ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਓਡੀਸ਼ਾ ਵਿੱਚ ਭਾਰਤ ਦੀ ਪਹਿਲੀ ਉੱਨਤ 3D ਸੈਮੀਕੰਡਕਟਰ ਪੈਕੇਜਿੰਗ ਯੂਨਿਟ ਦਾ ਨੀਂਹ ਪੱਥਰ ਰੱਖਿਆ ਗਿਆ; ਏਆਈ, 5G ਅਤੇ ਰੱਖਿਆ ਤਕਨਾਲੋਜੀ ਲਈ ਵੱਡਾ ਸਮਰਥਨ
ਓਡੀਸ਼ਾ ਭਾਰਤ ਨੂੰ ਸੈਮੀਕੰਡਕਟਰ ਅਤੇ ਇਲੈਕਟ੍ਰੌਨਿਕਸ ਨਿਰਮਾਣ ਵਿੱਚ ਆਤਮਨਿਰਭਰ ਬਣਾਉਣ ਦੇ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਤੇਜ਼ ਕਰਨ ਲਈ ਤਿਆਰ ਹੈ: ਮੁੱਖ ਮੰਤਰੀ ਮੋਹਨ ਚਰਨ ਮਾਝੀ
ਓਡੀਸ਼ਾ ਮਜ਼ਬੂਤ ਇਲੈਕਟ੍ਰੌਨਿਕਸ ਨਿਰਮਾਣ ਦੇ ਨਾਲ ਇੱਕ ਤੇਜ਼ੀ ਨਾਲ ਵਧ ਰਹੇ ਆਈਟੀ ਅਤੇ ਸੈਮੀਕੰਡਕਟਰ ਹੱਬ ਵਜੋਂ ਉਭਰ ਰਿਹਾ ਹੈ: ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ
Posted On:
19 APR 2026 5:02PM by PIB Chandigarh
ਭਾਰਤ ਦੀਆਂ ਸੈਮੀਕੰਡਕਟਰ ਉਮੀਦਾਂ ਅਤੇ ਭਵਿੱਖ ਲਈ ਤਿਆਰ ਤਕਨਾਲੋਜੀ ਮੰਜ਼ਿਲ ਵਜੋਂ ਓਡੀਸ਼ਾ ਦੇ ਉਭਾਰ ਲਈ ਇੱਕ ਮਹੱਤਵਪੂਰਨ ਪਲ ਵਿੱਚ, ਦੇਸ਼ ਦੀ ਪਹਿਲੀ ਉੱਨਤ 3D ਚਿੱਪ ਪੈਕੇਜਿੰਗ ਯੂਨਿਟ ਦਾ ਨੀਂਹ ਪੱਥਰ ਅੱਜ ਭੁਵਨੇਸ਼ਵਰ ਦੇ ਇਨਫੋ ਵੈਲੀ ਵਿੱਚ ਰੱਖਿਆ ਗਿਆ। ਇਹ ਪ੍ਰੋਜੈਕਟ ਭਾਰਤ ਦੇ ਘਰੇਲੂ ਸੈਮੀਕੰਡਕਟਰ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਉੱਚ-ਪੱਧਰ ਵਾਲੇ ਇਲੈਕਟ੍ਰੌਨਿਕਸ ਨਿਰਮਾਣ ਵਿੱਚ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਦਰਸਾਉਂਦਾ ਹੈ।


3D ਗਲਾਸ ਸੌਲਿਊਸ਼ਨਸ ਦੁਆਰਾ ਸਮਰਥਿਤ ਹੇਟਰੋਜੀਨੀਅਸ ਇੰਟੀਗ੍ਰੇਸ਼ਨ ਪੈਕੇਜਿੰਗ ਸੌਲਿਊਸ਼ਨਸ ਪ੍ਰੋਜੈਕਟ ਦਾ ਨੀਂਹ ਪੱਥਰ ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਝੀ ਅਤੇ ਰੇਲਵੇ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਦੀ ਮੌਜੂਦਗੀ ਵਿੱਚ ਰੱਖਿਆ ਗਿਆ। ਇਸ ਪ੍ਰੋਜੈਕਟ ਦੇ ਲਾਂਚ ਦੇ ਨਾਲ, ਓਡੀਸ਼ਾ ਦੁਨੀਆ ਦੀਆਂ ਕੁਝ ਸਭ ਤੋਂ ਉੱਨਤ ਚਿੱਪ ਪੈਕੇਜਿੰਗ ਤਕਨਾਲੋਜੀਆਂ ਦਾ ਕੇਂਦਰ ਬਣ ਜਾਵੇਗਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਝੀ ਨੇ ਇਸ ਪ੍ਰੋਜੈਕਟ ਨੂੰ ਓਡੀਸ਼ਾ ਅਤੇ ਦੇਸ਼ ਲਈ ਇੱਕ ਇਤਿਹਾਸਕ ਪ੍ਰਾਪਤੀ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪਹਿਲੀ ਵਾਰ, ਇੱਕ ਉੱਨਤ 3D ਗਲਾਸ ਸੌਲਿਊਸ਼ਨ ਸੈਮੀਕੰਡਕਟਰ ਪ੍ਰੋਜੈਕਟ ਸਥਾਪਿਤ ਕੀਤਾ ਜਾ ਰਿਹਾ ਹੈ, ਜੋ ਕਿ ਰਾਜ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਵਿਸ਼ਵ-ਪ੍ਰਮੁੱਖ ਤਕਨਾਲੋਜੀ ਕੰਪਨੀਆਂ ਜਿਵੇਂ ਕਿ ਇੰਟੇਲ, ਲੌਕਹੀਡ ਮਾਰਟਿਨ, ਅਤੇ ਅਪਲਾਈਡ ਮੈਟੀਰੀਅਲਜ਼ ਅਤਿ-ਆਧੁਨਿਕ ਪੈਕੇਜਿੰਗ ਤਕਨਾਲੋਜੀਆਂ ਵਿੱਚ ਸ਼ਾਮਲ ਹਨ ਅਤੇ ਓਡੀਸ਼ਾ ਵਿੱਚ ਉਨ੍ਹਾਂ ਦੀ ਦਿਲਚਸਪੀ ਰਾਜ ਦੀ ਵਧਦੀ ਉਦਯੋਗਿਕ ਤਾਕਤ ਨੂੰ ਦਰਸਾਉਂਦੀ ਹੈ।
ਮੁੱਖ ਮੰਤਰੀ ਨੇ ਸੰਕੇਤ ਦਿੱਤਾ ਕਿ ਰਾਜ ਵਿੱਚ ਬਣਾਏ ਗਏ ਉਤਪਾਦ ਅਗਲੀ ਪੀੜ੍ਹੀ ਦੇ ਖੇਤਰਾਂ ਜਿਵੇਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ, ਉੱਚ-ਪ੍ਰਦਰਸ਼ਨ ਕੰਪਿਊਟਿੰਗ, ਰੱਖਿਆ ਇਲੈਕਟ੍ਰੌਨਿਕਸ, ਦੂਰਸੰਚਾਰ ਅਤੇ ਉੱਨਤ ਡਿਜੀਟਲ ਪ੍ਰਣਾਲੀਆਂ ਦਾ ਸਮਰਥਨ ਕਰਨਗੇ। ਉਨ੍ਹਾਂ ਕਿਹਾ, "ਓਡੀਸ਼ਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਭਾਰਤ ਨੂੰ ਸੈਮੀਕੰਡਕਟਰ ਅਤੇ ਇਲੈਕਟ੍ਰੌਨਿਕਸ ਨਿਰਮਾਣ ਵਿੱਚ ਸਵੈ-ਨਿਰਭਰ ਬਣਾਉਣ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਤਿਆਰ ਹੈ।"
ਸ਼੍ਰੀ ਮਾਝੀ ਨੇ ਦੱਸਿਆ ਕਿ ਕੰਪਨੀ ਇਸ ਪ੍ਰੋਜੈਕਟ ਵਿੱਚ ਲਗਭਗ 2,000 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ ਅਤੇ ਇਸ ਸਹੂਲਤ ਤੋਂ ਪ੍ਰਤੀ ਸਾਲ 70,000 ਗਲਾਸ ਪੈਨਲ, 50 ਮਿਲੀਅਨ ਅਸੈਂਬਲਡ ਯੂਨਿਟ ਅਤੇ ਲਗਭਗ 13,000 ਐਡਵਾਂਸਡ 3DHI ਮੌਡੀਊਲ ਪੈਦਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਓਡੀਸ਼ਾ ਦੇਸ਼ ਦਾ ਇਕਲੌਤਾ ਰਾਜ ਬਣ ਗਿਆ ਹੈ ਜਿੱਥੇ ਭਾਰਤ ਦੀ ਪਹਿਲੀ ਮਿਸ਼ਰਿਤ ਸੈਮੀਕੰਡਕਟਰ ਫੈਬਰੀਕੇਸ਼ਨ ਯੂਨਿਟ ਅਤੇ ਪਹਿਲੀ 3D ਗਲਾਸ ਸਬਸਟਰੇਟ ਪੈਕੇਜਿੰਗ ਸਹੂਲਤ ਸਥਾਪਿਤ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਓਡੀਸ਼ਾ ਵਿੱਚ ਵਧ ਰਿਹਾ ਸੈਮੀਕੰਡਕਟਰ ਈਕੋਸਿਸਟਮ ਇੰਜੀਨੀਅਰਿੰਗ ਗ੍ਰੈਜੂਏਟਾਂ, ਡਿਪਲੋਮਾ ਧਾਰਕਾਂ ਅਤੇ ਆਈਟੀਆਈ ਵਿਦਿਆਰਥੀਆਂ ਲਈ ਵੱਡੇ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ, ਜਿਸ ਨਾਲ ਰਾਜ ਨੂੰ ਸਰੋਤ-ਅਧਾਰਿਤ ਅਰਥਵਿਵਸਥਾ ਤੋਂ ਤਕਨਾਲੋਜੀ-ਅਧਾਰਿਤ ਵਿਕਾਸ ਕੇਂਦਰ ਵਿੱਚ ਬਦਲਣ ਵਿੱਚ ਮਦਦ ਮਿਲੇਗੀ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਇਸ ਇਤਿਹਾਸਕ ਪਹਿਲਕਦਮੀ ਲਈ ਓਡੀਸ਼ਾ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਰਾਜ ਸਰਕਾਰ ਦੁਆਰਾ ਦਿੱਤੇ ਗਏ ਸਮਰਥਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਭਾਰਤ ਦਾ ਸੈਮੀਕੰਡਕਟਰ ਸੈਕਟਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਓਡੀਸ਼ਾ ਇਸ ਪਰਿਵਰਤਨ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਵਜੋਂ ਉਭਰ ਰਿਹਾ ਹੈ।
ਸ਼੍ਰੀ ਵੈਸ਼ਣਵ ਨੇ ਕਿਹਾ ਕਿ ਓਡੀਸ਼ਾ, ਜੋ ਕਿ ਰਵਾਇਤੀ ਤੌਰ 'ਤੇ ਖਣਿਜਾਂ, ਧਾਤਾਂ ਅਤੇ ਊਰਜਾ ਵਿੱਚ ਅਪਣੀਆਂ ਸ਼ਕਤੀਆਂ ਲਈ ਜਾਣਿਆ ਜਾਂਦਾ ਹੈ, ਹੁਣ ਹੌਲੀ-ਹੌਲੀ ਇਲੈਕਟ੍ਰੌਨਿਕਸ, ਆਈਟੀ ਅਤੇ ਸੈਮੀਕੰਡਕਟਰਾਂ ਵਰਗੇ ਉੱਨਤ ਖੇਤਰਾਂ ਵਿੱਚ ਸਥਾਨ ਪ੍ਰਾਪਤ ਕਰ ਰਿਹਾ ਹੈ। ਇਸ ਪ੍ਰੋਜੈਕਟ ਨੂੰ ਆਪਣੀ ਕਿਸਮ ਦੀਆਂ ਸਭ ਤੋਂ ਉੱਨਤ ਨਿਰਮਾਣ ਪਹਿਲਕਦਮੀਆਂ ਵਿੱਚੋਂ ਇੱਕ ਦੱਸਦਿਆਂ, ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਸੈਮੀਕੰਡਕਟਰ ਮੁੱਲ ਲੜੀ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ਕਰੇਗਾ।
