਾਤਰਾਵਾਂ ਸੰਭਵ ਹੋਣਗੀਆਂ, ਆਪਸੀ ਸਮਝ ਨੂੰ ਡੂੰਘਾ ਕੀਤਾ ਜਾਵੇਗਾ ਅਤੇ ਸਾਂਝੀਆਂ ਚੁਣੌਤੀਆਂ ਅਤੇ ਮੌਕਿਆਂ ’ਤੇ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

8.  ਦੋਵਾਂ ਨੇਤਾਵਾਂ ਨੇ ਸੰਤੁਲਿਤ ਖੇਤਰੀ ਵਿਕਾਸ, ਗਤੀਸ਼ੀਲਤਾ ਅਤੇ ਪੁਨਰ-ਉਥਾਨ ਨੂੰ ਹੁਲਾਰਾ ਦੇਣ ਲਈ ਆਪਣੇ-ਆਪਣੇ ਦੇਸ਼ਾਂ ਦੇ ਰਾਜਾਂ ਅਤੇ ਪ੍ਰਾਂਤਾਂ ਦਰਮਿਆਨ ਵਧੇਰੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ। ਦੋਵਾਂ ਨੇਤਾਵਾਂ ਨੇ ਬੁਸਾਨ-ਮੁੰਬਈ, ਇੰਚੀਓਨ-ਕੋਲਕਾਤਾ ਅਤੇ ਉਲਸਾਨ-ਚੇਨਈ ਸਮੇਤ ਸਿਸਟਰ-ਸਿਟੀ ਅਤੇ ਫ੍ਰੈਂਡਸ਼ਿਪ-ਸਿਟੀ ਸਬੰਧਾਂ ਦਾ ਵੀ ਜ਼ਿਕਰ ਕੀਤਾ।

 

ਵਧੇਰੇ ਰਣਨੀਤਕ ਵਿਸ਼ਵਾਸ ਰਾਹੀਂ ਡੂੰਘੀ ਸਮਝ ਦਾ ਵਿਕਾਸ 

9. ਦੋਵਾਂ ਨੇਤਾਵਾਂ ਨੇ ਕਾਨੂੰਨ ਦੇ ਸ਼ਾਸਨ ’ਤੇ ਅਧਾਰਿਤ ਇੱਕ ਸੁਤੰਤਰ, ਮੁਕਤ, ਸ਼ਾਂਤੀਪੂਰਨ ਅਤੇ ਖ਼ੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਪ੍ਰਤੀ ਆਪਣੇ ਦੇਸ਼ਾਂ ਦੇ ਵਿਜ਼ਨ ਵਿੱਚ ਸਮਾਨਤਾ ਨੂੰ ਸਵੀਕਾਰ ਕੀਤਾ। ਇਸ ਸੰਦਰਭ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਰਓਕੇ ਦੇ ਹਿੰਦ-ਪ੍ਰਸ਼ਾਂਤ ਮਹਾਂਸਾਗਰ ਪਹਿਲ (ਆਈਪੀਓਆਈ) ਵਿੱਚ ਸ਼ਾਮਲ ਹੋਣ ਦਾ ਸਵਾਗਤ ਕੀਤਾ। 

10. ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਦਰਮਿਆਨ ਉੱਭਰ ਰਹੇ ਰਣਨੀਤਕ ਅਤੇ ਸੁਰੱਖਿਆ ਸਬੰਧੀ ਘਟਨਾਕ੍ਰਮਾਂ ’ਤੇ ਨਿਯਮਤ ਸਲਾਹ-ਮਸ਼ਵਰੇ ਦੀ ਮਹੱਤਤਾ ਨੂੰ ਉਜਾਗਰ ਕੀਤਾ। ਫਰਵਰੀ 2026 ਵਿੱਚ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਦਰਮਿਆਨ ਹੋਏ ਭਾਰਤ-ਆਰਓਕੇ ਵਿਦੇਸ਼ ਨੀਤੀ ਅਤੇ ਸੁਰੱਖਿਆ ਸੰਵਾਦ ਤੋਂ ਬਾਅਦ, ਦੋਵੇਂ ਪੱਖ ਆਪਸੀ ਸੁਵਿਧਾਜਨਕ ਸਮੇਂ ’ਤੇ ਰੱਖਿਆ ਉਦਯੋਗ ਸਹਿਯੋਗ ’ਤੇ ਸਾਂਝੀ ਕਮੇਟੀ ਦੀ ਮੀਟਿੰਗ ਅਤੇ ਉਪ-ਮੰਤਰੀ ਪੱਧਰ ’ਤੇ ਪਹਿਲੀ ਰੱਖਿਆ ਅਤੇ ਵਿਦੇਸ਼ ਮਾਮਲਿਆਂ ਦੀ 2+2 ਵਾਰਤਾ ਆਯੋਜਿਤ ਕਰਨ ਦਾ ਟੀਚਾ ਰੱਖਣਗੇ।
 

11.  ਦੋਵਾਂ ਨੇਤਾਵਾਂ ਨੇ ਭਾਰਤ–ਆਰਓਕੇ ਆਰਥਿਕ ਸੁਰੱਖਿਆ ਸੰਵਾਦ ਦੀ ਸ਼ੁਰੂਆਤ ਦਾ ਸਵਾਗਤ ਕੀਤਾ, ਜਿਸ ਦਾ ਉਦੇਸ਼ ਆਪਸੀ ਰਣਨੀਤਕ ਵਿਸ਼ਵਾਸ ਦੇ ਅਧਾਰ ’ਤੇ ਸਪਲਾਈ ਚੇਨ ਵਿੱਚ ਲਚਕਤਾ ਵਧਾਉਣਾ, ਬਾਜ਼ਾਰ ਦੇ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ ਅਤੇ ਅਤਿ-ਆਧੁਨਿਕ ਤਕਨਾਲੋਜੀਆਂ ਵਿੱਚ ਸਹਿਯੋਗ ਨੂੰ ਅੱਗੇ ਵਧਾਉਣਾ ਹੈ।

12.  ਦੋਵਾਂ ਨੇਤਾਵਾਂ ਨੇ ਅੱਤਵਾਦ ਅਤੇ ਹਿੰਸਕ ਕੱਟੜਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ, ਜਿਸ ਵਿੱਚ ਸਰਹੱਦ ਪਾਰ ਅੱਤਵਾਦ ਵੀ ਸ਼ਾਮਲ ਹੈ, ਦੀ ਸਪੱਸ਼ਟ ਅਤੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਨੇ ਅੱਤਵਾਦੀਆਂ ਦੀਆਂ ਸੁਰੱਖਿਅਤ ਪਨਾਹਗਾਹਾਂ ਨੂੰ ਖ਼ਤਮ ਕਰਨ, ਅੱਤਵਾਦੀ ਵਿੱਤ ਪੋਸ਼ਣ ਦੇ ਸਰੋਤਾਂ ਅਤੇ ਉਨ੍ਹਾਂ ਦੇ ਅੰਤਰਰਾਸ਼ਟਰੀ ਅਪਰਾਧ ਨਾਲ ਸਬੰਧਾਂ ਨੂੰ ਖ਼ਤਮ ਕਰਨ ਅਤੇ ਅੱਤਵਾਦੀਆਂ ਦੀ ਸਰਹੱਦ ਪਾਰ ਆਵਾਜਾਈ ਨੂੰ ਰੋਕਣ ਲਈ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ। ਦੋਵਾਂ ਧਿਰਾਂ ਨੇ 22 ਅਪ੍ਰੈਲ 2025 ਨੂੰ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਇਸ ਦੇ ਦੋਸ਼ੀਆਂ, ਸਾਜ਼ਿਸ਼ਕਰਤਾਵਾਂ ਅਤੇ ਵਿੱਤ ਪੋਸ਼ਕਾਂ ਨੂੰ ਬਿਨਾਂ ਕਿਸੇ ਹੋਰ ਦੇਰੀ ਦੇ ਇਨਸਾਫ਼ ਦੇ ਕਟਹਿਰੇ ਵਿੱਚ ਲਿਆਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਲੀ ਨੂੰ ਇਹ ਵੀ ਦੱਸਿਆ ਕਿ ‘ਦ ਰੈਜ਼ੀਸਟੈਂਸ ਫ਼ਰੰਟ’ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ, ਜਿਸ ਨੂੰ ਰਾਸ਼ਟਰਪਤੀ ਲੀ ਨੇ ਗੰਭੀਰ ਚਿੰਤਾ ਨਾਲ ਨੋਟ ਕੀਤਾ।
 

ਉਦਯੋਗਿਕ ਗਤੀਸ਼ੀਲਤਾ ਰਾਹੀਂ ਆਪਸੀ ਲਾਭ ਸਿਰਜਣਾ

  1. ਦੋਵਾਂ ਨੇਤਾਵਾਂ ਨੇ ਭਾਰਤ-ਆਰਓਕੇ ਉਦਯੋਗਿਕ ਸਹਿਯੋਗ ਕਮੇਟੀ ’ਤੇ ਸਮਝੌਤਾ ਪੱਤਰ (ਐੱਮਓਯੂ) ਸੰਪੰਨ ਹੋਣ ਦਾ ਸਵਾਗਤ ਕੀਤਾ, ਜਿਸ ਦਾ ਉਦੇਸ਼ ਦੁਵੱਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨਾ, ਵਪਾਰ ਅਤੇ ਨਿਵੇਸ਼ ਦਾ ਵਿਸਤਾਰ ਕਰਨਾ ਅਤੇ ਉਦਯੋਗ ਦੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਦੇ ਨਵੇਂ ਮੌਕਿਆਂ ਦੇ ਦੁਆਰ ਖੋਲ੍ਹਣਾ ਹੈ। ਇਸ ਵਿੱਚ ਆਟੋਮੋਬਾਈਲ, ਜਹਾਜ਼ ਨਿਰਮਾਣ, ਰਸਾਇਣ, ਸੈਮੀਕੰਡਕਟਰ, ਦੂਰਸੰਚਾਰ ਉਪਕਰਣ, ਡਿਸਪਲੇ ਅਤੇ ਸੈਕੰਡਰੀ ਬੈਟਰੀਆਂ ਵਰਗੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ; ਨਾਲ ਹੀ ਰਣਨੀਤਕ ਸਰੋਤਾਂ, ਮਹੱਤਵਪੂਰਨ ਖਣਿਜਾਂ ਅਤੇ ਦੁਰਲੱਭ ਧਰਤੀ ਤੱਤਾਂ ਲਈ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨ, ਹਰੀ ਹਾਈਡ੍ਰੋਜਨ ਅਤੇ ਇਸ ਦੇ ਉਤਪਾਦਾਂ ਦੇ ਵਪਾਰ, ਪਰਮਾਣੂ ਊਰਜਾ ਪਲਾਂਟ ਪ੍ਰੋਜੈਕਟਾਂ ਅਤੇ ਵਿਦੇਸ਼ਾਂ ਵਿੱਚ ਸਰੋਤ ਵਿਕਾਸ ਪ੍ਰੋਜੈਕਟਾਂ ਵਿੱਚ ਸਹਿਯੋਗ ਨੂੰ ਵੀ ਹੁਲਾਰਾ ਦਿੱਤਾ ਜਾਵੇਗਾ।
     

