ਰੇਲ ਮੰਤਰਾਲਾ
azadi ka amrit mahotsav

ਭੀੜ-ਭੜੱਕੇ ਵਾਲੇ ਸਮੇਂ ਦੌਰਾਨ ਰੇਲ ਯਾਤਰਾ ਨੂੰ ਆਰਾਮਦਾਇਕ ਅਤੇ ਸੁਰੱਖਿਅਤ ਬਣਾਉਣ ਲਈ ਉਡੀਕ ਘਰਾਂ ਸਮੇਤ ਦੇਸ਼ ਭਰ ਦੇ 76 ਸਟੇਸ਼ਨਾਂ ਨੂੰ ਸਾਰੀਆਂ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ


ਯਾਤਰੀਆਂ ਦੀ ਆਵਾਜਾਈ ਸੁਖਾਲੀ ਅਤੇ ਨਿਰਵਿਘਨ ਬਣਾਉਣ ਲਈ ਐਕਸੈੱਸ ਕੰਟਰੋਲ, ਚੌੜੇ ਫੁੱਟਓਵਰ ਬ੍ਰਿਜ ਅਤੇ ਏਆਈ-ਆਧਾਰਿਤ ਸੀਸੀਟੀਵੀ ਸਿਸਟਮ ਲਾਏ ਜਾਣਗੇ

ਜ਼ਮੀਨੀ ਪੱਧਰ 'ਤੇ ਤਾਲਮੇਲ ਬਿਹਤਰ ਬਣਾਉਣ ਲਈ ਵਾਰ ਰੂਮ, ਆਧੁਨਿਕ ਸੰਚਾਰ ਉਪਕਰਨ ਅਤੇ ਕਿਊਆਰ -ਆਧਾਰਿਤ ਆਈਡੀ ਸਿਸਟਮ ਲਾਏ ਜਾਣਗੇ

ਵਾਧੂ ਟਿਕਟ ਕਾਊਂਟਰ, ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨ, ਆਰਓ ਪੀਣ ਵਾਲਾ ਪਾਣੀ ਅਤੇ ਮਰਦਾਂ, ਔਰਤਾਂ ਤੇ ਦਿਵਿਆਂਗਜਨਾਂ ਲਈ ਵੱਖੋ-ਵੱਖਰੇ ਪਖਾਨਿਆਂ ਵਰਗੀਆਂ ਸਹੂਲਤਾਂ ਨਾਲ ਲੈਸ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹਿਲਾਂ ਤੋਂ ਹੀ ਯਾਤਰੀਆਂ ਨੂੰ ਸੇਵਾਵਾਂ ਦੇ ਰਿਹਾ ਹੈ

ਸਾਰੇ ਵਿਭਾਗ ਅਤੇ ਏਜੰਸੀਆਂ ਇੱਕ ਸਟੇਸ਼ਨ ਡਾਇਰੈਕਟਰ ਦੇ ਅਧੀਨ ਕੰਮ ਕਰਨਗੀਆਂ, ਜਿਨ੍ਹਾਂ ਕੋਲ ਸਟੇਸ਼ਨ ਦੀ ਸਮਰੱਥਾ ਅਤੇ ਉਪਲਬਧ ਰੇਲਗੱਡੀਆਂ ਦੇ ਅਨੁਸਾਰ ਟਿਕਟਾਂ ਦੀ ਵਿਕਰੀ ਨੂੰ ਕੰਟਰੋਲ ਕਰਨ ਦਾ ਅਧਿਕਾਰ ਹੋਵੇਗਾ, ਇਸ ਨਾਲ ਸੁਚੱਜੇ ਪ੍ਰਬੰਧਨ ਵਿੱਚ ਮਦਦ ਮਿਲੇਗੀ

Posted On: 28 MAR 2026 4:43PM by PIB Chandigarh

ਭਾਰਤੀ ਰੇਲਵੇ ਦੇ ਸਟੇਸ਼ਨਾਂ 'ਤੇ ਯਾਤਰੀਆਂ ਦੀ ਭਾਰੀ ਭੀੜ ਸੰਭਾਲਣ ਲਈ ਹੇਠ ਲਿਖੇ ਫ਼ੈਸਲੇ ਲਏ ਗਏ ਹਨ:

1. ਭੀੜ ਪ੍ਰਬੰਧਨ ਲਈ ਚੁਣੇ ਗਏ 76 ਸਟੇਸ਼ਨਾਂ 'ਤੇ ਪੱਕੇ ਉਡੀਕ ਸਥਾਨਾਂ ਦਾ ਨਿਰਮਾਣ:

ਰੇਲ ਮੰਤਰਾਲੇ ਨੇ 76 ਸਟੇਸ਼ਨਾਂ ਦੇ ਪਲੇਟਫਾਰਮਾਂ 'ਤੇ ਭੀੜ ਘੱਟ ਕਰਨ ਲਈ ਯਾਤਰੀ ਉਡੀਕ ਸਥਾਨ ਬਣਾਉਣ ਦੀ ਯੋਜਨਾ ਸ਼ੁਰੂ ਕੀਤੀ ਹੈ। ਇਹ ਉਡੀਕ ਖੇਤਰ ਆਰਾਮਦਾਇਕ ਅਤੇ ਸੁਚੱਜੇ ਹੋਣਗੇ, ਜਿਨ੍ਹਾਂ ਵਿੱਚ ਬੈਠਣ ਦਾ ਪ੍ਰਬੰਧ, ਪੀਣ ਵਾਲਾ ਪਾਣੀ, ਪਖਾਨੇ, ਟਿਕਟ ਸਹੂਲਤ, ਸੂਚਨਾ ਬੋਰਡ ਅਤੇ ਸੁਰੱਖਿਆ ਜਾਂਚ ਵਰਗੀਆਂ ਜ਼ਰੂਰੀ ਸਹੂਲਤਾਂ ਹੋਣਗੀਆਂ, ਤਾਂ ਜੋ ਭੀੜ-ਭੜੱਕੇ ਵਾਲੇ ਸਮੇਂ ਦੌਰਾਨ ਯਾਤਰੀਆਂ ਦੀ ਭਾਰੀ ਭੀੜ 'ਤੇ ਕਾਬੂ ਪਾਇਆ ਜਾ ਸਕੇ। ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਉਡੀਕ ਸਥਾਨ ਪਹਿਲਾਂ ਹੀ ਚਾਲੂ ਹੋ ਚੁੱਕਾ ਹੈ, ਜਿਸ ਨਾਲ ਭੀੜ ਘਟੀ ਹੈ ਅਤੇ ਯਾਤਰੀਆਂ ਦੀ ਸਹੂਲਤ ਵਧੀ ਹੈ। ਇੱਥੇ ਵਾਧੂ ਟਿਕਟ ਕਾਊਂਟਰ, ਏਟੀਵੀਐੱਮ, ਪੀਏਐੱਸ, ਇਲੈਕਟ੍ਰਾਨਿਕ ਟਰੇਨ ਸੂਚਨਾ ਬੋਰਡ, ਸੀਸੀਟੀਵੀ ਨਿਗਰਾਨੀ, ਸਮਾਨ ਸਕੈਨਰ, ਡੀਐੱਫਐੱਮਡੀ, ਨਿਰਵਿਘਨ ਬਿਜਲੀ ਸਪਲਾਈ, ਬਿਹਤਰ ਲਾਈਟਿੰਗ, ਐੱਚਵੀਐੱਲਐੱਸ ਪੱਖੇ, ਅੱਗ ਬੁਝਾਉਣ ਅਤੇ ਬਿਜਲੀ ਤੋਂ ਬਚਾਅ ਵਾਲਾ ਸਿਸਟਮ, ਆਰਓ ਪੀਣ ਵਾਲਾ ਪਾਣੀ ਅਤੇ ਮਰਦਾਂ, ਔਰਤਾਂ ਤੇ ਦਿਵਿਆਂਗਜਨਾਂ ਲਈ ਵੱਖਰੇ-ਵੱਖਰੇ ਪਖਾਨਿਆਂ ਵਰਗੀਆਂ ਸਹੂਲਤਾਂ ਮੌਜੂਦ ਹਨ।

ਬਾਕੀ ਸਟੇਸ਼ਨਾਂ 'ਤੇ ਇਸੇ ਤਰ੍ਹਾਂ ਦੀਆਂ ਸਹੂਲਤਾਂ ਯੋਜਨਾਬੰਦੀ ਅਤੇ ਅਮਲ ਦੇ ਵੱਖ-ਵੱਖ ਪੜਾਵਾਂ ਵਿੱਚ ਹਨ, ਜਿਨ੍ਹਾਂ ਦੀ ਸਮਾਂ-ਸੀਮਾ ਨੂੰ ਲਗਾਤਾਰ ਸੁਧਾਰਿਆ ਜਾ ਰਿਹਾ ਹੈ।