ਇਲੈਕਟ੍ਰੌਨਿਕਸ ਨਿਰਮਾਣ ਖੇਤਰ ਵਿੱਚ ਦੇਸ਼ ਦੀ ਪ੍ਰਗਤੀ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਵੈਸ਼ਣਵ ਨੇ ਕਿਹਾ ਕਿ ਪਿਛਲੇ 12 ਵਰ੍ਹਿਆਂ ਵਿੱਚ ਇਸ ਖੇਤਰ ਵਿੱਚ ਉਤਪਾਦਨ ਛੇ ਗੁਣਾ ਵਧਿਆ ਹੈ। ਉਨ੍ਹਾਂ ਅੱਗੇ ਕਿਹਾ, "ਭਾਰਤ ਹੁਣ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਨਿਰਮਾਤਾ ਬਣ ਗਿਆ ਹੈ ਅਤੇ 2025 ਤੱਕ ਮੋਬਾਈਲ ਫੋਨਾਂ ਦੇ ਮੋਹਰੀ ਨਿਰਯਾਤਕ ਵਜੋਂ ਉਭਰੇਗਾ।"
ਉਨ੍ਹਾਂ ਅੱਗੇ ਕਿਹਾ ਕਿ ਇੰਡੀਆ ਸੈਮੀਕੰਡਕਟਰ ਮਿਸ਼ਨ ਦੇ ਤਹਿਤ ਓਡੀਸ਼ਾ ਲਈ ਦੋ ਸੈਮੀਕੰਡਕਟਰ ਪ੍ਰੋਜੈਕਟ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ, ਜਦੋਂ ਕਿ ਇਲੈਕਟ੍ਰੌਨਿਕਸ ਅਤੇ ਸੈਮੀਕੰਡਕਟਰਾਂ ਨਾਲ ਸਬੰਧਿਤ ਤਿੰਨ ਹੋਰ ਪ੍ਰਸਤਾਵ ਉਪਲਬਧ ਹਨ। ਉਨ੍ਹਾਂ ਅੱਗੇ ਕਿਹਾ, "ਰਾਜ ਵਿੱਚ ਭਵਿੱਖ ਦੇ ਨਿਵੇਸ਼ਾਂ ਲਈ ਇੰਟੇਲ ਸਮੇਤ ਪ੍ਰਮੁੱਖ ਵਿਸ਼ਵਵਿਆਪੀ ਕੰਪਨੀਆਂ ਨਾਲ ਵਿਚਾਰ-ਵਟਾਂਦਰਾ ਚੱਲ ਰਿਹਾ ਹੈ।"
ਰੇਲਵੇ ਬੁਨਿਆਦੀ ਢਾਂਚੇ ਬਾਰੇ, ਸ਼੍ਰੀ ਵੈਸ਼ਣਵ ਨੇ ਕਿਹਾ ਕਿ ਓਡੀਸ਼ਾ ਵਿੱਚ ਇਸ ਸਮੇਂ 90,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਚੱਲ ਰਹੇ ਹਨ, ਜੋ ਰੇਲ ਸੰਪਰਕ ਦੇ ਬੇਮਿਸਾਲ ਵਿਸਥਾਰ ਨੂੰ ਦਰਸਾਉਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਨੂੰ 10,928 ਕਰੋੜ ਰੁਪਏ ਦਾ ਰਿਕਾਰਡ ਰੇਲਵੇ ਬਜਟ ਅਲਾਟਮੈਂਟ ਪ੍ਰਾਪਤ ਹੋਇਆ ਹੈ, ਜਦੋਂ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 59 ਸਟੇਸ਼ਨਾਂ ਦਾ ਪੁਨਰ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਓਡੀਸ਼ਾ ਦੇ ਸਾਰੇ 30 ਜ਼ਿਲ੍ਹਿਆਂ ਨੂੰ ਯੋਜਨਾਬੱਧ ਪ੍ਰੋਗਰਾਮਾਂ ਰਾਹੀਂ ਰੇਲ ਆਵਾਜਾਈ ਕਵਰੇਜ ਅਧੀਨ ਲਿਆਂਦਾ ਜਾ ਰਿਹਾ ਹੈ ਅਤੇ ਬਾਲਾਸੋਰ ਤੋਂ ਬ੍ਰਹਮਪੁਰ ਤੱਕ ਪ੍ਰਸਤਾਵਿਤ ਚਾਰ-ਲਾਈਨ ਤੱਟਵਰਤੀ ਰੇਲ ਕੌਰੀਡੋਰ ਵਰਗੇ ਵੱਡੇ ਪ੍ਰੋਜੈਕਟ ਵੀ ਚੱਲ ਰਹੇ ਹਨ। ਸ਼੍ਰੀ ਵੈਸ਼ਣਵ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਰਿਵਰਤਨਸ਼ੀਲ ਪਹਿਲਕਦਮੀਆਂ ਖੇਤਰੀ ਆਵਾਜਾਈ ਸੰਪਰਕ ਨੂੰ ਮਜ਼ਬੂਤ ਕਰਨਗੀਆਂ, ਆਰਥਿਕ ਵਿਕਾਸ ਨੂੰ ਸਮਰਥਨ ਦੇਣਗੀਆਂ ਅਤੇ ਓਡੀਸ਼ਾ ਨੂੰ ਰਾਸ਼ਟਰੀ ਮਾਲ ਅਤੇ ਯਾਤਰੀ ਨੈੱਟਵਰਕ ਨਾਲ ਹੋਰ ਨੇੜਿਓਂ ਜੋੜਨਗੀਆਂ।