14. ਭਾਰਤ ਦੇ ‘ਮੈਰੀਟਾਈਮ ਅੰਮ੍ਰਿਤ ਕਾਲ’ ਵਿਜ਼ਨ ਨੇ ਇੱਕ ਮੋਹਰੀ ਜਹਾਜ਼ ਨਿਰਮਾਣ ਅਤੇ ਸਮੁੰਦਰੀ ਰਾਸ਼ਟਰ ਆਰਓਕੇ ਦੇ ਨਾਲ ਲੰਬੇ ਸਮੇਂ ਦੇ ਅਤੇ ਰਣਨੀਤਕ ਦੁਵੱਲੇ ਸਹਿਯੋਗ ਦੇ ਨਵੇਂ ਮੌਕੇ ਪੈਦਾ ਕੀਤੇ ਹਨ। ਦੋਵਾਂ ਧਿਰਾਂ ਨੇ ਜਹਾਜ਼ ਨਿਰਮਾਣ, ਸ਼ਿਪਿੰਗ ਅਤੇ ਸਮੁੰਦਰੀ ਲੌਜਿਸਟਿਕਸ ’ਤੇ ਭਾਈਵਾਲੀ ਲਈ ਇੱਕ ਵਿਆਪਕ ਢਾਂਚਾ ਅਪਣਾਇਆ ਅਤੇ ਇਸ ਦੇ ਜਲਦੀ ਲਾਗੂ ਹੋਣ ਦੀ ਉਮੀਦ ਪ੍ਰਗਟਾਈ। ਦੋਵਾਂ ਨੇਤਾਵਾਂ ਨੇ ਭਾਰਤ ਵਿੱਚ ਸ਼ਿਪਯਾਰਡ ਵਿਕਾਸ, ਸ਼ਿਪਯਾਰਡ ਸਥਾਪਨਾ ਲਈ ਲੋੜੀਂਦੇ ਮਹੱਤਵਪੂਰਨ ਬੁਨਿਆਦੀ ਢਾਂਚੇ, ਬੰਦਰਗਾਹ ਸੰਚਾਲਨ ਅਤੇ ਸ਼ਿਪਿੰਗ ਅਤੇ ਸਮੁੰਦਰੀ ਲੌਜਿਸਟਿਕਸ ਦੇ ਖੇਤਰਾਂ ਵਿੱਚ ਭਾਰਤੀ ਅਤੇ ਕੋਰੀਆਈ ਕਾਰੋਬਾਰਾਂ ਦਰਮਿਆਨ ਹੋਏ ਅਤੇ ਪ੍ਰਸਤਾਵਿਤ ਬੀ2ਬੀ ਸਹਿਯੋਗ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਸਮਰਥਨ ਕੀਤਾ। ਉਨ੍ਹਾਂ ਨੇ ਮੁੰਬਈ ਵਿੱਚ ਕੋਰੀਆ ਮਰੀਨ ਇਕੁਇਪਮੈਂਟ ਐਸੋਸੀਏਸ਼ਨ (ਕੋਮਿਯਾ) ਦੇ ਦਫ਼ਤਰ ਦੇ ਉਦਘਾਟਨ ਦਾ ਵੀ ਸਵਾਗਤ ਕੀਤਾ, ਜੋ ਇਸ ਕਿਸਮ ਦਾ ਪਹਿਲਾ ਦਫ਼ਤਰ ਹੈ ਅਤੇ ਸਮੁੰਦਰੀ ਉਦਯੋਗ ਨੂੰ ਸਹਿਯੋਗ ਦੇਣ ਲਈ ਸਹਾਇਕ ਈਕੋਸਿਸਟਮ ਦੇ ਵਿਕਾਸ ਵਿੱਚ ਯੋਗਦਾਨ ਪਾਵੇਗਾ।

 

15.  ਦੋਵਾਂ ਨੇਤਾਵਾਂ ਨੇ 20 ਅਪ੍ਰੈਲ, 2026 ਨੂੰ ਆਯੋਜਿਤ ਭਾਰਤ-ਆਰਓਕੇ ਬਿਜ਼ਨਸ ਫੋਰਮ ਦੇ ਸਫਲ ਆਯੋਜਨ ਦਾ ਵੀ ਨੋਟਿਸ ਲਿਆ। ਨਿਰੰਤਰ ਕਾਰੋਬਾਰੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ, ਦੋਵਾਂ ਧਿਰਾਂ ਨੇ ਉਦਯੋਗਿਕ ਸਹਿਯੋਗ ਕਮੇਟੀ ਅਤੇ ਇਸ ਦੀਆਂ ਕਾਰਜ ਸਮੂਹ ਮੀਟਿੰਗਾਂ ਦੇ ਮੌਕੇ ’ਤੇ ਪ੍ਰਮੁੱਖ ਉਦਯੋਗ ਸੰਘਾਂ ਦਰਮਿਆਨ ਨਿਯਮਤ ਸੰਵਾਦ ਆਯੋਜਿਤ ਕਰਨ ’ਤੇ ਸਹਿਮਤੀ ਪ੍ਰਗਟਾਈ। ਦੋਵਾਂ ਨੇਤਾਵਾਂ ਨੇ ਭਾਰਤੀ ਅਤੇ ਕੋਰੀਆਈ ਕਾਰੋਬਾਰਾਂ ਵੱਲੋਂ ਨਿਵੇਸ਼ ਅਤੇ ਬੀ2ਬੀ ਸਹਿਯੋਗ ਲਈ ਕੀਤੀਆਂ ਗਈਆਂ ਘੋਸ਼ਣਾਵਾਂ ਦਾ ਸਵਾਗਤ ਕੀਤਾ।

16.  ਦੋਵਾਂ ਨੇਤਾਵਾਂ ਨੇ ਇੱਕ-ਦੂਜੇ ਦੇ ਬਾਜ਼ਾਰਾਂ ਵਿੱਚ ਕੋਰੀਆਈ ਅਤੇ ਭਾਰਤੀ ਕੰਪਨੀਆਂ ਵੱਲੋਂ ਹੋਰ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਵਧੇਰੇ ਅਨੁਕੂਲ ਕਾਰੋਬਾਰੀ ਮਾਹੌਲ ਵਿਕਸਤ ਕਰਨ ’ਤੇ ਸਹਿਮਤੀ ਪ੍ਰਗਟਾਈ।

17.  ਦੋਵਾਂ ਨੇਤਾਵਾਂ ਨੇ ਲਘੂ ਅਤੇ ਮੱਧਮ ਉਦਯੋਗਾਂ (ਐੱਸਐੱਮਈ) ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ ਪੱਤਰ (ਐੱਮਓਯੂ) ਸੰਪੰਨ ਹੋਣ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸਬੰਧਿਤ ਵਿਭਾਗਾਂ/ਮੰਤਰਾਲਿਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਦੋਵਾਂ ਦੇਸ਼ਾਂ ਦੇ ਐੱਸਐੱਮਈ ਦਰਮਿਆਨ ਸਹਿਯੋਗ ਦਾ ਵਿਸਤਾਰ ਕਰਨ ਦੇ ਉਪਾਅ ਲੱਭਣ, ਜਿਸ ਵਿੱਚ ਐੱਮਓਯੂ ਦੇ ਦਾਇਰੇ ਅਧੀਨ ਗਤੀਵਿਧੀਆਂ ਸ਼ਾਮਲ ਹੋਣ, ਜਿਸ ਨਾਲ ਲਘੂ ਅਤੇ ਮੱਧਮ ਉਦਯੋਗਾਂ ਨੂੰ ਇੱਕ-ਦੂਜੇ ਦੇ ਬਾਜ਼ਾਰਾਂ ਨਾਲ ਸੁਖਾਲੇ ਢੰਗ ਨਾਲ ਜੁੜਨ ਅਤੇ ਉਨ੍ਹਾਂ ਤੋਂ ਲਾਭ ਉਠਾਉਣ ਵਿੱਚ ਮਦਦ ਮਿਲ ਸਕੇ।


ਇਸਪਾਤ ਉਦਯੋਗ ਵਿੱਚ ਮਜ਼ਬੂਤ ਵਾਧੇ ਦਾ ਲਾਭ ਉਠਾਉਣ ਵਾਲੀ ਇੱਕ ਪ੍ਰਮੁੱਖ ਆਰਥਿਕਤਾ, ਭਾਰਤ ਅਤੇ ਹਰੀ ਇਸਪਾਤ (ਗ੍ਰੀਨ ਸਟੀਲ) ਨਿਰਮਾਣ ਵਿੱਚ ਤਕਨਾਲੋਜੀ ਦੇ ਮੋਹਰੀ, ਆਰਓਕੇ ਦਰਮਿਆਨ ਸਹਿਯੋਗ ਬਹੁਤ ਮਹੱਤਵਪੂਰਨ ਹੈ। ਦੋਵਾਂ ਨੇਤਾਵਾਂ ਨੇ ਭਾਰਤ-ਆਰਓਕੇ ਸਾਲਾਨਾ ਇਸਪਾਤ ਸੰਵਾਦ ਦੀ ਸਥਾਪਨਾ ’ਤੇ ਸਹਿਮਤੀ ਪ੍ਰਗਟਾਈ, ਜੋ ਵਪਾਰਕ ਮੌਕਿਆਂ ਨੂੰ ਵਧਾਉਣ, ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਇਸਪਾਤ ਖੇਤਰ ਵਿੱਚ ਸਵੱਛ ਊਰਜਾ ਨੂੰ ਉਤਸ਼ਾਹਿਤ ਕਰਨ ’ਤੇ ਕੇਂਦ੍ਰਿਤ ਹੋਵੇਗਾ। ਉਨ੍ਹਾਂ ਨੇ ਓਡੀਸ਼ਾ ਵਿੱਚ 6 ਐੱਮਐੱਮਟੀ ਸਮਰੱਥਾ ਵਾਲੇ ਏਕੀਕ੍ਰਿਤ ਇਸਪਾਤ ਪਲਾਂਟ ਦੀ ਸਥਾਪਨਾ ਲਈ ਪੋਸਕੋ ਅਤੇ ਜੇਐੱਸਡਬਲਿਊ ਦਰਮਿਆਨ ਸਮਝੌਤਾ ਪੱਤਰ (ਐੱਮਓਯੂ) ’ਤੇ ਹੋਏ ਹਸਤਾਖਰਾਂ ਦਾ ਵੀ ਸਵਾਗਤ ਕੀਤਾ।

