ਆਯੂਸ਼
ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਵਰਲਡ ਹੋਮਿਓਪੈਥੀ ਡੇਅ-2026 ਦੇ ਰੂਪ ਵਿੱਚ ਆਯੋਜਿਤ ਹੋਣ ਵਾਲੇ ਦੋ-ਦਿਨਾਂ ਇੰਟਰਐਕਟਿਵ ਫੋਰਮ ਦਾ ਉਦਘਾਟਨ ਕਰਨਗੇ
Posted On:
09 APR 2026 11:39AM by PIB Chandigarh
ਆਯੁਸ਼ ਮੰਤਰਾਲਾ 10 ਅਪ੍ਰੈਲ, 2026 ਨੂੰ ਵਿਗਿਆਨ ਭਵਨ ਵਿਖੇ ਵਰਲਡ ਹੋਮਿਓਪੈਥੀ ਡੇਅ-2026 ਮਨਾਏਗਾ। ਇਸ ਮੌਕੇ ‘ਤੇ ਦੋ-ਦਿਨਾਂ ਇੰਟਰਐਕਟਿਵ ਫੋਰਮ ਦਾ ਆਯੋਜਨ ਵੀ ਕੀਤਾ ਜਾਵੇਗਾ। ਇਸ ਇੰਟਰਐਕਟਿਵ ਫੋਰਮ ਵਿੱਚ ਪ੍ਰਮੁੱਖ ਨੀਤੀ ਨਿਰਮਾਤਾ, ਰਿਸਰਚਰ, ਪ੍ਰੈਕਟਿਸ਼ਨਰ ਅਤੇ ਵਫਦਾਂ ਨਾਲ ਇਕੱਠੇ ਆ ਕੇ ਟਿਕਾਊ ਸਿਹਤ ਸੰਭਾਲ ਪ੍ਰਣਾਲੀਆਂ ਦੇ ਨਿਰਮਾਣ ਵਿੱਚ ਹੋਮਿਓਪੈਥੀ ਦੀ ਉੱਭਰਦੀ ਭੂਮਿਕਾ ਬਾਰੇ ਵਿਚਾਰ –ਵਟਾਂਦਰਾ ਕਰਨਗੇ।
ਇਸ ਦਾ ਵਿਸ਼ਾ “ਟਿਕਾਊ ਸਿਹਤ ਲਈ ਹੋਮਿਓਪੈਥੀ” ਹੈ। ਇਸ ਵਰ੍ਹੇ ਦਾ ਆਯੋਜਨ ਇਸ ਗੱਲ ‘ਤੇ ਚਾਨਣਾ ਪਾਏਗਾ ਕਿ ਹੋਮਿਓਪੈਥੀ ਕਿਵੇਂ ਸਿਹਤ ਸੰਭਾਲ ਲਈ ਇੱਕ ਸੰਪੂਰਨ, ਲਾਗਤ ਪ੍ਰਭਾਵੀ ਅਤੇ ਵਾਤਾਵਰਣ ਦੇ ਪ੍ਰਤੀ ਜ਼ਿੰਮੇਵਾਰ ਦ੍ਰਿਸ਼ਟੀਕੋਣ ਪ੍ਰਦਾਨ ਕਰਦੀ ਹੈ- ਜੋ ਯੂਨੀਵਰਸਲ ਹੈਲਥ ਕਵਰੇਜ਼ ਅਤੇ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚਿਆਂ, ਵਿਸ਼ੇਸ਼ ਤੌਰ ‘ਤੇ ਚੰਗੀ ਸਿਹਤ ਅਤੇ ਭਲਾਈ ‘ਤੇ ਟਿਕਾਊ ਵਿਕਾਸ ਟੀਚਾ 3 (SDG3) ਜਿਹੀਆਂ ਆਲਮੀ ਤਰਜੀਹਾਂ ਦੇ ਅਨੁਸਾਰ ਹੈ।
ਇਸ ਪ੍ਰੋਗਰਾਮ ਵਿੱਚ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਅਤੇ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਦੇ ਨਾਲ –ਨਾਲ ਦੇਸ਼ ਭਰ ਦੇ ਸੀਨੀਅਰ ਸਰਕਾਰੀ ਅਧਿਕਾਰੀ ਅਤੇ ਪ੍ਰਸਿੱਧ ਮਾਹਿਰ ਮੌਜੂਦ ਰਹਿਣਗੇ।