2. ਐਕਸੈੱਸ ਕੰਟਰੋਲ (ਦਾਖ਼ਲੇ 'ਤੇ ਕੰਟਰੋਲ):

ਮੁਕੰਮਲ ਐਕਸੈੱਸ ਕੰਟਰੋਲ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ, ਜਿਸ ਤਹਿਤ ਕਨਫਰਮ ਰਿਜ਼ਰਵ ਟਿਕਟ ਵਾਲੇ ਯਾਤਰੀਆਂ ਨੂੰ ਪਲੇਟਫਾਰਮਾਂ 'ਤੇ ਸਿੱਧਾ ਦਾਖ਼ਲਾ ਦਿੱਤਾ ਜਾਵੇਗਾ, ਜਦਕਿ ਬਿਨਾਂ ਟਿਕਟ ਵਾਲੇ ਜਾਂ ਵੇਟਿੰਗ ਲਿਸਟ (ਉਡੀਕ ਸੂਚੀ) ਵਾਲੇ ਯਾਤਰੀਆਂ ਨੂੰ ਤੈਅ ਕੀਤੇ ਗਏ ਬਾਹਰੀ ਉਡੀਕ ਸਥਾਨਾਂ ਵਿੱਚ ਬਿਠਾਇਆ ਜਾਵੇਗਾ।

3. ਚੌੜੇ ਫੁੱਟਓਵਰ-ਬ੍ਰਿਜ (ਐੱਫਓਬੀ):

12 ਮੀਟਰ (40 ਫੁੱਟ) ਅਤੇ 6 ਮੀਟਰ (20 ਫੁੱਟ) ਚੌੜਾਈ ਵਾਲੇ ਸਟੈਂਡਰਡ ਐੱਫਓਬੀ ਦੇ ਦੋ ਨਵੇਂ ਡਿਜ਼ਾਈਨ ਤਿਆਰ ਕੀਤੇ ਗਏ ਹਨ। ਇਹ ਨਵੀਂ ਮਿਆਰੀ ਚੌੜਾਈ ਵਾਲੇ ਐੱਫਓਬੀ ਸਾਰੇ ਸਟੇਸ਼ਨਾਂ 'ਤੇ ਬਣਾਏ ਜਾਣਗੇ।

4. ਸੀਸੀਟੀਵੀ ਕੈਮਰੇ:

ਰੇਲਵੇ ਸਟੇਸ਼ਨਾਂ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਏਆਈ-ਆਧਾਰਿਤ ਸੀਸੀਟੀਵੀ ਕੈਮਰੇ ਲਾਏ ਜਾ ਰਹੇ ਹਨ ਤਾਂ ਜੋ ਸਖ਼ਤ ਨਿਗਰਾਨੀ ਅਤੇ ਪ੍ਰਭਾਵਸ਼ਾਲੀ ਭੀੜ ਪ੍ਰਬੰਧਨ ਸੌਖਾ ਬਣਾਇਆ ਜਾ ਸਕੇ।

5. ਵਾਰ ਰੂਮ:

ਪ੍ਰਮੁੱਖ ਸਟੇਸ਼ਨਾਂ 'ਤੇ ਵਾਰ ਰੂਮ ਬਣਾਏ ਜਾ ਰਹੇ ਹਨ, ਜਿੱਥੇ ਸਾਰੇ ਵਿਭਾਗਾਂ ਦੇ ਅਧਿਕਾਰੀ ਭੀੜ-ਭੜੱਕੇ ਵਾਲੇ ਹਾਲਾਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਲਈ ਤਾਲਮੇਲ ਨਾਲ ਕੰਮ ਕਰਨਗੇ।

6. ਅਤਿ-ਆਧੁਨਿਕ ਸੰਚਾਰ ਉਪਕਰਨ:

ਜ਼ਿਆਦਾ ਭੀੜ-ਭੜੱਕੇ ਵਾਲੇ ਸਾਰੇ ਸਟੇਸ਼ਨਾਂ 'ਤੇ ਵਾਕੀ-ਟਾਕੀ, ਅਨਾਊਂਸਮੈਂਟ ਸਿਸਟਮ, ਕਾਲਿੰਗ ਸਿਸਟਮ ਵਰਗੇ ਨਵੇਂ ਡਿਜ਼ਾਈਨ ਦੇ ਡਿਜੀਟਲ ਸੰਚਾਰ ਉਪਕਰਨ ਲਗਾਏ ਜਾਣਗੇ।