ਵਪਾਰ, ਵਿੱਤ ਅਤੇ ਵਿਕਾਸ ’ਤੇ ਕੇਂਦ੍ਰਿਤ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ

  1. ਭਾਰਤ-ਆਰਓਕੇ ਦੁਵੱਲੇ ਵਪਾਰ ਦੀ ਪੂਰੀ ਸਮਰੱਥਾ ਦੀ ਵਰਤੋਂ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਅਤੇ ਡਿਜੀਟਲ ਵਪਾਰ, ਸਪਲਾਈ ਚੇਨ ਸਹਿਯੋਗ ਅਤੇ ਹਰੀ ਆਰਥਿਕਤਾ ਸਮੇਤ ਵਪਾਰ ਦੇ ਨਵੇਂ ਖੇਤਰਾਂ ਵਿੱਚ ਆਪਸੀ ਲਾਭਕਾਰੀ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ, ਦੋਵਾਂ ਨੇਤਾਵਾਂ ਨੇ ਸੀਈਪੀਏ ਅਪਗ੍ਰੇਡੇਸ਼ਨ ਵਾਰਤਾਵਾਂ ਨੂੰ ਮੁੜ ਸ਼ੁਰੂ ਕਰਨ ਅਤੇ ਉਨ੍ਹਾਂ ਨੂੰ ਜਲਦੀ ਸਿੱਟੇ ’ਤੇ ਪਹੁੰਚਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ।

  1. ਭਾਰਤ ਦੀ ਫਿਨਟੈੱਕ ਕ੍ਰਾਂਤੀ, ਜਿਸ ਨੂੰ ਯੂਨੀਫਾਈਡ ਪੇਮੈਂਟਸ ਇੰਟਰਫੇਸ ਅਤੇ ਰੈਗੂਲੇਟਰੀ ਨਵੀਨਤਾਵਾਂ ਵੱਲੋਂ ਦਰਸਾਇਆ ਗਿਆ ਹੈ, ਨੇ ਸਰਹੱਦ ਪਾਰ ਸਹਿਯੋਗ ਦੇ ਕਈ ਮੌਕੇ ਪੈਦਾ ਕੀਤੇ ਹਨ। ਦੋਵਾਂ ਨੇਤਾਵਾਂ ਨੇ ਭਾਰਤ ਦੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਐੱਨਪੀਸੀਆਈਐੱਲ) ਅਤੇ ਕੋਰੀਆ ਫਾਇਨਾਂਸ਼ੀਅਲ ਟੈਲੀਕਮਿਊਨੀਕੇਸ਼ਨਜ਼ ਐਂਡ ਕਲੀਅਰਿੰਗਜ਼ ਇੰਸਟੀਚਿਊਟ (ਕੇਐੱਫਟੀਸੀ) ਦਰਮਿਆਨ, ਦੋਵਾਂ ਦੇਸ਼ਾਂ ਦੇ ਡਿਜੀਟਲ ਭੁਗਤਾਨ ਪ੍ਰਣਾਲੀਆਂ ਦੇ ਪੜਾਅਵਾਰ ਏਕੀਕਰਨ ਲਈ ਹਸਤਾਖ਼ਰ ਕੀਤੇ ਸਮਝੌਤਾ ਪੱਤਰ (ਐੱਮਓਯੂ) ਦਾ ਸਵਾਗਤ ਕੀਤਾ, ਜਿਸ ਨਾਲ ਅੰਤਰ-ਕਾਰਜਸ਼ੀਲਤਾ ਵਧੇਗੀ ਅਤੇ ਆਰਥਿਕ ਤੇ ਜਨ-ਜਨ ਸਬੰਧ ਮਜ਼ਬੂਤ ਹੋਣਗੇ। ਉਨ੍ਹਾਂ ਨੇ ਭਾਰਤ ਦੇ ਇੰਟਰਨੈਸ਼ਨਲ ਫਾਇਨਾਂਸ਼ੀਅਲ ਸਰਵਿਸਿਜ਼ ਸੈਂਟਰ ਅਥਾਰਿਟੀ (ਆਈਐੱਫਐੱਸਸੀਏ) ਅਤੇ ਆਰਓਕੇ ਦੇ ਫਾਇਨਾਂਸ਼ੀਅਲ ਸਰਵਿਸਿਜ਼ ਕਮਿਸ਼ਨ (ਐੱਫਐੱਸਸੀ) / ਫਾਇਨਾਂਸ਼ੀਅਲ ਸੁਪਰਵਾਈਜ਼ਰੀ ਸਰਵਿਸ (ਐੱਫਐੱਸਐੱਸ) ਦਰਮਿਆਨ ਸਰਹੱਦ ਪਾਰ ਵਿੱਤੀ ਉਤਪਾਦਾਂ ਦੇ ਵਿਕਾਸ ਅਤੇ ਨਿਗਰਾਨੀ ਲਈ ਸਹਿਯੋਗ ਅਤੇ ਸਲਾਹ-ਮਸ਼ਵਰੇ ਲਈ ਹਸਤਾਖ਼ਰ ਕੀਤੇ ਐੱਮਓਯੂ ਦਾ ਵੀ ਸਵਾਗਤ ਕੀਤਾ।

 

21.  ਦੋਵਾਂ ਨੇਤਾਵਾਂ ਨੇ ਬੈਂਕਿੰਗ, ਪੂੰਜੀ ਬਾਜ਼ਾਰ ਅਤੇ ਫਿਨਟੈੱਕ ਸਮੇਤ ਵਿੱਤੀ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਦੋਵਾਂ ਦੇਸ਼ਾਂ ਦੀਆਂ ਵਿੱਤੀ ਅਥਾਰਟੀਆਂ ਅਤੇ ਸੰਸਥਾਵਾਂ ਦੀ ਭਾਗੀਦਾਰੀ ਨਾਲ ਆਯੋਜਿਤ ‘ਆਰਓਕੇ-ਇੰਡੀਆ ਫਾਇਨਾਂਸ਼ੀਅਲ ਕੋ-ਆਪਰੇਸ਼ਨ ਫੋਰਮ’ ਦੇ ਸਫਲ ਆਯੋਜਨ ’ਤੇ ਸੰਤੁਸ਼ਟੀ ਪ੍ਰਗਟ ਕੀਤੀ।

22.  ਆਰਓਕੇ ਦੀਆਂ ਵਿੱਤੀ ਸੰਸਥਾਵਾਂ ਭਾਰਤ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਉਨ੍ਹਾਂ ਦਾ ਨਿਵੇਸ਼ ਬੁਨਿਆਦੀ ਢਾਂਚੇ, ਨਿਰਮਾਣ ਅਤੇ ਉੱਭਰ ਰਹੇ ਵਿੱਤੀ ਬਾਜ਼ਾਰ ’ਤੇ ਕੇਂਦ੍ਰਿਤ ਹੈ। ਇਸ ਸੰਦਰਭ ਵਿੱਚ, ਦੋਵਾਂ ਨੇਤਾਵਾਂ ਨੇ ਕੋਰੀਆ ਇਨਵੈਸਟਮੈਂਟ ਕਾਰਪੋਰੇਸ਼ਨ ਦੇ ਭਾਰਤ ਵਿੱਚ ਸਫਲ ਸੰਚਾਲਨ ਦਾ ਜ਼ਿਕਰ ਕੀਤਾ ਅਤੇ ਕੋਰੀਆ ਡਿਵੈਲਪਮੈਂਟ ਬੈਂਕ ਦੀ ਭਾਰਤ ਵਿੱਚ ਦਫ਼ਤਰ ਖੋਲ੍ਹਣ ਵਿੱਚ ਦਿਲਚਸਪੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਰਓਕੇ ਦੀ ਨੈਸ਼ਨਲ ਪੈਨਸ਼ਨ ਸਰਵਿਸ ਨੂੰ ਵੀ ਭਾਰਤ ਵਿੱਚ ਆਪਣਾ ਦਫ਼ਤਰ ਖੋਲ੍ਹਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਸੱਦਾ ਦਿੱਤਾ।

  1. ਭਾਰਤ ਅਤੇ ਆਰਓਕੇ ਦਰਮਿਆਨ ਵਿਕਾਸ ਭਾਈਵਾਲੀ ਦੀਆਂ ਸੰਭਾਵਨਾਵਾਂ ਨੂੰ ਸਵੀਕਾਰ ਕਰਦੇ ਹੋਏ, ਦੋਵਾਂ ਨੇਤਾਵਾਂ ਨੇ ਭਾਰਤ ਵਿੱਚ ਹੁਨਰਮੰਦ ਉਦਯੋਗਿਕ ਮਨੁੱਖੀ ਸਰੋਤਾਂ ਦੇ ਸਮਰੱਥਾ-ਵਿਕਾਸ ਲਈ ਵਿਕਾਸ ਸਹਿਯੋਗ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ, ਜਿਸ ਵਿੱਚ ਕੋਇਕਾ (ਕੇਓਆਈਸੀਏ) ਵੱਲੋਂ ਲਾਗੂ ਕੀਤੇ ਜਾ ਰਹੇ ਮੌਜੂਦਾ ਪ੍ਰੋਜੈਕਟ ਵੀ ਸ਼ਾਮਲ ਹਨ। ਦੋਵਾਂ ਧਿਰਾਂ ਨੇ ਇਹ ਵੀ ਸਹਿਮਤੀ ਪ੍ਰਗਟਾਈ ਕਿ ਦੋਵਾਂ ਦੇਸ਼ਾਂ ਦਰਮਿਆਨ ਪ੍ਰਭਾਵੀ ਵਿਕਾਸ ਸਹਿਯੋਗ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕੀਤਾ ਜਾਵੇਗਾ।