ਸਰਕਾਰ ਦੇ ਵਿਜ਼ਨ ਨੂੰ ਦੁਹਰਾਉਂਦੇ ਹੋਏ, ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਓਡੀਸ਼ਾ ਵਿੱਚ ਰੇਲਵੇ ਬੁਨਿਆਦੀ ਢਾਂਚੇ ਨੂੰ ਗਤੀ, ਸੁਰੱਖਿਆ ਅਤੇ ਯਾਤਰੀ ਸਹੂਲਤ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਨਿਰੰਤਰ ਅਪਗ੍ਰੇਡ ਕੀਤਾ ਜਾਵੇਗਾ, ਜਿਸ ਨਾਲ ਰਾਜ ਦੇ ਸਾਰੇ ਹਿੱਸਿਆਂ ਵਿੱਚ ਸੰਤੁਲਿਤ ਅਤੇ ਸਮਾਵੇਸ਼ੀ ਵਿਕਾਸ ਯਕੀਨੀ ਬਣਾਇਆ ਜਾਵੇਗਾ।
ਰਾਜ ਦੇ ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰੀ ਡਾ. ਮੁਕੇਸ਼ ਮਹਾਲਿੰਗ ਨੇ ਕਿਹਾ ਕਿ ਓਡੀਸ਼ਾ ਤੇਜ਼ੀ ਨਾਲ ਇੱਕ ਸੈਮੀਕੰਡਕਟਰ ਹੱਬ ਵਜੋਂ ਉਭਰ ਰਿਹਾ ਹੈ, ਜਿਸ ਵਿੱਚ ਇੰਡੀਆ ਸੈਮੀਕੰਡਕਟਰ ਮਿਸ਼ਨ ਦੇ ਤਹਿਤ ਦੋ ਪ੍ਰਵਾਨਿਤ ਪ੍ਰੋਜੈਕਟ ਸ਼ਾਮਲ ਹਨ, ਜਿਨ੍ਹਾਂ ਵਿੱਚ ਅੱਜ ਐਡਵਾਂਸਡ 3D ਗਲਾਸ ਯੂਨਿਟ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀਆਂ ਆਈਟੀ, ਏਆਈ, ਜੀਸੀਸੀ ਅਤੇ ਸੈਮੀਕੰਡਕਟਰ ਨੀਤੀਆਂ 2025 ਨਵੀਨਤਾ ਨੂੰ ਉਤਸ਼ਾਹਿਤ ਕਰਨਗੀਆਂ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨਗੀਆਂ। ਹੁਨਰ ਵਿਕਾਸ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਉਦਯੋਗ ਲਈ ਤਿਆਰ ਕਾਰਜਬਲ ਬਣਾਉਣ ਲਈ ਸਕੌਲਰਸ਼ਿਪ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਲੈਕਸਵਾਨ ਸੰਮੇਲਨ 2026 ਅਤੇ ਏਆਈ ਨਿਵੇਸ਼ ਵਧਾਉਣ ਵਰਗੀਆਂ ਪਹਿਲਕਦਮੀਆਂ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੀਆਂ ਅਤੇ ਭਵਿੱਖ ਦੀਆਂ ਤਕਨਾਲੋਜੀਆਂ ਵਿੱਚ ਓਡੀਸ਼ਾ ਦੀ ਲੀਡਰਸ਼ਿਪ ਸਥਿਤੀ ਨੂੰ ਮਜ਼ਬੂਤ ਕਰਨਗੀਆਂ।