7. ਨਵੇਂ ਡਿਜ਼ਾਈਨ ਦੇ ਪਛਾਣ ਪੱਤਰ:

ਸਟੇਸ਼ਨ ਵਿੱਚ ਕੰਟਰੋਲਡ ਅਤੇ ਸੁਰੱਖਿਅਤ ਦਾਖ਼ਲਾ ਯਕੀਨੀ ਬਣਾਉਣ ਲਈ ਸਾਰੇ ਮੁਲਾਜ਼ਮਾਂ ਅਤੇ ਸੇਵਾ ਕਰਮਚਾਰੀਆਂ ਨੂੰ ਨਵੇਂ ਡਿਜ਼ਾਈਨ ਕੀਤੇ ਗਏ ਕਿਊਆਰ-ਆਧਾਰਿਤ ਪਛਾਣ ਪੱਤਰ ਜਾਰੀ ਕੀਤੇ ਜਾਣਗੇ।

8. ਮੁਲਾਜ਼ਮਾਂ ਲਈ ਨਵੇਂ ਡਿਜ਼ਾਈਨ ਦੀ ਵਰਦੀ:

ਸਾਰੇ ਮੁਲਾਜ਼ਮਾਂ ਨੂੰ ਨਵੇਂ ਡਿਜ਼ਾਈਨ ਦੀ ਵਰਦੀ ਦਿੱਤੀ ਜਾਵੇਗੀ ਤਾਂ ਜੋ ਕਿਸੇ ਸੰਕਟ ਦੀ ਸਥਿਤੀ ਵਿੱਚ ਉਨ੍ਹਾਂ ਦੀ ਆਸਾਨੀ ਨਾਲ ਪਛਾਣ ਕੀਤੀ ਜਾ ਸਕੇ।

9. ਸਟੇਸ਼ਨ ਡਾਇਰੈਕਟਰ ਦੇ ਅਹੁਦੇ ਨੂੰ ਅਪਗ੍ਰੇਡ ਕਰਨਾ:

ਸਾਰੇ ਪ੍ਰਮੁੱਖ ਸਟੇਸ਼ਨਾਂ 'ਤੇ ਇੱਕ ਸੀਨੀਅਰ ਅਧਿਕਾਰੀ ਨੂੰ ਸਟੇਸ਼ਨ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਜਾਵੇਗਾ, ਜਿਸ ਕੋਲ ਸਟੇਸ਼ਨ ਦੇ ਸੁਧਾਰ ਲਈ ਮੌਕੇ 'ਤੇ ਹੀ ਫ਼ੈਸਲੇ ਲੈਣ ਦੀਆਂ ਵਿੱਤੀ ਸ਼ਕਤੀਆਂ ਹੋਣਗੀਆਂ। ਇਕਜੁੱਟ ਕਮਾਂਡ ਅਤੇ ਸੁਚੱਜਾ ਪ੍ਰਬੰਧਨ ਯਕੀਨੀ ਬਣਾਉਣ ਲਈ ਬਾਕੀ ਸਾਰੇ ਵਿਭਾਗ ਸਿੱਧੇ ਸਟੇਸ਼ਨ ਡਾਇਰੈਕਟਰ ਨੂੰ ਰਿਪੋਰਟ ਕਰਨਗੇ।

10. ਸਮਰੱਥਾ ਅਨੁਸਾਰ ਟਿਕਟਾਂ ਦੀ ਵਿਕਰੀ:

ਸਟੇਸ਼ਨ ਡਾਇਰੈਕਟਰ ਕੋਲ ਸਟੇਸ਼ਨ ਦੀ ਸਮਰੱਥਾ ਅਤੇ ਉਪਲਬਧ ਰੇਲਗੱਡੀਆਂ ਮੁਤਾਬਕ ਟਿਕਟਾਂ ਦੀ ਵਿਕਰੀ ਨੂੰ ਕੰਟਰੋਲ ਕਰਨ ਦਾ ਅਧਿਕਾਰ ਹੋਵੇਗਾ।

ਇਹ ਜਾਣਕਾਰੀ ਕੇਂਦਰੀ ਰੇਲ, ਸੂਚਨਾ ਤੇ ਪ੍ਰਸਾਰਣ ਅਤੇ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ।

************


ਧਰਮੇਂਦਰ ਤਿਵਾੜੀ/ ਡਾ. ਨਯਨ ਸੋਲੰਕੀ/ ਰਿਤੂ ਰਾਜ


(Release ID: 2246714) ਵਿਜ਼ੀਟਰ ਕਾਊਂਟਰ : 12