ਉੱਭਰਦੇ ਉਦਯੋਗਾਂ ਵਿੱਚ ਭਾਈਵਾਲੀ ਰਾਹੀਂ ਭਵਿੱਖ ਦੀਆਂ ਚੁਣੌਤੀਆਂ ਤੋਂ ਸੁਰੱਖਿਅਤ ਵਿਕਾਸ

  1. ਭਾਰਤ ਅਤੇ ਆਰਓਕੇ, ਦੋ ਅਜਿਹੇ ਦੇਸ਼ ਜਿਨ੍ਹਾਂ ਦੀਆਂ ਡਿਜੀਟਲ ਸਮਰੱਥਾਵਾਂ ਮਜ਼ਬੂਤ ਅਤੇ ਆਪਸੀ ਪੂਰਕ ਹਨ, ਵਿਸ਼ਵ ਦੇ ਭਵਿੱਖ ਨੂੰ ਪਰਿਭਾਸ਼ਿਤ ਕਰਨ ਵਾਲੇ ਉਦਯੋਗਾਂ ਅਤੇ ਤਕਨਾਲੋਜੀਆਂ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ਦੋਵਾਂ ਨੇਤਾਵਾਂ ਨੇ ਏਆਈ, ਡੇਟਾ ਗਵਰਨੈਂਸ ਅਤੇ ਡਿਜੀਟਲ ਕਾਰੋਬਾਰਾਂ ’ਤੇ ਕੇਂਦ੍ਰਿਤ ਭਾਰਤ–ਕੋਰੀਆ ਡਿਜੀਟਲ ਬ੍ਰਿਜ ਲਈ ਇੱਕ ਰੂਪਰੇਖਾ ਦੀ ਸ਼ੁਰੂਆਤ ਦਾ ਸਵਾਗਤ ਕੀਤਾ, ਨਾਲ ਹੀ ਡਿਜੀਟਲ ਨਵੀਨਤਾ ਅਤੇ ਸਹਿਯੋਗ ਨੂੰ ਸਮਰਥਨ ਦੇਣ ਵਿੱਚ ਸੈਮੀਕੰਡਕਟਰ ਸਮੇਤ ਸਮਰੱਥਾਕਾਰੀ ਤਕਨਾਲੋਜੀਆਂ ਦੀ ਭੂਮਿਕਾ ਨੂੰ ਵੀ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਲੀ ਨੂੰ ਭਾਰਤ ਵਿੱਚ ਸੈਮੀਕੰਡਕਟਰ ਉਦਯੋਗ ਦੀ ਪ੍ਰਗਤੀ ਤੋਂ ਜਾਣੂ ਕਰਵਾਇਆ ਅਤੇ ਕੋਰੀਆਈ ਕਾਰੋਬਾਰਾਂ ਨੂੰ ਸਰਕਾਰੀ ਉਤਸ਼ਾਹ ਅਤੇ ਵਧਦੇ ਬਾਜ਼ਾਰ ਦਾ ਲਾਭ ਉਠਾਉਣ ਲਈ ਸੱਦਾ ਦਿੱਤਾ। ਦੋਵਾਂ ਨੇਤਾਵਾਂ ਨੇ “ਏਆਈ ਫੋਰ ਔਲ” ਅਤੇ “ਮਾਨਵ” ਦੇ ਸਿਧਾਂਤਾਂ ਤੋਂ ਪ੍ਰੇਰਿਤ ਏਆਈ ਵਿਕਾਸ ਲਈ ਇੱਕ-ਦੂਜੇ ਦੇ ਵਿਜ਼ਨ ਦੀ ਸ਼ਲਾਘਾ ਕੀਤੀ, ਜੋ ਨਵੀਨਤਾ ਦੇ ਨਾਲ-ਨਾਲ ਪਹੁੰਚਯੋਗਤਾ ਅਤੇ ਸਮਾਵੇਸ਼ੀਤਾ ਨੂੰ ਵੀ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਨੇ ਖੋਜ ਅਤੇ ਪ੍ਰਤਿਭਾ ਵਿਕਾਸ ਸਮੇਤ ਏਆਈ ਦੇ ਵੱਖ-ਵੱਖ ਖੇਤਰਾਂ ਵਿੱਚ ਭਾਰਤ–ਕੋਰੀਆ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੀ ਇੱਛਾ ਪ੍ਰਗਟਾਈ।

 

25.  ਦੋਵਾਂ ਨੇਤਾਵਾਂ ਨੇ 'ਰੱਖਿਆ ਉਦਯੋਗ ਸਹਿਯੋਗ ਦੇ ਰੋਡਮੈਪ' ’ਤੇ 2020 ਦੇ ਸਮਝੌਤਾ ਪੱਤਰ (ਐੱਮਓਯੂ) ਨੂੰ ਮੁੜ ਸਰਗਰਮ ਕਰਕੇ ਭਾਰਤ-ਆਰਓਕੇ ਸਹਿਯੋਗ ਦੀ ਰਣਨੀਤਕ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕੇ9-ਵਜਰ ਹੌਵਿਤਜ਼ਰ ਦੇ ਸਫਲ ਸਾਂਝੇ ਉੱਦਮ ’ਤੇ ਸੰਤੁਸ਼ਟੀ ਪ੍ਰਗਟਾਈ, ਜਿਸ ਦੀ ਦੂਜੀ ਖੇਪ ਦਾ ਉਤਪਾਦਨ ਜਾਰੀ ਹੈ। ਉਨ੍ਹਾਂ ਨੇ ਸਵੈ-ਚਾਲਿਤ ਹਵਾਈ ਰੱਖਿਆ ਗੰਨ-ਮਿਜ਼ਾਈਲ ਪ੍ਰਣਾਲੀਆਂ ਵਰਗੀਆਂ ਭਵਿੱਖੀ ਰੱਖਿਆ ਤਕਨਾਲੋਜੀਆਂ/ਪਲੇਟਫ਼ਾਰਮਾਂ ਅਤੇ ਆਪਸੀ ਦਿਲਚਸਪੀ ਦੇ ਹੋਰ ਖੇਤਰਾਂ ਵਿੱਚ ਇਸ ਮਾਡਲ ਨੂੰ ਦੁਹਰਾਉਣ ਲਈ ਚੱਲ ਰਹੇ ਯਤਨਾਂ ਦਾ ਵੀ ਸਵਾਗਤ ਕੀਤਾ।

26.  ਦੋਵਾਂ ਦੇਸ਼ਾਂ ਵਿੱਚ ਰੱਖਿਆ ਉਦਯੋਗ ਵਿੱਚ ਹੋ ਰਹੀਆਂ ਨਵੀਨਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਦੋਵਾਂ ਨੇਤਾਵਾਂ ਨੇ ਕਾਰੋਬਾਰਾਂ, ਇਨਕਿਊਬੇਟਰਾਂ, ਨਿਵੇਸ਼ਕਾਂ, ਰੱਖਿਆ ਸਟਾਰਟ-ਅੱਪਸ ਅਤੇ ਯੂਨੀਵਰਸਿਟੀਆਂ ਨੂੰ ਜੋੜਨ ਲਈ 'ਕੋਰੀਆ-ਭਾਰਤ ਰੱਖਿਆ ਐਕਸਲਰੇਟਰ' (ਕਾਈਂਡ-ਐਕਸ) ਨਵੀਨਤਾ ਮੰਚ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ।

27. ਪੁਲਾੜ ਨੂੰ ਦੋਵਾਂ ਦੇਸ਼ਾਂ ਵਿੱਚ ਰਾਸ਼ਟਰੀ ਵਿਕਾਸ ਦਾ ਇੱਕ ਉਭਰਦਾ ਹੋਇਆ ਮਹੱਤਵਪੂਰਨ ਖੇਤਰ ਮੰਨਦੇ ਹੋਏ, ਦੋਵਾਂ ਨੇਤਾਵਾਂ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਕੋਰੀਆ ਐਰੋਸਪੇਸ ਪ੍ਰਸ਼ਾਸਨ (ਕਾਸਾ) ਦਰਮਿਆਨ ਰਾਸ਼ਟਰੀ ਪੁਲਾੜ ਏਜੰਸੀ ਪੱਧਰ ’ਤੇ ਸਹਿਯੋਗ ਦੇ ਮੌਕੇ ਤਲਾਸ਼ਣ ਲਈ ਇੱਕ ਸਾਂਝੇ ਕਾਰਜ ਸਮੂਹ ਦੇ ਗਠਨ ਦੀ ਪਹਿਲ ਦਾ ਸਵਾਗਤ ਕੀਤਾ। ਉਨ੍ਹਾਂ ਨੇ 20 ਅਪ੍ਰੈਲ, 2026 ਨੂੰ ਬੈਂਗਲੁਰੂ ਵਿੱਚ ਇਨ-ਸਪੇਸ ਦੇ ਸਹਿਯੋਗ ਨਾਲ ਆਯੋਜਿਤ ਭਾਰਤ-ਆਰਓਕੇ “ਸਪੇਸ ਡੇਅ” ਦੇ ਆਯੋਜਨ ਦਾ ਵੀ ਸਵਾਗਤ ਕੀਤਾ, ਜਿਸ ਦਾ ਉਦੇਸ਼ ਪੁਲਾੜ ਸਟਾਰਟ-ਅੱਪਸ, ਉਦਯੋਗਾਂ ਅਤੇ ਖੋਜ ਸੰਸਥਾਵਾਂ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣਾ ਹੈ। ਦੋਵਾਂ ਨੇਤਾਵਾਂ ਨੇ ਆਪਣੇ-ਆਪਣੇ ਪੱਖਾਂ ਨੂੰ ਇੱਕ-ਦੂਜੇ ਦੇ ਉਪਗ੍ਰਹਿ ਨੇਵੀਗੇਸ਼ਨ ਪ੍ਰਣਾਲੀਆਂ ਲਈ ਆਪਸੀ ਸਹਿਯੋਗ ਦੇ ਮੌਕੇ ਤਲਾਸ਼ਣ ਲਈ ਵੀ ਉਤਸ਼ਾਹਿਤ ਕੀਤਾ।


 