ਸੈਂਟਰਲ ਕੌਂਸਲ ਫਾਰ ਰਿਸਰਚ ਇਨ ਹੋਮਿਓਪੈਥੀ (CCRH), ਦੁਆਰਾ ਆਯੋਜਿਤ ਇਸ ਪ੍ਰੋਗਰਾਮ ਵਿੱਚ ਹੋਮਿਓਪੈਥੀ ਦੇ ਖੇਤਰ ਵਿੱਚ ਮੁੱਖ ਖੋਜ ਤਰੱਕੀਆਂ, ਜਨਤਕ ਸਿਹਤ ਪਹਿਲਕਦਮੀਆਂ ਅਤੇ ਨੀਤੀਗਤ ਵਿਕਾਸ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਵਿੱਚ ਵਿਗਿਆਨਿਕ ਮਾਨਤਾ, ਨੈਤਿਕ ਮਿਆਰਾਂ ਨੂੰ ਮਜ਼ਬੂਤ ਕਰਨ ਅਤੇ ਹੋਮਿਓਪੈਥੀ ਨੂੰ ਸਿਹਤ ਪ੍ਰਣਾਲੀਆਂ ਦੀ ਮੁੱਖ ਧਾਰਾ ਵਿੱਚ ਏਕੀਕ੍ਰਿਤ ਕਰਨ ‘ਤੇ ਵੀ ਵਿਚਾਰ –ਵਟਾਂਦਰਾ ਕੀਤਾ ਜਾਵੇਗਾ।
ਸਿਹਤ ਸੰਭਾਲ ਦੀ ਵਧਦੀ ਲਾਗਤ, ਪੁਰਾਣੀਆਂ ਬਿਮਾਰੀਆਂ ਦੇ ਵਧਦੇ ਬੋਝ ਅਤੇ ਰੋਗਾਣੂਨਾਸ਼ਕ ਪ੍ਰਤੀਰੋਧ ਵਰਗੀਆਂ ਵਧ ਰਹੀਆਂ ਚਿੰਤਾਵਾਂ ਦੇ ਸੰਦਰਭ ਵਿੱਚ, ਇਹ ਆਯੋਜਨ ਇੱਕ ਸਥਾਈ ਮੈਡੀਕਲ ਸਿਸਟਮ ਵਜੋਂ ਹੋਮਿਓਪੈਥੀ ਦੀ ਸਮਰੱਥਾ ਨੂੰ ਰੇਖਾਂਕਿਤ ਕਰੇਗਾ- ਜੋ ਕਿ ਘੱਟੋ-ਘੱਟ ਵਾਤਾਵਰਣਕ ਸਬੰਧੀ ਪ੍ਰਭਾਵ, ਸੰਸਾਧਨਾਂ ਦੀ ਤਰਕਸੰਗਤ ਵਰਤੋਂ ਅਤੇ ਸਰੀਰ ਦੀਆਂ ਜਨਮਜਾਤ ਇਲਾਜ ਵਿਧੀਆਂ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ ਕੇਂਦ੍ਰਿਤ ਹੈ।
ਵਿਸ਼ੇਸ਼ ਸੈਸ਼ਨਾਂ ਵਿੱਚ ਰੋਕਥਾਮ ਅਤੇ ਪ੍ਰਮੋਸ਼ਨਲ ਹੈਲਥਕੇਅਰ, ਜੀਵਨ ਸ਼ੈਲੀ ਨਾਲ ਸਬੰਧਿਤ ਅਤੇ ਪੁਰਾਣੀਆਂ ਬਿਮਾਰੀਆਂ ਦੇ ਪ੍ਰਬੰਧਨ ਵਿੱਚ ਹੋਮਿਓਪੈਥੀ ਦੀ ਭੂਮਿਕਾ ਅਤੇ ਰਵਾਇਤੀ ਡਾਕਟਰੀ ਇਲਾਜਾਂ 'ਤੇ ਨਿਰਭਰਤਾ ਨੂੰ ਘੱਟ ਕਰਨ ਵਿੱਚ ਇਸ ਦੇ ਯੋਗਦਾਨ ਬਾਰੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਵਾਤਾਵਰਣ-ਅਨੁਕੂਲ ਚਿਕਿਤਸਕ ਅਭਿਆਸਾਂ, ਜੈਵ ਵਿਭਿੰਨਤਾ ਸੰਭਾਲ ਅਤੇ ਆਧੁਨਿਕ ਵਿਗਿਆਨਿਕ ਖੋਜ ਨਾਲ ਰਵਾਇਤੀ ਗਿਆਨ ਨੂੰ ਜੋੜਨ ਦੇ ਮਹੱਤਵ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਪਿਛਲੇ ਕੁਝ ਵਰ੍ਹਿਆਂ ਵਿੱਚ, ਦੇਸ਼ ਵਿੱਚ ਅਤੇ ਆਲਮੀ ਪੱਧਰ ‘ਤੇ, ਖਾਸ ਤੌਰ ‘ਤੇ ਕਮਿਊਨਿਟੀ ਹੈਲਥਕੇਅਰ ਅਤੇ ਜਨਤਕ ਸਿਹਤ ਸਬੰਧੀ ਪਹਿਲਕਦਮੀਆਂ ਵਿੱਚ, ਹੋਮਿਓਪੈਥੀ ਦੀ ਸਵੀਕ੍ਰਿਤੀ ਵਿੱਚ ਵਾਧਾ ਦੇਖਿਆ ਗਿਆ ਹੈ। ਆਯੁਸ਼ ਮੰਤਰਾਲੇ ਸਬੂਤ-ਅਧਾਰਿਤ ਅਭਿਆਸਾਂ, ਬਿਹਤਰ ਪਹੁੰਚ ਅਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਵਿੱਚ ਏਕੀਕਰਣ ਰਾਹੀਂ ਇਸ ਦੀ ਪਹੁੰਚ ਵਧਾਉਣ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ।
ਵਰਲਡ ਹੋਮਿਓਪੈਥੀ ਡੇਅ-2026 ਤੋਂ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਨੂੰ ਹੁਲਾਰਾ ਦੇਣ ਵਿੱਚ ਭਾਰਤ ਦੀ ਅਗਵਾਈ ਨੂੰ ਹੋਰ ਮਜ਼ਬੂਤ ਕਰਨ ਅਤੇ ਇੱਕ ਲਚਕਦਾਰ, ਸਮਾਵੇਸ਼ੀ ਅਤੇ ਟਿਕਾਊ ਸਿਹਤ ਸੰਭਾਲ ਈਕੋਸਿਸਟਮ ਬਣਾਉਣ ਦੇ ਉਦੇਸ਼ ਨਾਲ ਕੀਤੇ ਜਾ ਰਹੇ ਯਤਨਾਂ ਨੂੰ ਨਵੀਂ ਗਤੀ ਪ੍ਰਦਾਨ ਕਰਨ ਦੀ ਉਮੀਦ ਹੈ।
ਇਹ ਸਮਾਗਮ ਹਿਤਧਾਰਕਾਂ ਦਰਮਿਆਨ, ਸੰਵਾਦ, ਸਹਿਯੋਗ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਮੰਚ ਵਜੋਂ ਵੀ ਕੰਮ ਕਰੇਗਾ ਜਿਸ ਨਾਲ ਇੱਕ ਅਜਿਹੇ ਭਵਿੱਖ ਦਾ ਮਾਰਗ ਪੱਧਰਾ ਹੋਵੇਗਾ ਜਿੱਥੇ ਸਿਹਤ ਸੰਭਾਲ ਨਾ ਸਿਰਫ਼ ਪ੍ਰਭਾਵੀ ਹੋਵੇ ਸਗੋਂ ਨਿਆਂਸੰਗਤ, ਵਾਤਾਵਰਣ ਪ੍ਰਤੀ ਜਾਗਰੂਕ ਅਤੇ ਟਿਕਾਊ ਵੀ ਹੋਵੇ।
*********
ਐੱਸਆਰ/ਐੱਸਵੀ/ਐੱਸਜੀ/ਏਕੇ
(Release ID: 2250470)
ਵਿਜ਼ੀਟਰ ਕਾਊਂਟਰ : 10