ਇਹ ਪ੍ਰੋਜੈਕਟ 3D ਗਲਾਸ ਸੌਲਿਊਸ਼ਨਜਸ ਇੰਕ (3DGS) ਅਮਰੀਕਾ ਦੁਆਰਾ ਆਪਣੀ ਪੂਰੀ ਮਲਕੀਅਤ ਵਾਲੀ ਭਾਰਤੀ ਸਹਾਇਕ ਕੰਪਨੀ, ਹੇਟਰੋਜੀਨੀਅਸ ਇੰਟੀਗ੍ਰੇਸ਼ਨ ਪੈਕੇਜਿੰਗ ਸੌਲਿਊਸ਼ਨਸ ਪ੍ਰਾਈਵੇਟ ਲਿਮਿਟੇਡ (HIPSPL) ਰਾਹੀਂ ਖੋਰਧਾ ਜ਼ਿਲ੍ਹੇ ਦੇ ਇਨਫੋ ਵੈਲੀ ਵਿਖੇ ਲਾਗੂ ਕੀਤਾ ਜਾ ਰਿਹਾ ਹੈ। ਇਹ ਇੱਕ ਗ੍ਰੀਨਫੀਲਡ, ਵਰਟੀਕਲ ਤੌਰ 'ਤੇ ਏਕੀਕ੍ਰਿਤ ਐਡਵਾਂਸਡ ਪੈਕੇਜਿੰਗ ਅਤੇ ਏਮਬੈਡਡ ਗਲਾਸ ਸਬਸਟ੍ਰੇਟ ATMP ਸੁਵਿਧਾ ਕੇਂਦਰ ਹੈ।
ਇਸ ਪ੍ਰੋਜੈਕਟ ਵਿੱਚ ਕੁੱਲ ਨਿਵੇਸ਼ 1,943.53 ਕਰੋੜ ਰੁਪਏ ਹੈ, ਜਿਸ ਵਿੱਚ 799 ਕਰੋੜ ਰੁਪਏ ਦੀ ਪ੍ਰਵਾਨਿਤ ਕੇਂਦਰੀ ਵਿੱਤੀ ਸਹਾਇਤਾ ਅਤੇ ਲਗਭਗ 399.5 ਕਰੋੜ ਰੁਪਏ ਦੀ ਵਾਧੂ ਰਾਜ ਸਹਾਇਤਾ ਸ਼ਾਮਲ ਹੈ।
ਇਹ ਸਹੂਲਤ ਉੱਚ-ਵਿਕਾਸ ਵਾਲੇ ਖੇਤਰਾਂ ਜਿਵੇਂ ਕਿ ਡੇਟਾ ਸੈਂਟਰ, ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, 5G/6G ਸੰਚਾਰ, ਆਟੋਮੋਟਿਵ ਰਾਡਾਰ, ਰੱਖਿਆ ਇਲੈਕਟ੍ਰੌਨਿਕਸ, ਸਪੇਸ ਐਪਲੀਕੇਸ਼ਨ ਅਤੇ ਫੋਟੋਨਿਕਸ ਦੀ ਸੇਵਾ ਕਰੇਗੀ। ਵਪਾਰਕ ਉਤਪਾਦਨ ਅਗਸਤ 2028 ਤੱਕ ਸ਼ੁਰੂ ਹੋਣ ਦੀ ਉਮੀਦ ਹੈ, ਅਗਸਤ 2030 ਲਈ ਪੂਰੇ ਪੈਮਾਨੇ 'ਤੇ ਉਤਪਾਦਨ ਦਾ ਟੀਚਾ ਹੈ।
ਇਸ ਸਮਾਗਮ ਵਿੱਚ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲੇ ਦੇ ਸਕੱਤਰ ਸ਼੍ਰੀ ਐੱਸ. ਕ੍ਰਿਸ਼ਣਨ, ਓਡੀਸ਼ਾ ਦੀ ਮੁੱਖ ਸਕੱਤਰ ਸ਼੍ਰੀਮਤੀ ਅਨੁ ਗਰਗ, ਉਦਯੋਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਹੇਮੰਤ ਸ਼ਰਮਾ, ਇਲੈਕਟ੍ਰੌਨਿਕਸ ਅਤੇ ਆਈਟੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਵਿਸ਼ਾਲ ਕੁਮਾਰ ਦੇਵ ਅਤੇ 3ਡੀ ਗਲਾਸ ਸੌਲਿਊਸ਼ਨਸ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਬਾਬੂ ਮੰਡਵਾ ਸਮੇਤ ਕਈ ਪਤਵੰਤੇ ਸ਼ਾਮਲ ਹੋਏ।
************
ਮਨੋਜ/ਮਨੀਸ਼
(Release ID: 2253654)
ਵਿਜ਼ੀਟਰ ਕਾਊਂਟਰ : 8