ਧਰਤੀ ਮਾਤਾ ਲਈ ਇੱਕਜੁੱਟ ਹੋਣਾ

  1. ਵਿਸ਼ਵ-ਵਿਆਪੀ ਊਰਜਾ ਅਤੇ ਸਰੋਤ ਬਾਜ਼ਾਰ ਵਿੱਚ ਮੌਜੂਦਾ ਉਥਲ-ਪੁਥਲ ਦੇ ਸੰਦਰਭ ਵਿੱਚ, ਦੋਵਾਂ ਨੇਤਾਵਾਂ ਨੇ ਸਵੀਕਾਰ ਕੀਤਾ ਕਿ ਹਾਈਡ੍ਰੋਕਾਰਬਨ ਅਤੇ ਪ੍ਰਮੁੱਖ ਖਣਿਜਾਂ ਦੇ ਵੱਡੇ ਆਯਾਤਕਾਂ ਵਜੋਂ ਭਾਰਤ ਅਤੇ ਆਰਓਕੇ ਨੂੰ ਊਰਜਾ ਦੀ ਕੁਸ਼ਲ ਵਰਤੋਂ, ਖਣਿਜਾਂ ਦੀ ਨਿਕਾਸੀ, ਪ੍ਰੋਸੈੱਸਿੰਗ ਅਤੇ ਰੀਸਾਈਕਲਿੰਗ ਅਤੇ ਵਾਤਾਵਰਣ ਪੱਖੋਂ ਸਥਾਈ ਤਰੀਕੇ ਨਾਲ ਵਿਕਲਪਿਕ ਊਰਜਾ ਅਤੇ ਸਮੱਗਰੀਆਂ ਦੇ ਸਹਿ-ਵਿਕਾਸ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਜ਼ਰੂਰਤ ਹੈ। ਨੇਤਾਵਾਂ ਨੇ ਮਹੱਤਵਪੂਰਨ ਖਣਿਜਾਂ ਅਤੇ ਉੱਨਤ ਤਕਨਾਲੋਜੀਆਂ ਦੇ ਖੇਤਰ ਵਿੱਚ ਸੁਰੱਖਿਅਤ, ਮਜ਼ਬੂਤ ਅਤੇ ਨਵੀਨਤਾ-ਪ੍ਰੇਰਿਤ ਸਪਲਾਈ ਚੇਨਾਂ ਦੇ ਨਿਰਮਾਣ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ। ਇਸ ਉਦੇਸ਼ ਲਈ, ਦੋਵਾਂ ਨੇਤਾਵਾਂ ਨੇ ਮਹੱਤਵਪੂਰਨ ਖਣਿਜਾਂ ਦੀ ਸਮੁੱਚੀ ਮੁੱਲ ਚੇਨ ਵਿੱਚ ਸਹਿਯੋਗ ਕਰਨ ’ਤੇ ਸਹਿਮਤੀ ਪ੍ਰਗਟਾਈ, ਜਿਸ ਵਿੱਚ ਆਰਟੀਫੀਸ਼ਿਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਰਾਹੀਂ ਮਹੱਤਵਪੂਰਨ ਖਣਿਜਾਂ ਦੀ ਮੈਪਿੰਗ ਅਤੇ ਖੋਜ ਲਈ ਦੋਵਾਂ ਦੇਸ਼ਾਂ ਦੀਆਂ ਭੂ-ਵਿਗਿਆਨਕ ਸਰਵੇਖਣ ਸੰਸਥਾਵਾਂ ਦਰਮਿਆਨ ਸੰਪਰਕਾਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਸਰਕੂਲਰ ਇਕਾਨਮੀ ਪਹਿਲਕਦਮੀਆਂ ਦੇ ਤਹਿਤ ਈ-ਕੂੜਾ ਅਤੇ ਮਾਈਨਿੰਗ ਵੇਸਟ (ਮਾਈਨ ਟੇਲਿੰਗਜ਼) ਵਰਗੇ ਗੈਰ-ਰਵਾਇਤੀ ਸਰੋਤਾਂ ਤੋਂ ਮਹੱਤਵਪੂਰਨ ਖਣਿਜਾਂ ਦੀ ਮੁੜ-ਪ੍ਰਾਪਤੀ ਵਿੱਚ ਸਹਿਯੋਗ ਦਾ ਵੀ ਸਮਰਥਨ ਕੀਤਾ।

 

29.  ਇਸ ਤੋਂ ਇਲਾਵਾ, ਜਿੱਥੇ ਰਾਸ਼ਟਰਪਤੀ ਲੀ ਨੇ ਭਾਰਤ ਦੀ ਪੈਕਸ ਸਿਲੀਕਾ ਪਹਿਲ ਵਿੱਚ ਸ਼ਾਮਲ ਹੋਣ ਦਾ ਸਵਾਗਤ ਕੀਤਾ, ਉੱਥੇ ਹੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫੋਰਮ ਔਨ ਰਿਸੋਰਸ ਜੀਓਸਟ੍ਰੇਟੇਜਿਕ ਐਂਗੇਜਮੈਂਟ (ਫੋਰਜ) ਦੇ ਪ੍ਰਧਾਨ ਵਜੋਂ ਕੋਰੀਆ ਗਣਰਾਜ ਦੀ ਅਗਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਪਲਾਈ ਵਿੱਚ ਵਿਘਨ ਜਾਂ ਬਾਜ਼ਾਰ ਦੀ ਅਸਥਿਰਤਾ ਦੀ ਸਥਿਤੀ ਵਿੱਚ, ਬਾਜ਼ਾਰ ਦੀਆਂ ਸਥਿਤੀਆਂ ਅਤੇ ਵਪਾਰਕ ਵਿਚਾਰਾਂ ਦੇ ਅਨੁਸਾਰ, ਨੈਫਥਾ ਵਰਗੀਆਂ ਮਹੱਤਵਪੂਰਨ ਸਮੱਗਰੀਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸਹਿਯੋਗ ਮਜ਼ਬੂਤ ਕਰਨ ਦੀਆਂ ਸੰਭਾਵਨਾਵਾਂ ਦੀ ਖੋਜ ਕਰਨ ’ਤੇ ਵੀ ਸਹਿਮਤੀ ਪ੍ਰਗਟਾਈ। ਦੋਵਾਂ ਧਿਰਾਂ ਨੇ ਮਹੱਤਵਪੂਰਨ ਸਮੱਗਰੀਆਂ ਦੇ ਦੁਵੱਲੇ ਵਪਾਰ ਦੇ ਵਿਸਤਾਰ ਦੇ ਮੌਕਿਆਂ ਦੀ ਖੋਜ ਕਰਨ ’ਤੇ ਵੀ ਸਹਿਮਤੀ ਜਤਾਈ।

30.  ਭਾਰਤ ਅਤੇ ਆਰਓਕੇ ਜਲਵਾਯੂ ਪਰਿਵਰਤਨ ਦੀਆਂ ਵਿਸ਼ਵ-ਵਿਆਪੀ ਚੁਣੌਤੀਆਂ ਨਾਲ ਨਜਿੱਠਣ ਵਿੱਚ ਇੱਕ ਸਕਾਰਾਤਮਿਕ ਅਤੇ ਸਰਗਰਮ ਏਜੰਡੇ ਰਾਹੀਂ ਭਾਈਵਾਲ ਹਨ, ਜੋ ਉਨ੍ਹਾਂ ਦੇ ਆਰਥਿਕ ਕਲਿਆਣ ਨੂੰ ਵੀ ਹੁਲਾਰਾ ਦਿੰਦਾ ਹੈ। ਇਸ ਸੰਦਰਭ ਵਿੱਚ, ਦੋਵਾਂ ਨੇਤਾਵਾਂ ਨੇ ਪੈਰਿਸ ਸਮਝੌਤੇ ਦੀ ਧਾਰਾ 6.2 ਦੇ ਤਹਿਤ ਇੱਕ ਸਮਝੌਤਾ ਪੱਤਰ (ਐੱਮਓਸੀ) ਸੰਪੰਨ ਕੀਤੇ ਜਾਣ ਦਾ ਸਵਾਗਤ ਕੀਤਾ, ਜੋ ਨਿਵੇਸ਼-ਅਧਾਰਿਤ ਨਿਊਨੀਕਰਨ ਪ੍ਰੋਜੈਕਟਾਂ ਲਈ ਇੱਕ ਸਹਿਯੋਗੀ ਪਹੁੰਚ ਸਥਾਪਤ ਕਰਦਾ ਹੈ, ਉਨ੍ਹਾਂ ਦੇ ਆਪਣੇ ਰਾਸ਼ਟਰੀ ਪੱਧਰ ’ਤੇ ਨਿਰਧਾਰਿਤ ਯੋਗਦਾਨਾਂ ਦੀ ਪ੍ਰਾਪਤੀ ਨੂੰ ਅੱਗੇ ਵਧਾਉਂਦਾ ਹੈ ਅਤੇ ਜਲਵਾਯੂ ਕਾਰਵਾਈ ਦੇ ਖੇਤਰ ਵਿੱਚ ਉਨ੍ਹਾਂ ਦੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਦਾ ਹੈ।
 

31.  ਵਾਤਾਵਰਣ ਪੱਖੋਂ ਜ਼ਿੰਮੇਵਾਰ ਰਾਸ਼ਟਰਾਂ ਵਜੋਂ, ਭਾਰਤ ਅਤੇ ਆਰਓਕੇ ਨੇ ਜਲਵਾਯੂ ਅਤੇ ਵਾਤਾਵਰਣ ਦੇ ਖੇਤਰ ਵਿੱਚ ਸਹਿਯੋਗ ਲਈ ਇੱਕ ਸਮਝੌਤਾ ਪੱਤਰ (ਐੱਮਓਯੂ) ਰਾਹੀਂ ਸੰਸਥਾਗਤ ਸਹਿਯੋਗ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ। ਦੋਵਾਂ ਨੇਤਾਵਾਂ ਨੇ ਆਰਓਕੇ ਦੇ ਅੰਤਰਰਾਸ਼ਟਰੀ ਸੂਰਜੀ ਗੱਠਜੋੜ (ਆਈਐੱਸਏ) ਵਿੱਚ ਮੈਂਬਰ ਵਜੋਂ ਸ਼ਾਮਲ ਹੋਣ ਅਤੇ ਭਾਰਤ ਦੇ ਗਲੋਬਲ ਗ੍ਰੀਨ ਗਰੋਥ ਇੰਸਟੀਚਿਊਟ (ਜੀਜੀਜੀਆਈ) ਵਿੱਚ ਮੈਂਬਰ ਵਜੋਂ ਸ਼ਾਮਲ ਹੋਣ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਰਓਕੇ ਨੂੰ ਗਲੋਬਲ ਬਾਇਓਫਿਊਲ ਅਲਾਇੰਸ, ਇੰਟਰਨੈਸ਼ਨਲ ਬਿਗ ਕੈਟ ਅਲਾਇੰਸ ਅਤੇ ਕੋਲੀਸ਼ਨ ਫਾਰ ਡਿਜ਼ਾਸਟਰ ਰੈਜ਼ੀਲੀਐਂਟ ਇੰਫਰਾਸਟਰੱਕਚਰ (ਸੀਡੀਆਰਆਈ) ਵਿੱਚ ਸ਼ਾਮਲ ਹੋਣ ਲਈ ਵੀ ਸੱਦਾ ਦਿੱਤਾ।

32.  ਮਨੁੱਖਤਾ ਦੇ ਭਵਿੱਖ ਨੂੰ ਪ੍ਰਭਾਵਿਤ ਕਰਨ ਵਾਲੀਆਂ ਵਿਸ਼ਵ-ਵਿਆਪੀ ਚੁਣੌਤੀਆਂ ਨਾਲ ਨਜਿੱਠਣ ਵਿੱਚ ਭਾਰਤ-ਆਰਓਕੇ ਦੇ ਵਿਆਪਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਦੋਵਾਂ ਨੇਤਾਵਾਂ ਨੇ ਸਥਿਰਤਾ ਦੇ ਖੇਤਰ ਵਿੱਚ ਸਹਿਯੋਗ ’ਤੇ ਇੱਕ ਸਾਂਝੇ ਬਿਆਨ ਨੂੰ ਅਪਣਾਉਣ ਦਾ ਸਵਾਗਤ ਕੀਤਾ, ਨਾਲ ਹੀ ਜਲਵਾਯੂ ਪਰਿਵਰਤਨ, ਆਰਕਟਿਕ ਅਤੇ ਸਮੁੰਦਰੀ ਸਹਿਯੋਗ ਸਮੇਤ ਵਿਸ਼ਵ-ਵਿਆਪੀ ਵਿਸ਼ਿਆਂ ’ਤੇ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਦਰਮਿਆਨ ਇੱਕ ਸੰਵਾਦ ਦੀ ਸ਼ੁਰੂਆਤ ਦਾ ਵੀ ਸਵਾਗਤ ਕੀਤਾ।

ਸਾਫਟ ਪਾਵਰ ਦੇ ਪ੍ਰਭਾਵ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾਉਣਾ

  1. ਭਾਰਤ ਅਤੇ ਆਰਓਕੇ ਦੀ ਖ਼ੁਸ਼ਹਾਲ ਅਤੇ ਸਾਂਝੀ ਸਭਿਆਚਾਰਕ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ, ਦੋਵਾਂ ਨੇਤਾਵਾਂ ਨੇ ਦੋਵਾਂ ਦੇਸ਼ਾਂ ਦੀਆਂ ਸੰਸਥਾਵਾਂ ਦਰਮਿਆਨ ਸਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਸਮਰਥਨ ਕੀਤਾ। ਉਨ੍ਹਾਂ ਨੇ 2026-2030 ਦੀ ਮਿਆਦ ਲਈ ਸਭਿਆਚਾਰਕ ਵਟਾਂਦਰਾ ਪ੍ਰੋਗਰਾਮ (ਸੀਈਪੀ) ਦੇ ਵਿਸਤਾਰ ਦਾ ਸਵਾਗਤ ਕੀਤਾ ਅਤੇ ਸਬੰਧਿਤ ਏਜੰਸੀਆਂ ਨੂੰ ਇਸ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਢੁਕਵੀਆਂ ਯੋਜਨਾਵਾਂ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਸਾਲ 2028-29 ਨੂੰ ਸਭਿਆਚਾਰਕ ਗਤੀਵਿਧੀਆਂ ਦੀ ਲੜੀ ਰਾਹੀਂ ਭਾਰਤ-ਆਰਓਕੇ ਮਿੱਤਰਤਾ ਸਾਲ ਵਜੋਂ ਮਨਾਉਣ ਦਾ ਵੀ ਫ਼ੈਸਲਾ ਕੀਤਾ।

  2. ਦੋਵਾਂ ਨੇਤਾਵਾਂ ਨੇ ਸਭਿਆਚਾਰਕ ਅਤੇ ਰਚਨਾਤਮਕ ਉਦਯੋਗਾਂ (ਸੀਸੀਆਈ) ਬਾਰੇ ਸਮਝੌਤਾ ਪੱਤਰ (ਐੱਮਓਯੂ) ’ਤੇ ਹਸਤਾਖਰਾਂ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ, ਦੋਵਾਂ ਧਿਰਾਂ ਨੇ ਫ਼ਿਲਮ ਖੇਤਰ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ’ਤੇ ਵੀ ਸਹਿਮਤੀ ਪ੍ਰਗਟਾਈ, ਜਿਸ ਵਿੱਚ ਸਹਿ-ਨਿਰਮਾਣ (ਕੋ-ਪ੍ਰੋਡਕਸ਼ਨ), ਸਿਖਲਾਈ ਵਟਾਂਦਰਾ ਅਤੇ ਐਨੀਮੇਸ਼ਨ ਤੇ ਵੀਜ਼ੂਅਲ ਇਫੈਕਟਸ (ਵੀਐੱਫਐਕਸ) ਵਰਗੇ ਖੇਤਰਾਂ ਵਿੱਚ ਤਕਨਾਲੋਜੀ ਸਾਂਝੀ ਕਰਨਾ ਸ਼ਾਮਲ ਹੈ।

35.  ਦੋਵਾਂ ਨੇਤਾਵਾਂ ਨੇ ਇੱਕ-ਦੂਜੇ ਦੀ ਖ਼ੁਸ਼ਹਾਲ ਸਭਿਆਚਾਰਕ ਵਿਰਾਸਤ ਅਤੇ ਸਾਫਟ ਪਾਵਰ ਦੇ ਪ੍ਰਸਾਰ ਪ੍ਰਤੀ ਜਾਗਰੂਕਤਾ ਵਧਾਉਣ ਵਾਲੀਆਂ ਗਤੀਵਿਧੀਆਂ ਨੂੰ ਸਮਰਥਨ ਦੇਣ ’ਤੇ ਸਹਿਮਤੀ ਪ੍ਰਗਟਾਈ, ਜਿਸ ਵਿੱਚ ਆਰਓਕੇ ਵਿੱਚ ਭਾਰਤ ਦਿਵਸ ਅਤੇ ਭਾਰਤ ਵਿੱਚ ਕੋਰੀਆ ਦਿਵਸ ਦਾ ਆਯੋਜਨ ਸ਼ਾਮਲ ਹੈ।

36.  ਦੋਵਾਂ ਦੇਸ਼ਾਂ ਦੀ ਸਾਂਝੀ ਬੌਧ ਵਿਰਾਸਤ ਨੂੰ ਯਾਦ ਕਰਦੇ ਹੋਏ ਅਤੇ ਭਾਰਤ ਅਤੇ ਆਰਓਕੇ ਦਰਮਿਆਨ ਇਤਿਹਾਸਕ ਅਤੇ ਸੱਭਿਅਤਾਗਤ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੇ ਉਦੇਸ਼ ਦੇ ਅਨੁਸਾਰ, ਦੋਵਾਂ ਨੇਤਾਵਾਂ ਨੇ ਭਾਰਤ ਵੱਲੋਂ ਆਰਓਕੇ ਨੂੰ 200 ਕਲਾਕ੍ਰਿਤੀਆਂ ਦੇ ਦਾਨ ਦਾ ਸਵਾਗਤ ਕੀਤਾ ਅਤੇ ਦੋਵਾਂ ਦੇਸ਼ਾਂ ਦਰਮਿਆਨ ਸਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਗਿਮਹੇ ਦੇ ਯਤਨਾਂ ਦਾ ਵੀ ਸਵਾਗਤ ਕੀਤਾ।

37.  ਦੋਵਾਂ ਨੇਤਾਵਾਂ ਨੇ ਖੇਡਾਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਇੱਕ ਸਮਝੌਤਾ ਪੱਤਰ (ਐੱਮਓਯੂ) ’ਤੇ ਹਸਤਾਖਰਾਂ ਦਾ ਸਵਾਗਤ ਕੀਤਾ, ਜਿਸ ਦਾ ਉਦੇਸ਼ ਮਾਹਿਰਾਂ ਅਤੇ ਕਰਮਚਾਰੀਆਂ ਦੇ ਆਦਾਨ-ਪ੍ਰਦਾਨ, ਸਿਖਲਾਈ, ਪ੍ਰਤਿਭਾ ਵਿਕਾਸ ਅਤੇ ਖੇਡ ਵਿਗਿਆਨ ਨਾਲ ਸਬੰਧਿਤ ਪ੍ਰੋਗਰਾਮਾਂ ਤੇ ਗਿਆਨ ਦੇ ਆਦਾਨ-ਪ੍ਰਦਾਨ ਅਤੇ ਭਾਰਤ ਅਤੇ ਆਰਓਕੇ ਦੀਆਂ ਖੇਡ ਅਥਾਰਟੀਆਂ ਤੇ ਹੋਰ ਖੇਡ ਸੰਸਥਾਵਾਂ ਦਰਮਿਆਨ ਸਹਿਯੋਗ ਵਰਗੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਅਤੇ ਸੁਖਾਲਾ ਬਣਾਉਣਾ ਹੈ।

ਜਨ-ਜਨ ਸਬੰਧ

  1. ਦੋਵਾਂ ਨੇਤਾਵਾਂ ਨੇ ਦੁਵੱਲੀ ਭਾਈਵਾਲੀ ਦੇ ਇੱਕ ਅਧਾਰ-ਥੰਮ੍ਹ ਵਜੋਂ ਵਿੱਦਿਅਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀਆਂ ਅਤੇ ਸੈਕੰਡਰੀ ਸਕੂਲਾਂ ਦਰਮਿਆਨ ਵਿਆਪਕ ਸੂਚਨਾ ਸਾਂਝਾਕਰਨ ਦੇ ਨਾਲ-ਨਾਲ ਫੈਕਲਟੀ ਅਤੇ ਵਿਦਿਆਰਥੀ ਵਟਾਂਦਰਾ ਪ੍ਰੋਗਰਾਮਾਂ ਅਤੇ ਸਾਂਝੀਆਂ ਅਕਾਦਮਿਕ ਪਹਿਲਕਦਮੀਆਂ—ਵਿਸ਼ੇਸ਼ ਤੌਰ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਐੱਸਟੀਈਐੱਮ ਦੇ ਖੇਤਰਾਂ ਵਿੱਚ—ਦੇ ਮਾਧਿਅਮ ਰਾਹੀਂ ਸਹਿਯੋਗ ਦਾ ਸਵਾਗਤ ਕੀਤਾ।

  2. ਭਾਸ਼ਾਈ ਅਤੇ ਸਭਿਆਚਾਰਕ ਸਮਝ ਦੀ ਮਹੱਤਤਾ ਨੂੰ ਸਵੀਕਾਰ ਕਰਦੇ ਹੋਏ, ਦੋਵਾਂ ਨੇਤਾਵਾਂ ਨੇ ਅਕਾਦਮਿਕ ਪਾਠਕ੍ਰਮ, ਡਿਜੀਟਲ ਸਾਧਨਾਂ, ਅਧਿਆਪਕ ਸਿਖਲਾਈ ਅਤੇ ਸਬੰਧਿਤ ਸੰਸਥਾਗਤ ਢਾਂਚੇ ਰਾਹੀਂ ਭਾਰਤ ਵਿੱਚ ਕੋਰੀਆਈ ਭਾਸ਼ਾ ਅਤੇ ਆਰਓਕੇ ਵਿੱਚ ਭਾਰਤੀ ਭਾਸ਼ਾਵਾਂ, ਵਿਸ਼ੇਸ਼ ਤੌਰ ’ਤੇ ਹਿੰਦੀ, ਦੇ ਅਧਿਆਪਨ ਅਤੇ ਅਧਿਐਨ ਦਾ ਸਮਰਥਨ ਕੀਤਾ। ਉਨ੍ਹਾਂ ਨੇ ਜਨਵਰੀ 2026 ਵਿੱਚ ਭਾਰਤ ਵਿੱਚ ਪਹਿਲੇ ਕੋਰੀਆ ਸਿੱਖਿਆ ਕੇਂਦਰ ਦੀ ਸ਼ੁਰੂਆਤ ਦਾ ਸਵਾਗਤ ਕੀਤਾ।

40.  ਦੋਵਾਂ ਧਿਰਾਂ ਨੇ ਸਾਂਝੀ ਖੋਜ, ਕ੍ਰੈਡਿਟ ਟ੍ਰਾਂਸਫਰ ਅਤੇ ਵਿਦਿਆਰਥੀਆਂ ਦੇ ਵਟਾਂਦਰੇ ਰਾਹੀਂ ਯੂਨੀਵਰਸਿਟੀ-ਪੱਧਰੀ ਅਕਾਦਮਿਕ ਸਹਿਯੋਗ, ਵਿਸ਼ੇਸ਼ ਤੌਰ ’ਤੇ ਭਾਰਤ ਦੇ ਤੇਈ ਭਾਰਤੀ ਤਕਨਾਲੋਜੀ ਸੰਸਥਾਵਾਂ (ਆਈਆਈਟੀ) ਅਤੇ ਆਰਓਕੇ ਵਿੱਚ ਕੇਐੱਨਯੂ10 ਕੰਸੋਰਟੀਅਮ ਵਿੱਚ ਹਿੱਸਾ ਲੈਣ ਵਾਲੀਆਂ 10 ਕੋਰੀਆਈ ਰਾਸ਼ਟਰੀ ਯੂਨੀਵਰਸਿਟੀਆਂ ਦਰਮਿਆਨ, ਵਧਾਉਣ ’ਤੇ ਵੀ ਸਹਿਮਤੀ ਪ੍ਰਗਟਾਈ।

41.  ਦੋਵਾਂ ਨੇਤਾਵਾਂ ਨੇ ਭਾਰਤੀ ਵਿਦਿਆਰਥੀਆਂ ਲਈ ਗਲੋਬਲ ਕੋਰੀਆ ਸਕਾਲਰਸ਼ਿਪ (ਜੀਕੇਐੱਸ) ਦੀ ਵਿਵਸਥਾ ਦਾ ਸਵਾਗਤ ਕੀਤਾ ਅਤੇ ਭਾਰਤੀ ਸਭਿਆਚਾਰਕ ਸਬੰਧ ਪ੍ਰੀਸ਼ਦ (ਆਈਸੀਸੀਆਰ) ਦੀ ਅਟਲ ਬਿਹਾਰੀ ਵਾਜਪਾਈ ਜਨਰਲ ਸਕਾਲਰਸ਼ਿਪ ਅਤੇ ਆਈਸੀਸੀਆਰ ਲਤਾ ਮੰਗੇਸ਼ਕਰ ਕਲਾ ਅਤੇ ਸੱਭਿਆਚਾਰ ਸਕਾਲਰਸ਼ਿਪ ਯੋਜਨਾ ਅਤੇ ਆਯੁਸ਼ ਸਕਾਲਰਸ਼ਿਪ ਯੋਜਨਾ ਦੇ ਮਾਧਿਅਮ ਰਾਹੀਂ ਕੋਰੀਆਈ ਵਿਦਿਆਰਥੀਆਂ ਲਈ ਆਪਸੀ ਸਕਾਲਰਸ਼ਿਪ ਦੇ ਪ੍ਰਸਤਾਵ ਦਾ ਵੀ ਸਵਾਗਤ ਕੀਤਾ। ਦੁਵੱਲੇ ਵਿੱਦਿਅਕ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ, ਦੋਵਾਂ ਨੇਤਾਵਾਂ ਨੇ ਆਪਣੇ-ਆਪਣੇ ਪ੍ਰੋਗਰਾਮਾਂ ਦੇ ਤਹਿਤ ਇੱਕ-ਦੂਜੇ ਦੇ ਦੇਸ਼ਾਂ ਦੇ ਨਾਗਰਿਕਾਂ ਲਈ ਸਕਾਲਰਸ਼ਿਪ ਸਲਾਟ ਵਧਾ ਕੇ ਇਨ੍ਹਾਂ ਯੋਜਨਾਵਾਂ ਦੇ ਵਿਸਤਾਰ ਦਾ ਟੀਚਾ ਨਿਰਧਾਰਿਤ ਕੀਤਾ।

42.  ਭਾਰਤ ਅਤੇ ਆਰਓਕੇ ਮਨੁੱਖੀ ਸਰੋਤਾਂ ਦੇ ਖੇਤਰ ਵਿੱਚ ਮਜ਼ਬੂਤ ਪੂਰਕਤਾ ਸਾਂਝੀ ਕਰਦੇ ਹਨ। ਦੋਵਾਂ ਨੇਤਾਵਾਂ ਨੇ ਇੱਕ-ਦੂਜੇ ਦੀਆਂ ਵਿਗਿਆਨਕ ਅਤੇ ਤਕਨੀਕੀ ਸਮਰੱਥਾਵਾਂ ਦਾ ਲਾਭ ਉਠਾਉਣ ਅਤੇ ਆਪਣੀਆਂ ਵਿਗਿਆਨਕ ਸੰਸਥਾਵਾਂ ਅਤੇ ਮਨੁੱਖੀ ਪੂੰਜੀ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਵਿਗਿਆਨ ਅਤੇ ਤਕਨਾਲੋਜੀ ’ਤੇ ਅਗਲੀ ਸਾਂਝੀ ਕਮੇਟੀ ਰਾਹੀਂ ਸਾਂਝੀ ਖੋਜ ਅਤੇ ਵਿਕਾਸ (ਆਰਐਂਡਡੀ) ਨੂੰ ਉਤਸ਼ਾਹਿਤ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ।

43.  ਦੋਵਾਂ ਧਿਰਾਂ ਨੇ ਜਨ-ਜਨ ਆਦਾਨ-ਪ੍ਰਦਾਨ ਨੂੰ ਹੋਰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵੀਜ਼ਾ ਅਤੇ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਨੂੰ ਵਧੇਰੇ ਕੁਸ਼ਲ ਬਣਾਉਣ ਦੇ ਉਪਾਅ ਲੱਭਣ ’ਤੇ ਸਹਿਮਤੀ ਪ੍ਰਗਟਾਈ। ਨੇਤਾਵਾਂ ਨੇ ਭਾਰਤ ਅਤੇ ਆਰਓਕੇ ਦਰਮਿਆਨ ਹਵਾਈ ਸੰਪਰਕ ਨੂੰ ਮਜ਼ਬੂਤ ਕਰਨ ਦਾ ਵੀ ਸਮਰਥਨ ਕੀਤਾ, ਜਿਸ ਨਾਲ ਲੋਕਾਂ ਅਤੇ ਵਸਤੂਆਂ ਦੇ ਵਧੇਰੇ ਸਰਗਰਮ ਆਦਾਨ-ਪ੍ਰਦਾਨ ਨੂੰ ਹੁਲਾਰਾ ਦਿੱਤਾ ਜਾ ਸਕੇ।

44.  ਇੱਕ-ਦੂਜੇ ਦੇ ਦੇਸ਼ਾਂ ਵਿੱਚ ਰਹਿਣ ਵਾਲੇ ਕੋਰੀਆਈ ਅਤੇ ਭਾਰਤੀ ਭਾਈਚਾਰਿਆਂ ਦੇ ਯੋਗਦਾਨ ਦਾ ਸਨਮਾਨ ਕਰਦੇ ਹੋਏ, ਦੋਵਾਂ ਨੇਤਾਵਾਂ ਨੇ ਉਨ੍ਹਾਂ ਦੇ ਕਲਿਆਣ ਅਤੇ ਆਪਣੇ-ਆਪਣੇ ਸਮਾਜਾਂ ਵਿੱਚ ਸਰਗਰਮ ਭਾਗੀਦਾਰੀ ਦੇ ਸਮਰਥਨ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ, ਤਾਂ ਜੋ ਦੋਵਾਂ ਦੇਸ਼ਾਂ ਦੇ ਹਿੱਤ ਵਿੱਚ ਹੋਰ ਪ੍ਰਗਤੀ ਯਕੀਨੀ ਬਣਾਈ ਜਾ ਸਕੇ।

 

ਵਿਸ਼ਵ-ਵਿਆਪੀ ਹਿੱਤਾਂ ਲਈ ਭਾਈਵਾਲੀ

  1. ਦੋਵਾਂ ਦੇਸ਼ਾਂ ਦੇ ਵਿਸ਼ਵ-ਵਿਆਪੀ ਪ੍ਰਸਾਰ-ਵਿਰੋਧੀ ਯਤਨਾਂ ਵਿੱਚ ਯੋਗਦਾਨ ਅਤੇ ਵਚਨਬੱਧਤਾ ਨੂੰ ਸਵੀਕਾਰ ਕਰਦੇ ਹੋਏ, ਦੋਵਾਂ ਧਿਰਾਂ ਨੇ ਅੰਤਰਰਾਸ਼ਟਰੀ ਪ੍ਰਸਾਰ-ਵਿਰੋਧੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਰਤ ਦੀ ਪਰਮਾਣੂ ਸਪਲਾਈਕਰਤਾ ਸਮੂਹ (ਐੱਨਐੱਸਜੀ) ਦੀ ਮੈਂਬਰਸ਼ਿਪ ਲਈ ਮਿਲ ਕੇ ਕੰਮ ਜਾਰੀ ਰੱਖਣ ਦਾ ਸੰਕਲਪ ਲਿਆ।

  2. ਦੋਵਾਂ ਧਿਰਾਂ ਨੇ ਨਿਯਮ-ਅਧਾਰਿਤ, ਖੁੱਲ੍ਹੀ, ਨਿਰਪੱਖ, ਨਿਆਂਪੂਰਨ, ਪਾਰਦਰਸ਼ੀ, ਸਮਾਵੇਸ਼ੀ ਅਤੇ ਗੈਰ-ਭੇਦਭਾਵਪੂਰਨ ਬਹੁ-ਪੱਖੀ ਵਪਾਰ ਪ੍ਰਣਾਲੀ ਪ੍ਰਤੀ ਆਪਣੀ ਮਜ਼ਬੂਤ ਵਚਨਬੱਧਤਾ ਦੀ ਪੁਸ਼ਟੀ ਕੀਤੀ, ਜਿਸ ਦੇ ਕੇਂਦਰ ਵਿੱਚ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਹੈ। ਉਨ੍ਹਾਂ ਨੇ ਬਹੁ-ਪੱਖੀ ਵਪਾਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਡਬਲਿਊਟੀਓ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਲਈ ਰਚਨਾਤਮਕ ਰੂਪ ਵਿੱਚ ਜੁੜਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਭਾਰਤ ਅਤੇ ਆਰਓਕੇ ਨੇ ਬਹੁ-ਪੱਖੀ ਮੰਚਾਂ, ਜਿਨ੍ਹਾਂ ਵਿੱਚ ਜੀ20 ਵੀ ਸ਼ਾਮਲ ਹੈ, ਵਿੱਚ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ, ਵਿਸ਼ੇਸ਼ ਤੌਰ ’ਤੇ ਸਾਲ 2028 ਵਿੱਚ ਸਮੂਹ ਦੀ ਆਰਓਕੇ ਦੀ ਪ੍ਰਧਾਨਗੀ ਨੂੰ ਧਿਆਨ ਵਿੱਚ ਰੱਖਦੇ ਹੋਏ।

 

47.  ਦੋਵਾਂ ਨੇਤਾਵਾਂ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਦੇ ਅਧਾਰ ’ਤੇ, ਵਿਸ਼ੇਸ਼ ਤੌਰ ’ਤੇ ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ ਸੰਧੀ (ਯੂਐੱਨਸੀਐੱਲਓਐੱਸ) ਵਿੱਚ ਦਰਸਾਏ ਗਏ, ਜਹਾਜ਼ਰਾਨੀ ਅਤੇ ਉਡਾਣ ਦੀ ਆਜ਼ਾਦੀ ਅਤੇ ਰੁਕਾਵਟ-ਰਹਿਤ ਜਾਇਜ਼ ਵਪਾਰ ਦੇ ਸਨਮਾਨ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਦੋਵਾਂ ਨੇਤਾਵਾਂ ਨੇ ਸਾਰੇ ਪੱਖਾਂ ਨੂੰ ਇਹ ਅਪੀਲ ਕੀਤੀ ਕਿ ਉਹ ਅੰਤਰਰਾਸ਼ਟਰੀ ਕਾਨੂੰਨ ਦੇ ਸਰਵ-ਪ੍ਰਵਾਨਿਤ ਸਿਧਾਂਤਾਂ, ਜਿਨ੍ਹਾਂ ਵਿੱਚ ਯੂਐੱਨਸੀਐੱਲਓਐੱਸ ਸ਼ਾਮਲ ਹੈ, ਦੇ ਅਨੁਸਾਰ ਵਿਵਾਦਾਂ ਦਾ ਹੱਲ ਸ਼ਾਂਤੀਪੂਰਨ ਤਰੀਕਿਆਂ ਨਾਲ ਕਰਨ।

48.  ਦੋਵਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਸਾਰੇ ਪੱਖਾਂ ਨੂੰ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੇ ਬੁਨਿਆਦੀ ਸਿਧਾਂਤਾਂ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ, ਜਿਸ ਵਿੱਚ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ, ਨਾਗਰਿਕਾਂ ਦੀ ਸੁਰੱਖਿਆ ਨੂੰ ਤਰਜੀਹ ਦੇਣਾ ਅਤੇ ਜਹਾਜ਼ਰਾਨੀ ਦੀ ਆਜ਼ਾਦੀ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਤਣਾਅ ਨੂੰ ਘੱਟ ਕਰਨ ਅਤੇ ਬੁਨਿਆਦੀ ਮੁੱਦਿਆਂ ਦੇ ਹੱਲ ਲਈ ਸੰਵਾਦ ਅਤੇ ਕੂਟਨੀਤੀ ਦਾ ਰਸਤਾ ਅਪਣਾਇਆ ਜਾਣਾ ਚਾਹੀਦਾ ਹੈ।

49.  ਦੋਵਾਂ ਨੇਤਾਵਾਂ ਨੇ ਕੋਰੀਆਈ ਪ੍ਰਾਇਦੀਪ ਦੇ ਪੂਰਨ ਪ੍ਰਮਾਣੂ ਨਿਰਸੱਤਰੀਕਰਨ ਅਤੇ ਸਥਾਈ ਸ਼ਾਂਤੀ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਭਾਰਤ ਨੇ ਸਰਗਰਮ ਤਣਾਅ-ਨਿਊਨੀਕਰਨ ਅਤੇ ਵਿਸ਼ਵਾਸ-ਨਿਰਮਾਣ ਉਪਾਵਾਂ ਦੇ ਮਾਧਿਅਮ ਰਾਹੀਂ ਅੰਤਰ-ਕੋਰੀਆਈ ਵਾਰਤਾ ਨੂੰ ਮੁੜ ਸ਼ੁਰੂ ਕਰਨ ਦੇ ਆਰਓਕੇ ਦੇ ਯਤਨਾਂ ਦਾ ਸਮਰਥਨ ਕੀਤਾ, ਜਿਸ ਦਾ ਉਦੇਸ਼ ਅੰਤਰ-ਕੋਰੀਆਈ ਆਦਾਨ-ਪ੍ਰਦਾਨ ਦੇ ਵਿਸਤਾਰ, ਸਬੰਧਾਂ ਦੇ ਸਧਾਰਨੀਕਰਨ ਅਤੇ ਪੜਾਅਵਾਰ ਪ੍ਰਮਾਣੂ ਨਿਰਸੱਤਰੀਕਰਨ ਰਾਹੀਂ ਕੋਰੀਆਈ ਪ੍ਰਾਇਦੀਪ ’ਤੇ ਸ਼ਾਂਤੀਪੂਰਨ ਸਹਿ-ਹੋਂਦ ਅਤੇ ਸਾਂਝੇ ਵਿਕਾਸ ਨੂੰ ਪ੍ਰਾਪਤ ਕਰਨਾ ਹੈ। ਦੋਵਾਂ ਨੇਤਾਵਾਂ ਨੇ ਇਹ ਵੀ ਸੰਕਲਪ ਲਿਆ ਕਿ ਉਹ, ਵਿਸ਼ੇਸ਼ ਤੌਰ ’ਤੇ ਅੱਤਵਾਦੀਆਂ ਅਤੇ ਗੈਰ-ਰਾਜੀ ਤੱਤਾਂ ਤੱਕ ਇਨ੍ਹਾਂ ਦੇ ਪ੍ਰਸਾਰ ਨੂੰ ਰੋਕਣ ਲਈ, ਸਮੂਹਿਕ ਵਿਨਾਸ਼ ਦੇ ਹਥਿਆਰਾਂ ਅਤੇ ਉਨ੍ਹਾਂ ਦੀਆਂ ਲਾਂਚ ਪ੍ਰਣਾਲੀਆਂ ਦੇ ਪ੍ਰਸਾਰ ਨੂੰ ਰੋਕਣਗੇ।

50.  ਦੋਵਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਚਾਰਟਰ ਸਮੇਤ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਯੂਕ੍ਰੇਨ ਵਿੱਚ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਪ੍ਰਤੀ ਸਮਰਥਨ ਪ੍ਰਗਟ ਕੀਤਾ। ਉਨ੍ਹਾਂ ਨੇ ਸੰਵਾਦ ਅਤੇ ਕੂਟਨੀਤੀ ਦੇ ਮਾਧਿਅਮ ਰਾਹੀਂ ਯੂਕ੍ਰੇਨ ਵਿੱਚ ਦੁਸ਼ਮਣੀ ਦੀ ਸਮਾਪਤੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

51.  ਦੋਵਾਂ ਧਿਰਾਂ ਨੇ ਸੰਯੁਕਤ ਰਾਸ਼ਟਰ ਵਿੱਚ ਵਿਆਪਕ ਸੁਧਾਰਾਂ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ, ਜਿਸ ਵਿੱਚ ਸੁਰੱਖਿਆ ਕੌਂਸਲ ਦਾ ਵਿਸਤਾਰ ਸ਼ਾਮਲ ਹੈ, ਤਾਂ ਜੋ ਇਸ ਨੂੰ ਵਧੇਰੇ ਲੋਕਤੰਤਰੀ, ਜਵਾਬਦੇਹ, ਭਾਗੀਦਾਰ ਅਤੇ ਮੌਜੂਦਾ ਵਿਸ਼ਵ ਦਾ ਪ੍ਰਤੀਨਿਧ ਬਣਾਇਆ ਜਾ ਸਕੇ। ਇਸ ਤੋਂ ਇਲਾਵਾ, ਦੋਵਾਂ ਨੇਤਾਵਾਂ ਨੇ ਸਮਕਾਲੀ ਵਿਸ਼ਵ-ਵਿਆਪੀ ਹਕੀਕਤਾਂ ਨੂੰ ਦਰਸਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਸੁਧਾਰਾਂ ਦੀ ਦਿਸ਼ਾ ਵਿੱਚ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ।

52.  ਦੋਵਾਂ ਨੇਤਾਵਾਂ ਨੇ ਆਪਣੀ ਦੁਵੱਲੀ ਵਾਰਤਾ ਦੌਰਾਨ ਭਾਰਤ–ਕੋਰੀਆ ਗਣਰਾਜ ਵਿਸ਼ੇਸ਼ ਰਣਨੀਤਕ ਭਾਈਵਾਲੀ ਦੀ ਵਿਆਪਕ ਸਮੀਖਿਆ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਸਾਲ 2025 ਵਿੱਚ ਇਸ ਭਾਈਵਾਲੀ ਦੇ 10 ਸਾਲ ਪੂਰੇ ਹੋਣ ਅਤੇ ਡੂੰਘੇ ਸਹਿਯੋਗ ਦਾ ਇੱਕ ਦਹਾਕਾ ਹੋਣ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਆਉਣ ਵਾਲੇ ਸਾਲਾਂ ਵਿੱਚ ਇਸ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

 

***********

ਐੱਮਜੇਪੀਐੱਸ/ਐੱਸਟੀ


(Release ID: 2254387) ਵਿਜ਼ੀਟਰ ਕਾਊਂਟਰ : 3